ਪੰਜਾਬ, ਪੰਜਾਬੀਅਤ ਅਤੇ ‘ਪੰਜਾਬ ਟਾਈਮਜ਼’

ਅਮਰਜੀਤ ਸਿੰਘ ਮੁਲਤਾਨੀ
‘ਪੰਜਾਬ ਟਾਈਮਜ਼’ ਸ਼ਾਇਦ ਸੰਸਾਰ ਵਿਚ ਅਜਿਹਾ ਇਕਲੌਤਾ ਪੰਜਾਬੀ ਅਖਬਾਰ ਹੈ, ਜੋ ਸਿੱਖਾਂ ਵਿਚ ਪ੍ਰਫੁਲਤ ਹੋ ਰਹੀਆਂ ਨਾਂਹ ਪੱਖੀ ਪ੍ਰਵਿਰਤੀਆਂ ਭਾਵੇਂ ਕਿ ਉਹ ਨੈਤਿਕ, ਸਮਾਜਕ ਜਾਂ ਧਾਰਮਿਕ ਅਮਲ ਨਾਲ ਸਬੰਧਿਤ ਹੋਣ, ਖਿਲਾਫ ਆਪਣੇ ਕਾਲਮਾਂ ਰਾਹੀਂ ਅਵਾਜ਼ ਬੁਲੰਦ ਕਰਦਾ ਆ ਰਿਹਾ ਹੈ। ਅਮਰੀਕਾ ਵਿਚ ਸ਼ਿਕਾਗੋ, ਸੈਨ ਫਰਾਂਸਿਸਕੋ ਅਤੇ ਨਿਊ ਯਾਰਕ ਤੋਂ ਇਕੱਠਿਆਂ ਛਪਦੇ ‘ਪੰਜਾਬ ਟਾਈਮਜ਼’ ਦੇ ਯਤਨ ਇੰਜ ਹਨ, ਜਿਵੇਂ ਇੱਕ ਸ਼ੇਰ ਦਾ ਬੱਚਾ ਮਦਹੋਸ਼ ਹਾਥੀ (ਸਿੱਖਾਂ) ਨੂੰ ਖੱਡ ਵਿਚ ਡਿੱਗਣ ਤੋਂ ਰੋਕਣ ਲਈ ਆਪਣੀ ਕਾਇਆ ਤੇ ਸਮਰੱਥਾ ਅਨੁਸਾਰ ਦਹਾੜ ਰਿਹਾ ਹੈ, ਪਰ ਹਾਥੀ ਮਦਹੋਸ਼ੀ ਦੀ ਹਾਲਤ ਵਿਚ ਸ਼ੇਰ ਦੀ ਦਹਾੜ ਪ੍ਰਤੀ ਅਸੰਵੇਦਨਤਾ ਦਿਖਾ ਰਿਹਾ ਹੈ ਤੇ ਅਚੇਤ ਵੱਸ ਖੱਡ ਵੱਲ ਨੂੰ ਖਿਸਕ ਰਿਹਾ ਹੈ।

ਇਸ ਦੇ ਉਲਟ ਪੰਜਾਬੀਆਂ ਦੀ ਸਰ ਜ਼ਮੀਨ ਪੰਜਾਬ ਵਿਖੇ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਦੇ ਮਸੀਹਾ ਅਤੇ ਸਿੱਖਾਂ ਦੇ ਭਾਗ ਵਿਧਾਤਾ ਕਹਾਉਣ ਵਾਲੇ ਵੱਡੇ ਅਖਬਾਰਾਂ ਨੇ ਖਾਸ ਕਰਕੇ ਸਿੱਖਾਂ, ਪੰਜਾਬ ਦੀ ਹਾਲਤ, ਪੰਜਾਬ ਦੀ ਸਮਾਜਕ ਸਥਿਤੀ, ਪੰਜਾਬ ਦੀ ਆਰਥਕ ਅਤੇ ਪੰਜਾਬੀਆਂ ਦੇ ਹਿਤਾਂ ਨਾਲੋਂ ਆਪਣੇ ਨਿੱਜੀ ਤੇ ਕਾਰੋਬਾਰੀ ਹਿਤਾਂ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਇਨ੍ਹਾਂ ਦਾ ਵਹਾਓ ਹਮੇਸ਼ਾ ਆਪਣੇ ਹਿਤਾਂ ਦੇ ਅਨੁਰੂਪ ਹੀ ਰਿਹਾ ਹੈ। ਇਨ੍ਹਾਂ ਨੇ ਸਮੇਂ- ਸਮੇਂ ਸਿੱਖਾਂ ਤੇ ਪੰਜਾਬ ਨੂੰ ਦਰਪੇਸ਼ ਸਮਾਜਕ ਤੇ ਧਾਰਮਿਕ ਸਮੱਸਿਆਵਾਂ ‘ਤੇ ਸੁਚੱਜੀ ਅਗਵਾਈ ਨਹੀਂ ਦਿੱਤੀ, ਸਗੋਂ ਸਿੱਖਾਂ ਨੂੰ ਕੁਰਾਹੇ ਪਾਉਣ ਵਿਚ ਵੱਡਾ ਰੋਲ ਅਦਾ ਕੀਤਾ ਹੈ।
ਪੰਜਾਬ, ਜਿਸ ਨੇ ਕਈ ਦਹਾਕੇ ਖਾੜਕੂ ਲਹਿਰ ਦਾ ਸੰਤਾਪ ਆਪਣੇ ਪਿੰਡੇ ‘ਤੇ ਹੰਢਾਇਆ, ਦੇ ਵਕਤ ਵੀ ਇਨ੍ਹਾਂ ਮਹਾਨ ਬੁਧੀਜੀਵੀਆਂ ਨੇ ਮੁਖਰ ਹੋ ਕੇ ਕਦੇ ਵੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ਦੀ ਸਲਾਹ ਨਹੀਂ ਦਿੱਤੀ, ਸਗੋਂ ਇਨ੍ਹਾਂ ਅਖਬਾਰਾਂ ਨੇ ਖਾੜਕੂਵਾਦ ਵੇਲੇ ਇਸ਼ਤਿਹਾਰਾਂ ਦੇ ਰੂਪ ਵਿਚ ਮੋਟੀਆਂ ਕਮਾਈਆਂ ਕੀਤੀਆਂ ਹਨ। ਇਨ੍ਹਾਂ ਨੇ ਅਕਾਲੀ ਦਲ ਅਤੇ ਐਸ਼ ਜੀ. ਪੀ. ਸੀ. ਜਾਂ ਸਬੰਧਿਤ ਹੋਰ ਧਿਰਾਂ ਦੀਆਂ ਸਿੱਖ, ਸਿੱਖ ਧਰਮ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਦੀ ਖੁੱਲ੍ਹ ਕੇ ਵਿਰੋਧਤਾ ਨਹੀਂ ਕੀਤੀ। ਹਾਂ, ਰਸਮ ਅਦਾਇਗੀ ਵਜੋਂ ਸ਼ਾਇਦ ਕਦੇ ਕੋਈ ਸੰਪਾਦਕੀ ਲਿਖਿਆ ਹੋਏ, ਕਿਹਾ ਨਹੀਂ ਜਾ ਸਕਦਾ।
ਨਤੀਜਾ ਇਹ ਹੋਇਆ ਕਿ ਸਿੱਖ ਇਕ ਵਾਰ ਆਪਾ ਵਿਰੋਧੀਆਂ ਦੇ ਹੱਥੇ ਅਜਿਹੇ ਚੜ੍ਹੇ ਕਿ ਇਕ ਸਦੀ ਤੋਂ ਵੱਧ ਸਮੇਂ ਦੌਰਾਨ ਕਮਾਇਆ ਮਾਨ ਤੇ ਸਨਮਾਨ ਗੁਆ ਬੈਠੇ। ਅੱਜ ਸਾਰੀ ਦੁਨੀਆਂ ਦੇ ਸਾਹਮਣੇ ਕੁਝ ਸਿੱਖ ਧਿਰਾਂ ਆਪਣੇ ਆਪ ਨੂੰ ਪੀੜਤ ਸਾਬਤ ਕਰ ਕੇ ਉਨ੍ਹਾਂ ਤੋਂ ਕਰਮ ਤੇ ਰਹਿਮ ਲੋਚਦੇ ਹਨ। ਦੂਜੇ ਪਾਸੇ ਭਾਰਤ, ਜਿਸ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ, ਇਕ ਝਟਕੇ ਵਿਚ 84 ਤੋਂ ਰਾਜਿਓਂ ਰੰਕ ਬਣੇ ਅਤੇ ਅੱਜ ਸਿੱਖ ਸ਼ੱਕੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ।
ਹੁਣ ਯੂਰਪ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿਚ ਸਿੱਖਾਂ ਦੀ ਇਕ ਧਿਰ ਨੇ ਆਰਥਕ ਸੁਰੱਖਿਆ ਪ੍ਰਾਪਤ ਕਰਨ ਤੋਂ ਬਾਅਦ ਇਕ ਵਾਰ ਫਿਰ ਆਪਾ ਵਿਰੋਧੀ ਲਹਿਰ ਚਲਾ ਲਈ ਹੈ। ਇੱਥੇ ਫਿਰ ਇਕ ਵਾਰ ਵੱਖਵਾਦੀ ਲਹਿਰ ਦੇ ਆਗੂ ਬਹੁਮਤ ਨੂੰ ਅੱਖੋਂ ਪਰੋਖੇ ਕਰਦਿਆਂ ਆਪਣੀਆਂ ਮਨਮਾਨੀਆਂ ਕਰ ਰਹੇ ਹਨ। ਕੋਈ ਵੀ ਲਹਿਰ ਉਸ ਵਕਤ ਤੱਕ ਕਾਮਯਾਬ ਨਹੀਂ ਹੁੰਦੀ, ਜਦ ਤੱਕ ਬਹੁਮਤ ਉਸ ਵਿਚ ਭਾਗ ਨਹੀਂ ਲੈਂਦਾ, ਪਰ ਇਸ ਗੱਲ ਨਾਲ ਉਨ੍ਹਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਦਿਸਦਾ। ਅਜਿਹੀ ਗੰਭੀਰ ਪ੍ਰਸਥਿਤੀ ‘ਤੇ ‘ਪੰਜਾਬ ਟਾਈਮਜ਼’ ਨੇ ਗੁਰਬਾਣੀ ਵੱਲੋਂ ‘ਦੁਬਿਧਾ ਹੋਣ ‘ਤੇ ਰਲ ਮਿਲ ਬੈਠ ਕੇ ਵਿਚਾਰ ਕਰਨ’ ਦੀ ਹਦਾਇਤ ਅਨੁਸਾਰ ਸਿੱਖ ਧਰਮ ਅਤੇ ਸਿੱਖ ਹਿਤਾਂ ਨੂੰ ਪ੍ਰਭਾਵਿਤ ਕਰਦੇ ਮੁੱਦਿਆਂ ‘ਤੇ ਸੰਵਾਦ ਰਚਾਉਣਾ ਸ਼ੁਰੂ ਕੀਤਾ ਹੈ। ਇਨ੍ਹਾਂ ਸੰਵਾਦਾਂ ਵਿਚ ਭਾਰਤ, ਯੂ. ਕੇ., ਯੂਰਪ, ਕੈਨੇਡਾ ਅਤੇ ਅਮਰੀਕਾ ਦੇ ਸੁਜੱਗ ਲੋਕ ਭਾਗ ਲੈਂਦੇ ਹਨ। ਸੰਵਾਦ ਹਮੇਸ਼ਾ ਉਚ ਦਰਜੇ ਦੇ ਹੁੰਦੇ ਹਨ।
ਸਿੱਖਾਂ ਨੂੰ ਸਰਬਪੱਖੀ ਪ੍ਰਭਾਵਿਤ ਕਰਦੀਆਂ ਅਜਿਹੀਆਂ ਕਾਰਵਾਈਆਂ ਦੇ ਕੇਂਦਰ ਨਿਊ ਯਾਰਕ ਦੀ ਗੱਲ ਕਰਦੇ ਹਾਂ, ਇੱਥੇ ‘ਪੰਜਾਬ ਟਾਈਮਜ਼’ ਦੇ ਨਿਊ ਯਾਰਕ ਐਡੀਸ਼ਨ ਤੋਂ ਇਲਾਵਾ ਬਾਕੀ ਅਖਬਾਰਾਂ ਦੇ ਨਾਮ ਤੇ ਫਲਾਇਰ ਜ਼ਰੂਰ ਛਪਦੇ ਰਹੇ ਹਨ। ਵਾਹਿਗੁਰੂ ਅਮੋਲਕ ਸਿੰਘ ਨੂੰ ਚਿਰ ਆਯੂ ਤੇ ਸਿਹਤ ਦੀ ਦਾਤ ਬਖਸ਼ੇ, ਜਿਸ ਨੇ ‘ਪੰਜਾਬ ਟਾਈਮਜ਼’ ਦਾ ਨਿਊ ਯਾਰਕ ਐਡੀਸ਼ਨ ਕੱਢ ਕੇ ਨਿਊ ਯਾਰਕ ਸਮੇਤ ਟਰਾਈ ਸਟੇਟ ਦੇ ਸਾਹਿਤ ਪ੍ਰੇਮੀਆਂ ਅਤੇ ਸੁਘੜ ਪਾਠਕਾਂ ਦਾ ਮਾਣ ਰੱਖਿਆ ਹੈ। ਨਿਊ ਯਾਰਕ ਦੇ ਇਸ ਖਿੱਤੇ ਵਿਚਲੇ ਸਿੱਖ ਧਨਾਢਾਂ ਦੀ ਅਨਪੜ੍ਹਤਾ ਨੇ ਬਲਦੇਵ ਸਿੰਘ ਗਰੇਵਾਲ ਦਾ ‘ਸ਼ੇਰੇ-ਏ-ਪੰਜਾਬ’, ਜੋ ਬਲਦੇਵ ਗਰੇਵਾਲ ਦੇ ਪੰਜਾਬ ਵਾਲੇ ਪੱਤਰਕਾਰੀ ਪਿਛੋਕੜ ਹੋਣ ਕਰਕੇ ਨਰੋਇਆ ਪੰਜਾਬੀ ਅਖਬਾਰ ਕਹਾਉਂਦਾ ਸੀ, ਦੀ ਬਲੀ ਲੈ ਲਈ। ਅਫਸੋਸ! ਬਲਦੇਵ ਗਰੇਵਾਲ ਨੇ ਵੀ ਕੁਝ ਸਾਲ ਪਹਿਲਾਂ ਪਰਚਾ ਬੰਦ ਕਰ ਦਿੱਤਾ ਹੈ। ਹਰਬਖਸ਼ ਟਾਹਲੀ ਵੀ ਲੱਖ ਯਤਨਾਂ ਦੇ ਬਾਵਜੂਦ ‘ਸ਼ਾਨੇ ਪੰਜਾਬ’ ਨਹੀਂ ਬਚਾ ਸਕਿਆ, ਜੋ ਬੰਦ ਹੋ ਗਿਆ ਹੈ ਤੇ ਹਰਬਖਸ਼ ਟਾਹਲੀ ਦੀ ਪ੍ਰਸਥਿਤੀ ਕੋਈ ਜ਼ਿਆਦਾ ਚੰਗੀ ਨਹੀਂ।
ਮੈਂ ‘ਪੰਜਾਬ ਟਾਈਮਜ਼’ ਦੇ ਸੰਪਾਦਕ ਅਮੋਲਕ ਸਿੰਘ ਜੰਮੂ, ਉਨ੍ਹਾਂ ਦੀ ਧਰਮ ਪਤਨੀ ਅਤੇ ਬਾਕੀ ਪੂਰੀ ਸੰਪਾਦਕੀ ਤੇ ਤਕਨੀਕੀ ਟੀਮ ਦਾ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਦੇ ਸਿਰੜ ਤੇ ਕਰੜੀ ਮਿਹਨਤ ਨੇ ਲੱਖਾਂ ਪੰਜਾਬੀਆਂ ਨੂੰ ਇਕ ਉਤਮ ਦਰਜੇ ਦੀ ਪੱਤ੍ਰਿਕਾ ਨਾਲ ਨਿਵਾਜਿਆ ਹੈ। ਇਸ ਤੋਂ ਵੀ ਅਹਿਮ ਹਨ, ਉਹ ਵਿਅਕਤੀ ਵਿਸ਼ੇਸ਼, ਜਿਨ੍ਹਾਂ ਨੇ ਦਹਾਕਿਆਂ ਤੋਂ ਅਮਰੀਕਾ ਵਿਚ ਪੰਜਾਬੀ ਜ਼ੁਬਾਨ ਦੀ ਤਰਜਮਾਨੀ ਲਈ ‘ਪੰਜਾਬ ਟਾਈਮਜ਼’ ਅਤੇ ਅਮੋਲਕ ਸਿੰਘ ਜੰਮੂ ਦੀ ਪਿੱਠ ‘ਤੇ ਚੱਟਾਨ ਵਾਂਗ ਖੜ੍ਹੇ ਰਹੇ ਹਨ। ਮੇਰੀ ਵਾਹਿਗੁਰੂ ਅੱਗੇ ਜੋਦੜੀ ਹੈ ਕਿ ‘ਪੰਜਾਬ ਟਾਈਮਜ਼’ ਦੇ ਇਨ੍ਹਾਂ ਸਾਰਿਆਂ ਮਿਹਰਬਾਨਾਂ ਨੂੰ ਕਦੇ ਵੀ ਕੋਈ ਤੋਟ ਨਾ ਆਵੇ।