ਐਤਕੀਂ ਰਾਸ਼ਟਰਪਤੀ ਦੀ ਚੋਣ ਦਾ ਪੇਚ ਫਸਿਆ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡਨ ਵਿਚਾਲੇ ਵ੍ਹਾਈਟ ਹਾਊਸ ਜਿੱਤਣ ਲਈ ਲੱਗੀ ਦੌੜ ਦਾ ਪੇਚ ਫਸਦਾ ਲੱਗਦਾ ਹੈ। ਡੋਨਲਡ ਟਰੰਪ ਕਿਸੇ ਵੀ ਹਾਲ ਵਿਚ ਵ੍ਹਾਈਟ ਹਾਊਸ ਛੱਡਣ ਲਈ ਤਿਆਰ ਨਹੀਂ ਅਤੇ ਉਨ੍ਹਾਂ ਨੇ ਵੋਟਾਂ ਦੀ ਗਿਣਤੀ ਵਿਚ ਧੋਖਾ ਹੋਣ ਦਾ ਦਾਅਵਾ ਕਰਦਿਆਂ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ। ਉਨ੍ਹਾਂ ਇਸ ਚੋਣ ਨੂੰ ਹੀ ‘ਅਮਰੀਕੀ ਲੋਕਾਂ ਨਾਲ ਧੋਖਾ ਕਰਾਰ ਦਿੱਤਾ ਹੈ। ਉਧਰ, ਬਾਇਡਨ ਨੇ ਕਿਹਾ ਹੈ ਕਿ ਚੋਣਾਂ ਬਾਰੇ ਅਦਾਲਤੀ ਕਾਰਵਾਈ ਲਈ ਉਨ੍ਹਾਂ ਦੀਆਂ ਕਾਨੂੰਨੀ ਟੀਮਾਂ ਤਿਆਰ ਹਨ।

ਕੁੱਲ 538 ਮੈਂਬਰੀ ਇਲੈਕਟੋਰਲ ਕਾਲਜ ਵਿਚੋਂ ਰਾਸ਼ਟਰਪਤੀ ਚੋਣਾਂ ਦੇ ਜੇਤੂ ਨੂੰ ਘੱਟੋ-ਘੱਟ 270 ਵੋਟਾਂ ਹਾਸਲ ਕਰਨੀਆਂ ਲਾਜ਼ਮੀ ਹਨ। ਕੁੱਲ 50 ਵਿਚੋਂ 45 ਸਟੇਟਾਂ ਦੇ ਨਤੀਜੇ ਸਪਸ਼ਟ ਹੋਣ ਤੋਂ ਬਾਅਦ ਡੈਮੋਕ੍ਰੈਟਿਕ ਆਗੂ ਜੋਅ ਬਾਇਡਨ 270 ਵੋਟਾਂ ਦੇ ਜਾਦੂਈ ਅੰਕੜੇ ਦੇ ਨੇੜੇ (264) ਪੁੱਜ ਗਏ ਹਨ ਅਤੇ ਉਨ੍ਹਾਂ ਦੇ ਵਿਰੋਧੀ ਡੋਨਲਡ ਟਰੰਪ ਨੂੰ 214 ਵੋਟਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਬਾਇਡਨ ਨੇ ਕੈਲੀਫੋਰਨੀਆ (55 ਵੋਟਾਂ), ਵਾਸ਼ਿੰਗਟਨ (12), ਓਰੇਗਨ (7), ਐਰੀਜ਼ੋਨਾ (11), ਨਿਊ ਮੈਕਸੀਕੋ (5), ਕੋਲੋਰਾਡੋ (9), ਮਿਨੇਸੋਟਾ (10), ਮਿਸ਼ੀਗਨ (16), ਵਿਸਕੌਨਸਨ (10), ਇਲੀਨਾਏ (20), ਨਿਊ ਯਾਰਕ (29), ਵਰਮੌਂਟ (3), ਨਿਊ ਹੈਂਪਸ਼ਾਇਰ (4), ਮੈਨੇ (3), ਮੈਸਾਚੂਸੈੱਟਸ (11), ਕੁਨੈਕਟੀਕੱਟ (7), ਰ੍ਹੋਡ ਆਈਲੈਂਡ (4), ਨਿਊ ਜਰਸੀ (14), ਡੈਲਾਵਰੇ (3), ਮੇਰੀਲੈਂਡ (10), ਵਿਰਜੀਨੀਆ (13), ਹਵਾਈ (4) ਸਟੇਟ ਜਿੱਤ ਲਏ। ਟਰੰਪ ਨੇ ਇਡਾਹੋ (4), ਮੌਨਟਾਨਾ (3), ਵਿਓਮਿੰਗ (3), ਊਟਾਹ (6), ਨਾਰਥ ਡਕੋਟਾ (3), ਸਾਊਥ ਡਕੋਟਾ (3), ਨੈਬਰਾਸਕਾ (3), ਕੈਨਸਾਸ (6), ਓਕਲਹੋਮਾ (7), ਟੈਕਸਾਸ (38), ਲੂਸੀਆਨਾ (8), ਆਰਕੈਨਸਾਸ (6), ਮਿਜ਼ੂਰੀ (10), ਆਇਓਵਾ (6), ਮਿਸੀਸਿਪੀ (6), ਅਲਬਾਮਾ (9), ਟੈਨੇਸੀ (11), ਕੈਂਟਕੀ (8), ਇੰਡੀਆਨਾ (11), ਓਹਾਇਓ (18), ਵੈਸਟ ਵਿਰਜੀਨੀਆ (5), ਫਲੋਰਿਡਾ (29), ਸਾਊਥ ਕੈਰੋਲਾਈਨਾ (9) ਵਿਚ ਜਿੱਤ ਹਾਸਲ ਕਰ ਲਈ। ਅਲਾਸਕਾ, ਨੇਵਾਡਾ, ਜਾਰਜੀਆ, ਨਾਰਥ ਕੈਰੋਲਾਈਨਾ ਤੇ ਪੈਨਸਿਲਵੇਨੀਆ ਦੇ ਨਤੀਜੇ ਅਜੇ ਆਉਣੇ ਹਨ।
ਜੋਅ ਬਾਇਡਨ ਅਮਰੀਕੀ ਰਾਸ਼ਟਰਪਤੀ ਚੋਣ ਦੇ ਇਤਿਹਾਸ ਵਿਚ ਸਭ ਤੋਂ ਵੱਧ ਵੋਟਾਂ ਨਾਲ ਜੇਤੂ ਉਮੀਦਵਾਰ ਹੋਣਗੇ। ਇਸ ਚੋਣ ਵਿਚ ਬਾਇਡਨ ਨੂੰ 7 ਕਰੋੜ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਬਰਾਕ ਓਬਾਮਾ ਦੇ ਨਾਮ ਸੀ ਜਿਸ ਨੇ 2008 ਦੀਆਂ ਚੋਣਾਂ ਵਿੱਚ 6 ਕਰੋੜ 94 ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ। ਬਾਇਡਨ ਨੇ ਟਰੰਪ ਦੇ ਖਾਤੇ ਵਿਚ ਰਹੇ ਮਿਸ਼ੀਗਨ ਵਿਚ ਵੀ ਜਿੱਤ ਪ੍ਰਾਪਤ ਕੀਤੀ।
ਇਸੇ ਦੌਰਾਨ ਡੈਮੋਕ੍ਰੈਟਿਕ ਪਾਰਟੀ ਦੇ ਚਾਰੇ ਭਾਰਤੀ-ਅਮਰੀਕੀ ਕਾਨੂੰਨਸਾਜ਼ ਡਾ. ਅਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਮੁੜ ਅਮਰੀਕਾ ਦੇ ਹਾਊਸ ਆਫ ਰੀਪ੍ਰਜ਼ੈਂਟੇਟਿਵਜ਼ (ਹੇਠਲੇ ਸਦਨ) ਲਈ ਚੋਣ ਜਿੱਤ ਗਏ ਹਨ। ਕ੍ਰਿਸ਼ਨਾਮੂਰਤੀ ਵਲੋਂ ਇਨ੍ਹਾਂ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਦੇ ਗੈਰ-ਰਸਮੀ ਸਮੂਹ ਨੂੰ ‘ਸਮੋਸਾ ਕਾਕਸ’ ਦਾ ਨਾਂ ਦਿੱਤਾ ਗਿਆ ਸੀ। ਰਾਜਾ ਕ੍ਰਿਸ਼ਨਾਮੂਰਤੀ (47) ਨੇ ਕੁੱਲ ਵੋਟਾਂ ਵਿਚੋਂ ਕਰੀਬ 71 ਫੀਸਦ ਵੋਟਾਂ ਪ੍ਰਾਪਤ ਕਰਕੇ ਲਿਬਰਟੇਰੀਅਨ ਪਾਰਟੀ ਦੇ ਪ੍ਰੈਸਟਨ ਨੈਲਸਨ (30) ਨੂੰ ਆਸਾਨੀ ਨਾਲ ਮਾਤ ਦਿੱਤੀ ਹੈ। ਰੋ ਖੰਨਾ (44) ਨੇ ਰਿਪਬਲਿਕਨ ਪਾਰਟੀ ਦੇ ਭਾਰਤੀ-ਅਮਰੀਕੀ ਊਮੀਦਵਾਰ ਰਿਤੇਸ਼ ਟੰਡਨ (48) ਨੂੰ ਕੈਲੀਫੋਰਨੀਆ ਦੇ 17ਵੇਂ ਚੁਣਾਵੀ ਜ਼ਿਲ੍ਹੇ ਵਿਚ 50 ਫੀਸਦ ਤੋਂ ਵੱਧ ਅੰਕਾਂ ਦੇ ਫਰਕ ਨਾਲ ਅਸਾਨੀ ਨਾਲ ਹਰਾਇਆ। ਇਹ ਉਨ੍ਹਾਂ ਦੀ ਲਗਾਤਾਰ ਤੀਜੀ ਵਾਰ ਜਿੱਤ ਹੈ। ਡਾ. ਅਮੀ ਬੇਰਾ (55) ਨੇ ਕੈਲੀਫੋਰਨੀਆ ਦੇ ਸੱਤਵੇਂ ਚੁਣਾਵੀ ਜ਼ਿਲ੍ਹੇ ਵਿਚ 25 ਫੀਸਦ ਤੋਂ ਵੱਧ ਅੰਕਾਂ ਨਾਲ ਆਪਣੇ ਰਿਪਬਲਿਕਨ ਵਿਰੋਧੀ ਬੱਜ਼ ਪੈਟਰਸਨ ਨੂੰ ਹਰਾਇਆ। ਉਨ੍ਹਾਂ ਨੇ ਇਸ ਜ਼ਿਲ੍ਹੇ ਤੋਂ ਲਗਾਤਾਰ ਪੰਜਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ। ਇਸੇ ਦੌਰਾਨ ਡੈਮੋਕ੍ਰੈਟਿਕ ਉਮੀਦਵਾਰ ਸ੍ਰੀ ਪ੍ਰੈਸਟਨ ਕੁਲਕਰਨੀ (42) ਟੈਕਸਸ ਦੇ 22ਵੇਂ ਚੁਣਾਵੀ ਜ਼ਿਲ੍ਹੇ ਤੋਂ ਚੋਣ ਹਾਰ ਗਏ ਹਨ।
ਮੁਸਲਮਾਨਾਂ ਦੇ ਹੱਕਾਂ ਬਾਰੇ ਅਮਰੀਕੀ ਸੰਸਥਾ ਵਲੋਂ ਕੀਤੇ ਸਰਵੇਖਣ ਅਨੁਸਾਰ ਕਰੀਬ 69 ਫੀਸਦ ਮੁਸਲਿਮ ਵੋਟਰਾਂ ਨੇ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡਨ ਨੂੰ ਵੋਟ ਪਾਈ ਹੈ ਜਦਕਿ 17 ਫੀਸਦ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੱਕ ਵਿਚ ਭੁਗਤੇ ਹਨ। ਦਿ ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਜ਼ (ਸੀ.ਏ.ਆਈ.ਆਰ.) ਵਲੋਂ 2020 ਦੀਆਂ ਰਾਸ਼ਟਰਪਤੀ ਚੋਣਾਂ ਸਬੰਧੀ ਮੁਸਲਿਮ ਵੋਟਰਾਂ ਬਾਰੇ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕੀਤੇ ਗਏ। ਇਸ ਐਗਜ਼ਿਟ ਪੋਲ ਅਨੁਸਾਰ 844 ਮੁਸਲਿਮ ਵੋਟਰ ਘਰਾਂ ਵਿਚੋਂ ਕਰੀਬ 84 ਫੀਸਦ ਨੇ ਅਮਰੀਕੀ ਚੋਣਾਂ ਵਿਚ ਵੋਟ ਪਾਈ, ਜਿਨ੍ਹਾਂ ‘ਚੋਂ 69 ਫੀਸਦ ਨੇ ਬਾਇਡਨ ਦਾ ਸਾਥ ਦਿੱਤਾ ਅਤੇ 17 ਫੀਸਦ ਟਰੰਪ ਦੇ ਹੱਕ ਵਿਚ ਭੁਗਤੇ।