ਚੁਰਾਸੀ ਦੇ ਸ਼ਹੀਦਾਂ ਦਾ ਮੁੱਲ ਵੱਟਣ ਦੀ ਤਿਆਰੀ

-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਉਨੱਤੀ ਸਾਲ ਹੋ ਗਏ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੇ ਖੂਨੀ ਸਾਕੇ ਨੂੰ ਵਾਪਰਿਆਂ। ਫਿਰ ਇੰਦਰਾ ਗਾਂਧੀ ਦੀ ਮੌਤ ਤੋਂ ਮਗਰੋਂ ਜੋ ਤਾਂਡਵ ਨਾਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਇਆ, ਉਸ ਨੂੰ ਵੇਖ ਕੇ ਦੁਨੀਆਂ ਦਹਿਲ ਉਠੀ। ਇਹ ਉਜੜੇ-ਪੁਜੜੇ ਪਰਿਵਾਰ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਰ ਕਿਸੇ ਨੇ ਵੀ ਉਨ੍ਹਾਂ ਦੀ ਫਰਿਆਦ ਨਾ ਸੁਣੀ। ਅਕਾਲੀ ਸਰਕਾਰ ਦੇ ਕੁੱਲ ਰਾਜ ਭਾਗ ਦੇ ਇੱਕੀ ਸਾਲ ਪੂਰੇ ਹੋ ਗਏ ਹਨ ਅਤੇ ਬਾਈਵਾਂ ਸਾਲ ਚੜ੍ਹ ਪਿਆ ਹੈ। ਇਨ੍ਹਾਂ ਗੁਜ਼ਰ ਚੁੱਕੇ ਇੱਕੀ ਸਾਲਾਂ ਵਿਚ ਅਕਾਲੀ ਸਰਕਾਰ ਨੂੰ ਕਦੀ ਵੀ ਚੇਤਾ ਨਹੀਂ ਆਇਆ ਕਿ ਚੁਰਾਸੀ ਵਿਚ ਕੀ ਭਾਣੇ ਵਰਤੇ ਸਨ? ਕਿੰਨੇ ਲੋਕ ਮਰੇ ਸਨ? ਕਿੰਨੇ ਘਰ ਪਰਿਵਾਰ ਉਜੜੇ ਸਨ? ਤੇ ਕਿੰਨੇ ਅੱਜ ਵੀ ਰੁਲਦੇ ਫਿਰ ਰਹੇ ਹਨ? ਪਿੱਛੇ ਜਿਹੇ ਇਨਸਾਫ ਮੰਗਣ ਆਏ ਉਜੜੇ ਹੋਏ ਪਰਿਵਾਰਾਂ ਨੂੰ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੋਂ ਤੱਕ ਆਖ ਛੱਡਿਆ ਸੀ ਕਿ ਹੁਣ ਇੰਨੀਆਂ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਵੋ! ਵਕਤ ਬਹੁਤ ਬੀਤ ਚੁੱਕਾ ਹੈ, ਪਿਛਲੀਆਂ ਗੱਲਾਂ ਭੁਲਾ ਕੇ ਆਉਣ ਵਾਲੇ ਸਮੇਂ ਦੀ ਸੋਚੋ!! ਜਿਵੇਂ ਦਾ ਸਮਾਂ ਹੈ, ਉਸ ਵਿਚ ਜੀਣਾ ਸਿੱਖੋ! ਮੁੱਖ ਮੰਤਰੀ ਦੇ ਇਸ ਬਿਆਨ ਦੀ ਕਾਫੀ ਚਰਚਾ ਹੋਈ ਸੀ, ਪਰ ਫਰਕ ਕੋਈ ਵੀ ਨਾ ਪਿਆ। ਪੂਰੇ 29 ਸਾਲਾਂ ਬਾਅਦ ਪੰਜਾਬ ਦੀ ਅਕਾਲੀ ਸਰਕਾਰ ਇਕ ਦਮ ਹੀ ਜੋਸ਼ ਵਿਚ ਆ ਗਈ ਹੈ। ਇਸ ‘ਤੇ ਸਾਰਾ ਸਿੱਖ ਜਗਤ ਹੈਰਾਨ ਹੈ।
ਦੂਜੇ ਪਾਸੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੂਰੇ ਇੱਕੀ ਸਾਲਾਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਇਆ ਅਤੇ ਤਾਕਤ ਦੇ ਜ਼ੋਰ ਨਾਲ ਆਪਣੇ ਕਬਜ਼ੇ ਹੇਠ ਕਰ ਲਿਆ। ਫਿਰ ਸੋਚਿਆ ਕਿ ਜਿੱਤਣ ਤੋਂ ਬਾਅਦ ਕੁਝ ਐਸਾ ਕੀਤਾ ਜਾਵੇ ਜੋ ਚਰਚਾ ਦਾ ਵਿਸ਼ਾ ਵੀ ਬਣੇ ਅਤੇ ਤਾਕਤ ਦਾ ਮੁਜ਼ਾਹਰਾ ਵੀ ਹੋ ਜਾਵੇ। ਸੋ, ਕੱਲ੍ਹ ਜਿਹੜੇ ਆਖ ਰਹੇ ਸਨ, ਛੱਡੋ ਪਰ੍ਹਾਂ ਪੁਰਾਣੀਆਂ ਗੱਲਾਂ ਨੂੰ, ਉਨ੍ਹਾਂ ਨੂੰ ਅਚਾਨਕ ਹੀ ਸ਼ਹੀਦਾਂ ਦੀ ਯਾਦਗਾਰ ਦਾ ਚੇਤਾ ਵੀ ਆ ਗਿਆ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸਥਾਨ ਗੁਰਦੁਆਰਾ ਰਕਾਬਗੰਜ ਦੇ ਵਿਹੜੇ ਵਿਚ ਹੀ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ। ਜਦ ਪਹਿਲੀ ਕਮੇਟੀ ਵਾਲਿਆਂ ਅਤੇ ਸੰਗਤ ਨੇ ਆਵਾਜ਼ ਉਠਾਈ ਕਿ ਸ਼ਹੀਦੀ ਯਾਦਗਾਰ ਨੂੰ ਗੁਰੂਘਰ ਵਿਚ ਨਾ ਬਣਾ ਕੇ, ਕਿਸੇ ਵੱਖਰੀ ਥਾਂ ‘ਤੇ ਬਣਾਇਆ ਜਾਵੇ ਤਾਂ ਸੁਖਬੀਰ ਸਿੰਘ ਨੇ ਉਨ੍ਹਾਂ ਨੂੰ ਧਰਮ ਅਤੇ ਕੌਮ ਦੇ ਗੱਦਾਰ ਗਰਦਾਨ ਦਿੱਤਾ। ਕਹਿੰਦੇ ਨੇ ਤਕੜੇ ਦਾ ਸੱਤੀਂ ਵੀਹੀਂ ਸੌ ਬਣ ਜਾਂਦਾ ਹੈ, ਪਰ ਇੱਥੇ ਤਾਂ ਅੱਠੀਂ ਵੀਹੀਂ ਸੌ ਬਣ ਜਾਣਾ ਵੀ ਸੁਭਾਵਿਕ ਹੀ ਹੈ। ਸੋਚਣ ਅਤੇ ਵਿਚਾਰਨ ਵਾਲੇ ਲੋਕ ਜਾਣਦੇ ਹਨ ਕਿ ਇਹ ਸਾਰੇ ਅਡੰਬਰ ਕਿਉਂ ਰਚੇ ਜਾ ਰਹੇ ਹਨ?
ਹੁਣ ਗੁਰਦੁਆਰੇ ਆਪਣੇ ਕਬਜ਼ੇ ਵਿਚ, ਗੋਲਕਾਂ ਆਪਣੇ ਕਬਜ਼ੇ ਵਿਚ, ਜਥੇਦਾਰ ਆਪਣੇ ਕਬਜ਼ੇ ਵਿਚ, ਸਿਆਸਤ ਆਪਣੇ ਕਬਜ਼ੇ ਵਿਚ ਤੇ ਰਾਜ ਭਾਗ ਵੀ ਆਪਣੇ ਕਬਜ਼ੇ ਵਿਚ! ਇਹਨੂੰ ਆਖਦੇ ਹਨ ਰਾਜਨੀਤੀ ਦਾ ਖੇਡ ਤਮਾਸ਼ਾ!! ਪਹਿਲਾਂ ਪੈਸੇ ਅਤੇ ਤਾਕਤ ਨਾਲ ਦਿੱਲੀ ਗਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਕੜ ਵਿਚ ਕੀਤਾ, ਫਿਰ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖ ਕੇ ਪਰਮਜੀਤ ਸਿੰਘ ਸਰਨਾ ਨੂੰ ਗੱਦਾਰ ਗਰਦਾਨਿਆ ਅਤੇ ਨਾਲ ਹੀ ਜਥੇਦਾਰ ਵੱਲੋਂ ਹੁਕਮਨਾਮਾ ਜਾਰੀ ਕਰਵਾ ਕੇ ਸਰਨਾ ਨੂੰ ਤਲਬ ਵੀ ਕਰਵਾ ਲਿਆ। ਇਹ ਸਾਰਾ ਤਮਾਸ਼ਾ ਸਿੱਖ ਧਰਮ ਅਤੇ ਸਿੱਖ ਕੌਮ ਦੇ ਗੱਦਾਰ ਅਤੇ ਗੁਰੂਘਰ ਦੇ ਦੋਖੀ ਬੀæਜੇæਪੀæ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਅਗਲੇ ਸਾਲ 2014 ਵਿਚ ਬੀæਜੇæਪੀæ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਤੇ ਵੱਡੇ ਬਾਦਲ ਨੂੰ ਰਾਸ਼ਟਰਪਤੀ ਬਣਾਏ ਜਾਣ ਲਈ ਅੰਦਰਖਾਤੇ ਸਾਰੀ ਗੰਢ-ਤੁਪ ਹੋ ਚੁੱਕੀ ਜਾਪਦੀ ਹੈ। ਉਹ ਬੀæਜੇæਪੀæ ਜੋ ਕੱਟੜਤਾ ਤੋਂ ਬਿਨਾਂ ਗੱਲ ਨਹੀਂ ਕਰਦੀ, ਉਹ ਬੀæਜੇæਪੀæ ਜੋ ਸ਼ਰ੍ਹੇਆਮ ਆਪ ਮੰਨਦੀ ਹੈ ਕਿ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਨ ਜਾਂ ਕਰਵਾਉਣ ਵਿਚ ਉਹ ਸਭ ਤੋਂ ਮੂਹਰੇ ਸਨ, ਉਹ ਬੀæਜੇæਪੀæ ਅੱਜ ਅਕਾਲੀ ਸਰਕਾਰ ਦੇ ਦਿਲੋ-ਦਿਮਾਗ ਉਤੇ ਰਾਜ ਕਰ ਰਹੀ ਹੈ ਅਤੇ ਸਿੱਖਾਂ ਤੇ ਪੰਜਾਬ ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ। ਸਿੱਖਾਂ ਦੇ ਹਰ ਕੰਮ ਵਿਚ ਘੁਸਪੈਠ ਕੀਤੀ ਜਾ ਰਹੀ ਹੈ, ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੇ ਬੱਚਿਆਂ ਦੀਆਂ ਸਕੂਲ ਦੀਆਂ ਕਿਤਾਬਾਂ ਵਿਚ ਜੋ ਗੰਦ ਅਤੇ ਲੱਚਰਤਾ ਘੋਲੀ ਗਈ ਹੈ, ਉਹ ਜੱਗ ਜ਼ਾਹਿਰ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਰਿਆ ਵਿਚ ਡੁੱਬ ਕੇ ਦਮ ਤੋੜ ਰਹੀ ਹੈ। ਨਸ਼ਿਆਂ ਵਿਚ ਅੰਨ੍ਹੇ ਹੋਏ ਨੌਜਵਾਨ ਦੋ ਸਾਲ ਦੀਆਂ ਬੱਚੀਆਂ ਤੋਂ ਲੈ ਕੇ ਦਾਦੀਆਂ-ਨਾਨੀਆਂ ਨਾਲ ਜਬਰਜਨਾਹ ਕਰ ਰਹੇ ਹਨ। ਸ਼ਹਿਰਾਂ ਵਿਚ ਥਾਂ-ਥਾਂ ਤੋਂ ਹੁੱਕਾ ਬਾਰਾਂ ਫੜੀਆਂ ਜਾ ਰਹੀਆਂ ਹਨ, ਨਾਲ ਹੀ ਸਾਡੀ ਪੰਥਕ ਸਰਕਾਰ ਨੇ ਪੰਜਾਬ ਦੀਆਂ ਜਵਾਨ ਧੀਆਂ ਅਤੇ ਨੂੰਹਾਂ ਲਈ ਠੇਕਿਆਂ ਤੇ ਬਾਰਾਂ ਵਿਚ ਬੈਠ ਕੇ ਸ਼ਰਾਬ ਪੀਣ ਦੀ ਖੁੱਲ੍ਹ ਦੇ ਕੇ ਬਰਬਾਦੀ ਦੇ ਬੂਹੇ ਖੋਲ੍ਹ ਦਿੱਤੇ ਹਨ। ਜੋ ਥੋੜ੍ਹੀ ਬਹੁਤ ਕਸਰ ਰਹਿ ਗਈ ਸੀ, ਉਹ ਲੁਧਿਆਣੇ ਨੇੜੇ 1200 ਏਕੜ ਵਿਚ ਘੋੜਾ ਰੇਸ ਕੋਰਸ ਕਲੱਬ ਖੋਲ੍ਹਣ ਦੇ ਐਲਾਨ ਨੇ ਪੂਰੀ ਕਰ ਦਿੱਤੀ ਹੈ। ਇਸ ਜ਼ਮੀਨ ਦੇ ਵਿਹੜੇ ਵਿਚ ਜਿੱਥੇ ਲੋਕੀਂ ਘੋੜਿਆਂ ‘ਤੇ ਸੱਟੇ ਲਾਉਣਗੇ, ਉਥੇ ਨਾਲ ਹੀ ਵੱਡੇ ਵੱਡੇ ਕੈਸੀਨੋ ਤੇ ਜੂਆ ਘਰ ਵੀ ਖੋਲ੍ਹੇ ਜਾਣਗੇ।
ਕੁਝ ਸਾਲ ਪਹਿਲਾਂ ਬਾਦਲ ਪਰਿਵਾਰ ਨੇ ਸੁਪਨਾ ਲਿਆ ਸੀ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਹੈ। ਉਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਪੰਜਾਬ ਜਾਵੇ ਢੱਠੇ ਖੂਹ ਵਿਚ, ਪਰ ਪੰਜਾਬ ਦੀ ਸਰਕਾਰ ਪੰਜਾਬ ਨੂੰ ਉਜਾੜਨ ਅਤੇ ਨਰਕ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪੰਜਾਬ ਦੇ ਲੋਕੋ!æææਇਨ੍ਹਾਂ ਲੋਕਾਂ ਨੇ ਤੁਹਾਨੂੰ ਰੱਜ ਕੇ ਲੁੱਟਿਆ ਹੈ ਅਤੇ ਰੱਜ ਕੇ ਲੁੱਟਣਗੇ, ਹੋਸ਼ ਵਿਚ ਆਓ! ਤੁਹਾਡੀਆਂ ਸਸਤੇ ਰੇਟ ‘ਤੇ ਲਈਆਂ ਜ਼ਮੀਨਾਂ ਹੁਣ ਸੋਨੇ ਸਾਵੀਂਆਂ ਤੋਲ ਕੇ ਵੇਚੀਆਂ ਜਾਣਗੀਆਂ ਤੇ ਸ਼ਰਾਬ ਅਤੇ ਜੂਏ ਦੇ ਅੱਡੇ ਬਣਾ ਕੇ ਤੁਹਾਡੀ ਜ਼ਮੀਰ ਨੂੰ ਵੀ ਮਾਰਿਆ ਜਾਵੇਗਾ। ਬਰਬਾਦੀ ਦੇ ਦੈਂਤ ਤੁਹਾਡੇ ਘਰਾਂ ਦੇ ਅੱਗੇ ਕਹਿ-ਕਹੇ ਲਾਉਣਗੇ! ਇਸ ਲਈ ਜਾਗ ਪਵੋ! ਆਪਣੇ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਵਿਕਣ ਨਾ ਦਿਓ!! ਇਨ੍ਹਾਂ ਲੀਡਰਾਂ ਦੀਆਂ ਲੂੰਬੜ ਚਾਲਾਂ ਨੂੰ ਸਮਝੋ ਅਤੇ ਆਪਣੇ ਹੱਕਾਂ ਦੀ ਰਾਖੀ ਕਰ ਕੇ ਪੰਜਾਬ ਨੂੰ ਬਚਾ ਲਓ!!

Be the first to comment

Leave a Reply

Your email address will not be published.