ਦਿੱਲੀ ਤੇ ਹਰਿਆਣਾ ਵਿਚ ਹਵਾ ਪ੍ਰਦੂਸ਼ਣ ਲਈ ਪੰਜਾਬ ਨਹੀਂ ਹੈ ਜ਼ਿੰਮੇਵਾਰ

ਚੰਡੀਗੜ੍ਹ: ਦਿੱਲੀ ਵਿਚ ਹੁੰਦੇ ਧੂੰਏਂ ਤੇ ਪ੍ਰਦੂਸ਼ਣ ਲਈ ਲੰਮੇ ਸਮੇਂ ਤੋਂ ਪੰਜਾਬ ਵਿਚ ਸਾੜੀ ਜਾਂਦੀ ਝੋਨੇ ਦੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਰਾਲੀ ਸੜਨ ਕਾਰਨ ਜਿਹੜਾ ਧੂੰਆਂ ਉਠਦਾ ਹੈ, ਉਹ ਪੰਜਾਬ ਵਿਚ ਹੀ ਰਹਿ ਜਾਂਦਾ ਹੈ। ਇਹ ਅਧਿਐਨ ‘ਵਰਸਿਟੀ ਦੇ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ।

ਵਿਗਿਆਨੀਆਂ ਦਾ ਦਾਅਵਾ ਹੈ ਕਿ ਪੰਜਾਬ ‘ਚ ਪਰਾਲੀ ਸਾੜਨ ਨਾਲ ਧੂੰਆਂ ਨਵੀਂ ਦਿੱਲੀ ਤੇ ਹਰਿਆਣਾ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦਾ। ਵਿਗਿਆਨੀਆਂ ਅਨੁਸਾਰ ਸਾਲ 2017 ਤੋਂ 2019 ਦੌਰਾਨ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਸ ਤਹਿਤ ਜਦੋਂ ਹਵਾ ਸ਼ਾਂਤ ਹੁੰਦੀ ਹੈ, ਹਵਾ ਦੀ ਰਫਤਾਰ 2 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਤਾਂ ਧੁੰਦ ਵਰਗੀ ਸਥਿਤੀ ਬਣੀ ਰਹਿੰਦੀ ਹੈ ਪਰ ਜਦੋਂ ਹਵਾ ਦੀ ਰਫਤਾਰ 4 ਤੋਂ 5 ਕਿੱਲੋਮੀਟਰ ਪ੍ਰਤੀ ਘੰਟਾ ਜਾਂ ਮੀਂਹ ਹੁੰਦਾ ਹੈ ਤਾਂ ਧੁੰਦ ਖਤਮ ਹੋ ਜਾਂਦੀ ਹੈ। ਪੰਜਾਬ ਦਾ ਧੂੰਆਂ ਹਰਿਆਣਾ ਅਤੇ ਨਵੀਂ ਦਿੱਲੀ ਵੱਲ ਤਾਂ ਹੀ ਜਾ ਸਕਦਾ ਹੈ ਜੇਕਰ ਹਵਾ ਦੀ ਰਫਤਾਰ 4 ਤੋਂ 5 ਕਿਲੋਮੀਟਰ ਤੋਂ ਜ਼ਿਆਦਾ ਹੋਵੇ ਅਤੇ ਹਵਾ ਵਗਣ ਦੀ ਦਿਸ਼ਾ ਵੀ ਉਤਰ-ਪੱਛਮੀ ਜਾਂ ਘੱਟੋ-ਘੱਟ ਪੱਛਮੀ ਹੋਵੇ।
2017, 2018 ਤੇ 2019 ਦੇ ਅੰਕੜਿਆਂ ਉਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੇ 10 ਥਾਵਾਂ ਗੁਰਦਾਸਪੁਰ, ਬੱਲੋਵਾਲ ਸੌਖੜੀ, ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਅੰਬਾਲਾ, ਬਠਿੰਡਾ, ਫਰੀਦਕੋਟ ਅਤੇ ਅਬੋਹਰ ਤੋਂ ਹਵਾ ਦੀ ਰਫਤਾਰ ਤੇ ਦਿਸ਼ਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ 1 ਅਕਤੂਬਰ ਤੋਂ 16 ਦਸੰਬਰ ਤੱਕ ਕੀਤਾ ਗਿਆ। ਇਸ ਦੌਰਾਨ ਹਵਾ ਦੀ ਰਫਤਾਰ 2 ਤੋਂ ਲੈ ਕੇ 5 ਕਿਲੋਮੀਟਰ ਪ੍ਰਤੀ ਘੰਟਾ ਰਹੀ ਅਤੇ ਸਿਰਫ 7 ਨਵੰਬਰ 2019 ਨੂੰ ਹਵਾ ਦੀ ਰਫਤਾਰ 5.9 ਪ੍ਰਤੀ ਕਿੱਲੋਮੀਟਰ ਪ੍ਰਤੀ ਘੰਟਾ ਸੀ। ਇਸ ਤੋਂ ਇਲਾਵਾ 7 ਨਵੰਬਰ 2019 ਨੂੰ ਹਵਾ ਦੀ ਦਿਸ਼ਾ ਦੱਖਣ ਪੂਰਬ ਦੇ ਪੂਰਬ ਵੱਲ ਸੀ, ਭਾਵ ਹਵਾਵਾਂ ਗੁਆਂਢੀ ਰਾਜਾਂ ਹਰਿਆਣਾ ਤੇ ਨਵੀਂ ਦਿੱਲੀ ਵਲੋਂ ਪੰਜਾਬ ਵੱਲ ਆ ਰਹੀਆਂ ਸਨ।
ਪੰਜਾਬ ਤੋਂ ਹਰਿਆਣਾ ਤੇ ਨਵੀਂ ਦਿੱਲੀ ਵਾਲੇ ਪਾਸੇ ਹਵਾ ਨਹੀਂ ਚੱਲੀ। ਪੀ.ਏ.ਯੂ. ਦੇ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਭਾਗ ਦੇ ਡਾ. ਪ੍ਰਭਜੋਤ ਕੌਰ ਸਿੱਧੂ, ਡਾ. ਸੁਖਜੀਤ ਕੌਰ ਅਤੇ ਡਾ. ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਦੱਖਣ ਪੂਰਬ ਵੱਲ ਦੀ ਹਵਾ ਦੀ ਦਿਸ਼ਾ ਗੁਆਂਢੀ ਰਾਜਾਂ ਹਰਿਆਣਾ ਤੇ ਨਵੀਂ ਦਿੱਲੀ ਦੀ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਯੋਗ ਨਹੀਂ ਅਤੇ ਨਾ ਹੀ ਇਹ ਹਵਾ ਦੋਵੇਂ ਰਾਜਾਂ ਦੀ ਆਬੋ ਹਵਾ ਨੂੰ ਦੂਸ਼ਿਤ ਕਰ ਸਕਦੀ ਹੈ। ਪੂਰੇ ਉਤਰ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਖਾਸਕਰ ਝੋਨਾ ਲਗਾਉਣ ਵਾਲੇ ਰਾਜਾਂ ਵਿਚ ਹਰੇਕ ਰਾਜ ਆਪਣੇ ਪ੍ਰਦੂਸ਼ਣ ਲਈ ਆਪ ਜ਼ਿੰਮੇਵਾਰ ਹੈ। ਇਸ ਲਈ ਕਿਸੇ ਵੀ ਖੇਤਰ ਜਾਂ ਰਾਜ ‘ਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਦੂਸਰੇ ਖੇਤਰ ਜਾਂ ਰਾਜਾਂ ਵਲੋਂ ਪ੍ਰਦੂਸ਼ਣ ਵਧਾਉਣ ਲਈ ਜ਼ਿਆਦਾ ਜ਼ਿੰਮੇਵਾਰੀ ਨਹੀਂ ਆਖਿਆ ਜਾ ਸਕਦਾ।
__________________________________
ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਗਿਰਾਵਟ
ਚੰਡੀਗੜ੍ਹ: ਪੰਜਾਬ ਵਿਚ ਇਸ ਸਾਲ ਪਰਾਲੀ ਸਾੜਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੇ ਸਾਰੇ ਸੀਨੀਅਰ ਅਧਿਕਾਰੀਆਂ, ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸ਼ਐਸ਼ਪੀਜ਼ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਪੰਜਾਬ ‘ਚ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ 5 ਫੀਸਦੀ ਤੋਂ ਵੀ ਜ਼ਿਆਦਾ ਕਮੀ ਰਹੀ ਹੈ। ਪੰਜਾਬ ‘ਚ ਹੁਣ ਤੱਕ 137.89 ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 33 ਫੀਸਦੀ ਜ਼ਿਆਦਾ ਹੈ। ਪਰਾਲੀ ਸਾੜਨ ਦੀ ਸਮੱਸਿਆ ਬਾਬਤ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸ਼ਐਸ਼ਪੀਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਲੈਣ, ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ਘੱਟ ਦਰਜ ਕੀਤੀਆਂ ਗਈਆਂ ਹਨ। ਪਿਛਲੇ ਸਾਲ ਨਾਲੋਂ ਇਸ ਸਾਲ ਇਕ ਦਿਨ ‘ਚ ਹੀ ਪਰਾਲੀ ਸਾੜਨ ਦੇ 336 ਮਾਮਲੇ ਘੱਟ ਸਾਹਮਣੇ ਆਏ ਹਨ ਜਦਕਿ ਝੋਨੇ ਦੀ ਆਮਦ 33 ਫੀਸਦੀ ਜ਼ਿਆਦਾ ਹੈ। ਇਸ ਸਾਲ 7.49 ਲੱਖ ਹੈਕਟੇਅਰ ਜ਼ਮੀਨ ਦੀ ਪਰਾਲੀ ਸਾੜੀ ਗਈ ਹੈ, ਜੋ ਕਿ ਪਿਛਲੇ ਸਾਲ 7.90 ਲੱਖ ਹੈਕਟੇਅਰ ਸੀ। ਇਸ ਸਾਲ ਇਹ ਦਰ ਪਿਛਲੇ ਸਾਲ ਨਾਲੋਂ 5.23 ਫੀਸਦੀ ਘੱਟ ਹੈ।