ਸਿੱਖਾਂ ਅੰਦਰ ਜਾਤ-ਪਾਤ ਦਾ ਮਸਲਾ

ਸਿੱਖੀ ਅੰਦਰ ਜਾਤ-ਪਾਤ ਲਈ ਕੋਈ ਥਾਂ ਨਹੀਂ, ਪਰ ਅੱਜ ਦਾ ਵਕਤ ਗਵਾਹ ਹੈ ਕਿ ਇਸ ਮਸਲੇ ‘ਤੇ ਸਿੱਖ ਸਮਾਜ ਅੰਦਰ ਵੰਡੀਆਂ ਸਾਫ ਦਿਸਦੀਆਂ ਹਨ। ਦੇਖਣ ਵਿਚ ਆਇਆ ਹੈ ਕਿ ਉਚ ਜਾਤ ਵਿਚ ਜਨਮਿਆ ਕੋਈ ਜਣਾ, ਅਚੇਤ ਜਾਂ ਸੁਚੇਤ ਰੂਪ ਵਿਚ ਉਸ ਜਾਤ ਦੀ ਵਡਿਆਈ ਕਰਨ ਲੱਗ ਪੈਂਦਾ ਹੈ। ਨੌਜਵਾਨ ਸਿੱਖ ਚਿੰਤਕ ਪ੍ਰਭਸ਼ਰਨਦੀਪ ਸਿੰਘ ਨੇ ਆਪਣੇ ਇਸ ਲੇਖ ਵਿਚ ਇਹੀ ਨੁਕਤਾ ਫੜਿਆ ਹੈ ਅਤੇ ਸਿੱਖ ਸਮਾਜ ਨੂੰ ਇਸ ਬਾਰੇ ਸੁਚੇਤ ਹੋਣ ਦਾ ਹੋਕਾ ਦਿੱਤਾ ਹੈ।

-ਸੰਪਾਦਕ

ਪ੍ਰਭਸ਼ਰਨਦੀਪ ਸਿੰਘ

ਪੰਜਾਬ ਵਿਚ ਜਾਤ-ਪਾਤ ਦਾ ਮਸਲਾ ਅੱਜਕੱਲ੍ਹ ਕਾਫੀ ਭਖਿਆ ਹੋਇਆ ਹੈ। ਇਹ ਗੰਭੀਰ ਮਸਲਾ ਹੈ ਤੇ ਇਸ ‘ਤੇ ਵਿਚਾਰ ਜ਼ਰੂਰ ਹੋਣੀ ਚਾਹੀਦੀ ਹੈ। ਸਿੱਖਾਂ ਵਿਚ ਜਾਤ-ਪਾਤ ਦੇ ਮਸਲੇ ‘ਤੇ ਪਿਛਲੇ ਦਿਨੀਂ ਇੱਕ ਸੈਮੀਨਾਰ ਹੋਇਆ ਜਿਸ ਵਿਚ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਵਿਚੋਂ ਇੱਕ ਨਾਦ-ਪਰਗਾਸ ਨਾਮ ਦੀ ਸੰਸਥਾ ਦਾ ਸੰਚਾਲਕ ਜਗਦੀਸ਼ ਸਿੰਘ ਸੀ ਜਿਸ ਨੇ ਕਾਫੀ ਉਤੇਜਕ ਸੁਰ ਵਾਲਾ ਭਾਸ਼ਨ ਦਿੱਤਾ। ਜਗਦੀਸ਼ ਸਿੰਘ ਨੇ ਕਿਹਾ ਕਿ ਜਾਤ-ਪਾਤ ਬਾਰੇ ਨਸੀਹਤ ਉਨ੍ਹਾਂ ਲੋਕਾਂ ਨੂੰ ਦੇਣੀ ਚਾਹੀਦੀ ਹੈ ਜੋ ਇਸ ਨੂੰ ਫੈਲਾਉਣ ਲਈ ਜ਼ਿੰਮੇਵਾਰ ਹਨ। ਦੇਖਣ ਵਾਲੀ ਗੱਲ ਹੈ ਕਿ ਪਿਛਲੇ ਦਸਾਂ-ਪੰਦਰਾਂ ਸਾਲਾਂ ਤੋਂ ਜਗਦੀਸ਼ ਸਿੰਘ ਆਪਣੀਆਂ ਲਿਖਤਾਂ ਅਤੇ ਤਕਰੀਰਾਂ ਰਾਹੀਂ ਇਸ ਗੱਲ ‘ਤੇ ਜ਼ੋਰ ਦਿੰਦਾ ਆ ਰਿਹਾ ਹੈ ਕਿ ਜਾਤ-ਪਾਤ ਦੇ ਮੂਲ ਆਧਾਰ ਵਰਨ-ਵੰਡ ਦੇ ਸਿਧਾਂਤ ਨੂੰ ਰੱਦ ਕਰਨਾ ਠੀਕ ਨਹੀਂ ਹੈ। ਜਗਦੀਸ਼ ਸਿੰਘ ਜਾਤ-ਪਾਤੀ ਨਿਜ਼ਾਮ ਨੂੰ ਕੋਈ ਨਵਾਂ ਪਰਾਭੌਤਿਕ ਤਰਕ ਮੁਹੱਈਆ ਕਰਵਾਉਣ ਦੇ ਆਹਰ ਵਿਚ ਰੁੱਝਿਆ ਰਿਹਾ ਹੈ।
ਜਗਦੀਸ਼ ਸਿੰਘ ਦੀ ਜਾਤ-ਪਾਤ ਦੇ ਮੁੱਦੇ ‘ਤੇ ਭੜਕਾਊ ਸੁਰ ਅਸਲ ਵਿਚ ਉਸ ਦੇ ਆਪਣੇ ਖਿਲਾਫ ਹੋਣੀ ਚਾਹੀਦੀ ਸੀ, ਕਿਉਂਕਿ ਉਹ ਗੁਰਮਤਿ ਦੇ ਜਾਤ ਪ੍ਰਤੀ ਨਜ਼ਰੀਏ ਦੇ ਬਿਲਕੁਲ ਵਿਰੁਧ ਖੜ੍ਹਾ ਹੈ। ਗੁਰਮਤਿ ਅਨੁਸਾਰ ਜਾਤ ਦੀ ਕੋਈ ਅਹਿਮੀਅਤ ਨਹੀਂ; ਇਸ ਦਾ ਕਿਸੇ ਵਿਅਕਤੀ ਦੇ ਉਚਾ ਜਾਂ ਨੀਵਾਂ ਹੋਣ ਨਾਲ, ਜਾਂ ਉਸ ਦੇ ਅੰਦਰਲੀ ਸਮਰੱਥਾ ਨਾਲ, ਕੋਈ ਸਬੰਧ ਨਹੀਂ:
ਖਸਮੁ ਵਿਸਾਰਹਿ ਤੇ ਕਮਜਾਤਿ॥
ਨਾਨਕ ਨਾਵੈ ਬਾਝੁ ਸਨਾਤਿ॥੪॥੩॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੯)
ਗੁਰਬਾਣੀ ਦੀ ਉਪਰੋਕਤ ਤੁਕ ਦਾ ਭਾਵ ਹੈ ਕਿ ਕਿਸੇ ਵਿਅਕਤੀ ਦੇ ਉਚੇ ਜਾਂ ਨੀਵੇਂ ਹੋਣ ਨਾਲ ਉਸ ਦੇ ਜਾਤ-ਪਾਤੀ ਪਿਛੋਕੜ ਦਾ ਕੋਈ ਸਬੰਧ ਨਹੀਂ। ਲੋਕਾਂ ਨੂੰ ਉਚਾ ਉਨ੍ਹਾਂ ਦੀ ਆਤਮਕ ਕਮਾਈ ਤੇ ਨੀਵਾਂ ਇਸ ਕਮਾਈ ਦੀ ਅਣਹੋਂਦ ਬਣਾਉਂਦੀ ਹੈ। ਇਸ ਵਿਚਾਰ ਦੀ ਤਸਦੀਕ ਲਈ ਗੁਰਬਾਣੀ ਵਿਚ ਅਨੇਕ ਹੋਰ ਹਵਾਲੇ ਵੀ ਮੌਜੂਦ ਹਨ, ਜਿਵੇਂ:
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥੧॥ ਰਹਾਉ॥ (ਸ੍ਰੀ ਗੁਰੁ ਗ੍ਰੰਥ ਸਾਹਿਬ, ੩੪੯)
ਸਪਸ਼ਟ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਬ੍ਰਾਹਮਣ ਦੀ ਘੜੀ ਜਨਮ ਆਧਾਰਿਤ ਉਚਤਾ ਜਾਂ ਨੀਚਤਾ ਨੂੰ ਸਖਤੀ ਨਾਲ ਰੱਦ ਕੀਤਾ। ਇਸ ਤਰ੍ਹਾਂ, ਗੁਰਮਤਿ ਅਨੁਸਾਰ ਆਤਮਕ, ਬੌਧਿਕ, ਜਾਂ ਸਰੀਰਕ ਮਨੁੱਖੀ ਸਮਰੱਥਾ ਕਿਸੇ ਖਾਸ ਜਾਤ ਲਈ ਰਾਖਵੀਂ ਨਹੀਂ; ਕਿਸੇ ਵੀ ਤਰ੍ਹਾਂ ਦੇ ਗੁਣ ਕਿਸੇ ਵੀ ਜਾਤ ਵਿਚ ਜਨਮੇ ਇਸਤਰੀ ਜਾਂ ਪੁਰਖ ਵਿਚ ਹੋ ਸਕਦੇ ਹਨ ਪਰ ਇਸ ਦੇ ਉਲਟ ਜਗਦੀਸ਼ ਸਿੰਘ ਖਾਸ ਜਾਤ ਦੇ ਅੰਦਰ ਖਾਸ ਸਮਰੱਥਾ ਹੋਣ ਦਾ ਦਾਅਵਾ ਕਰਦਾ ਹੈ। ਉਸ ਨੇ ਗੁਰਭਜਨ ਗਿੱਲ ਦੀ ਕਿਤਾਬ ‘ਅਗਨ ਕਥਾ’ ਦੇ ਸਰਵਰਕ ਬਾਰੇ ਲਿਖੇ ਲੇਖ ਵਿਚ ਖੱਤਰੀ ਜਾਤੀ ਦੀ ਉਚਤਾ ਬਾਰੇ ਕਾਫੀ ਦਿਲਚਸਪ ਵਿਚਾਰ ਪੇਸ਼ ਕੀਤੇ ਹਨ:
ਪੰਜਾਬ ਵਿਚ ਖੱਤਰੀ ਦੀ ਜਾਤੀਗਤ ਪਰੰਪਰਾ ‘ਚ ਲਾਲ ਰੰਗ ਸੁਹਜ ਦੀਆਂ ਅਨਿਕ ਦਿਸ਼ਾਵਾਂ ‘ਚ ਛੁਪਿਆ ਹੋਇਆ ਹੈ। ਖੱਤਰੀ ਪਰੰਪਰਾ ਦੀ ਸਭ ਤੋਂ ਅਨਮੋਲ ਪ੍ਰਾਪਤੀ ਇਹ ਹੈ ਕਿ ਇਸ ਨੇ ਜਿਸਮ ਤੇ ਮਨ ਦੇ ਸੁਹਜ ਭਰਪੂਰ ਕੋਮਲ ਅਨੁਭਵ ਜਗਾ ਉਨ੍ਹਾਂ ਨੂੰ ਪਰਾ-ਜਗਤ ਦੇ ਜ਼ੋਰਾਵਰ ਉਛਾਲੇ ਦੇ ਹਵਾਲੇ ਬਾਕੀ ਜਾਤੀਆਂ ਤੋਂ ਵੱਧ ਕਰਵਾਇਆ ਹੈ। ਆਪਣੇ ਨਸਲੀ ਸੰਬੰਧਾਂ ਦੀ ਲੜੀ ‘ਚ ਇਰਾਨੀ ਰਹੱਸਵਾਦ, ਜਰਮਨ ਫਲਸਫਾ ਤੇ ਬ੍ਰਾਹਮਣੀ ਕਰਮਕਾਂਡ ‘ਤੇ ਫਤਹ ਪਾਉਂਦੀ ਉਪਨਿਸ਼ਦ ਵਿਚਾਰਧਾਰਾ ਇਸ ਜਾਤੀ ਦੇ ਪਰਾ-ਭੌਤਿਕਤਾ ਦੇ ਰੁਝਾਨਾਂ ਦੀ ਸਪਸ਼ਟ ਗਵਾਹੀ ਹੈ। ਮਨ ਦੀ ਨਫਾਸਤ, ਅਹਿਸਾਸ ਦੀ ਕੋਮਲਤਾ, ਰਸਿਕਤਾ ਤੇ ਵੈਰਾਗ ਦਾ ਸੁਮੇਲ, ਤਿਆਗ ਦੇ ਉਚੇ ਰੂਪ, ਨਿੱਕੇ ਤੋਂ ਨਿੱਕੇ ਅਮਲ ਪਿੱਛੇ ਦਰਗਾਹ ਦੀ ਪਰਵਾਨਗੀ ਲੈਣ ਦਾ ਅਹਿਸਾਸ, ਪਿਆਰ ਦੀ ਸ਼ੁੱਧਤਾ ਤੇ ਦੁਨਿਆਵੀ ਗਰਜ਼ਾਂ ਤੋਂ ਮੁਕਤੀ ਅਤੇ ਚੀਜ਼ਾਂ, ਥਾਵਾਂ, ਵਿਅਕਤੀਆਂ ਨਾਲ ਆਤਮਿਕ ਇਕਮਿਕਤਾ ਵਾਲੀ ਇਸ ਚੇਤਨਾ ਨੇ ਸਾਹਿਤ, ਫਲਸਫਾ, ਇਤਿਹਾਸ ਤੇ ਜ਼ਿੰਦਗੀ ਵਿਚ ਆਪਣੀ ਹਾਜ਼ਰੀ ਲੁਆਈ ਹੈ। ਸੋ, ਇਸ ਜਾਤੀ ਦੇ ਸਿਰਜਨਾਤਮਕ ਸਫਰ ਵਿਚਲੀ ਆਤਮਕ ਮੇਲ ਵਾਲੀ ਸਾਂਝ ਚੋਂ ਉਪਜੇ ਲਾਲ ਰੰਗ ਨਾਲ ਹੋਏ ਸਫਰ ਨੂੰ ਗੁਰੂ ਸਾਹਿਬ ਨੇ ਰੂਹਾਨੀ ਅਰਥਾਂ ਵਿਚ ਸੁਹਾਗ ਦੇ ਰੰਗ ਵਜੋਂ ਪ੍ਰਵਾਨ ਕੀਤਾ ਹੈ। (‘ਅਗਨ ਕਥਾ’ ਦਾ ਸਰਵਰਕ)
ਜਗਦੀਸ਼ ਸਿੰਘ ਦੇ ਉਪਰੋਕਤ ਨਜ਼ਰੀਏ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਪਹਿਲੀ ਗੱਲ- “ਖੱਤਰੀ ਦੀ ਜਾਤੀਗਤ ਪਰੰਪਰਾ” ਦਾ ਖਿਆਲ ਹੀ ਬੇਹੂਦਾ ਹੈ। ਗੁਰਮਤਿ ਅਨੁਸਾਰ ਕਿਸੇ ਖਾਸ ਵਰਗ ਦੀ ਨਿਵੇਕਲੀ “ਜਾਤੀਗਤ ਪਰੰਪਰਾ” ਦਾ ਕੋਈ ਅਰਥ ਨਹੀਂ ਬਣਦਾ। ਮਨੁੱਖੀ ਸਮਰੱਥਾ ਬ੍ਰਾਹਮਣ ਦੀਆਂ ਬਣਾਈਆਂ ਮਸਨੂਈ ਜਾਤੀਗਤ ਵੰਡੀਆਂ ਵਿਚ ਕੈਦ ਨਹੀਂ ਹੁੰਦੀ। ਬ੍ਰਾਹਮਣਾਂ ਨੇ ਬਿਰਤਾਂਤ ਰਾਹੀਂ ਸੱਤਾ ਹਥਿਆਈ ਤੇ ਸੱਤਾ ਦੇ ਜ਼ੋਰ ਨਾਲ ਖਾਸ ਜਾਤੀਆਂ ਵਿਚ ਜਨਮੇ ਮਨੁੱਖਾਂ ਨੂੰ ਖਾਸ ਕਿਸਮ ਦੇ ਕਿੱਤਿਆਂ ਤੱਕ ਸੀਮਤ ਕਰ ਦਿੱਤਾ। ਗੁਰਮਤਿ ਅਨੁਸਾਰ ਤਾਂ ਹਰ ਜਿਊੜੇ ਵਿਚ ਅਕਾਲ ਪੁਰਖ ਦੀ ਜੋਤ ਹੈ। ਕਿਸੇ ਵੀ ਜਾਤ ਵਿਚ ਜਨਮੇ ਵਿਅਕਤੀ ਬ੍ਰਹਮ ਗਿਆਨੀ, ਸਿਆਸੀ ਆਗੂ, ਮੁਲਕਾਂ ਦੇ ਪ੍ਰਧਾਨ, ਕਵੀ, ਫਿਲਾਸਫਰ, ਇੰਜਨੀਅਰ, ਜਾਂ ਵਪਾਰੀ ਆਦਿਕ ਬਣ ਸਕਦੇ ਹਨ। ਇਸ ਲਈ ਜਗਦੀਸ਼ ਜਦੋਂ ਪੰਜਾਬ ਦੇ ਖੱਤਰੀਆਂ ਦੀ ਵੱਖਰੀ “ਜਾਤੀਗਤ ਪਰੰਪਰਾ” ਦੀ ਹੋਂਦ ਦਾ ਦਾਅਵਾ ਜਤਾਉਂਦਾ ਹੈ ਤਾਂ ਉਹ ਬੁਨਿਆਦੀ ਤੌਰ ‘ਤੇ ਗੁਰਮਤਿ ਦੇ ਉਲਟ ਖੜ੍ਹਾ ਹੈ।
ਇਸ ਤੋਂ ਬਾਅਦ ਵਾਲੀਆਂ ਸਤਰਾਂ ਜਗਦੀਸ਼ ਦੇ ਵਿਚਾਰਾਂ ਦੇ ਨਸਲਵਾਦ ਨੂੰ ਹੋਰ ਚੰਗੀ ਤਰਾਂ ਬੇਨਕਾਬ ਕਰਦੀਆਂ ਹਨ:
ਖੱਤਰੀ ਪਰੰਪਰਾ ਦੀ ਸਭ ਤੋਂ ਅਨਮੋਲ ਪ੍ਰਾਪਤੀ ਇਹ ਹੈ ਕਿ ਇਸ ਨੇ ਜਿਸਮ ਤੇ ਮਨ ਦੇ ਸੁਹਜ ਭਰਪੂਰ ਕੋਮਲ ਅਨੁਭਵ ਜਗਾ ਉਨ੍ਹਾਂ ਨੂੰ ਪਰਾ-ਜਗਤ ਦੇ ਜ਼ੋਰਾਵਰ ਉਛਾਲੇ ਦੇ ਹਵਾਲੇ ਬਾਕੀ ਜਾਤੀਆਂ ਤੋਂ ਵੱਧ ਕਰਵਾਇਆ ਹੈ। ਆਪਣੇ ਨਸਲੀ ਸੰਬੰਧਾਂ ਦੀ ਲੜੀ ‘ਚ ਇਰਾਨੀ ਰਹੱਸਵਾਦ, ਜਰਮਨ ਫਲਸਫਾ ਤੇ ਬ੍ਰਾਹਮਣੀ ਕਰਮਕਾਂਡ ‘ਤੇ ਫਤਹ ਪਾਉਂਦੀ ਉਪਨਿਸ਼ਦ ਵਿਚਾਰਧਾਰਾ ਇਸ ਜਾਤੀ ਦੇ ਪਰਾ-ਭੌਤਿਕਤਾ ਦੇ ਰੁਝਾਨਾਂ ਦੀ ਸਪਸ਼ਟ ਗਵਾਹੀ ਹੈ।
ਪਹਿਲਾਂ ਤਾਂ ਜਗਦੀਸ਼ ਇਹ ਦਾਅਵਾ ਜਤਾ ਰਿਹਾ ਹੈ ਕਿ ਖੱਤਰੀ ਜਾਤੀ (ਉਸ ਦੀ ਆਪਣੀ ਜਾਤੀ) ਦੀਆਂ ਸੁਹਜਾਤਮਕ ਅਤੇ ਆਤਮਕ ਪ੍ਰਾਪਤੀਆਂ ਹੋਰ ਜਾਤੀਆਂ ਤੋਂ ਵੱਧ ਹਨ। ਇਸ ਦਾ ਅਰਥ ਹੈ ਕਿ ਖੱਤਰੀ ਜਾਤੀ ਨਾਲ ਸਬੰਧਤ ਸਾਰੇ ਵਿਅਕਤੀ ਬਾਕੀ ਜਾਤੀਆਂ ਦੇ ਮੁਕਾਬਲੇ ਕਿਸੇ ਵਿਲੱਖਣ ਸਮਰੱਥਾ ਦੇ ਮਾਲਕ ਹਨ। ਜਗਦੀਸ਼ ਦਾ ਇਹ ਵਿਚਾਰ ਸਥਾਪਤ ਕਰਦਾ ਹੈ ਕਿ ਉਹ ਬ੍ਰਾਹਮਣਵਾਦੀ ਬਿਰਤਾਂਤ ਦਾ ਅਨੁਸਾਰੀ ਹੈ। ਉਸ ਦਾ ਅਗਲਾ ਦਾਅਵਾ ਕਿ “ਆਪਣੇ ਨਸਲੀ ਸੰਬੰਧਾਂ ਦੀ ਲੜੀ ‘ਚ ਇਰਾਨੀ ਰਹੱਸਵਾਦ, ਜਰਮਨ ਫਲਸਫਾ ਤੇ ਬ੍ਰਾਹਮਣੀ ਕਰਮਕਾਂਡ ‘ਤੇ ਫਤਹ ਪਾਉਂਦੀ ਉਪਨਿਸ਼ਦ ਵਿਚਾਰਧਾਰਾ ਇਸ ਜਾਤੀ ਦੇ ਪਰਾ-ਭੌਤਿਕਤਾ ਦੇ ਰੁਝਾਨਾਂ ਦੀ ਸਪੱਸ਼ਟ ਗਵਾਹੀ ਹੈ”, ਉਜਾਗਰ ਕਰਦਾ ਹੈ ਕਿ ਜਗਦੀਸ਼ ਬ੍ਰਾਹਮਣਵਾਦੀ ਹੋਣ ਦੇ ਨਾਲ-ਨਾਲ ਪੱਛਮੀ ਨਸਲਵਾਦੀ ਬਿਰਤਾਂਤ ਦੀ ਪੈਰਵਾਈ ਵੀ ਕਰ ਰਿਹਾ ਹੈ। ਦੂਜਾ, ਉਹ ਨਸਲੀ ਪਿਛੋਕੜ ਦੀ ਹੋਂਦ ਨੂੰ ਸਿਰਫ ਮਾਨਤਾ ਹੀ ਨਹੀਂ ਦਿੰਦਾ ਸਗੋਂ ਇੱਕ ਖਾਸ ਨਸਲੀ ਪਿਛੋਕੜ ਦੀ ਉਚਤਾ ਦਾ ਦਾਅਵਾ ਵੀ ਕਰਦਾ ਹੈ। ਇਸ ਦਾ ਭਾਵ ਹੈ ਕਿ ਜਗਦੀਸ਼ ਆਪਣੀ ਕੱਚੀ ਅਕਾਦਮਿਕ ਸਿਖਲਾਈ ਕਰਕੇ ਨਹੀਂ ਬਲਕਿ ਖੁਦ ਨਸਲਵਾਦੀ ਹੋਣ ਕਰਕੇ ਪੱਛਮੀ ਨਸਲਵਾਦੀ ਬਿਰਤਾਂਤ ਨੂੰ ਅਪਣਾਉਂਦਾ ਹੈ। ਤੀਜਾ, ਇਸ ਵਿਚਾਰ ਦਾ ਬਿਲਕੁਲ ਕੋਈ ਆਧਾਰ ਨਹੀਂ ਕਿ ਪੰਜਾਬੀ ਖੱਤਰੀ, ਭਾਰਤੀ ਕਸ਼ੱਤਰੀਅ, ਇਰਾਨੀ, ਅਤੇ ਜਰਮਨ ਇੱਕੋ ਜਾਤੀ ਨਾਲ ਸਬੰਧਤ ਹਨ। ਬ੍ਰਾਹਮਣੀ ਜਾਤ-ਪਾਤੀ ਢਾਂਚੇ ਅਨੁਸਾਰ ਪੰਜਾਬੀ ਖੱਤਰੀ ਦੂਜੇ ਦਰਜੇ ਦੇ ਵਰਣ ਕਸ਼ੱਤਰੀ ਨਾਲ ਨਹੀਂ ਸਗੋਂ ਤੀਜੇ ਦਰਜੇ ਦੇ ਵਰਣ ਵੈਸ਼ ਨਾਲ ਸਬੰਧ ਰੱਖਦੇ ਹਨ। ਜਗਦੀਸ਼ ਦੀ ਖੱਤਰੀ “ਜਾਤੀਗਤ ਪਰੰਪਰਾ” ਦੇ “ਉਪਨਿਸ਼ਦ ਵਿਚਾਰਧਾਰਾ” ਨਾਲ ਜੁੜੇ ਹੋਣ ਦਾ ਦਾਅਵਾ ਤਾਂ ਇੱਥੇ ਹੀ ਠੁੱਸ ਹੋ ਜਾਂਦਾ ਹੈ, ਕਿਉਂਕਿ ਉਪਨਿਸ਼ਦਾਂ ਦੇ ਕਰਤਾ ਕਸ਼ੱਤਰੀ ਸਨ, ਜਗਦੀਸ਼ ਦੀ ਜਾਤੀ ਨਾਲ ਸਬੰਧਤ ਖੱਤਰੀ ਨਹੀਂ। ਰਹੀ ਗੱਲ ਇਰਾਨ ਦੀ, ਜਿਸ ਹਿਸਾਬ ਨਾਲ ਜਗਦੀਸ਼ ਇਰਾਨੀਆਂ ਨਾਲ ਆਪਣੀ ਖੱਤਰੀ ਜਾਤੀ ਦੇ ਨਸਲੀ ਗਾਂਢੇ-ਸਾਂਢੇ ਬਣਾ ਰਿਹਾ ਹੈ, ਉਸ ਤਰ੍ਹਾਂ ਦੀ ਇਕਸਾਰ ਇਰਾਨੀ ਪਛਾਣ ਤਾਂ ਕਦੇ ਵੀ ਹੋਂਦ ਨਹੀਂ ਸੀ ਰੱਖਦੀ। ਇਰਾਨ ਵਿਚ ਮੁੱਢ ਕਦੀਮ ਤੋਂ ਅੱਜ ਤੱਕ ਅਨੇਕ ਕਬੀਲੇ ਵਸੇ ਹੋਏ ਹਨ ਜਿਨ੍ਹਾਂ ਦੇ ਆਪਣੇ ਵੱਖੋ-ਵੱਖਰੇ ਪਿਛੋਕੜ ਵੀ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਕਬੀਲੇ ਤੁਰਕ ਅਤੇ ਕੁਰਦ ਪਿਛੋਕੜ ਵਾਲੇ ਵੀ ਹਨ। ਖੁਦ ਇਰਾਨੀ ਤੁਰਕਾਂ ਨੂੰ ਕਾਫੀ ਖਾਸ ਰੁਤਬਾ ਦਿੰਦੇ ਰਹੇ ਹਨ। ਇਰਾਨੀ ਰਹੱਸਵਾਦੀ ਕਵੀ ਹਾਫਿਜ਼ ਦਾ ਮਸ਼ਹੂਰ ਸ਼ਿਅਰ ਇਸ ਵਿਚਾਰ ਦੀ ਸ਼ਾਹਦੀ ਭਰਦਾ ਹੈ:
ਅਗਰ ਆਂ ਤੁਰਕ-ਇ-ਸ਼ੀਰਾਜ਼ੀ ਬਦਸਤ ਆਰਦ ਦਿਲ-ਇ-ਮਾ ਰਾ।
ਬਖਾਲ-ਇ-ਹਿੰਦੂਇਸ਼ ਬਖਸ਼ਮ ਸਮਰਕੰਦ-ਓ-ਬੁਖਾਰਾ ਰਾ।
(ਜੇ ਉਹ ਸ਼ੀਰਾਜ਼ ਦੀ ਤੁਰਕ ਮੇਰਾ ਦਿਲ ਆਪਣੇ ਹੱਥਾਂ ਵਿਚ ਥੰਮ੍ਹ ਲਵੇ
ਤਾਂ ਮੈਂ ਉਸ ਦੀ ਠੋਡੀ ਦੇ ਕਾਲੇ ਤਿਲ ਤੋਂ ਸਮਰਕੰਦ ਤੇ ਬੁਖਾਰਾ ਵਾਰ ਦਿਆਂ।)
ਜੇ ਜਗਦੀਸ਼ ਦੇ ਕਹੇ ਮੁਤਾਬਕ ਇਰਾਨੀ ਰਹੱਸਵਾਦੀ ਪਰੰਪਰਾ ਦੀ ਗੱਲ ਕਰਨੀ ਹੋਵੇ ਤਾਂ ਸੂਫੀ ਰਹੱਸਵਾਦ ਦੀ ਇਸ ਧਾਰਾ ਨੂੰ ਫਾਰਸੀ ਰਹੱਸਵਾਦ (ਫeਰਸਅਿਨ ੰੇਸਟਚਿਸਿਮ) ਵਜੋਂ ਜਾਣਿਆਂ ਜਾਂਦਾ ਹੈ। ਫਾਰਸੀ ਰਹੱਸਵਾਦ ਦੇ ਘੇਰੇ ਵਿਚ ਮੌਲਾਨਾ ਜਲਾਲ-ਉਦ-ਦੀਨ ਰੂਮੀ ਵਰਗੇ ਅਫਗਾਨੀ ਮੂਲ ਦੇ ਫਾਰਸੀ ਸ਼ਾਇਰ ਵੀ ਆ ਜਾਂਦੇ ਹਨ। ਇਸ ਤਰ੍ਹਾਂ ਪੰਜਾਬੀ ਖੱਤਰੀਆਂ ਦੀ “ਜਾਤੀਗਤ ਪਰੰਪਰਾ” ਦਾ “ਇਰਾਨੀ ਰਹੱਸਵਾਦ” ਨਾਲ ਇੰਨਾ ਨਿੱਜੀ ਕਿਸਮ ਦਾ ਰਿਸ਼ਤਾ ਉਸ ਜਹਾਨ ਦੀ ਝਲਕ ਹੈ ਜੋ ਸਿਰਫ ਜਗਦੀਸ਼ ਦੀ ਕਲਪਨਾ ਵਿਚ ਹੀ ਵਸਦਾ ਹੈ।
ਇਸ ਤੋਂ ਅਗਲੀ ਸਤਰ ਵਿਚ ਜਗਦੀਸ਼ ਆਪਣੀ ਖੱਤਰੀ ਪਰੰਪਰਾ ਦੀਆਂ ਸਿਫਤਾਂ ਦੇ ਖਿਆਲੀ ਕਿਲ੍ਹੇ ਉਸਾਰਦਾ-ਉਸਾਰਦਾ ਇਸ ਨੂੰ ਚੇਤਨਾ ਦਾ ਨਾਮ ਦੇ ਦਿੰਦਾ ਹੈ:
ਮਨ ਦੀ ਨਫਾਸਤ, ਅਹਿਸਾਸ ਦੀ ਕੋਮਲਤਾ, ਰਸਿਕਤਾ ਤੇ ਵੈਰਾਗ ਦਾ ਸੁਮੇਲ, ਤਿਆਗ ਦੇ ਉਚੇ ਰੂਪ, ਨਿੱਕੇ ਤੋਂ ਨਿੱਕੇ ਅਮਲ ਪਿੱਛੇ ਦਰਗਾਹ ਦੀ ਪਰਵਾਨਗੀ ਲੈਣ ਦਾ ਅਹਿਸਾਸ, ਪਿਆਰ ਦੀ ਸ਼ੁੱਧਤਾ ਤੇ ਦੁਨਿਆਵੀ ਗਰਜ਼ਾਂ ਤੋਂ ਮੁਕਤੀ ਅਤੇ ਚੀਜ਼ਾਂ, ਥਾਵਾਂ, ਵਿਅਕਤੀਆਂ ਨਾਲ ਆਤਮਿਕ ਇਕਮਿਕਤਾ ਵਾਲੀ ਇਸ ਚੇਤਨਾ ਨੇ ਸਾਹਿਤ, ਫਲਸਫਾ, ਇਤਿਹਾਸ ਤੇ ਜ਼ਿੰਦਗੀ ਵਿਚ ਆਪਣੀ ਹਾਜ਼ਰੀ ਲੁਆਈ ਹੈ।
ਉਪਰੋਕਤ ਜੁਮਲੇ ਵਿਚ ਇਕੱਠੇ ਕੀਤੇ ਗੁਣਾਂ ਦੀ ਸੂਚੀ ਨੂੰ ਧਿਆਨ ਨਾਲ ਵਿਚਾਰਨ ਦੀ ਲੋੜ ਹੈ। ਜਗਦੀਸ਼ ਦਾ ਅਜਿਹੇ ਗੁਣ ਕਿਸੇ ਖਾਸ ਜਾਤੀ ਨਾਲ ਜੋੜ ਕੇ ਵੇਖਣਾ ਇਹ ਸਾਬਤ ਕਰਦਾ ਹੈ ਕਿ ਉਸ ਨੇ ਬ੍ਰਾਹਮਣਵਾਦੀ ਤੇ ਪੱਛਮੀ ਨਸਲਵਾਦੀ ਬਿਰਤਾਂਤਾਂ ਨੂੰ ਬਹੁਤ ਡੂੰਘੇ ਤੌਰ ‘ਤੇ ਆਤਮਸਾਤ ਕੀਤਾ ਹੋਇਆ ਹੈ। ਸਪਸ਼ਟ ਹੈ ਕਿ ਜਗਦੀਸ਼ ਨਸਲਵਾਦ ਦਾ ਸ਼ਿਕਾਰ ਹੈ ਪਰ ਉਪਰੋਕਤ ਪੈਰੇ ਦਾ ਅੰਤਲਾ ਵਾਕ ਇਹ ਵੀ ਸਪਸ਼ਟ ਕਰਦਾ ਹੈ ਕਿ ਅਜਿਹਾ ਰੋਗੀ ਮਨ ਗੁਰੂ ਸਾਹਿਬਾਨ ਨੂੰ ਕਿਵੇਂ ਵੇਖਦਾ ਹੈ:
ਸੋ, ਇਸ ਜਾਤੀ ਦੇ ਸਿਰਜਨਾਤਮਕ ਸਫਰ ਵਿਚਲੀ ਆਤਮਕ ਮੇਲ ਵਾਲੀ ਸਾਂਝ ਚੋਂ ਉਪਜੇ ਲਾਲ ਰੰਗ ਨਾਲ ਹੋਏ ਸਫਰ ਨੂੰ ਗੁਰੂ ਸਾਹਿਬ ਨੇ ਰੂਹਾਨੀ ਅਰਥਾਂ ਵਿਚ ਸੁਹਾਗ ਦੇ ਰੰਗ ਵਜੋਂ ਪ੍ਰਵਾਨ ਕੀਤਾ ਹੈ।
ਜਗਦੀਸ਼ ਦੀ ਨਜ਼ਰ ਵਿਚ ਖੱਤਰੀ ਇੱਕ ਜਾਤੀ ਹੈ ਜਿਹੜੀ ਵੱਖੋ-ਵੱਖ ਮਹਾਂਦੀਪਾਂ ਦੇ ਕਈ ਮੁਲਕਾਂ ਵਿਚ ਵਸੀ ਹੋਈ ਹੈ। ਜਗਦੀਸ਼ ਅਨੁਸਾਰ ਜਰਮਨੀ, ਇਰਾਨ, ਪੰਜਾਬ, ਅਤੇ ਭਾਰਤ ਵਿਚ ਵਸੇ ਹੋਏ ਖੱਤਰੀ ਸਾਂਝੇ ਨਸਲੀ ਪਿਛੋਕੜ ਵਾਲੇ ਲੋਕ ਹਨ ਜੋ ਸਮੂਹਿਕ ਤੌਰ ‘ਤੇ ਖਾਸ ਸਮਰੱਥਾ ਦੇ ਮਾਲਕ ਹਨ। ਜਗਦੀਸ਼ ਨੂੰ ਸ਼ਾਇਦ ਅੰਦਾਜ਼ਾ ਨਹੀਂ ਕਿ ਯੂਰਪ, ਮੱਧ-ਪੂਰਬ, ਅਤੇ ਇਰਾਨ ਤੇ ਕਿੰਨੀ ਇਤਿਹਾਸਕ ਤੇ ਪੁਰਾਲੇਖੀ ਖੋਜ ਹੋ ਚੁੱਕੀ ਹੈ। ਇਹੀ ਵਜ੍ਹਾ ਹੈ ਕਿ ਜਗਦੀਸ਼ ਪੰਜਾਬੀ ਖੱਤਰੀਆਂ ਦੇ ਨਸਲੀ ਸਬੰਧ ਟੋਲਦਾ-ਟੋਲਦਾ ਇੰਨੀਆਂ ਸਿੱਧੜ ਤੇ ਅਣਘੜਤ ਗੱਲਾਂ ਕਰ ਗਿਆ। ਨਸਲਵਾਦੀਆਂ ਤੋਂ ਬਿਨਾ ਸਾਰੀ ਦੁਨੀਆਂ ਇਹ ਸਮਝਦੀ ਹੈ ਕਿ ਕਿਸੇ ਵੀ ਇਕਹਿਰੀ ਨਸਲੀ ਪਛਾਣ ਦਾ ਦਾਅਵਾ ਕੋਈ ਆਧਾਰ ਨਹੀਂ ਰੱਖਦਾ। ਅਸੀਂ ਸਾਰੇ ਅਫਰੀਕੀ ਹਾਂ ਜਿਨ੍ਹਾਂ ਦੇ ਨੈਣ-ਨਕਸ਼ਾਂ ਵਿਚ ਸਮੇਂ-ਸਥਾਨ ਨਾਲ ਕਾਫੀ ਤਬਦੀਲੀਆਂ ਆ ਗਈਆਂ ਹਨ।
ਪਰ ਜਗਦੀਸ਼ ਦਾ ਇਹ ਬਿਰਤਾਂਤ ਦਾਅਵਾ ਜਤਾਉਂਦਾ ਹੈ ਕਿ ਇਸ ਕਥਿਤ “ਜਾਤੀਗਤ ਪਰੰਪਰਾ” ਦੇ “ਸਿਰਜਨਾਤਮਕ ਸਫਰ ਵਿਚਲੀ ਆਤਮਕ ਮੇਲ ਵਾਲੀ ਸਾਂਝ ਚੋਂ ਉਪਜੇ ਲਾਲ ਰੰਗ ਨਾਲ ਹੋਏ ਸਫਰ ਨੂੰ ਗੁਰੂ ਸਾਹਿਬ ਨੇ ਰੂਹਾਨੀ ਅਰਥਾਂ ਵਿਚ ਸੁਹਾਗ ਦੇ ਰੰਗ ਵਜੋਂ ਪ੍ਰਵਾਨ ਕੀਤਾ ਹੈ।” ਜਗਦੀਸ਼ ਦੀ ਲਿਖਤ ਕਹਿ ਰਹੀ ਹੈ ਕਿ ਗੁਰੂ ਨਾਨਕ ਜੀ ਨੇ ਖੱਤਰੀਆਂ ਦੀ ਪਹਿਲਾਂ ਤੋਂ ਤੁਰੀ ਆਉਂਦੀ ਪਰੰਪਰਾ ਦੀ ਆਤਮਕ ਅਤੇ ਸਿਰਜਣਾਤਮਕ ਅਮੀਰੀ ਵਿਚੋਂ ਲਾਲ ਰੰਗ ਦਾ ਸੁਹਜ ਹਾਸਲ ਕੀਤਾ। ਬ੍ਰਾਹਮਣਵਾਦ ਵਿਚ ਗਲਤਾਨ ਤੇ ਨਸਲਪ੍ਰਸਤੀ ਵਿਚ ਅੰਨ੍ਹਾ ਹੋਇਆ ਜਗਦੀਸ਼ ਇਹ ਦੇਖਣ ਜੋਗਾ ਵੀ ਨਹੀਂ ਰਿਹਾ ਕਿ ਗੁਰੂ ਨਾਨਕ ਜੀ ਦਾ ਸ਼ਬਦ ਹੀ ਸਿੱਖੀ ਦਾ ਮੂਲ ਹੈ। ਸਾਰੀ ਦੀ ਸਾਰੀ ਸਿੱਖ ਪਰੰਪਰਾ ਗੁਰੂ ਨਾਨਕ ਜੀ ਦੇ ਸ਼ਬਦ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਨਿਰੰਤਰ ਪ੍ਰਕਾਸ਼ ਦੇ ਸਿੱਟੇ ਵਜੋਂ ਹੋਂਦ ਵਿਚ ਆਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੇ ਜਾਣ ਤੋਂ ਬਾਅਦ ਗੁਰੂ ਨਾਨਕ ਜੀ ਦੇ ਸ਼ਬਦ ਦਾ ਵਿਗਾਸ ਗੁਰੂ ਦੇ ਜੁਗੋ-ਜੁਗ ਅਟੱਲ ਸਰੂਪ ਵਿਚੋਂ ਨਿਰੰਤਰ ਨਮੂਦਾਰ ਹੋ ਰਿਹਾ ਹੈ। ਗੁਰੂ ਨਾਨਕ ਜੀ ਦਾ ਸ਼ਬਦ ਮੁੱਢ ਹੈ। ਗੁਰੂ ਨਾਨਕ ਜੀ ਆਦਿ ਗੁਰੂ ਹਨ। ਉਨ੍ਹਾਂ ਨੂੰ ਕਿਸੇ ਜਾਤੀਗਤ ਪਰੰਪਰਾ ਤੋਂ ਕੁਝ ਵੀ ਹਾਸਲ ਕਰਨ ਦੀ ਲੋੜ ਨਹੀਂ ਸੀ। ਸ਼ਰਧਾਵਾਨ ਸਿੱਖਾਂ ਦੀ ਗੱਲ ਛੱਡੋ, ਕਿਸੇ ਨਿਰਪੱਖ ਅਕਾਦਮਿਕ ਖੋਜਾਰਥੀ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਵਿਚ ਬੇਸ਼ੁਮਾਰ ਗਵਾਹੀਆਂ ਪਈਆਂ ਹਨ ਕਿ ਜੀਵਨ ਦੇ ਸੱਚ ਦਾ ਜਿਹੜਾ ਰੂਪ ਗੁਰੂ ਨਾਨਕ ਜੀ ਨੇ ਉਜਾਗਰ ਕੀਤਾ ਉਹ ਪਹਿਲਾਂ ਕਿਸੇ ਪਰੰਪਰਾ ਕੋਲ਼ ਵੀ ਨਹੀਂ ਸੀ, ਜਗਦੀਸ਼ ਦੀ ਖਾਮਖਿਆਲੀ ਤੱਕ ਸੀਮਤ ਅਣਹੋਈ ਖੱਤਰੀ “ਜਾਤੀਗਤ ਪਰੰਪਰਾ” ਕੋਲੇ ਤਾਂ ਹੋਣਾ ਹੀ ਕੀ ਸੀ। ਜਗਦੀਸ਼ ਦਾ ਮਨ ਜ਼ਿਆਦਾ ਹੀ ਗੰਭੀਰ ਸੰਕਟ ਦਾ ਸ਼ਿਕਾਰ ਹੋ ਗਿਆ ਹੈ, ਨਹੀਂ ਤਾਂ ਕਿਸੇ ਸਿੱਖ ਤੋਂ ਗੁਰੂ ਨਾਨਕ ਜੀ ਬਾਰੇ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ।
ਜਗਦੀਸ਼ ਦੀ ਉਪਰੋਕਤ ਲਿਖਤ ਜਿੰਨੇ ਸਪਸ਼ਟ ਰੂਪ ਵਿਚ ਉਸ ਦੀ ਬ੍ਰਾਹਮਣਵਾਦੀ ਤੇ ਨਸਲਪ੍ਰਸਤ ਮਾਨਸਿਕਤਾ ਦੀ ਗਵਾਹੀ ਭਰਦੀ ਹੈ ਉਸ ਨਾਲ ਸੁਆਲ ਪੈਦਾ ਹੁੰਦਾ ਹੈ ਕਿ ਅਜਿਹਾ ਸ਼ਖਸ ਅਗਾਂਹ ਹੋ ਕੇ ਜਾਤੀਵਾਦੀ ਵਿਰੋਧੀ ਨਾਅਰੇਬਾਜ਼ੀ ਕਿਸ ਮਨਸੂਬੇ ਤਹਿਤ ਕਰ ਰਿਹਾ ਹੈ। ਨਸਲਵਾਦੀਆਂ ਦਾ ਅਜਿਹਾ ਵਿਹਾਰ ਕੋਈ ਨਵੀਂ ਗੱਲ ਨਹੀਂ। ਗੁਨਾਹਗਾਰ ਮਾਨਸਿਕਤਾ ਵਾਲੇ ਅਜਿਹੇ ਲੋਕ ਸਦਾ ਹੀ ਆਪਣੇ ਗੁਨਾਹ ਕਿਸੇ ਹੋਰ ਸਿਰ ਮੜ੍ਹ ਕੇ ਸਮਾਜ ‘ਤੇ ਆਪਣੀ ਇਜਾਰੇਦਾਰੀ ਸਥਾਪਤ ਕਰਨ ਦੇ ਮਨਸੂਬੇ ਘੜਦੇ ਰਹੇ ਹਨ। ਜਗਦੀਸ਼ ਖੱਤਰੀਆਂ ਨੂੰ ਸਿੱਖਾਂ ਦੇ ਬ੍ਰਾਹਮਣ ਬਣਾਉਣਾ ਚਾਹੁੰਦਾ ਹੈ। ਉਹ ਮੰਨੂਵਾਦ ਤੇ ਨਾਜ਼ੀਵਾਦ ਦਾ ਨੁਮਾਇੰਦਾ ਹੈ ਜਿਸ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ। ਸਿੱਖ ਸੰਗਤਾਂ ਨੂੰ ਅਜਿਹੇ ਅਨਸਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਅਖੀਰ ਵਿਚ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਲੇਖ ਦਾ ਵਿਸ਼ਾ ਸਿਰਫ ਜਗਦੀਸ਼ ਦੀ ਮਾਨਸਿਕਤਾ ਹੈ, ਖੱਤਰੀ ਭਾਈਚਾਰਾ ਨਹੀਂ। ਸਿੱਖੀ ਵਿਚ ਜਾਤ ਦਾ ਕੋਈ ਮਹੱਤਵ ਨਹੀਂ। ਇਸ ਲਈ ਖੱਤਰੀ ਵੀ ਬਾਕੀ ਸਿੱਖਾਂ ਵਰਗੇ ਸਿੱਖ ਹਨ। ਮੈਂ ਖੁਦ ਬਹੁਤ ਸਾਰੇ ਕਮਾਲ ਦੇ ਗੁਰਸਿੱਖਾਂ ਨੂੰ ਜਾਣਦਾ ਹਾਂ ਜਿਨ੍ਹਾਂ ਦਾ ਪਰਿਵਾਰਕ ਪਿਛੋਕੜ ਖੱਤਰੀ ਹੈ। ਜਗਦੀਸ਼ ਵਰਗੇ ਨਸਲਪ੍ਰਸਤ ਦੁਨੀਆ ਦੇ ਸਾਰੇ ਹਿੱਸਿਆਂ ਵਿਚ ਹੁੰਦੇ ਹਨ। ਬਦਕਿਸਮਤੀ ਨੂੰ ਇਹ ਸਿੱਖਾਂ ਵਿਚ ਵੀ ਹਨ। ਨਫਰਤ ਦੇ ਅਜਿਹੇ ਵਪਾਰੀਆਂ ਨੂੰ ਆਪਣਾ ਸੌਦਾ ਵੇਚਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਜਗਦੀਸ਼ ਦੇ ਇਸ ਨਸਲਵਾਦੀ ਮਨਸੂਬੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਤੇ ਇਸ ਦਾ ਬਹੁਤ ਸੰਜੀਦਗੀ ਤੇ ਜ਼ੋਰ ਨਾਲ ਵਿਰੋਧ ਕਰਨਾ ਚਾਹੀਦਾ ਹੈ।