ਜਾਤ ਪਾਤ ‘ਚ ਵੰਡੇ ਸਮਾਜ ਦਾ ਸੱਚ ਪੇਸ਼ ਕਰਦਾ ਅਜੋਕਾ ਸਿਨੇਮਾ

ਸੁਰਜੀਤ ਜੱਸਲ
ਫੋਨ: 91-98146-07737
ਜਾਤੀਵਾਦ ਵਿਚ ਉਲਝੀ ਪਿਆਰ ਕਹਾਣੀ ਦਾ ਕੌੜਾ ਸੱਚ ‘ਤੇਜਾ ਨਗੌਰੀ’: ਪੰਜਾਬੀ ਸਾਹਿਤ ਅਤੇ ਸਿਨੇਮਾ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ। ਦੋਵੇਂ ਸਾਡੇ ਸਮਾਜ ਦਾ ਦਰਪਣ ਹਨ। ਅਫਸੋਸ! ਵਪਾਰਕ ਸੋਚ ਲੈ ਕੇ ਚਲਦਿਆਂ ਬਹੁਤੇ ਫਿਲਮਕਾਰਾਂ ਵਲੋਂ ਸਾਹਿਤਕਾਰਾਂ ਦੀਆਂ ਲਿਖਤਾਂ ਦੀ ਥਾਂ ਮਸਾਲਾ ਕਹਾਣੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਪਰ ਲਾਕ ਡਾਊਨ ਦੇ ਸਮਿਆਂ ‘ਚ ਪੰਜਾਬੀ ਸਾਹਿਤ ਤੇ ਸਿਨੇਮਾ ਦੀ ਸੁਚੱਜੀ ਸੋਚ ਰੱਖਣ ਵਾਲੇ ਲੇਖਕ, ਨਿਰਦੇਸ਼ਕ ਕੁਝ ਚੰਗੀਆਂ ਸਮਾਜਕ ਫਿਲਮਾਂ ਲੈ ਕੇ ਅੱਗੇ ਆਏ ਹਨ। ਨਿਰਦੇਸ਼ਕ ਭਗਵੰਤ ਕੰਗ ਵਲੋਂ ਕੀਤੀ ਇਸ ਪਹਿਲ ਕਦਮੀ ਸਦਕਾ ਨਾਵਲਕਾਰ ਜੀਤ ਸਿੰਘ ਸੰਧੂ ਦੇ ਨਾਵਲ ‘ਤੇ ਆਧਾਰਤ ‘ਤੇਜਾ ਨਗੌਰੀ’ ਨਾਂ ਦੀ ਵੈੱਬ ਸੀਰੀਜ਼ ਲੈ ਕੇ ਆਏ ਹਨ, ਜਿਸ ਨੇ ਦਰਸ਼ਕਾਂ ਦੇ ਦਿਲਾਂ ‘ਤੇ ਗੂੜ੍ਹੀ ਛਾਪ ਛੱਡੀ ਹੈ। ਜ਼ਿਕਰਯੋਗ ਹੈ ਕਿ ਇਸ ਵੈੱਬ ਸੀਰੀਜ਼ ਦੇ ਪਹਿਲੇ ਸੀਜ਼ਨ ਦੇ 12 ਐਪੀਸੋਡ ਹਨ, ਜਿਨ੍ਹਾਂ ‘ਚੋਂ ਛੇ ਐਪੀਸੋਡ ਯੂ ਟਿਊਬ ‘ਤੇ ਆ ਚੁਕੇ ਹਨ।

ਪੇਂਡੂ ਜਨ-ਜੀਵਨ ‘ਤੇ ਆਧਾਰਤ ਜਾਤੀਵਾਦ ਵਿਚ ਉਲਝੀ ਇਸ ਕਹਾਣੀ ਵਿਚ ਉਹ ਡਰਾਮਾ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਵੱਡੇ ਪਰਦੇ ‘ਤੇ ਦਿਖਾਉਣ ਦੀ ਅੱਜ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ। ਇਸ ਵੈੱਬ ਸੀਰੀਜ਼ ਦੀ ਕਹਾਣੀ ਪ੍ਰੇਮ-ਪਿਆਰ, ਅਣਖ, ਜਾਤ-ਪਾਤ ਦੇ ਭੇਦਭਾਵ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਵਿਚ ਆਮ ਪੇਂਡੂ ਭਾਸ਼ਾ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਗਿਆ ਹੈ। ਮਾਲਵਾ ਖੇਤਰ ਵਿਚ ਪਿੰਡ ਪੱਧਰ ‘ਤੇ ਵਰਤੀ ਜਾਣ ਵਾਲੀ ਦੇਸੀ ਬੋਲੀ, ਪੁਲਿਸ ਟਾਊਟ ਸਿਸਟਮ ਅਤੇ ਕਾਰਗੁਜ਼ਾਰੀ, ਘਰ ਤੋਂ ਬੇਪ੍ਰਵਾਹ ਲੋਕ, ਲੀਡਰੀ ਦਾ ਚਸਕਾ, ਸਰਪੰਚੀ ਦੀਆਂ ਕਿੜ੍ਹਾਂ, ਵੱਖ ਵੱਖ ਜਾਤਾਂ ਦੇ ਮੁੰਡੇ-ਕੁੜੀ ਦਾ ਪਿਆਰ, ਚੁਗਲੀ ਕਲਚਰ, ਛੋਟੀਆਂ ਬਰਾਦਰੀਆਂ ‘ਚ ਬਦਮਾਸ਼ੀ ਕਲਚਰ, ਝੂਠੀ ਸ਼ਾਨੋ-ਸ਼ੌਕਤ, ਅਣਖ ਲਈ ਕਤਲ-ਇਹ ਸਭ ਕੁਝ ਇਸ ਵਿਚ ਬਾਖੂਬੀ ਦਿਖਾਇਆ ਗਿਆ ਹੈ।
ਆਊਟ ਲਾਈਨ ਮੀਡੀਆ ਨੈੱਟ ਅਤੇ ‘ਦੀ ਵਿਹਲਾ ਫਿਲਮਜ਼’ ਦੇ ਬੈਨਰ ਅਧੀਨ ਬਣੀ ਇਸ ਵੈੱਬ ਸੀਰੀਜ਼ ਦੀ ਖਾਸੀਅਤ ਇਹ ਵੀ ਹੈ ਕਿ ਇਸ ਵਿਚ ਸਾਰੇ ਕਲਾਕਾਰ ਥੀਏਟਰ ਦੇ ਮੰਝੇ ਹੋਏ ਹਨ, ਜਿਨ੍ਹਾਂ ਵਿਚ ਮੋਹਨ ਕੰਬੋਜ, ਤਰਸ਼ਿੰਦਰ ਥਿੰਦ, ਜੱਸੀ ਜਸਵਿੰਦਰ, ਦਰਸ਼ਨ ਘਾਰੂ, ਤੇਜੀ ਸੰਧੂ, ਪਰਮਿੰਦਰ ਗਿੱਲ, ਪਿੰਕੀ ਸੱਗੂ, ਕੁਲਦੀਪ ਪਟਿਆਲਾ, ਜਗਤਾਰ ਸਿੰਘ ਬੈਨੀਪਾਲ, ਪਰੈਟੀ ਲੰਗ, ਹਰਵਿੰਦਰ ਰੁੜਕੀ, ਹਰਮੀਤ ਬਾਜਵਾ ਅਤੇ ਅੰਮ੍ਰਿਤਪਾਲ ਸਿੰਘ ਦੇ ਨਾਂ ਵਰਣਨਯੋਗ ਹਨ। ਇਨਾਂ ਤੋਂ ਇਲਾਵਾ ਮੁੱਖ ਭੂਮਿਕਾ ਵਿਚ ਕਈ ਪੰਜਾਬੀ ਫੀਚਰ ਫਿਲਮਾਂ ਵਿਚ ਵੱਖ-ਵੱਖ ਕਿਰਦਾਰ ਨਿਭਾ ਚੁਕਾ ਸੋਨੂੰ ਕੇਲੋਂ ਹੈ, ਜਿਸ ਦੇ ਆਪੋਜਿਟ ਹੀਰੋਇਨ ਦੀ ਭੂਮਿਕਾ ਪ੍ਰਸਿੱਧ ਮਾਡਲ ਅਤੇ ਐਕਟ੍ਰੈਸ ਪ੍ਰਭਜੋਤ ਕੌਰ ਰੰਧਾਵਾ ਨੇ ਨਿਭਾਈ ਹੈ। ਇਸ ਵੈੱਬ ਸੀਰੀਜ਼ ਦੇ ਡੀ. ਓ. ਪੀ. ਗੱਗੀ ਵਰਮਾ ਅਤੇ ਨਿਰਮਾਤਾ ਭਗਵੰਤ ਕੰਗ ਤੇ ਪਰਮਜੀਤ ਸਿੰਘ ਨਾਗਰਾ ਹਨ। ‘ਤੇਜਾ ਨਗੌਰੀ’ ਮਿਲੀ ਸਫਲਤਾ ਨਾਲ ਜੀਤ ਸਿੰਘ ਸੰਧੂ ਇੱਕ ਨਾਵਲਕਾਰ ਤੋਂ ਅੱਗੇ ਫਿਲਮ ਲੇਖਕ ਅਤੇ ਭਗਵੰਤ ਕੰਗ ਸ਼ਾਰਟ ਫਿਲਮਾਂ ਤੋਂ ਅੱਗੇ ਵੈੱਬ ਸੀਰੀਜ਼ ਨਿਰਦੇਸ਼ਕ ਦੇ ਤੌਰ ‘ਤੇ ਮੂਹਰਲੀਆਂ ਸਫਾਂ ਵਿਚ ਸ਼ਾਮਿਲ ਹੋ ਗਏ ਹਨ। ਇਹ ਉਨ੍ਹਾਂ ਦੀ ਸਿਦਕ ਦਿਲੀ ਅਤੇ ਅਣਥੱਕ ਮਿਹਨਤ ਦਾ ਨਤੀਜਾ ਹੈ। ਇਸ ਟੀਮ ਤੋਂ ਅੱਗੇ ਵੀ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਪੇਂਡੂ ਜਨ-ਜੀਵਨ ਦੀ ਸੰਜੀਵ ਝਲਕ ਵਾਲੀਆਂ ਵੈੱਬ ਸੀਰੀਜ਼ਾਂ ਦੀ ਉਮੀਦ ਬੱਝਦੀ ਹੈ।
ਦਲਿਤ ਸਮਾਜ ਦੀ ਕੁੜੀ ਦੀ ਮਿਹਨਤ ਅਤੇ ਲਗਨ ਦੀ ਕਹਾਣੀ ‘ਸੀਤੋ’: ਜਾਤ-ਪਾਤ ਸਾਡੇ ਸਮਾਜ ਵਿਚ ਅੱਜ ਵੀ ਪਾੜ ਪਾਉਣ ਵਾਲਾ ਵਿਸ਼ਾ ਹੈ। ਛੋਟੀਆਂ ਜਾਤਾਂ ਵਾਲੇ ਅੱਜ ਵੀ ਆਪਣੇ ਹੱਕਾਂ-ਅਧਿਕਾਰਾਂ ਤੋਂ ਸੱਖਣੇ ਹਨ। ਅਕਸਰ ਹੀ ਛੋਟੀ ਜਾਤ ਵਾਲੇ ਨੂੰ ਦੁਰਕਾਰੀਆਂ ਹੋਈਆਂ ਨਜ਼ਰਾਂ ਨਾਲ ਵੇਖਿਆਂ ਜਾਂਦਾ ਹੈ। ਇਸੇ ਮੁੱਦੇ ‘ਤੇ ਝਾਤ ਪਾਉਂਦੀ ਨਿਰਮਾਤਾ ਪਵਨ ਮਹਿਮੀ ਦੀ ਲਘੂ ਫਿਲਮ ‘ਸੀਤੋ’ ਸਮਾਜ ਵਿਚ ਬਾਬਾ ਭੀਮ ਰਾਓ ਅੰਬੇਦਕਰ ਦੇ ਫਲਸਫਿਆਂ ਤੇ ਸਿਧਾਂਤਾਂ ‘ਤੇ ਚੱਲਣ ਦਾ ਸੁਨੇਹਾ ਦਿੰਦੀ ਹੈ। ਇਸ ਤੋਂ ਇਲਾਵਾ ਲਘੂ ਫਿਲਮ ‘ਸੀਤੋ’ ਅਜੋਕੇ ਸਮਾਜ ਵਿਚ ਕੁੜੀ ਮੁੰਡੇ ਦੇ ਫਰਕ ਵਾਲੀ ਸੋਚ ਅਤੇ ਨਸ਼ਿਆਂ ਦੀ ਦਲਦਲ ਵਿਚ ਗਰਕ ਰਹੀ ਨੌਜਵਾਨੀ ਬਾਰੇ ਵੀ ਚਿੰਤਾ ਪ੍ਰਗਟਾਉਂਦੀ ਹੈ।
ਨਿਰਦੇਸ਼ਕ ਰਾਜੇਸ਼ ਕਪੂਰ ਦੀ ਇਸ ਫਿਲਮ ਵਿਚ ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਨਾਮੀਂ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫਿਲਮ ਦੀ ਕਹਾਣੀ ਪਿੰਡ ਵਿਚ ਰਹਿੰਦੇ ਇੱਕ ਮੋਚੀ ਦੇ ਪਰਿਵਾਰ ਦੀ ਹੈ, ਜੋ ਪਿੰਡ ਦੇ ਸਕੂਲ ਮੂਹਰੇ ਜੁੱਤੀਆਂ-ਜੋੜੇ ਗੰਢ ਕੇ ਆਪਣੀ ਦੋ ਡੰਗ ਦੀ ਰੋਟੀ ਕਮਾਉਂਦਾ ਹੈ ਤੇ ਉਸ ਦੀ ਘਰ ਵਾਲੀ ਸਰਦਾਰਾਂ ਦੇ ਘਰ ਗੋਹਾ ਕੂੜਾ ਕਰਦੀ ਹੈ। ਉਨ੍ਹਾਂ ਦੀ ਇੱਕ ਧੀ ਹੈ ਸੀਤੋ, ਜੋ ਘਰ ਦੇ ਹਾਲਾਤਾਂ ਨੂੰ ਵੇਖ, ਚੰਗਾ ਪੜ੍ਹ-ਲਿਖ ਕੇ ਵੱਡੀ ਅਫਸਰ ਬਣਨਾ ਚਾਹੁੰਦੀ ਹੈ, ਪਰ ਗਰੀਬ ਬਾਪ ਵਿਚ ਐਨੀ ਹਿੰਮਤ ਨਹੀਂ ਕਿ ਉਹ ਸਕੂਲ ਦਾਖਲ ਕਰਵਾ ਸਕੇ। ਸੀਤੋ ਜਦ ਆਪਣੇ ਬਾਪ ਦੀ ਰੋਟੀ ਲੈ ਕੇ ਦੁਕਾਨ ‘ਤੇ ਜਾਂਦੀ ਹੈ ਤਾਂ ਸਕੂਲ ‘ਚੋਂ ਪਾਣੀ ਲੈਣ ਚਲੀ ਜਾਂਦੀ ਹੈ ਤੇ ਇਸ ਤਰ੍ਹਾਂ ਉਸ ਨੂੰ ਅੱਖਰਾਂ ਦਾ ਗਿਆਨ ਹੋਣ ਲੱਗਿਆ।
ਸਕੂਲ ਦੇ ਪ੍ਰਿੰਸੀਪਲ ਨੇ ਸੀਤੋ ਅੰਦਰ ਪੜ੍ਹਾਈ ਦੀ ਲਗਨ ਵੇਖ ਉਸ ਨੂੰ ਸਕੂਲ ਵਿਚ ਦਾਖਲਾ ਦੇ ਦਿੱਤਾ। ਉਸ ਦੇ ਸੁਪਨੇ ਗਰੀਬੀ ਦੀ ਦਲਦਲ ‘ਚੋਂ ਉਪਰ ਉੱਠ ਕੇ ਜਾਤੀਵਾਦ ਦੀਆਂ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਜਵਾਬ ਦੇਣਾ ਹੈ। ਸੀਤੋ ਡਾ. ਭੀਮ ਰਾਓ ਅੰਬੇਦਕਰ ਦੀ ਸੋਚ ‘ਤੇ ਪਹਿਰਾ ਦੇਣ ਵਾਲੀ ਜਾਗਰੂਕ ਮੁਟਿਆਰ ਹੈ। ਇੱਕ ਦਿਨ ਸਰਪੰਚ ਚੌਧਰ ਦੇ ਨਸ਼ੇ ਵਿਚ ਮੋਚੀ ਦੀ ਧੀ ਨੂੰ ਮਿਹਣੇ ਮਾਰਦਾ ਹੈ, ”ਨੌਕਰੀਆਂ-ਅਫਸਰੀਆਂ ਸਰਦਾਰਾਂ ਦੇ ਹਿੱਸੇ ਹੀ ਆਉਂਦੀਆਂ ਨੇ, ਨਾ ਕਿ ਸਰਦਾਰਾਂ ਦੇ ਘਰ ਗੋਹਾ ਕੂੜਾ ਕਰਨ ਵਾਲੇ ਕਾਮਿਆਂ ਦੇ…।”
ਸਰਪੰਚ ਦੇ ਇਹ ਬੋਲ ਉਸ ਲਈ ਚਣੌਤੀ ਬਣ ਜਾਂਦੇ ਹਨ। ਉਹ ਆਪਣੀ ਮੰਜ਼ਿਲ ਪਾਉਣ ਲਈ ਦਿਨ-ਰਾਤ ਇੱਕ ਕਰ ਦਿੰਦੀ ਹੈ। ਕੱਲ੍ਹ ਦੀ ‘ਸੀਤੋ’ ਜੂਡੀਸ਼ੀਅਲ ਮੈਜਿਸਟਰੇਟ ਸੀਤਲ ਕੌਰ ਬਣ ਕੇ ਜਦ ਪਿੰਡ ਆਉਂਦੀ ਹੈ ਤਾਂ ਸਰਪੰਚ ਆਪਣੇ ਪੁੱਤਰ ਦੇ ਡੀ. ਐੱਸ਼ ਪੀ. ਬਣਨ ਦੀ ਖੁਸ਼ੀ ਵਿਚ ਪਾਰਟੀ ਕਰ ਰਿਹਾ ਹੁੰਦਾ ਹੈ। ਜਾਤ-ਪਾਤ ਦੀਆਂ ਵੰਡੀਆਂ ਪਾਉਣ ਵਾਲਾ ਸਰਪੰਚ ਗੁੱਸੇ ਵਿਚ ਆ ਕੇ ਜਦ ਉਸ ਦੀ ਬੇਇੱਜਤੀ ਕਰਨ ਲੱਗਦਾ ਹੈ ਤਾਂ ਉਸ ਦਾ ਪੁੱਤਰ ਅੱਗੇ ਹੋ ਕੇ ਰੋਕਦਾ ਸੁਚੇਤ ਕਰਦਾ ਹੈ ਕਿ ਇਹ ਮੇਰੇ ਤੋਂ ਵੀ ਵੱਡੀ ਅਫਸਰ ਹੈ। ਅੱਜ ਮੈਂ ਜੋ ਹਾਂ, ਇਸ ਦੀ ਹੀ ਬਦੌਲਤ ਹਾਂ। ਤੂੰ ਤਾਂ ਮੈਨੂੰ ਨਸ਼ਿਆਂ ਦੇ ਧੰਦੇ ‘ਚ ਪਾ ਕੇ ਬਰਬਾਦੀ ਵੱਲ ਤੋਰਿਆ ਸੀ, ਪਰ ਘਰ ਛੱਡਣ ਤੋਂ ਬਾਅਦ ਇਸੇ ਸੀਤੋ ਨੇ ਮੈਨੂੰ ਚੰਗਾ ਇਨਸਾਨ ਬਣਨ ਦਾ ਰਾਹ ਵਿਖਾਇਆ ਤੇ ਮੇਰੀ ਮਾਰਗ ਦਰਸ਼ਕ ਬਣ ਕੇ ਇਸ ਅਫਸਰੀ ਦੇ ਕਾਬਲ ਬਣਾਇਆ।
ਫਿਲਮ ‘ਚ ਹਰਪਾਲ ਸਿੰਘ, ਅਰਜਨਾ ਭੱਲਾ, ਨੀਰਜ਼ ਕੌਸ਼ਿਕ, ਭਾਵਨਾ ਸ਼ਰਮਾ, ਕ੍ਰਾਂਤੀ ਘੁੰਮਣ, ਕਰਨੈਲ ਸਿੰਘ, ਰੈਣੂ ਬਾਂਸਲ, ਬੇਬੀ ਮਿਲਨ, ਦੇਵ ਵਿਰਕ ਤੇ ਕਰਨ ਕਪੂਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਕਹਾਣੀ, ਪਟਕਥਾ ਤੇ ਸੰਵਾਦ ਰਾਜੇਸ਼ ਕਪੂਰ ਨੇ ਲਿਖੇ ਹਨ। ਮਿਊਜ਼ਿਕ ਫੈਕਟਰੀ ਵਲੋਂ ਤਿਆਰ ਕੀਤਾ ਸੰਗੀਤ ਬਹੁਤ ਵਧੀਆ ਹੈ। ਸਮਾਜ ਨੂੰ ਜਾਗੂਰਕ ਕਰਦੀਆਂ ਅਜਿਹੀਆਂ ਫਿਲਮਾਂ ਦਾ ਨਿਰਮਾਣ ਜਰੂਰੀ ਹੈ।