ਅਰਥ ਨਹੀਂ, ਸ਼ਬਦ ਗੁਰੂ ਹੈ: ਗੁਰੂ ਗ੍ਰੰਥ ਸਾਹਿਬ ਦਾ ਵਿਆਖਿਆ ਸ਼ਾਸਤਰ

ਅਮਰਜੀਤ ਸਿੰਘ ਗਰੇਵਾਲ
ਗੁਰੂ ਗ੍ਰੰਥ ਸਾਹਿਬ ਦੇ ਵਿਆਖਿਆ ਸ਼ਾਸਤਰ ਦੀ ਸਭ ਤੋਂ ਪਹਿਲੀ ਵਿਲੱਖਣਤਾ ਗੁਰੂ ਗ੍ਰੰਥ ਸਾਹਿਬ (ਟੈਕਸਟ) ਦੀ ਗੁਰੂ ਵਜੋਂ ਸਥਾਪਨਾ ਦੇ ਵਿਜ਼ਨ ਵਿਚ ਪਈ ਹੋਈ ਹੈ। ਗੀਤਾ, ਬਾਈਬਲ ਜਾਂ ਕੁਰਾਨ ਵਾਂਗ ਗੁਰੂ ਗ੍ਰੰਥ ਸਾਹਿਬ ਪਵਿਤਰ ਪੁਸਤਕ ਨਹੀਂ, ਗੁਰੂ ਹੈ। ਇਸ ਲਈ ਇਸ ਨੂੰ ਉਵੇਂ ਨਹੀਂ ਪੜ੍ਹਿਆ ਜਾ ਸਕਦਾ, ਜਿਵੇਂ ਗੀਤਾ, ਬਾਈਬਲ ਅਤੇ ਕੁਰਾਨ ਨੂੰ ਪੜ੍ਹਿਆ ਜਾਂਦਾ ਹੈ। ਇਸ ਦੀ ਵਿਆਖਿਆ ਵਿਧੀ ਵੱਖਰੀ ਹੈ।

ਕਿਉਂਕਿ ਗੁਰਬਾਣੀ ਦਾ ਉਪਦੇਸ਼ ਸਭ ਲਈ ਸਾਂਝਾ ਹੈ, ਇਸ ਲਈ ਵਰਤਮਾਨ ਚੁਣੌਤੀਆਂ ਦੇ ਪ੍ਰਸੰਗ ਵਿਚ, ਆਪਣੇ ਸਮਾਜ-ਸਭਿਆਚਾਰਕ, ਆਰਥਕ-ਰਾਜਨਤੀਕ ਅਤੇ ਨਿੱਜੀ ਸਮੱਸਿਆਵਾਂ ਦੇ ਹੱਲ ਲਈ, ਹਰ ਕਿਸੇ (ਵਿਅਕਤੀ, ਵਰਣ, ਭਾਈਚਾਰੇ, ਸੰਪਰਦਾ) ਕੋਲ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਤਰੀਕੇ ਨਾਲ ਸਮਝਣ ਦਾ ਬਰਾਬਰ ਹੱਕ ਹੈ; ਪਰ ਜੇ ਕੋਈ ਧਿਰ ਆਪਣੇ ਵਿਚਾਰਧਾਰਕ-ਰਾਜਸੀ ਹਿਤਾਂ ਦੀ ਪੂਰਤੀ ਲਈ, ਹਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਉਹੋ ਵਿਆਖਿਆ-ਵਿਧੀ ਅਪਨਾਉਣ ਲਈ ਧੱਕੇ ਨਾਲ ਮਜਬੂਰ ਕਰੇ, ਤਾਂ ਇਹ ਠੀਕ ਨਹੀਂ ਹੋਵੇਗਾ। ਦੂਜੇ ਪਾਸੇ ਜੇ ਸਭ ਆਪੋ ਆਪਣੀ ਵਿਆਖਿਆ ਉਪਰ ਹੀ ਪਹਿਰਾ ਦੇਣ ਲੱਗ ਪੈਣ ਤਾਂ ਸਿੱਖਾਂ ਦੀ ਭਾਈਚਾਰਕ ਸਾਂਝ ਅਤੇ ਪੰਥਕ ਏਕਤਾ ਖਤਰੇ ਵਿਚ ਪੈ ਸਕਦੀ ਹੈ।
ਜੇ ਵਿਆਖਿਆ ਨੈਤਿਕ-ਰਾਜਨੀਤਕ-ਸਿਧਾਂਤਕ ਮਸਲਾ ਹੈ ਤਾਂ ਕਿਸ ਧਿਰ ਦੀ ਵਿਆਖਿਆ ਅਪਨਾਈ ਜਾਵੇ, ਇਹ ਆਪਣੇ ਆਪ ਵਿਚ ਵੱਡਾ ਸੁਆਲ ਬਣ ਜਾਂਦਾ ਹੈ। ਇਹ ਸਰਦਾਰੀ ਦਾ ਮਸਲਾ ਹੋ ਜਾਂਦਾ ਹੈ, ਜੋ ਸ਼ਸਤਰ ਅਤੇ ਸ਼ਾਸਤਰ ਰਾਹੀਂ ਹੀ ਹੱਲ ਹੁੰਦਾ ਆਇਆ ਹੈ। ਇਸ ਸਮੇਂ ਵੀ ਇਕ ਧਿਰ ਆਪਣੀ ਵਿਆਖਿਆ ਨੂੰ ਧੱਕੇ (ਸ਼ਸਤਰ) ਨਾਲ ਮਨਵਾਉਣ ਨੂੰ ਫਿਰਦੀ ਹੈ, ਜਦੋਂ ਕਿ ਦੂਜੀ ਧਿਰ ਮਸ਼ੀਨੀ ਤਰਕ ਦਾ ਸਹਾਰਾ ਲੈ ਕੇ ਆਪਣਾ ਵਿਚਾਰਧਾਰਕ ਮਿਸ਼ਨ ਸਿੱਧ ਕਰਨਾ ਚਾਹੁੰਦੀ ਹੈ। ਸ਼ਸਤਰ ਅਤੇ ਸ਼ਾਸਤਰ ਨੂੰ ਬਿਲਕੁਲ ਅਲੱਗ ਕਰ ਕੇ ਵੀ ਨਹੀਂ ਦੇਖਿਆ ਜਾ ਸਕਦਾ। ਤਜ਼ਰਬਾ ਇਹੋ ਦੱਸਦਾ ਹੈ ਕਿ ਸ਼ਸਤਰ ਨੂੰ ਸ਼ਾਸਤਰ ਦਾ ਅਤੇ ਸ਼ਾਸਤਰ ਨੂੰ ਸ਼ਸਤਰ ਦਾ ਸਹਾਰਾ ਲੈਣਾ ਹੀ ਪੈਂਦਾ ਹੈ, ਪਰ ਸਰਦਾਰੀ ਦਾ ਨਿਰਣਾ ਸ਼ਕਤੀ ਦੇ ਸ਼ਸਤਰੀ ਤੇ ਸ਼ਾਸਤਰੀ ਰੂਪਾਂ ਦੇ ਮਿਲਵੇਂ-ਜੁਲਵੇਂ ਪ੍ਰਯੋਗ ਰਾਹੀਂ ਹੀ ਹੁੰਦਾ ਆਇਆ ਹੈ। ਮਾਰਕਸ, ਅਲਥੂਸਰ, ਗਰਾਮਸ਼ੀ ਅਤੇ ਫੂਕੋ ਦੀਆਂ ਲਿਖਤਾਂ ਇਸ ਸੱਚਾਈ (ਹੈਜਮੌਨਿਕ ਪ੍ਰੈਕਟਿਸ) ਨੂੰ ਸਮਝਣ ਵਿਚ ਸਹਾਈ ਹੋ ਸਕਦੀਆਂ ਹਨ।
ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ, ਬਾਈਬਲ ਦੀ ਵਿਆਖਿਆ ਨੂੰ ਲੈ ਕੇ ਇਸਾਈ ਵਿਦਵਾਨਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਉਹ ਇਸ ਸਮੱਸਿਆ ਦਾ ਇਸ ਲਈ ਹੱਲ ਨਹੀਂ ਢੂੰਡ ਸਕੇ, ਕਿਉਂਕਿ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਟੈਕਸਟ ਦੇ ਮੌਲਿਕ ਅਰਥਾਂ ਦੀ ਖੋਜ ਵਿਚ ਲਾ ਦਿੱਤਾ। ਉਨ੍ਹਾਂ ਨੂੰ ਇੰਜ ਪ੍ਰਤੀਤ ਹੁੰਦਾ ਸੀ, ਜਿਵੇਂ ਟੈਕਸਟ ਕੋਈ ਸਥਿਰ, ਸਥਾਈ ਅਤੇ ਸੁਨਿਸ਼ਚਿਤ ਅਰਥਾਂ ਨੂੰ ਸੰਚਾਰ ਕਰਨ ਦਾ ਸਿਰਫ ਮਾਧਿਅਮ ਮਾਤਰ ਹੀ ਹੋਵੇ। ਉਨ੍ਹਾਂ ਦਾ ਮੱਤ ਸੀ ਕਿ ਵੱਖੋ ਵੱਖਰੀਆਂ ਪ੍ਰਸਥਿਤੀਆਂ ਵਿਚ, ਵੱਖੋ ਵੱਖਰੇ ਸਮਾਂ-ਸਥਾਨ ਤੇ ਸ਼ਬਦ ਦੇ ਵੱਖੋ ਵੱਖਰੇ ਪ੍ਰਯੋਗ, ਉਸ ਸ਼ਬਦ ਦੇ ਮੌਲਿਕ ਅਰਥਾਂ ਨੂੰ ਗੰਧਲਾ ਕਰ ਦਿੰਦੇ ਹਨ। ਇਸ ਲਈ ਉਨ੍ਹਾਂ ਦਾ ਸਾਰਾ ਜ਼ੋਰ ਸ਼ਬਦ ਦੇ ਮੌਲਿਕ ਅਰਥਾਂ ਨੂੰ ਰਿਕਵਰ ਕਰਨ ‘ਤੇ ਹੀ ਕੇਂਦ੍ਰਿਤ ਰਿਹਾ। ਇਵੇਂ ਲਗਦਾ ਹੈ ਕਿ ਜਿਵੇਂ ਡਾਇਲਾਗ ਰਾਹੀਂ ਪਲੈਟੋ, ਫਰੋਨੀਸਿਜ਼ ਰਾਹੀਂ ਅਰਿਸਟੌਟਲ ਅਤੇ ਡਾਇਲੈਕਟਿਕ ਰਾਹੀਂ ਹੀਗਲ ਟੈਕਸਟ ਦੇ ਵਾਸਤਵਿਕ ਤੇ ਟਿਕਾਊ ਅਰਥਾਂ ਦੀ ਹੀ ਤਲਾਸ਼ ਕਰਦੇ ਰਹੇ ਹੋਣ। ਉਨ੍ਹਾਂ ਲਈ ਅਰਥ ਪ੍ਰਾਇਮਰੀ ਸੀ, ਜਦੋਂ ਕਿ ਸਾਡੇ ਲਈ ਸ਼ਬਦ ਪ੍ਰਾਇਮਰੀ ਹੈ। ਅਰਥ ਨਹੀਂ, ਸ਼ਬਦ ਸਾਡਾ ਗੁਰੂ ਹੈ।
ਪੱਛਮੀ ਵਿਦਵਾਨਾਂ ਦੀ ਸ਼ਬਦ ਬਾਰੇ ਸੀਮਤ ਅਤੇ ਭੁਲੇਖਾ ਪਾਊ ਸਮਝ ਦੀ ਇਹ ਧਾਰਨਾ ਕਿ ਸ਼ਬਦ ਸਿਰਫ ਬਾਹਰਮੁਖੀ ਸੰਸਾਰ ਦੀ ਗਿਆਨ ਇੰਦਰੀਆਂ ਰਾਹੀਂ ਗ੍ਰਹਿਣ ਕੀਤੀ ਜਾਣਕਾਰੀ ਨੂੰ ਪੇਸ਼ ਕਰਨ, ਸੰਭਾਲਣ, ਮਸ਼ੀਨੀ ਤਰਕ ਦੇ ਆਧਾਰ ‘ਤੇ ਮੈਨੀਪੁਲੇਟ ਕਰਨ ਅਤੇ ਸੰਚਾਰ ਕਰਨ ਦਾ ਮਾਧਿਅਮ ਮਾਤਰ ਹੈ, ਨੇ ਸਾਡੇ ਮਨਾਂ ਅੰਦਰ ਸੰਸਾਰ ਦੀ ਤਸਵੀਰ ਹੀ ਵਿਗਾੜ ਕੇ ਰੱਖ ਦਿੱਤੀ। ਸਭ ਤੋਂ ਪਹਿਲਾਂ ਤਾਂ ਇਸ ਨੇ ਸੰਸਾਰ ਦੀ, ਬਾਹਰਮੁਖੀ ਮਾਦਾ ਸੰਸਾਰ (ਔਬਜੈਕਟ) ਅਤੇ ਚੇਤਨ ਮਨੁੱਖ (ਸਬਜੈਕਟ) ਵਿਚਕਾਰ ਵੰਡ ਕਰਕੇ ਚੇਤਨ ਮਨੁੱਖ ਨੂੰ ਕੁਦਰਤ ਦੇ ਸ਼ੋਸ਼ਣ ਦਾ ਵਿਗਿਆਨਕ ਹੱਕ ਦੇ ਦਿੱਤਾ। ਵਿਗਿਆਨਕ ਖੋਜ ਅਤੇ ਤਕਨਾਲੋਜੀ ਦਾ ਉਦੇਸ਼ ਕੁਦਰਤ ਸਬੰਧੀ ਅਜਿਹੇ ਗਿਆਨ ਦੀ ਸੋਝੀ ਹਾਸਲ ਕਰਨਾ ਹੀ ਰਹਿ ਗਿਆ, ਜੋ ਕੁਦਰਤ ‘ਤੇ ਲਗਾਮ ਪਾਉਣ ਵਿਚ ਮਨੁੱਖ ਦੀ ਮਦਦ ਕਰ ਸਕੇ। ਇਸੇ ਕਰਕੇ ਵਿਗਿਆਨਕ ਖੋਜ ਪ੍ਰਣਾਲੀ ਦੇ ਜਨਮਦਾਤਾ ਫਰਾਂਸਿਸ ਬੇਕਨ (1561-1626) ਕਿਹਾ ਕਰਦੇ ਸਨ, “ਵਿਗਿਆਨ ਦਾ ਇਕੋ ਇਕ ਮੰਤਵ ਕੁਦਰਤ ਨੂੰ ਮਨੁੱਖ ਦਾ ਗੁਲਾਮ ਬਣਾ ਕੇ ਉਸ ਦੀ ਸੇਵਾ ਵਿਚ ਲਾਉਣਾ ਹੈ।” ਕੁਦਰਤ ਵਿਰੁਧ ਮਨੁੱਖ ਦੀ ਇਸ ਸਾਜਿਸ਼ ਦੇ ਜੋ ਆਤਮਘਾਤੀ ਪਰਿਣਾਮ ਨਿਕਲੇ, ਉਹ ਅਸੀਂ ਦੇਖ ਲਏ ਹਨ। ਕੁਦਰਤ ਆਪਣੇ ਇਸ ਸ਼ੋਸ਼ਣ ਦਾ ਕਿਵੇਂ ਬਦਲਾ ਲੈਂਦੀ ਹੈ, ਇਹ ਵੀ ਦੇਖ ਰਹੇ ਹਾਂ।
ਦੂਸਰੇ ਪਾਸੇ ਇਸ ਸੋਚ ਨੇ ਚੇਤਨ ਮਨ ਨੂੰ ਨਿਰੰਤਰ ਤਰੱਕੀ ਚਾਹੁਣ ਵਾਲੀ ਵਿਅਕਤੀਗਤ ਹਉਮੈ ਵਿਚ ਤਬਦੀਲ ਕਰ ਦਿੱਤਾ ਅਤੇ ਕੁਦਰਤ ਨੂੰ, ਇਸ ਵਿਅਕਤੀਗਤ ਹਉਮੈ ਦੀ ਨਿੱਜੀ ਜਾਇਦਾਦ ਬਣਾ ਕੇ, ਇਸ ਨਿੱਜੀ ਜਾਇਦਾਦ ‘ਤੇ ਹੱਕ ਜਮਾਉਣ ਲਈ ਮਨੁੱਖਾਂ ਅੰਦਰ ਜੋ ਲੜ ਮਰਨ ਦੀ ਮੁਕਾਬਲੇ ਦੀ ਭਾਵਨਾ ਜਗਾ ਦਿੱਤੀ, ਮੌਜੂਦਾ ਸੰਸਾਰ ਦੇ ਸਾਰੇ ਸੰਕਟ ਉਸੇ ਦੀ ਦੇਣ ਹਨ। ਕੋਈ ਇਸ ਨੂੰ ਮਾਡਰਨਿਜ਼ਮ ਦਾ ਸੰਕਟ ਆਖਦਾ ਹੈ ਤੇ ਕੋਈ ਕੈਪੀਟਲਿਜ਼ਮ ਦਾ। ਇਹ ਸਭ ਪੱਛਮ ਦੇ ਮਨੁੱਖ ਦੀ ਸ਼ਬਦ ਬਾਰੇ ਵਿਕਸਿਤ ਹੋਈ ਗਲਤ ਧਾਰਨਾ ਦਾ ਨਤੀਜਾ ਹੈ, ਜੋ ਉਸ ਦੀ ਬਾਈਬਲ ਦੇ ਸੱਚ (ਸਹੀ ਅਰਥਾਂ) ਨੂੰ ਭਾਲਣ ਦੀ ਲਗਨ ਦਾ ਪਰਿਣਾਮ ਸੀ। ਉਸ ਦੀ ਟੇਕ ਬਾਈਬਲ (ਸ਼ਬਦ) ਉਪਰ ਨਹੀਂ, ਬਾਈਬਲ ਦੇ ਸੱਚ (ਅਰਥਾਂ) ਤੱਕ ਸਿਮਟ ਕੇ ਰਹਿ ਗਈ ਸੀ। ਉਸ ਨੂੰ ਸ਼ਬਦ ਦੀ ਕਰਤਾਰੀ ਸ਼ਕਤੀ ਅਤੇ ਉਸ ਵਿਚੋਂ ਪੈਦਾ ਹੋਣ ਵਾਲੇ ਚੇਤਨ ਅਨੁਭਵ ਦੀ ਸੋਝੀ ਨਹੀਂ ਸੀ। ਦੁਨੀਆਂ ਨੂੰ ਮਸ਼ੀਨ ਦੇ ਮੈਟਾਫਰ ਰਾਹੀਂ ਸਮਝਣ ਵਾਲੀ ਪੱਛਮੀ ਚੇਤਨਾ ਸਵੈਮ ਹੀ ਇਨਫਰਮੇਸ਼ਨ (ਡੈਟਾ) ਮੈਨੂਪਲੇਟ ਕਰਨ ਵਾਲੀ ਮਸ਼ੀਨ (ਕੰਪਿਊਟਰ) ਦਾ ਰੂਪ ਧਾਰਨ ਕਰ ਰਹੀ ਸੀ। ਅਜਿਹੀ ਸੋਚ ਦੇ ਉਭਾਰ ਦਾ ਦੂਜਾ ਵੱਡਾ ਕਾਰਨ ਸੀ ਜੀਵਨ ਸਮੁਚਤਾ-ਏਕਤਾ ਦੀ ਪਬਲਿਕ ਅਤੇ ਪ੍ਰਾਈਵੇਟ ਖੇਤਰਾਂ ਵਿਚ ਵੰਡ ਰਾਹੀਂ, ਧਰਮ (ਜੀਵਨ-ਵਿਸ਼ਵ ਦ੍ਰਿਸ਼ਟੀ) ਨੂੰ ਪ੍ਰਾਈਵੇਟ ਖੇਤਰ ਤੱਕ ਸੀਮਤ ਕਰਕੇ, ਸਮਾਜ ਵਿਚ ਪੂੰਜੀ, ਸ਼ਕਤੀ ਅਤੇ ਅਰਥਾਂ ਦੀ ਸਰਕੂਲੇਸ਼ਨ-ਵੰਡ ਨੂੰ ਮਸ਼ੀਨੀ ਤਰਕ ਉਪਰ ਆਧਾਰਿਤ ਐਲਗੋਰਿਦਮਜ਼ (ਸਮਾਜਵਾਦ, ਉਦਾਰਵਾਦ, ਜਮਹੂਰੀਅਤ, ਆਦਿ) ਦੀ ਮੈਨੂਪੁਲੇਸ਼ਨ ਦਾ ਮਾਲ ਬਣਾ ਦੇਣਾ।
ਸਮਾਜਕ ਜੀਵਨ ਦੇ ਸਾਰੇ ਖੇਤਰ, (ਸਮਾਜਕ, ਸਭਿਆਚਾਰਕ, ਰਾਜਨੀਤਕ) ਸੰਗਠਿਤ ਸਮੁਚਤਾ ਵਿਚ ਬੱਝੇ ਹੋਏ ਹਨ, ਜਿਸ ਦੀ ਅਗਵਾਈ ਲਈ ਸਿੱਖ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੋਣ ਵਾਲੀ ਵਿਸ਼ਵ-ਜੀਵਨ-ਅੰਤਰ ਦ੍ਰਿਸ਼ਟੀ ‘ਤੇ ਟੇਕ ਰੱਖਦਾ ਹੈ। ਇਸ ਅੰਤਰਦ੍ਰਿਸ਼ਟੀ ਨੂੰ ਨੈਤਿਕ-ਸਿਆਸੀ ਮੁੱਲਾਂ, ਆਰਥਕ-ਰਾਜਨੀਤਕ ਅਤੇ ਸਮਾਜ-ਸਭਿਆਚਾਰਕ ਅਦਾਰਿਆਂ ਵਿਚ ਕਿਵੇਂ ਇੰਟਰਪਰੈਟ-ਟਰਾਂਸਲੇਟ ਕਰਨਾ ਹੈ, ਇਹ ਸਮਝ ਪੈਦਾ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ।
ਇਸ ਦਿਸ਼ਾ ਵਿਚ ਅੱਗੇ ਵਧਣ ਤੋਂ ਪਹਿਲਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਇਸਾਈਆਂ ਵਾਂਗ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਨਿੱਜੀ ਮਾਮਲਿਆਂ ਤੱਕ ਸੀਮਤ ਕਰਕੇ ਆਪਣੇ ਸਮਾਜਕ ਜੀਵਨ, ਆਰਥਕਤਾ ਅਤੇ ਰਾਜਨੀਤੀ ਨੂੰ ਪੱਛਮ ਦੁਆਰਾ ਵਿਕਸਿਤ ਕੀਤੀਆਂ ਗਈਆਂ ਵਿਅਕਤੀਗਤ ਆਜ਼ਾਦੀ,ਆਰਥਕ ਵਿਕਾਸ ਅਤੇ ਮਸ਼ੀਨੀ ਤਰਕ ਦੀਆਂ ਉਦਾਰ ਜਮਹੂਰੀ ਕਦਰਾਂ ਕੀਮਤਾਂ ਉਪਰ ਨਿਰਮਿਤ ਕਰਨ ਵਿਚ ਵਿਸ਼ਵਾਸ ਕਿਉਂ ਨਹੀਂ ਰੱਖਦੇ। ਸਾਰੀ ਦੁਨੀਆਂ ਨੇ ਪਬਲਿਕ ਸਫੀਅਰ ਦੀ ਮੈਨੇਜਮੈਂਟ ਵਿਚ ਉਦਾਰ ਜਮਹੂਰੀਅਤ ਦੀ ਸਰਬ ਉਚਤਾ ਨੂੰ ਸਵੀਕਾਰ ਕਰ ਲਿਆ ਹੈ; ਅਸੀਂ ਵੀ ਕਿਉਂ ਨਹੀਂ ਕਰ ਲੈਂਦੇ। ਇਹ ਤਵੱਕੋ ਕਿਉਂ ਰੱਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਸਮਾਜ, ਸਭਿਆਚਾਰਕ, ਰਾਜਨੀਤਕ-ਹਰ ਖੇਤਰ ਵਿਚ ਅਗਵਾਈ ਦੇਣ।
ਪਹਿਲੀ ਗੱਲ ਤਾਂ ਇਹ ਕਿ ਸੋਵੀਅਤ ਸਮਾਜਵਾਦ ਦੇ ਢਹਿ ਢੇਰੀ ਹੋ ਜਾਣ ਪਿਛੋਂ ਉਦਾਰ ਜਮਹੂਰੀਅਤ ਦੀ ਜਿੱਤ ਦੇ ਜਸ਼ਨਾਂ ਦੇ ਨਾਲ ਹੀ ਵੱਖਵਾਦ ਅਤੇ ਫਾਸ਼ੀਵਾਦ ਦੀਆਂ ਹਿੰਸਕ ਗਤੀਵਿਧੀਆਂ, ਆਰਥਕ ਬੇਇਨਸਾਫੀ, ਜਾਤੀ-ਜਮਾਤੀ-ਨਸਲੀ-ਲਿੰਗੀ ਵਿਤਕਰਿਆਂ ਅਤੇ ਵਾਤਾਵਰਣ ਦੇ ਨਿਘਾਰ ਦਾ ਲਗਾਤਾਰ ਜ਼ੋਰ ਫੜਨਾ ਸਾਨੂੰ ਅਤੇ ਸਾਡੇ ਸਮਾਜ ਨੂੰ ਵਿਅਕਤੀਗਤ ਆਜ਼ਾਦੀ, ਸਮਾਜਕ ਨਿਆਂ, ਭਾਈਚਾਰਕ ਇਕਮੁਠਤਾ, ਈਕਾਲੋਜੀਕਲ ਸਹਿਹੋਂਦ ਅਤੇ ਰੂਹਾਨੀ ਅਨੁਭਵ ਦੀਆਂ ਲੀਹਾਂ ‘ਤੇ ਤੋਰਨ ਲਈ ਉਦਾਰ ਜਮਹੂਰੀਅਤ ਦੇ ਬਦਲ ਭਾਲਣ ਜਾਂ ਉਸ ਨੂੰ ਰੈਡੀਕਲਾਈਜ਼ ਕਰਨ ਦੀ ਲੋੜ ਨੂੰ ਯਾਦ ਕਰਵਾਉਂਦਾ ਹੈ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੋਣ ਵਾਲੀਆਂ ਅੰਤਰਦ੍ਰਿਸ਼ਟੀਆਂ ਉਦਾਰ ਜਮਹੂਰੀਅਤ ਨੂੰ ਰੈਡੀਕਲਾਈਜ਼ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ।
ਦੂਸਰੇ, ਗੁਰੂ ਗ੍ਰੰਥ ਸਾਹਿਬ, ਬਾਈਬਲ ਜਾਂ ਕੁਰਾਨ ਵਾਂਗ, ਸਿੱਖਾਂ ਦੀ ਪਵਿਤਰ ਪੁਸਤਕ ਜਾਂ ਗੁਰ-ਉਪਦੇਸਾਂ ਦਾ ਮੈਨੂਅਲ ਨਹੀਂ; ਨਾ ਹੀ ਗੁਰ ਮਿਲਾਪ ਦਾ ਸਾਧਨ ਹੈ। ਇਹ ਤਾਂ ਸਵੈਮ ਗੁਰੂ ਹੈ; ਕਾਇਮ ਮੁਕਾਮ ਵਰਤਮਾਨ ਗੁਰੂ, ਜਿਸ ਕੋਲ ਅਸੀਂ ਆਪਣੇ ਹਰ ਸੁਆਲ, ਸਮੱਸਿਆ, ਸੰਕਟ ਅਤੇ ਚੁਣੌਤੀ ਦੇ ਸਮਾਧਾਨ ਲਈ ਪਹੁੰਚ ਕਰਨੀ ਹੈ। ਵਿਅਕਤੀ ਗੁਰੂ ਨੂੰ ਸਿੱਧਾ ਸੁਆਲ ਕੀਤਾ ਜਾ ਸਕਦਾ ਹੈ, ਪਰ ਟੈਕਸਟ ਗੁਰੂ ਅੱਗੇ ਆਪਣੇ ਸੁਆਲ ਕਿੰਜ ਰੱਖੀਏ; ਉਸ ਅੱਗੇ ਆਪਣੇ ਸੰਕਟ ਕਿਵੇਂ ਬਿਆਨ ਕਰੀਏ? ਜੇ ਵਿਅਕਤੀ ਗੁਰੂ ਤੋਂ, ਬਿਨਾ ਕਿਸੇ ਝੰਜਟ ਦੇ, ਆਪਣਿਆਂ ਸੁਆਲਾਂ ਦੇ ਜੁਆਬ ਸੌਖਿਆਂ ਹੀ ਪ੍ਰਾਪਤ ਹੋ ਜਾਂਦੇ ਸਨ ਤਾਂ ਵਿਅਕਤੀ ਗੁਰੂ ਦੀ ਥਾਂ ਸ਼ਬਦ ਗੁਰੂ ਨੂੰ ਲਿਆਉਣ ਦੀ ਕੀ ਲੋੜ ਪੈ ਗਈ?
ਜੇ ਵਿਅਕਤੀ ਗੁਰੂ ਦੀ ਥਾਂ ਸ਼ਬਦ-ਟੈਕਸਟ ਗੁਰੂ ਨੂੰ ਲਿਆਉਣਾ ਪਿਆ, ਤਾਂ ਇਸ ਦੀ ਆਮਦ ਦਾ ਜ਼ਰੂਰ ਕੋਈ ਮਹੱਤਵ ਹੋਵੇਗਾ। ਸ਼ਬਦ ਗੁਰੂ ਦੀ ਆਮਦ ਨਾਲ ਇਕੋ ਲਖਤ ਕਈ ਤਬਦੀਲੀਆਂ ਵਾਪਰ ਜਾਂਦੀਆਂ ਹਨ। ਅਧਿਆਪਕ ਕੇਂਦ੍ਰਿਤ ਇਨਸਟ੍ਰਕਸ਼ਨ ਤੋਂ ਵਿਦਿਆਰਥੀ ਕੇਂਦ੍ਰਿਤ ਲਰਨਿੰਗ; ਜਿਸ ਨੂੰ ਅੱਜ ਸਿਖਿਆ ਦੇ ਖੇਤਰ ਵਿਚ ਪੈਰਾਡਾਈਮ ਸ਼ਿਫਟ ਆਖਿਆ ਜਾ ਰਿਹਾ ਹੈ, ਦੇ ਬੀਜ ਵੀ ਸਾਨੂੰ ਵਿਅਕਤੀ ਗੁਰੂ ਦੀ ਟੈਕਸਟ ਗੁਰੂ ਵਿਚ ਸ਼ਿਫਟ ਅੰਦਰ ਹੀ ਮਿਲਣਗੇ। ਭਗਤ ਆਪਣੇ ਸੁਆਲ ਦੇ ਗੁਰੂ ਵੱਲੋਂ ਮਿਲਣ ਵਾਲੇ ਜੁਆਬ ਦਾ ਉਦਾਸੀਨ ਉਪਭੋਗਤਾ ਨਹੀਂ ਰਹਿੰਦਾ, ਸੁਆਲ ਅਤੇ ਜੁਆਬ, ਦੋਹਾਂ ਦੀ ਕੰਸਟ੍ਰਕਸ਼ਨ ਵਿਚ ਹਿੱਸੇਦਾਰ ਬਣ ਜਾਂਦਾ ਹੈ। ਇਸ ਹਿੱਸੇਦਾਰੀ ਨੂੰ ‘ਆਪੇ ਗੁਰ ਚੇਲਾ’ ਵਾਲੀ ਧਾਰਨਾ ਰਾਹੀਂ ਸਮਝਿਆ ਜਾ ਸਕਦਾ ਹੈ।
ਗੁਰੂ ਜੀ ਆਖਦੇ ਹਨ, “ਮਰਦਾਨਿਆਂ, ਰਬਾਬ ਵਜਾ ਬਾਣੀ ਆਈ ਹੈ।” ਉਹ ਇਹ ਨਹੀਂ ਆਖਦੇ, “ਬਾਲਿਆ ਕਲਮ ਚੁਕ, ਬਾਣੀ ਆਈ ਹੈ।” ਕਾਵਿ-ਰੂਪ ਗੁਰਬਾਣੀ ਦਾ ਰਾਗਾਂ ਵਿਚ ਸੰਕਲਨ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰਬਾਣੀ ਸਿਰਫ ਅਰਥਾਂ ਦੀ ਹੀ ਨਹੀਂ, ਐਕਸਪੀਰੀਐਂਸ ਦੀ ਵੀ ਕੰਸਟ੍ਰਕਸ਼ਨ ਕਰਦੀ ਹੈ; ਰਾਗ ਨਾਦ ਸ਼ਬਦ ਦੇ ਸਮੁਚਤਾ ਵਿਚ ਐਕਸਪੀਰੀਐਂਸ ਰਾਹੀਂ ਸਾਡੀ ਸੁਰਤਿ ਇਕ ਜੀਵਨ/ਵਿਸ਼ਵ-ਅੰਤਰ ਦ੍ਰਿਸ਼ਟੀ ਪ੍ਰਾਪਤ ਕਰਦੀ ਹੈ।
ਇਹ ਦੋਇ ਗੱਲਾਂ; ਇਕ ਕਿ ਗੁਰਬਾਣੀ ਦਾ ਸ਼ਬਦ ਸਿਰਫ ਅਰਥ (ਗਿਆਨ) ਨਹੀਂ, ਐਕਸਪੀਰੀਐਂਸ (ਅਨੁਭਵ-ਅੰਤਰ ਦ੍ਰਿਸ਼ਟੀ) ਵੀ ਪ੍ਰਦਾਨ ਕਰਦਾ ਹੈ। ਦੋ, ਗੁਰੂ ਗ੍ਰੰਥ ਸਾਹਿਬ (ਸ਼ਬਦ ਰੂਪ) ਕੋਈ ਡਾਕੂਮੈਂਟ ਨਹੀਂ, ਜਿਸ ਦੀ ਸਿਧਾਂਤਕ-ਵਿਚਾਰਧਾਰਕ-ਇਤਿਹਾਸਕ ਇਨਵੈਸਟੀਗੇਸ਼ਨ ਰਾਹੀਂ ਅਸੀਂ ਕਿਸੇ ਅੰਤਿਮ ਸੱਚ (ਅਰਥ) ਦੀ ਖੋਜ ਕਰਨੀ ਹੈ; ਇਹ ਗੁਰੂ ਹੈ, ਜਿਸ ਤੋਂ ਅਸੀਂ ਆਪਣੇ ਹਰ ਸੁਆਲ ਦਾ ਜੁਆਬ, ਹਰ ਸੰਕਟ ਦਾ ਹੀਲਾ ਅਤੇ ਹਰ ਚੁਣੌਤੀ ਦਾ ਸਮਾਧਾਨ ਪ੍ਰਾਪਤ ਕਰਨਾ ਹੈ। ਇਹ ਦੋਵੇਂ ਗੱਲਾਂ ਸਾਨੂੰ ਕ੍ਰਿਸ਼ਚੀਅਨ ਅਤੇ ਫਿਲਾਸਫੀਕਲ (ਗੈਡਾਮਰ, ਰਿਕਰ) ਹਰਮਿਊਨਿਟਕਸ ਤੋਂ ਪਾਰ ਲੈ ਜਾਂਦੀਆਂ ਹਨ। ਕਿਉਂ ਲੈ ਜਾਂਦੀਆਂ ਹਨ, ਇਹ ਤਾਂ ਸਮਝ ਪੈ ਗਈ; ਪਰ ਕਿਵੇਂ ਲੈ ਜਾਂਦੀਆਂ ਹਨ, ਇਹ ਜਾਣਨ ਲਈ ਸਾਨੂੰ ਗੁਰਮਤਿ ਦੇ ਸ਼ਬਦ ਸਿਧਾਂਤ ਨੂੰ ਸਮਝਣਾ ਪਵੇਗਾ।
1. ਆਪਣੇ ਸਮੁੱਚੇ ਇਤਿਹਾਸ ਅਤੇ ਵਿਸਤਾਰ ਸਮੇਤ ਇਹ ਦ੍ਰਿਸ਼ਟ ਅਦ੍ਰਿਸ਼ਟ ਸ੍ਰਿਸ਼ਟੀ ਸਵੈ ਚੇਤਨ ਅਨਹਤ ਸ਼ਬਦ ਦੀ ਇਕਾਗਰਤਾ ਵਿਚ ਬੱਝੀ ਹੋਈ ਹੈ: ‘ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸ ਤੇ ਉਤਪਤ ਚਲੈ’; ‘ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸ ਮਾਹਿ ਸਮਾਏ ਜੀਓ।’ ਇਸ ਲਈ ਬਾਹਰੀ ਅਵਾਜ਼, ਸੁਪਨੇ ਜਾਂ ਸਮਾਧੀ ਦੌਰਾਨ ਤਰੰਗ ਜਾਂ ਕੰਪਨ ਦੇ ਰੂਪ ਵਿਚ ਪ੍ਰਾਪਤ ਹੋਣ ਵਾਲਾ ਕੋਈ ਵੀ ਅਨੁਭਵ ਅਨਹਤ ਸ਼ਬਦ ਨਹੀਂ।
2. ਅਨਹਤ ਸ਼ਬਦ, ਬ੍ਰਹਮ ਦਾ ਨਾਮ ਨਹੀਂ, ਸਵੈਮ ਬ੍ਰਹਮ ਹੈ। ਸਮੁੱਚਤਾ ਆਪਣੇ ਕਿਸੇ ਅੰਗ ਦੇ ਅਨੁਭਵ ਦਾ ਔਬਜੈਕਟ ਕਿਵੇਂ ਹੋ ਸਕਦੀ ਹੈ। ਇਹ ਤਾਂ ਸੰਪੂਰਨ ਸ੍ਰਿਸ਼ਟੀ ਦੀ ਆਪਣੇ ਸਮਸਤ ਇਤਿਹਾਸ ਅਤੇ ਵਿਸਤਾਰ ਸਮੇਤ ਆਪਣੇ ਆਪ ਵਿਚ ਲੱਗੀ ਹੋਈ ਅ-ਕਾਲਿਕ ਅਤੇ ਅ-ਸਥਾਨਕ ਸਮਾਧੀ ਹੈ, ਜਿਥੇ ਤਮਾਮ ਵਿਰੋਧਤਾਵਾਂ ਅਤੇ ਟਕਰਾਓ ਸੁੰਨ ਹੋ ਜਾਂਦੇ ਹਨ।
3. ਜਿਵੇਂ ਸਮੁੰਦਰ ਵਿਚ ਪੈਦਾ ਹੋਣ ਵਾਲੀਆਂ ਲਹਿਰਾਂ ਸਮੁੰਦਰ ਦਾ ਅੰਸ਼ ਹੋਣ ਕਾਰਨ ਸਤਿ ਤਾਂ ਹਨ, ਪਰ ਉਨ੍ਹਾਂ ਦੀ ਸਮੁੰਦਰ ਤੋਂ ਵੱਖਰੀ ਕੋਈ ਹਸਤੀ ਨਹੀਂ ਹੁੰਦੀ; ਉਸੇ ਤਰ੍ਹਾਂ ਸੁੰਨ ਸ਼ਬਦ ਵਿਚੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ ਦੀ ਆਜ਼ਾਦ ਅਤੇ ਖੁਦਮੁਖਤਾ ਹੋਂਦ ਭਰਮ ਹੈ। ਇਹ ਭਰਮ ਆਪਾ ਭਾਵ ਤੋਂ ਪੈਦਾ ਹੁੰਦਾ ਹੈ। ਜਦੋਂ ਸ਼ਬਦ ਦੇ ਸਮੁੰਦਰ ਵਿਚੋਂ ਉਠੀ ਕਿਸੇ ਲਹਿਰ ਨੂੰ ਇਹ ਭਰਮ ਪੈ ਜਾਵੇ ਕਿ ਉਹ ਹੀ ਸਤਿ (ਸਬਜੈਕਟ) ਹੈ ਅਤੇ ਉਸ ਦੁਆਲੇ ਪਸਰਿਆਂ ਬਾਹਰੀ ਜਗਤ ਔਬਜੈਕਟ, ਤਾਂ ਉਹ ਹਉਮੈ ਸੁੰਨ (ਅਨਹਤ) ਸ਼ਬਦ ਨੂੰ ਅਨੇਕ ਸ਼ਬਦਾਂ ਵਿਚ ਵਿਖੰਡਿਤ ਹੋਇਆ ਅਨੁਭਵ ਕਰਦੀ ਹੈ। ਇਨ੍ਹਾਂ ਅਨੇਕ ਸ਼ਬਦਾਂ ਦੇ ਜੋੜ-ਤੋੜ (ਮਾਇਆ) ਰਾਹੀਂ (ਜੋ ਹਉਮੈ ਦੀ ਆਜ਼ਾਦੀ ਅਤੇ ਸਿਰਜਣਾਤਮਕਤਾ ਹੈ) ਉਹ ਹਉਮੈ ਆਪਣੀ ਬੋਲੀ, ਸੰਸਕ੍ਰਿਤੀ ਅਤੇ ਦ੍ਰਿਸ਼ਟਮਾਨ ਸੰਸਾਰ ਦੀ ਸਿਰਜਣਾ ਕਰ ਲੈਂਦੀ ਹੈ।
4. ‘ਮੈਂ’ ਜਦੋਂ ਇਨ੍ਹਾਂ ਅਨੇਕ ਸ਼ਬਦਾਂ ਦੇ ਜੋੜ-ਤੋੜ ਕਰਦੀ ਹੈ, ਤਾਂ ਉਨ੍ਹਾਂ ਵਿਚੋਂ ਅਰਥਾਂ ਦੀ ਲੋਅ ਉਪਜਦੀ ਹੈ, ਜਿਸ ਨੂੰ ਪੱਛਮੀ ਵਿਚਾਰਧਾਰਾ ਅਤੇ ਇਸਾਈ ਹਰਮਿਊਨਿਟਕਸ ਪਵਿੱਤਰ ਟੈਕਸਟ ਦਾ ਸਤਿ ਸਮਝ ਕੇ ਖੋਜ ਰਹੀ ਹੈ। ਉਨ੍ਹਾਂ ਨੂੰ ਇਹ ਗੱਲ ਬੜੀ ਦੇਰ ਨਾਲ ਸਮਝ ਪਈ ਕਿ ਸ਼ਬਦਾਂ ਦੇ ਅੰਦਰ ਕੋਈ ਪੱਕੇ ਅਰਥ ਨਹੀਂ ਪਏ ਹੁੰਦੇ। ਸ਼ਬਦਾਂ ਦੀ ਵਿਭਿੰਨ ਪ੍ਰਸਥਿਤੀਆਂ ਵਿਚ ਵਰਤੋਂ ਹੀ ਇਨ੍ਹਾਂ ਦੇ ਵਹਾ ਨੂੰ ਸਿਰਜਦੀ-ਕੰਟਰੋਲ ਕਰਦੀ ਹੈ।
5. ਸ਼ਬਦ ਦੇ ਅਰਥ ਉਸ ਅੰਦਰ ਫੌਸਿਲ ਵਾਂਗ ਸਥਾਈ ਰੂਪ ਵਿਚ ਟਿਕੇ ਨਹੀਂ ਹੁੰਦੇ, ਉਸ ਦੁਆਰਾ ਦੂਜੇ ਸ਼ਬਦਾਂ ਨਾਲ ਵੰਨ-ਸੁਵੰਨੀਆਂ ਰਿਸ਼ਤਗੀਆਂ ਤੇ ਨਾਤੇਦਾਰੀਆਂ ਪੁਗਾਉਣ ਅਤੇ ਉਨ੍ਹਾਂ ਨਾਲ ਖੇਡਾਂ ਖੇਡਣ ਵਿਚੋਂ ਉਗਮਦੇ ਤੇ ਵਿਗਸਦੇ ਹਨ। ਇਸੇ ਸ਼ਬਦਣ ਪ੍ਰਕਿਰਿਆ ਵਿਚੋਂ ਸਮਾਜ-ਸੰਸਕ੍ਰਿਤਕ ਅਤੇ ਆਰਥਕ-ਰਾਜਨੀਤਕ ਗਤੀ ਪੈਦਾ ਹੁੰਦੀ ਹੈ। ‘ਅਰਥ’ ਕਹਿਣਾ ਸ਼ਾਇਦ ਠੀਕ ਨਹੀਂ, ਕਿਉਂਕਿ ਸ਼ਬਦਾਂ ਦੇ ਇਹ ਨੈਟਵਰਕ ਅਰਥ ਨਹੀਂ, ਗਤੀਸ਼ੀਲ ਸੋਝੀ ਪੈਦਾ ਕਰਦੇ ਹਨ। ਇਹ ਗਤੀਸ਼ੀਲ ਸੋਝੀ ਦੀ ਧਾਰਨਾ ਦੇ ਪੱਛਮੀ ਚਿੰਤਨ ਵਿਚੋਂ ਗੈਰਹਾਜ਼ਰ ਹੋਣ ਕਾਰਨ ਹੀ, ਉਨ੍ਹਾਂ ਦੀ ਹਰਮਿਊਨਿਟਕਸ ਨੇ, ਪਵਿਤਰ ਬਾਈਬਲ ਨੂੰ ਉਸ ਦੇ ਅਰਥਾਂ ਦੀ ਖੁਦਾਈ ਤੱਕ ਸੀਮਤ ਕਰੀ ਰੱਖਿਆ, ਜਿਸ ਕਾਰਨ ਉਹ ਸਮਕਾਲੀ ਚੁਣੌਤੀਆਂ ਦੇ ਸਮਾਧਾਨ ਲਈ ਪਵਿਤਰ ਪੁਸਤਕ ਨੂੰ ਗੁਰੂ ਮੰਨ ਕੇ ਉਸ ਤੋਂ ਰਹਿਨੁਮਾਈ ਪ੍ਰਾਪਤ ਕਰਨ ਦੀ ਜੁਗਤ ਵਿਕਸਿਤ ਹੀ ਨਾ ਕਰ ਸਕੇ। ਉਲਟਾ ਪਵਿਤਰ ਪੁਸਤਕ ਨੂੰ ਨਿੱਜੀ ਮਾਮਲਿਆਂ ਤੱਕ ਸੀਮਤ ਕਰ ਲਿਆ।
6. ਕਿਸੇ ਸ਼ਬਦ ਦਾ ਨੈਟਵਰਕ, ਜਦੋਂ ਫੈਲਦਾ ਫੈਲਦਾ, ਹਰ ਦੂਜੇ ਸ਼ਬਦ ਨਾਲ ਰਿਸ਼ਤਾ ਕਾਇਮ ਕਰ ਲਵੇਗਾ, ਤਾਂ ਉਹ ਸ਼ਬਦ ਬ੍ਰਹਮ ਬਣ ਜਾਵੇਗਾ। ਸਿਰਫ ਓਮ ਹੀ ਨਹੀਂ, ਹਰ ਸ਼ਬਦ ਵਿਚ ਸ਼ਬਦ-ਬ੍ਰਹਮ ਦੀਆਂ ਸੰਭਾਵਨਾਵਾਂ ਪਈਆਂ ਹਨ। ਹਰ ਸ਼ਬਦ, ਭਾਵੇਂ ਉਸ ਨੂੰ ਕੋਈ ਵੀ ਅਰਥ ਦਿੱਤੇ ਗਏ ਹੋਣ, ਹੌਲੀ ਹੌਲੀ ਦੂਜੇ ਸ਼ਬਦਾਂ ਨਾਲ ਰਿਸ਼ਤੇ ਜੋੜਦਾ ਤਮਾਮ ਆਪਣੀ ਸੋਝੀ ਦੇ ਵਿਕਾਸ ਰਾਹੀਂ ਬ੍ਰਹਮ ਚੇਤਨਾ ਦੇ ਰਸਤੇ ਪਿਆ ਹੋਇਆ ਹੈ। ‘ਸੂਰਜ’ ਸ਼ਬਦ ਦੀ ਮਿਸਾਲ ਲੈ ਕੇ ਇਸ ਧਾਰਨਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਸੂਰਜ ਕੀ ਹੈ? ਸੂਰਜ ਰੈਫਰੈਂਟ ਦੇ ਸੂਰਜ ਸ਼ਬਦ ਨਾਲ ਰਿਸ਼ਤੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ; ਭਾਵੇਂ ਇਹ ਨਾਮਕਰਣ, ਉਹ ਜੋ ਸੂਰਜ ਨਹੀਂ ਹਨ, ਨਾਲੋਂ ਸੂਰਜ ਦੀ ਵੱਖਰੀ ਪਛਾਣ ਕਾਰਨ ਹੀ ਹੋਂਦ ਵਿਚ ਆਇਆ। ਸੂਰਜ ਦੀ ਅੱਡਰੀ ਪਛਾਣ ਸਥਾਪਤ ਹੋ ਜਾਣ ਬਾਅਦ ਸੂਰਜ ਦਾ ਨਾਮਕਰਣ ਹੋਇਆ ਜਾਂ ਸੂਰਜ ਦੇ ਨਾਮਕਰਣ ਨਾਲ ਹੀ ਸੂਰਜ ਦੀ ਅੱਡਰੀ ਪਛਾਣ ਬਣਨੀ ਸ਼ੁਰੂ ਹੋਈ, ਪਹਿਲਾਂ ਕੌਣ ਵਾਲੇ ਝੰਜਟ ਵਿਚ ਪੈਣ ਦੀ ਲੋੜ ਨਹੀਂ, ਦੋਹਾਂ ਦੀ ਸਾਂਝੀ ਇਤਿਹਾਸਕਤਾ ਹੈ। ਸੂਰਜ ਸ਼ਬਦ ਦਾ ਤਾਂ ਇਤਿਹਾਸ ਹੋ ਸਕਦਾ ਹੈ, ਜੋ ਸੂਰਜ (ਰੈਫਰੈਂਟ) ਬਾਰੇ ਸਾਡੀ ਵਧ ਰਹੀ ਸਮਝ ਵਿਚੋਂ ਪੈਦਾ ਹੋਇਆ, ਪਰ ਸੂਰਜ (ਰੈਫਰੈਂਟ) ਦਾ ਉਹ ਕਿਹੜਾ ਇਤਿਹਾਸ ਹੈ, ਜੋ ਸੂਰਜ (ਸ਼ਬਦ) ਬਾਰੇ ਸਾਡੀ ਵਧ ਰਹੀ ਸੋਝੀ ਵਿਚੋਂ ਪੈਦਾ ਹੋਇਆ ਹੋਵੇ?
ਨਿਰਸੰਦੇਹ ਸੂਰਜ ਸ਼ਬਦ, ਸੂਰਜ ਰੈਫਰੈਂਟ ਵੱਲ ਸੰਕੇਤ ਕਰਦਾ ਹੈ; ਪਰ ਸੂਰਜ ਸ਼ਬਦ ਸੂਰਜ ਰੈਫਰੈਂਟ ਨੂੰ ਉਤਪਾਦ/ਪੈਦਾ ਨਹੀਂ ਕਰਦਾ। ਸੂਰਜ ਦੀ ਸੋਝੀ ਪੈਦਾ ਕਰਦਾ ਹੈ। ਸੂਰਜ ਸ਼ਬਦ ਅਤੇ ਸੂਰਜ ਸੋਝੀ ਦਾ ਸਾਂਝਾ ਵਿਕਾਸ ਹੁੰਦਾ ਹੈ, ਇਹ ਸਮਝਣਾ ਮੁਸ਼ਕਿਲ ਨਹੀਂ, ਕਿਉਂਕਿ ਸੂਰਜ ਸ਼ਬਦ ਦੂਜੇ ਸ਼ਬਦਾਂ ਜਿਵੇਂ ਰੌਸ਼ਨੀ, ਧੁਪ, ਛਾਂ, ਚੰਦਰਮਾ, ਆਕਾਸ਼, ਬ੍ਰਹਿਮੰਡ, ਧਰਤੀ, ਦਿਨ-ਰਾਤ, ਗਰਮੀ-ਸਰਦੀ, ਬਨਸਪਤੀ, ਊਰਜਾ, ਕਲੋਰੋਫਿਲ, ਫੋਟੋਨ, ਗੁਰੂਤਾ ਆਦਿ ਨਾਲ ਰਿਸ਼ਤੇ ਜੋੜਦਾ ਹੋਇਆ ਆਪ ਹੀ ਨਹੀਂ ਵਿਗਸਦਾ। ਸੂਰਜ ਸੋਝੀ ਵੀ ਵਿਗਸਦੀ ਹੈ, ਜੋ ਅਗਾਂਹ ਸੂਰਜ ਰੈਫਰੈਂਟ ਦੀ ਮੈਨੂਪਲੇਸ਼ਨ ਵਿਚ ਵਾਧੇ ਨਾਲ ਜੁੜੀ ਹੋਈ ਹੈ।
ਗੁਰਮਤਿ ਦੀ ਰੈਡੀਕਲ ਹਰਮੀਨਿਊਟਿਕਸ ਨਾਲ ਲੈਸ ਹੋਣ ਦੇ ਬਾਵਜੂਦ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਇਸ ਲਈ ਸੇਧ-ਸੋਝੀ ਪ੍ਰਾਪਤ ਨਹੀਂ ਕਰ ਰਹੇ, ਕਿਉਂਕਿ ਪੱਛਮੀ ਚਿੰਤਨ ਨਾਲ ਚਿੰਬੜੇ ਹੋਣ ਕਰਕੇ, ਮੌਲਿਕ ਅਰਥਾਂ ਦੀ ਤਲਾਸ਼ ਵਿਚ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਿਸ਼ਿਸ਼ਟ ਰਾਜਨੀਤਕ-ਇਤਿਹਾਸਕ ਕੌਨਟੈਕਸਟ ਅਤੇ ਪ੍ਰਸਪੈਕਟਿਵ ਵਿਚ ਫਿਕਸ ਕਰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਤਦੇ ਸੇਧ-ਸੋਝੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜੇ ਅਸੀਂ ਗੁਰੂ ਨੂੰ ਗੁਰਮਤਿ ਦੇ ਸ਼ਬਦ ਸਿਧਾਂਤ ਦੀ ਰੌਸ਼ਨੀ ਵਿਚ ਪਹੁੰਚ ਕਰੀਏ।
ਦਰਪੇਸ਼ ਸੁਆਲਾਂ, ਸੰਕਟਾਂ, ਸਮੱਸਿਆਵਾਂ ਅਤੇ ਚੁਣੌਤੀਆਂ ਦੇ ਸਬੰਧ ਵਿਚ, ਗੁਰੂ ਗ੍ਰੰਥ ਸਾਹਿਬ ਅੱਗੇ ਪੇਸ਼ ਹੋ ਕੇ, ਉਸ ਤੋਂ ਕਿਸ ਰੂਪ ਵਿਚ ਸੇਧ ਪ੍ਰਾਪਤ ਕੀਤੀ ਜਾ ਸਕਦੀ ਹੈ, ਦੇ ਜੁਅਬ ਵਿਚ, ਉਕਤ ਚਰਚਾ ਨੂੰ ਸਮੇਟਦਿਆਂ ਆਖਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੋਣ ਵਾਲੀਆਂ ਅੰਤਰਦ੍ਰਿਸ਼ਟੀਆਂ ਦੀ, ਸਮੇਂ-ਸਥਾਨ ਦੀਆਂ ਲੋੜਾਂ ਅਨੁਸਾਰ, ਵਿਭਿੰਨ ਧਿਰਾਂ ਵੱਲੋਂ ਕੀਤੀਆਂ ਗਈਆਂ ਸਮਾਨੰਤਰ ਵਿਆਖਿਆਵਾਂ ਦੇ ਸੰਘਰਸ਼ ਵਿਚੋਂ ਪ੍ਰਾਪਤ ਹੋਣ ਵਾਲੀਆਂ ਕਾਰਜਨੀਤੀਆਂ ਨੂੰ ਗੁਰੂ-ਪੰਥ ਦੀ ਪਾਰਲੀਮੈਂਟ ਵਿਚ ਪੇਸ਼ ਕਰਕੇ ਗੁਰਮਤਿਆਂ ਦੇ ਰੂਪ ਵਿਚ ਪ੍ਰਾਪਤ ਹੋ ਸਕਦੀ ਹੈ। ਗੁਰਮਤਿ ਦੇ ਸ਼ਬਦ ਸਿਧਾਂਤ ਉਪਰ ਟਿਕੀ ਰੈਡੀਕਲ ਹਰਮੀਨਿਊਟਿਕਸ ਦੀ ਇਹ ਵਿਲੱਖਣ ਧਾਰਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਮਾਨਵਤਾ ਨੂੰ ਵੱਡੀ ਦੇਣ ਹੈ।