ਵਰਿਆਮ ਸੰਧੂ ਦੀ ਗੁਫ਼ਾ ਵਿਚਲੀ ਉਡਾਣ

ਪ੍ਰਿੰæ ਸਰਵਣ ਸਿੰਘ
‘ਗੁਫ਼ਾ ਵਿਚਲੀ ਉਡਾਣ’ ਵਰਿਆਮ ਸਿੰਘ ਸੰਧੂ ਦੀ ਸਚਿੱਤਰ ਸਵੈ-ਜੀਵਨੀ ਹੈ ਜੋ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਇਹ ਆਮ ਸਵੈ-ਜੀਵਨੀਆਂ ਤੋਂ ਹਟਵੀਂ ਹੈ। ਅਸਲੋਂ ਵਿਲੱਖਣ। ਸੰਧੂ ਨੂੰ ਬਿਰਤਾਂਤਕਾਰੀ ਦਾ ਚੈਂਪੀਅਨ ਮੰਨਿਆ ਜਾਂਦੈ। ਪੰਜਾਬੀ ਕਹਾਣੀ ਗਗਨ ਦਾ ਚੰਦ! ਇਸ ਪੁਸਤਕ ਦੇ 270 ਪੰਨਿਆਂ ਉਤੇ ਉਸ ਨੇ ਆਪਣੀ ਸੰਘਰਸ਼ਮਈ ਹੱਡਬੀਤੀ ਗਲਪਮਈ ਢੰਗ ਨਾਲ ਪੇਸ਼ ਕੀਤੀ ਹੈ। ਇਸ ਨੂੰ ਮਹਾਂ-ਕਾਵਿ ਵਾਂਗ ਮਹਾਂ-ਕਹਾਣੀ ਵੀ ਕਿਹਾ ਜਾ ਸਕਦੈ। ਪਾਠਕ ਇਸ ਵਿਚੋਂ ਉਸ ਦੀਆਂ ਕਹਾਣੀਆਂ ਦੇ ਪਿਛੋਕੜ ਵਿਚ ਪਈਆਂ ਅਸਲੀ ਕਹਾਣੀਆਂ ਦਾ ਥਹੁ ਪਤਾ ਲਾ ਸਕਦੇ ਹਨ। ਇਸ ਵਿਚ ਜਾਸੂਸੀ ਨਾਵਲਾਂ ਵਰਗੀ ਉਤਸੁਕਤਾ ਤੇ ਲੂੰਅ-ਕੰਡੇ ਖੜ੍ਹੇ ਕਰਨ ਵਾਲੇ ਵੇਰਵੇ ਹਨ। ਜਿਵੇਂ ਜਿਵੇਂ ਪੜ੍ਹਦੇ ਜਾਈਦੈ, ਹੈਰਾਨ ਹੁੰਦੇ ਜਾਈਦੈ ਕਿ ਸਾਡੇ ਪਤਲਚੰਮੇ ਵੀਰ ਵਰਿਆਮ ਨਾਲ ਕਿਹੋ ਜਿਹੇ ਭਾਣੇ ਵਰਤੇ ਤੇ ਉਹਨੇ ਕਿਵੇਂ ਉਨ੍ਹਾਂ ਦਾ ਸਾਹਮਣਾ ਕੀਤਾ? ਮੌਤ ਉਹਦੇ ਦਰਾਂ ‘ਤੇ ਆਉਂਦੀ ਰਹੀ ਪਰ ਉਹ ਉਹਦੇ ਹੱਥ ਨਾ ਆਇਆ। ਸਗੋਂ ਮਾਰ-ਮਰਾਈ ਦੇ ਮਾਹੌਲ ਵਿਚੋਂ ਲੰਘਦਿਆਂ ਅਨੇਕਾਂ ਕਹਾਣੀਆਂ ਤੇ ਦਹਿਸ਼ਤੀ ਦੌਰ ਦਾ ਸ਼ੀਸ਼ਾ ਵਿਖਾਉਂਦੀ ਸਵੈ-ਜੀਵਨੀ ‘ਗੁਫ਼ਾ ਵਿਚਲੀ ਉਡਾਣ’ ਲਿਖਣ ਲਈ ਬਚਿਆ ਰਿਹਾ! ਨਾ ਸਿਰਫ਼ ਬਚਿਆ ਰਿਹਾ ਬਲਕਿ ਹੋਰ ਬਲਵਾਨ ਹੁੰਦਾ ਗਿਆ।
ਵਰਿਆਮ ਸੰਧੂ ਪੰਜਾਬੀ ਦਾ ਸ਼ਾਨਾਂਮੱਤਾ ਲੇਖਕ ਹੈ। ਸਰਬਾਂਗੀ ਸਾਹਿਤਕਾਰ। ਉਹਦਾ ਕੱਦ ਵੀ ਲੰਮਾ ਹੈ, ਕਹਾਣੀਆਂ ਵੀ ਲੰਮੀਆਂ ਲਿਖਦੈ ਤੇ ਭਾਸ਼ਨ ਵੀ ਲੰਮੇ ਦਿੰਦੈ! ਪਰ ਨਾ ਉਹਦੀ ਕਹਾਣੀ ਲੰਮੀ ਲੱਗਦੀ ਹੈ ਤੇ ਨਾ ਭਾਸ਼ਨ ਲੰਮਾ। ਉਹਦੇ ਲਿਖਣ ਬੋਲਣ ‘ਚ ਟੂਣੇਹਾਰੀ ਖਿੱਚ ਹੁੰਦੀ ਹੈ। ਅਕਸਰ ਕਿਹਾ ਜਾਂਦੈ ਕਿ ਉਹਦੀ ਕਲਮ ਤੇ ਜ਼ੁਬਾਨ ਉਤੇ ਸਰਸਵਤੀ ਸਵਾਰ ਐ। ਉਹਦੀ ਗੱਲ-ਕੱਥ ‘ਚ ਬਾਤਾਂ ਪਾਉਣ ਵਾਲਾ ਰਸ ਹੁੰਦੈ। ਕਰੁਣਾ ਵੀ ਹੁੰਦੀ ਹੈ, ਹੈਰਾਨੀ ਵੀ ਤੇ ਹਾਸੇ ਮਖੌਲ ਦਾ ਰੰਗ ਵੀ। ਉਹ ਗੱਲ ‘ਚੋਂ ਗੱਲ ਕੱਢਦਾ ਢਾਈ ਨਾਲ ਢਾਈ ਮੇਲੀ ਤੁਰਿਆ ਜਾਂਦੈ। ਸੁਨੇਹਾ ਹਮੇਸ਼ਾਂ ਹਿੰਮਤ ਤੇ ਉਤਸ਼ਾਹ ਦਾ ਹੀ ਦਿੰਦੈ। ਆ ਪਈਆਂ ਮੁਸੀਬਤਾਂ ਬਾਰੇ ਆਖਦੈ, “ਕਿਹੜੀ ਆਖ਼ਰ ਆ ਚੱਲੀ ਏ!”
ਮਿਸਾਲ ਅਕਸਰ ਦੀਵੇ ਦੀ ਦਿੰਦੈ ਜਿਹੜਾ ਛਿਪਦੇ ਸੂਰਜ ਨੂੰ ਆਖਦੈ, “ਤੇਰੇ ਜਿੰਨਾ ਚਾਨਣ ਤਾਂ ਨਹੀਂ ਦੇ ਸਕਦਾ ਮੇਰੇ ਹਜ਼ੂਰ! ਫਿਰ ਵੀ ਆਖਰੀ ਤੁਪਕੇ ਤਕ ਬਲਾਂਗਾ ਤੇ ਜਿੰਨਾ ਕੁ ਹੋ ਸਕਿਆ ਹਨ੍ਹੇਰਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ।”
ਉਹ ਇਸ ਪੁਸਤਕ ਦੇ ਸਰਵਰਕ ਉਤੇ ਲਿਖਦੈ, “ਮੈਂ ਅਸਲੋਂ ਸਾਧਾਰਨ ਬੰਦਿਆਂ ਵਿਚੋਂ ਹਾਂ। ਛੋਟਾ ਤੇ ਮਾਮੂਲੀ ਬੰਦਾ। ਮੂਲੋਂ ਸਾਧਾਰਨ ਸਮਰੱਥਾ ਵਾਲਾ। ਮੇਰੇ ਵਰਗਾ ਬੰਦਾ ਭਲਾ ਕਿੰਨੇ ਕੁ ਵੱਡੇ ਮਾਅਰਕੇ ਮਾਰ ਸਕਦਾ ਹੈ! ਕਿੰਨੀ ਕੁ ਵੱਡੀ ਤੇ ਲੰਮੀ ਲੜਾਈ ਲੜ ਸਕਦਾ ਹੈ! ਸਾਧਾਰਨ ਬੰਦੇ ਵਿਚ ਜਿੰਨੀ ਕੁ ਸਮਰੱਥਾ ਹੁੰਦੀ ਹੈ, ਮੈਂ ਓਸੇ ਦੇ ਆਸਰੇ ਵਿਰੋਧੀ ਹਾਲਾਤ ਅਤੇ ਉਲਟ ਹਵਾਵਾਂ ਦੇ ਖਿਲਾਫ ਜਿੰਨਾ ਕੁ ਲੜ ਸਕਦਾ ਸਾਂ, ਲੜਿਆ ਹਾਂ, ਜਿੰਨਾ ਕੁ ਉਡ ਸਕਦਾ ਸਾਂ, ਉਡਿਆ ਹਾਂ। ਕਿਸੇ ਵੱਡੇ ਆਕਾਸ਼ ਵਿਚ ਨਹੀਂ। ਮਸਾਂ ਆਪਣੀ ਗੁਫ਼ਾ ਵਿਚਲੇ ਆਕਾਸ਼ ਵਿਚ ਹੀ। ਪਤਾ ਨਹੀਂ ਉਡ ਵੀ ਸਕਿਆਂ ਕਿ ਨਹੀਂ? ਪਰ ਇਹ ਗੱਲ ਤਾਂ ਪੱਕ ਹੈ ਕਿ ਮੈਂ ਆਪਣੇ ਅੰਦਰੋਂ ਉਡਣ ਦੀ ਲੋਚਾ ਮਰਨ ਨਹੀਂ ਦਿੱਤੀ। ਜਿਊਂਦੀ ਬਚ ਗਈ ਉਡਣ ਦੀ ਇਹ ਲੋਚਾ ਹੀ ਹੈ ਜਿਸ ਨੇ ਮੈਨੂੰ ਆਪਣੇ ਮਹਾਨ ਵਡੇਰਿਆਂ ਅੱਗੇ ਸ਼ਰਮਿੰਦਾ ਨਹੀਂ ਹੋਣ ਦਿੱਤਾ।”
ਰਘਬੀਰ ਸਿੰਘ ‘ਸਿਰਜਣਾ’ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ, “ਸਾਧਾਰਨ ਕਿਸਾਨੀ ਪਰਿਵਾਰ ਦੇ ਜੰਮਪਲ ਹੋਣ ਦੇ ਤੱਥ ਨੂੰ ਉਸ ਨੇ ਤੱਠ-ਸੱਠ ਰੂਪ ਵਿਚ ਬਿਆਨਿਆ ਹੈ, ਨਾ ਇਸ ਵਿਚੋਂ ਗਰੀਬ ਜਾਪਣ ਵਾਲੀ ਰੁਦਨ ਦੀ ਧੁਨੀ ਸੁਣੀਂਦੀ ਹੈ ਅਤੇ ਨਾ ਹੀ ‘ਖਾਨਦਾਨੀ ਚੜ੍ਹਤ’ ਵਾਲੀ ਭੂਪਵਾਦੀ ਹਉਂ ਦਾ ਵਿਖਾਵਾ ਹੁੰਦਾ ਹੈ। ਮਾਂ-ਪਿਓ, ਭੈਣ-ਭਰਾਵਾਂ, ਮਾਮਿਆਂ ਤੇ ਹੋਰ ਨੇੜਲੇ ਰਿਸ਼ਤੇਦਾਰਾਂ ਦੀ ਬਾਤ ਨਿਰਲੇਪ ਰਹਿ ਕੇ ਇੰਝ ਪਾਈ ਹੈ ਜਿਵੇਂ ਉਹ ਆਪਣੀ ਕਿਸੇ ਕਹਾਣੀ ਦਾ ਯਥਾਰਥਕ ਪਾਤਰ-ਚਿਤਰਨ ਕਰ ਰਿਹਾ ਹੋਵੇ। ਲੋੜੀਂਦੀ ਵਿੱਥ ‘ਤੇ ਖਲੋ ਕੇ ਉਸ ਨੇ ਉਨ੍ਹਾਂ ਦੀ ਸ਼ਖਸੀਅਤ ਤੇ ਵਿਹਾਰ ਨੂੰ ਵੇਖਿਆ ਪਛਾਣਿਆ ਹੈ। ਇਸੇ ਲਈ ਉਹ ਆਰਥਕ ਤੰਗੀ ਕਾਰਨ ਨਸ਼ਿਆਂ ਦੀ ਮਾਰ ਹੇਠ ਆ ਗਏ ਆਪਣੇ ਪਿਤਾ ਨੂੰ ਪਿੱਛਲਝਾਤ ਰਾਹੀਂ ਹਮਦਰਦੀ ਦੀ ਭਾਵਨਾ ਨਾਲ ਵੇਖਦਿਆਂ ਉਸ ਪ੍ਰਤੀ ਰਹੇ ਆਪਣੇ ਕੁਰੱਖਤ ਵਤੀਰੇ ਉਤੇ ਅਫਸੋਸ ਜ਼ਾਹਰ ਕਰਦਾ ਹੈ। ਸਮੁੱਚੀ ਪੁਸਤਕ ਵਿਚ ਹੀ ਇਕ ਗਲਪਕਾਰ ਵਜੋਂ ਵਰਿਆਮ ਦੀ ਨਿਪੁੰਨਤਾ ਆਪਣਾ ਪ੍ਰਗਟਾਵਾ ਕਰਦੀ ਹੈ, ਜਿਸ ਵਿਚ ਯਥਾਰਥ ਪ੍ਰਤੀ ਵਫਾਦਾਰੀ, ਸੰਵੇਦਨਸ਼ੀਲਤਾ ਤੇ ਮਾਨਵੀ ਸਰੋਕਾਰ ਇਕੋ ਜਿੰਨੇ ਕਾਰਜਸ਼ੀਲ ਹਨ। ਵਰਿਆਮ ਸੰਧੂ ਦੀ ਇਸ ਸਵੈ-ਜੀਵਨੀ ਨੂੰ ਮੈਂ ‘ਗੁਫ਼ਾ ਵਿਚਲੀ ਉਡਾਣ’ ਤਾਂ ਮੰਨਣ ਲਈ ਤਿਆਰ ਨਹੀਂ। ਇਸ ਵਿਚ ਉਸ ਨੇ ਆਪਣੀ ਸ਼ਖਸੀਅਤ ਦੇ ਹਾਣ ਦੀ ਅਵੱਸ਼ ਬੜੀ ਉਚੀ ਤੇ ਸੋਹਣੀ ਉਡਾਣ ਭਰੀ ਹੈ।”
ਲੇਖਕ ਨੇ ਇਸ ਪੁਸਤਕ ਨੂੰ ਬਾਰਾਂ ਕਾਂਡਾਂ ਵਿਚ ਵੰਡਿਆ ਹੈ। ਅੱਗੋਂ ਕਾਂਡਾਂ ਦੇ ਉਪ ਸਿਰਲੇਖ ਹਨ। ਹਰ ਕਾਂਡ ਆਪਣੇ ਆਪ ਵਿਚ ਇਕ ਬਾਤ ਹੈ। ਸਾਰੇ ਕਾਂਡ ਲੜੀਦਾਰ ਬਾਤਾਂ ਹਨ। ਪਹਿਲਾ ਕਾਂਡ ‘ਟੋਟਾ ਕੁ ਜ਼ਿੰਦਗੀ’ ਉਹ ਬਾਤ ਪਾਉਣ ਵਾਂਗ ਹੀ ਸ਼ੁਰੂ ਕਰਦਾ ਹੈ, “ਮੇਰੇ ਵਡੇਰਿਆਂ ਦਾ ਪਿੰਡ ਭਡਾਣਾ ਸੀ, ਜ਼ਿਲ੍ਹਾ ਲਾਹੌਰ ਵਿਚ। ਸੁਰ ਸਿੰਘ ਤੋਂ ਪੰਜ ਛੇ ਕੋਹ ਦੀ ਵਾਟ ‘ਤੇ।
ਸੁਰ ਸਿੰਘ ਪਿਤਾ ਦੇ ਨਾਨਕੇ ਸਨ। ਪਿਤਾ ਦੇ ਜਨਮ ਲੈਂਦੇ ਸਾਰ ਹੀ ਮੇਰੀ ਦਾਦੀ ਧੰਨ ਕੌਰ ਗੁਜ਼ਰ ਗਈ। ਪਤਨੀ ਦੀ ਮੌਤ ਹੋ ਜਾਣ ‘ਤੇ ਛੋਟੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਿਰ ਉਤੇ ਆ ਪੈਣ ਕਰਕੇ ਮੇਰਾ ਦਾਦਾ ਚੰਦਾ ਸਿੰਘ ਡਾਢਾ ਪਰੇਸ਼ਾਨ ਸੀ। ਪਰ ਇਸ ਪਰੇਸ਼ਾਨੀ ਨੂੰ ਉਸ ਦੇ ਛੋਟੇ ਸਾਲੇ ਹਕੀਕਤ ਸਿੰਘ ਅਤੇ ਉਸ ਦੀ ਪਤਨੀ ਹਰਨਾਮ ਕੌਰ ਨੇ ਛੇਤੀ ਹੀ ਦੂਰ ਕਰ ਦਿੱਤਾ। ਹਰਨਾਮ ਕੌਰ ਨੇ ਆਪਣੀ ਨਣਾਨ, ਮੇਰੀ ਦਾਦੀ ਧੰਨ ਕੌਰ ਦੇ ਸਸਕਾਰ ਪਿੱਛੋਂ ਹੀ ਉਸ ਦਾ ਬੱਚਾ, ਮੇਰਾ ਹੋਣ ਵਾਲਾ ਪਿਤਾ, ਆਪਣੀ ਗੋਦ ਵਿਚ ਲੈ ਲਿਆ ਅਤੇ ਸਭ ਦੇ ਸਾਹਮਣੇ ਐਲਾਨ ਕਰ ਦਿੱਤਾ, ਵੀਰ ਚੰਦਾ ਸਿਆਂ! ਅੱਜ ਤੋਂ ਗੇਜੋ ਤੇ ਦੀਦਾਰ ਸਿੰਘ ਸਾਡੇ ਹੋਏæææ।”
ਇਸ ਕਾਂਡ ਵਿਚ ਲੇਖਕ ਨੇ ਆਪਣੇ ਪਰਿਵਾਰ ਤੇ ਪਿੰਡ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਾਨਵੀ ਰਿਸ਼ਤਿਆਂ ਦਾ ਦਿਲਟੁੰਬਵਾਂ ਬਿਰਤਾਂਤ ਪੇਸ਼ ਕੀਤਾ ਹੈ। ਖਾਸ ਕਰਕੇ ਆਪਣੀ ਮਾਤਾ ਦੀ ਮਮਤਾ ਤੇ ਉਹਦੇ ਜਿਗਰੇ ਦਾ, “ਪਿਓ ਬਿਮਾਰ, ਆਕਸੀਜ਼ਨ ਲੱਗੀ ਹੋਈ। ਅਸੀਂ ਕਿਸੇ ਟੈਸਟ ਦੀ ਰਿਪੋਰਟ ਲੈ ਕੇ ਆਏ ਤਾਂ ਪਿਓ ਦੇ ਸਿਰਹਾਣਿਓਂ ਉਠ ਕੇ ਬੀਬੀ ਅਗਲਵਾਂਢੀ ਆ ਕੇ ਸਾਨੂੰ ਕਹਿੰਦੀ, ‘ਤੁਹਾਡੇ ਪਿਓ ਕੋਲ ਮੈਂ ਬੈਠੀ ਹਾਂ, ਠੀਕ ਹੈ ਉਹ। ਤੁਸੀਂ ਰੋਟੀ ਖਾ ਆਓ।’ ਰੋਟੀ ਖਾ ਕੇ ਮੁੜੇ ਤਾਂ ਪਤਾ ਲੱਗਾ ਕਿ ਪਿਤਾ ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ। ਮਾਂ ਤਾਂ ਸਿਰਫ਼ ਇਹ ਚਾਹੁੰਦੀ ਸੀ ਕਿ ਰੋਣ-ਕਰਲਾਉਣ ਸ਼ੁਰੂ ਹੋਣ ਤੋਂ ਪਹਿਲਾਂ ਸਵੇਰ ਤੋਂ ਭੁੱਖਣ-ਭਾਣਾ ਉਹਦਾ ਪੁੱਤ ਰੋਟੀ ਖਾ ਲਵੇ!”
ਪੁਸਤਕ ਦਾ ਦੂਜਾ ਕਾਂਡ ਲੇਖਕ ਦੀ ਪਹਿਲੀ ਗ੍ਰਿਫਤਾਰੀ ਦਾ ਬਿਰਤਾਂਤ ਹੈ। ਕਹਾਣੀ ਦੀ ਗੋਂਦ ਵਾਂਗ ਹੀ ਗੁੰਦਿਆ ਹੋਇਆ। ਜਦੋਂ ਉਹ ਕ੍ਰਾਂਤੀਕਾਰੀ ਕਵਿਤਾਵਾਂ ਲਿਖਣ ਤੇ ਸਟੇਜਾਂ ‘ਤੇ ਪੜ੍ਹਨ ਲੱਗਾ ਤਾਂ ਸੀ ਆਈ ਡੀ ਕਰਦੇ ਪਿੰਡ ਦੇ ਬੰਦਿਆਂ ਨੇ ਮੱਤ ਦਿੱਤੀ ਸੀ ਪਈ ਬਚ ਕੇ ਚੱਲ, ਖਿਆਲ ਰੱਖ ਆਪਣਾ। ਪਰ ਵਰਿਆਮ ਨੂੰ ਲੱਗਦਾ ਸੀ ਕਿ ਉਹ ਕੋਈ ‘ਗੁਨਾਹ’ ਨਹੀਂ ਕਰ ਰਿਹਾ। ਭੁੱਖ-ਦੁੱਖ, ਅਨਿਆਂ ਤੇ ਬੇਵੱਸੀ ਦਾ ਜੀਵਨ ਭੋਗ ਰਹੇ ਆਪਣੇ ਲੋਕਾਂ ਦੀ ਬੰਦ-ਖਲਾਸੀ ਲਈ ਹੱਕ-ਸੱਚ ਦੀ ਆਵਾਜ਼ ਹੀ ਤਾਂ ਬੁਲੰਦ ਕਰ ਰਿਹੈ। ਉਹ ਵੀ ਲਿਖ ਕੇ ਜਾਂ ਬੋਲ ਕੇ, ਬੜੇ ਹੀ ਸੀਮਤ ਰੂਪ ਵਿਚ। ਪਰ ਉਹ ਦਿਨ ਹੀ ਅਜਿਹੇ ਸਨ ਕਿ ਕਾਲਜ ਵਿਚ ਬੀæ ਐਡ ਕਰਦਾ ਉਹ ਸੀਖਾਂ ਪਿੱਛੇ ਡੱਕਿਆ ਗਿਆ। ਇਹ ਕਾਂਡ ਉਸ ਸਮੇਂ ਦੇ ਸਰਕਾਰੀ ਦਮਨ ਦਾ ਪਰਦਾ ਫਾਸ਼ ਕਰਦਾ ਹੈ। ਸਵੈ-ਜੀਵਨੀ ਹੋਣੀ ਵੀ ਅਜਿਹੀ ਚਾਹੀਦੀ ਹੈ ਜਿਹੜੀ ਜੀਵਨੀਕਾਰ ਦੇ ਜੀਵਨ ਦੇ ਨਾਲ ਸਮੇਂ ਦੇ ਸੱਚ ਨੂੰ ਚਿਤਰ ਕੇ ਇਤਿਹਾਸ ਸਿਰਜੇ।
ਤੀਜੇ ਕਾਂਡ ਵਿਚ ਐਮਰਜੈਂਸੀ ਵੇਲੇ ਲੇਖਕ ਦੀ ਦੂਜੀ ਗ੍ਰਿਫਤਾਰੀ ਦਾ ਵੇਰਵਾ ਹੈ ਕਿ ਕਿਵੇਂ ਕੇਲ ਕਰੇਂਦੇ ਨੂੰ ਅਚਿੰਤੇ ਬਾਜ ਆਣ ਪਏ। ਹੱਥਕੜੀਆਂ ਲੱਗ ਗਈਆਂ, ਪਹਿਲਾਂ ਹਵਾਲਾਤ ਤੇ ਫਿਰ ਜੇਲ੍ਹ ਵਿਚ ਡੱਕਿਆ ਗਿਆ। ਚੌਥੇ ਕਾਂਡ ਵਿਚ ਕੁੰਭੀ ਨਰਕ ਵਰਗੇ ਇੰਟੈਰੋਗੇਸ਼ਨ ਸੈਂਟਰ ਦਾ ਹਿਰਦੇ ਵੇਧਕ ਵਰਣਨ ਹੈ, “ਅਸਮਾਨ ਚੀਰਦੀ ਚੀਕ ਸੁਣਾਈ ਦਿੱਤੀ। ਕਿਸੇ ਦੂਜੀ ਕੋਠੀ ਵਿਚੋਂ ਬਾਹਰ ਕੱਢਿਆ ਬੰਦਾ ਧਰਤੀ ‘ਤੇ ਡਿੱਗਿਆ ਪਿਆ ਸੀ ਤੇ ਇਕ ਜਣਾ ਉਹਦੇ ‘ਤੇ, ਬਿਨਾਂ ਉਹਦੇ ਅੰਗਾਂ ਦੀ ਪ੍ਰਵਾਹ ਕੀਤਿਆਂ, ਡਾਂਗਾਂ ਵਰ੍ਹਾ ਰਿਹਾ ਸੀ।
‘ਬਖਸ਼ ਲੈ ਮਾਪਿਆ! ਮੈਂ ਨ੍ਹੀਂ ਕੁਝ ਲੁਕਾਇਆ ਤੈਥੋਂ ਮੋਤੀਆਂ ਆਲਿਆ! ਅੱਖਰ ਅੱਖਰ ਸੱਚ ਦਿੱਤਾ ਹੈ।’
ਇੰਜ ਇਕ ਇਕ ਕਰ ਕੇ ਕੋਠੜੀਆਂ ਵਿਚੋਂ ‘ਬੱਕਰੇ’ ਕੱਢੇ ਜਾ ਰਹੇ ਸਨ ਅਤੇ ‘ਕਤਲਗਾਹ’ ਵੱਲ ਲਿਜਾਏ ਜਾ ਰਹੇ ਸਨ! ਪਹਿਲੇ ਦੋਹਾਂ ਵਾਂਗ ਦੂਜਿਆਂ ਨੂੰ ਵੀ ‘ਇਹ’ ਮੁੱਢਲੀ ‘ਦਖਸ਼ਣਾ’ ਦਿੱਤੀ ਗਈ। ਸ਼ਾਇਦ ਮੈਂ ਇਕੱਲਾ ਹੀ ਆਪਣੀ ‘ਹੋਣੀ’ ਦੀ ਉਡੀਕ ਵਿਚ ਪਿੱਛੇ ਰਹਿ ਗਿਆ ਸਾਂ। ਵੱਖ ਵੱਖ ਜਣਿਆਂ ਦੀਆਂ ਚੀਕਾਂ ਅਤੇ ਚੰਘਿਆੜਾਂ ਦੀ ਆਵਾਜ਼ ਮੇਰੇ ਕੰਨਾਂ ਵਿਚ ਪੈ ਰਹੀ ਸੀ। ਵਰ੍ਹਦੀਆਂ ਡਾਂਗਾਂ ਜਾਂ ‘ਪੁਲਿਸੀ ਛਿੱਤਰਾਂ’ ਦਾ ਖੜਾਕ ਆ ਰਿਹਾ ਸੀ। ਇਕ ਜਣੇ ਨੂੰ ਕਿੰਨੀਆਂ ਹੀ ਡਾਂਗਾਂ ਪੈ ਗਈਆਂ ਤਾਂ ਮੈਂ ਸੋਚਿਆ; ਮੈਨੂੰ ਡਾਂਗਾਂ ਦੀ ਗਿਣਤੀ ਤਾਂ ਕਰਨੀ ਚਾਹੀਦੀ ਸੀ। ਹੁਣ ਤਾਂ ਸ਼ਾਇਦ ‘ਬੱਸ ਹੀ ਕਰਨ!’ ਤਦ ਵੀ ਉਸ ਤੋਂ ਪਿੱਛੋਂ ਮੈਂ ਗਿਣਤੀ ਸ਼ੁਰੂ ਕੀਤੀ। ਪੂਰੀਆਂ ਅਠੱਤੀ ਡਾਂਗਾਂ ਉਸ ਤੋਂ ਪਿੱਛੋਂ ਉਸ ਬੰਦੇ ਨੂੰ ਪਈਆਂ!
‘ਨਰਕ’ ਵਿਚ ਵੀ ਆਪਣੇ ‘ਪਾਪਾਂ ਦੀ ਸਜ਼ਾ’ ਭੁਗਤ ਰਹੇ ਲੋਕਾਂ ਵਿਚ ਸ਼ਾਇਦ ਇੰਜ ਹੀ ਕੁਰਲਾਹਟ ਮੱਚਦੀ ਹੋਵੇਗੀ! ਇਹ ਧਰਤੀ ਉਤਲਾ ‘ਨਰਕ’ ਹੀ ਸੀ।
‘ਆ ਬਈ ਵਰਿਆਮ ਸਿੰਹਾਂ! ਬਾਹਰ ਆ।’ ਰਾਤ ਵਾਲਾ ਅਧਖੜ ਅਫਸਰ ਮੇਰੀ ਕੋਠੜੀ ਸਾਹਮਣੇ ਖਲੋਤਾ ਸੀ। ਉਸ ਦੇ ਪਿੱਛੇ ਬਾਵਰਦੀ ਹਵਾਲਦਾਰ ਸੀæææ।”
ਇਕ ਕਾਂਡ ‘ਸ਼ਬਦਾਂ ਦੀ ਤਾਕਤ’ ਨਾਲ ਸਬੰਧਤ ਹੈ। ਸੁਰ ਸਿੰਘ ਦੇ ਹੀ ਇਕ ਨਿਹੰਗ ਸਿਰ ਕਤਲ ਦਾ ਨਾਜਾਇਜ਼ ਕੇਸ ਪੈ ਜਾਂਦੈ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦੈ। ਲੇਖਕ ਨੂੰ ਪਤਾ ਲੱਗਦੈ ਕਿ ਨਿਹੰਗ ਨਿਰਦੋਸ਼ ਹੈ। ਲੇਖਕ ਕੋਲ ਸ਼ਬਦਾਂ ਦੀ ਤਾਕਤ ਹੈ। ਉਹ ਨਿਰਦੋਸ਼ ਨੂੰ ਬਚਾਉਣ ਲਈ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਨੂੰ ਚਿੱਠੀ ਲਿਖਦਾ ਹੈ। ਚਿੱਠੀ ਦੇ ਸ਼ਬਦ ਬਾਬਾ ਜੀ ਦੇ ਦਿਲ ਉਤੇ ਅਜਿਹਾ ਅਸਰ ਕਰਦੇ ਹਨ ਕਿ ਬਾਬਾ ਜੀ ਨਿਰਦੋਸ਼ ਨਿਹੰਗ ਸਿੰਘ ਨੂੰ ਬਚਾਉਣ ਲਈ ਉਠ ਤੁਰਦੇ ਹਨ ਤੇ ਨਿਹੰਗ ਬਰੀ ਹੋ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਚਿੱਠੀ ਜੇਲ੍ਹ ‘ਚੋਂ ਬਾਹਰ ਕੱਢਣ ਵੇਲੇ ਇਕ ਹਵਾਲਦਾਰ ਨੇ ਲੇਖਕ ਨੂੰ ਤਕੜੀ ਚੁਪੇੜ ਜੜ ਦਿੱਤੀ ਸੀ, “æææਮੈਂ ਉਨ੍ਹਾਂ ਹਮਦਰਦਾਂ ਦਾ ਧਿਆਨ ਆਪਣੇ ਵੱਲ ਮੋੜਨ ਲਈ ਆਵਾਜ਼ ਦੇਣ ਹੀ ਵਾਲਾ ਸਾਂ ਕਿ ਹਵਾਲਦਾਰ ਨੇ ‘ਪਟਾਕ’ ਕਰਦਾ ਜ਼ੋਰਦਾਰ ਥੱਪੜ ਮੇਰੀ ਗੱਲ੍ਹ ‘ਤੇ ਜੜ ਦਿੱਤਾ। ਖੜਾਕ ਨਾਲ ਡਿਓੜ੍ਹੀ ਗੂੰਜ ਉਠੀ। ਮੇਰੀ ਆਵਾਜ਼ ਮੂੰਹ ਵਿਚ ਹੀ ਘੁਰਲ ਹੋ ਗਈ।”
“ਕਚਹਿਰੀ ਜਾਂਦਿਆਂ ਵੀ ਇਸ ਚਪੇੜ ਦੀ ਗੂੰਜ ਮੇਰੇ ਅੰਦਰਲੇ ਗੁੰਬਦ ਵਿਚ ਗੂੰਜਦੀ ਗਈ।” ਅਜਿਹੀ ਹੈ ਲੇਖਕ ਦੀ ਲਿਖਣ ਸ਼ੈਲੀ!
‘ਅਸੀਂ ਕੀ ਬਣ ਗਏ!’ ਕਾਂਡ ਆਪਣੇ ਆਪ ਵਿਚ ‘ਭੱਜੀਆਂ ਬਾਹੀਂ’ ਵਰਗੀ ਕਹਾਣੀ ਹੈ। ਸੰਧੂ ਦ੍ਰਿਸ਼-ਚਿਤਰਨ ਦਾ ਵੀ ਧਨੀ ਹੈ, “ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ ਦਮ ਕਾਲੀ-ਬੋਲੀ ਰਾਤ ਵਾਂਗ ਸਾਰੇ ਪਿੰਡ ਵਿਚ ਪਸਰ ਜਾਵੇਗਾ ਜਾਂ ਇਹ ਕਾਲੀ-ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹੋ ਜਾਵੇਗੀæææ।”
‘ਕੁੜਿੱਕੀ ਵਿਚ ਫਸੀ ਜਾਨ’ ਵਾਲਾ ਕਾਂਡ ਸੰਧੂ ਦੀ ਜੀਵਨ ਕਥਾ ਦਾ ਹੋਰ ਲੂੰ ਕੰਡੇ ਖੜ੍ਹੇ ਕਰਨ ਵਾਲਾ ਬਿਰਤਾਂਤ ਹੈ, “ਕੰਧ ਉਤੋਂ ਛਾਲਾਂ ਮਾਰ ਕੇ ਆਉਣ ਵਾਲਿਆਂ ਨੇ, ਜਿਸ ਕਮਰੇ ਵਿਚ ਅਸੀਂ ਬੈਠੇ ਸਾਂ, ਉਹਦੀ ਵੱਖੀ ਵਾਲਾ ਦਰਵਾਜ਼ਾ ਠਕੋਰਿਆ। ਅਸੀਂ ਦੋਹਾਂ ਜੀਆਂ ਨੇ ਇਕ ਦੂਜੇ ਦੇ ਮੂੰਹ ਵੱਲ ਵੇਖਿਆ। ਸੋਚਿਆ; ਸ਼ਾਇਦ ਇਹ ਇਕ ਦੂਜੇ ਦੇ ਅੰਤਮ ਦੀਦਾਰੇ ਹਨ। ਦਰਵਾਜ਼ਾ ਦੂਜੀ ਵਾਰ ਖੜਕਿਆ। ਮੈਨੂੰ ਛੇਤੀ ਨਾਲ ਬਾਹੋਂ ਫੜ ਕੇ ਆਪਣੇ ਪਿੱਛੇ ਕਰਦਿਆਂ ਪਤਨੀ ਨੇ ਹੌਂਸਲਾ ਕਰਕੇ ਦਰਵਾਜ਼ੇ ਦੀ ਚਿਟਕਣੀ ਖੋਲ੍ਹ ਦਿੱਤੀ। ਉਹ ‘ਪਹਿਲਾ ਵਾਰ’ ਆਪਣੇ ਉਤੇ ਝੱਲਣ ਲਈ ਤਿਆਰ ਸੀ!”
ਪੂਰੀ ਪੁਸਤਕ ਹੱਡੀਂ ਹੰਢਾਏ ਅਨੁਭਵ ਦੇ ਸੰਵੇਦਨਸ਼ੀਲ ਬਿਰਤਾਂਤ ਨਾਲ ਭਰੀ ਪਈ ਹੈ। ਆਪਣੀ ਸਾਹਿਤਕ ਸਵੈ-ਜੀਵਨੀ ਵਿਚ ਵਰਿਆਮ ਸਿੰਘ ਨੇ ਬਹੁਤਾ ਵੇਰਵਾ ਆਪਣੀਆਂ ਸਾਹਿਤਕ ਸਰਗਰਮੀਆਂ ਬਾਰੇ ਦਿੱਤਾ ਸੀ। ‘ਗੁਫ਼ਾ ਵਿਚਲੀ ਉਡਾਣ’ ਵਿਚਲੇ ਬਹੁਤੇ ਵੇਰਵੇ ਉਹਦੇ ਉਤੇ ਆਈਆਂ ਮੁਸੀਬਤਾਂ ਦੇ ਹਨ। ਰਾਹ ਜਾਂਦੀਆਂ ਮੁਸੀਬਤਾਂ! ਇਹ ਵੇਰਵੇ ਪੁਲਿਸ ਹੱਥੋਂ ਵਾਰ ਵਾਰ ਖੱਜਲ ਖੁਆਰ ਹੋਣ, ਜੇਲ੍ਹ ਦੀ ਤੰਗੀ ਕੱਟਣ, ਇੰਟੈਰੋਗੇਸ਼ਨ ਸੈਂਟਰ ਦੀ ‘ਪੁੱਛ ਗਿੱਛ’, ਦਹਿਸ਼ਤੀ ਦੌਰ, ਹੋਰਨਾਂ ਦੀ ਜਾਨ ਬਚਾਉਂਦਿਆਂ ਆਪਣੇ ਸਿਰ ਪੈ ਰਹੇ ਕਤਲ, ਬੇਮੁਹਾਰੀ ਮਾਰ ਧਾੜ ਅਤੇ ਸਕੇ ਸਬੰਧੀਆਂ ਨਾਲ ਟੁੱਟਦੇ-ਜੁੜਦੇ ਸਬੰਧਾਂ ਦੇ ਹਨ। ਪੁਸਤਕ ਪੜ੍ਹਦਿਆਂ ਪਤਾ ਲੱਗਦੈ ਪਈ ਲੇਖਕ ਸੱਚਮੁੱਚ ਹੀ ‘ਵਰਿਆਮ ਜੋਧਾ’ ਨਿਕਲਿਆ। ਵਰਿਆਮ ਦੀ ਪਤਨੀ ਰਜਵੰਤ ਪੁਸਤਕ ਦੇ ਆਖਰੀ ਕਾਂਡ ਵਿਚ ਆਪਣੇ ਪਤੀ ਬਾਰੇ ਲਿਖਦੀ ਹੈ, “æææਇਹ ਅਗਲੇ ਨੂੰ ਹਾਸੇ ਹਾਸੇ ਵਿਚ ਬੜੀ ਕਰੜੀ ਗੱਲ ਵੀ ਆਖ ਦਿੰਦੇ ਨੇ। ਖਰੀ ਗੱਲ ਕਹਿਣੋਂ ਬਾਜ਼ ਨਹੀਂ ਆਉਂਦੇ। æææਹੁਣ ਤਾਂ ਕਈ ਵਾਰ ਕੋਈ ਗੱਲ ਕਰਦਿਆਂ ਭਾਵਕ ਵੀ ਹੋ ਜਾਂਦੇ ਨੇ। ਅੱਖਾਂ ਵਿਚ ਅੱਥਰੂ ਭਰ ਲੈਂਦੇ ਨੇ। ਪਰ ਇਹ ਵਰਿਆਮ ਸਿੰਘ ਸੰਧੂ ਹੀ ਹਨ, ਲੋਹੇ ਦੇ ਜਿਗਰੇ ਵਾਲੇ ਕਿ ਵੱਡੇ ਵੱਡੇ ਸੰਕਟ ਆਉਂਦੇ ਰਹੇ, ਕਦੇ ਸੀ ਨਾ ਕੀਤੀ, ਸਭ ਚੁੱਪ ਕਰਕੇ ਸਹਿ ਲਏ, ਜਿਵੇਂ ਕੁਝ ਹੋਇਆ ਈ ਨਹੀਂ ਹੁੰਦਾ।”
ਲੇਖਕ ਹੋਣ ਤਾਂ ਇਸ ਤਰ੍ਹਾਂ ਦੇ ਹੋਣ। ਉਡਾਣ ਭਰਨੋਂ ਨਾ ਡਰਨ ਭਾਵੇਂ ਆਪਣੇ ਨਿੱਕੇ ਆਕਾਸ਼ ਵਿਚ ਹੀ ਭਰਨ। ‘ਗੁਫ਼ਾ ਵਿਚਲੀ ਉਡਾਣ’ ਵਾਂਗ। ਦੀਵੇ ਵਾਂਗ ਜਗਣ ਤੇ ਜਗਦੇ ਰਹਿਣ। ਸੁਪਨੇ ਕਦੇ ਮਰਨ ਨਾ ਦੇਣ। ਖ਼ੈਰ ਇਹ ਤਾਂ ਦਾਲ ‘ਚੋਂ ਦਾਣਾ ਚੱਖਣ ਵਾਂਗ ਹੈ। ਪੂਰਾ ਭੇਤ ਤਾਂ ਪੂਰੀ ਪੁਸਤਕ ਪੜ੍ਹ ਕੇ ਹੀ ਪਾਇਆ ਜਾ ਸਕਦੈ।

Be the first to comment

Leave a Reply

Your email address will not be published.