ਪੰਜਾਬ ਸਰਕਾਰ ਦੀ ਵਿੱਤੀ ਖੁਸ਼ਕੀ ਦੂਰ ਹੋਣ ਦੇ ਸੰਕੇਤ

ਚੰਡੀਗੜ੍ਹ: ਪੰਜਾਬ ਦੇ ਜੀ.ਐਸ਼ਟੀ. ਮਾਲੀਏ ਵਿਚ ਅਕਤੂਬਰ ਵਿਚ ਪਿਛਲੇ ਸਾਲ ਨਾਲੋਂ 14.12 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਪੰਜਾਬ ਦਾ ਕੁੱਲ ਜੀ.ਐਸ਼ਟੀ. ਮਾਲੀਆ 1060.76 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਇਸੇ ਮਹੀਨੇ 929.52 ਕਰੋੜ ਰੁਪਏ ਸੀ। ਪੰਜਾਬ ‘ਚ ਚਾਲੂ ਮਾਲੀ ਵਰ੍ਹੇ ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਜੀ.ਐਸ਼ਟੀ. ਮਾਲੀਆ ਦੀ ਕੁਲੈਕਸ਼ਨ ਵਿਚ ਭਾਰੀ ਕਮੀ ਦੇਖਣ ਨੂੰ ਮਿਲੀ ਸੀ।

ਹੁਣ ਬੀਤੇ ਦੋ ਮਹੀਨਿਆਂ ਤੋਂ ਸਥਿਤੀ ਸੁਧਾਰ ਵੱਲ ਤੁਰੀ ਹੈ। ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਰ੍ਹੇ ਅਪਰੈਲ ਤੋਂ ਅਕਤੂਬਰ ਦੌਰਾਨ ਸੂਬੇ ਦਾ ਕੁੱਲ ਜੀ.ਐਸ਼ਟੀ. ਮਾਲੀਆ 5746.48 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਨ੍ਹਾਂ ਛੇ ਮਹੀਨਿਆਂ ਦੌਰਾਨ ਇਹ 7719.86 ਕਰੋੜ ਰੁਪਏ ਸੀ। ਇਸ ਤਰ੍ਹਾਂ ਜੀ.ਐਸ਼ਟੀ. ਮਾਲੀਏ ‘ਚ 25.56 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਬੁਲਾਰੇ ਅਨੁਸਾਰ ਸਤੰਬਰ ‘ਚ ਸੁਰੱਖਿਅਤ ਮਾਲੀਆ 2403 ਕਰੋੜ ਰੁਪਏ ਹੈ ਜਿਸ ਵਿਚੋਂ ਸੂਬੇ ਨੇ 1060 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕੁੱਲ ਸੁਰੱਖਿਅਤ ਮਾਲੀਏ ਦਾ ਤਕਰੀਬਨ 44 ਫੀਸਦੀ ਬਣਦਾ ਹੈ। ਇਸੇ ਤਰ੍ਹਾਂ ਅਕਤੂਬਰ ਲਈ ਬਕਾਇਆ ਮੁਆਵਜ਼ੇ ਦੀ ਰਕਮ 1343 ਕਰੋੜ ਹੈ ਜੋ ਹਾਲੇ ਤੱਕ ਪ੍ਰਾਪਤ ਨਹੀਂ ਹੋਈ।
ਅਪਰੈਲ ਤੋਂ ਸਤੰਬਰ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 10,843 ਕਰੋੜ ਰੁਪਏ ਬਣਦੀ ਹੈ ਜੋ ਬਕਾਇਆ ਪਈ ਹੈ। ਸਰਕਾਰੀ ਵੇਰਵਿਆਂ ਅਨੁਸਾਰ ਕੌਮੀ ਪੱਧਰ ਉਤੇ ਅਕਤੂਬਰ ‘ਚ ਕੁੱਲ ਜੀ.ਐਸ਼ਟੀ. ਮਾਲੀਆ ਸੰਗ੍ਰਹਿ 1,05,155 ਕਰੋੜ ਰੁਪਏ ਹੋਇਆ ਜਦੋਂ ਕਿ ਪਿਛਲੇ ਸਾਲ ਅਕਤੂਬਰ ‘ਚ ਇਹ 95,380 ਕਰੋੜ ਰੁਪਏ ਇਕੱਤਰ ਹੋਇਆ ਸੀ।
ਇਸ ਵਰ੍ਹੇ ਅਪਰੈਲ ਤੋਂ ਅਕਤੂਬਰ ਦੇ ਸਮੇਂ ਦੌਰਾਨ ਕੁੱਲ ਰਾਸ਼ਟਰੀ ਜੀ.ਐਸ਼ਟੀ. ਮਾਲੀਆ 5,59,746 ਕਰੋੜ ਰੁਪਏ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 7,01,673 ਕਰੋੜ ਰੁਪਏ ਇਕੱਤਰ ਹੋਏ ਸਨ।
______________________________
ਕਰੋਨਾ ਦੀ ਝੰਬੀ ਪੀ.ਆਰ.ਟੀ.ਸੀ. ਨੂੰ ਸਾਹ ਆਇਆ
ਪਟਿਆਲਾ: ਤਾਲਾਬੰਦੀ ਕਾਰਨ ਕਈ ਮਹੀਨੇ ਬੱਸ ਸੇਵਾ ਠੱਪ ਰਹਿਣ ਮਗਰੋਂ ਪੀ.ਆਰ.ਟੀ.ਸੀ. ਦੀਆਂ ਲਾਰੀਆਂ ਮੁੜ ਸੜਕਾਂ ਉਤੇ ਦੌੜੀਆਂ ਹਨ, ਜਿਸ ਨਾਲ ਅਦਾਰੇ ਨੇ ਸੁੱਖ ਦਾ ਸਾਹ ਲਿਆ ਹੈ। ਪੀ.ਆਰ.ਟੀ.ਸੀ. ਨੇ ਆਪਣੀਆਂ 1125 ਵਿਚੋਂ 850 ਬੱਸਾਂ ਚਲਾ ਦਿੱਤੀਆਂ ਹਨ, ਜੋ ਰੋਜ਼ਾਨਾ ਇਕ ਕਰੋੜ ਰੁਪਏ ਇਕੱਠਾ ਕਰ ਰਹੀਆਂ ਹਨ। ਇਸ ਨੂੰ ਅਦਾਰੇ ਲਈ ਸ਼ੁਭ ਸ਼ਗਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮਾਹਿਰ ਨਵੰਬਰ ਅਤੇ ਦਸੰਬਰ ਵਿਚ ਇਕ ਵਾਰ ਫਿਰ ਕਰੋਨਾ ਦਾ ਕਹਿਰ ਵੱਧਣ ਦੇ ਸੰਕੇਤ ਦੇ ਰਹੇ ਹਨ, ਪਰ ਹਾਲ ਦੀ ਘੜੀ ਕਰੋਨਾ ਦਾ ਕਹਿਰ ਘਟਣ ਤੇ ਆਮਦਨ ਵਧਣਾ ਪੀ.ਆਰ.ਟੀ.ਸੀ. ਲਈ ਖੁਸ਼ ਖਬਰ ਹੈ। ਬੱਸ ਸੇਵਾ ਮੁੜ ਬਹਾਲ ਹੋਣ ਮਗਰੋਂ ਅੱਧ ਅਕਤੂਬਰ ਵਿਚ ਪੀ.ਆਰ.ਟੀ.ਸੀ. ਦੀ ਰੋਜ਼ਾਨਾ ਦੀ ਆਮਦਨ ਘੱਟ ਕੇ 60 ਲੱਖ ਰੁਪਏ ਰਹਿ ਗਈ ਸੀ, ਜੋ ਕਰੋਨਾ ਤੋਂ ਪਹਿਲਾਂ ਕਰੀਬ ਰੋਜ਼ਾਨਾ 1.40 ਕਰੋੜ ਸੀ। ਪਰ ਅੰਤਰਰਾਜੀ ਬੱਸ ਸੇਵਾ ਬਹਾਲ ਹੋਣ ਮਗਰੋਂ ਦੋ ਨਵੰਬਰ ਤੋਂ ਬਾਅਦ ਅਦਾਰੇ ਦੀ ਆਮਦਨੀ ਇਕ ਕਰੋੜ ਰੁਪਏ ਰੋਜ਼ਾਨਾ ਤੱਕ ਪੁੱਜ ਗਈ ਹੈ। ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਜਸਕਿਰਨਜੀਤ ਸਿੰਘ ਨੇ ਅਦਾਰੇ ਦੀ ਆਮਦਨ ਇਕ ਕਰੋੜ ਰੁਪਏ ਰੋਜ਼ਾਨਾ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਆਖਿਆ ਕਿ ਆਮਦਨ ਵਧਣ ਮਗਰੋਂ ਮੁਲਾਜ਼ਮਾਂ ਦੀਆਂ ਅਕਤੂਬਰ ਮਹੀਨੇ ਤੱਕ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ।