ਸੰਪਾਦਕ ਜੀ,
ਅਖਬਾਰ ਪੰਜਾਬ ਟਾਈਮਜ਼ ਵਿਚ ਬੀਬੀ ਗੁਰਨਾਮ ਕੌਰ ਕੈਨੇਡਾ ਦੇ ਲੇਖ ਪੜ੍ਹਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। 22 ਜੂਨ ਦੇ ਅੰਕ ਵਿਚ ਬੀਬੀ ਜੀ ਨੇ ਸਿੱਖ ਔਰਤਾਂ ਅਤੇ ਉਨ੍ਹਾਂ ਨੂੰ ਮੌਜੂਦਾ ਸਮੇਂ ਵਿਚ ਦਰਪੇਸ਼ ਚੁਣੌਤੀਆਂ ਦੀ ਗੱਲ ਕੀਤੀ ਹੈ। ਲੇਖ ਵਧੀਆ ਹੈ ਅਤੇ ਇਸ ਲਈ ਉਹ ਸ਼ਲਾਘਾ ਦੇ ਹੱਕਦਾਰ ਵੀ ਹਨ। ਬਿਨਾ ਸ਼ੱਕ ਔਰਤਾਂ ਨੇ ਹਰ ਖੇਤਰ ਵਿਚ ਤਾਰੀਫਯੋਗ ਤਰੱਕੀਆਂ ਕੀਤੀਆਂ ਹਨ। ਪਰ ਸੱਚਾਈ ਇਹ ਵੀ ਹੈ ਕਿ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਨੂੰ ਨੀਵਾਂ ਹੀ ਸਮਝਿਆ ਜਾਂਦਾ ਸੀ ਤੇ ਔਰਤਾਂ ਪ੍ਰਤੀ ਇਹ ਵਿਹਾਰ ਹੁਣ ਵੀ ਜਾਰੀ ਹੈ। ਜਿਵੇਂ ਕਿ ਬੀਬੀ ਜੀ ਦੇ ਪਿਛਲੇ ਲੇਖਾਂ ਅਨੁਸਾਰ ਸਿੱਖ ਧਰਮ ਵਿਚ ਔਰਤਾਂ ਦਾ ਆਦਰ ਸਨਮਾਨ ਰਿਹਾ ਹੈ। ਗੁਰੂ ਕਾਲ ਦੇ ਸਮੇਂ ਵਿਚ ਨੇਕ, ਸੱਚੀਆਂ, ਦਲੇਰ ਤੇ ਕਹਿਣੀ ਤੇ ਕਰਨੀ ਦੀਆਂ ਪੱਕੀਆਂ ਬੀਬੀਆਂ ਦਾ ਆਪਣਾ ਇਤਿਹਾਸ ਹੈ।
ਸੰਪਾਦਕ ਜੀਓ, ਮੇਰੀ ਆਪਣੀ ਰਾਏ ਹੈ, ਸਮਾਜ ਵਿਚ ਔਰਤਾਂ ਦੀ ਕਦਰ ਨਾ ਹੋਣੀ ਜਾਂ ਉਨ੍ਹਾਂ ਨੂੰ ਬਣਦਾ ਸਨਮਾਨ ਨਾ ਮਿਲਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਧਰਮ ਤੋਂ ਦੂਰ ਹੋ ਰਹੀਆਂ ਹਨ ਤੇ ਆਜ਼ਾਦੀ ਦੀ ਆੜ ਵਿਚ ਫੈਸ਼ਨ ਦੀਆਂ ਇੰਨੀਆਂ ਗੁਲਾਮ ਹੋ ਗਈਆਂ ਹਨ ਕਿ ਉਹ ਆਪਣੀ ਇੱਜ਼ਤ ਆਪ ਗੰਵਾਉਂਦੀਆਂ ਜਾ ਰਹੀਆਂ ਹਨ। ਉਂਜ ਮੇਰੀ ਇਹ ਰਾਏ ਸਭ ਬੀਬੀਆਂ, ਭੈਣਾਂ ਪ੍ਰਤੀ ਨਹੀਂ, ਉਨ੍ਹਾਂ ਪ੍ਰਤੀ ਜ਼ਰੂਰ ਹੈ ਜੋ ਸ਼ਾਇਦ ਔਝੜੇ ਰਾਹੀਂ ਪੈ ਗਈਆਂ ਹਨ। ਨੌਜਵਾਨ ਕੁੜੀਆਂ ਨੂੰ ਮੇਰੀ ਇਹੋ ਸਲਾਹ ਹੈ ਕਿ ਉਹ ਸਮਾਜਿਕ ਕੁਰੀਤੀਆਂ ਤੋਂ ਬਚਣ ਅਤੇ ਆਪਣੇ ਸਵੈਮਾਣ ‘ਤੇ ਡਟ ਕੇ ਪਹਿਰਾ ਦੇਣ।
ਬੀਬੀ ਜੀ ਨੇ ਸਮਾਜ ਵਲੋਂ ਗਾਹੇ-ਬਗਾਹੇ ਜਾਂ ਜਾਣੇ-ਅਣਜਾਣੇ ਔਰਤਾਂ ਪ੍ਰਤੀ ਕੀਤੇ ਜਾ ਰਹੇ ਅੱਤਿਆਚਾਰ ਦੀ ਵੀ ਗੱਲ ਕੀਤੀ ਹੈ। ਸੰਪਾਦਕ ਜੀ, ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਮਰਦ ਪ੍ਰਧਾਨ ਸਮਾਜ ਦਾ ਇਕ ਹਿੱਸਾ ਹੋ ਕੇ ਔਰਤਾਂ ਦੀ ਤਰਫਦਾਰੀ ਕਿਉਂ ਕਰਨ ਲੱਗਾ ਹਾਂ? ਗੁਰੂ ਨਾਨਕ ਦੇਵ ਸਾਹਿਬ ਨੇ ਔਰਤ ਦੇ ਸਨਮਾਨ ਹਿੱਤ “ਸੋ ਕਿਉ ਮੰਦਾ ਆਖੀਐæææ” ਸ਼ਬਦ ਉਚਾਰੇ ਹਨ। ਬੀਬੀ ਗੁਰਨਾਮ ਕੌਰ ਦੇ ਨਾਲ ਮੈਂ ਸਹਿਮਤ ਹਾਂ ਕਿਉਂਕਿ ਮੇਰੇ ਨਾਲ ਇਕ ਔਰਤ ਦਾ ਰਿਸ਼ਤਾ ਇਕ ਮਾਂ, ਚਾਚੀ-ਤਾਈ, ਇਕ ਭੈਣ, ਭਾਬੀ, ਪਤਨੀ ਅਤੇ ਇਕ ਧੀ ਦਾ ਵੀ ਹੈ। ਇਸ ਗੱਲ ਦਾ ਦੁੱਖ ਵੀ ਹੈ ਕਿ ਔਰਤ ਨੂੰ ਸਮਾਜ ਵਿਚ ਹਰ ਪਾਸਿਓਂ ਜ਼ਲੀਲ ਕੀਤਾ ਜਾ ਰਿਹਾ ਹੈ। ਸਕੂਲਾਂ-ਕਾਲਜਾਂ ‘ਚ, ਬਜ਼ਾਰਾਂ ‘ਚ, ਕੰਮ ਵਾਲੀਆਂ ਥਾਂਵਾਂ ‘ਤੇ, ਇਥੋਂ ਤੱਕ ‘ਤੇ ਆਂਢ-ਗੁਆਂਢ ‘ਚ ਵੀ ਕੋਈ ਧੀ-ਭੈਣ ਗੰਦੀਆਂ ਨਜ਼ਰਾਂ ਤੋਂ ਬੱਚ ਨਹੀਂ ਰਹੀ।
ਰਹਿੰਦੀ ਕਸਰ ਗਾਇਕਾਂ-ਗੀਤਕਾਰਾਂ-ਲੇਖਕਾਂ ਨੇ ਕੱਢ ਦਿੱਤੀ ਹੈ। ਨਿਜੀ ਮੁਨਾਫੇ ਲਈ ਜਾਂ ਪੈਸੇ ਤੇ ਸ਼ੋਹਰਤ ਲਈ ਇਨ੍ਹਾਂ ਨੇ ਪੰਜਾਬੀ ਗੀਤ-ਸੰਗੀਤ ਨੂੰ ਸਭਿਆਚਾਰ ਦੀ ਲੀਹੋਂ ਲਾਹ ਕੇ ਐਸੇ ਕੁਰਾਹੇ ਪਾਇਆ ਕਿ ਦੁੱਧ ‘ਚ ਕਾਂਜੀ ਘੁਲੀ ਪਈ ਹੈ। ਇਸ ਸਾਰੇ ਵਰਤਾਰੇ ਲਈ ਅਸੀਂ ਹੀ ਜ਼ਿੰਮੇਵਾਰ ਹਾਂ। ਚੈਨਲਾਂ ‘ਤੇ ਵੱਜ ਰਹੇ ਅਸ਼ਲੀਲ ਗੀਤ ਸਭਿਆਚਾਰ ਨੂੰ ਢਾਹ ਲਾ ਰਹੇ ਹਨ। ਕੋਈ ਰੋਕ-ਟੋਕ ਨਹੀਂ। ਸਰਕਾਰਾਂ ਦਾ ਆਵਾ ਹੀ ਊਤਿਆ ਪਿਆ ਹੈ। ਕੋਈ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ। ਮੱਛਰੀ ਮੁੰਢੀਰ ਫਿਰ ਕੁੜੀਆਂ ਨੂੰ ਛੇੜਨ, ਉਨ੍ਹਾਂ ਨੂੰ ਉਧਾਲਣ ਤੋਂ ਵੀ ਨਹੀਂ ਡਰਦੀ, ਗੁੰਡਿਆਂ ਨੂੰ ਸਰਕਾਰੀ ਸ਼ਹਿ ਜੋ ਹੋਈ। ਇਸ ਹੋਣੀ ਨੂੰ ਰੋਕਣ ਲਈ ਕੋਈ ਅੱਗੇ ਕਿਉਂ ਨਹੀਂ ਆ ਰਿਹਾ? ਮੇਰੇ ਹਿਸਾਬ ਤਾਂ ਇਹੋ ਕਲਜੁਗ ਹੈ। ਮੈਂ ਨਿਮਾਣੇ ਦੀ ਇਹੋ ਅਰਦਾਸ ਹੈ ਕਿ ਦੁਨੀਆਂ ਨੂੰ ਤਾਰਨ ਵਾਲੇ ਧੰਨ ਧੰਨ ਗੁਰੂ ਨਾਨਕ ਦੇਵ ਸਾਰਿਆਂ ਨੂੰ ਸੁਮੱਤ ਬਖ਼ਸ਼ਣ ਅਤੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਬਹੁੜੀ ਕਰਨ ਤੇ ਸਭ ਪਾਪੀਆਂ ਦਾ ਨਾਸ਼ ਕਰਨ।
ਅੱਖਰ ਵਾਧੇ-ਘਾਟੇ ਦੀ ਖਿਮਾ।
ਦਾਸ,
-ਬਲਜਿੰਦਰ ਸਿੰਘ ਖਾਲਸਾ
Leave a Reply