ਅੰਮ੍ਰਿਤਾ ਪ੍ਰੀਤਮ ਦੀਆਂ ‘ਅੰਮ੍ਰਿਤ ਲਹਿਰਾਂ’ ਦਾ ਸਫਰ

ਗੁਲਜ਼ਾਰ ਸਿੰਘ ਸੰਧੂ
1935 ਵਿਚ ਪ੍ਰਕਾਸ਼ਿਤ ਪੰਜਾਬ ਕਾਵਿ ਸੰਗ੍ਰਹਿ ‘ਅੰਮ੍ਰਿਤ ਲਹਿਰਾਂ’ ਦੀ ਲੇਖਿਕਾ ਅੰਮ੍ਰਿਤ ਕੌਰ ਹੈ, ਜਿਸ ਨੇ ਆਪਣੇ ਵਿਆਹ ਤੋਂ ਪਿਛੋਂ ਆਪਣੇ ਨਾਂ ਨਾਲ ਆਪਣੇ ਪਤੀ ਪ੍ਰੀਤਮ ਸਿੰਘ ਦਾ ਨਾਂ ਲਾ ਕੇ ਆਪਣੇ ਆਪ ਨੂੰ ਅੰਮ੍ਰਿਤਾ ਪ੍ਰੀਤਮ ਕਹਿਣਾ ਸ਼ੁਰੂ ਕਰ ਦਿੱਤਾ ਸੀ। ਕੁਝ ਲੋਕਾਂ ਦੇ ਕਥਨ ਅਨੁਸਾਰ ਪ੍ਰਸਿਧ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਵਾਂਗ। ਭਾਵੇਂ ਅੰਮ੍ਰਿਤ ਕੌਰ ਨਾਂ ਵਾਲੀ ਉਸ ਦੀ ਸਭ ਤੋਂ ਪਹਿਲੀ ਪੁਸਤਕ ‘ਠੰਢੀਆਂ ਕਿਰਨਾਂ’ ਇਸ ਤੋਂ ਪਹਿਲਾਂ ਛਪ ਚੁਕੀ ਸੀ, ਪਰ ਇਹ ਵਾਲਾ ਸੰਗ੍ਰਹਿ ਕਈ ਕਾਰਨਾਂ ਸਦਕਾ ਪਹਿਲੇ ਨੂੰ ਮਾਤ ਪਾ ਗਿਆ।

ਇਸ ਦੇ ਮੁੱਢ ਵਿਚ ‘ਪ੍ਰਸ਼ੰਸਾ’ ਦੇ ਸ਼ਬਦ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖੇ ਤੇ ‘ਜਾਣ ਪਛਾਣ’ ਉਸ ਵੇਲੇ ਦੇ ਹਰਮਨ ਪਿਆਰੇ ਕਵੀ ਧਨੀਰਾਮ ਚਾਤ੍ਰਿਕ ਨੇ ਕਰਵਾਈ। ਉਨ੍ਹਾਂ ਦੋਹਾਂ ਨੂੰ ਅੰਮ੍ਰਿਤਾ ਦਾ ਪਿਤਾ ਕਰਤਾਰ ਸਿੰਘ ਹਿਤਕਾਰੀ ਜਾਣਦਾ ਸੀ, ਜਿਸ ਨੇ ਖੁਦ ਵੀ ਪੁਸਤਕ ਦੇ ਅਰੰਭ ਵਿਚ ਆਪਣੀ ਧੀ ਵਲੋਂ ਕਵਿਤਾਵਾਂ ਲਿਖਣ ਦੇ ਸ਼ੌਕ ਦੀ ਬਾਤ ਪਾਈ ਹੈ। ਤਿੰਨਾਂ ਪਤਵੰਤਿਆਂ ਦੀ ਲਿਖਤ ਵਿਚ ਮੋਹ ਤੇ ਮਾਣ ਦੀ ਭਾਵਨਾ ਹੈ। ਖੂਬੀ ਇਹ ਕਿ ਇਸ ਪੁਸਤਕ ਦੀ ਜਿਲਦ, ਛਪਾਈ, ਕਾਗਜ਼ ਦੀ ਦਿੱਖ ਉਨ੍ਹਾਂ ਸਮਿਆਂ ਦੀ ਕਿਸੇ ਵੀ ਪੁਸਤਕ ਨੂੰ ਮਾਤ ਪਾਉਂਦੀ ਹੈ। ਅੰਮ੍ਰਿਤਾ ਦੀ ਬੱਲੇ ਬੱਲੇ ਹੋ ਗਈ।
ਇਹ ਗੱਲ ਵੱਖਰੀ ਹੈ ਕਿ ਸਮੇਂ ਨਾਲ ਲੇਖਿਕਾ ਨੇ ਆਪਣੇ ਇਕ ਕਾਵਿ ਸੰਗ੍ਰਹਿ ਤੋਂ ਕਿਨਾਰਾਕਸ਼ੀ ਕਰ ਲਈ, ਪਰ ਲੋਕ ਮਨਾਂ ਵਿਚ ਇਹ ਪੁਸਤਕ ਇਸ ਤਰ੍ਹਾਂ ਸਮਾਈ ਰਹੀ ਕਿ ਜਦੋਂ ਕਿਸੇ ਦੇ ਜ਼ਿੱਦ ਕਰਨ ਉੱਤੇ 1990 ਵਿਚ ਅੰਮ੍ਰਿਤਾ ਪ੍ਰੀਤਮ ਉਸ ਨੂੰ ਇਸ ਦੀ ਕਾਪੀ ਨਾ ਵਿਖਾ ਸਕੀ ਤਾਂ ਪੁਸਤਕ ਦੇ ਉਸ ਮੱਦਾਹ ਨੇ ਪਾਕਿਸਤਾਨ ਵਿਚ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਸੈਂਟਰ, ਲਾਹੌਰ ਨਾਲ ਰਾਬਤਾ ਕਾਇਮ ਕਰਕੇ ਆਪਣਾ ਸ਼ੌਕ ਪਾਲਣ ਲਈ ਪੁਸਤਕ ਦੇ ਸਰਵਰਕ ਦੀ ਤਸਵੀਰ ਮੰਗਵਾਈ।
ਅੰਮ੍ਰਿਤਾ ਪ੍ਰੀਤਮ ਹਰ ਆਏ ਸਾਲ ਜਾਂ ਇੱਕ ਅੱਧ ਸਾਲ ਦਾ ਨਾਗਾ ਪਾ ਕੇ ਆਪਣੀਆਂ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਂਦੀ ਰਹੀ ਹੈ। ਜਿਉਂਦਾ ਜੀਵਨ, ਤ੍ਰੇਲ ਧੋਤੇ ਫੁੱਲ, ਓ ਗੀਤਾਂ ਵਾਲਿਆ, ਬੱਟਲਾਂ ਦੇ ਪੱਲੇ ਵਿਚ, ਸੰਝ ਦੀ ਲਾਲੀ, ਨਿੱਕੀ ਜਿਹੀ ਸੁਗਾਤ, ਲੋਕ ਪੀੜ ਨਾਂਵਾਂ ਵਾਲੇ ਇਕ ਦਰਜਨ ਕਾਵਿ ਸੰਗ੍ਰਹਿ। ਮੇਰੀ ਪੜ੍ਹਾਈ ਦੇ ਦਿਨਾਂ ਵਿਚ ਇਨ੍ਹਾਂ ਤੋਂ ਪਿਛੇ ਛਪਣ ਵਾਲੇ ‘ਪੱਥਰ ਗੀਟੇ’, ‘ਲੰਮੀਆਂ ਵਾਟਾਂ’ ਤੇ ‘ਮੈਂ ਤਵਾਰੀਖ ਹਾਂ ਹਿੰਦ ਦੀ’ ਪ੍ਰਸਿੱਧ ਹੋਏ। ਪਹਿਲਾਂ ਵਾਲੀਆਂ ਵਿਚੋਂ ਸਿਰਫ ‘ਅੰਮ੍ਰਿਤ ਲਹਿਰਾਂ’ ਦਾ ਨਾਂ ਲਿਆ ਜਾਂਦਾ ਸੀ, ਪਰ ਮੈਂ ਇਹ ਪੁਸਤਕ ਕਲ੍ਹ ਤੋਂ ਪਹਿਲਾਂ ਨਹੀਂ ਸੀ ਤੱਕੀ। ਕੱਲ ਤੋਂ ਮੇਰਾ ਭਾਵ ਅਕਤੂਬਰ ਹੈ। ਉਸ ਦਿਨ ਮੇਰੇ ਮੁੰਬਈ ਵਾਲੇ ਦੋਸਤ ਬਲਜੀਤ ਪਰਮਾਰ ਨੇ ਇਹ ਵਾਲੀ ਸੁਗਾਤ ਪੰਜਾਬੀ ਕਵੀ ਡਾ. ਮਨਮੋਹਨ ਨੂੰ ਭੇਟ ਕੀਤੀ ਸੀ, ਜਿੱਥੇ ਮੈਂ ਵੀ ਹਾਜ਼ਰ ਸਾਂ।
ਬਲਜੀਤ ਪਰਮਾਰ ਨੇ ਦੱਸਿਆ ਕਿ ਇਹ ਵਾਲੀ ਪੋਥੀ ਉਸ ਨੂੰ ਉਰਦੂ ਅਫਸਾਨਾਨਿਗਾਰ ਰਾਜਿੰਦਰ ਸਿੰਘ ਬੇਦੀ ਤੋਂ ਮਿਲੀ ਸੀ ਤੇ ਪਰਮਾਰ ਨੇ ਹੁਣ ਤੱਕ ਆਪਣੀ ਨਿੱਜੀ ਲਾਇਬ੍ਰੇਰੀ ਵਿਚ ਇਸ ਮੰਤਵ ਨਾਲ ਸਾਂਭ ਰੱਖੀ ਸੀ ਕਿ ਜਦੋਂ ਕਦੀ ਵੀ ਉਸ ਨੂੰ ਉਹਦੇ ਨਾਲੋਂ ਉਮਰ ਵਿਚ ਛੋਟਾ ਲੇਖਕ ਮਿਲ ਜਾਵੇ ਤਾਂ ਉਸ ਨੂੰ ਭੇਟ ਕਰ ਦੇਵੇਗਾ। ਪਰਮਾਰ ਦੀ ਇੱਛਾ ਹੈ ਕਿ ਜਦੋਂ 1935 ਵਿਚ ਇਹ ਜਿਲਦ ਸੌ ਵਰ੍ਹਿਆਂ ਦੀ ਹੋ ਜਾਵੇ ਤਾਂ ਇਸ ਨੂੰ ਸੰਭਾਲਣ ਵਾਲਾ ਇਸ ਦਾ 100ਵਾਂ ਜਨਮ ਦਿਨ ਮਨਾ ਸਕੇ। ਉਸ ਦਿਨ ਇਹ ਸੁਗਾਤ ਪੰਜਾਬੀ ਕਵੀ ਡਾ. ਮਨਮੋਹਨ ਨੂੰ ਭੇਟ ਕੀਤੀ ਹੈ, ਜੋ 2035 ਵਿਚ ਅਪਣੀ ਉਮਰ ਦੇ 70ਵੇਂ ਵਰ੍ਹੇ ਵਿਚ ਹੋਵੇਗਾ। ਉਸ ਵਰ੍ਹੇ ਦਾ ਕੋਈ ਵੀ ਦਿਨ ਇਸ ਪੁਸਤਕ ਦਾ 100ਵਾਂ ਜਨਮ ਦਿਨ ਹੋਵੇਗਾ। ਹੈ ਕਿ ਨਹੀਂ ਅਨੋਖੀ ਗੱਲ! ‘ਅੰਮ੍ਰਿਤ ਲਹਿਰਾਂ’ ਦੇ ਸਾਰੇ ਤੈਰਾਕ ਜ਼ਿੰਦਾਬਾਦ।
ਆਪਣੇ ਸਮਕਾਲੀ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨੂੰ ਚੇਤੇ ਕਰਦਿਆਂ: ਸ਼ੰਗਾਰਾ ਸਿੰਘ ਮੇਰੇ ਨਾਲੋਂ 12 ਸਾਲ ਛੋਟਾ ਸੀ, ਪਰ ਉਸ ਦੀ ਪੱਤਰਕਾਰੀ ਆਯੂ ਮੇਰੇ ਨਾਲੋਂ ਵੱਡੀ ਸੀ। ਮੈਂ ਭਾਰਤ ਸਰਕਾਰ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਨ ਸੰਚਾਰ ਤੇ ਪੱਤਰਕਾਰਤਾ ਵਿਭਾਗਾਂ ਤੋਂ ਬਿਨਾ ਸਿਰਫ ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਦਾ ਸੰਪਾਦਕ ਰਿਹਾ, ਪਰ ਉਹ ਸਰਕਾਰੀ ਨੌਕਰੀ ਸਮੇਤ ਚਾਰ ਅਖਬਾਰਾਂ ਦਾ ਸੰਪਾਦਕ ਬਣਿਆ। ਸਾਡੀ ਪਹਿਲੀ ਮੁਲਾਕਾਤ ਨਵੀਂ ਦਿੱਲੀ ਹੋਈ, ਜਦੋਂ ਪੰਜਾਬੀ ਅਕਾਦਮੀ ਦਿੱਲੀ ਵਲੋਂ ਕੱਢੇ ਜਾਂਦੇ ‘ਦਿੱਲੀ’ ਨਾਂ ਦੇ ਰਸਾਲੇ ਦਾ ਸੰਪਾਦਕ ਹੁੰਦਾ ਸੀ। ਫਿਰ 1982 ਵਿਚ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਤੇ ਸਾਡਾ ਸਾਂਝਾ ਮਿੱਤਰ ਬਰਜਿੰਦਰ ਸਿੰਘ ਹਮਦਰਦ ਉਸ ਨੂੰ ਅਪਣਾ ਸਹਾਇਕ ਸੰਪਾਦਕ ਬਣਾ ਕੇ ਚੰਡੀਗੜ੍ਹ ਲੈ ਆਇਆ। ਇਹ ਸਬੱਬ ਦੀ ਗੱਲ ਹੈ ਕਿ ਉਹਦੇ ਪਿੱਛੇ ਪਿੱਛੇ ਮੈਨੂੰ ਵੀ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਮਿਲ ਗਈ।
ਸ਼ੰਗਾਰਾ ਸਿੰਘ ਅਣਥਕ ਜਿਉੜਾ ਸੀ। ਉਸ ਨੇ ਪੰਜਾਬੀ ਟ੍ਰਿਬਿਊਨ ਤੋਂ ਸੇਵਾ ਮੁਕਤ ਹੋ ਕੇ ਪਹਿਲਾਂ ਲੁਧਿਆਣਾ ਤੋਂ ਛਪਦੇ ‘ਦੇਸ਼ ਵਿਦੇਸ਼ ਟਾਈਮਜ਼’ ਦੀ ਸੰਪਾਦਕੀ ਸੰਭਾਲੀ ਤੇ ਫੇਰ ਜਲੰਧਰ ਵਾਲੇ ‘ਪੰਜਾਬੀ ਜਾਗ੍ਰਣ’ ਦੀ ਤੇ ਇਸ ਤੋਂ ਪਿੱਛੋਂ ਮੋਹਾਲੀ ਤੋਂ ਛਪਦੇ ‘ਸਪੋਕਸਮੈਨ’ ਦੀ। ਉਹ ਪਿਛਲੇ ਵਰ੍ਹੇ ਦੇ ਆਖਰੀ ਮਹੀਨੇ ਇਸ ਪਰਚੇ ਦਾ ਸੰਪਾਦਕ ਹੁੰਦਿਆਂ ਪਰਲੋਕ ਸਿਧਾਰ ਗਿਆ। ਚੇਤੰਨ ਤੇ ਸਿਰੜੀ ਐਨਾ ਕਿ ਸ਼ੱਕਰ ਰੋਗ ਦੀ ਪਰਵਾਹ ਕੀਤੇ ਬਿਨਾ ਅੰਤਿਮ ਸਾਹ ਲੈਣ ਤੱਕ ਪੱਤਰਕਾਰਤਾ ਉੱਤੇ ਪਹਿਰਾ ਦਿੰਦਾ ਰਿਹਾ।
ਅੰਤਿਕਾ: ਹਰਿਭਜਨ ਸਿੰਘ
ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ।