ਟਰੰਪ ਹਾਰਿਆ, ਟਰੰਪਵਾਦ ਨਹੀਂ

ਅਭੈ ਕੁਮਾਰ ਦੂਬੇ
ਅਮਰੀਕੀ ਚੋਣ ਪ੍ਰਣਾਲੀ ਭਾਰਤ ਨਾਲੋਂ ਪੂਰੀ ਤਰ੍ਹਾਂ ਵੱਖਰੀ ਹੈ। ਭਾਰਤ ਵਿਚ ਜੋ ਪਹਿਲਾਂ ਮਾਰੇ, ਉਸ ਨੂੰ ਮੀਰ ਮੰਨਿਆ ਜਾਂਦਾ ਹੈ। ਇਸ ਨੂੰ ਹੀ ਅੰਗਰੇਜ਼ੀ ਵਿਚ Ḕਫਸਟ ਪਾਸਟ ਦਿ ਪੋਸਟ ਸਿਸਟਮḔ ਕਹਿੰਦੇ ਹਨ। ਇਸ ਪ੍ਰਣਾਲੀ ਵਿਚ 51 ਫੀਸਦੀ ਵੋਟਾਂ ਹਾਸਲ ਕਰਨ ਵਾਲਾ ਜਿੱਤ ਜਾਂਦਾ ਹੈ ਅਤੇ 49 ਫੀਸਦੀ ਵੋਟਾਂ ਹਾਸਲ ਕਰਨ ਵਾਲੇ ਨੂੰ Ḕਉਪ ਜੇਤੂḔ ਭਾਵ ḔਰਨਰਅਪḔ ਦਾ ਖਿਤਾਬ ਜਾਂ ਸੋਨੇ ਦੇ ਤਗਮੇ ਦੀ ਬਜਾਏ ਕਾਂਸੇ ਦਾ ਤਗਮਾ ਵੀ ਨਹੀਂ ਮਿਲਦਾ। ਦੂਜਾ ਭਾਰਤ ਵਿਚ ਕੌਮੀ ਚੋਣ ਕਮਿਸ਼ਨ ਹੈ ਜੋ ਸਾਰੇ ਦੇਸ਼ ਵਿਚ ਚੋਣ ਜ਼ਾਬਤੇ ਰਾਹੀਂ ਚੋਣ ਕਰਵਾਉਂਦਾ ਹੈ। ਚੋਣ ਕਮਿਸ਼ਨ ਦਾ ਦਬਦਬਾ ਅਤੇ ਸ਼ਾਨ ਲਗਾਤਾਰ ਵਧਦੀ ਹੀ ਗਈ ਹੈ।

ਇਸ ਤੋਂ ਉਲਟ ਅਮਰੀਕਾ ਵਿਚ ਅਨੁਪਾਤਕ ਚੋਣ ਪ੍ਰਣਾਲੀ ਹੈ ਜੋ 51-49 ਫੀਸਦੀ ਦੇ ਫਾਰਮੂਲੇ Ḕਤੇ ਨਹੀਂ ਚਲਦੀ। ਨਾ ਹੀ ਅਮਰੀਕਾ ਵਿਚ ਕੋਈ ਕੌਮੀ ਚੋਣ ਕਮਿਸ਼ਨ ਹੈ। ਉਥੋਂ ਦਾ ਸੰਘੀ ਢਾਂਚਾ ਵੱਖਰਾ ਹੈ। ਹਰ ਰਾਜ ਨੂੰ ਆਪੋ-ਆਪਣੇ ਢੰਗ ਨਾਲ ਵੋਟਿੰਗ ਕਰਵਾਉਣ ਅਤੇ ਵੋਟਾਂ ਦੀ ਗਿਣਤੀ ਜਾਂ ਦੁਬਾਰਾ ਗਿਣਤੀ ਕਰਵਾਉਣ ਦਾ ਅਧਿਕਾਰ ਹੈ। ਜਿੱਤਣ ਵਾਲੇ ਦੀਆਂ ਵੋਟਾਂ ਦੀ ਫੀਸਦੀ ਚੋਣ ਨਤੀਜੇ Ḕਤੇ ਖਾਸ ਅਸਰ ਨਹੀਂ ਪਾਉਂਦੀ। ਹਾਂ, ਇਹ ਫੀਸਦੀ ਇੰਨਾ ਜ਼ਰੂਰ ਦਿਖਾਉਂਦੀ ਹੈ ਕਿ ਜਿੱਤਣ ਵਾਲਾ ਆਮ ਵੋਟਰਾਂ ਵਿਚ ਕਿੰਨਾ ਹਰਮਨ ਪਿਆਰਾ ਹੈ। ਜਿਸ ਨੂੰ ਕਿਸੇ ਰਾਜ ਵਿਚ ਜ਼ਿਆਦਾ ਵੋਟਾਂ ਮਿਲਦੀਆਂ ਹਨ, ਉਸ ਨੂੰ ਇਲੈਕਟੋਰਲ ਕਾਲਜ ਵਿਚ ਨਿਰਧਾਰਤ ਵੋਟਾਂ ਮਿਲਦੀਆਂ ਹਨ; ਭਾਵ, ਜੇਕਰ ਇਕ ਰਾਜ ਨੂੰ ਜਿੱਤਣ ਦੀ ਕੀਮਤ 12 ਇਲੈਕਟੋਰਲ ਵੋਟਾਂ ਦੇ ਬਰਾਬਰ ਹੈ ਤਾਂ ਉਮੀਦਵਾਰ ਰਾਸ਼ਟਰਪਤੀ ਦੀ ਦੌੜ ਵਿਚ 12 ਵੋਟਾਂ ਹਾਸਲ ਕਰ ਲਵੇਗਾ। ਜਦੋਂ ਤੱਕ ਉਸ ਨੂੰ 270 ਇਲੈਕਟੋਰਲ ਵੋਟਾਂ ਨਹੀਂ ਮਿਲਦੀਆਂ, ਉਹ ਰਾਸ਼ਟਰਪਤੀ ਦੀ ਚੋਣ ਨਹੀਂ ਜਿੱਤ ਸਕੇਗਾ।
ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਹਾਰਨ ਵਾਲੇ ਉਮੀਦਵਾਰ ਦੇ ਹਿੱਸੇ ਵਿਚ ਵੀ ਕਈ ਰਾਜ ਆਉਂਦੇ ਹਨ ਜਿੱਥੋਂ ਦੀਆਂ ਇਲੈਕਟੋਰਲ ਵੋਟਾਂ ਉਸ ਨੂੰ ਮਿਲਦੀਆਂ ਹਨ। ਉਹ ਚੋਣ ਹਾਰਨ ਦੇ ਬਾਵਜੂਦ ਅਮਰੀਕੀ ਰਾਜਨੀਤੀ ਵਿਚ ਆਪਣੀ ਆਵਾਜ਼ ਅਤੇ ਅਹਿਮੀਅਤ ਕਾਇਮ ਰੱਖ ਸਕਦਾ ਹੈ। ਸੈਨੇਟ ਅਤੇ ਪ੍ਰਤੀਨਿਧ ਸਭਾ ਵਿਚ ਜੇਕਰ ਹਾਰਨ ਵਾਲੀ ਪਾਰਟੀ ਦੀ ਮੌਜੂਦਗੀ ਚੰਗੀ ਹੈ ਤਾਂ ਉਹ ਜਿੱਤਿਆ ਐਲਾਨੇ ਗਏ ਉਮੀਦਵਾਰ ਦੇ ਏਜੰਡੇ ਨੂੰ ਲਾਗੂ ਹੋਣ ਤੋਂ ਕਾਫੀ ਹੱਦ ਤੱਕ ਰੋਕ ਸਕਦੀ ਹੈ; ਭਾਵ ਚੋਣ ਹਾਰਨ ਵਾਲੇ ਨੂੰ ਅਮਰੀਕਾ ਵਿਚ ਨਾ ਸਿਰਫ ਉਪ ਜੇਤੂ ਦਾ ਅਹੁਦਾ ਮਿਲਦਾ ਹੈ ਸਗੋਂ ਕਈ ਵਾਰ ਉਹ ਜੇਤੂ ਦੇ ਨੱਕ ਵਿਚ ਦਮ ਵੀ ਕਰ ਦਿੰਦਾ ਹੈ।
ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਚੋਣ ਮੁਕਾਬਲਾ ਜ਼ਰੂਰ ਖਤਮ ਹੋ ਜਾਂਦਾ ਹੈ ਪਰ ਲੋਕਤੰਤਰੀ ਮੁਕਾਬਲਾ ਜਿੱਤਣ ਵਾਲੇ ਦੇ ਪੱਖ ਵਿਚ ਬਹੁਤ ਜ਼ਿਆਦਾ ਝੁਕਣ ਦਾ ਖਦਸ਼ਾ ਨਹੀਂ ਰਹਿੰਦਾ। ਬਾਵਜੂਦ ਇਸ ਦੇ ਕਿ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਰੀ ਅਧਿਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਾਲੋਂ ਜ਼ਿਆਦਾ ਹੁੰਦੇ ਹਨ।
ਭਾਰਤ ਅਤੇ ਅਮਰੀਕਾ ਦੀਆਂ ਚੋਣ ਪ੍ਰਣਾਲੀਆਂ ਦਾ ਇਹ ਫਰਕ ਦੱਸਣਾ ਇਸ ਲਈ ਜ਼ਰੂਰੀ ਸੀ ਤਾਂ ਕਿ ਇਹ ਦਿਖਾਇਆ ਜਾ ਸਕੇ ਕਿ ਉਥੇ ਹਾਰਨ ਵਾਲੇ ਦਾ ਜਲਵਾ ਖਤਮ ਨਹੀਂ ਹੁੰਦਾ। ਇਸ ਰੁਝਾਨ ਦੀ ਸਭ ਤੋਂ ਦਿਲਚਸਪ ਉਦਾਹਰਨ ਤਾਂ ਮੌਜੂਦਾ ਚੋਣ ਹੀ ਹੈ। ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡਨ ਨੂੰ ਅਮਰੀਕੀ ਇਤਿਹਾਸ ਦੀਆਂ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਅਤੇ ਇਲੈਕਟੋਰਲ ਕਾਲਜ ਦੀ ਫੈਸਲਾਕੁਨ ਦੌੜ ਵਿਚ ਵੀ ਇਹ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨਾਲੋਂ ਬਹੁਤ ਅੱਗੇ ਸਾਬਤ ਹੋਏ। ਇਸ ਦੇ ਬਾਵਜੂਦ ਟਰੰਪ ਨਾ ਸਿਰਫ ਚੋਣ ਦ੍ਰਿਸ਼ਟੀ ਨਾਲ ਸਗੋਂ ਵਿਚਾਰਧਾਰਕ ਦ੍ਰਿਸ਼ਟੀ ਨਾਲ ਜਾਂ ਅਮਰੀਕੀ ਸਮਾਜ Ḕਤੇ ਆਪਣੇ ਪ੍ਰਭਾਵ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਬਣੇ ਰਹਿਣਗੇ; ਇੰਨੇ ਮਹੱਤਵਪੂਨ ਕਿ ਹੁਣ ਤੋਂ ਹੀ ਉਨ੍ਹਾਂ ਨੂੰ ਚਾਰ ਸਾਲ ਬਾਅਦ 2024 ਦੀਆਂ ਚੋਣਾਂ ਵਿਚ ਰਾਸ਼ਟਰਪਤੀ ਉਮੀਦਵਾਰ ਦੇ ਦਾਅਵੇਦਾਰ ਵਜੋਂ ਦੇਖਿਆ ਜਾਣ ਲੱਗਾ ਹੈ। ਇਹ ਵੱਖ ਗੱਲ ਹੈ ਕਿ ਉਸ ਸਮੇਂ ਟਰੰਪ ਦੀ ਉਮਰ 84 ਸਾਲ ਦੀ ਹੋਵੇਗੀ ਅਤੇ ਜੇਕਰ ਬਾਇਡਨ ਵੀ ਦੂਜੇ ਕਾਰਜਕਾਲ ਲਈ ਚੋਣਾਂ ਵਿਚ ਖੜ੍ਹੇ ਹੁੰਦੇ ਹਨ ਤਾਂ ਉਹ ਵੀ ਟਰੰਪ ਦੇ ਬਰਾਬਰ ਹੀ ਹੋਣਗੇ। ਚੋਣ ਦ੍ਰਿਸ਼ਟੀ ਨਾਲ ਟਰੰਪ ਦੀ ਅਹਿਮੀਅਤ ਇਸ ਗੱਲ ਵਿਚ ਹੋਵੇਗੀ ਕਿ ਸੈਨੇਟ ਅਤੇ ਪ੍ਰਤੀਨਿਧ ਸਭਾ ਵਿਚ ਉਨ੍ਹਾਂ ਦੀ ਪਾਰਟੀ ਨਵੇਂ ਚੁਣੇ ਰਾਸ਼ਟਰਪਤੀ ਨੂੰ ਆਪਣੇ ਮਨ ਦੀ ਕਰਨ ਦੀ ਇਜਾਜ਼ਤ ਨਾ ਦੇਣ ਦੀ ਹਾਲਤ ਵਿਚ ਆ ਚੁੱਕੀ ਹੈ, ਕਿਉਂਕਿ ਡੈਮੋਕ੍ਰੈਟਿਕ ਪਾਰਟੀ ਇਨ੍ਹੀਂ ਦਿਨੀਂ ਦੋਵਾਂ ਸਦਨਾਂ ਵਿਚ ਆਰਾਮਦੇਹ ਬਹੁਮਤ ਜਿੱਤ ਸਕਣ ਵਿਚ ਅਸਫਲ ਰਹੀ ਹੈ, ਇਸ ਲਈ ਉਹ ਸਰਬਉਚ ਅਦਾਲਤ ਵਿਚ ਆਪਣੇ ਮਨਪਸੰਦ ਜੱਜਾਂ ਦੀ ਨਿਯੁਕਤੀ ਵੀ ਨਹੀਂ ਕਰ ਸਕੇਗੀ।
ਉਂਜ, ਜੋ ਗੱਲ ਇਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ, ਉਹ ਕੁਝ ਹੋਰ ਹੈ। ਟਰੰਪ ਦੀ ਹਾਰ ਟਰੰਪਵਾਦ ਦੀ ਹਾਰ ਨਹੀਂ ਹੈ। ਟਰੰਪਵਾਦ ਫਜ਼ੂਲ ਅਤੇ ਅਤਿਵਾਦੀ ਕਿਸਮ ਦੀ ਵਿਚਾਰਧਾਰਾ ਹੈ ਜਿਸ ਨੇ ਅਮਰੀਕੀ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ। ਟਰੰਪਵਾਦ ਦਾ ਭਾਵ ਹੈ, ਸਿਆਹਫਾਮਾਂ ਖਿਲਾਫ ਨਸਲਵਾਦੀ ਨਜ਼ਰੀਆ, ਔਰਤਾਂ ਪ੍ਰਤੀ ਤ੍ਰਿਸਕਾਰ ਵਾਲਾ ਰਵੱਈਆ ਰੱਖਣਾ, ਵਾਤਾਵਰਨ ਅਤੇ ਵੱਖ-ਵੱਖ ਵਿਸ਼ੇਸ਼ ਹਾਲਾਤ ਦੀ ਪ੍ਰਵਾਹ ਨਾ ਕਰਨਾ, ਪਰਵਾਸੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ, ਰਾਸ਼ਟਰ ਦੇ ਰੂਪ ਵਿਚ ਗਰਮ ਵਿਚਾਰਾਂ ਨਾਲ ਅਮਰੀਕਾ ਨੂੰ ਗੋਰੇ ਭਾਈਚਾਰੇ ਦੇ ਦੇਸ਼ ਦੇ ਰੂਪ ਵਿਚ ਕਲਪਿਤ ਕਰਨਾ, ਵੱਖ-ਵੱਖ ਤਰ੍ਹਾਂ ਦੀਆਂ ਸਾਜ਼ਿਸ਼ਾਂ ਦੀਆਂ ਥਿਊਰੀਆਂ ਨੂੰ ਉਛਾਲਣਾ, ਆਪਣੇ ਵਿਰੋਧੀਆਂ ਤੇ ਆਲੋਚਕਾਂ ਪ੍ਰਤੀ ਗੈਰ ਮਿਆਰੀ ਵਿਹਾਰ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਅੰਗੂਠਾ ਦਿਖਾਉਣਾ ਆਦਿ।
ਡੋਨਾਲਡ ਟਰੰਪ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਇਹੀ ਸਭ ਕੁਝ ਕੀਤਾ ਹੈ ਪਰ ਹੈਰਾਨੀ ਇਹ ਹੈ ਕਿ ਅਮਰੀਕੀ ਜਨਤਾ ਦੇ ਕਾਫੀ ਵੱਡੇ ਅਤੇ ਪ੍ਰਭਾਵੀ ਹਿੱਸੇ ਨੂੰ ਉਨ੍ਹਾਂ ਦੀਆਂ ਇਹ ਹਰਕਤਾਂ ਬਹੁਤ ਪਸੰਦ ਆਈਆਂ ਹਨ। ਉਹ ਡੈਮੋਕ੍ਰੈਟਿਕ ਪਾਰਟੀ ਦੇ ਉਦਾਰਵਾਦੀ ਰਵੱਈਏ ਤੋਂ ਖੁਸ਼ ਨਹੀਂ ਹਨ। ਟਰੰਪ ਦਾ ਦਾਅਵਾ ਹੈ ਕਿ ਇਹ ਉਦਾਰਵਾਦ ਪਖੰਡੀ ਕਿਸਮ ਦਾ ਹੈ। ਕੁਝ ਹੱਦ ਤੱਕ ਉਨ੍ਹਾਂ ਦੀ ਗੱਲ ਸਹੀ ਵੀ ਹੈ। ਦੁਨੀਆ ਵਿਚ ਕਿਸੇ ਵੀ ਤਰ੍ਹਾਂ ਦੇ ਉਦਾਰਵਾਦੀ (ਇੱਥੇ ਭਾਵ ਮਨੁੱਖ ਦੀ ਉਦਾਰਤਾ ਨਾ ਹੋ ਕੇ Ḕਲਿਬਰਲਿਜ਼ਮḔ ਤੋਂ ਹੈ ਜੋ ਪੱਛਮੀ ਵਿਚਾਰਧਾਰਾ ਹੈ ਜਿਹੜੀ 19ਵੀਂ ਸਦੀ ਦੇ ਉਪਨਿਵੇਸ਼ਵਾਦ ਦਾ ਸਮਰਥਨ ਕਰਦੀ ਹੈ) ਆਪਣੀ ਸਮਝੌਤਾਪ੍ਰਸਤੀ ਅਤੇ ਪਖੰਡ ਦੇ ਕਾਰਨ ਆਲੋਚਨਾ ਦਾ ਸ਼ਿਕਾਰ ਹੋਏ ਹਨ। ਜਨਤਾ ਨੇ ਲੰਬੇ ਅਰਸੇ ਤੱਕ ਇਸ ਦੇ ਅਹਿਲਕਾਰਾਂ ਨੂੰ ਸੱਤਾ Ḕਤੇ ਬਿਠਾਇਆ ਪਰ ਹੁਣ ਹਰ ਜਗ੍ਹਾ ਇਨ੍ਹਾਂ ਦੀਆਂ ਅਸਫਲਤਾਵਾਂ ਕਰ ਕੇ ਇਨ੍ਹਾਂ ਦੀ ਆਲੋਚਨਾ ਹੋ ਰਹੀ ਹੈ।
ਟਰੰਪਵਾਦ ਕਾਰਨ ਹੋਇਆ ਇਹ ਹੈ ਕਿ ਅਮਰੀਕੀ ਸਮਾਜ ਵਿਚ ਅਸਹਿਣਸ਼ੀਲਤਾ ਵਧੀ ਹੈ। ਰਾਜਨੇਤਾਵਾਂ ਬਾਰੇ ਬੇਵਿਸ਼ਵਾਸੀ ਦੀ ਭਾਵਨਾ ਵੋਟਰ ਵਿਚ ਆਮ ਹੈ। 73 ਫੀਸਦੀ ਅਮਰੀਕੀ ਮੰਨਦੇ ਹਨ ਕਿ ਦੇਸ਼ ਦੀਆਂ ਦੋਵੇਂ ਮੁੱਖ ਪਾਰਟੀਆਂ ਬੁਨਿਆਦੀ ਗੱਲਾਂ Ḕਤੇ ਅਸਹਿਮਤ ਹਨ, ਇਸ ਲਈ ਕੌਮੀ ਸਹਿਮਤੀ ਦੀ ਘਾਟ ਹੈ। ਪੰਜ ਵਿਚੋਂ ਇਕ ਅਮਰੀਕੀ ਮੰਨਦਾ ਹੈ ਕਿ ਜੇਕਰ ਉਨ੍ਹਾਂ ਦੀ ਪਸੰਦ ਦਾ ਵਿਅਕਤੀ ਚੋਣ ਨਾ ਜਿੱਤੇ ਤਾਂ ਉਨ੍ਹਾਂ ਨੂੰ ਹਿੰਸਾ ਕਰਨ ਦਾ ਅਧਿਕਾਰ ਹੈ। 60 ਫੀਸਦੀ ਵੋਟਰਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਵਿਰੋਧੀ ਪਾਰਟੀ ਕਾਰਨ ਅਮਰੀਕਾ ਖਤਰੇ ਵਿਚ ਹੈ, ਉਸ ਲਈ ਉਸ ਨੂੰ ਰਾਸ਼ਟਰਘਾਤੀ ਦੇ ਤੌਰ Ḕਤੇ ਦੇਖਿਆ ਜਾ ਸਕਦਾ ਹੈ। 40 ਫੀਸਦੀ ਵੋਟਰ ਆਪਣੇ ਵਿਰੋਧੀਆਂ ਨੂੰ ਦੁਸ਼ਟ ਮੰਨਦੇ ਹਨ। 20 ਫੀਸਦੀ ਤਾਂ ਇਸ ਹੱਦ ਤੱਕ ਚਲੇ ਗਏ ਹਨ ਕਿ ਵਿਰੋਧੀ ਉਨ੍ਹਾਂ ਦੀ ਨਜ਼ਰ ਵਿਚ ਜਾਨਵਰ ਤੋਂ ਵੀ ਬਦਤਰ ਹਨ। ਗੋਰਾ ਅਮਰੀਕੀ ਵਰਗ ਗਰਮਖਿਆਲੀ ਰਾਸ਼ਟਰਵਾਦੀ ਬਣਨ ਤੱਕ ਚਲਾ ਗਿਆ ਹੈ। ਉਹ ਮੰਨਣ ਲੱਗਾ ਹੈ ਕਿ ਅਮਰੀਕੀ ਰਾਸ਼ਟਰਵਾਦ ਨੂੰ ਪਰਵਾਸੀਆਂ ਅਤੇ ਸਿਆਹਫਾਮਾਂ ਤੋਂ ਬਚਾਉਣ ਦੀ ਜ਼ਰੂਰਤ ਹੈ। ਟਰੰਪ ਨੂੰ ਆਪਣੀ ਅਸਹਿਣਸ਼ੀਲ ਵਿਚਾਰਧਾਰਾ ਦੇ ਬਾਵਜੂਦ ਅਫਰੀਕੀ ਮੂਲ ਦੇ ਲੋਕਾਂ ਵਿਚੋਂ 13 ਤੋਂ 18 ਫੀਸਦੀ ਤੱਕ ਸਮਰਥਨ ਮਿਲਦਾ ਹੈ।
ਇਹ ਸਭ ਤੱਥ ਅਮਰੀਕਾ ਦੇ ਵਜੂਦ ਨੂੰ ਸੰਕਟ ਵਿਚ ਪਾਉਣ ਵਾਲੇ ਹਨ। ਕੀ ਇਹ ਵਿਡੰਬਨਾ ਨਹੀਂ ਹੈ ਕਿ ਅਮਰੀਕੀ ਸਿਆਸਤ Ḕਤੇ ਰਿਪਬਲਿਕਨ ਪਾਰਟੀ ਦੇ ਹੋਂਦ ਵਿਚ ਆਉਣ ਦੀ ਸ਼ੁਰੂਆਤ ਇਬਰਾਹਿਮ ਲਿੰਕਨ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਜਿੱਤ ਨਾਲ 1860 ਵਿਚ ਹੋਈ ਸੀ। ਉਹ ਜਿੱਤ ਨਸਲਵਾਦ ਅਤੇ ਵੰਡਪਾਊ ਦੇ ਉਪਰ ਮਨੁੱਖਤਾ ਦੀ ਜਿੱਤ ਦਾ ਪ੍ਰਤੀਕ ਸੀ ਪਰ ਉਸੇ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨਸਲਵਾਦੀ ਭਾਵਨਾਵਾਂ ਦੀ ਨੁਮਾਇੰਦਗੀ ਕਰ ਰਹੇ ਹਨ। ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਅਜੇ ਬਹੁਤ ਸਾਰੇ ਫੱਟਾਂ Ḕਤੇ ਮਰਹਮ ਲਗਾਉਣਾ ਹੈ।