ਖੁਸ਼ਦਿਲ-ਤਾਇਆ

ਬਲਜਿੰਦਰ ਆਲੀਕੇ
ਫੋਨ: 91-94645-62678
ਮੇਜਰ ਤਾਇਆ ਭਾਵੇਂ ਸਾਡੇ ਸਕਿਆਂ ਦੇ ਘਰਾਂ ‘ਚੋਂ ਨਹੀਂ ਸੀ, ਪਰ ਉਸ ਦੀ ਹਰ ਇੱਕ ਨਾਲ ਪੂਰੀ ਸਾਂਝ ਸੀ। ਉਮਰ ‘ਚ 65 ਕੁ ਦੇ ਨੇੜੇ-ਤੇੜੇ ਹੋਊ, ਸਰੀਰਕ ਤੌਰ ‘ਤੇ ਪੂਰਾ ਫਿੱਟ ਪਿਆ ਸੀ। ਉਸ ਨੇ ਵਿਆਹ ਨਹੀਂ ਸੀ ਕਰਵਾਇਆ। ਸੁਭਾਅ ਹਾਸੇ-ਮਖੌਲ ਵਾਲਾ ਤੇ ਇੱਜਤ ਦਾ ਪੂਰਾ ਰੁਪਿਆ ਸੀ। ਇਸੇ ਕਰਕੇ ਹੀ ਸਾਰੇ ਉਸ ਨਾਲ ਹਾਸੇ-ਮਖੌਲ ਕਰਦੇ ਰਹਿੰਦੇ ਸਨ ਤੇ ਉਹ ਵੀ ਕਦੇ ਕਿਸੇ ਦਾ ਗੁੱਸਾ ਨਹੀਂ ਮੰਨਦਾ ਸੀ। ਸਗੋਂ ਅੱਗੋਂ ਆਪ ਵੀ ਮਖੌਲਾਂ ਕਰਦਾ ਰਹਿੰਦਾ ਸੀ। ਭਾਵ ਪੂਰਾ ਖੁਸ਼ਦਿਲ ਬੰਦਾ ਸੀ ਤਾਇਆ।

ਸਮਾਂ ਸ਼ਾਮ ਪੰਜ ਕੁ ਵਜੇ ਦਾ ਸੀ, ਮੈਂ ਚੁਬਾਰੇ ‘ਚੋਂ ਪਿਛਲੀ ਗਲੀ ‘ਚ ਬਣੀ ਚੌਕੜੀ ‘ਤੇ ਬੈਠੇ ਮੇਜਰ ਤਾਏ ਨੂੰ ਦੇਖਿਆ। ਵਿਹਲੇ ਹੋਣ ਕਰਕੇ ਮੈਂ ਸੋਚਿਆ ਤਾਏ ਕੋਲ ਚੱਲ ਕੇ ਦਸ ਮਿੰਟ ਹੱਸਦੇ-ਖੇਡਦੇ ਆਂ। ਮੈਂ ਪਹਿਲਾਂ ਵਾਂਗ ਅੱਜ ਫਿਰ ਮਸ਼ਕਰੀ ਕਰਦਿਆਂ ਕਿਹਾ, “ਕਿਵੇਂ ਆ ਤਾਇਆ? ਕਰਵਾਈਏ ਕੋਈ ਰਿਸ਼ਤਾ, ਲਿਆਈਏ ਕੋਈ ਮੇਮ ਵਿਆਹ ਕੇ? ਹੁਣ ਤਾਂ ਤੇਰੀ ਉਮਰ ਆ, ਜਮਾਂ ਮੇਰਾ ਹਾਣੀ ਲੱਗਦੈਂ।”
ਜੋ ਪਹਿਲਾਂ ਮੈਨੂੰ ਅੱਗੋਂ ਮਸ਼ਕਰੀ ‘ਚ ਕਹਿੰਦਾ ਹੁੰਦਾ ਸੀ, ‘ਮੈਨੂੰ ਵਿਆਹ ਦੀ ਕੀ ਲੋੜ ਐ, ਹੈਗੀ ਆ ਤੇਰੀ ਬੇਬੇ!’ ਉਹ ਅੱਜ ਕੁਝ ਵੀ ਨਾ ਬੋਲਿਆ। ਮੈਂ ਫਿਰ ਪੁੱਛਿਆ, “ਕਿਵੇਂ ਤਾਇਆ? ਲੱਗਦੈ ਸਿਹਤ ਢਿੱਲੀ ਆ, ਜੋ ਅੱਜ ਬੋਲਿਆ ਈ ਨਹੀਂ।” ਉਹ ਬਿਲਕੁਲ ਚੁੱਪ ਸੀ।
ਜਦੋਂ ਮੈਂ ਉਸ ਦੀਆਂ ਅੱਖਾਂ ਵੱਲ ਦੇਖਿਆ ਤਾਂ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਮੈਂ ਤਾਏ ਕੋਲ ਬਹਿੰਦਿਆਂ ਮੋਢੇ ਨੂੰ ਫੜ ਕੇ ਪੁੱਛਿਆ, “ਕੀ ਹੋਇਆ ਤਾਇਆ! ਅੱਜ ਮੈਂ ਤੈਨੂੰ ਪਹਿਲੀ ਵਾਰ ਪ੍ਰੇਸ਼ਾਨ ਦੇਖਿਆ। ਸਭ ਠੀਕ ਤਾਂ ਹੈਂ? ਕੋਈ ਬੋਲਿਆ ਤੇਰੇ ਨਾਲ ਘਰੇ!”
“ਨਹੀਂ, ਨਹੀਂ ਭਤੀਜ! ਬਸ ਐਵੇਂ ਚਿੱਤ ਜਿਹਾ ਠੀਕ ਨਹੀਂ ਸਵੇਰ ਦਾ।” ਪਹਿਲਾਂ ਤਾਂ ਉਸ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੈਂ ਵਾਰ-ਵਾਰ ਪੁੱਛਿਆ ਤੇ ਕਿਹਾ ਕਿ ਆ ਜਾ ਘਰ ਚਲਦੇ ਆ। ਮੈਂ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ। ਜਦੋਂ ਅਸੀਂ ਉਪਰ ਆਏ ਤਾਂ ਮੈਂ ਕਿਹਾ, “ਬਾਕੀ ਗੱਲਾਂ ਛੱਡ ਤਾਇਆ! ਦੱਸ ਕੀ ਖਾਵੇਂਗਾ?”
“ਖਾਣਾ ਤਾਂ ਕੀ ਆ ਪੁੱਤ, ਦੋ ਰੋਟੀਆਂ ਖਾਨਾਂ ਇੱਕ ਡੰਗ ਦੀਆਂ।” ਐਨਾ ਕਹਿ ਕੇ ਉਸ ਦੀਆਂ ਅੱਖਾਂ ਫਿਰ ਭਰ ਆਈਆਂ। ਮੈਂ ਤਾਏ ਨੂੰ ਇਸ ਹਾਲਤ ‘ਚ ਦੇਖ ਕੇ ਬੜਾ ਹੈਰਾਨ ਹੋਇਆ। ਮੇਰੇ ਵਾਰ-ਵਾਰ ਹੌਸਲਾ ਦੇਣ ਤੋਂ ਬਾਅਦ ਉਹ ਮਸਾਂ ਬੋਲਿਆ ਤੇ ਆਪਣੇ ਅਤੀਤ ‘ਚ ਚਲਾ ਗਿਆ, ਦੱਸਣ ਲੱਗਾ, “ਪੁੱਤ ਤੂੰ ਤਾਂ ਨਿਆਣਾ ਅਜੇ, ਤੈਨੂੰ ਨਹੀਂ ਪਤਾ, ਪਰ ਮੈਂ ਇਨ੍ਹਾਂ ਦਾ ਬਹੁਤ ਕੁਝ ਕੀਤਾ, ਜੋ ਅੱਜ ਮਾਲਕ ਬਣੇ ਬੈਠੇ ਨੇ।”
ਮੈਂ ਤਾਏ ਨੂੰ ਆਪਣੇ ਪਰਿਵਾਰ ਬਾਰੇ ਬੋਲਦੇ ਪਹਿਲੀ ਵਾਰ ਦੇਖਿਆ ਸੀ। ਉਸ ਦੀਆਂ ਅੱਖਾਂ ਭਰ ਆਈਆਂ ਸਨ। ਚਾਦਰੇ ਨਾਲ ਅੱਖਾਂ ਸਾਫ ਕਰਦਿਆਂ ਬੋਲਿਆ, “ਮੇਰੀ ਬੇਬੇ ਤਾਂ ਛੋਟੇ ਦੇ ਜਾਪੇ ਵੇਲੇ ਈ ਪੂਰੀ ਹੋ’ਗੀ ਸੀ ਤੇ ਜਦੋਂ ਬਾਪੂ ਪੂਰਾ ਹੋਇਆ ਤਾਂ ਮੈਂ ਛੇਵੀਂ ‘ਚ ਪੜ੍ਹਦਾ ਸਾਂ। ਤੇਰਾਂ-ਚੌਦਾਂ ਕੁ ਸਾਲਾਂ ਦੀ ਉਮਰ ਸੀ ਮਸਾਂ ਮੇਰੀ। ਮੈਂ ਵੱਡਾ ਸੀ ਸਾਰਿਆਂ ਤੋਂ ਤੇ ਇਹ ਤਿੰਨੇ (ਆਪਣੇ ਭਰਾਵਾਂ ਬਾਰੇ) ਮੇਰੇ ਤੋਂ ਛੋਟੇ ਨੇ, ਦੋ ਭੈਣਾਂ ਸਨ ਮੇਰੀਆਂ। ਜਦੋਂ ਬਾਪੂ ਦਾ ਸਾਇਆ ਸਿਰ ‘ਤੋਂ ਉਠਿਆ ਤਾਂ ਵੱਡਾ ਹੋਣ ਦੇ ਨਾਤੇ ਸਾਰੀ ਜ਼ਿੰਮੇਵਾਰੀ ਮੇਰੇ ‘ਤੇ ਪੈ ਗਈ। ਜ਼ਮੀਨ ਤਾਂ ਭਾਵੇਂ ਸੀ 15 ਕਿੱਲੇ, ਪਰ ਉਸ ‘ਚ ਵੀ ਕਰੇ ਤੋਂ ਹੀ ਕੁਝ ਹੋਣਾ ਸੀ। ਮੈਨੂੰ ਪੜ੍ਹਾਈ ਵਿਚਾਲੇ ਛੱਡਣੀ ਪਈ। ਮੇਰੇ ਯਾਦ ਆ, ਮੈਂ ਨਾਲੇ ਇਨ੍ਹਾਂ ਨੂੰ ਰੋਟੀਆਂ ਪਕਾ ਕੇ ਦਿੰਦਾ, ਨਾਲੇ ਜਿੰਨੀ ਕੁ ਸਮਝ ਸੀ ਸੀਰੀ ਨਾਲ ਖੇਤ ਕੰਮ ਕਰਦਾ। ਚੱਲ ਐਵੇਂ ਧੱਕੇ-ਧੁੱਕੇ ਖਾਂਦੇ, ਤੰਗੀਆਂ ਕੱਟ ਕੇ ਮਸਾਂ ਗੁਜ਼ਾਰਾ ਕੀਤਾ।”
ਤਾਇਆ ਅਤੀਤ ਦੇ ਵਰਕੇ ਫਰੋਲਦਾ ਦੱਸ ਰਿਹਾ ਸੀ, “ਜਦੋਂ ਮੈਂ ਗੱਬਰੂ ਹੋਇਆ ਤਾਂ ਛੋਟਿਆਂ ਦੀ ਵੀ ਸੁਰਤ ਜਿਹੀ ਸੰਭਲ ਗਈ। ਕੁੜੀਆਂ ਮਿਲ ਕੇ ਚੁੱਲ੍ਹਾ ਸਾਂਭਣ ਜੋਗੀਆ ਹੋ ਗਈਆਂ। ਮੈਂ ਖੇਤ ਕੰਮ ਕਰਦਾ। ਇਨ੍ਹਾਂ ਨੂੰ ਸਕੂਲ ਪੜ੍ਹਨ ਲਾਇਆ। ਫਿਰ ਇਨ੍ਹਾਂ ਨੂੰ ਸ਼ਹਿਰ ਪੜ੍ਹਾਇਆ। ਮੈਂ ਆਪ ਔਖਾ ਹੋ ਲੈਂਦਾ, ਪਰ ਇਨ੍ਹਾਂ ਨੂੰ ਨਾ ਕਦੇ ਕੰਮ ਨੂੰ ਕਿਹਾ ਤੇ ਨਾ ਪੜ੍ਹਾਈ ‘ਚ ਕਦੇ ਕਿਸੇ ਚੀਜ਼ ਦੀ ਘਾਟ ਆਉਣ ਦਿੱਤੀ। ਪੱਚੀ-ਛੱਬੀ ਦਾ ਹੋਇਆ ਤਾਂ ਸੋਚਿਆ ਪਹਿਲਾਂ ਭੈਣਾਂ ਦਾ ਵਿਆਹ ਕਰ ਦੇਵਾਂ। ਉਦੋਂ ਲੋਕਾਂ ਨੇ ਬਥੇਰਾ ਕਿਹਾ ਮੈਨੂੰ ਕਿ ਵਿਆਹ ਕਰਵਾ ਲੈ, ਪਿੱਛੋਂ ਤੈਨੂੰ ਕਿਸੇ ਨੇ ਨਹੀਂ ਸਿਆਣਨਾ! ਪਰ ਮੇਰੇ ਮਨ ‘ਚ ਸੀ ਕਿ ਜੇ ਵਿਆਹ ਕਰਵਾਇਆ, ਅੱਗੋਂ ਕੀ ਪਤਾ ਕਿਹੋ ਜਿਹੀ ਮਿਲੂ? ਕੀ ਪਤਾ ਆਉਂਦੇ ਸਾਰ ਲੈ ਕੇ ਅੱਡ-ਵਿੱਢ ਹੋ’ਜੇ ਤੇ ਕਿਤੇ ਮੇਰੇ ਕਰਕੇ ਛੋਟਿਆਂ ਦੀ ਜ਼ਿੰਦਗੀ ਖਰਾਬ ਨਾ ਹੋ’ਜੇ। ਸੋਚਿਆ ਵਿਆਹ ਦਾ ਕੀ, ਐ ਜਦ ਇਹ ਪੜ੍ਹ-ਲਿਖ ਕੇ ਆਪਣੇ ਪੈਰਾਂ ‘ਤੇ ਹੋ ਗਏ, ਫਿਰ ਕਰਵਾ ਲਵਾਂਗੇ। ਨਾਲੇ ਉਤੋਂ ਜ਼ਮੀਨ ਵੀ ਕਿੰਨੀ ਕੁ ਸੀ! ਵੰਡੀ ਤਿੰਨ-ਤਿੰਨ ਕਿੱਲੇ ਆਉਣੀ ਸੀ। ਮੈਂ ਸੋਚਿਆ, ਮੇਰਾ ਤਾਂ ਹੋ ਜਾਣਾ, ਪਰ ਬਾਅਦ ‘ਚ ਇਨ੍ਹਾਂ ਦਾ ਔਖਾ ਹੋ’ਜੂ। ਅੱਜ ਕੱਲ੍ਹ ਤਿੰਨ ਕਿੱਲਿਆਂ ਵਾਲੇ ਨੂੰ ਕਿਹੜਾ ਕੁੜੀ ਦਿੰਦਾ? ਚਲ ਪੜ੍ਹ-ਲਿਖ ਜਾਣਗੇ, ਕੋਈ ਚੰਗਾ ਸਾਕ ਹੋ’ਜੂ।”
ਤਾਏ ਦੀ ਕਹਾਣੀ ਜਾਰੀ ਸੀ, “ਦੋ-ਦੋ ਸਾਲਾਂ ਦੇ ਫਰਕ ਨਾਲ ਭੈਣਾਂ ਵਿਆਹ ਦਿੱਤੀਆਂ। ਐਵੇਂ ਕਰਦੇ-ਕਰਾਉਂਦਿਆਂ ਤੀਹ-ਬੱਤੀ ਦਾ ਹੋ ਗਿਆ। ਸਾਰੇ ਲੋਕਾਂ ਨੇ ਫਿਰ ਬੜਾ ਕਿਹਾ ਕਿ ਵਿਆਹ ਕਰਵਾ ਲੈ, ਕਿਉਂ ਇਨ੍ਹਾਂ ਲਈ ਖਪਿਆ ਫਿਰਦੈਂ! ਆਪਣੀ ਔਲਾਦ ਬਿਨਾ ਕੋਈ ਨ੍ਹੀਂ ਪੁੱਛਦਾ। ਬਥੇਰਾ ਸਮਝਾਇਆ ਸਾਰਿਆਂ ਨੇ ਕਿ ਬੁਢਾਪੇ ਵੇਲੇ ਔਖਾ ਹੋ’ਜੂ, ਅਖੀਰ ਵੇਲੇ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਬਸ ਮੇਰਾ ਦਿਲ ਹੀ ਨਹੀਂ ਮੰਨਿਆ। ਮੈਂ ਮਨ ਜਿਹਾ ਮਾਰ ਲਿਆ ਤੇ ਲੋਕਾਂ ਦੀਆਂ ਗੱਲਾਂ ਨੂੰ ਅਣਸੁਣਿਆ ਹੀ ਕਰ ਦਿੱਤਾ। ਸਮਾਂ ਪੈ ਕੇ ਛੋਟੇ ਤਿੰਨੋਂ ਨੌਕਰੀ ਲੱਗ ਗਏ। ਮੈਨੂੰ ਵੀ ਹੌਸਲਾ ਹੋ ਗਿਆ। ਮੈਂ ਫਿਰ ਵੀ ਖੇਤੀ ਨਹੀਂ ਛੱਡੀ। ਕਦੇ ਵਿਹਲਾ ਨਾ ਰਿਹਾ, ਸਾਰੀ ਉਮਰ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਤਾਂ ਜੋ ਇਹ ਖੁਸ਼ ਰਹਿ ਸਕਣ। ਚੰਗੇ ਵਿਆਹ ਵਰ ਦਿੱਤੇ। ਚੰਗੀਆਂ ਕੋਠੀਆਂ ਪਵਾ ਦਿੱਤੀਆਂ। ਮੈਂ ਤਾਂ ਸਾਰੀ ਜ਼ਮੀਨ ਹੀ ਇਨ੍ਹਾਂ ਦੇ ਨਾਮ ਕਰਵਾਉਂਦਾ ਸੀ, ਪਰ ਭੈਣਾਂ ਲੜਨ ਲੱਗੀਆ ਕਿ ਜ਼ਮੀਨ ਤੋਂ ਬਿਨਾ ਤੈਨੂੰ ਕਿਸੇ ਨੇ ਰੋਟੀ ਨਹੀਂ ਦੇਣੀ। ਲੜਨ ਤੋਂ ਬਾਅਦ ਵੀ ਮੈਂ ਆਪਣੇ ਹਿੱਸੇ ਦੀ ਅੱਧੀ ਜ਼ਮੀਨ ਤਿੰਨਾਂ ਦੇ ਨਾਂ ਕਰਵਾ ਦਿੱਤੀ।”
ਹੌਕਾ ਜਿਹਾ ਭਰ ਕੇ ਤਾਇਆ ਬੋਲਦਾ ਗਿਆ, “ਮੈਂ ਸਾਰੀ ਉਮਰ ਨਾ ਢੰਗ ਦਾ ਪਾਇਆ, ਨਾ ਖਾਧਾ। ਨਸ਼ੇ ਨੂੰ ਕਦੇ ਹੱਥ ਨਹੀਂ ਲਾਇਆ। ਹੁਣ ਉਮਰ ਦੇ ਹਿਸਾਬ ਨਾਲ ਭਾਵੇਂ ਬਹੁਤਾ ਕੰਮ ਨਹੀਂ ਹੁੰਦਾ, ਪਰ ਫਿਰ ਜਿੰਨਾ ਹੁੰਦਾ, ਓਨਾ ਕਰਦਾਂ। ਸਾਰਾ ਪਿੰਡ ਸਾਰੀ ਉਮਰ ਛੜਾ ਕਹਿ ਕੇ ਮਖੌਲਾਂ ਕਰਦਾ ਰਿਹਾ। ਮੈਂ ਕਦੇ ਬੁਰਾ ਨਹੀਂ ਮਨਾਇਆ; ਪਰ ਜਿਨ੍ਹਾਂ ਲਈ ਮੈਂ ਆਪਣੇ ਚਾਅ, ਅਰਮਾਨਾਂ ਦੀ ਪ੍ਰਵਾਹ ਨਹੀਂ ਕੀਤੀ, ਅੱਜ ਉਹੀ ਲੱਤਾਂ ਮਾਰਦੇ ਨੇ, ਬੋਝ ਸਮਝਦੇ ਨੇ ਮੈਨੂੰ। ਤਿੰਨੋਂ ਅੱਡ ਹੋ ਗਏ, ਦੱਸੋ ਮੈਂ ਕਿੱਧਰ ਜਾਵਾਂ! ਪਹਿਲਾਂ ਮੈਂ ਵੱਡੇ ਨਾਲ ਸੀ, ਉਹਦੀ ਬਹੂ ਨੇ ਇਹ ਕੇ ਪੱਲਾ ਛੁਡਾ ਲਿਆ, ਅਖੇ ‘ਲੋਕ ਟਿੱਚਰਾਂ ਕਰਦੇ ਨੇ ਕਿ ਛੜਾ ਜੇਠ ਰੱਖ ਰੱਖਿਆ, ਮੇਰੇ ਤੋਂ ਨ੍ਹੀਂ ਹੋਰ ਟਿੱਚਰਾਂ ਸਹਿ ਹੁੰਦੀਆਂ।’
ਕੁਝ ਸਮਾਂ ਪਹਿਲਾਂ ਮੈਂ ਛੋਟੇ ਨਾਲ ਰਹਿਣ ਲੱਗਿਆ ਸੀ। ਰਾਤ ਛੋਟੇ ਦੀ ਬਹੂ ਨੇ ਰੋਟੀ ਨਹੀਂ ਦਿੱਤੀ। ਅਖੇ ‘ਰੋਟੀ ਟੁੱਕ ਮੈਂ ਦੇਵਾਂ, ਕੱਲ ਨੂੰ ਮਰ ਗਿਆ ਜ਼ਮੀਨ ਸਾਰਿਆਂ ਨੂੰ ਮਿਲੂ। ਪਹਿਲਾਂ ਜ਼ਮੀਨ ਸਾਡੇ ਨਾਮ ਕਰਵਾ। ਫਿਰ ਜੀਅ ਸਦਕੇ ਸਾਡੇ ਘਰ ਰਹੀਂ।’ ਮਨ ਬੜਾ ਦੁਖੀ ਹੋਇਆ। ਘਰ ਵੀ ਇਨ੍ਹਾਂ ਦੇ ਹੋ’ਗੇ, ਮੇਰਾ ਕੀ ਐ? ਕਿਨ੍ਹਾਂ ਲਈ ਆਪਣੀ ਜ਼ਿੰਦਗੀ ਗਾਲਦਾ ਰਿਹਾ! ਭਲਾ ਮੈਂ ਲੁਕੋਇਆ ਕੁਝ ਇਨ੍ਹਾਂ ਤੋਂ? ਮੇਰੇ ਤੋਂ ਬਾਅਦ ਸਾਰਾ ਕੁਝ ਇਨ੍ਹਾਂ ਕੋਲ ਹੀ ਰਹਿਣਾ…।” ਇਸ ਸਭ ਬਿਆਨ ਕਰਦਾ ਤਾਇਆ ਰੋ ਹੀ ਪਿਆ।
ਮੈਂ ਸਾਰਾ ਕੁਝ ਸੁਣ ਕੇ ਬਹੁਤ ਪ੍ਰੇਸ਼ਾਨ ਹੋਇਆ। ਮੈਂ ਸੋਚਦਾ ਸਾਂ ਕਿ ਇੱਕ ਪਾਸੇ ਤਾਏ ਵਰਗੇ ਲੋਕ ਜੋ ਦੂਜਿਆਂ ਦੀ ਖੁਸ਼ੀ ਲਈ ਆਪਣਾ ਸਭ ਕੁਝ ਤਿਆਗ ਕੇ ਵੀ ਪ੍ਰਵਾਹ ਨਹੀਂ ਕਰਦੇ, ਤੇ ਦੂਜੇ ਪਾਸੇ ਲਾਲਚ ਕਿੰਨਾ ਵਧ ਗਿਆ ਦੁਨੀਆਂ ਦਾ, ਰਿਸ਼ਤੇ-ਨਾਤਿਆਂ ਦੀ ਕੋਈ ਕਦਰ ਹੀ ਨਹੀਂ। ਪੈਸੇ, ਸ਼ੁਹਰਤ ਨੇ ਰਿਸ਼ਤਿਆਂ ਨੂੰ ਬਿਲਕੁਲ ਖੋਖਲਾ ਕਰ ਦਿੱਤਾ। ਜਦੋਂ ਥੋੜ੍ਹਾ ਜਿਹਾ ਚੰਗਾ ਸਮਾਂ ਆਉਂਦਾ, ਅਸੀਂ ਆਪਣਾ ਅਤੀਤ ਤੇ ਔਕਾਤ ਦੋਵੇਂ ਭੁੱਲ ਜਾਂਦੇ ਹਾਂ। ਤਾਏ ਵਰਗੇ ਪਤਾ ਨਹੀਂ ਹੋਰ ਕਿੰਨੇ ਹੋਣਗੇ, ਜੋ ਆਪ ਹੋਰਾਂ ਲਈ ਆਪਣੀ ਜ਼ਿੰਦਗੀ ਨੂੰ ਦਾਅ ‘ਤੇ ਲਾ ਦਿੰਦੇ ਨੇ। ਫਿਰ ਵੀ ਇਹੋ ਜਿਹੇ ਫਕੀਰ ਬੰਦਿਆਂ ਨੂੰ ਸਤਿਕਾਰ ਤਾਂ ਦੂਰ ਦੀ ਗੱਲ, ਸਗੋਂ ਉਲਟਾ ਲੋਕਾਂ ਦੀਆਂ ਟਿੱਚਰਾਂ ਤੇ ਘਰ ਦਿਆਂ ਦੇ ਤਾਅਨਿਆਂ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ।