ਰੰਗਮੰਚ ਦਾ ਗੁਲਦਸਤਾ

ਡਾ. ਸਾਹਿਬ ਸਿੰਘ
ਫੋਨ: +91-98880-11096
ਰੰਗਮੰਚ ਬਹੁਤ ਸਾਰੀਆਂ ਕਲਾਵਾਂ ਦਾ ਮਿਸ਼ਰਨ ਹੈ ਪਰ ਆਪਣੇ ਆਪ ਵਿਚ ਸੁਤੰਤਰ ਵਿਧਾ ਹੈ। ਇਸ ਨੇ ਕਵਿਤਾ, ਗੀਤ, ਵਾਰਤਕ, ਕਹਾਣੀ, ਚਿੱਤਰਕਾਰੀ, ਸੰਗੀਤ, ਮਖੌਟਾਕਾਰੀ ਆਦਿ ਅਨੇਕਾਂ ਕਲਾਵਾਂ ਨੂੰ ਆਪਣੇ ਅੰਦਰ ਸਮੋਇਆ ਹੋਇਆ ਹੈ ਪਰ ਇਸ ਦੀ ਪਛਾਣ ਵੱਖਰੀ ਹੈ। ਰੰਗਮੰਚ ਦੇ ਆਲੋਚਕ ਲਈ ਇਸ ਨੁਕਤੇ ਨੂੰ ਫੜਨਾ ਅਤੇ ਨਿਭਾਉਣਾ ਜ਼ਰੂਰੀ ਹੈ। ਨਾਟਕ ਅੰਦਰ ਪੇਸ਼ ਕਵਿਤਾ ਦੀ ਆਲੋਚਨਾ ਕੋਈ ਵਿਦਵਾਨ ਕਵਿਤਾ ਦੇ ਕਾਵਿ ਸ਼ਾਸਤਰ ਦੇ ਪੈਮਾਨੇ ਤੋਂ ਕਰੇਗਾ ਤਾਂ ਉਹ ਨਾਟਕ ਦੀ ਸਮੁੱਚੀ ਕਾਇਆ ਨਾਲ ਇਨਸਾਫ ਨਹੀਂ ਕਰ ਸਕੇਗਾ।

ਇਵੇਂ ਹੀ ਨਾਟਕ ਅੰਦਰ ਮਿਸ਼ਰਤ ਹੋਈਆਂ ਬਾਕੀ ਕਲਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਜ਼ਰੂਰੀ ਹੋ ਜਾਂਦਾ ਹੈ ਕਿ ਪੈਮਾਨਾ ਰੰਗਮੰਚੀ ਰਹੇ। ਇਹੀ ਕਾਰਨ ਹੈ ਕਿ ਕਵਿਤਾ ਦੇ ਮਹਾਂ ਆਲੋਚਕ ਵੀ ਜਦੋਂ ਰੰਗ ਆਲੋਚਕ ਬਣਦੇ ਰਹੇ ਤਾਂ ਉਹ ਕਿਤੇ ਨਾ ਕਿਤੇ ਇਸ ਭੁੱਲ ਦਾ ਸ਼ਿਕਾਰ ਰਹੇ। ਜੋ ਇਸ ਫਰਕ ਨੂੰ ਸਮਝਦੇ ਰਹੇ, ਉਨ੍ਹਾਂ ਦੀ ਕਾਬਲੀਅਤ ਤੇ ਵਿਦਵਤਾ ਨੂੰ ਸਲਾਮ! ਕੋਈ ਘਰ ਸੋਹਣਾ ਹੈ… ਖੂਬ ਸਜਿਆ ਹੈ… ਇਹ ਕਹਿਣਾ ਤੇ ਇਸ ਦੇ ਕਾਰਨ ਬਿਆਨਣੇ ਖੂਬ ਹਨ ਪਰ ਘਰ ਦਾ ਸੌਣ ਕਮਰਾ ਕਿਵੇਂ ਸਜਿਆ ਹੈ ਤੇ ਪ੍ਰਾਹੁਣਿਆਂ ਦੇ ਬੈਠਣ ਵਾਲਾ ਕਮਰਾ ਕਿਵੇਂ ਸਜਿਆ ਹੈ, ਇਸ ਵਖਰੇਵੇਂ ਦੇ ਅਰਥ ਸਪਸ਼ਟ ਕਰਨੇ ਉਸ ਤੋਂ ਵੀ ਖੂਬ ਹਨ। ਰੰਗਮੰਚ ਇਸ ਖੂਬੀ ਦੀ ਤਵੱਕੋ ਕਰਦਾ ਹੈ।
ਸਾਰੀਆਂ ਕਲਾਵਾਂ ਮਿਲ ਕੇ ਕਿਸ ਅਨੁਪਾਤ ਵਿਚ ਤੇ ਕਿਸ ਸ਼ਿੱਦਤ ਨਾਲ ਰੂਪਮਾਨ ਹੋਈਆਂ ਹਨ ਕਿ ਇਕ ਬਿਹਤਰੀਨ ਪੇਸ਼ਕਾਰੀ ਸਪੰਨ ਹੋਈ ਹੈ, ਰੰਗ ਆਲੋਚਕ ਦੀ ਇਹ ਮੁੱਖ ਜ਼ਿੰਮੇਵਾਰੀ ਹੈ। ਉਸ ਨੇ ਨਾਟਕ ਦਾ ਮੰਚਨ ਦੇਖਦਿਆਂ ਉਸ ਵਿਚੋਂ ਨਾਟਕਕਾਰ ਦੇ ਦ੍ਰਿਸ਼ਟੀਕੋਣ ਨੂੰ ਲੱਭਣਾ ਹੈ, ਨਿਰਦੇਸ਼ਕ ਦੀ ਵਿਉਂਤਬੰਦੀ ਦੇ ਪਾਸਾਰ ਵੀ ਸਮਝਣੇ ਹਨ, ਅਦਾਕਾਰੀ ਦੀ ਇਕਸੁਰਤਾ ਅਤੇ ਸਜੀਵਤਾ ਵੀ ਪਰਖਣੀ ਹੈ, ਮੰਚ ਸੱਜਾ ਦੀ ਅਨੁਕੂਲਤਾ ਵੀ ਦੇਖਣੀ ਹੈ, ਤੇ ਵੇਸ਼ ਭੂਸ਼ਾ ਦੀ ਵਿਸ਼ੇ ਅਤੇ ਕਿਰਦਾਰ ਨੂੰ ਬੁਲੰਦੀ ਬਖਸ਼ਦੀ ਅਮੀਰੀ ਵੀ ਅੰਕਿਤ ਕਰਨੀ ਹੈ। ਉਸ ਨੇ ਸਿਰਫ ਰੌਸ਼ਨੀਆਂ ਦੀ ਚਕਾਚੌਂਧ ਨਹੀਂ ਦੇਖਣੀ, ਰੌਸ਼ਨੀ ਵਿਉਂਤਣ ਵਾਲਾ ਜੋ ਰੰਗਾਂ ਦੀ ਚਿੱਤਰਕਾਰੀ ਸਿਰਜ ਰਿਹਾ ਹੈ, ਜੋ ਰੌਸ਼ਨੀ ਦੀ ਤੀਬਰਤਾ ਘਟਾ ਵਧਾ ਕੇ ਤਲਿਸਮ ਸਿਰਜ ਰਿਹਾ ਹੈ, ਉਹਦੇ ਪਿੱਛੇ ਛੁਪੇ ਕਾਰਨਾਂ ਤੇ ਤਰਕ ਨੂੰ ਵੀ ਸ਼ਬਦ ਦੇਣੇ ਹਨ। ਦਰਸ਼ਕ ਨਾਲ ਪੇਸ਼ਕਾਰੀ ਦਾ ਕੀ ਰਿਸ਼ਤਾ ਬਣ ਰਿਹਾ ਹੈ, ਕੀ ਇਹ ਵਕਤੀ ਉਬਾਲ ਪੈਦਾ ਕਰ ਰਿਹਾ ਹੈ; ਕੀ ਇਹ ਸੋਚਣ Ḕਤੇ ਮਜਬੂਰ ਕਰ ਰਿਹਾ ਹੈ; ਕੀ ਇਹ ਦਰਸ਼ਕ ਦੇ ਮਨ Ḕਚ ਬੈਠੀ ਕਿਸੇ ਮਿੱਥ ਦਾ ਭੰਜਨ ਕਰ ਰਿਹਾ ਹੈ; ਕੀ ਇਹ ਕੋਈ ਚਿਰਸਥਾਈ ਪ੍ਰਭਾਵ ਸਿਰਜ ਰਿਹਾ ਹੈ; ਕੀ ਇਹ ਦਰਸ਼ਕ ਦਾ ਕੀਮਤੀ ਸਮਾਂ ਜ਼ਾਇਆ ਕਰ ਰਿਹਾ ਹੈ; ਕੀ ਇਹ ਦਰਸ਼ਕ ਨੂੰ ਭ੍ਰਮਿਤ ਕਰ ਰਿਹਾ ਹੈ? ਇਹ ਸਮਝਣਾ ਤੇ ਸਮਝਾਉਣਾ ਰੰਗ ਆਲੋਚਕ ਦਾ ਪਰਮ ਧਰਮ ਹੈ।
ਆਲੋਚਕ ਪੂਰਵ ਨਿਰਧਾਰਤ ਧਾਰਨਾਵਾਂ ਅਤੇ ਸਿਰਫ Ḕਆਪਣੀ ਪਸੰਦḔ ਨੂੰ ਮੁੱਖ ਰੱਖ ਕੇ ਪੇਸ਼ਕਾਰੀ ਦਾ ਮੁਲੰਕਣ ਨਹੀਂ ਕਰ ਸਕਦਾ। ਉਸ ਨੂੰ ਅਜਮੇਰ ਔਲਖ ਦੀ ਵਿਸ਼ਲੇਸ਼ਣਾਤਮਕ ਸ਼ਾਬਦਿਕ ਰੰਗਮੰਚ ਸ਼ੈਲੀ ਨੂੰ ਵੀ ਉਸੇ ਇੱਜ਼ਤ ਤੇ ਤਾਰਕਿਕਤਾ ਨਾਲ ਸਮਝਣਾ ਪਵੇਗਾ, ਜਿਸ ਇੱਜ਼ਤ ਤੇ ਤਾਰਕਿਕਤਾ ਨਾਲ ਉਹ ਨੀਲਮ ਮਾਨ ਸਿੰਘ ਦੇ ਮੂਲ ਰੂਪ Ḕਚ ਸਰੀਰਕ ਰੰਗਮੰਚ ਨੂੰ ਸਮਝਦਾ ਹੈ। ਰੰਗਮੰਚ ਦਾ ਨਜ਼ਾਰਾ ਹੀ ਇਸ ਗੱਲ ਵਿਚ ਹੈ ਕਿ ਇਥੇ ਅਬਰਾਹਮ ਅਲਕਾਜ਼ੀ ਦੀ ਮਹਿਲ ਨੁਮਾ ਮੰਚ ਜੜਤ ਵੀ ਦਰਸ਼ਕ ਲਈ ਰੰਗਮੰਚੀ ਸੁਹਜ ਪੈਦਾ ਕਰਦੀ ਹੈ ਤੇ ਦਵਿੰਦਰ ਰਾਜ ਅੰਕੁਰ ਦਾ ਖਾਲੀ ਮੰਚ ਵੀ ਪ੍ਰਵਾਨ ਚੜ੍ਹਦਾ ਹੈ। ਆਲੋਚਕ ਨੇ ਗੁਰਸ਼ਰਨ ਸਿੰਘ ਦਾ ਸਿਆਸੀ ਰੰਗਮੰਚ ਵੀ ਪ੍ਰਭਾਸ਼ਿਤ ਕਰਨਾ ਹੈ ਤੇ ਡਾ. ਆਤਮਜੀਤ ਦਾ ਉਪਰੋਂ ਦਿਸਦਾ ਸਮਾਜਿਕ ਪਰ ਗੁੱਝੇ ਤੌਰ Ḕਤੇ ਸਿਆਸੀ ਰੰਗਮੰਚ ਦਾ ਮਰਮ ਵੀ ਫੜਨਾ ਹੈ। ਆਲੋਚਕ ਦਾ ਫਰਜ਼ ਇਹ ਬਣਦਾ ਹੈ ਕਿ ਉਹ ਕਿਸੇ ਰੰਗਮੰਚ ਨੂੰ ਸਿਆਸੀ ਰੰਗਮੰਚ ਕਹਿ ਕੇ ਹੀ ਉਸ ਨੂੰ ਵੱਖਰੇ ਖਾਨੇ Ḕਚ ਨਾ ਟਿਕਾ ਦੇਵੇ, ਬਲਕਿ ਇਹ ਸਪਸ਼ਟ ਕਰੇ ਕਿ ਸਿਆਸੀ ਹੁੰਦਿਆਂ ਵੀ ਬਾਦਲ ਸਿਰਕਾਰ ਜਾਂ ਗੁਰਸ਼ਰਨ ਸਿੰਘ ਦਾ ਨਾਟਕ ਰੰਗਮੰਚ ਬਣਦਾ ਹੈ ਜਾਂ ਨਹੀਂ। ਕੇਵਲ ਧਾਲੀਵਾਲ ਆਪਣੀਆਂ ਪੇਸ਼ਕਾਰੀਆਂ ਵਿਚ ਰੰਗ ਬਿਰੰਗੇ ਕੱਪੜੇ ਵਰਤ ਕੇ ਕਿਸ ਤਰ੍ਹਾਂ ਦੀ ਰੰਗਮੰਚੀ ਭਾਸ਼ਾ ਸਿਰਜ ਰਿਹਾ ਹੈ। ਕੀ ਇਸ ਨਾਲ ਪ੍ਰਾਪਤ ਦ੍ਰਿਸ਼ ਦੇ ਅਰਥ ਗੂੜ੍ਹੇ ਹੋ ਰਹੇ ਹਨ ਜਾਂ ਇਹ ਸਿਰਫ ਸਜਾਵਟ ਹੈ। ਇਸ ਪ੍ਰਤੀ ਇਕ ਨਿਰਪੱਖ ਸਮਝ ਵਿਕਸਤ ਕਰਨਾ ਆਲੋਚਕ ਦਾ ਕਾਰਜ ਖੇਤਰ ਹੈ। ਨਾਟ ਸਮੀਖਿਆ ਦਾ ਪੈਮਾਨਾ ਹੋਰ ਹੈ, ਰੰਗਮੰਚ ਸਮੀਖਿਆ ਦਾ ਪੈਮਾਨਾ ਵੱਖਰਾ ਹੋਣਾ ਚਾਹੀਦਾ ਹੈ। ਇਹ ਸਾਹਿਤਕ ਵਿਧਾ ਦੀ ਆਲੋਚਨਾ ਹੁੰਦੇ ਹੋਏ ਵੀ ਕਰਤਬੀ ਕਲਾ ਦੀ ਆਲੋਚਨਾ ਵੀ ਹੈ।
ਅਦਾਕਾਰ ਹਮੇਸ਼ਾਂ ਰੰਗਮੰਚ ਦਾ ਪ੍ਰਤੱਖ ਨਾਇਕ ਰਿਹਾ ਹੈ। ਉਸ ਦੀ ਅਦਾਕਾਰੀ ਨੂੰ ਪ੍ਰਭਾਵਸ਼ਾਲੀ ਜਾਂ ਬੁਰੀ ਤਾਂ ਦਰਸ਼ਕ ਵੀ ਐਲਾਨ ਦਿੰਦਾ ਹੈ। ਆਲੋਚਕ ਨੇ ਤਾਂ ਵਧੀਆ ਘਟੀਆ ਅਦਾਕਾਰੀ ਦੀ ਚੀਰ ਫਾੜ ਕਰਨੀ ਹੈ। ਅਦਾਕਾਰੀ ਕਰਦਿਆਂ ਪੇਸ਼ਕਾਰ ਕੋਲ ਜਿੰਨੇ ਸਰੀਰਕ, ਮਾਨਸਿਕ, ਸ਼ਾਬਦਿਕ ਹਥਿਆਰ ਹਨ, ਉਨ੍ਹਾਂ ਦੀ ਵਰਤੋਂ ਉਹ ਕਿਵੇਂ ਕਰ ਰਿਹਾ ਹੈ, ਆਲੋਚਕ ਨੇ ਇਸ ਦੀ ਨਿਰਖ ਪਰਖ ਕਰਨੀ ਹੈ। ਇਸ ਨਾਲ ਸਰਬਪੱਖੀ ਫਾਇਦਾ ਹੋਵੇਗਾ। ਅਦਾਕਾਰ ਨੂੰ ਸੰਤੁਲਿਤ ਸਮੀਖਿਆ ਮਿਲੇਗੀ ਤੇ ਅੱਗੋਂ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਮਿਲੇਗੀ ਜਾਂ ਆਪਣੀਆਂ ਕਮੀਆਂ ਦੂਰ ਕਰਨ ਲਈ ਇਸ਼ਾਰਾ ਮਿਲੇਗਾ। ਦਰਸ਼ਕ ਜਦੋਂ ਇਹ ਸਮੀਖਿਆ ਪੜ੍ਹੇਗਾ ਤਾਂ ਉਹ ਰੰਗਮੰਚ ਦੇ ਸੂਖਮ ਪੱਖ ਤੋਂ ਜਾਣੂ ਹੋਵੇਗਾ ਤੇ ਰੰਗਮੰਚ ਨਾਲ ਉਹਦਾ ਰਿਸ਼ਤਾ ਹੋਰ ਕਰੀਬੀ ਹੋ ਜਾਵੇਗਾ। ਅੱਜ ਪੰਜਾਬ ਵਿਚ ਕਿਸਾਨੀ ਘੋਲ ਸਿਖਰਾਂ Ḕਤੇ ਹੈ। ਪੰਜਾਬ ਦੀਆਂ ਲਗਭਗ ਵੀਹ ਨਾਟ ਸੰਸਥਾਵਾਂ ਇਨ੍ਹਾਂ ਮੋਰਚਿਆਂ Ḕਚ ਪਹੁੰਚ ਕੇ ਆਪਣੇ ਨਾਟਕ ਕਰ ਰਹੀਆਂ ਹਨ। ਰੰਗ ਆਲੋਚਕ ਲਈ ਇਮਤਿਹਾਨ ਦੀ ਘੜੀ ਹੈ। ਉਸ ਨੂੰ ਇਨ੍ਹਾਂ ਪਿੜਾਂ ਵਿਚ ਜਾਣਾ ਪਏਗਾ ਤੇ ਇਹ ਦੇਖਣਾ ਤੇ ਸਮਝਣਾ ਪਵੇਗਾ ਕਿ ਅਸ਼ਾਂਤ ਮੰਚਨ ਸਥਲ ਅਤੇ ਅਸ਼ਾਂਤ ਉਬਲਦੇ ਸਰੀਰਾਂ ਤੇ ਮਨਾਂ ਦੇ ਸਾਹਮਣੇ ਰੰਗਕਰਮੀ ਸ਼ਾਂਤ ਹੋ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਿਵੇਂ ਕਰ ਰਿਹਾ ਹੈ। ਔਖੀ ਹਾਲਤ Ḕਚ ਇਸਤੇਮਾਲ ਕੀਤੀਆਂ ਜਾ ਰਹੀਆਂ ਰੰਗਮੰਚੀ ਘਾੜਤਾਂ ਦਾ ਵਿਸ਼ਲੇਸ਼ਣ ਕਰਨਾ ਪਏਗਾ। ਅਦਾਕਾਰੀ ਕਰਦਿਆਂ ਰੰਗ ਕਰਮੀਆਂ ਨੇ ਅਦਾਕਾਰੀ ਦੇ ਕਿਹੜੇ ਪਾਸਾਰ ਫਿਲਹਾਲ ਮੁਲਤਵੀ ਕਰ ਲਏ ਹਨ ਤੇ ਕਿਹੜੇ ਨਵੇਂ ਪਸਾਰ ਉਸ ਨੇ ਈਜਾਦ ਕਰ ਲਏ ਹਨ, ਇਸ ਨੂੰ ਦਰਜ ਕਰ ਕੇ ਆਲੋਚਕ ਇਤਿਹਾਸਕ ਕਾਰਜ ਕਰ ਸਕਦਾ ਹੈ।
ਸਾਡੇ ਵਿਚੋਂ ਬਹੁਤਿਆਂ ਨੇ ਅੱਜ ਤਕ ਕੱਚੀਆਂ ਪਿੱਲੀਆਂ ਜਾਣਕਾਰੀਆਂ ਕਰ ਕੇ ਜਾਂ Ḕਨਿਮਾਣੇ ਹੋਣ ਦਾ ਮਾਣḔ ਹਾਸਲ ਕਰਨ ਲਈ, ਜਾਂ ਕਿਸੇ ਹੀਣ ਭਾਵਨਾ ਦੇ ਅਹਿਸਾਸ ਨਾਲ ਆਪਣੇ ਪੰਜਾਬੀ ਰੰਗਮੰਚ ਨੂੰ ਸਤਹੀ, ਗੈਰ ਮਿਆਰੀ ਤੇ ਹੋਰ ਪਤਾ ਨਹੀਂ ਕੀ ਕੁਝ ਕਿਹਾ ਹੈ। ਇਹ ਵਿਸ਼ਲੇਸ਼ਣ ਇਮਾਨਦਾਰ ਵੀ ਨਹੀਂ ਸੀ ਤੇ ਸੰਪੂਰਨ ਵੀ ਨਹੀਂ ਸੀ ਕਿਉਂਕਿ ਇਹ ਧਾਰਨਾ ਪ੍ਰਚਾਰਨ ਵਾਲਾ ਰੰਗ ਆਲੋਚਕ ਆਪਣੀ ਮਿੱਟੀ ਦੇ ਉਸ ਕਣ ਤਕ ਤਾਂ ਪਹੁੰਚਿਆ ਹੀ ਨਹੀਂ ਸੀ ਜਿੱਥੇ ਪੰਜਾਬੀ ਜਨ ਮਾਨਸ ਤੇ ਪੰਜਾਬੀ ਰੰਗਮੰਚ ਦੀ ਰੂਹ ਧੜਕਦੀ ਹੈ। ਅਜੇ ਵੀ ਵੇਲਾ ਹੈ ਕਿ ਅਸੀਂ ਆਪਣੇ ਕੰਮ ਦੀ ਸਹੀ ਪੜਚੋਲ ਕਰੀਏ ਤੇ ਕੁੱਲ ਸੰਸਾਰ ਸਾਹਮਣੇ ਇਸ ਦੀ ਅਸਲ ਤਸਵੀਰ ਪੇਸ਼ ਕਰੀਏ ਕਿ ਕਿਵੇਂ ਝੱਖੜਾਂ ਤੂਫਾਨਾਂ ਸੰਗ ਟਕਰਾ ਕੇ ਵੀ ਇਸ ਨੇ ਆਪਣੀ ਮੜ੍ਹਕ ਬਰਕਰਾਰ ਰੱਖੀ ਹੈ ਤੇ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹਰ ਹੀਲਾ ਵਰਤਿਆ ਹੈ। ਰੰਗ ਆਲੋਚਕ ਵਿਅਕਤੀਗਤ ਸੰਘਰਸ਼ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰੇ, ਸਮੂਹਿਕ ਯਤਨਾਂ ਦਾ ਭਾਵ ਵੀ ਸਮਝੇ। ਸੰਸਥਾਵਾਂ ਆਪਣਾ ਫਰਜ਼ ਸਮਝਣ, ਪ੍ਰਾਜੈਕਟ ਬਣਾਉਣ, ਜ਼ਿੰਮੇਵਾਰੀਆਂ ਤੈਅ ਕਰਨ ਤੇ ਪੰਜਾਬੀ ਰੰਗਮੰਚ ਦੇ ਹੁਣ ਤਕ ਦੇ ਕਾਰਜ ਦਾ Ḕਅਸਲ ਥੀਸਿਸḔ ਤਿਆਰ ਕਰਨ ਵਾਲਾ ਇਤਿਹਾਸਕ ਕਦਮ ਪੁੱਟਣ। ਅਸੀਂ ਸੰਪੂਰਨ ਨਹੀਂ ਹਾਂ, ਪਰ ਅਪੂਰਨ ਵੀ ਨਹੀਂ ਹਾਂ।