ਮੁੱਕਣਾ, ਚੱਲਣਾ, ਰੁਕਣਾ, ਪਨਪਣਾ

ਸ਼ਮਿੰਦਰ ਲੱਖੇਵਾਲੀ
ਸ੍ਰੀ ਮੁਕਤਸਰ ਸਾਹਿਬ
ਫੋਨ: 91-75268-08047
ਮੁੱਕਣਾ, ਚੱਲਣਾ, ਰੁਕਣਾ, ਪਨਪਣਾ-ਸ਼ਾਇਦ ਤੁਸੀਂ ਸੋਚੋਗੇ ਕਿ ਮੁੱਕਣਾ ਅੰਤ ਵਿਚ ਹੁੰਦਾ ਹੈ। ਹਾਂ, ਹੋ ਸਕਦਾ ਹੈ ਇਹ ਮੁੱਕਣਾ ਕਿਸੇ ਜੀਵ ਜੰਤੂ ਦੀ ਮੌਤ ਹੋਵੇ। ਤੁਹਾਡਾ ਜਾਂ ਮੇਰਾ ਕੁਝ ਸਾਲ ਉਮਰ ਭੋਗ ਕੇ ਮਰ ਜਾਣਾ ਹੋਵੇ; ਪਰ ਸਾਨੂੰ ਆਪਣੀ ਸੋਚ ਏਨੀ ਛੋਟੀ ਨਹੀਂ ਰੱਖਣੀ ਚਾਹੀਦੀ। ਬ੍ਰਹਿਮੰਡ ਵਿਚ ਇਹ ਘਟਨਾ ਬੜੀ ਮਾਮੂਲੀ ਹੈ। ਉਸ ਦੀ ਨਿਰੰਤਰ ਤੋਰ ਦਾ ਇਕ ਹਿੱਸਾ ਹੈ।

ਮੈਂ ਸਾਲਾਂ ਤੋਂ ਇਹ ਦੇਖ ਰਹੀ ਹਾਂ ਕਿ ਆਮ ਲੋਕ ਵੀ ਅਤੇ ਵਿਦਵਾਨ ਵੀ ਕਿਸੇ ਸਥੂਲ ਜਾਂ ਅਸਥੂਲ ਚੀਜ਼ ਦੇ ਮੁੱਕਣ ਉੱਤੇ ਬੜਾ ਕਲਪਦੇ ਹਨ; ਬਹੁਤ ਦੁਖੀ ਹੁੰਦੇ ਹਨ। ਕਿਸੇ ਨੂੰ ਦੁੱਖ ਹੈ ਕਿ ਗਹੀਰੇ ਨਹੀਂ ਰਹੇ, ਪਾਥੀਆਂ ਖਤਮ ਹੋ ਰਹੀਆਂ ਹਨ। ਕੋਈ ਪੁਰਾਣੇ ਸਮੇਂ ਵਰਤੇ ਜਾਂਦੇ ਸ਼ਬਦਾਂ ਦੇ ਗੁਆਚਣ ਤੋਂ ਦੁਖੀ ਹੈ। ਕੋਈ ਇਤਿਹਾਸਕ ਇਮਾਰਤਾਂ ਦੇ ਖਾਤਮੇ ਤੋਂ। ਕੋਈ ਬਜੁਰਗਾਂ ਦੀ ਜੀਵਨ-ਜਾਚ ਦੇ ਵਿੱਸਰ ਜਾਣ ਤੋਂ ਦੁਖੀ ਹੈ।
ਕਿਉਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਮਨੁੱਖ ਵਿਕਾਸ ਕਰਨਾ ਚਾਹੁੰਦਾ ਹੈ। ਜ਼ਿੰਦਗੀ ਅਤੇ ਬ੍ਰਹਿਮੰਡ ਗਤੀਮਾਨ ਹਨ। ਵਿਕਾਸ ਲਈ ਤਬਦੀਲੀ ਲਾਜ਼ਮੀ ਹੈ। ਤਬਦੀਲੀ ਤੋਂ ਬਿਨਾ ਵਾਧਾ ਸੰਭਵ ਹੈ, ਵਿਕਾਸ ਨਹੀਂ। ਸਮੇਂ ਅਨੁਸਾਰ ਜਿਸ ਚੀਜ਼ ਦੀ ਲੋੜ ਹੋਵੇ, ਉਹ ਪੈਦਾ ਹੁੰਦੀ ਹੈ ਜਾਂ ਕਰ ਲਈ ਜਾਂਦੀ ਹੈ। ਜਿਸ ਦੀ ਲੋੜ ਨਹੀਂ, ਉਹ ਗੁਆਚ ਜਾਂਦੀ ਹੈ। ਉਸ ਦਾ ਗੁਆਚਣਾ ਸੁਭਾਵਿਕ ਕਿਰਿਆ ਹੈ।
ਜੋ ਚੀਜ਼ ਵਰਤੋਂ ਵਿਚ ਹੀ ਨਹੀਂ ਰਹੀ, ਉਹ ਅਤੇ ਉਸ ਦਾ ਨਾਮ ਗੁੰਮ ਹੀ ਜਾਣਾ ਹੈ। ਇਸ ਵਿਚ ਨਵੀਂ ਪੀੜ੍ਹੀ ਦਾ ਕੋਈ ਦੋਸ਼ ਨਹੀਂ ਹੁੰਦਾ। ਜਦ ਚਰਖਾ ਹੀ ਨਹੀਂ ਰਿਹਾ ਤਾਂ ਉਸ ਦੇ ਇਕ ਇਕ ਪੁਰਜ਼ੇ ਦਾ ਨਾਮ ਗੁਆਚਣਾ ਹੀ ਸੀ। ਤੁਸੀਂ ਦੇਖੋ ਹੋਰ ਕਿੰਨੇ ਨਵੇਂ ਸ਼ਬਦ ਅਤੇ ਕਿੰਨੀਆਂ ਨਵੀਆਂ ਚੀਜ਼ਾਂ ਆ ਗਈਆਂ ਹਨ। ਇਨ੍ਹਾਂ ਦੀ ਗਿਣਤੀ ਗੁਆਚਣ ਵਾਲੀਆਂ ਤੋਂ ਵੱਧ ਹੀ ਹੋਵੇਗੀ।
ਨਵੀਂ ਪੀੜ੍ਹੀ ਨਾਲਾਇਕ ਨਹੀਂ ਹੈ। ਉਸ ਅੱਗੇ ਬਹੁਤ ਚੁਣੌਤੀਆਂ ਹਨ। ਅੱਜ ਦਾ 5 ਸਾਲ ਦਾ ਬੱਚਾ 30 ਸਾਲ ਪਹਿਲਾਂ ਦੇ ਬੱਚੇ ਤੋਂ ਕਿਤੇ ਵੱਧ ਤੀਖਣ-ਬੁੱਧ ਵਾਲਾ ਹੈ।
ਚੱਲਣਾ ਕੁਦਰਤ ਦਾ ਨਿਯਮ ਹੈ। ਸਮਾਂ ਬੀਤ ਰਿਹਾ ਹੈ, ਤਬਦੀਲੀ ਹੋ ਰਹੀ ਹੈ। ਪੂਰਨ ਤੌਰ ਉੱਤੇ ਰੁਕਣਾ ਇਸ ਕਾਇਨਾਤ ਵਿਚ ਜਾਂ ਘੱਟੋ-ਘੱਟ ਇਸ ਧਰਤੀ ਉੱਤੇ ਤਾਂ ਸੰਭਵ ਨਹੀਂ ਹੈ। ਤਬਦੀਲੀ ਹਰ ਸਮੇਂ ਵਾਪਰ ਰਹੀ ਹੈ, ਚਾਹੇ ਉਹ ਸਾਡੀ ਪਕੜ ਵਿਚ ਆਵੇ ਜਾਂ ਨਾ, ਪਰ ਉਹ ਵਾਪਰ ਰਹੀ ਹੈ। ਇਕ ਕਮਰਾ 20 ਸਾਲ ਲਈ ਬੰਦ ਕਰਕੇ ਰੱਖ ਦਿਓ। 20 ਸਾਲ ਬਾਅਦ ਖੋਲ੍ਹੋ, ਉਹ ਓਹੋ ਜਿਹਾ ਨਹੀਂ ਹੋਵੇਗਾ। ਸਮਾਂ ਉਸ ਉੱਤੇ ਆਪਣਾ ਅਸਰ ਦਿਖਾ ਚੁਕਾ ਹੋਵੇਗਾ। ਜਿਸ ਚੀਜ਼ ਨੂੰ ਤੁਸੀਂ ਰੁਕੀ ਸਮਝ ਰਹੇ ਹੋ, ਉਹ ਅਸਲ ਵਿਚ ਰੁਕੀ ਹੋਈ ਨਹੀਂ ਹੈ, ਕੁਝ ਨਾ ਕੁਝ ਚੱਲ ਰਿਹਾ ਹੈ।
ਸਭ ਕਹਿੰਦੇ ਹਨ ਕਿ ਤੁਰਦੇ ਰਹਿਣਾ ਹੀ ਜ਼ਿੰਦਗੀ ਹੈ, ਰੁਕ ਜਾਣਾ ਮੌਤ ਹੈ। ਅਜਿਹਾ ਨਹੀਂ ਹੈ। ਜੋ ਤੁਹਾਨੂੰ ਰੁਕਿਆ ਦਿਸ ਰਿਹਾ ਹੈ, ਉਸ ਵਿਚ ਬੜਾ ਕੁਝ ਵਾਪਰ ਰਿਹਾ ਹੈ। ਠਹਿਰਾਓ ਵਿਚ ਬਹੁਤ ਨਿਆਮਤਾਂ ਹਨ। ਦੁੱਧ ਕਈ ਘੰਟੇ ਠਹਿਰਦਾ ਹੈ ਤਾਂ ਜੰਮਦਾ ਹੈ, ਫਿਰ ਰਿੜਕਿਆ ਜਾਂਦਾ ਹੈ, ਫਿਰ ਮੱਖਣ ਨਿਕਲਦਾ ਹੈ। ਜੇ ਉਹ ਰੁਕੇਗਾ ਨਹੀਂ, ਤੁਹਾਨੂੰ ਮੱਖਣ ਤੇ ਲੱਸੀ ਪ੍ਰਾਪਤ ਨਹੀਂ ਹੋਣਗੇ।
ਸੇਬ, ਸੰਤਰੇ, ਅੰਬ ਜੋ ਤੁਸੀਂ ਖਾਂਦੇ ਹੋ, ਸਭ ਠਹਿਰਾਓ ਦੀ ਦੇਣ ਹੈ। ਰੁੱਖ ਇਕ ਜਗ੍ਹਾ ਸਾਲਾਂ ਤੱਕ ਰੁਕਿਆ ਤਾਂ ਤੁਹਾਨੂੰ ਕਿੰਨਾ ਕੁਝ ਦੇ ਸਕਿਆ। ਜੇ ਤੁਸੀਂ ਉਸ ਨੂੰ ਵਾਰ ਵਾਰ ਪੱਟ ਕੇ ਹੋਰ ਥਾਂ ਲਾਉਂਦੇ ਰਹਿੰਦੇ, ਕੁਝ ਨਹੀਂ ਮਿਲਣਾ ਸੀ।
ਜ਼ਿੰਦਗੀ ਨਹੀਂ ਰੁਕਦੀ। ਇਕ ਕਮਰੇ ਵਿਚ ਬੰਦ ਬੈਠੇ ਬੰਦੇ ਅੰਦਰ ਵੀ ਬੜਾ ਕੁਝ ਵਾਪਰ ਰਿਹਾ ਹੁੰਦਾ ਹੈ। ਜੇਲ੍ਹ ਵਿਚ ਕੈਦੀ ਜਦ ਲੰਮੀ ਕੈਦ ਭੋਗ ਕੇ ਨਿਕਲਦੇ ਹਨ, ਬਦਲ ਕੇ ਨਿਕਲਦੇ ਹਨ; ਉਹੀ ਨਹੀਂ ਹੁੰਦੇ, ਜੋ ਜਾਣ ਸਮੇਂ ਸਨ। ਹਾਂ, ਇਹ ਹੋ ਸਕਦਾ ਹੈ ਕਿ ਸੁਖੀ ਨਾ ਹੋਣ।
ਸਿਰਫ ਸੁੱਖ ਹੀ ਮਿਲੇ ਅਤੇ ਅਸੀਂ ਜ਼ਿੰਦਗੀ ਵਿਚ ਅੱਗੇ ਵੀ ਵਧੀਏ, ਸਿਰਫ ਜਿੱਤਦੇ ਰਹੀਏ ਅਤੇ ਅੱਗੇ ਵਧੀਏ ਇਹ ਵੀ ਸੰਭਵ ਨਹੀਂ। ਦੁੱਖ-ਸੁੱਖ, ਖੁਸ਼ੀ-ਗਮੀ, ਰੋਣੇ ਹਾਸੇ, ਵਾਧੇ-ਘਾਟੇ ਇਨ੍ਹਾਂ ਕਰਕੇ ਹੀ ਜੀਵਨ ਦੀ ਹੋਂਦ ਹੈ। ਇਸ ਤਰ੍ਹਾਂ ਚੇਨ ਰੀਐਕਸ਼ਨ ਉਤਪੰਨ ਹੁੰਦੇ ਹਨ। ਜ਼ਿੰਦਗੀ ਅੱਗੇ ਤੁਰਦੀ ਹੈ। ਨਹੀਂ ਤਾਂ ਜੀਵਨ ਵਿਚ ਰੌਚਕਤਾ ਅਤੇ ਤਰੱਕੀ ਸੰਭਵ ਹੀ ਨਹੀਂ।
ਦੁੱਖ ਮਿਲਦਾ ਹੈ ਤਾਂ ਸੁੱਖ ਦੀ ਚਾਹਤ ਪਨਪਦੀ ਹੈ। ਹਰਕਤ ਕੋਸ਼ਿਸ਼ ਪੈਦਾ ਹੁੰਦੀ ਹੈ। ਸੈਮੁਅਲ ਬੇਕੇਟ ਆਪਣੇ ਨਾਟਕ ‘ਵੇਟਿੰਗ ਫਾਰ ਗੋਦੋ’ ਵਿਚ ਲਿਖਦਾ ਹੈ,
ਕੁਝ ਨਹੀਂ ਵਾਪਰਦਾ
ਨਾ ਕੋਈ ਆਉਂਦਾ ਹੈ,
ਨਾ ਕੋਈ ਜਾਂਦਾ ਹੈ
ਇਹ ਭਿਆਨਕ ਹੈ।
ਮੈਂ ਇਹ ਨਹੀਂ ਕਹਿੰਦੀ ਕਿ ਆਪਣਾ ਸੱਭਿਆਚਾਰ ਅਤੇ ਇਤਿਹਾਸਕ ਇਮਾਰਤਾਂ ਸੰਭਾਲੋ ਨਾ। ਜ਼ਰੂਰ ਸਾਂਭੋ, ਪਰ ਇਸ ਵਿਚ ਕੱਟੜ ਹੋ ਕੇ ਖੁਦ ਨੂੰ ਅਤੇ ਦੂਜਿਆਂ ਨੂੰ ਦੁਖੀ ਨਾ ਕਰੋ। ਸਭ ਨੂੰ ਪਤਾ ਹੈ ਕਿ ਇਮਾਰਤਾਂ ਦੀ ਇਕ ਉਮਰ ਹੁੰਦੀ ਹੈ।
ਸਾਂਭੋਗੇ ਵੀ ਤਾਂ ਮੁਰੰਮਤ ਕਰਨੀ ਪਵੇਗੀ। ਇਤਿਹਾਸ ਅਤੇ ਇਤਿਹਾਸਕ ਚੀਜ਼ਾਂ ਅਸੀਂ ਓਵੇਂ ਦੀਆਂ ਓਵੇਂ ਨਹੀਂ ਰੱਖ ਸਕਦੇ। ਇਤਿਹਾਸ ਵੀ ਸਾਨੂੰ ਸ਼ੁੱਧ ਰੂਪ ਵਿਚ ਪ੍ਰਾਪਤ ਨਹੀਂ ਹੁੰਦਾ। ਸਮਾਂ ਅਤੇ ਲਿਖਾਰੀ ਇਸ ਵਿਚ ਮਿਲਾਵਟਾਂ ਕਰਦੇ ਰਹਿੰਦੇ ਹਨ। ਅਕਸਰ ਕੌਮਾਂ ਆਪਣੇ ਬਾਰੇ ਵਧਾ ਚੜ੍ਹਾ ਕੇ ਹੀ ਦੱਸਦੀਆਂ ਹਨ। ਦੁਸ਼ਮਣ ਨੂੰ ਬੇਹੱਦ ਜ਼ੁਲਮੀ ਸਾਬਿਤ ਕਰਦੀਆਂ ਹਨ। ਹਾਰ ਨੂੰ ਨਕਾਰ ਨਹੀਂ ਸਕਦੀਆਂ ਤਾਂ ਬਹਾਦਰੀ ਦਾ ਦਾਅਵਾ ਜ਼ਰੂਰ ਕਰਦੀਆਂ ਹਨ। ਕਹਿਣਾ ਮੁਸ਼ਕਿਲ ਹੈ ਕਿ ਇਸ ਵਿਚ ਕਿੰਨਾ ਸੱਚ ਹੈ ਤੇ ਕਿੰਨਾ ਝੂਠ ਹੈ।
ਕਾਇਨਾਤ ਆਪਣੀ ਮਰਜ਼ੀ ਮੁਤਾਬਕ ਚਲਦੀ ਰਹਿੰਦੀ ਹੈ। ਅਸੀਂ ਖੁਦ ਵੀ ਅਤੇ ਜੋ ਸਭ ਅਸੀਂ ਦੇਖ ਰਹੇ ਹਾਂ, ਉਹ ਵੀ ਇਸ ਦਾ ਮਾਮੂਲੀ ਅਤੇ ਆਰਜ਼ੀ ਹਿੱਸਾ ਹੈ। ਸਭ ਕੁਝ ਬਿਨਸਣਹਾਰ ਹੈ।
ਹਜ਼ਾਰਾਂ ਸਾਲ ਤੋਂ ਜੜ੍ਹੀ-ਬੂਟੀਆਂ ਲਾ ਕੇ ਪੱਟੀਆਂ ਲਪੇਟ ਕੇ ਰੱਖੇ ਮਨੁੱਖੀ ਸਰੀਰ ਅੱਜ ਕਿਸ ਹਾਲ ਵਿਚ ਮਿਲਦੇ ਹਨ, ਤੁਸੀਂ ਦੇਖ ਸਕਦੇ ਹੋ। ਉਹ ਵੀ ਭੁਰਦੇ ਹੀ ਜਾਣਗੇ। ਇਕ ਦਿਨ ਧਰਤੀ ਵੀ ਖਤਮ ਹੋ ਜਾਣੀ ਹੈ। ਚੰਦ-ਸੂਰਜ ਦੀ ਵੀ ਇਕ ਉਮਰ ਹੈ।
ਪੱਤਝੜ ਦੱਸਦੀ ਹੈ ਕਿ ਜੋ ਜਾਂਦਾ ਹੈ, ਉਸ ਨੂੰ ਜਾਣ ਦਿਓ, ਉਸ ਦਾ ਵਕਤ ਪੂਰਾ ਹੋ ਚੁਕਾ ਹੈ। ਪੁਰਾਣੇ ਪੱਤੇ ਝੜਨਗੇ ਤਾਂ ਨਵੇਂ ਆਉਣਗੇ! ਜੇ ਤੁਸੀਂ ਸੁੱਕੇ ਪੱਤਿਆਂ ਨੂੰ ਰੁੱਖ ਨਾਲ ਜੋੜੀ ਰੱਖਣ ਦਾ ਯਤਨ ਕਰੋਗੇ ਤਾਂ ਖੁਦ ਦੁਖੀ ਹੋਵੋਗੇ, ਰੁੱਖ ਨੂੰ ਵੀ ਕਰੋਗੇ। ਬਹਾਰ ਦੇ ਆਉਣ ਵਿਚ ਵਿਘਨ ਪਾਵੋਗੇ। ਬ੍ਰਹਿਮੰਡ ਵਿਚ ਜਿਉਣ ਲਈ ਇਸ ਜਿੰਨਾ ਹੀ ਵਿਸ਼ਾਲ ਨਜ਼ਰੀਆ ਚਾਹੀਦਾ ਹੈ।