ਬਿਹਾਰ ਚੋਣਾਂ: ਭਾਜਪਾ ਨੇ ਇਕ ਵਾਰ ਫਿਰ ਲਈ ਪਾਕਿਸਤਾਨ ਦੀ ‘ਓਟ’

ਇਸਲਾਮਾਬਾਦ: ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਕ ਵਾਰ ਫਿਰ ਗੁਆਂਢੀ ਮੁਲਕ ਪਾਕਿਸਤਾਨ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਦੇ ਪੁਲਵਾਮਾ ਹਮਲੇ ਬਾਰੇ ਕਬੂਲਨਾਮੇ ਨੂੰ ਭਾਜਪਾ ਬੜੇ-ਸ਼ੋਰ ਨਾਲ ਉਭਾਰ ਰਹੀ ਹੈ, ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣਾ ਸਾਰਾ ਚੋਣ ਭਾਸ਼ਣ ਇਸ ਮੁੱਦੇ ਉਤੇ ਕੇਂਦਰਿਤ ਕਰ ਦਿੱਤਾ ਹੈ।

ਉਧਰ, ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਹਨ ਕਿ ਜਦੋਂ ਵੀ ਮੁਲਕ ‘ਚ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਹਮੇਸ਼ਾ ਪਾਕਿਸਤਾਨ ਦਾ ਮੁੱਦਾ ਕਿਉਂ ਉਭਾਰਨ ਲੱਗ ਜਾਂਦੀ ਹੈ? ਕਾਂਗਰਸ ਨੇ ਕਿਹਾ ਹੈ ਕਿ ਇੰਜ ਲੱਗਦਾ ਹੈ ਕਿ ਜਿਵੇਂ ਭਾਜਪਾ ਪ੍ਰਧਾਨ ਨੇ ਪਾਕਿਸਤਾਨ ਵਿਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਪਾਕਿਸਤਾਨੀ ਟੀਵੀ ਚੈਨਲ ਵੇਖ ਰਹੇ ਹਨ ਤੇ ਗੁਆਂਢੀ ਮੁਲਕ ਬਾਰੇ ਅਜਿਹੇ ਸਮੇਂ ਗੱਲਾਂ ਕਰ ਰਹੇ ਹਨ, ਜਦੋਂ ਬਿਹਾਰ ‘ਚ ਚੋਣਾਂ ਹੋ ਰਹੀਆਂ ਹਨ। ਦੱਸ ਦਈਏ ਕਿ ਬਿਹਾਰ ਚੋਣਾਂ ਵਿਚ ਲੱਦਾਖ ਵਿਚ ਚੀਨ ਵੱਲੋਂ ਭਾਰਤ ਨਾਲ ਕੀਤੇ ਧੱਕੇ ਦੇ ਮਸਲੇ ਉਤੇ ਭਾਜਪਾ ਕੋਲ ਕੋਈ ਜਵਾਬ ਨਹੀਂ ਹੈ। ਹੁਣ ਪਾਕਿਸਤਾਨ ਨੂੰ ਘੇਰ ਕੇ ਭਾਜਪਾ, ਚੀਨ ਵਾਲੇ ਮਸਲੇ ਨੂੰ ਹੌਲਾ ਪਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਹੋਈ ਹੈ।
ਦੱਸ ਦਈਏ ਕਿ ਪਾਕਿਸਤਾਨੀ ਮੰਤਰੀ ਨੇ ਕਬੂਲ ਕੀਤਾ ਹੈ ਕਿ ਸਾਲ 2019 ਵਿਚ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਦਹਿਸ਼ਤੀ ਹਮਲੇ ਲਈ ਪਾਕਿਸਤਾਨ ਜ਼ਿੰਮੇਵਾਰ ਹੈ। ਇਸ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਜੰਗ ਵਾਲੀ ਸਥਿਤੀ ਬਣ ਗਈ ਸੀ। ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਕੌਮੀ ਅਸੈਂਬਲੀ ‘ਚ ਇਕ ਬਹਿਸ ਦੌਰਾਨ ਕਿਹਾ ਆਖਿਆ ਕਿ ਅਸੀਂ ਹਿੰਦੁਸਤਾਨ ਨੂੰ ਘਰ ਵਿਚ ਵੜ ਕੇ ਮਾਰਿਆ। ਪੁਲਵਾਮਾ ‘ਚ ਸਾਡੀ ਸਫਲਤਾ, ਇਮਰਾਨ ਖਾਨ ਦੀ ਅਗਵਾਈ ਹੇਠ ਮਿਲੀ ਇਸ ਦੇਸ਼ ਦੀ ਸਫਲਤਾ ਹੈ ਅਤੇ ਅਸੀਂ ਸਾਰੇ ਇਸ ਸਫਲਤਾ ਦਾ ਹਿੱਸਾ ਹਾਂ।”
ਇਸ ਤੋਂ ਬਾਅਦ ਪਾਕਿਸਤਾਨ ਦੇ ਇਕ ਸੀਨੀਅਰ ਆਗੂ ਬਿਆਨ ਦੇ ਦਿੱਤਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਜੇਕਰ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਨਾ ਛੱਡਿਆ ਗਿਆ ਤਾਂ ਭਾਰਤ ਰਾਤ ਨੌਂ ਵਜੇ ਪਾਕਿਸਤਾਨ ‘ਤੇ ਹਮਲਾ ਕਰ ਦੇਵੇਗਾ। ਵਿਰੋਧੀ ਧਿਰ ਦੇ ਆਗੂ ਅਨੁਸਾਰ ਕੁਰੈਸ਼ੀ ਜਦੋਂ ਇਹ ਕਹਿ ਰਹੇ ਸੀ ਤਾਂ ਪਾਕਿਸਤਾਨੀ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਪਸੀਨੇ ਛੁੱਟ ਰਹੇ ਸੀ ਤੇ ਉਨ੍ਹਾਂ ਦੀਆਂ ਲੱਤਾਂ ਕੰਬ ਰਹੀਆਂ ਸਨ। ਇਧਰ, ਬਿਹਾਰ ਚੋਣਾਂ ਵਿਚ ਭਾਜਪਾ ਨੇ ਇਸ ਮੁੱਦੇ ਨੂੰ ਚੁੱਕਣ ਵਿਚ ਦੇਰ ਨਹੀਂ ਲਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖ ਦਿੱਤਾ ਕਿ ਪਿਛਲੇ ਸਾਲ ਪੁਲਵਾਮਾ ‘ਚ ਹੋਏ ਅਤਿਵਾਦੀ ਹਮਲੇ ਦੀ ਸੱਚਾਈ ਨੂੰ ਪਾਕਿ ਸਰਕਾਰ ਨੇ ਪਾਕਿਸਤਾਨ ਦੀ ਸੰਸਦ ‘ਚ ਪ੍ਰਵਾਨ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਪੂਰਾ ਦੇਸ਼ ਗੁੱਸੇ ‘ਚ ਸੀ ਤਾਂ ਉਦੋਂ ਕੁਝ ਲੋਕ ‘ਸਵਾਰਥ ਅਤੇ ਹੰਕਾਰ ਨਾਲ ਭਰੀ ਭੱਦੀ ਰਾਜਨੀਤੀ’ ਕਰ ਰਹੇ ਸਨ।
__________________________
ਗੁਜਰਾਤ ਜ਼ਿਮਨੀ ਚੋਣ: 18% ਉਮੀਦਵਾਰਾਂ ਖਿਲਾਫ ਕੇਸ
ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਲਈ ਹੋਣ ਵਾਲੀ ਜ਼ਿਮਨੀ ਚੋਣ ਲਈ 81 ਉਮੀਦਵਾਰ ਮੈਦਾਨ ਵਿਚ ਹਨ ਤੇ ਇਨ੍ਹਾਂ ‘ਚੋਂ 18 ਪ੍ਰਤੀਸ਼ਤ ਨੇ ਆਪਣੇ ਖਿਲਾਫ ਚੱਲ ਰਹੇ ਅਪਰਾਧਿਕ ਕੇਸਾਂ ਦਾ ਖੁਲਾਸਾ ਕੀਤਾ ਹੈ। ‘ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼’ (ਏ.ਡੀ.ਆਰ.) ਦੀ ਰਿਪੋਰਟ ਵਿਚ ਉਮੀਦਵਾਰਾਂ ਦੇ ਵਿੱਤੀ ਪਿਛੋਕੜ ਬਾਰੇ ਵੀ ਦੱਸਿਆ ਗਿਆ ਹੈ। 20-25 ਪ੍ਰਤੀਸ਼ਤ ਉਮੀਦਵਾਰਾਂ ਦੀ ਸੰਪਤੀ ਕਰੋੜਾਂ ਰੁਪਏ ਹੈ।
ਸੱਤ ਜਾਂ ਨੌਂ ਫੀਸਦ ਉਮੀਦਵਾਰਾਂ ਖਿਲਾਫ ਗੰਭੀਰ ਅਪਰਾਧਾਂ ਦੇ ਕੇਸ ਚੱਲ ਰਹੇ ਹਨ। ਇਹ ਉਹ ਅਪਰਾਧ ਹਨ ਜੋ ਗੈਰ-ਜ਼ਮਾਨਤੀ ਹਨ। ਆਪਣੇ ਖਿਲਾਫ ਅਪਰਾਧਕ ਕੇਸਾਂ ਦਾ ਖੁਲਾਸਾ ਕਰਨ ਵਾਲਿਆਂ ਵਿਚ ਭਾਰਤੀ ਟਰਾਈਬਲ ਪਾਰਟੀ, ਭਾਜਪਾ ਦੇ ਕਾਂਗਰਸ ਦੇ ਉਮੀਦਵਾਰ ਸ਼ਾਮਲ ਹਨ। ਕਈ ਹਲਕਿਆਂ ਵਿਚ ਤਿੰਨ ਜਾਂ ਇਸ ਤੋਂ ਵੱਧ ਉਮੀਦਵਾਰਾਂ ਉਤੇ ਅਪਰਾਧਕ ਕੇਸ ਹਨ। ਅੱਠ ਸੀਟਾਂ ਲਈ ਵੋਟਾਂ 3 ਨਵੰਬਰ ਨੂੰ ਪੈਣਗੀਆਂ ਤੇ ਗਿਣਤੀ ਦਸ ਨਵੰਬਰ ਨੂੰ ਹੋਵੇਗੀ।