ਸੰਘਰਸ਼ ਦੇ ਰੋੜੇ

ਖੇਡਣ ਦੇਣ ਨਾ ਖੁੱਤੀਆਂ ਪੂਰ ਦਿੰਦੇ, ਹੁੰਦਾ ਕੰਮ ਇਹ ਖਸਲਤਾਂ ਮਾੜੀਆਂ ਦਾ।
ਛੱਡ ਸ਼ੁਰ੍ਹਲੀਆਂ ਕਾਜ ਵਿਗਾੜ ਦੇਣਾ, ਕਿਹਾ ਮੰਨ ਕੇ ‘ਉਪਰਲੇ’ ਆੜੀਆਂ ਦਾ।
‘ਕੱਠ ਦੇਖ ਕੇ ਹੋਰਾਂ ਦਾ ਸੜਨ ਲਗਦੇ, ਰੂਪ ਚਾਹੁੰਦੇ ਨੇ ਦੇ ਦੇਣਾ ਫਾੜੀਆਂ ਦਾ।
ਖੜ੍ਹੇ ਕਰ ਕਰ ਅੜਿੱਕੇ ਨੇ ਮਾਣ ਕਰਦੇ, ਗੱਲੀਂ ਕੰਧਾਂ ‘ਤੇ ਕੁੱਤੀਆਂ ਚਾੜ੍ਹੀਆਂ ਦਾ।
ਜੇਬ੍ਹਾਂ ਰੱਖਦੇ ‘ਲੇਬਲਾਂ’ ਨਾਲ ਭਰ ਕੇ, ਬਿਨ ਸੋਚਿਆਂ ਪਿੱਠਾਂ ‘ਤੇ ਠੋਕ ਦਿੰਦੇ।
ਅਖੇ ‘ਵਿਕ ਗਿਆ’ ਬੰਦਾ ਏਜੰਸੀਆਂ ਦਾ, ਫਤਹਿ ਛੂੰਹਦੇ ਸੰਘਰਸ਼ ਨੂੰ ਰੋਕ ਦਿੰਦੇ!