ਬਦਾਮ ਅਤੇ ਕਾਟੋ

ਜਿਸ ਮਨ ਦੇ ਸਕੂਨ ਲਈ ਬੰਦਾ ਭੱਜਾ ਫਿਰਦਾ ਹੈ, ਉਸ ਦੀ ਪ੍ਰਾਪਤੀ ਦੀ ਅੱਚਵੀ ਵੀ ਮਨ ਨੂੰ ਬੇਚੈਨ ਕਰੀ ਰੱਖਦੀ ਹੈ। ਵੱਧ ਤੋਂ ਵੱਧ ਪ੍ਰਾਪਤ ਕਰ ਲੈਣ ਪਿਛੋਂ ਹੋਰ ਹੋਰ ਪ੍ਰਾਪਤ ਕਰਨ ਦੀ ਲਾਲਸਾ ਨੇ ਇਨਸਾਨ ਨੂੰ ਬੌਂਦਲਾ ਦਿੱਤਾ ਹੈ, ਪਰ ਸਬਰ ਕਿਸੇ ਨੂੰ ਨਹੀਂ। ਪੁੱਠੇ-ਸਿੱਧੇ ਹਰਬੇ ਵਰਤ ਕੇ ਇਕੱਤਰ ਕੀਤੀ ਮਾਇਆ ਦੇ ਢੇਰ ਵੇਖ ਕੇ ਜਿਨ੍ਹਾਂ ਨੂੰ ਕੁਤਕੁਤਾੜੀਆਂ ਉਠਦੀਆਂ ਹਨ, ਰੁਹਾਨੀ ਖੁਸ਼ੀ ਉਨ੍ਹਾਂ ਦੇ ਚਿਹਰੇ ਤੋਂ ਵੀ ਗਾਇਬ ਹੁੰਦੀ ਹੈ। ਦੇਸ਼ ਹੋਵੇ ਜਾਂ ਵਿਦੇਸ਼, ਭਟਕਣ ਦਾ ਚੱਕਾ ਨਿਰੰਤਰ ਘੁੰਮੀ ਜਾਂਦਾ ਹੈ ਅਤੇ ਮਨ ਦੀ ਸੋਝੀ ਤੇ ਤਨ ਦਾ ਖਿਆਲ ਵੀ ਵਿਸਰਿਆ ਰਹਿੰਦਾ ਹੈ।

ਵੱਖ ਵੱਖ ਤਰ੍ਹਾਂ ਦੇ ਦੌੜ-ਭੱਜ ਦੇ ਵਰਤਾਰੇ ਨੂੰ ਹੀ ਅਵਤਾਰ ਗੋਂਦਾਰਾ ਨੇ ਆਪਣੇ ਹਥਲੇ ਲੇਖ ਵਿਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਹਿਜੇ ਹੀ ਇਸ ਹੜਬੜਾਹਟ ਤੋਂ ਬਚਣ ਦਾ ਸੁਨੇਹਾ ਦਿੱਤਾ ਹੈ। -ਸੰਪਾਦਕ

ਅਵਤਾਰ ਗੋਂਦਾਰਾ
ਫੋਨ: 559-375-2589

ਮੈਨੂੰ ਸੁਨੇਹਾ ਮਿਲਿਆ ਕਿ ਉਸ ਦਾ ਚੂਲਾ ਟੁੱਟ ਗਿਆ ਹੈ। ਉਹ ਬੈਠਣ ਤੋਂ ਵੀ ਆਹਰੀ ਹੈ। ਮੇਰਾ ਜਮਾਤੀ ਅਤੇ ਆੜੀ ਹੋਣ ਕਰਕੇ, ਮੈਂ ਉਸ ਦਾ ਪਤਾ ਲੈਣ ਗਿਆ। ਕਰਦਾ ਮਾਸਟਰੀ ਸੀ, ਪਰ ਪੜ੍ਹਾਉਣ ‘ਚ ਉਸ ਦੀ ਕੋਈ ਦਿਲਚਸਪੀ ਨਹੀਂ ਸੀ। ਪਿੰਡ ਦੇ ਹੀ ਸਕੂਲ ਵਿਚ ਪੋਸਟਿੰਗ। ਰੋਜ਼ ਘੰਟਾ ਲੇਟ ਆਉਣਾ, ਛੁੱਟੀ ਹੋਣ ਤੋਂ ਘੰਟਾ ਪਹਿਲਾਂ ਹੀ ਖੇਤ ਭੱਜ ਜਾਣਾ। ਪੈਸੇ ਖਰਚਣ ‘ਚ ਸਿਰੇ ਦੀ ਕੰਜੂਸੀ। ਹਿਸਾਬ ਦਾ ਮਾਸਟਰ ਸੀ। ਟਿਊਸ਼ਨਾਂ, ਪੈਸੇ ਵਿਆਜੂ ਦੇ ਦੇ, ਆਏ ਸਾਲ ਇੱਕ ਅੱਧਾ ਕਿਲਾ ਜ਼ਮੀਨ ਖਰੀਦ ਲੈਣੀ। ਜੇਬ ਭਾਵੇਂ ਪੈਸਿਆਂ ਨਾਲ ਭਰੀ ਹੋਣੀ, ਪਰ ਦਿਹਾੜੀਏ ਕਿੰਨੇ ਕਿੰਨੇ ਦਿਨ ਦਿਹਾੜੀ ਲੈਣ ਲਈ ਤਰਲੇ ਕਰਦੇ ਫਿਰਦੇ। ਉਹ ‘ਸੁਬ੍ਹਾ ਆਈਂ, ਆਥਣੇ ਆਈਂ’ ਕਰੀ ਜਾਂਦਾ। ਰੇਹੜੀ ਵਾਲੇ ਤੋਂ ਸਬਜੀ ਲੈਣੀ ਤਾਂ ਇੱਕ ਦੋ ਪੈਸਿਆਂ ਪਿੱਛੇ ਭਸੂੜੀ ਪਾ ਲੈਣੀ। ਜੇ ਸ਼ਹਿਰ ਜਾਣਾ ਤਾਂ ਝੋਲਾ ਚੁੱਕ ਕੇ ਸਾਰਾ ਬਾਜ਼ਾਰ ਗਾਹ ਦੇਣਾ, ਪਰ ਰਿਕਸ਼ੇ ਵਾਲੇ ਨੂੰ ਦੁਆਨੀ ਨਾ ਦੇਣੀ।
ਘਰ ਪਹੁੰਚਿਆ ਤਾਂ ਪਤਾ ਲੱਗਾ, ਉਸ ਦੀ ਘਰ ਵਾਲੀ ਨੇ ਦੱਸਿਆ ਕਿ ਇਹ ਆਵਦੇ ਮੁੰਡੇ ਦੀ ਬਿਜਲੀ ਦੀ ਦੁਕਾਨ ‘ਤੇ ਗੇੜਾ ਮਾਰਨ ਗਿਆ ਸੀ। ਸਟੂਲ ‘ਤੇ ਚੜ੍ਹ ਕੇ ਬਲਬ ਬਦਲਣ ਲੱਗਾ ਸੀ, ਡੋਲ ਗਿਆ ਤੇ ਲਿਓੜ ਵਾਂਗ ਡਿੱਗ ਕੇ ਚੂਲਾ ਤੁੜਵਾ ਲਿਆ। ਉਹ ਸਜੇ ਸੰਵੇ ਕਮਰੇ ‘ਚ ਡਬਲ ਬੈਡ ‘ਤੇ ਪਿਆ ਸੀ ਤੇ ਡੈਂਬਰਿਆਂ ਵਾਂਗ ਛੱਤ ਵੱਲ ਦੇਖ ਰਿਹਾ ਸੀ। ਬਿਨਾ ਧੌਣ ਹਿਲਾਇਆਂ, ਉਸ ਨੇ ਮੇਰਾ ਅਭਿਨੰਦਨ ਕੀਤਾ। ਮੈਂ ਉਸ ਦਾ ਹੌਸਲਾ ਵਧਾਉਣ ਲਈ, ਕੁਝ ਫਿਕਰੇ ਕਹੇ। ਉਸ ਨੂੰ ਬੋਲਣਾ ਔਖਾ ਲੱਗ ਰਿਹਾ ਸੀ। ਡਾਕਟਰਾਂ ਨੇ ਸਟੀਲ ਦਾ ਚੂਲਾ ਪਾ ਦਿੱਤਾ ਸੀ। ਉਸ ਦੀ ਪਤਨੀ ਬੋਲੀ, “ਇਨ੍ਹਾਂ ਨੂੰ ਬਥੇਰਾ ਕਿਹੈ, ਬਈ ਹੁਣ ਉਮਰ ਨ੍ਹੀਂ ਰਹੀ, ਆਰਾਮ ਕਰਿਆ ਕਰੋ। ਪਰ ਕੋਈ ਨਾ ਕੋਈ ਪੰਗਾ ਲਈ ਰੱਖਦੇ ਆ।”
ਉਸ ਦੇ ਪੀੜਤ ਹੋਣ ਨਾਲ ਹਮਦਰਦੀ ਵੀ ਸੀ ਤੇ ਹਿਰਖ ਵੀ ਹੋ ਰਿਹਾ ਸੀ। ਪੈਸੇ ਨਾਲ ਲੈ ਕੇ ਜਾਣੇ ਹਨ? ਜੇ ਹਨ ਤਾਂ ਕੰਮ ਧੰਦੇ ‘ਤੇ ਖਰਚ ਕਰਨ ਦਾ ਮਾਦਾ ਵੀ ਹੋਣਾ ਚਾਹੀਦਾ ਹੈ। ਉਸ ਲਈ ਸਾਰਾ ਕੁਝ ਪੈਸਾ ਹੀ ਸੀ। ਕੀੜੇ ਵਾਂਗ ਰਾਤ ਦਿਨ ਭੱਜਿਆ ਫਿਰਦਾ। ਜਿਸ ਨੂੰ ਦਿਹਾੜੀਏ ਨੂੰ ਦਿਹਾੜੀ ਦੇਣੀ ਔਖੀ ਹੋਵੇ, ਉਹ ਬਲਬ ਬਦਲਣ ਲਈ ਬਿਜਲੀ ਵਾਲੇ ਨੂੰ ਕਿਥੋਂ ਸੱਦਦਾ! ਗੱਲਾਂ ਗੱਲਾਂ ਵਿਚ ਕਹਿਣ ਲੱਗਾ, “ਆਰਾਮ ਲਈ ਪਏ ਰਹਿਣਾ, ਉਸ ਨੂੰ ਸਮਾਂ ਬਰਬਾਦ ਕਰਨਾ ਲਗ ਰਿਹੈ।” ਖੈਰ ਕੁਝ ਸਮਾਂ ਮੈਂ ਉਸ ਕੋਲ ਬੈਠਾ, ਉਸ ਦਾ ਦਿਲ ਲੁਆਇਆ, ਮਨ ਪਰਚਾਵਾ ਕੀਤਾ ਤੇ ਆ ਗਿਆ।
ਇੱਕ ਵਾਰ ਮੈਂ ਉਸ ਦੇ ਘਰ ਗਿਆ। ਨੋਟਾਂ ਦੀਆਂ ਕਈ ਥੱਦੀਆਂ ਮੇਜ ‘ਤੇ ਪਈਆਂ ਸਨ। ਮੈਂ ਸੁਲ੍ਹਾ ਵਜੋਂ ਕਿਹਾ ਕਿ ਪੈਸੇ ਇਉਂ ਰੱਖੇ ਹਨ, ਕਿਸੇ ਦਾ ਵੀ ਮਨ ਬੇਈਮਾਨ ਹੋ ਸਕਦਾ ਹੈ। ਕਹਿੰਦਾ, ਜਮੀਨ ਦਾ ਠੇਕਾ ਆਇਆ ਸੀ। ਮੇਰੇ ਇੱਕ ਹੋਰ ਮਿੱਤਰ ਵਾਂਗ, ਪੈਸਿਆਂ ਦੇ ਢੇਰ ਨੂੰ ਦੇਖ ਕੇ ਉਸ ਨੂੰ ਕੁਤਕੁਤਾੜੀਆਂ ਉਠਦੀਆਂ ਸਨ।
ਗਰੀਬ ਲਈ ਪੈਸੇ ਦੀ ਬੜੀ ਮਹਿਮਾ ਹੈ। ਇਸੇ ਤਰ੍ਹਾਂ ਥੁੜ੍ਹੇ ਬੰਦੇ ਲਈ, ਬਹੁਲਤਾ ਹੁੰਦੀ ਹੈ। ਗਰੀਬ ਕੋਲ ਅਮੀਰ ਹੋਣ ਦਾ ਜਨੂਨ ਹੁੰਦਾ ਹੈ। ਇਸ ਲਈ ਉਹ ਰਾਤ ਦਿਨ ਭੱਜਿਆ ਫਿਰਦਾ ਹੈ। ਕਈ ਜ਼ਫਰ ਜਾਲਦਾ ਹੈ, ਕਈ ਗੁਨਾਹ ਕਰਦਾ ਹੈ, ਠੱਗੀਆਂ ਮਾਰਦਾ ਹੈ। ਰਿਸ਼ਤਿਆਂ ਨੂੰ ਦਾਅ ‘ਤੇ ਲਾਉਂਦਾ ਹੈ। ਜਿਨ੍ਹਾਂ ਦਾ ਬਚਪਨ ਗਰੀਬੀ ‘ਚ ਬੀਤਿਆ ਹੋਵੇ, ਪੈਸਾ ਤੇ ਚੀਜਾਂ ਉਨ੍ਹਾਂ ਨੂੰ ਉਮਰ ਭਰ ਹਾਂਟ ਕਰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਇਕੱਠਾ ਕਰਨ ਵਿਚ ਹੀ ਥਰਿੱਲ ਮਿਲਦਾ ਹੈ। ਜਦੋਂ ਇਸ ਗੱਲ ਦਾ ਪਤਾ ਲਗਦਾ ਹੈ ਕਿ ਪੈਸਾ ਤੇ ਚੀਜਾਂ ਤਾਂ ਸਾਧਨ ਹਨ, ਮਨੋਰਥ ਨਹੀਂ, ਉਦੋਂ ਤਕ ਉਮਰ ਬੀਤ ਜਾਂਦੀ ਹੈ। ਇਸ ਘੁੰਡੀ ਦਾ ਪਤਾ ਤਾਂ ਸਿਧਾਰਥ ਨੂੰ ਸੀ, ਜੋ ਸੱਤਾ ਤੇ ਸਰਮਾਇਆ ਛੱਡ ਕੇ ਸੱਚ ਦੀ ਤਾਲਾਸ਼ ਵਿਚ ਘਰੋਂ ਨਿਕਲ ਤੁਰਿਆ-ਜਿਸ ਪਿੱਛੇ ਅਸੀਂ ਭੱਜੇ ਫਿਰਦੇ ਹਾਂ, ਪਿੰਡ ਛੱਡ ਕੇ ਸ਼ਹਿਰ ਆਉਂਦੇ ਹਾਂ। ਸ਼ਹਿਰ ਛੱਡ ਕੇ ਸੂਬਾ ਬਦਲਦੇ ਹਾਂ। ਸੂਬਾ ਛੱਡ ਕੇ ਬਿਗਾਨੇ ਮੁਲਕਾਂ ਵੱਲ ਚਾਲੇ ਪਾ ਦਿੰਦੇ ਹਾਂ। ਪਰਵਾਸੀ ਬਣ ਜਾਂਦੇ ਹਾਂ। ਮਹਿਲ ਮਾੜੀਆਂ, ਮੁਟਿਆਰ ਸੋਹਣੀ ਤੀਵੀਂ, ਬੱਚਾ, ਸੁੱਖ ਸਹੂਲਤਾਂ ਛੱਡਣ ਵਾਲੇ ਸਿਧਾਰਥ ਕਿੰਨੇ ਕੁ ਹਨ? ਇਹ ਤਿਆਗ ਹੀ ਕਿਸੇ ਨੂੰ ਬੁੱਧ ਬਣਾਉਂਦਾ ਹੈ।
ਇਹ ਅੱਚਵੀ ਦਾ ਦੌਰ ਹੈ। ਕਿਸੇ ਨੂੰ ਆਪਣੇ ਹਥਲੇ ਕੰਮ ਜਾਂ ਪੇਸ਼ੇ ਵਿਚ ਤਸੱਲੀ ਨਹੀਂ। ਬਾਰੁਜ਼ਗਾਰਾਂ ਦਾ ਹਾਲ ਵੀ ਬੇਰੁਜ਼ਗਾਰਾਂ ਵਾਲਾ ਹੈ। ਜਦੋਂ ਗੱਲ ਕਰੋ, ਰੀ ਰੀ ਕਰਦੇ ਦਿਸਣਗੇ। ਉਨ੍ਹਾਂ ਨੂੰ ਕੰਮ ‘ਤੇ ਜਾਣਾ ਅਤੇ ਕੰਮ ਤੋਂ ਘਰੇ ਆਉਣਾ, ਬੋਰੀਅਤ ਲੱਗਦਾ ਹੈ। ਅਧਿਆਪਕ ਸਾਈਡ ਬਿਜਨੈਸ ਕਰਦੇ ਹਨ ਅਤ ਬਿਜਨਸਮੈਨਾਂ ਨੇ ਸਕੂਲ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਤਸੱਲੀ ਕਿਸੇ ਨੂੰ ਨਹੀਂ। ਸਰਦੇ-ਪੁੱਜਦੇ ਕਿਸਾਨਾਂ ਨੇ ਆੜ੍ਹਤ ਕਰ ਲਈ ਹੈ ਅਤੇ ਆੜ੍ਹਤੀਆਂ ਨੇ ਜਮੀਨਾਂ ਲੈ ਕੇ ਵਾਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਬਰ ਕਿਸੇ ਨੂੰ ਨਹੀਂ।
ਇਸ ਵਾਇਰਸ ਦਾ ਸਾਰਿਆ ‘ਤੇ ਅਸਰ ਪਿਆ ਹੈ। ਇਕ ਦਿਨ ਫਰੀਦਕੋਟ ਦੇ ਬਾਰ-ਰੂਮ ‘ਚ ਬੈਠਿਆਂ, ਕੁਝ ਸਾਥੀ ਵਕੀਲਾਂ ‘ਚ ਗੱਲ ਛਿੜ ਪਈ ਕਿ ਲੋਕ ਬਹੁਤ ਤਰੱਕੀ ਕਰ ਰਹੇ ਹਨ। ਵਕਾਲਤ ਦੇ ਨਾਲ ਨਾਲ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ। ਇਕ ਕਹਿੰਦਾ, ਪ੍ਰਾਈਵੇਟ ਸਕੂਲ ਖੋਲ੍ਹੀਏ, ਬੜਾ ਫਾਇਦਾ ਹੈ। ਦੂਜੇ ਨੇ ਸ਼ਰਾਬ ਦੇ ਠੇਕੇ ‘ਚ ਹਿੱਸਾ ਪਾਉਣ ਦਾ ਸੁਝਾਅ ਦਿੱਤਾ, ਕਿਉਂਕਿ ਅੱਜ ਕੱਲ ਪੀਣ ਪਿਆਉਣ ਦਾ ਸ਼ੌਕ ਵਧ ਗਿਆ ਹੈ। ਗੱਲਾਂ ਸੁਣ ਰਿਹਾ ਇੱਕ ਸੀਨੀਅਰ ਵਕੀਲ ਬੋਲਿਆ, “ਜਿਹੋ ਜਿਹਾ ਥੋਡਾ ਵਕਾਲਤ ਵੱਲ ਰਵੱਈਆ ਹੈ, ਉਹੋ ਜਿਹਾ ਤੁਸੀਂ ਬਿਜਨਸ ‘ਚ ਚੰਨ ਚੜ੍ਹਾਉਗੇ।” ਉਸ ਦਾ ਕਹਿਣਾ ਸੀ ਕਿ ਵਕਾਲਤ ਦਾ ਕੰਮ ਹੀ ਏਨਾ ਡਿਮਾਂਡਿੰਗ ਹੈ ਕਿ ਇਸ ‘ਚੋਂ ਕਿਸੇ ਹੋਰ ਕੰਮ ਲਈ ਵਿਹਲ ਹੀ ਨਹੀਂ ਮਿਲਦੀ। ਜੇ ਤਸੱਲੀ ਲੈਣੀ ਹੈ ਤਾਂ ਇੱਕ ਵੇਲੇ, ਇਕੋ ਕੰਮ ਖੁੱਭ ਕੇ ਕਰੋ। ਕੰਮ ਤੁਹਾਡੇ ਨਾਲ ਵਫਾ ਕਰੇਗਾ। ਜੇ ਵਕਾਲਤ ਨਹੀਂ ਹੁੰਦੀ, ਤਾਂ ਹੋਰ ਕੰਮ ਕਰ ਲਓ, ਪਰ ਕਰੋ ਨਿੱਠ ਕੇ। ਜੋ ਵੀ ਕਰਨਾ ਹੈ, ਉਸ ਨੂੰ ਉਸਤਵ ਵਾਂਗ ਕਰੋ। ਕਰਨ ਵਿਚ ਸੁਆਦ ਲਓ। ਇਹ ਨਹੀਂ ਕਿ ਕੰਮ ਅੱਜ ਕਰਨਾ ਤੇ ਸੁਆਦ ਬਾਅਦ ਵਿਚ ਲਵਾਂਗੇ। ਕੰਮ ਤੇ ਸਿਹਤ ਨੂੰ ਇੱਕ ਸੁਰ ਰੱਖੋ। ਨਹੀਂ ਤਾਂ ਭਟਕਦੇ ਫਿਰੋਗੋ ਤੇ ਪਛਤਾਓਗੇ। ਗੱਲ ਤਾਂ ਕੰਮ ਦੀ ਸੀ, ਪਰ ਸਾਨੂੰ ਕਈ ਵਰ੍ਹਿਆਂ ਬਾਅਦ ਸਮਝ ਆਈ।
ਕਿਰਾਏਦਾਰ ਮੁਲਾਜ਼ਮਾਂ ਵਿਚ ਮਾਲਕੀ ਦੇ ਘਰ ਦੀ ਬੜੀ ਖਿੱਚ ਹੁੰਦੀ ਹੈ। ਉਹ ਜਦੋਂ ‘ਕੱਠੇ ਹੋਣਗੇ, ਉਨ੍ਹਾਂ ਵਿਚ ਇਹੀ ਚਰਚਾ ਹੁੰਦੀ ਹੈ ਕਿ ਕਿਸ ਨੇ ਘਰ ਖਰੀਦ ਲਿਆ ਹੈ। ਕਿਸ ਨੇ ਨਵਾਂ ਘਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਦੂਜੇ ਨੂੰ ਦੇਖ ਕੇ ਘਰਾਂ ਵਿਚ ਕਲੇਸ਼ ਸ਼ੁਰੂ ਹੋ ਜਾਂਦਾ ਹੈ ਕਿ ਫਲਾਣੇ ਨੇ ਤਾਂ ਦੋ ਪਲਾਟ ਸਸਤੇ ਖਰੀਦੇ ਸਨ, ਇਕ ਵੇਚ ਕੇ ਮਣਾਂ ਮੂੰਹੀ ਪੈਸੇ ਵੱਟ ਲਏ, ਤੇ ਦੂਜੇ ਵਿਚ ਮਕਾਨ ਬਣਾ ਲਿਆ ਹੈ। ਮਕਾਨ ਬਣ ਜਾਂਦਾ ਹੈ, ਪਰ ਉਸ ਦੀ ਘਰ ਵਿਚ ਕਾਇਆ ਕਲਪ ਨਹੀਂ ਹੁੰਦੀ। ਕਿਸੇ ਨੂੰ ਲੱਗਣ ਲੱਗ ਪੈਂਦਾ ਹੈ ਕਿ ਮਹੱਲਾ ਮਾੜਾ ਹੈ, ਕਿਸੇ ਨੂੰ ਲੱਗਦਾ ਹੈ ਕਿ ਛੋਟੇ ਸ਼ਹਿਰ ਵਿਚ ਮਕਾਨ ਕਾਹਨੂੰ ਬਣਾਉਣਾ ਸੀ। ਕਈਆਂ ਨੂੰ ਲੱਗਦਾ ਹੈ, ਜੇ ਇਹੀ ਪੈਸੇ ਮੁਹਾਲੀ ਜਾਂ ਚੰਡੀਗੜ੍ਹ ਲਾਏ ਹੁੰਦੇ ਤਾਂ ਵਾਰੇ ਨਿਆਰੇ ਹੋ ਜਾਣੇ ਸਨ।
ਭਾਰਤ ਵਿਚ ਰਹਿੰਦਿਆ ਲੱਗਦਾ ਸੀ ਕਿ ਅਮਰੀਕਾ ਜਾ ਕੇ ਜੋ ਕੈਲੀਫਰੋਨੀਆ ਜਾ ਵਸੇ, ਉਹ ਤਾਂ ਮੌਜਾਂ ਹੀ ਕਰਦੇ ਹੋਣਗੇ। ਖੁੱਲ੍ਹੀਆਂ ਸੜਕਾਂ, ਵੱਡੇ ਵੱਡੇ ਮਕਾਨ, ਬਾਗ, ਸਾਫ ਹਵਾਵਾਂ; ਪਰ ਇੱਥੇ ਆ ਕੇ ਪਤਾ ਲੱਗਾ ਕਿ ਅੱਚਵੀ ਤਾਂ ਹਰ ਬਸ਼ਰ ਦੇ ਨਾਲ ਨਾਲ ਫਿਰਦੀ ਹੈ। ਖੁੱਲ੍ਹੀ ਤੇ ਸਾਫ ਹਵਾ ਤਾਂ ਹੈ, ਪਰ ਡੂੰਘੇ ਸਾਹ ਲੈਣ ਦੀ ਵਿਹਲ ਕਿਸ ਕੋਲ ਹੈ? ਜੇ ਕੋਈ ਗੈਸ ਸਟੇਸ਼ਨ ‘ਤੇ ਮੁਲਾਜਮ ਹੈ, ਸੋਚਦਾ ਹੈ ਬੱਝਵੀਂ ਤਨਖਾਹ ਨਾਲ ਕੁਝ ਨ੍ਹੀਂ ਬਣਦਾ, ਕੋਈ ਸਬ-ਵੇ ਲੈ ਲਈਏ, ਕੋਈ ਸਾਂਝਾ ਸਟੋਰ ਹੀ ਖਰੀਦ ਲਈਏ। ਸਟੋਰ ਵਾਲੇ ਨੂੰ ਲੱਗਦਾ ਹੈ ਕਿ ਫਾਰਮ ਬਿਨਾ ਗੁਜ਼ਾਰਾ ਨਹੀਂ, ਥੋੜ੍ਹੀ ਬਹੁਤ ਜਮੀਨ ਵੀ ਹੋਣੀ ਚਾਹੀਦੀ ਹੈ। ਕਿਸੇ ਨੁੰ ਲੱਗਦਾ ਹੈ ਕਿ ਕੈਲੀਫੋਰਨੀਆ ਮਹਿੰਗਾ ਹੈ, ਇੱਥੇ ਟੈਕਸ ਵੀ ਜ਼ਿਆਦਾ, ਗੈਸ ਵੀ ਮਹਿੰਗੀ, ਕਿਉਂ ਨਾ ਕਿਸੇ ਹੋਰ ਸਟੇਟ ਵਿਚ ਜਾ ਵਸੀਏ! ਇੱਥੇ ਕਿੰਨੇ ਹੀ ਬੰਦੇ ਮਿਲ ਜਾਣਗੇ, ਜਿਨ੍ਹਾਂ ਨੇ ਕਈ ਸਟੇਟਾਂ ਗਾਹ ਦਿੱਤੀਆਂ ਹਨ, ਪਰ ਅੱਚਵੀ ਨਹੀਂ ਗਈ। ਕਿਤੇ ਕੁਝ ਕਰ ਲਿਆ ਤੇ ਕਿਤੇ ਕੁਝ।
ਇੱਕ ਦਿਨ ਸੈਰ ਕਰਦਿਆਂ ਦੋ ਦੋਸਤ ਮਿਲ ਗਏ। ਉਹ ਕਈ ਵਰ੍ਹਿਆਂ ਤੋਂ ਕੈਲੀਫੋਰਨੀਆ ਵਿਚ ਸੈਟਲਡ ਹਨ। ਬੜੀ ਠਾਠ ਹੈ। ਕੰਮ ਚਲਦਾ ਹੈ। ਕਮਾਈ ਵੀ ਚੰਗੀ ਹੈ। ਹੋਰ ਕੋਈ ਗੱਲ ਨਹੀਂ ਕੀਤੀ, ਸਾਅਬ ਸਲਾਮ ਬਾਅਦ ਕਹਿੰਦੇ, “ਕੀ ਕਰਦੈ?”
ਮੈਂ ਕਿਹਾ, “ਅਜੇ ਤਾਂ ਵਿਹਲਾ ਹਾਂ।”
ਉਹ ਬੋਲੇ, “ਫਿਰ ਮਾਰੀ ਕਿਤੇ ਗੇੜਾ, ਕੋਈ ਕੰਮ ਕਰਨ ਬਾਰੇ ਸੋਚਾਂਗੇ।” ਉਨ੍ਹਾਂ ਨੇ ਸੱਦਾ ਦਿੱਤਾ। ਮੈਂ ਸੋਚ ਰਿਹਾ ਸੀ ਕਿ ਉਨ੍ਹਾਂ ਦਾ ਵਧੀਆ ਕੰਮ ਚਲਦਾ ਹੈ, ਫਿਰ ਹੋਰ ਕੀ ਕਰਨਾ ਹੈ? ਮੁਲਕ ਬਦਲ ਗਿਆ, ਪਰ ਭਟਕਣ ਨਹੀਂ ਗਈ।
ਜਦੋਂ ਦਿਨ ਚੜ੍ਹਦਾ ਹੈ, ਦੌੜ ਭੱਜ ਸ਼ੁਰੂ ਹੋ ਜਾਂਦੀ ਹੈ। ਸਾਨੂੰ ਬਿਜਨਸ ਦੀ ਸਫਲਤਾ, ਫਸਲ ਦੇ ਲੱਗਣ, ਘਰ ਦੇ ਸਜਾਉਣ ਦਾ ਫਿਕਰ ਨਿਰੰਤਰ ਲੱਗਾ ਰਹਿੰਦਾ ਹੈ; ਪਰ ਨਾ ਮਨ ਦੀ ਸੋਝੀ ਹੈ, ਨਾ ਤਨ ਦਾ ਖਿਆਲ। ਬੰਦੇ ਨੂੰ ਲੱਗਦਾ ਹੈ ਕਿ ਉਹ ਬਿਜਨਸ ਚਲਾ ਰਿਹਾ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਬਿਜਨਸ ਬੰਦੇ ਨੂੰ ਚਲਾ ਰਿਹਾ ਹੁੰਦਾ ਹੈ। ਇਹ ਬਿਜਨਸ ਨੇ ਤੈਅ ਕਰਨਾ ਹੈ ਕਿ ਉਸ ਨੇ ਕਦੋਂ ਉਠਣਾ ਹੈ, ਕਦੋਂ ਕਿਥੇ ਜਾਣਾ ਹੈ। ਉਸ ਨੂੰ ਆਪਣੀ ਨਿਤ-ਚਰਿਆ, ਬਿਜਨਸ ਦੀਆਂ ਲੋੜਾਂ ਮੂਜਬ ਤੈਅ ਕਰਨੀ ਹੁੰਦੀ ਹੈ। ਜਿਹੜੀਆਂ ਚੀਜਾਂ ਉਹ ਇਕੱਠੀਆਂ ਕਰਦਾ ਹੈ, ਹੌਲੀ ਉਹੀ ਉਸ ਨੂੰ ਹੰਢਾਉਣਾ ਸ਼ੁਰੂ ਕਰ ਦਿੰਦੀਆਂ ਹਨ। ਉਹ ਉਨ੍ਹਾਂ ਦੀ ਸਾਂਭ-ਸੰਭਾਲ ਕਰਦਾ, ਆਪ ਘਸ ਜਾਂਦਾ ਹੈ। ਕਿੰਨੇ ਕੁ ਬੰਦੇ ਹਨ, ਜੋ ਦੋ ਪਲ ਕੱਢ ਕੇ ਇਹ ਸੋਚਦੇ ਹੋਣਗੇ ਕਿ ਕਾਹਦੇ ਲਈ ਭੱਜੇ ਫਿਰਦੇ ਹਨ? ਉਹ ਸਟੋਰਾਂ ਦੇ ਸਮਾਨ ਦੀ ਖਰੀਦੋ-ਫਰੋਖਤ, ਖੇਤੀਬਾੜੀ ਲਈ ਰੇਹ ਤੇ ਦੁਆਈਆਂ ਲਈ ਤਾਂ ਫਿਕਰਮੰਦ ਹਨ, ਪਰ ਆਪਣੇ ਖਿੰਡੇ ਮਨ ਤੇ ਢਲਦੀ ਜਾਂਦੀ ਦੇਹ ਉਨ੍ਹਾਂ ਦੀ ਸੂਚੀ ਵਿਚ ਨਹੀਂ ਹੁੰਦੀ। ਸਿਹਤ ਤਾਂ ਸਾਡੇ ਏਜੰਡੇ ‘ਤੇ ਉਦੋਂ ਹੀ ਆਉਂਦੀ ਹੈ, ਜਦੋਂ ਅਸੀਂ ਬਿਮਾਰ ਹੁੰਦੇ ਹਾਂ।
ਮੇਰੇ ਇੱਕ ਜਾਣੂੰ ਨੇ ਅੱਖਾਂ ਦੇ ਲੈਂਜ਼ ਪੁਆਉਣੇ ਸਨ। ਕਿੰਨੇ ਚਿਰ ਦਾ ਕਹਿ ਰਿਹਾ ਸੀ, ਪਰ ਸਮਾਂ ਨਹੀਂ ਸੀ ਕੱਢ ਰਿਹਾ। ਜਦੋਂ ਮਿਲਣਾ, ਦਿਨੋ ਦਿਨ ਘਟ ਰਹੀ ਨਿਗ੍ਹਾ ਦਾ ਰੋਣਾ ਰੋਈ ਜਾਣਾ। ਮੈਂ ਕਹਿਣਾ, ‘ਜੇ ਔਖਾ ਹੈਂ ਤਾਂ ਲੈਂਜ਼ ਕਿਉਂ ਨ੍ਹੀਂ ਪੁਆ ਲੈਂਦਾ?’ ਕਦੇ ਕਹਿੰਦਾ, ਆਹ ਕੰਮ ਕਰਕੇ ਪੁਆਵਾਂਗਾ, ਕਦੇ ਔਹ ਕੰਮ ਕਰਦੇ। ਜਿਹੜੇ ਬੰਦੇ ਆਵਦੀ ਸਿਹਤ ਵਾਸਤੇ ਸਮਾਂ ਨਹੀਂ ਕੱਢ ਸਕਦੇ, ਉਹੀ ਬੁੜ੍ਹੇ ਹੋ ਕੇ ਜੁਆਕਾਂ ਨੂੰ ਗਾਲ੍ਹਾਂ ਕੱਢਦੇ ਦਿਖਾਈ ਦਿੰਦੇ ਹਨ ਕਿ ਜੀ ਅੱਜ ਕੱਲ ਦੀ ਔਲਾਦ ਅਲੱਥ ਹੋ ਗਈ ਹੈ, ਉਨ੍ਹਾਂ ਕੋਲ ਬਜੁਰਗਾਂ ਨਾਲ ਗੱਲ ਕਰਨ ਵਾਸਤੇ ਸਮਾਂ ਨ੍ਹੀਂ। ਉਹ ਕਦੇ ਆਪਣੀ ਪੀੜ੍ਹੀ ਹੇਠ ਸੋਟਾ ਨ੍ਹੀਂ ਮਾਰਦੇ ਕਿ ਜੇ ਉਨ੍ਹਾਂ ਨੇ ਆਪਣੇ ਆਪ ਲਈ ਸਮਾਂ ਨਹੀਂ ਕੱਢਿਆ ਤਾਂ ਉਹ ਬੱਚਿਆਂ ਤੋਂ ਕਿਸ ਮੂੰਹ ਨਾਲ ਆਸ ਕਰਦੇ ਹਨ? ਬੱਚੇ ਵੀ ਤੁਹਾਡੇ ਵਾਂਗ ਹੀ ਮਸ਼ਰੂਫ ਹਨ। ਮਾਪਿਆਂ ਦੀ ਸੇਵਾ ਦਾ ਸ਼ਬਦ ਉਨ੍ਹਾਂ ਦੀ ਡਿਕਸ਼ਨਰੀ ਵਿਚ ਨਹੀਂ ਹੈ। ਉਹ ‘ਹੈਲਪ’ ਤਾਂ ਕਰ ਸਕਦੇ ਹਨ, ‘ਸੇਵਾ’ ਨਹੀਂ।
ਇਸ ਹਵਾਲੇ ਨਾਲ ਪੰਜਾਬੀ ਦੇ ਸੁਪ੍ਰਸਿੱਧ ਲੇਖਕ ਤੇ ਚਿੰਤਕ ਭੂਸ਼ਨ ਧਿਆਨਪੁਰੀ ਦੀ ਗੱਲ ਯਾਦ ਆਉਂਦੀ ਹੈ। ਉਹ ਆਪਣੇ ਬੇਟੇ ਨੂੰ ਸਰਵਣ ਦੀ ਕਥਾ ਸੁਣਾ ਰਿਹਾ ਸੀ ਕਿ ਕਿਵੇਂ ਆਪਣੇ ਅਪਾਹਜ ਮਾਂ-ਪਿਉ ਨੂੰ ਵਹਿੰਗੀ ਵਿਚ ਪਾ ਕੇ, ਸਰਵਣ ਥਾਂ ਥਾਂ ਚੁੱਕੀ ਫਿਰਦਾ ਸੀ। ਉਨ੍ਹਾਂ ਦੀ ਸੇਵਾ ਹੀ, ਸਰਵਣ ਦਾ ਮੁੱਖ ਕੰਮ ਸੀ। ਗੱਲ ਸੁਣ ਕੇ ਬੇਟਾ ਕਹਿੰਦਾ, “ਡੈਡ, ਸਰਵਣ (ੰeਰਵਅਨਟ) ਵਿਚ ‘ਟੀ’ ਸਾਈਲੈਂਟ ਹੈ।” ਉਸ ਨੂੰ ਲੱਗਾ ਕਿ ਸਰਵਣ ਉਨ੍ਹਾਂ ਦਾ ਬੇਟਾ ਨਹੀਂ, ਨੌਕਰ ਸੀ।
ਜਾਂਦੇ ਜਾਂਦੇ ਇੱਕ ਨੀਤੀ ਕਥਾ ਸੁਣ ਲਓ। ਇੱਕ ਕਾਟੋ ਆਜ਼ਾਦ ਬੜੀ ਮੌਜ ਮਸਤੀ ਨਾਲ ਜੰਗਲ ਵਿਚ ਰਹਿੰਦੀ ਸੀ। ਜੋ ਜੀਅ ਕਰਦਾ ਖਾਂਦੀ, ਜਿਸ ਰੁੱਖ ‘ਤੇ ਜੀਅ ਕਰਦਾ, ਚੜ੍ਹ ਜਾਂਦੀ। ਉਸ ਦਾ ਕੰਮ ਸਿਰਫ ਫਲ ਖਾਣਾ ਸੀ, ਰੁੱਖਾਂ ਦਾ ਮਾਲਕ ਬਣਨਾ ਨਹੀਂ ਸੀ। ਉਸ ਲਈ ਵਸਤਾਂ ਵਰਤਣ ਵਾਸਤੇ ਸਨ, ਬੰਦੇ ਵਾਂਗ ਇਕੱਠਿਆਂ ਕਰਨ ਵਾਲੀ ਚੀਜ਼ ਨਹੀਂ। ਇੱਕ ਦਿਨ ਜੰਗਲ ਦਾ ਰਾਜਾ ਸ਼ੇਰ ਉਸ ਨੂੰ ਮਿਲਿਆ। ਰਾਜੇ ਨਾਲ ਗੱਲ ਕਰਦਿਆਂ, ਕਾਟੋ ਦੇ ਪਬ ਜਮੀਨ ‘ਤੇ ਨਹੀਂ ਸੀ ਲਗਦੇ। ਸ਼ੇਰ ਕਹਿੰਦਾ, “ਤੁੰ ਐਵੇਂ ਨਿੱਕੇ ਮੋਟੇ ਰੁੱਖਾਂ ‘ਤੇ ਚੜ੍ਹੀ ਫਿਰਦੀ ਏਂ, ਚੱਜ ਦਾ ਫਲ ਨ੍ਹੀਂ ਮਿਲਦਾ। ਤੂੰ ਮੇਰੀ ਨਿੱਜੀ ਸਕੱਤਰ ਬਣ ਜਾ। ਰਿਟਾਰਿਮੈਂਟ ਵੇਲੇ, ਬਦਾਮਾਂ ਦਾ ਬਾਗ ਪੈਨਸ਼ਨ ਵਜੋਂ ਦਿਆਂਗਾ।”
ਸ਼ੇਰ ਦੇ ਸਾਥ ਤੇ ਬਦਾਮਾਂ ਦੇ ਬਾਗ ਦੀ ਮਾਲਕੀ ਦੀ ਕਲਪਨਾ ਕਰਕੇ, ਕਾਟੋ ਨੂੰ ਚਾਅ ਚੜ੍ਹ ਗਿਆ। ਉਸ ਨੇ ਪੇਸ਼ਕਸ਼ ਝੱਟ ਕਬੂਲ ਕਰ ਲਈ। ਗਰੀਬੀ ਵਿਚ ਆਜ਼ਾਦ ਰਹਿਣ ਨਾਲੋਂ, ਉਹ ਨੂੰ ਅਮੀਰੀ ਵਿਚ ਗੁਲਾਮ ਰਹਿਣਾ ਚੰਗਾ ਲੱਗਾ। ਕਾਟੋ ਦਾ ਸਮਾਂ ਸ਼ੇਰ ਦੀ ਪੁਸ਼ਤਪਨਾਹੀ ਵਿਚ ਲੰਘਣ ਲੱਗਾ। ਦਫਤਰੀ ਕੰਮ ਵਿਚ ਉਹ ਬੁਰੀ ਤਰ੍ਹਾਂ ਰੁੱਝ ਗਈ। ਕੰਮ ਵਿਚ ਖਾਣ-ਪੀਣ ਦੀ ਸੁੱਧ-ਬੁੱਧ ਨਾ ਰਹੀ। ਹੌਲੀ ਹੌਲੀ ਉਸ ਦੀ ਸੱਤਿਆ ਜਾਂਦੀ ਰਹੀ। ਉਸ ਦੀ ਸਿਹਤ ਨੂੰ ਦੇਖਦਿਆਂ, ਸ਼ੇਰ ਨੇ ਵਾਅਦੇ ਮੁਤਾਬਿਕ ਕਾਟੋ ਨੂੰ ਬਦਾਮਾਂ ਦੇ ਬਾਗ ਦੀ ਮਾਲਕੀ ਤੇ ਕਬਜ਼ਾ ਦੇ ਦਿੱਤਾ। ਕਾਟੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਹ ਵਿਦਾਇਗੀ ਪਾਰਟੀ ਲੈ ਕੇ ਆਪਣੇ ਬਾਗ ਵਿਚ ਜਾਂਦੀ ਹੈ। ਬਦਾਮਾਂ ਦੀ ਖਾਣ ਦੀ ਕਲਪਨਾ ਨਾਲ ਉਸ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਆਪਣੀ ਉਮਰ ਭਰ ਦੀ ਕਮਾਈ ਤੇ ਉਸ ਨੂੰ ਮਾਣ ਹੈ। ਉਹ ਜਿਉਂ ਹੀ ਬਦਾਮਾਂ ਦੇ ਰੁੱਖ ‘ਤੇ ਚੜ੍ਹ ਕੇ, ਬਦਾਮ ਨੂੰ ਮੂੰਹ ਮਾਰਦੀ ਹੈ, ਉਸ ਤੋਂ ਖਾਧਾ ਨਹੀਂ ਜਾਂਦਾ। ਉਹ ਹੜਬੜਾ ਕੇ ਪਿਛਾਂਹ ਹਟਦੀ ਹੈ। ਉਸ ਦੇ ਦੰਦ ਹਿਲ ਰਹੇ ਹਨ ਅਤੇ ਜਬਾੜਿਆਂ ਵਿਚ ਜਾਨ ਨਹੀਂ। ਅਚਾਨਕ ਸਕੱਤਰੀ ਤੇ ਅਜਾਈਂ ਗੰਵਾਏ ਵਰ੍ਹਿਆਂ ਦੇ ਰੰਜ ਨਾਲ ਭਰ ਜਾਂਦੀ ਹੈ। ਉਹ ਸੋਚਦੀ ਹੈ, ਜਦੋਂ ਦੰਦ ਸਨ, ਉਦੋਂ ਖਾਣ ਦੀ ਪ੍ਰਵਾਹ ਨ੍ਹੀਂ ਕੀਤੀ, ਹੁਣ ਬਦਾਮ ਹਨ, ਪਰ ਦੰਦ ਸਾਥ ਨਹੀਂ ਦੇ ਰਹੇ। ਸਾਡੀ ਅੱਚਵੀ ਦਾ ਇਹੀ ਸਾਰ ਹੈ।
ਲੱਗਦਾ ਹੈ, ਸਾਡੇ ਸਾਰਿਆਂ ਦੇ ਮਨਾਂ ਵਿਚ ਹੀ ਕਾਟੋ ਦਾ ਵਾਸਾ ਹੈ।