ਨੰਗੇ ਪਿੰਡੇ ਛਮਕਾਂ

ਕਰਮ ਸਿੰਘ ਮਾਨ
ਬੰਤਾ ਸਿੰਘ ਤੇ ਹਰ ਕੌਰ ਰਾਤ ਦੇ ਦਸ ਵਜੇ ਬੈਰੀ ਤੋੜ ਕੇ ਘਰ ਪੁੱਜੇ। ਪਿਛਲੇ ਛਤੜੇ ਹੇਠ ਮੀਂਹ ਵਾਲੇ ਕੱਪੜੇ ਉਤਾਰ ਕੇ ਬੰਤਾ ਸਿੰਘ ਨੇ ਬੈਕ ਡੋਰ ਦੀ ਸੁੱਚ ਦੱਬੀ। ਇੱਕ ਦੋ ਵਾਰ ਤਖਤਿਆਂ ‘ਤੇ ਧੱਫੇ ਮਾਰੇ। ਅਖੀਰ ਬਾਰ ਖੋਲ੍ਹਣ ਲਈ ਆ ਰਹੀ ਮਨਜੀਤ ਉਪਰੋਂ ਪੌੜੀਆਂ ਵਿਚੋਂ ਹੀ ਬੁੜਕੀ, “ਵੇਲੇ ਸਿਰ ਆ ਜਿਆ ਕਰੋ। ਦੋ ਮਿੰਟ ਸੌਣ ਲਈ ਵੀ ਨਹੀਂ ਮਿਲਦੇ।” ਇਹ ਕਹਿੰਦੀ ਉਹ ਪੌੜੀਆਂ ਚੜ੍ਹ ਗਈ। ਬੰਤਾ ਸਿੰਘ ਇਹ ਵੀ ਨਾ ਕਹਿ ਸਕਿਆ ਕਿ ਸਾਡੇ ਕਿਹੜਾ ਵੱਸ ਹੈ। ਉਦੋਂ ਈ ਆਉਂਦੇ ਜਦੋਂ ਵੈਨ ਆਈ। ਉਹ ਇਹ ਵੀ ਨਾ ਕਹਿ ਸਕਿਆ ਕਿ ‘ਆਪਣੀ ਸੱਸ ਹਰ ਕੌਰ ਦਾ ਹਾਲ ਤਾਂ ਪੁੱਛ ਲੈਂਦੀ, ਬੀਬੀ ਅੱਜ ਬੁਖਾਰ ਤਾਂ ਨਹੀਂ ਚੜ੍ਹਿਆ? ਨਾ ਜਾਇਆ ਕਰ ਬੈਰੀ ਤੋੜਨ। ਅਰਾਮ ਨਾਲ ਬਹਿ ਜਾਇਆ ਕਰ ਘਰੇ।’

ਡਿਗਦੀ-ਢਹਿੰਦੀ ਹਰ ਕੌਰ ਨੇ ਆਟਾ ਗੁੰਨ੍ਹਿਆਂ ਤੇ ਦੋ ਰੋਟੀਆਂ ਲਾਹੀਆਂ। ਇੰਨੇ ਚਿਰ ਵਿਚ ਬੰਤਾ ਸਿੰਘ ਨੇ ਪਿਛਲੇ ਦਿਨ ਦੀ ਕੌਲੀਆਂ ਵਿਚ ਪਈ ਸਬਜ਼ੀ ਗਰਮ ਕਰ ਦਿੱਤੀ ਅਤੇ ਨਹਾਉਣ ਲਈ ਰੈਸਟ ਰੂਮ ਵਿਚ ਚਲਿਆ ਗਿਆ। ਬੰਤਾ ਸਿੰਘ ਨਹਾ ਕੇ ਬਾਹਰ ਨਿਕਲਿਆ। “ਫਸ ਗਈ ਤਾਂ ਫਟਣਣ ਕੀ? ਨਿੰਗੇ ਪਿੰਡੇ ਮੇਰੇ ਪਈਆਂ ਛਮਕਾਂ, ਤੇਰੇ ਇੱਕ ਵੀ ਲੱਗੇ ਤਾਂ ਜਾਣੇ!” ਉਹ ਗੁਣਗਣਾਉਣ ਲੱਗਾ।
“ਗਾਉਣ ਲੱਗਾ ਪਿਆ ਹੀਰ। ਚੁੱਪ ਕਰੇ ਬੈਠ ਨਹੀਂ ਹੁੰਦਾ। ਤੇਰੀ ਨੂੰਹ ਤਾਂ ਊਂ ਈ ਮਾਣ ਨ੍ਹੀਂ। ਸੌ ਕੰਨ ਭਰਨੇ ਨੇ ਮੁੰਡੇ ਦੇ।” ਹਰ ਕੌਰ ਹਿਰਖ ਨਾਲ ਬੋਲੀ।
ਹਰ ਕੌਰ ਨੇ ਬੜੀ ਮੁਸ਼ਕਿਲ ਨਾਲ ਪਿੰਡੇ ਪਾਣੀ ਪਾਇਆ। ਉਨ੍ਹਾਂ ਨੰ ਪੈਂਦਿਆਂ ਨੂੰ ਰਾਤ ਦੇ ਗਿਆਰਾਂ ਵੱਜ ਗਏ।
ਸਾਰੀ ਰਾਤ ਹਰ ਕੌਰ ਤੇਜ ਬੁਖਾਰ ਨਾਲ ਹੂੰਘਦੀ ਰਹੀ। ਉਸ ਨੂੰ ਅੱਲ-ਬਲੱਲੇ ਸੁਪਨੇ ਆਉਂਦੇ ਰਹੇ। ਉਸ ਨੇ ਸਵੇਰ ਵੇਲੇ ਉਠਣ ਦਾ ਯਤਨ ਕੀਤਾ, ਪਰ ਉੱਠ ਨਾ ਸਕੀ। ਬੰਤਾ ਸਿੰਘ ਨੇ ਦੋ ਕੱਪ ਚਾਹ ਦੇ ਬਣਾਏ। ਇੱਕ ਕੱਪ ਉਸ ਨੇ ਆਪ ਪੀ ਲਿਆ ਤੇ ਦੂਜਾ ਹਰ ਕੌਰ ਨੂੰ ਦੇ ਦਿੱਤਾ। ਉਸ ਨੇ ਮਨਜੀਤ ਕੌਰ ਨੂੰ ਹਾਕ ਮਾਰੀ, “ਮਨਜੀਤ ਪੁੱਤਰ! ਮੇਰਾ ਲੰਚ ਤਿਆਰ ਕਰ ਦੇਹ। ਤੇਰੀ ਬੀਬੀ ਬੀਮਾਰ ਪਈ ਹੈ।”
“ਇੱਥੇ ਸਾਰੇ ਈ ਬੀਮਾਰ ਆ।” ਇਹ ਕਹਿੰਦੀ ਉਹ ਮੂੰਹ-ਸਿਰ ਲਪੇਟ ਕੇ ਪਈ ਰਹੀ। ਹਰ ਕੌਰ ਉੱਠੀ ਤੇ ਉਸ ਨੇ ਦੋ ਰੋਟੀਆਂ ਲਾਹ ਕੇ ਤੇ ਰਾਤ ਦੀ ਬਚੀ ਸਬਜ਼ੀ ਗਰਮ ਕਰਕੇ ਥਰਮਸ ਵਿਚ ਪਾ ਦਿੱਤੀ। ਇਸ ਵਿਚ ਉਹ ਦਸ ਮਿੰਟ ਲੇਟ ਹੋ ਗਿਆ ਸੀ। ਉਸ ਦੇ ਸਾਥੀਆਂ ਨੇ ਦੋ ਬੈਲਾਂ ਮਾਰੀਆਂ ਤੇ ਤਖਤੇ ਖੜਕਾਏ। ਜਦ ਨੂੰ ਬੰਤਾ ਸਿੰਘ ਬਾਹਰ ਨਿਕਲਿਆ, ਵੈਨ ਜਾ ਚੁਕੀ ਸੀ।
ਬੰਤਾ ਸਿੰਘ ਕੋਲ ਸਿਰਫ ਦੋ ਹੀ ਰਾਹ ਬਚੇ ਸਨ। ਇੱਕ ਸੀ, ਘਰ ਰਹਿ ਕੇ ਹਰ ਕੌਰ ਦੀ ਦੇਖ ਭਾਲ ਕਰੇ। ਦੂਜਾ, ਕੰਮ ‘ਤੇ ਚਲਿਆ ਜਾਵੇ।
‘ਹਰ ਕੌਰ ਦਾ ਤਾਪ ਤਾਂ ਆਪੇ ਲਹਿ ਜਾਊ। ਕੰਮ ਤਾਂ ਦਸ-ਪੰਦਰਾਂ ਦਿਨਾਂ ਦਾ ਹੀ ਰਹਿ ਗਿਆ ਹੈ।’ ਉਹ ਇਹ ਸੋਚਦਾ ਸੋਚਦਾ ਗੁੱਸੇ ਤੇ ਰੋਸੇ ਦੇ ਰਲਵੇਂ ਪ੍ਰਭਾਵ ਨਾਲ ਫਾਰਮ ਦੇ ਰਾਹ ਪੈ ਗਿਆ।
ਉਹ ਰੋਸੇ ਤੇ ਗੁੱਸੇ ਦੇ ਰਲੇ ਪ੍ਰਭਾਵ ਨਾਲ ਤੁਰਿਆ ਜਾ ਰਿਹਾ ਸੀ। ਉਸ ਦੇ ਪੈਰ ਅਗਾਂਹ ਨੂੰ ਜਾ ਰਹੇ ਸਨ ਅਤੇ ਉਸ ਦੀ ਸੋਚ ਮਗਰ ਨੂੰ ਮੁੜ ਗਈ ਸੀ।
ਬੰਤਾ ਸਿੰਘ ਨੂੰ ਆਪਣੀ ਜੁਆਨੀ ਦਾ ਸਮਾਂ ਯਾਦ ਆਇਆ। ਭਰਵਾਂ ਤੇ ਗੱਠਿਆ ਸਰੀਰ। ਸੋਹਣੇ ਨੈਣ-ਨਕਸ਼। ਖੇਤੀ ਦਾ ਕੰਮ ਉਸ ਅੱਗੇ ਉਡਦਾ ਸੀ। ਬਹੁਤ ਹੀ ਮਿਹਨਤੀ ਸੀ। ਤੀਹ ਏਕੜ ਜਮੀਨ ਉਸ ਨੂੰ ਪਿਤਾ ਪੁਰਖੀ ਆਉਂਦੀ ਸੀ। ਦਸ ਕਿੱਲੇ ਉਸ ਨੇ ਮਿਹਨਤ ਨਾਲ ਬੈਅ ਲੈ ਲਈ ਸੀ। ਹੁਣ ਉਹ ਚਾਲੀ ਏਕੜ ਦਾ ਮਾਲਕ ਸੀ। ਪਿੰਡ ਦਾ ਨੰਬਰਦਾਰ ਹੋਣ ਕਰਕੇ ਉਸ ਦੀ ਕਰਨੈਲ ਸਿੰਘ ਪਟਵਾਰੀ ਨਾਲ ਪੂਰੀ ਬਣਦੀ ਸੀ। ਦੂਜੇ ਪਟਵਾਰੀ ਦੀ ਰਿਹਾਇਸ਼ ਉਸ ਦੇ ਘਰ ਦੇ ਨਾਲ ਸੀ। ਦੋਹਾਂ ਪਰਿਵਾਰਾਂ ਦਾ ਇੱਕ ਦੂਜੇ ਨਾਲ ਪੂਰਾ ਵਰਤ ਵਰਤਾਉ ਸੀ।
ਪਟਵਾਰੀ ਕਰਨੈਲ ਸਿੰਘ ਦਸ ਸਾਲ ਪਹਿਲਾਂ ਕੈਨੇਡਾ ਚਲਿਆ ਗਿਆ ਸੀ। ਇਸ ਸਮੇਂ ਵਿਚ ਵੀ ਉਨ੍ਹਾਂ ਵਿਚਕਾਰ ਚਿੱਠੀ ਪੱਤਰ ਚਲਦਾ ਰਹਿੰਦਾ ਸੀ। ਇਸ ਸਾਲ ਉਹ ਆਪਣੀ ਕੁੜੀ ਮਨਜੀਤ ਦਾ ਵਿਆਹ ਕਰਨ ਆਇਆ ਸੀ।
ਹਰ ਕੌਰ ਚਾਹੁੰਦੀ ਸੀ ਕਿ ਉਹ ਆਪਣੇ ਮੁੰਡੇ ਦਲਬੀਰ ਦਾ ਵਿਆਹ ਦੇਸ਼ ਵਿਚ ਹੀ ਕਰੇ। “ਇੰਨਾ ਵੱਡਾ ਕੰਮ ਮੈਥੋਂ ਸੰਭਾਲ ਨੀ ਹੋਣਾ। ਮੈਨੂੰ ਵੀ ਚਾਰ ਦਿਨ ਅਰਾਮ ਨਾਲ ਕੱਟ ਲੈਣ ਦੇਹ। ‘ਕੱਲੀ ਆਪਣੀ ਟਿੰਗ ਐ।” ਹਰ ਕੌਰ ਦੀ ਇਹ ਸੋਚ ਸੀ।
“ਪਹਿਲਾਂ ਤੋਂ ਜਾਣਦੇ ਆਂ। ਕਰਨੈਲ ਸਿੰਘ ਤਾਂ ਬਹੁਤ ਮਾਣ ਨਾਲ ਰਿਸ਼ਤਾ ਲੈ ਕੇ ਆਇਆ ਹੈ। ਕੁੜੀ ਵੀ ਬਹੁਤ ਸੁਹਣੀ ਬਣਦੀ-ਤਣਦੀ ਹੈ।” ਬੰਤਾ ਸਿੰਘ ਦੀਆਂ ਦਲੀਲਾਂ ਸੁਣ ਕੇ ਹਰ ਕੌਰ ਕਿਸੇ ਹੱਦ ਤਿਆਰ ਹੋ ਗਈ।
ਦਲਬੀਰ ਦੀ ਸੁਰੱਖਿਆ ਦਾ ਉਨ੍ਹਾਂ ਨੂੰ ਬਹੁਤ ਹੀ ਫਿਕਰ ਸੀ। ਦਲਬੀਰ ਕਾਲਜ ਘੱਟ-ਵੱਧ ਹੀ ਜਾਂਦਾ ਸੀ। ਉਹ ਮਨ ਮਾਰ ਕੇ ਪੜ੍ਹਾਈ ਨਹੀਂ ਸੀ ਕਰਦਾ। ਪੁਲਿਸ ਨਿਰਦੋਸ਼ ਨੌਜਵਾਨਾਂ ਮੁੰਡਿਆਂ ਨੂੰ ਚੁੱਕ ਕੇ ਖਪਾ ਦਿੰਦੀ ਸੀ। ਤਕੜੇ ਘਰ ਦਾ ਇਕੱਲਾ ਮੁੰਡਾ ਤਾਂ ਉਨ੍ਹਾਂ ਲਈ ਬਹੁਤ ਵੱਡਾ ਸ਼ਿਕਾਰ ਹੁੰਦਾ ਸੀ। ਇਸ ਨਾਲ ਇਕ ਤਾਂ ਲੋਕਾਂ ਵਿਚ ਦਹਿਸ਼ਤ ਫੈਲਦੀ ਸੀ ਤੇ ਦੂਜੇ ਪਾਸੇ ਲੱਖਾਂ ਰੁਪਈਏ ਝੋਲੀ ਪੈਂਦੇ ਸਨ। ਫਿਰ ਦਲਬੀਰ ਤਾਂ ਅੜ੍ਹ ਕੇ ਬੈਠ ਗਿਆ ਸੀ ਕਿ ਉਸ ਨੇ ਬਾਹਰ ਜਾਣਾ ਹੀ ਜਾਣਾ ਹੈ। ਇਹ ਸਾਰੀਆਂ ਗੱਲਾਂ ਉਸ ਦੇ ਮਨ ‘ਤੇ ਭਾਰੂ ਹੋ ਰਹੀਆਂ ਸਨ।
ਇੱਕ ਦਿਨ ਬੰਤਾ ਸਿੰਘ ਕਰਨੈਲ ਸਿੰਘ ਪਟਵਾਰੀ ਦੇ ਪਿੰਡ ਗਿਆ। ਉੱਥੇ ਦਲਬੀਰ ਤੇ ਮਨਜੀਤ ਦੇ ਵਿਆਹ ਦੀ ਗੱਲ ਚੱਲੀ। ਇਹ ਗੱਲ ਸਿਰੇ ਚੜ੍ਹਨੀ ਹੀ ਸੀ, ਇੱਕ ਤਾਂ ਦੋਵੇਂ ਪਰਿਵਾਰ ਲੰਬੇ ਸਮੇਂ ਤੋਂ ਘਿਉ-ਖਿਚੜੀ ਰਹੇ ਸਨ। ਫਿਰ ਮੁੰਡਾ ਕੁੜੀ ਹਾਣੀ, ਦੋਵੇਂ ਈ ਸੁਹਣੇ-ਸੁਨੱਖੇ ਤੇ ਲੰਬੇ-ਲੰਝੇ ਸਨ। ਸਭ ਤੋਂ ਉੱਪਰ ਚਾਲੀ ਕਿੱਲੇ ਜਮੀਨ ਸੀ।
ਇੱਕ ਮਹੀਨੇ ਬਾਅਦ ਵਿਆਹ ਬਹੁਤ ਹੀ ਸਜ-ਧਜ, ਢੋਲ-ਢਮੱਕੇ ਅਤੇ ਵਾਜੇ-ਗਾਜੇ ਨਾਲ ਹੋਇਆ। ਦਾਜ ਵਿਚ ਕਾਰ, ਹੋਰ ਬਹੁਤ ਸਾਰਾ ਕੀਮਤੀ ਸਮਾਨ ਦਿੱਤਾ। ਹਰ ਕੌਰ ਦੇ ਗਲ ਲਈ ਸੋਨੇ ਦਾ ਹਾਰ ਤੇ ਹੱਥਾਂ ਲਈ ਸੋਨੇ ਦੀਆਂ ਚੂੜੀਆਂ ਸਨ। ਹਰ ਕੌਰ ਦਾ ਸਰੀਕੇ ਵਿਚ ਮਾਣ ਨਾਲ ਸਿਰ ਉੱਚਾ ਹੋ ਗਿਆ।
ਵਿਆਹ ਤੋਂ ਚਾਰ ਮਹੀਨੇ ਬਾਅਦ ਕਰਨੈਲ ਸਿੰਘ ਪਟਵਾਰੀ ਅਤੇ ਮਨਜੀਤ ਵਾਪਸ ਚਲੇ ਗਏ। ਇੱਕ ਸਾਲ ਵਿਚ ਮਨਜੀਤ ਨੇ ਦਲਬੀਰ ਦੇ ਪੇਪਰ ਫਾਈਲ ਕਰ ਦਿੱਤੇ। ਇਸ ਤੋਂ ਛੇ ਮਹੀਨੇ ਬਾਅਦ ਹੀ ਪਟੀਸ਼ਨ ਮਨਜੂਰ ਹੋ ਗਈ। ਉਸ ਨੂੰ ਪਰਮਾਨੈਂਟ ਵੀਜ਼ਾ ਲੱਗ ਗਿਆ ਸੀ।
ਦੋ ਸਾਲ ਤੱਕ ਤਾਂ ਮਨਜੀਤ ਦਾ ਵਰਤ ਵਰਤਾਉ ਵਧੀਆ ਰਿਹਾ। ਦਲਬੀਰ ਤੇ ਮਨਜੀਤ ਵਲੋਂ ਸੁੱਖ ਦੇ ਸੁਨੇਹੇ ਆਉਂਦੇ ਰਹੇ। ਉਨ੍ਹਾਂ ਦੀਆਂ ਕੀਮਤੀ ਕਾਰ ਦੀਆਂ, ਪਾਰਕਾਂ ਦੀਆਂ, ਦੋਹਾਂ ਵਿਚ ਪਿਆਰ ਦੀਆਂ ਤੇ ਪਹਿਲੇ ਬੱਚੇ ਇੰਦੂ ਦੀਆਂ ਫੋਟੋਆਂ ਨੂੰ ਵੇਖ ਕੇ ਉਹ ਖੁਸ਼ੀ ਵਿਚ ਫੁੱਲੇ ਨਾ ਸਮਾਉਂਦੇ। ਖਾਸ ਤੌਰ ‘ਤੇ ਪੋਤੇ ਇੰਦੂ ਨੂੰ ਵੇਖਣ ਦੀ ਅਤੇ ਨੂੰਹ ਪੁੱਤਰ ਕੋਲ ਜਾਣ ਦੀ ਰੀਝ ਉਨ੍ਹਾਂ ਵਿਚ ਹਰ ਰੋਜ਼ ਤੀਬਰ ਹੁੰਦੀ ਗਈ। ਉਨ੍ਹਾਂ ਦੀ ਇਸ ਆਸ ਨੂੰ ਪੂਰਾ ਹੋਣ ਵਿਚ ਨੌਂ ਸਾਲ ਲੱਗ ਗਏ। ਟਰੈਕਟਰ, ਟਰਾਲੀ ਅਤੇ ਕਲਟੀਵੇਟਰ ਤੇ ਖੇਤੀ ਦੇ ਸੰਦ ਵੇਚ ਕੇ ਸਾਰਾ ਰੁਪਈਆ ਉਨ੍ਹਾਂ ਦਲਬੀਰ ਹੋਰਾਂ ਨੂੰ ਭੇਜ ਦਿੱਤਾ। ਉਨ੍ਹਾਂ ਇਸ ਰੁਪਈਏ ਨਾਲ ਵੱਡਾ ਘਰ ਖਰੀਦ ਲਿਆ। ਪਹਿਲਾਂ ਤਾ ਕਰਨੈਲ ਸਿੰਘ ਪਟਵਾਰੀ ਅਤੇ ਪਟਵਾਰਨ ਉਪਰ ਹੀ ਉਨ੍ਹਾਂ ਦੇ ਨਾਲ ਰਹਿੰਦੇ ਸਨ। ਬੰਤਾ ਸਿੰਘ ਤੇ ਹਰ ਕੌਰ ਦੇ ਆਉਣ ਨਾਲ ਇਸ ਘਰ ਦੀ ਬੇਸਮਿੰਟ ਵਿਚ ਥੱਲੇ ਆ ਗਏ ਸਨ। ਇਹ ਗੱਲ ਮਨਜੀਤ ਕੌਰ ਦੇ ਹਜਮ ਨਹੀਂ ਸੀ ਆ ਰਹੀ।
ਦੋ ਘੰਟੇ ਇਸ ਤਰ੍ਹਾਂ ਦੀ ਹਾਲਤ ਵਿਚ ਤੁਰਦਾ ਬੰਤਾ ਸਿੰਘ ਮੁੜ੍ਹਕੇ ਨਾਲ ਭਿੱਜ ਗਿਆ। ਉਸ ਨੇ ਰੁਕ ਕੇ ਮੁੜ੍ਹਕਾ ਪੂੰਝਿਆ ਤੇ ਕੁਝ ਚਿਰ ਰੁਕ ਕੇ ਸਾਹ ਲਿਆ।
ਇਨ੍ਹਾਂ ਵਿਚਾਰਾਂ ਦੀ ਤੰਦ-ਤਾਣੀ ‘ਚ ਉਲਝਿਆ ਅਜੇ ਉਹ ਇੱਕ ਕਿਲੋਮੀਟਰ ਵੀ ਨਹੀਂ ਸੀ ਗਿਆ ਕਿ ਉਹ ਔਕੜ ਕੇ ਡਿੱਗ ਪਿਆ। ਇਸ ਨਾਲ ਉਸ ਦਾ ਪਜਾਮਾ ਗੋਡਿਆਂ ਤੋਂ ਪਾਟ ਗਿਆ। ਉਸ ਦੇ ਗੋਡੇ ਛਿੱਲੇ ਗਏ। ਚੰਗੇ ਭਾਗ ਸਨ ਕਿ ਉਸ ਦਾ ਚੂਲਾ ਅਤੇ ਹੋਰ ਅੰਗ ਟੁੱਟਣ ਤੋਂ ਬਚ ਗਏ ਸਨ। ਸਿਰ ਉੱਪਰ ਬੰਨ੍ਹੀ ਪੱਗ ਨਾਲ ਸਿਰ ‘ਚ ਸੱਟ ਲਗਣ ਅਤੇ ਹੋਰ ਗੁੱਝੀਆਂ ਸੱਟਾਂ ਲੱਗਣ ਤੋਂ ਬਚਾ ਹੋ ਗਿਆ ਸੀ। ਆਪਣੀ ਹਾਲਤ ਵੇਖ ਕੇ ਹਰ ਕੌਰ ਉਸ ਦੀਆਂ ਅੱਖਾ ਅੱਗੇ ਆ ਖਲੋਤੀ ਸੀ।
ਅਜੇ ਪੰਦਰਾਂ ਦਿਨ ਵੀ ਨਹੀਂ ਸੀ ਹੋਏ, ਸਵੇਰ ਵੇਲੇ ਉਹ ਵਾਸ਼ਰੂਮ ਜਾਣ ਤੋਂ ਪਿੱਛੋਂ ਟੱਬ ‘ਚ ਬਹਿ ਕੇ ਨਹਾਉਣ ਲੱਗੀ ਹੀ ਸੀ ਕਿ ਮਨਜੀਤ ਗੁੱਸੇ ਨਾਲ ਭਰੀ ਪੀਤੀ ਆਈ ਅਤੇ ਬੋਲੀ, “ਤੁਹਾਨੂੰ ਨਹਾਉਣ ਉਦੋਂ ਹੀ ਯਾਦ ਆਉਂਦਾ, ਜਦੋਂ ਮੈਂ ਬੱਚਿਆਂ ਨੂੰ ਤਿਆਰ ਕਰਕੇ ਲਿਜਾਣਾ ਹੁੰਦਾ ਹੈ। ਹੋਰ ਬਾਪੂ ਜੀ ਹੋਰਾ ਨੇ ਵੀ ਤਿਆਰ ਹੋ ਕੇ ਕੰਮ ‘ਤੇ ਜਾਣਾ ਹੁੰਦਾ। ਤੂੰ ਬਾਹਰ ਨਹੀਂ ਨਿਕਲਦੀ, ਜਿਵੇਂ ਨਹਾ ਕੇ ਗੁਰਦੁਆਰੇ ਜਾਣਾ ਹੁੰਦਾ ਹੈ।”
ਹਰ ਕੌਰ ਅਜੇ ਕਹਿਣ ਈ ਲੱਗੀ ਸੀ, “ਤੇਰੇ ਬਾਪੂ ਜੀ ਸਾਰਾ ਦਿਨ ਘਰੇ ਹੀ ਹੁੰਦੇ ਹਨ।” ਉਸ ਨੇ ਅਜੇ ਕੁੜਤੀ ਹੀ ਪਾਈ ਸੀ। ਮਨਜੀਤ ਨੇ ਧੱਕਾ ਮਾਰ ਕੇ ਬਾਰ ਖੋਲ੍ਹ ਦਿੱਤਾ ਅਤੇ ਧੱਫਾ ਮਾਰ ਕੇ ਟੱਬ ‘ਚ ਸੁੱਟ ਦਿੱਤਾ। ਡਿੱਗੀ ਪਈ ਦੇ ਜ਼ੋਰ ਨਾਲ ਹੋਰ ਧੱਫੇ ਮਾਰੇ, ਜਿਸ ਨਾਲ ਉਸ ਦੀਆਂ ਬਾਹਾਂ ‘ਤੇ ਨੀਲ ਪੈ ਗਏ ਅਤੇ ਗੋਡੇ ਸੁੱਜ ਗਏ। ਪਏ ਚਟਾਕਾਂ ‘ਚੋਂ ਖੂਨ ਸਿੰਮਣ ਲੱਗਿਆ।
“ਰੱਬ ਤੋਂ ਡਰਿਆ ਕਰ ਕੁੜੇ। ਬਹੁਤਾ ਹੰਕਾਰ…।” ਹਰ ਕੌਰ ਅੱਖਾਂ ‘ਚ ਹੰਝੂ ਲਟਕਾ ਬਾਹਰ ਆ ਗਈ। ਉਹ ਸਲਵਾਰ ਪਾਉਣਾ ਭੁੱਲ ਗਈ। ਜਦ ਉਹ ਕਮਰੇ ‘ਚ ਆਈ ਤਾਂ ਬੰਤਾ ਸਿੰਘ ਨੇ ਪੁੱਛਿਆ, “ਡਿੱਗ’ਪੀ?”
ਹਰ ਕੌਰ ਨੇ ਬਹੁਤ ਹੀ ਮੁਸ਼ਕਿਲ ਨਾਲ ਆਪਣੇ ਆਪ ‘ਤੇ ਕਾਬੂ ਕੀਤਾ, ਪਰ ਫਿਰ ਵੀ ਉਸ ਦੀਆਂ ਅੱਖਾਂ ‘ਚੋਂ ਹੰਝੂ ਛਲਕ ਪਏ।
ਬੰਤਾ ਸਿੰਘ ਨੂੰ ਸਮਝਣ ਵਿਚ ਦੇਰ ਨਾ ਲੱਗੀ। ਉਹ ਗਰਮ ਹੋ ਕੇ ਬੋਲਣ ਲੱਗਿਆ ਹੀ ਸੀ, ਹਰ ਕੌਰ ਨੇ ਉਸ ਦੇ ਮੂੰਹ ‘ਤੇ ਹੱਥ ਰੱਖ ਦਿੱਤਾ ਤੇ ਕਿਹਾ, “ਪੈਰ ਹੀ ਤਿਲਕ ਗਿਆ ਸੀ। ਹੋਰ ਕਿਹੜਾ ਮੇਰੇ ਗੋਲੀ ਵੱਜਣੀ ਸੀ। ਕੰਮ ‘ਤੇ ਚੱਲ। ਦੱਸ’ਦੂੰ ਸਾਰੀ ਗੱਲ।”
ਪੈਰ ਘਸੀਟਦੀ ਹਰ ਕੌਰ ਬੰਤਾ ਸਿੰਘ ਦੇ ਨਾਲ ਵੈਨ ‘ਤੇ ਚੜ੍ਹ ਗਈ।
ਹਰ ਕੌਰ ਢਿੱਲੀ ਜਿਹੀ ਬੈਠੀ ਵੇਖ ਕੇ ਵੈਨ ‘ਚ ਬੈਠੇ ਇੱਕ-ਦੋ ਨੇ ਉਸ ਦਾ ਹਾਲ-ਚਾਲ ਪੁੱਛਿਆ। “ਠੀਕ ਆ। ਬੁੱਢੇ ਹੱਡ ਆ। ਤਿਲਕ ਕੇ ਡਿੱਗ’ਪੀ।” ਹਰ ਕੌਰ ਦੇ ਬੋਲਣ ਤੋਂ ਪਹਿਲਾਂ ਹੀ ਬੰਤਾ ਸਿੰਘ ਬੋਲ ਪਿਆ।
ਫਾਰਮ ਵਿਚ ਜਾ ਕੇ ਹਰ ਕੌਰ ਨੇ ਸਾਰੀ ਗੱਲ ਦੱਸੀ। ਬੰਤਾ ਸਿੰਘ ਇਹ ਸੁਣ ਕੇ ਆਪੇ ਤੋਂ ਬਾਹਰ ਹੋ ਚੱਲਿਆ ਸੀ, ਪਰ ਹੌਰ ਕੌਰ ਨੇ ਉਸ ਨੂੰ ਸ਼ਾਂਤ ਕਰ ਦਿੱਤਾ।
“ਵੇਖ ਮੇਰੀ ਗੱਲ ਕਿਸੇ ਨ੍ਹੀਂ ਮੰਨਣੀ। ਉਸ ਨੇ ਸੌ ਝੂਠੀਆਂ ਗੱਲਾਂ ਬਣਾ ਦੇਣੀਆਂ। ਆਪਣੇ ਨਾਲ ਮੁੰਡੇ ਨੂੰ ਬੋਲਣਂੋ ਹਟਾ ਦੇਣਾ। ਪੋਤੇ ਨੂੰ ਮਿਲਣ ਨਹੀਂ ਦੇਣਾ। ਦੋ-ਚਾਰ ਮਹੀਨੇ ਨੂੰ ਇੰਡੀਆ ਵਾਪਸ ਮੁੜ ਜਾਂਗੇ।” ਹਰ ਕੌਰ ਨੇ ਬੰਤਾ ਸਿੰਘ ਨੂੰ ਸਮਝਾ ਦਿੱਤਾ ਸੀ।
ਇਨ੍ਹਾਂ ਵਿਚਾਰਾਂ ਵਿਚ ਰੁੜਿਆ ਉਹ ਤਿੰਨ ਮੀਲ ਅੱਗੇ ਲੰਘ ਗਿਆ ਸੀ। ਉਹ ਸਿੱਧੇ ਤੁਰਿਆ ਜਾਂਦਾ ਲਾਲ ਬੱਤੀ ਵਿਚਦੀ ਹੀ ਲੰਘ ਗਿਆ ਸੀ। ਅਚਾਨਕ ਖੱਬੇ ਪਾਸੇ ਤੋਂ ਆ ਰਹੀ ਕਾਰ ਰੁਕੀ, ਉਸ ਨੇ ਹਾਰਨ ਮਾਰ ਕੇ ਉਸ ਨੂੰ ਸੁਚੇਤ ਕਰ ਦਿੱਤਾ। “ਬਾਬਾ ਮਰਨ ਦਾ ਇਰਾਦਾ!”
“ਮੌਤ ਕਿਥੋਂ ਆਉਂਦੀ ਆ ਮੰਗੇ ਤੋਂ ਸ਼ੇਰਾ।” ਲਗਦਾ ਇੰਜ ਹੈ, ਉਸ ਦੀ ਇਹ ਗੱਲ ਉਨ੍ਹਾਂ ਨੇ ਸੁਣੀ ਨਹੀਂ ਸੀ।
ਉਹ ਤੁਰਦਾ ਤੁਰਦਾ ਰੇਲਵੇ ਫਾਟਕ ‘ਤੇ ਪੁੱਜ ਗਿਆ। ਮਾਲ ਗੱਡੀ ਇੱਕ ਮੀਲ ਤੋਂ ਲੰਬੀ ਸੀ। ਬੰਦ ਫਾਟਕ ‘ਤੇ ਖੜ੍ਹੇ ਨੂੰ ਉਸ ਨੂੰ ਇੰਜ ਲੱਗਿਆ ਜਿਵੇਂ ਇਹ ਫਾਟਕ ਉਸ ਨੂੰ ਫਾਰਮ ਜਾਣ ਤੋਂ ਰੋਕਣ ਲਈ ਬੰਦ ਹੋਵੇ।
ਕੋਲੇ ਨਾਲ ਭਰੀ ਮਾਲ ਗੱਡੀ ਦੇ ਇਕ ਸੌ ਵੀਹ ਬੈਗਨ ਇੱਕ ਇੱਕ ਕਰਕੇ ਉਸ ਕੋਲ ਦੀ ਲੰਘਦੇ ਗਏ। ਫਾਟਕ ‘ਤੇ ਖੜ੍ਹੇ ਉਸ ਨੂੰ ਚੱਕਰ ਆਉਣ ਲੱਗੇ। ਉਸ ਦਾ ਸਿਰ ਘੁੰਮ ਰਿਹਾ ਸੀ। ਉਸ ਨੂੰ ਲੱਗਿਆ ਜਿਵੇਂ ਗੱਡੀ ਉਸ ਦੀ ਹਿੱਕ ਤੋਂ ਗੁਜਰਦੀ ਹੋਵੇ। ਗੱਡੀ ਲੰਘ ਗਈ। ਉਸ ਦੇ ਪੈਰ ਕੰਬ ਰਹੇ ਸਨ, ਦਿਲ ਤੇਜੀ ਨਾਲ ਧੜਕ ਰਿਹਾ ਸੀ।
ਉਸ ਦੀ ਨਜ਼ਰ ਤੇ ਸੋਚ ਗੱਡੀ ਦੀ ਲੀਹ ਵੱਲ ਗਈ। ਉਸ ਨੇ ਆਪਣੀਆਂ ਅੱਖਾਂ ਸਾਹਮਣੇ ਲੀਹ ਫੈਲਦੀ-ਸੁੰਗੜਦੀ ਵੇਖੀ। ਲੀਹ ਨੇ ਕਿੰਨਾਂ ਭਾਰ ਆਪਣੀ ਹਿੱਕ ਤੋਂ ਤਿਲਕਾ ਕੇ ਮਾਰਿਆ ਸੀ। ਉਸ ਨੇ ਦਿਮਾਗ ਤੋਂ ਸਾਰਾ ਭਾਰ ਲਾਹ ਕੇ ਸੁੱਟ ਦਿੱਤਾ। ਹੁਣ ਉਹ ਨਵਾਂ ਨਰੋਆ ਸੀ। ਉਹ ਭੁੱਖਾ ਤ੍ਰਿਹਾਇਆ ਤੁਰ ਕੇ ਫਾਰਮ ਵਿਚ ਪਹੁੰਚ ਗਿਆ ਸੀ।
ਉਸ ਦੇ ਸਾਥੀਆਂ ਨੇ ਨਵੀਆਂ ਰੋਆਂ ਧਰ ਲਈਆਂ ਸਨ। ਬੰਤਾ ਸਿੰਘ ਨੇ ਆਪਣੀ ਰੋਅ ਦੇ ਮੱਥੇ ‘ਤੇ ਲੱਗੀ ਪਾਣੀ ਵਾਲੀ ਟੂਟੀ ਤੋਂ ਪਾਣੀ ਪੀਤਾ ਅਤੇ ਪਿਛਲੇ ਦਿਨ ਦੀ ਬਚੀ ਰੋਅ ਦੇ ਬੂਟੇ ਤੋੜਨ ਲੱਗਾ।
ਕਾਫੀ ਦਾ ਟਾਈਮ ਹੋ ਚੁਕਾ ਸੀ। ਸਾਥੀਆਂ ਨੇ ਉਸ ਨੂੰ ਹਾਕਾਂ ਮਾਰੀਆਂ, ਪਰ ਉਹ ਉੱਠ ਕੇ ਉਨ੍ਹਾਂ ਕੋਲ ਨਾ ਆਇਆ। ਦੂਜੇ ਸਾਥੀ ਸੋਚਦੇ ਸਨ ਕਿ ਬੰਤਾ ਸਿੰਘ ਅੱਜ ਚਾਹ ਪਾਣੀ ਪੀ ਕੇ ਆਇਆ ਹੋਵੇਗਾ। ਉਸ ਦਾ ਮੁੰਡਾ ਦਲਬੀਰ ਉਸ ਨੂੰ ਛੱਡ ਗਿਆ ਹੋਵੇਗਾ। ਇਸ ਸਮੇਂ ‘ਚ ਉਹ ਆਪਣੀ ਬੈਰੀ ਤੋੜਨ ਦੀ ਘਾਟ ਪੂਰੀ ਕਰਨ ਲੱਗਾ ਹੋਵੇਗਾ।
ਕਾਫੀ ਦਾ ਟਾਈਮ ਯਾਨਿ ਅੱਧਾ ਘੰਟਾ ਖਤਮ ਹੋ ਗਿਆ ਸੀ। ਬੰਤਾ ਸਿੰਘ ਚੁੱਪ ਚਾਪ ਬੈਰੀ ਤੋੜਦਾ ਰਿਹਾ। ਉਸ ਦੇ ਸਾਥੀ ਕੀ ਬੋਲਦੇ ਹਨ ਜਾਂ ਕੀ ਗੱਲਾਂ ਕਰਦੇ ਹਨ, ਉਸ ਨੂੰ ਸੁਣਦਾ ਨਹੀਂ ਸੀ।
ਦਿਨ ਦਾ ਇੱਕ ਵੱਜ ਗਿਆ ਸੀ। ਬੈਰੀ ਤੋਲਣ ਵਾਲੇ ਨੇ ਹਾਕ ਮਾਰੀ। ਹਰ ਰੋਜ਼ ਵਾਂਗ ਸਾਰੇ ਆਪੋ ਆਪਣੇ ਫਲੈਟ ਚੁੱਕ ਕੇ ਕੰਡੇ ਵੱਲ ਵਧੇ। ਅੱਗੇ ਸਾਰੇ ਵਰਕਰ ਫਲੈਟ ਚੁੱਕਣ ਤੇ ਚਕਾਉਣ ਵਿਚ ਇੱਕ ਦੂਜੇ ਦੀ ਮਦਦ ਕਰ ਦਿੰਦੇ ਸਨ, ਪਰ ਅੱਜ ਬੰਤਾ ਸਿੰਘ ਰੋਅ ਦੇ ਦੂਜੇ ਸਿਰੇ ਬੈਠਾ ਸੀ। ਸਾਰੇ ਉਸ ਤੋਂ ਇੱਕ ਸੌ ਮੀਟਰ ਦੂਰੀ ਉੱਤੇ ਬੈਠੇ ਸਨ। ਉਹ ਬੈਰੀ ਦੇ ਦੋ ਭਰੇ ਫਲੈਟ (ਲਗਭਗ ਪਚਵੰਜਾ ਪੌਂਡ) ਇੱਕ ਦੂਜੇ ‘ਤੇ ਧਰ ਕੇ ਚੁੱਕਣ ਲਈ ਘੋਲ ਕਰ ਰਿਹਾ ਸੀ। ਉਸ ਨੇ ਮੁਸ਼ਕਿਲ ਨਾਲ ਦੋਵੇਂ ਫਲੈਟ ਸਿਰ ਉੱਤੇ ਧਰ ਲਏ ਸਨ। ਜਦ ਉਹ ਉੱਠਣ ਲਗਦਾ, ਉਸ ਤੋਂ ਉੱਠ ਨਹੀਂ ਸੀ ਹੁੰਦਾ ਸੀ। ਦਲਬੀਰ ਸਿੰਘ ਨੇ ਭੱਜ ਕੇ ਫਲੈਟ ਉਸ ਦੇ ਸਿਰ ਤੋਂ ਚੁੱਕ ਕੇ ਆਪਣੇ ਸਿਰ ‘ਤੇ ਰੱਖ ਕੇ ਕੰਡੇ ਵੱਲ ਨੂੰ ਚੱਲ ਪਿਆ। ਚਾਹ ਤੇ ਸਬਜ਼ੀ ਵਾਲੀ ਥਰਮਸ ਚੁੱਕ ਕੇ ਬੰਤਾ ਸਿੰਘ ਉਸ ਦੇ ਮਗਰ ਹੋ ਤੁਰਿਆ, “ਤੇਰੀ ਬੀਬੀ ਕਿਵੇਂ ਐ। ਉਸ ਦਾ ਹਾਲ-ਚਾਲ ਪੁਛਿਆ ਸੀ?”
“ਹਾਂ, ਉਹਨੇ ਹੀ ਦੱਸਿਆ ਸੀ ਕਿ ਤੇਰਾ ਬਾਪੂ ਲੰਚ ਕਿੱਟ ਘਰੇ ਭੁੱਲ ਗਿਆ ਹੈ।”
ਬੰਤਾ ਸਿੰਘ ਨੇ ਇਹ ਸੁਣ ਕੇ ਕੋਈ ਉੱਤਰ ਨਹੀਂ ਦਿੱਤਾ। ਅੱਗੇ ਤੁਰੇ ਜਾਂਦੇ ਦਲਬੀਰ ਦਾ ਪਰਛਾਵਾਂ ਪਿੱਛੇ ਆ ਰਹੇ ਪਿਉ ਬੰਤਾ ਸਿੰਘ ‘ਤੇ ਪੈ ਰਿਹਾ ਸੀ। ਬੰਤਾ ਸਿੰਘ ਇਹ ਵੇਖ ਕੇ ਤੇ ਇਸ ਬਾਰੇ ਸੋਚਦਾ ਖਿੜ੍ਹ ਗਿਆ ਸੀ।
ਦਲਬੀਰ ਦੇ ਸਿਰ ਉੱਤੇ ਫਲੈਟ ਅਤੇ ਪਿੱਛੇ ਆ ਰਹੇ ਬੰਤਾ ਸਿੰਘ ਦੇ ਹੱਥ ਵਿਚ ਲੰਚ ਕਿੱਟ ਵੇਖ ਕੇ ਸਾਰੇ ਸਮਝ ਗਏ ਸਨ। ਕਿਸੇ ਨੂੰ ਦੱਸਣ-ਪੁੱਛਣ ਦੀ ਲੋੜ ਨਹੀਂ ਰਹੀ।
ਬੰਤਾ ਸਿੰਘ ਤੀਹ ਕਿਲੋਮੀਟਰ ਤੁਰ ਕੇ ਇੱਥੇ ਆ ਗਿਆ ਸੀ।