ਪੰਜਾਬ ਦਿਵਸ: ਪੰਜਾਬੀ ਦੀ ਚੜ੍ਹਦੀ ਕਲਾ ਲਈ ਇਕਜੁੱਟ ਹੋ ਕੇ ਹੰਭਲਾ ਮਾਰਨ ਦਾ ਸੱਦਾ

ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬ ਦਿਵਸ’ ਮੌਕੇ ਕਰਵਾਏ ਸਮਾਗਮ ਦੌਰਾਨ ਮਾਤ ਭਾਸ਼ਾ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੀ ਤਰੱਕੀ ਲਈ ਇਕਜੁੱਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਪੰਜਾਬੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਸ਼ਾਮਲ ਹੋਏ। ਪ੍ਰਧਾਨਗੀ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਨੇ ਕੀਤੀ।

ਸਮਾਗਮ ਦੀ ਸ਼ੁਰੂਆਤ ਵਿਚ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਸਾਹਿਤਕਾਰਾਂ ਅਤੇ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਵਿਭਾਗੀ ਸਰਗਰਮੀਆਂ ਉਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਵਿਚ ਅਜਿਹੇ ਸਮਾਗਮ ਕਰਵਾਉਣਾ ਵਿਭਾਗ ਦੀ ਵੱਡੀ ਪਹਿਲਕਦਮੀ ਹੈ। ਮੁੱਖ ਮਹਿਮਾਨ ਸ੍ਰੀ ਬੁੱਟਰ ਨੇ ਜਿਥੇ ਭਾਸ਼ਾ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ, ਉਥੇ ਹੀ ਪੰਜਾਬ ਦੀਆਂ ਸਮੂਹ ਲੇਖਕ ਜਥੇਬੰਦੀਆਂ ਅਤੇ ਲੇਖਕਾਂ ਨੂੰ ਮਾਤ ਭਾਸ਼ਾ ਪੰਜਾਬੀ ਦੀ ਉੱਨਤੀ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਲੰਮੇ ਸਮੇਂ ਤੋਂ ਮਾਤ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਹੈ। ਇਸ ਲਈ ਸਰਕਾਰ ਵੱਲੋਂ ਵਿਭਾਗ ਦੀ ਵਿੱਤੀ ਮਦਦ ਅਤੇ ਸਟਾਫ ਦੀ ਭਰਤੀ ਲਈ ਅੱਗੇ ਆਉਣਾ ਚਾਹੀਦਾ ਹੈ।
ਡਾ. ਦਰਸ਼ਨ ਸਿੰਘ ਆਸ਼ਟ ਨੇ ਪੰਜਾਬੀ ਭਾਸ਼ਾ ਦੀ ਵਿਦੇਸ਼ਾਂ ਵਿਚ ਚੜ੍ਹਤ ਬਾਰੇ ਜ਼ਿਕਰ ਕਰਦਿਆਂ ਸਰਕਾਰ ਨੂੰ ਪੰਜਾਬ ਵਿਚ ਪੰਜਾਬੀ ਨੂੰ ਪੂਰਨ ਤੌਰ ਉਤੇ ਲਾਗੂ ਕਰਵਾਉਣ ਲਈ ਵਿਭਾਗ ਨੂੰ ਹੋਰ ਸ਼ਕਤੀਆਂ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰਾਂ ਵਿਚੋਂ ਪੰਜਾਬੀ ਬੋਲਣ ਦਾ ਚਲਨ ਖਤਮ ਹੋ ਰਿਹਾ ਹੈ, ਜੋ ਪੰਜਾਬੀ ਦੇ ਚਿੰਤਕਾਂ ਲਈ ਖਤਰੇ ਦੀ ਘੰਟੀ ਹੈ। ਇਸ ਸਬੰਧੀ ਸਮੂਹ ਪੰਜਾਬੀਆਂ ਨੂੰ ਇਕਮੁੱਠ ਹੋ ਕੇ ਕਾਰਜ ਕਰਨਾ ਚਾਹੀਦਾ ਹੈ। ਜੇ ਪੰਜਾਬੀ ਭਾਸ਼ਾ ਪਰਿਵਾਰ, ਵਪਾਰ, ਰੁਜ਼ਗਾਰ ਤੇ ਸਰਕਾਰ ਦੀ ਭਾਸ਼ਾ ਬਣ ਜਾਵੇ ਤਾਂ ਪੰਜਾਬੀਆਂ ਦੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਹਨ।
ਡਾ. ਸਿਕੰਦਰ ਸਿੰਘ ਨੇ ਚਿੰਤਾ ਪ੍ਰਗਟਾਈ ਕਿ ਸਾਜ਼ਿਸ਼ ਤਹਿਤ ਪੰਜਾਬੀ ਭਾਸ਼ਾ ਵਿਚ ਹੋਰ ਭਾਸ਼ਾਵਾਂ ਨੂੰ ਰਲਗੱਡ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਡਾ. ਸਤਨਾਮ ਸਿੰਘ ਸੰਧੂ ਨੇ ਭਾਸ਼ਾ ਅਤੇ ਸੱਭਿਆਚਾਰ ਨੂੰ ਆਉਣ ਵਾਲੀਆਂ ਚੁਣੌਤੀਆਂ ਬਾਰੇ ਸੁਚੇਤ ਕਰਦਿਆਂ ਦੱਸਿਆ ਕਿ ਕਿਵੇਂ ਭਾਸ਼ਾ ਅਤੇ ਸੱਭਿਆਚਾਰ ਰੇਤ ਵਾਂਗ ਕਿਰ ਰਿਹਾ ਹੈ। ਉਨ੍ਹਾਂ ਸਮੂਹ ਲੇਖਕਾਂ, ਵਿਦਵਾਨਾਂ ਅਤੇ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਪ੍ਰਤੀ ਸੁਚੇਤ ਹੋਣ ਅਤੇ ਗੁਰੂਆਂ ਵੱਲੋਂ ਰਚੀ ਬਾਣੀ ‘ਤੇ ਪਹਿਰਾ ਦੇਣ ਦਾ ਹੋਕਾ ਦਿੱਤਾ।
________________________________________________
ਦਲ ਖਾਲਸਾ ਦੀ ਭਾਸ਼ਾ, ਕਿਸਾਨੀ ਤੇ ਨੌਜਵਾਨੀ ਦੇ ਹੱਕ ‘ਚ ਰੈਲੀ
ਅੰਮ੍ਰਿਤਸਰ: ਦਲ ਖਾਲਸਾ ਨੇ ‘ਪੰਜਾਬ ਦਿਵਸ’ ਮੌਕੇ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ, ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ, ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਵਿਰੁੱਧ ਰੈਲੀ ਕੀਤੀ। ਰੈਲੀ ਮਗਰੋਂ ਜਥੇਬੰਦੀ ਦੇ ਪ੍ਰਧਾਨ ਐਚ. ਐਸ਼ ਧਾਮੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਮਸ਼ਾਲਾਂ ਫੜ ਕੇ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿਚ ਭੰਡਾਰੀ ਪੁਲ ਤੋਂ ਅਕਾਲ ਤਖਤ ਤੱਕ ਮਾਰਚ ਕੀਤਾ। ਇਸ ਦੌਰਾਨ ਆਗੂਆਂ ਨੇ ਸਖਤ ਲਹਿਜ਼ੇ ਵਿਚ ਕਿਹਾ ਕਿ ਯੂ.ਐਨ.ਓ. ਦੀ ਚੁੱਪ ਨੇ ਸਿੱਖ ਕੌਮ ਅਤੇ ਪੀੜਤਾਂ ਨੂੰ ਨਿਰਾਸ਼ ਕੀਤਾ ਹੈ। ਰੈਲੀ ਵਿਚ ਨੌਜਵਾਨਾਂ ਨੇ ਕਿਸਾਨੀ ਸੰਕਟ ਨਾਲ ਸਬੰਧਤ ਬੈਨਰ ਫੜੇ ਸਨ। ਇਸ ਦੌਰਾਨ ਸ਼ ਧਾਮੀਨੇ ਕਿਹਾ ਕਿ ਪੰਜਾਬ ਦੇ ਵਸਨੀਕ ਆਪਣੀ ਹੋਂਦ ਅਤੇ ਹੱਕਾਂ ਲਈ ਲੜ ਰਹੇ ਹਨ ਅਤੇ ਇਹ ਲੜਾਈ ਜਾਰੀ ਰੱਖੀ ਜਾਵੇਗੀ।
_______________________________________________
ਪੰਜਾਬ ਸਰਕਾਰ ਵਲੋਂ ‘ਪੰਜਾਬੀ ਹਫਤਾ’ ਮਨਾਉਣ ਦਾ ਐਲਾਨ
ਪਟਿਆਲਾ: ਪੰਜਾਬ ਸਰਕਾਰ ਵੱਲੋਂ ‘ਪੰਜਾਬ ਦਿਵਸ’ ਮੌਕੇ ਅਹਿਮ ਫੈਸਲਾ ਲੈਂਦਿਆਂ ‘ਪੰਜਾਬੀ ਹਫਤਾ-2020’ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੱਤ ਸਮਾਗਮ ਕਰਵਾਏ ਜਾਣਗੇ ਅਤੇ ਵਿਦਾਇਗੀ ਸਮਾਗਮ ਮੌਕੇ ਸਰਬੋਤਮ ਸਾਹਿਤਕ ਪੁਰਸਕਾਰ ਦਿੱਤਾ ਜਾਵੇਗਾ। ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਮਾਗਮਾਂ ਦੀ ਸ਼ੁਰੂਆਤ ਪਟਿਆਲਾ ਵਿਚ ‘ਪੰਜਾਬ ਦਿਵਸ’ ਨੂੰ ਸਮਰਪਿਤ ਸਮਾਗਮ ਤੋਂ ਹੋ ਗਈ ਹੈ। ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ 6 ਨਵੰਬਰ ਨੂੰ ਸੁਲਤਾਨਪੁਰ ਲੋਧੀ, 9 ਤੇ 12 ਨਵੰਬਰ ਨੂੰ ਪਟਿਆਲਾ ਦੇ ਭਾਸ਼ਾ ਭਵਨ, 17 ਨਵੰਬਰ ਫਤਹਿਗੜ੍ਹ ਚੂੜੀਆਂ ਤੇ 23 ਨਵੰਬਰ ਨੂੰ ਫਤਹਿਗੜ੍ਹ ਸਾਹਿਬ ਵਿਚ ਸਮਾਗਮ ਕਰਵਾਏ ਜਾਣਗੇ। ਵਿਦਾਇਗੀ ਸਮਾਗਮ 27 ਨਵੰਬਰ ਨੂੰ ਪਟਿਆਲਾ ਦੇ ਭਾਸ਼ਾ ਭਵਨ ਵਿਚ ਹੋਵੇਗਾ।