ਪੰਥਕ ਅਕਾਲੀ ਲਹਿਰ ਨੇ ਸ਼੍ਰੋਮਣੀ ਕਮੇਟੀ ਨੂੰ ਘੇਰਾ ਪਾਇਆ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਵੇਲੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚਲੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਫੌਜ ਵੱਲੋਂ ਚੁੱਕਿਆ ਤੇ ਫਿਰ ਵਾਪਸ ਕੀਤਾ ਗਿਆ ਅਮੁੱਲਾ ਖਜ਼ਾਨਾ ਅਤੇ 328 ਲਾਪਤਾ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲੋਂ ਜਵਾਬ ਮੰਗਣ ਲਈ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ‘ਚ ਧਰਨਾ ਦਿੱਤਾ ਗਿਆ।

ਧਰਨੇ ਵਿਚ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਵੱਲੋਂ ਜਵਾਬ ਦੇਣ ਲਈ ਕੋਈ ਵੀ ਨਹੀਂ ਪੁੱਜਿਆ। ਧਰਨੇ ਦੀ ਸਪਾਪਤੀ ਕਰਦਿਆਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਹਾਕਮਾਂ ਤੋਂ ਜਵਾਬ ਮਿਲਣ ਤੱਕ ਇਹ ਸਿਲਸਿਲਾ ਜਾਰੀ ਰਹੇਗਾ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਵੇਰੇ ਪੰਥਕ ਅਕਾਲੀ ਲਹਿਰ ਦੇ ਝੰਡੇ ਹੇਠ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨ ਇਥੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇਕੱਠੇ ਹੋਏ ਅਤੇ ਮਾਰਚ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁੱਜੇ, ਜਿਥੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ‘ਚ ਧਰਨਾ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਪਰ ਮੌਕੇ ‘ਤੇ ਹਾਜ਼ਰ ਪੁਲਿਸ ਨੇ ਮਾਮਲੇ ‘ਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ।
ਭਾਈ ਰਣਜੀਤ ਸਿੰਘ ਨੇ ਆਖਿਆ ਕਿ ਉਹ ਅੱਜ ਦਸਤਾਵੇਜ਼ੀ ਸਬੂਤ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਜਵਾਬ ਮੰਗਣ ਆਏ ਹਨ। ਉਹ ਸੰਗਤ ਦੇ ਸਵਾਲਾਂ ਦੇ ਜਵਾਬ ਸੰਗਤ ਵਿਚ ਆ ਕੇ ਦੇਣ। ਉਨ੍ਹਾਂ ਕਿਹਾ ਭਾਰਤੀ ਫੌਜ ਦਾ ਦਾਅਵਾ ਹੈ ਕਿ ਸਾਕਾ ਨੀਲਾ ਤਾਰਾ ਵੇਲੇ ਸਿੱਖ ਰੈਂਫਰੈਂਸ ਲਾਇਬ੍ਰੇਰੀ ਵਿਚੋਂ ਚੁੱਕਿਆ ਅਮੁੱਲਾ ਖਜ਼ਾਨਾ, ਜਿਸ ਵਿਚ 200 ਸਰੂਪ (ਕਈ ਹੱਥ ਲਿਖਤ ਪਾਵਨ ਸਰੂਪਾਂ ਸਮੇਤ) ਤੇ ਗੁਰੂ ਸਾਹਿਬ ਵੇਲੇ ਦੇ 28 ਹੁਕਮਨਾਮੇ ਤੇ ਸਾਖੀਆਂ ਆਦਿ ਸ਼ਾਮਲ ਹਨ, ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਚੁੱਕੇ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵਸੂਲ ਕੀਤੇ ਸਾਮਾਨ ਦੀਆਂ ਰਸੀਦਾਂ ਵੀ ਹਨ। ਹਾਈ ਕੋਰਟ ਵੀ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਕੋਲੋਂ ਜਵਾਬ ਮੰਗ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਹਾਲੇ ਤੱਕ ਅਦਾਲਤ ਵਿਚ ਵੀ ਕੋਈ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ 328 ਲਾਪਤਾ ਪਾਵਨ ਸਰੂਪ ਮਾਮਲੇ ਵਿਚ ਵੀ ਈਸ਼ਰ ਸਿੰਘ ਤੋਂ ਕਰਵਾਈ ਜਾਂਚ ਰਿਪੋਰਟ ਨੂੰ ਵੀ ਬਾਦਲ ਪਰਿਵਾਰ ਨੂੰ ਬਚਾਉਣ ਲਈ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਕਮਿਸ਼ਨ ਤੋਂ ਪੜਤਾਲ ਸੰਨ 2012 ਤੋਂ 2015 ਤੱਕ ਕਰਵਾਈ ਗਈ ਜਦੋਂ ਕਿ ਇਹ ਪੜਤਾਲ ਸੰਨ 2016 ਤੋਂ 2020 ਤੱਕ ਹੋਣੀ ਚਾਹੀਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਗੁਰੂ ਗ੍ਰੰਥ ਸਾਹਿਬ ਭਵਨ ਦੀ ਪ੍ਰੈਸ ਵਿਚ 12 ਲੱਖ ਰੁਲਦੇ ਪਏ ਪਾਵਨ ਅੰਗਾਂ ਦੀਆਂ ਤਸਵੀਰਾਂ ਵੀ ਉਨ੍ਹਾਂ ਪਾਸ ਹਨ ਜੋ ਬਹੁਤ ਵੱਡੀ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਪੰਥ ਇਹ ਵੀ ਹਿਸਾਬ ਮੰਗਦਾ ਹੈ ਕਿ ਕੈਨੇਡਾ ਵਿਖੇ ਛਾਪੇ ਗਏ ਪਾਵਨ ਸਰੂਪਾਂ ਦੀ ਇਜਾਜ਼ਤ ਕਿਸ ਨੇ ਦਿੱਤੀ।
ਉਨ੍ਹਾਂ ਦੋਸ਼ ਲਾਇਆ ਕਿ ਹੁਣ ਲਾਪਤਾ ਹੋਏ 328 ਸਰੂਪਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਇਸ ਮਾਮਲੇ ਵਿਚ ਦੋ ਜਾਂਚ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਹਰ ਸਫੇ ‘ਤੇ ਜਾਂਚ ਟੀਮ ਦੇ ਦਸਤਖਤ ਹਨ ਪਰ ਸ਼੍ਰੋਮਣੀ ਕਮੇਟੀ ਨੇ ਜੋ ਜਾਂਚ ਟੀਮ ਜਨਤਕ ਕੀਤੀ ਹੈ, ਉਸ ਦੇ ਸਿਰਫ ਆਖਰੀ ਸਫੇ ਉਤੇ ਹੀ ਦਸਤਖਤ ਹਨ। ਇਸੇ ਦੌਰਾਨ ਉਨ੍ਹਾਂ ਸੰਗਤ ਨੂੰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਨੂੰ ਬਾਦਲਕਿਆਂ ਦੇ ਕਬਜ਼ੇ ਵਿਚੋਂ ਮੁਕਤ ਕਰਵਾਉਣ ਦਾ ਸੱਦਾ ਦਿੰਦਿਆਂ ਪਿੰਡਾਂ ‘ਚ ਉਨ੍ਹਾਂ ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਏ।
______________________________________
ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵਲੋਂ ਲਾਏ ਦੋਸ਼ ਨਕਾਰੇ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਧਰਨੇ ਦੌਰਾਨ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਸੰਗਤ ਨੂੰ ਗੁਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਬਿਲਕੁਲ ਪਾਰਦਰਸ਼ੀ ਹੈ। ਉਨ੍ਹਾਂ ਆਖਿਆ ਕਿ ਲਾਪਤਾ ਸਰੂਪ ਮਾਮਲੇ ‘ਚ ਅਸਲ ਜਾਂਚ ਰਿਪੋਰਟ ਕੁਝ ਹੋਰ ਹੋਣ ਬਾਰੇ ਲਾਏ ਗਏ ਦੋਸ਼ ਵੀ ਝੂਠੇ ਹਨ, ਕਿਉਂਕਿ ਗੱਲਾਂ ਨਾਲ ਰਿਪੋਰਟ ਗਲਤ ਸਾਬਤ ਨਹੀਂ ਕੀਤੀ ਜਾ ਸਕਦੀ। ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਕੌਮ ਅੰਦਰ ਦੁਬਿਧਾ ਅਤੇ ਫੁੱਟ ਪਾਉਣ ਦਾ ਯਤਨ ਨਾ ਕਰਨ ਕਿਉਂਕਿ ਇਹ ਕੌਮ ਦੇ ਭਲੇ ਵਿਚ ਨਹੀਂ। ਉਨ੍ਹਾਂ ਕਿਹਾ ਕਿ ਝੂਠੀ ਬਿਆਨਬਾਜ਼ੀ ਕਰਕੇ ਸੰਗਤ ਨੂੰ ਗੁੰਮਰਾਹ ਕਰਨਾ ਕੌਮਪ੍ਰਸਤੀ ਨਹੀਂ ਹੈ।