ਮੋਦੀ ਖਿਲਾਫ ਲਾਮਬੰਦੀ ਦਾ ਹੋਕਾ ਦੇ ਗਿਆ ‘ਮੇਲਾ ਗਦਰੀ ਬਾਬਿਆਂ ਦਾ’

ਜਲੰਧਰ: ਗਦਰ ਪਾਰਟੀ ਦੇ ਸੰਸਥਾਪਕ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ 29ਵਾਂ ‘ਮੇਲਾ ਗਦਰੀ ਬਾਬਿਆਂ’ ਦਾ ਪੰਜਾਬ ਦੇ ਲੋਕਾਂ ਨੂੰ ਮੌਜੂਦਾ ਹਾਲਾਤ ਵਿਰੁੱਧ ਇਕਜੁੱਟਤਾ ਨਾਲ ਲੜਨ ਦਾ ਸੱਦੇ ਦਿੰਦਿਆਂ ਸਮਾਪਤ ਹੋ ਗਿਆ। ਦੇਸ਼ ਭਗਤ ਯਾਦਗਾਰ ਹਾਲ ਵਿਚ ਬੁਲਾਰਿਆਂ ਨੇ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ, ਸੰਘੇ ਢਾਂਚੇ ਨੂੰ ਤਹਿਸ-ਨਹਿਸ ਕਰਨ ਅਤੇ ਜਮਹੂਰੀਅਤ ਦੇ ਕੀਤੇ ਜਾ ਰਹੇ ਘਾਣ ਵਿਰੁੱਧ, ਦੇਸ਼ ਨੂੰ ਇਕੋ ਰੰਗ ਵਿਚ ਰੰਗੇ ਜਾਣ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਅਤੇ ਕਿਸਾਨਾਂ ਦੇ ਅੰਦੋਲਨਾਂ ਨੂੰ ਸਾਰੇ ਪੰਜਾਬੀਆਂ ਵੱਲੋਂ ਸਾਥ ਦੇਣ ਦੀ ਅਪੀਲ ਕੀਤੀ।

ਮੇਲੇ ਦੀ ਰਸਮੀ ਸ਼ੁਰੂਆਤ ਝੰਡਾ ਚੜ੍ਹਾਉਣ ਨਾਲ ਹੋਈ। ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਝੰਡਾ ਝੁਲਾ ਕੇ ਮੇਲੇ ਦੀ ਸ਼ੁਰੂਆਤ ਕੀਤੀ। ਕਾਮਰੇਡ ਅਮੋਲਕ ਦਾ ਲਿਖਿਆ ਝੰਡੇ ਦਾ ਗੀਤ ‘ਮਸ਼ਾਲਾਂ ਬਾਲ ਕੇ ਚੱਲਣਾ’ ਇਸ ਵਾਰ ਵੀ ਮੇਲੇ ਦਾ ਸਿਖਰ ਹੋ ਨਿੱਬੜਿਆ। ਕਾਮਰੇਡ ਅਮੋਲਕ ਨੇ ਇਸ ਗੀਤ ਰਾਹੀਂ ਹਾਥਰਸ ਕਾਂਡ, ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਨ ਅਤੇ ਹੋਰ ਅਨੇਕਾਂ ਮਸਲਿਆਂ ਨੂੰ ਉਭਾਰਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਡਾ. ਪਰਮਿੰਦਰ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਚਿਰੰਜੀ ਲਾਲ ਕੰਗਣੀਵਾਲ, ਹਰਦੇਵ ਅਰਸ਼ੀ, ਮੰਗਤ ਰਾਮ ਪਾਸਲਾ, ਸੀਤਲ ਸਿੰਘ ਸੰਘਾ ਸ਼ਾਮਲ ਸਨ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਦੇਸ਼ ਬਹੁਤ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਹਰ ਹਰਬਾ ਵਰਤ ਕੇ ਲੋਕਤੰਤਰ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਬਹੁਤ ਸਾਰੇ ਪੱਤਰਕਾਰ, ਬੁੱਧੀਜੀਵੀ, ਰੰਗਕਰਮੀ, ਪ੍ਰੋਫ਼ੈਸਰ, ਲੇਖਕ ਜੇਲ੍ਹਾਂ ਵਿਚ ਬੰਦ ਕੀਤੇ ਗਏ ਹਨ, ਉਨ੍ਹਾਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ।
ਮੇਲੇ ਵਿਚ ਮੁੱਖ ਬੁਲਾਰੇ ਵਜੋਂ ਪੁੱਜੇ ਉੱਘੇ ਨਾਟਕਕਾਰ ਡਾ. ਸਵਰਾਜਬੀਰ ਨੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦੀ ਗੱਲ ਕੀਤੀ ਅਤੇ ਦੱਸਿਆ ਕਿ ਮੱਧ ਕਾਲੀਨ ਸਾਹਿਤ ਵਿਚ ਪੰਜਾਬ ਦੀ ਧਰਨਾ ਕਿਵੇਂ ਉੱਭਰੀ। ਉਨ੍ਹਾਂ 1669-1672 ਵਿਚ ਹਰਿਆਣਾ ਵਿਚ ਹੋਏ ਸਤਨਾਮੀ ਅੰਦੋਲਨ ਦਾ ਜ਼ਿਕਰ ਕੀਤਾ ਤੇ ਉਸ ਨੂੰ ਅੱਜ ਦੇ ਕਿਸਾਨ ਅੰਦੋਲਨ ਤੇ ਨਾਗਰਿਕਤਾ ਸੋਧ ਕਾਨੂੰਨਾਂ ਵਿਰੋਧੀ ਅੰਦੋਲਨਾਂ ਨਾਲ ਜੋੜਿਆ। ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਅਨੂਪਮਾ ਨੇ ਨਵੇਂ ਖੇਤੀ ਕਾਨੂੰਨਾਂ ਦੇ ਕਿਸਾਨਾਂ ਅਤੇ ਮੁਲਕ ਦੇ ਆਮ ਲੋਕਾਂ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਦੇਸ਼ ਵਿਚ ਦਲਿਤਾਂ, ਔਰਤਾਂ, ਘੱਟ-ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਦਾ ਜ਼ਿਕਰ ਕੀਤਾ।
_________________________________________
ਪੁਸਤਕ ਮੇਲਾ ਬਣਿਆ ਖਿੱਚ ਦਾ ਕੇਂਦਰ
ਪੁਸਤਕ ਮੇਲਾ ਵੀ ਪੁਸਤਕ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਸੋਵੀਨਾਰ ਤੇ ਕਈ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨਕਲਾਬੀ ਰਸੂਲਪੁਰੀ ਕਵੀਸ਼ਰੀ ਜਥੇ ਨੇ ਵਾਰਾਂ ਤੇ ਗੀਤ ਪੇਸ਼ ਕੀਤੇ। ਲਘੂ ਨਾਟਕ, ਗੀਤ ਸੰਗੀਤ ਤੇ ਕਵੀ ਦਰਬਾਰ ਵੀ ਹੋਇਆ। ਕਵੀ ਦਰਬਾਰ ‘ਚ ਮੰਗਤ ਰਾਮ ਪਾਸਲਾ, ਕਾਮਰੇਡ ਦਰਸ਼ਨ ਖਟਕੜ, ਸੁਰਜੀਤ ਜੱਜ, ਡਾ. ਪਾਲ ਕੌਰ, ਜਸਵਿੰਦਰ ਯੋਧਾ, ਨੀਤੂ ਅਰੋੜਾ, ਮਨਜਿੰਦਰ ਕੰਵਲ ਨੇ ਰਚਨਾਵਾਂ ਪੇਸ਼ ਕੀਤੀਆਂ। ਗ਼ਦਰੀ ਬਾਬਿਆਂ ਦਾ ਮੇਲਾ ਨਾਟਕਾਂ ਅਤੇ ਗੀਤਾਂ ਭਰੀ ਸ਼ਾਮ ਨਾਲ ਸਮਾਪਤ ਹੋਇਆ।