ਮਿੱਟੀ ਦਾ ਹਾਰਾ ਪੱਥਦੀ ਏ…

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਪੰਜਾਬੀ ਲੋਕ ਜੀਵਨ ਵਿਚ ਔਰਤਾਂ ਗਾਰੇ, ਮਿੱਟੀ, ਚੀਕਣੀ ਮਿੱਟੀ, ਬਾਰੀਕ ਤੂੜੀ ਰਲੀ ਮਿੱਟੀ ਆਦਿ ਨਾਲ ਘਰ ਵਿਚ ਵਰਤੋਂ ਵਿਚ ਆਉਣ ਵਾਲੀਆਂ ਕਈ ਚੀਜ਼ਾਂ ਬੜੀ ਰੀਝ ਨਾਲ ਬਣਾਉਂਦੀਆਂ ਰਹੀਆਂ ਹਨ। ਮਿੱਟੀ ਨਾਲ ਕੀਤੇ ਜਾਣ ਵਾਲੇ ਬਹੁਤੇ ਕੰਮ ਔਰਤਾਂ ਦੇ ਹੱਥਾਂ ਰਾਹੀਂ ਸਿਰਜੀਆਂ ਖੂਬਸੂਰਤ ਕਲਾਕ੍ਰਿਤਾਂ ਹੁੰਦੇ ਸਨ। ਚੁੱਲ੍ਹੇ-ਚੌਂਕੇ, ਓਟੇ, ਲੋਹ, ਭੜੋਲੀ, ਭੜੋਲੇ, ਤੰਦੂਰ, ਆਲੇ, ਅਨਾਜ ਨੂੰ ਸਾਂਭ ਕੇ ਰੱਖਣ ਵਾਲੇ ਢੋਲ, ਮਟਕੇ ਆਦਿ ਵਾਂਗ ਹਾਰਾ ਵੀ ਨਿੱਤ ਵਰਤੋਂ ਵਿਚ ਲਿਆਂਦੀ ਜਾਣ ਵਾਲੀ ਹੱਥਾਂ ਨਾਲ ਬਣਾਈ ਉਪਯੋਗੀ ਵਸਤੂ ਹੁੰਦਾ ਸੀ।

ਹਾਰਾ ਆਪਣੇ-ਆਪ ਵਿਚ ਲੋਕ ਕਲਾ ਦਾ ਬਿਹਤਰੀਨ ਨਮੂਨਾ ਹੁੰਦਾ ਸੀ। ਮੈਂ ਬਚਪਨ ਵਿਚ ਵੇਖਿਆ ਹੈ ਕਿ ਪਿੰਡਾਂ ਦੇ ਕਈ ਘਰਾਂ ਵਿਚ ਚੁੱਲ੍ਹੇ-ਚੌਂਕੇ ਦੇ ਕੋਲ ਹੀ ਕਿਸੇ ਕੰਧ ਵਿਚ ਇੱਕ ਆਲਾ ਬਣਾਇਆ ਹੁੰਦਾ ਸੀ, ਉਸ ਵਿਚ ਕੁਝ ਕੁ ਡੂੰਘੀ ਢੋਲ ਦੀ ਸ਼ਕਲ ਦੀ ਬਣਾਈ ਗੋਲਾਕਾਰ ਥਾਂ ਨੂੰ ਲਿੱਪ-ਪੋਚ ਕੇ ਸੰਵਾਰ ਲਿਆ ਜਾਂਦਾ ਸੀ। ਅੰਦਰੋਂ ਵੇਖਣ ਨੂੰ ਉਹ ਢੋਲ ਦੀ ਸ਼ਕਲ ਦਾ ਪ੍ਰਤੀਤ ਹੁੰਦਾ ਸੀ। ਉਸ ਵਿਚ ਪਾਥੀਆਂ ਜਾਂ ਗੋਹੇ ਧੁਖਾ ਲਏ ਜਾਂਦੇ ਸਨ। ਦਾਲ/ਸਬਜ਼ੀ ਰਿੰਨ੍ਹਣ ਲਈ ਉਸ ਉੱਪਰ ਤੌੜੀ ਜਾਂ ਦੁੱਧ ਕਾੜ੍ਹਨ ਲਈ ਕਾੜ੍ਹਨੀ ਰੱਖ ਦਿੱਤੀ ਜਾਂਦੀ ਸੀ ਜਾਂ ਇੱਕ ਹੋਰ ਰੂਪ ਵਿਚ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਲਾ ਹਾਰਾ ਵੀ ਬਣਾਇਆ ਜਾਂਦਾ ਸੀ। ਕਿਸੇ ਟੁੱਟੇ ਹੋਏ ਘੜੇ ਦੇ ਮੂੰਹ ਨੂੰ ਪੁੱਠਾ ਕਰਕੇ ਉਸ ਨੂੰ ਆਧਾਰ ਬਣਾ ਕੇ ਉਸ ਉੱਪਰ ਸਖਤ ਗੁੰਨ੍ਹੀ ਮਿੱਟੀ ਨੂੰ ਦੋਹਾਂ ਹੱਥਾਂ ਨਾਲ ਦਬਾਅ-ਦਬਾਅ ਕੇ ਗੋਲਾਈ ਵਿਚ ਬੜੀ ਜੁਗਤ ਨਾਲ ਹਾਰੇ ਦੀ ਉਸਾਰੀ ਕੀਤੀ ਜਾਂਦੀ ਸੀ।
ਹਾਰੇ ਦੇ ਜਿਸਮ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਮਿੱਟੀ ਦੀਆਂ ਤਹਿਆਂ ਵਿਚ ਕਿਧਰੇ-ਕਿਧਰੇ ਠੀਕਰੀਆਂ ਰੱਖ ਕੇ ਟਿਕਾਅ ਦਿੱਤੀਆਂ ਜਾਂਦੀਆਂ ਸਨ। ਉੱਪਰ ਮਿੱਟੀ ਦਾ ਲੇਪ ਕਰ ਦਿੱਤਾ ਜਾਂਦਾ ਸੀ। ਮਿੱਟੀ ਦਾ ਇੱਕ ਵਾਰ ਦੇ ਕੇ ਉਸ ਨੂੰ ਸੁੱਕ ਲੈਣ ਦਿੱਤਾ ਜਾਂਦਾ ਸੀ। ਇਸ ਕਰਕੇ ਉੱਪਰ ਤੋਂ ਉੱਪਰ ਚੱਲਣ ਵਾਲੀ ਉਸਾਰੀ ਨੂੰ ਅਗਲੇ ਦਿਨ ਜਾਂ ਕੁਝ ਘੰਟਿਆਂ ਪਿੱਛੋਂ ਛੋਹਿਆ ਜਾਂਦਾ ਸੀ। ਹਾਰੇ ਦਾ ਮੂੰਹ ਖੁੱਲ੍ਹਾ ਤੇ ਗੋਲ ਰੱਖਿਆ ਜਾਂਦਾ ਸੀ। ਉਸ ਦੇ ਸੁੱਕਣ ਪਿੱਛੋਂ ਉਸ ਨੂੰ ਲਿੱਪ-ਪੋਚ ਕੇ ਸੰਵਾਰ ਲਿਆ ਜਾਂਦਾ ਸੀ। ਆਖਰੀ ਛੋਹਾਂ ਪ੍ਰਦਾਨ ਕਰਨ ਲਈ ਉਸ ਉੱਪਰ ਗੋਲੂ ਮਿੱਟੀ ਜਾਂ ਗਾਚੀ ਮਿੱਟੀ ਦਾ ਪੋਚਾ ਫੇਰਿਆ ਜਾਂਦਾ ਸੀ। ਚੰਗੀ ਤਰ੍ਹਾਂ ਸੁੱਕਣ ਪਿੱਛੋਂ ਉਸ ਨੂੰ ਵਰਤੋਂ ਵਿਚ ਲਿਆਂਦਾ ਜਾਂਦਾ ਸੀ। ਹਾਰੇ ਦੀ ਮਿੱਟੀ ਬਾਰੇ ਪੰਜਾਬੀ ਦੇ ਇਕ ਲੋਕ ਗੀਤ/ਗੀਤ ਦੀਆਂ ਪੰਕਤੀਆਂ ਵੇਖਣਯੋਗ ਹਨ:
ਨਾ ਤੂੰ ਚੁੱਲ੍ਹੇ ਦੀ ਮਿੱਟੀ,
ਨਾ ਤੂੰ ਹਾਰੇ ਦੀ ਮਿੱਟੀ
ਤੈਨੂੰ ਸਾਂਭ ਸਾਂਭ ਰੱਖਾਂ,
ਤੂੰ ਹਮਾਮ ਦੀ ਟਿੱਕੀ
ਤੈਨੂੰ ਸਾਂਭ ਸਾਂਭ ਰੱਖਾਂ…।

ਦਾਦਕੇ ਕੁੜੀ ਦੇ ਚੀਕਣੀ ਮਿੱਟੀ ਦੇ ਹਾਰੇ
ਬਈ ਦੁੱਧ ਦਾ ਗਲਾਸ ਡੁੱਲ੍ਹ ਗਿਆ
ਸਾਰਾ ਟੱਬਰ ਚਿੰਗਾੜੇ ਮਾਰੇ,
ਬਈ ਦੁੱਧ ਦਾ ਗਲਾਸ ਡੁੱਲ੍ਹ ਗਿਆ।
ਢੋਲ ਦੀ ਸ਼ਕਲ-ਸੂਰਤ ਤੇ ਰੂਪ ਵਾਲੇ ਮਿੱਟੀ ਨਾਲ ਬਣਾਏ ਇਸ ਸੰਦ ਨੂੰ ਹਾਰਾ ਕਹਿੰਦੇ ਸਨ। ਹਾਰਾ ਪਿੰਡ ਦੀਆਂ ਔਰਤਾਂ ਦੀ ਹਸਤ ਕਲਾ ਦਾ ਉੱਤਮ ਨਮੂਨਾ ਸਮਝਿਆ ਜਾਂਦਾ ਸੀ। ਉਹ ਘਰ ਵਿਚ ਨਿੱਤ ਵਰਤੋਂ ਵਿਚ ਆਉਣ ਵਾਲਾ ਸੰਦ ਸਾਧਨ ਤਾਂ ਹੁੰਦਾ ਹੀ ਸੀ, ਉਹ ਘਰ ਦਾ ਸ਼ਿੰਗਾਰ ਵੀ ਹੁੰਦਾ ਸੀ। ਹਾਰੇ ਵਿਚ ਰਿੰਨ੍ਹੀਆਂ ਜਾਂਦੀਆਂ ਦਾਲਾਂ/ਸਬਜ਼ੀਆਂ ਜਾਂ ਪਕਾਏ ਜਾਂਦੇ ਹੋਰ ਕਈ ਤਰ੍ਹਾਂ ਦੇ ਵੰਨ-ਸੁਵੰਨੇ ਪਕਵਾਨਾਂ ਦਾ ਸਵਾਦ ਅਤੇ ਮਹਿਕ ਆਪਣੀ ਹੀ ਤਰ੍ਹਾਂ ਦੀ ਵਿਸ਼ੇਸ਼ ਕਿਸਮ ਦੀ ਹੁੰਦੀ ਸੀ:
ਚੁੱਲ੍ਹੇ ਪਕਾਵਾਂ ਰੋਟੀਆਂ
ਕੋਈ ਹਾਰੇ ਧਰਦੀ ਦਾਲ
ਸਾਰੀਆਂ ਖਾ ਗਿਆ ਰੋਟੀਆਂ
ਤੇ ਸਾਰੀ ਪੀ ਗਿਆ ਦਾਲ
ਵੇ ਤੈਨੂੰ ਹਾਈਆ ਹੋ’ਜੇ
ਭੁੱਖੇ ਤਾਂ ਮਰ’ਗੇ ਮੇਰੇ ਲਾਲ, ਵੇ ਤੈਨੂੰ…।
ਹਾਰੇ ਵਿਚ ਪਾਥੀਆਂ/ਗੋਹੇ ਆਦਿ ਪਾ ਕੇ ਜਲਾਏ/ਧੁਖਾਏ ਜਾਂਦੇ ਸਨ। ਹਾਰੇ ਦਾ ਢੱਕਣ ਵੀ ਮਿੱਟੀ ਦਾ ਬਣਾਇਆ ਜਾਂਦਾ ਸੀ। ਹਾਰੇ ਵਿਚਲੇ ਗੋਹਿਆਂ/ਪਾਥੀਆਂ ਦੀ ਅੱਗ ਸਾਰਾ ਦਿਨ ਬਲਦੀ/ਧੁਖਦੀ ਰਹਿੰਦੀ ਸੀ। ਕਾੜ੍ਹਨੀ ਵਿਚ ਰੱਖਿਆ ਦੁੱਧ ਕੜ੍ਹ-ਕੜ੍ਹ ਕੇ ਹਲਕੇ ਬਦਾਮੀ ਜਿਹੇ ਰੰਗ ਦਾ ਹੋ ਜਾਂਦਾ ਸੀ। ਉੱਪਰ ਮਲਾਈ ਦੀ ਮੋਟੀ ਤਹਿ ਬਣ ਜਾਂਦੀ ਸੀ। ਉਸ ਦੁੱਧ ਦੀ ਮਹਿਕ ਬੜੀ ਨਿਵੇਕਲੀ ਹੁੰਦੀ ਸੀ। ਲੋਕ ਉਸ ਨੂੰ ਬਹੁਤ ਪਸੰਦ ਕਰਦੇ ਤੇ ਬੜੇ ਚਾਅ ਨਾਲ ਪੀਂਦੇ ਸਨ। ਉਸ ਦੁੱਧ ਤੋਂ ਬਣਾਏ ਦਹੀਂ ਅਤੇ ਲੱਸੀ ਦਾ ਸੁਆਦ ਵੀ ਆਮ ਦੁੱਧ ਤੇ ਦਹੀਂ ਨਾਲੋਂ ਵੱਖਰੀ ਕਿਸਮ ਦਾ ਹੁੰਦਾ ਸੀ। ਹਾਰੇ ਵਿਚ ਰੱਖ ਕੇ ਬਣਾਈ ਦਾਲ/ਸਬਜ਼ੀ ਜਾਂ ਕਿਸੇ ਹੋਰ ਪਕਵਾਨ ਦਾ ਸੁਆਦ ਵੀ ਆਪਣਾ ਹੀ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਘੁਮਿਆਰ ਮਿੱਟੀ ਦੇ ਭਾਂਡੇ ਵੇਚਣ ਲਈ ਪਿੰਡਾਂ ਵਿਚ ਫੇਰੀ ਲਾਉਂਦੇ ਹੁੰਦੇ ਸਨ। ਉਹ ਚਾਟੀਆਂ, ਕਾੜ੍ਹਨੀਆਂ, ਚੱਪਣੀਆਂ, ਮੱਘ੍ਹੀਆਂ, ਮਟਕੀਆਂ, ਘੜੇ, ਘੜੀਆਂ, ਸੁਰਾਹੀਆਂ, ਦੌਰੇ ਆਦਿ ਵੇਚਣ ਆਉਂਦੇ ਸਨ। ਔਰਤਾਂ ਇਕੱਠੀਆਂ ਹੋ ਕੇ ਆਪਣੀ-ਆਪਣੀ ਲੋੜ ਅਨੁਸਾਰ ਇੱਕ-ਦੂਜੀ ਦੀ ਸਲਾਹ ਨਾਲ ਉਨ੍ਹਾਂ ਭਾਂਡਿਆਂ ਦੀ ਨਿਰਖ-ਪਰਖ ਕਰਕੇ ਉਨ੍ਹਾਂ ਨੂੰ ਖਰੀਦਦੀਆਂ ਸਨ। ਹੌਲੀ-ਹੌਲੀ ਮਿੱਟੀ ਦੇ ਭਾਂਡੇ ਘਰਾਂ ਵਿਚੋਂ ਗਾਇਬ ਹੁੰਦੇ ਗਏ। ਉਨ੍ਹਾਂ ਦੀ ਥਾਂ ‘ਤੇ ਪਿੱਤਲ, ਐਲੂਮੀਨੀਅਮ, ਸਟੀਲ ਆਦਿ ਦੇ ਬਰਤਨਾਂ ਦੀ ਸਰਦਾਰੀ ਹੁੰਦੀ ਗਈ। ਹੁਣ ਰਸੋਈ ਗੈਸ, ਪ੍ਰੈਸ਼ਰ ਕੁੱਕਰ, ਮਾਈਕਰੋ ਓਵਨ ਆਦਿ ਨੇ ਰਸੋਈ ਉੱਪਰ ਮੁਕੰਮਲ ਕਬਜ਼ਾ ਕਰ ਲਿਆ ਹੈ।
ਉਹ ਸਮਾਂ ਯਾਦ ਆਉਂਦਾ ਹੈ, ਜਦੋਂ ਹਾਰੇ ਵਿਚ ਮਿੱਟੀ ਦੇ ਭਾਂਡੇ ਵਿਚ ਹੀ ਸਾਗ, ਦਾਲ, ਸਬਜ਼ੀ, ਭਾਜੀ, ਖੀਰ, ਖਿਚੜੀ, ਦਲੀਆ ਜਾਂ ਹੋਰ ਕੁਝ ਜੋ ਵੀ ਪਕਾਉਣਾ ਹੁੰਦਾ, ਧਰ ਦਿੱਤਾ ਜਾਂਦਾ ਸੀ। ਦਿਨ ਦੌਰਾਨ ਵਿਚ-ਵਿਚਾਲੇ ਇੱਕ-ਦੋ ਵਾਰੀ ਅੱਗ ਦੇ ਸੇਕ ਨੂੰ ਮਘਾਈ ਰੱਖਣ ਲਈ ਹੋਰ ਗੋਹੇ ਜੜ ਦਿੱਤੇ ਜਾਂਦੇ ਸਨ। ਗੋਹਿਆਂ ਦੀ ਮੱਠੀ-ਮੱਠੀ ਅੱਗ ਸੁਲਘਦੀ ਰਹਿੰਦੀ ਸੀ ਤੇ ਪਕਵਾਨ ਹੌਲੀ-ਹੌਲੀ ਪੱਕਦਾ ਰਹਿੰਦਾ ਸੀ। ਹਾਰੇ ਵਿਚ ਰੱਖੇ ਗੋਹੇ ਸਾਰਾ ਦਿਨ ਹੌਲੀ-ਹੌਲੀ ਧੁਖਦੇ ਰਹਿੰਦੇ ਸਨ ਤੇ ਉਨ੍ਹਾਂ ਉਪਰ ਜਿਹੜੀ ਵੀ ਚੀਜ਼ ਪਕਾਉਣ/ਰਿੰਨ੍ਹਣ ਲਈ ਰੱਖੀ/ਧਰੀ ਜਾਂਦੀ ਸੀ, ਉਹ ਬਹੁਤ ਹੀ ਸਵਾਦਲੀ ਬਣਦੀ ਹੁੰਦੀ ਸੀ।
ਸੁਘੜ ਸੁਆਣੀਆਂ ਹਾਰੇ ਨੂੰ ਸ਼ਿੰਗਾਰ ਕੇ ਰੱਖਣ ਵਿਚ ਵੀ ਮਾਣ ਮਹਿਸੂਸ ਕਰਦੀਆਂ ਸਨ। ਚੁੱਲ੍ਹੇ-ਚੌਕੇ ਨੂੰ ਸ਼ਿੰਗਾਰਨ ਵਾਂਗ ਉਹ ਹਾਰੇ ਦੇ ਬਾਹਰਲੇ ਸਿਰੇ ‘ਤੇ ਵੰਨ-ਸੁਵੰਨੀਆਂ ਆਕ੍ਰਿਤੀਆਂ ਜਿਵੇਂ ਮੋਰ, ਘੁੱਗੀਆਂ, ਤੋਤੇ, ਫੁੱਲ, ਪੱਤੀਆਂ ਆਦਿ ਬਣਾ ਲੈਂਦੀਆਂ ਸਨ। ਕਿਧਰੇ ਜਮ੍ਹਾਂ ਜਾਂ ਗੁਣਾ ਆਦਿ ਦੇ ਨਿਸ਼ਾਨ/ਸੰਕੇਤ ਬਣਾ ਕੇ ਅਤੇ ਕਿਧਰੇ ਮਣਕਿਆਂ ਜਾਂ ਸੰਗਲੀ ਦੀਆਂ ਕੜੀਆਂ ਵਾਂਗ ਕੋਈ ਡਿਜ਼ਾਈਨ ਬਣਾ ਕੇ ਹਾਰੇ ਨੂੰ ਸ਼ਿੰਗਾਰਿਆ ਜਾਂਦਾ ਸੀ। ਮਿੱਟੀ ਨਾਲ ਅਜਿਹੀਆਂ ਚੀਜ਼ਾਂ ਬਣਾਉਣ ਵਿਚ ਸਿਰਫ ਔਰਤਾਂ ਹੀ ਮਾਹਿਰ ਹੁੰਦੀਆਂ ਸਨ। ਉਹ ਕਲਾ ਕਿਰਤਾਂ ਲਲਿਤ ਕਲਾਵਾਂ ਵਿਚਲੇ ਪੈਟਰਨ ਵਿਸ਼ੇ ਦੀ ਵਿਧੀਬੱਧ ਸਿੱਖਿਆ ਪ੍ਰਾਪਤ ਕਿਸੇ ਵਿਸ਼ਾ ਮਾਹਿਰ ਦੀਆਂ ਬਣਾਈਆਂ ਕਿਰਤਾਂ ਨਾਲੋਂ ਘੱਟ ਨਹੀਂ ਸਨ ਹੁੰਦੀਆਂ। ਪੰਜਾਬੀ ਦੇ ਇਕ ਲੋਕ ਗੀਤ ਦੀਆਂ ਤੁਕਾਂ ਵਿਚ ਹਾਰੇ ਦਾ ਜ਼ਿਕਰ ਇੰਜ ਕੀਤਾ ਗਿਆ ਮਿਲਦਾ ਹੈ:
ਮਿੱਟੀ ਦਾ ਹਾਰਾ ਪੱਥਦੀ ਏ, ਮਾਏ ਮੇਰੀਏ!
ਮੁੜ-ਮੁੜ ਦੇਨੀਂ ਏਂ ਵਾਰ, ਬੁੱਢਾ ਵਰ ਦੇਂਦੀ ਏਂ!
ਰੀਝਾਂ ਨਾਲ ਜਿਹੜਾ ਮੈਂ ਬਣਾਇਆ ਸੀ ਹਾਰਾ
ਮਾਹੀ ਉਹਦੇ ‘ਚ ਅੜਕ, ਕੱਲ੍ਹ ਡਿੱਗ ਪਿਆ ਵਿਚਾਰਾ…
ਮਿੱਟੀ ਦਾ ਹਾਰਾ ਡਿੱਗ ਪਿਆ ਮਾਏ ਮੇਰੀਏ
ਬੁੱਢੜਾ ਆ ਗਿਆ ਹੇਠ, ਬੁੱਢਾ ਵਰ ਦੇਨੀਂ ਏਂ…।
ਹੁਣ ਨਾ ਉਹ ਘਰ ਰਹੇ ਹਨ, ਨਾ ਉਹ ਚੁੱਲ੍ਹੇ-ਚੌਂਕੇ, ਨਾ ਓਟੇ, ਨਾ ਉਹ ਹਾਰੇ, ਨਾ ਦਿਨ ਭਰ ਰਿੰਨ੍ਹ-ਰਿੰਨ੍ਹ ਕੇ ਬਣਾਈਆਂ ਦਾਲਾਂ-ਸਬਜ਼ੀਆਂ, ਨਾ ਉਹ ਸਵਾਦ ਤੇ ਨਾ ਉਹ ਲੋਕ ਗੀਤ, ਜਿਨ੍ਹਾਂ ਵਿਚ ਹਾਰਿਆਂ ਦਾ ਜੱਸ ਗਾਇਆ ਜਾਂਦਾ ਸੀ। ਬਹੁਤੇ ਘਰਾਂ ਦਾ ਸ਼ਿੰਗਾਰ ਬਣੇ ਰਹੇ ਹਾਰੇ ਹੁਣ ਲਗਪਗ ਆਪਣੀ ਅਉਧ ਹੰਢਾ ਚੁਕੇ ਹਨ।
ਲੋਕ ਕਲਾਵਾਂ ਲੋਕਾਂ ਦੀਆਂ ਲੋੜਾਂ ਵਿਚੋਂ ਜਨਮ ਲੈਂਦੀਆਂ ਹਨ। ਲੋਕ ਕਲਾਵਾਂ ਅੰਦਰ ਲੋਕ ਸੱਭਿਆਚਾਰ ਦੇ ਲੱਛਣ ਸਹਿਜੇ ਹੀ ਪ੍ਰਵੇਸ਼ ਕਰ ਜਾਂਦੇ ਹਨ। ਲੋਕ ਕਲਾਵਾਂ ਦਾ ਆਧਾਰ ਹੀ ਲੋਕ ਜੀਵਨ ਬਣਦਾ ਹੈ। ਮਿੱਟੀ ਤੋਂ ਅਨੂਠੀਆਂ ਚੀਜ਼ਾਂ ਬਣਾਉਣ ਦੀ ਕਲਾ ਮਨੁੱਖ ਦੀਆਂ ਲੋੜਾਂ ਅਤੇ ਉਸ ਦੀਆਂ ਅੰਦਰਲੀਆਂ ਖਾਹਿਸ਼ਾਂ ਦੀ ਪੂਰਤੀ ਲਈ ਕੀਤੇ ਯਤਨਾਂ ਵਿਚੋਂ ਉਪਜਦੀ ਹੈ। ਹਾਰੇ ਵਰਗੀਆਂ ਮਿੱਟੀ ਨਾਲ ਬਣਾਈਆਂ ਜਾਂਦੀਆਂ ਰਹੀਆਂ ਕਲਾ-ਕ੍ਰਿਤੀਆਂ ਮਨੁੱਖ ਦੀ ਸਮੂਹਿਕ ਲੋਕ ਕਲਾ ਚੇਤਨਾ ਦੀ ਤਰਜਮਾਨੀ ਕਰਦੀਆਂ ਹਨ। ਅਜਿਹੀਆਂ ਲੋਕ ਕਲਾਵਾਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਵੀ ਕਰਦੀਆਂ, ਉਸ ਦੀ ਸੁਹਜ ਤ੍ਰਿਪਤੀ ਵੀ ਕਰਦੀਆਂ ਰਹੀਆਂ ਹਨ ਅਤੇ ਮਨੁੱਖ ਵਾਸਤੇ ਕਈ ਪੱਖਾਂ ਤੋਂ ਉਪਯੋਗੀ ਵੀ ਹੁੰਦੀਆਂ ਹਨ। ਕਹਿੰਦੇ ਹਨ, ਸਮੇਂ ਦੇ ਗੇੜ ਨਾਲ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਕੁਝ ਹਾਲਤਾਂ ਵਿਚ ਲੋਕਾਂ ਨੇ ਮੁੜ ਮਿੱਟੀ ਦੇ ਭਾਂਡਿਆਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ। ਮਿੱਟੀ ਦੇ ਘੜੇ, ਤਵੇ, ਮਟਕੀਆਂ, ਤੌੜੀਆਂ, ਸਹਾਰੀਆਂ ਆਦਿ ਮੁੜ ਬਾਜ਼ਾਰਾਂ ਵਿਚ ਵਿਕਣ ਲੱਗੀਆਂ ਹਨ। ਹੁਣ ਹਾਰੇ ਸ਼ਬਦ ਬਾਰੇ ਵੀ ਘੱਟ ਲੋਕ ਹੀ ਜਾਣਦੇ ਹੋਣਗੇ। ਕੁਝ ਵੀ ਹੋਵੇ, ਹਾਰਾ ਪੰਜਾਬੀ ਘਰਾਂ ਦਾ ਇਕ ਜ਼ਰੂਰੀ ਸੰਦ ਅਤੇ ਪੰਜਾਬੀ ਲੋਕ ਜੀਵਨ ਦੀ ਸ਼ਾਨ ਤੇ ਸ਼ਿੰਗਾਰ ਜ਼ਰੂਰ ਬਣਿਆ ਰਿਹਾ ਹੈ।