ਕਿਸਾਨਾਂ ਨੂੰ ਵਿਆਜ ਮੁਆਫੀ ‘ਚੋਂ ਬਾਹਰ ਰੱਖਣ ਖਿਲਾਫ ਰੋਹ ਭਖਿਆ

ਚੰਡੀਗੜ੍ਹ: ਕਰੋਨਾ ਕਾਲ ਦੌਰਾਨ ਕਿਸਾਨਾਂ ਨੂੰ ਕਰਜ਼ੇ ਉਤੇ ਵਿਆਜ ਮੁਆਫੀ ਵਿਚੋਂ ਬਾਹਰ ਰੱਖਣਾ ਦਾ ਮਾਮਲਾ ਭਖ ਗਿਆ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਮੋਦੀ ਸਰਕਾਰ ਦੀ ਬਦਲਾ-ਲਊ ਨੀਤੀ ਤੋਂ ਪ੍ਰੇਰਿਤ ਫੈਸਲਾ ਦੱਸਿਆ ਹੈ।

ਦੱਸ ਦਈਏ ਕਿ ਵਿੱਤ ਮੰਤਰਾਲੇ ਨੇ ਸਾਫ ਕਰ ਦਿੱਤਾ ਹੈ ਕਿ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਹੋਰਨਾਂ ਸਰਗਰਮੀਆਂ ਲਈ ਲਏ ਕਰਜ਼ੇ ਪਿਛਲੇ ਹਫਤੇ ਸਰਕਾਰ ਵੱਲੋਂ ਐਲਾਨੀ ਵਿਆਜ ‘ਤੇ ਵਿਆਜ ਮੁਆਫੀ ਸਕੀਮ ਦੇ ਯੋਗ ਨਹੀਂ ਹਨ। ਲਿਹਾਜ਼ਾ ਕਿਸਾਨਾਂ, ਜਿਨ੍ਹਾਂ ਨੇ ਖੇਤੀ ਕੰਮਾਂ ਜਾਂ ਟਰੈਕਟਰਾਂ ਜਾਂ ਹੋਰ ਸੰਦਾਂ ਲਈ ਕਰਜ਼ੇ ਲਏ ਹਨ, ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਹਾਲਾਂਕਿ ਕਿਸਾਨ ਜਥੇਬੰਦੀਆਂ ਸਵਾਲ ਕਰ ਰਹੀਆਂ ਹਨ ਕਿ ਕਿਸਾਨਾਂ ਨੂੰ ਕਰੋਨਾ ਮਹਾਮਾਰੀ ਕਾਰਨ ਪਏ ਮਾਰੂ ਅਸਰ ਤੋਂ ਕਿਸ ਆਧਾਰ ਉਤੇ ਬਾਹਰ ਰੱਖ ਕੇ ਰਾਹਤ ਦੇਣ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਚੇਤੇ ਰਹੇ ਕਿ ਸਰਕਾਰ ਨੇ ਪਿਛਲੇ ਦਿਨੀਂ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ ਉਤੇ ਵਿਆਜ ‘ਤੇ ਵਿਆਜ ਮੁਆਫ ਕਰਨ ਦਾ ਐਲਾਨ ਕੀਤਾ ਸੀ, ਪਰ ਵਿੱਤ ਮੰਤਰਾਲੇ ਸਪਸ਼ਟ ਕਰ ਦਿੱਤਾ ਕਿ ਇਹ ਰਾਹਤ ਖੇਤੀਬਾੜੀ ਜਾਂ ਟਰੈਕਟਰਾਂ ਲਈ ਕਰਜ਼ਿਆਂ ਉਪਰ ਲਾਗੂ ਨਹੀਂ ਹੋਵੇਗੀ। ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ ਐਲਾਨੀ ਵਿਆਜ ‘ਤੇ ਵਿਆਜ ਮੁਆਫੀ ਸਕੀਮ ਨਾਲ ਸਰਕਾਰੀ ਖਜ਼ਾਨੇ ‘ਤੇ 6500 ਕਰੋੜ ਰੁਪਏ ਦਾ ਬੋਝ ਪਏਗਾ। ਸਕੀਮ ਦਾ ਉਨ੍ਹਾਂ ਕਰਜ਼ਦਾਰਾਂ ਨੂੰ ਵੀ ਲਾਹਾ ਮਿਲੇਗਾ, ਜਿਨ੍ਹਾਂ ਨੇ ਮੋਰਾਟੋਰੀਅਮ ਸਕੀਮ ਦਾ ਲਾਭ ਨਾ ਲੈਂਦਿਆਂ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਨੂੰ ਜਾਰੀ ਰੱਖਿਆ।
ਵਿਭਾਗ ਨੇ ਕਿਹਾ ਕਿ ਸਕੀਮ ਤਹਿਤ ਯੋਗ ਕਰਜ਼ਦਾਰਾਂ ਜਿਨ੍ਹਾਂ ਦਾ 29 ਫਰਵਰੀ 2020 ਤੱਕ ਕਰਜ਼ਾ ਬਕਾਇਆ 2 ਕਰੋੜ ਰੁਪਏ ਤੋਂ ਵੱਧ ਦਾ ਨਹੀਂ ਹੋਵੇਗਾ, ਉਨ੍ਹਾਂ ਨੂੰ ਛੇ ਮਹੀਨਿਆਂ (1 ਮਾਰਚ ਤੋਂ 31 ਅਗਸਤ 2020) ਦੇ ਅਰਸੇ ਲਈ ਚੱਕਰਵਰਤੀ ਵਿਆਜ ਤੇ ਸਾਧਾਰਨ ਵਿਆਜ ਵਿਚਲਾ ਫਰਕ, ਐਕਸਗ੍ਰੇਸ਼ੀਆ ਵਜੋਂ ਅਦਾ ਕੀਤਾ ਜਾਵੇਗਾ। ਵਿੱਤ ਮੰਤਰਾਲੇ ਮੁਤਾਬਕ ਯੋਗ ਕਰਜ਼ਦਾਰਾਂ ਦੇ ਖਾਤਿਆਂ ਵਿਚ ਬਣਦੇ ਐਕਸਗ੍ਰੇਸ਼ੀਆ ਦੀ ਅਦਾਇਗੀ ਦੀਵਾਲੀ ਤੋਂ ਕਿਤੇ ਪਹਿਲਾਂ 5 ਨਵੰਬਰ ਤੱਕ ਕਰ ਦਿੱਤੀ ਜਾਵੇਗੀ। ਮਕਾਨ ਕਰਜ਼ਾ, ਸਿੱਖਿਆ ਕਰਜ਼ਾ, ਕਰੈਡਿਟ ਕਾਰਡ ਬਕਾਇਆ, ਵਾਹਨ ਕਰਜ਼ੇ, ਐਮ. ਐਸ਼ ਐਮ.ਈ. ਕਰਜ਼ੇ, ਕੰਜ਼ਿਊਮਰ ਡਿਊਰੇਬਲ ਕਰਜ਼ੇ ਤੇ ਖਪਤ ਵਾਲੀਆਂ ਵਸਤਾਂ ਲਈ ਕਰਜ਼ਾ ਲੈਣ ਵਾਲਿਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।
ਵਿੱਤ ਮੰਤਰਾਲੇ ਨੇ ਇਸ ਮਸਲੇ ਬਾਰੇ ਸਾਫ ਕਿਹਾ ਕਿ ਕਰਜ਼ਦਾਰਾਂ ਨੂੰ 29 ਫਰਵਰੀ ਤੱਕ ਕਰੈਡਿਟ ਕਾਰਡ ‘ਤੇ ਬਕਾਏ ਲਈ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਐਫ਼ਏ.ਕਿਊਜ਼. ਵਿਚ ਕਿਹਾ ਗਿਆ ਹੈ ਕਿ ਇਸ ਰਾਹਤ ਲਈ ਬੈਂਚਮਾਰਕ ਦਰ ਕਰਾਰ ਦੀ ਦਰ ਹੋਵੇਗੀ, ਜਿਸ ਦਾ ਇਸਤੇਮਾਲ ਕਰੈਡਿਟ ਕਾਰਡ ਜਾਰੀ ਕਰਤਾ ਵਲੋਂ ਈ.ਐਮ.ਆਈ. ਕਰਜ਼ਿਆਂ ਲਈ ਕੀਤਾ ਜਾਂਦਾ ਹੈ। ਸਕੀਮ ਤਹਿਤ ਕਰਜ਼ੇ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ ਯੋਗ ਕਰਜ਼ਦਾਰਾਂ ਨੂੰ ਚੱਕਰਵਰਤੀ ਵਿਆਜ ਤੇ ਸਾਧਾਰਨ ਵਿਆਜ ਵਿਚਲਾ ਫਰਕ ਉਨ੍ਹਾਂ ਦੇ ਖਾਤਿਆਂ ਵਿਚ ਤਬਦੀਲ ਕਰਨਗੀਆਂ। ਕਰਜ਼ਦਾਰਾਂ ਨੇ ਆਰ.ਬੀ.ਆਈ. ਵੱਲੋਂ 27 ਮਾਰਚ 2020 ਨੂੰ ਐਲਾਨੀ ਕਰਜ਼ਾ ਮੋਰਾਟੋਰੀਅਮ ਸਕੀਮ ਦਾ ਜੇਕਰ ਮੁਕੰਮਲ ਜਾਂ ਆਰਜ਼ੀ ਫਾਇਦਾ ਲਿਆ ਹੈ ਤਾਂ ਵੀ ਉਨ੍ਹਾਂ ਦੇ ਖਾਤੇ ਵਿਚ ਉਪਰੋਕਤ ਰਾਸ਼ੀ ਤਬਦੀਲ ਕੀਤੀ ਜਾਵੇਗੀ।
__________________________________________
ਵਿਆਜ ਮੁਆਫੀ ਦੇ ਫੈਸਲੇ ਨੂੰ ਵਾਪਸ ਕਰਵਾਉਣ ਮੋਦੀ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀਬਾੜੀ ਕਰਜ਼ਿਆਂ ‘ਤੇ ਪਿਛਲੇ ਛੇ ਮਹੀਨਿਆਂ ਦੇ ਵਿਆਜ ਉਤੇ ਵਿਆਜ ਮੁਆਫ ਨਾ ਕਰਨ ਦੇ ਵਿਤਕਰੇ ਭਰਪੂਰ ਫੈਸਲੇ ‘ਚ ਦਖਲ ਦੇ ਕੇ ਵਿੱਤ ਮੰਤਰਾਲੇ ਨੂੰ ਇਹ ਫੈਸਲਾ ਵਾਪਸ ਲੈਣ ਦੀ ਹਦਾਇਤ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਫਸਲੀ ਅਤੇ ਸਹਾਇਕ ਗਤੀਵਿਧੀਆਂ ਲਈ ਲਏ ਕਰਜ਼ਿਆਂ ਨੂੰ ਮੁਆਫ ਕਰਨ ਦੀ ਥਾਂ ਵਿਆਜ ਮੁਆਫੀ ਦੇਣ ਤੋਂ ਵੀ ਮੂੰਹ ਮੋੜ ਲਿਆ ਹੈ। ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫਰਮਾਨ ਵੀ ਕਿਸਾਨਾਂ ਵਾਸਤੇ ਮੁਸ਼ਕਲਾਂ ਪੈਦਾ ਕਰਨ ਵਾਲਾ ਹੈ।