ਦੀਵਾਲੀ ਦੇ ਦੀਪ ਤੇ ਮਨਾਂ ਦੀ ਰੋਸ਼ਨੀ

ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਫੋਨ: 91-78374-90309
ਭਾਰਤ ਦੇ ਲੋਕ ਤਿੱਥ-ਤਿਉਹਾਰਾਂ ਨੂੰ ਬੜੇ ਉੁਤਸ਼ਾਹ ਨਾਲ ਮਨਾਉਂਦੇ ਹਨ, ਜਿਸ ਸਦਕੇ ਬਹੁਰੰਗੇ ਸੱਭਿਆਚਾਰ ਵਿਚ ਅਲੌਕਿਕ ਏਕਤਾ ਦਿਖਾਈ ਦਿੰਦੀ ਹੈ। ਦੀਵਾਲੀ ਸਰਬ ਧਰਮ ਸਾਂਝਾ, ਖਾਸ ਤੇ ਵੱਡਾ ਤਿਉਹਾਰ ਹੈ। ਇਸ ਦੀ ਆਧੁਨਿਕ ਬਾਜ਼ਾਰੂ ਦਿੱਖ ਪੁਰਾਣੇ ਸਮੇਂ ਦੇ ਲੋਕਾਂ ਲਈ ਸੁੰਦਰ ਸੁਪਨੇ ਤੋਂ ਘੱਟ ਨਹੀਂ। ਪਹਿਲਾਂ ਦਿਨ-ਦਿਹਾੜੇ ਮਨਾਉਣ ਦਾ ਇਕ ਵੱਖਰਾ ਹੀ ਚਾਅ ਤੇ ਸ਼ਾਦਾਪੁਣ ਹੁੰਦਾ ਸੀ। ਘਰ ਦੇ ਖੋਏ ਦੀਆਂ ਮਿਠਾਈਆਂ, ਚੋਲਾਂ ਦੇ ਆਟੇ ਦੀਆਂ ਪਿੰਨੀਆਂ, ਬੂੰਦੀ ਦੇ ਲੱਡੂ ਤੇ ਪਕੌੜੇ ਬਣਾ ਕੇ ਖਾਂਦੇ ਅਤੇ ਆਂਢ-ਗੁਆਂਢ ਵਿਚ ਵੰਡਦੇ ਸਨ।

ਬੱਚੇ ਘਰਦਿਆਂ ਵੱਲੋਂ ਖਰੀਦੇ ਨਵੇਂ ਕੱਪੜੇ ਪਾਉਂਦੇ। ਪਿੰਡ ਦੀ ਸਾਂਝੀ ਜਗ੍ਹਾ ‘ਤੇ ਹਲਵਾਈ ਬੈਠਦਾ ਸੀ। ਜਲੇਬੀਆਂ ਖਰੀਦ ਡੋਲੂ ਵਿਚ ਹੀ ਪਵਾ ਲਿਆਉਣਾ ਹੁਣ ਬੀਤੇ ਸਮੇਂ ਦੀਆਂ ਗੱਲਾਂ ਹਨ। ਫੁਲਝੜੀਆਂ, ਚੱਕਰੀਆਂ ਤੇ ਛੋਟੇ ਪਟਾਕੇ ਚਲਾ ਕੇ ਮਨ ਪਰਚਾਵਾ ਕਰ ਲੈਂਦੇ। ਉਨ੍ਹਾਂ ਵਿਚ ਵੱਡੇ ਬਜੁਰਗ ਸ਼ਾਮਲ ਹੋ ਕੇ ਖੁਸ਼ੀ ਨੂੰ ਹੋਰ ਵੀ ਚਾਰ ਚੰਨ ਲਾ ਦਿੰਦੇ। ਭਾਵੇਂ ਅੱਜ ਜੋਸ਼ ਵਧੇਰੇ ਹੈ, ਪਰ ਅਪਣਤ ਕਿਧਰੇ ਨਜ਼ਰ ਨਹੀਂ ਆਉਂਦੀ।
ਬਦਲੇ ਜ਼ਮਾਨੇ ਨੇ ਖੁਸ਼ੀਆਂ ਦੇ ਮਾਇਨੇ ਹੀ ਬਦਲ ਦਿੱਤੇ। ਅੱਜ ਸਭ ਪਾਸੇ ਮਾਲ ਕਲਚਰ, ਆਨ ਲਾਈਨ ਖਰੀਦਦਾਰੀ ਤੇ ਬਹੁਕੌਮੀ ਕੰਪਨੀਆਂ ਦੀ ਚਕਾਚੌਂਧ ਹੈ, ਜਿਸ ਨੇ ਤਿਉਹਾਰਾਂ ਨੂੰ ਖਰੀਦੋ-ਫਰੋਖਤ ਤੱਕ ਹੀ ਸੀਮਤ ਕਰ ਦਿੱਤਾ ਹੈ। ਨਾਲੋ ਨਾਲ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖੂੰਝੇ ਲਾ ਛੱਡਿਆ। ਖਪਤਕਾਰੀ ਯੁਗ ਵਿਚ ਇਹ ਕੋਈ ਅਲੋਕਾਰੀ ਗੱਲ ਨਹੀਂ, ਪਰ ਤਿਉਹਾਰਾਂ ਨਾਲ ਜੁੜੇ ਚਾਅ, ਮਲ੍ਹਾਰ ਤੇ ਖੁਸ਼ੀਆਂ ਖੇੜੇ ਨੂੰ ਪੈਸੇ ਨਾਲ ਤੋਲਣਾ ਜ਼ਰੂਰ ਦੁਖਦਾਈ ਹੈ। ਤਿਉਹਾਰ ਦੀਆਂ ਮਿੱਥਾਂ ਵੀ ਸਾਂਝ ਤੇ ਸ਼ਾਂਤੀ ਦੇ ਸੰਦੇਸ਼ ਨਾਲ ਕੁਲ ਮਾਨਵਤਾ ਦਾ ਭਲਾ ਲੋਚਦੀਆਂ ਸਨ। ਸਭ ਲੋਕ ਘਰਾਂ ਦੀ ਸਫਾਈ, ਦੇਵੀ-ਦੇਵਤਿਆਂ ਤੇ ਗੁਰੂ ਪੀਰਾਂ ਦੀ ਪੂਜਾ ਅਤੇ ਧਾਰਮਿਕ ਸਥਾਨਾਂ ਉਤੇ ਜਾ ਕੇ ਸਜਦਾ ਵੀ ਕਰਦੇ। ਇਸ ਰੂਹਾਨੀ ਸਫਰ ਦੀ ਲੋਅ ਵਿਚ ਚਲਦੇ ਹੋਏ ਵੀ ਉਸ ਪਵਿੱਤਰ ਵਾਕ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’ ਨੂੰ ਭੁੱਲ ਕੇ ਵਾਤਾਵਰਣ ਪਲੀਤ ਕਰਦਿਆਂ ਇਕ ਵਾਰ ਵੀ ਨਹੀਂ ਸੋਚਦੇ। ਜ਼ਿੰਦਗੀ ਮਾਣਨ ਲਈ ਕੁਦਰਤ ਨੇ ਹਰਿਆਵਲ ਚੌਗਿਰਦਾ ਬਖਸ਼ਿਆ ਹੈ। ਦੀਵਾਲੀ ਦੀ ਰਾਤ ਚੰਦ ਪਲਾਂ ਦੀ ਖੁਸ਼ੀ ਲਈ ਕਰੋੜਾਂ ਰੁਪਏ ਦੇ ਪਟਾਕਿਆਂ ਨਾਲ ਗੰਧਲਾ ਕਰਨੋਂ ਨਹੀਂ ਟਲਦੇ।
ਅਜੋਕੇ ਸਮੇਂ ਦੇ ਪਟਾਕੇ ਲਗਭਗ 125 ਡੇਸੀਬਲ ਤੀਬਰਤਾ ਦੇ ਹਨ, ਜਿਸ ਨਾਲ ਸ਼ੋਰ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਨਾਲੋ ਨਾਲ ਇਨ੍ਹਾਂ ਵਿਚੋਂ ਨਿਕਲਦੀਆਂ ਪੋਟਾਸੀਅਮ, ਨਾਈਟ੍ਰੇਟ, ਕਾਰਬਨ ਗੈਸਾਂ ਮਨੁੱਖੀ ਸਰੀਰ ਲਈ ਨੁਕਸਾਨਦੇਹ ਵੀ ਹਨ, ਜਿਸ ਕਾਰਨ ਦਿਲ ਦਾ ਦੌਰਾ, ਬੋਲਾਪਣ, ਸ਼ਾਹ ਲੈਣਾ, ਬਲੱਡ ਪ੍ਰੈਸ਼ਰ ਵਧਣਾ ਜਾਂ ਘਟਣਾ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਰਹਿੰਦਾ ਹੈ। ਕਈ ਵਾਰ ਵੱਡੇ ਪਟਾਕੇ ਜਾਂ ਅਨਾਰ ਬੰਬ ਹੱਥ ਵਿਚ ਚੱਲਣ ਕਾਰਨ ਅੱਖਾਂ ਦੀ ਰੋਸ਼ਨੀ ਜਾਣਾ ਜਾਂ ਹੱਥ, ਬਾਂਹ ਤੋਂ ਨਕਾਰਾ ਹੋਣ ਦੀ ਨੌਬਤ ਵੀ ਆ ਜਾਂਦੀ ਹੈ। ਇਹ ਸਭ ਗੈਸਾਂ ਪਾਣੀ ਵਿਚ ਘੁਲ ਕੇ ਹੋਰ ਵੀ ਮਾਰੂ ਹਨ। ਸੰਸਾਰ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਧੂੰਏ ਦੇ ਗੰਧਲੇ ਵਾਤਾਵਰਣ ਕਾਰਨ ਸੰਸਾਰ ਵਿਚ 1.7 ਬਿਲੀਅਨ ਬੱਚੇ 5 ਸਾਲ ਦੀ ਉਮਰੇ, ਭਾਰਤ ਵਿਚ ਦੂਸ਼ਤ ਪਾਣੀ ਨਾਲ ਡਾਇਰੀਆ ਦੇ ਕਾਰਨ 3,61,000 ਤੇ ਮਲੇਰੀਆ ਨਾਲ 2,00,000 ਬੱਚੇ ਦੁਨੀਆਂ ਤੋਂ ਰੁਖਸਤ ਕਰ ਜਾਂਦੇ ਹਨ। ਪਟਾਕਿਆਂ ਦੀ ਭਿਆਨਕ ਅਵਾਜ਼ ਕਾਰਨ ਕਈ ਪੰਛੀ ਆਪਣੇ ਆਲਣੇ ਛੱਡ ਜਾਂ ਮਰ ਜਾਂਦੇ ਹਨ।
ਕੇਂਦਰੀ ਪ੍ਰਦੂਸ਼ਣ ਬੋਰਡ ਅਨੁਸਾਰ ਵਿਗਿਆਨਕ ਤੌਰ ਉਤੇ 85 ਡੇਸੀਬਲ ਤੋਂ ਵੱਧ ਅਵਾਜ਼ ਕੰਨਾਂ ਲਈ ਘਾਤਕ ਹੈ। ਮਨੁੱਖੀ ਸੁਣਨ ਇੰਦਰੀਆਂ (ਕੰਨਾਂ) ਲਈ 60 ਡੇਸੀਬਲ ਤੱਕ ਦੇ ਮਾਪ ਨੂੰ ਆਮ ਮੰਨਿਆ ਗਿਆ। ਆਮ ਗੱਲਬਾਤ 40 ਤੋਂ 50 ਡੇਸੀਬਲ ਤੱਕ ਹੀ ਹੁੰਦੀ ਹੈ। ਬਿਡੰਬਨਾ ਇਹ ਹੈ ਕਿ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਕਾਨੂੰਨ ਨੂੰ ਅੱਖੋਂ ਪਰੋਖੇ ਕਰਦੀਆਂ ਹਨ। ਆਮ ਪਟਾਕਿਆਂ ਨੂੰ 90 ਡੇਸੀਬਲ ਤੇ ਵੱਡੇ ਰਾਕੇਟ ਜਾਂ ਬੰਬ ਨੂੰ 120 ਡੇਸੀਬਲ ਦੀ ਤੀਬਰਤਾ ਦੇ ਖੜਾਕ ਵਾਲੇ ਬਣਾਉਂਦੇ ਹਨ, ਜਿਸ ਨਾਲ ਬੋਲਾਪਣ ਤੇ ਹਾਰਟ ਅਟੈਕ ਕਾਰਨ ਮੌਤ ਵੀ ਹੋ ਸਕਦੀ ਹੈ। ਗਲੋਬਲ ਵਾਰਮਿੰਗ ਕਾਰਨ ਕਿੰਨੀਆਂ ਹੀ ਪੰਛੀਆਂ ਤੇ ਜਨਵਰਾਂ ਦੀਆਂ ਪ੍ਰਜਾਤੀਆਂ ਖਤਮ ਹੋ ਚੁਕੀਆਂ ਹਨ। ਸੰਸਾਰ ਸਿਹਤ ਸੰਗਠਨ ਅਨੁਸਾਰ 2.5 ਪ੍ਰਦੂਸ਼ਣ ਮਾਈਕਰੋਗ੍ਰਾਮ ਪ੍ਰਤੀ ਕਿਉਸ਼ਿਕ ਮੀਟਰ ਮਨੁੱਖੀ ਜੀਵਨ ਲਈ ਘਾਤਕ ਨਹੀਂ, ਪਰ ਇਹ ਅੰਕੜਾ ਭਾਰਤ ਵਿਚ ਆਉਣਾ ਸੰਭਵ ਨਹੀਂ ਜਾਪਦਾ। ਧੁਨੀ ਪ੍ਰਦੂਸ਼ਣ ਵਿਚ ਇਰਾਕ ਪਹਿਲੇ ਤੇ ਭਾਰਤ ਦੂਜੇ ਸਥਾਨ ‘ਤੇ ਹੈ। ਦਿੱਲੀ ਦਾ ਨਾਮ ਸਭ ਤੋਂ ਵੱਧ ਧੁਨੀ ਤੇ ਵਾਤਾਵਰਣ ਪ੍ਰਦੂਸ਼ਣ ਕਾਰਨ ਸੰਸਾਰ ਦੇ ਪਹਿਲੇ 10 ਸ਼ਹਿਰਾਂ ਵਿਚ ਦਰਜ ਹੈ। ਪਿਛਲੀ ਦੀਵਾਲੀ ਦੇ ਸਮੇਂ ਵਾਤਾਵਰਣ ਪ੍ਰਦੂਸ਼ਣ ਦੀ ਮਾਤਰਾ 60 ਮਾਈਕਰੋਗ੍ਰਾਮ ਪ੍ਰਤੀ ਕਿਉਸ਼ਿਕ ਮੀਟਰ ਤੋਂ ਵੀ ਵੱਧ ਚੁਕੀ ਸੀ, ਜਿਸ ਨਾਲ ਦਿਨ ਸਮੇਂ ਧੁੰਧ ਵਰਗਾ ਮਾਹੌਲ ਬਣਨ ਕਰਕੇ ਦਿੱਲੀ ਮਹਾਨਗਰ ਦੇ ਲਗਭਗ 1800 ਸਕੂਲ ਬੰਦ ਕਰਨੇ ਪਏ ਸਨ। ਪਟਾਕਿਆਂ ਦੇ ਜਲਣ ਮਗਰੋਂ ਗਲੀ-ਮੁਹੱਲੇ ਤੇ ਮੈਦਾਨਾਂ ਵਿਚ ਹਰ ਪਾਸੇ 4,000 ਟਨ ਦਾ ਵਾਧੂ ਕੈਮੀਕਲ ਕਚਰਾ ਜਮਾਂ ਹੋ ਜਾਂਦਾ ਹੈ, ਜਿਸ ਨਾਲ ਅਲਰਜੀ, ਜੁਕਾਮ, ਖੰਘ, ਦਮੇ ਵਰਗੀਆਂ ਬੀਮਾਰੀਆ ਤੋਂ ਬਹੁਤ ਲੋਕ ਪੀੜਤ ਹੁੰਦੇ ਹਨ।
ਇਸ ਮੌਤ ਦੇ ਖੇਡ ਤੋਂ ਵਾਤਾਵਰਣ ਅਤੇ ਜਨਤਾ ਦੀ ਸੁਰੱਖਿਆ ਅਹਿਮ ਹੈ। ਜਿਸ ਲਈ ਜਾਗਰੂਕਤਾ ਲਹਿਰ ਦੀ ਹੋਂਦ ਜਰੂਰੀ ਹੈ। ਅਜਿਹੇ ਮੌਕੇ ਪੌਦੇ ਲਾਉਣ ਦਾ ਰੁਝਾਨ ਜਹਾਨ ਲਈ ਪ੍ਰੇਰਨਾ ਸ੍ਰੋਤ ਹੋਵੇਗਾ। ਜਰੂਰਤਮੰਦ ਲੋਕਾਂ ਨੂੰ ਮਿਠਾਈਆਂ, ਫਲ, ਦਵਾਈਆਂ ਤੇ ਸ਼ਰਦੀਆਂ ਤੋਂ ਬਚਣ ਲਈ ਗਰਮ ਕੱਪੜੇ ਜਾਂ ਕੰਬਲ ਵੰਡ ਕੇ ਖੁਸ਼ੀ ਨੂੰ ਹੋਰ ਵਧਾ ਸਕਦੇ ਹਾਂ। ਮਿਠਾਈਆਂ, ਪਟਾਕੇ ਜਾਂ ਮਹਿੰਗੇ ਤੋਹਫੇ ਦੇਣ ਨਾਲੋਂ ਗੁਣਾਕਾਰੀ ਪੌਦੇ ਤੇ ਕਿਤਾਬਾਂ ਦੇ ਗਿਫਟ ਕਿਸੇ ਪੱਖੋਂ ਘੱਟ ਨਹੀਂ ਹਨ। ਕੁਦਰਤ ਅਤੇ ਕਿਤਾਬਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ। ਕਿਤਾਬਾਂ ਖਰੀਦਣ ਦੀ ਆਦਤ ਸਫਲ ਜੀਵਨ ਲਈ ਚੰਗਾ ਨਿਵੇਸ਼ ਹੈ, ਜਿਸ ਨਾਲ ਨਵੀਆਂ ਪਿਰਤਾਂ ਦੇ ਮੋਢੀ ਵੀ ਬਣੋਗੇ।। ਸੋ, ਆਓ ਦੀਵਾਲੀ ਦੇ ਦੀਪ ਵਾਗ ਮਨਾਂ ਨੂੰ ਰੌਸ਼ਨ ਕਰ ਹਰਿਆਵਲ ਵਾਤਾਵਰਣ ਵਿਚ ਨਿੱਗਰ ਸਮਾਜ ਦੀ ਸਿਰਜਣਾ ਕਰੀਏ।