ਪੰਜਾਬ ਦੇ ਕਿਸਾਨ ਅੰਦੋਲਨ ਨੇ ਪੰਜਾਬ ਨੂੰ ਹੀ ਨਹੀਂ, ਸਮੁੱਚੇ ਭਾਰਤ ਨੂੰ ਸੰਘਰਸ਼ ਦਾ ਇਕ ਰਾਹ ਦਿਖਾਇਆ ਹੈ। ਇਸ ਸੰਘਰਸ਼ ਦੀ ਅਹਿਮੀਅਤ ਇਸ ਕਰ ਕੇ ਵੀ ਵਧੇਰੇ ਹੈ, ਕਿਉਂਕਿ ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਬਣੀ ਹੈ, ਇਸ ਨੇ ਆਪਣੀ ਮਨਮਰਜ਼ੀ ਕੀਤੀ ਹੈ। ਪੰਜਾਬ ਦੇ ਕਿਸਾਨ ਅੰਦੋਲਨ ਨੇ ਇਸ ਮਨਮਰਜ਼ੀ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਹੁਣ ਹਾਲ ਇਹ ਹੈ ਕਿ ਪੰਜਾਬ ਦੀ ਹਰ ਸਿਆਸੀ ਧਿਰ ਇਸ ਅੰਦੋਲਨ ਵਿਚੋਂ ਲਾਹਾ ਖੱਟਣਾ ਚਾਹੁੰਦੀ ਹੈ।
ਇਸ ਮਿਸਾਲੀ ਕਿਸਾਨ ਅੰਦੋਲਨ ਤੋਂ ਬਾਅਦ ਸ਼ੁਰੂ ਹੋਏ ਸ਼ੰਭੂ ਮੋਰਚੇ ਅਤੇ ਇਸ ਦੀ ਸਿਆਸਤ ਬਾਰੇ ਕੁਝ ਕੁ ਗੱਲਾਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਕੀਤੀਆਂ ਹਨ, ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। -ਸੰਪਾਦਕ
ਕਰਮਜੀਤ ਸਿੰਘ
ਫੋਨ: +91-99150-91063
ਇਨ੍ਹੀਂ ਦਿਨੀਂ ਪੰਜਾਬ ਦੇ ਰਾਜਨੀਤਕ ਹਲਕਿਆਂ ਵਿਚ ਦਿਲਚਸਪ ਸਵਾਲ ਕੀਤਾ ਜਾ ਰਿਹਾ ਹੈ ਕਿ ਸ਼ੰਭੂ ਮੋਰਚੇ ਦਾ ਕਿਸਾਨ ਅੰਦੋਲਨ ਨਾਲ ਕੀ ਰਿਸ਼ਤਾ ਹੈ? ਕੀ ਇਹ ਆਪਸੀ ਸਹਿਯੋਗ ਦਾ ਰਿਸ਼ਤਾ ਹੈ ਜਾਂ ਸ਼ਰੀਕ ਦਾ? ਜਾਂ ਇਹ ਵਿਚਾਰਧਾਰਕ ਵਖਰੇਵਿਆਂ ਦੇ ਮਿਲਾਪ ਦਾ ਜਸ਼ਨ ਹੈ? ਜਾਂ ਰਾਜਨੀਤਕ ਪਾਰਟੀਆਂ ਤੇ ਸਿਆਸਤਦਾਨਾਂ ਤੋਂ ਤੰਗ ਆਏ ਲੋਕਾਂ ਦਾ ਆਪਣੇ ਦੁਖੜੇ ਸਾਂਝੇ ਕਰਨ ਦਾ ਸਾਂਝਾ ਮੰਚ ਹੈ? ਉਹ ਕਿਹੜਾ ਮੋੜ ਹੈ ਜਿੱਥੇ ਕਿਸਾਨ ਅੰਦੋਲਨ ਅਤੇ ਸ਼ੰਭੂ ਮੋਰਚਾ ਵਿਛੜਦੇ ਤੇ ਮਿਲਦੇ ਹਨ?
ਕੁਝ ਬਹੁਤੇ ਸਿਆਣੇ ਸ਼ੰਭੂ ਮੋਰਚੇ ਨੂੰ ਲੰਡਨ ਦੀ ਹਾਈਡ ਪਾਰਕ ਦੇ ਇਕ ਪਾਸੇ ਬਣੇ ਉਸ ਇਤਿਹਾਸਕ ‘ਸਪੀਕਰ ਕਾਰਨਰ’ ਨਾਲ ਜੋੜਦੇ ਹਨ ਜਿੱਥੇ ਦੁਨੀਆ ਦੇ ਕਿਸੇ ਵੀ ਸ਼ਖਸ ਨੂੰ ਕੁਝ ਵੀ ਬੋਲਣ ਦੀ ਖੁੱਲ੍ਹ ਹਾਸਿਲ ਹੈ, ਜਿੱਥੇ ਪੱਛਮ ਦੇ ਲੋਕ ਹੁੱਬ ਕੇ ਇਹ ਦਾਅਵਾ ਕਰਦੇ ਹਨ ਕਿ ਇਹ ਨੁੱਕਰ ਜਮਹੂਰੀਅਤ ਅਤੇ ਖੁੱਲ੍ਹ ਕੇ ਬੋਲਣ ਦੀ ਪਿਆਰੀ ਤੇ ਇਤਿਹਾਸਕ ਯਾਦਗਾਰ ਹੈ। ਦਿਲਚਸਪ ਗੱਲ ਹੈ ਕਿ ਸਪੀਕਰ ਕਾਰਨਰ ਵਿਚ ਦੁਨੀਆ ਦੀਆਂ ਜਿਹੜੀਆਂ ਉਘੀਆਂ ਹਸਤੀਆਂ ਆਈਆਂ, ਉਨ੍ਹਾਂ ਵਿਚ ਕਾਰਲ ਮਾਰਕਸ, ਲੈਨਿਨ ਅਤੇ ਔਰਵਿਲ ਸ਼ਾਮਲ ਹਨ। ਵੈਸੇ ਦੁਨੀਆ ਦੇ ਹੋਰ ਕਈ ਮੁਲਕਾਂ ਨੇ ਵੀ ਆਪੋ-ਆਪਣੇ ਦੇਸ਼ ਵਿਚ ਇਹੋ ਜਿਹੇ ਸਪੀਕਰ ਕਾਰਨਰ ਕਾਇਮ ਕੀਤੇ ਹੋਏ ਹਨ ਪਰ ਭਾਰਤ ਨੇ ਇਹੋ ਜਿਹਾ ਕੇਂਦਰ ਕਾਇਮ ਕਰਨ ਦੀ ਖੁੱਲ੍ਹਦਿਲੀ ਅਜੇ ਦਿਖਾਉਣੀ ਹੈ। ਉਂਜ ਸ਼ੰਭੂ ਮੋਰਚੇ ਨੂੰ ਸਪੀਕਰ ਕਾਰਨਰ ਦਾ ਇੰਨ-ਬਿੰਨ ਰੂਪ ਅਜੇ ਨਹੀਂ ਕਿਹਾ ਜਾ ਸਕਦਾ ਪਰ ਇਥੇ ਕੁਝ ਹੱਦਾਂ ਵਿਚ ਰਹਿ ਕੇ ਆਪਣੀ ਗੱਲ ਕਹਿਣ ਦੀ ਖੁੱਲ੍ਹ ਦਿੱਤੀ ਹੋਈ ਹੈ। ਜੇ ਸੱਚ ਪੁੱਛੋ ਤਾਂ ਸ਼ੰਭੂ ਮੋਰਚਾ ਅਸਲ ਵਿਚ ਕਿਸਾਨ ਅੰਦੋਲਨ ਦੀ ਹੀ ਦੇਣ ਹੈ ਪਰ ਇਸ ਨੂੰ ਕਿਸਾਨ ਅੰਦੋਲਨ ਨਾਲੋਂ ਕੁਝ ਵੱਖਰਾ, ਨਿਵੇਕਲਾ ਅਤੇ ਮੌਲਿਕ ਰੂਪ ਦੇਣ ਵਿਚ ਵੱਡਾ ਹੱਥ ਦੀਪ ਸਿੱਧੂ ਦਾ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 36 ਵਰ੍ਹਿਆਂ ਦਾ ‘ਜ਼ੋਰਾ ਦਸ ਨੰਬਰੀਆ’ ਫਿਲਮ ਦਾ ਇਹ ਨਾਇਕ ਉਂਜ ਵਕੀਲ ਵੀ ਹੈ, ਮਾਡਲ ਵੀ ਰਿਹਾ ਹੈ, ਬਾਸਕਿਟਬਾਲ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਵੀ ਹੈ। ਬਰਤਾਨੀਆ ਦੀ ਇਕ ਲਾਅ ਫਰਮ ਨਾਲ ਵੀ ਜੁੜਿਆ ਹੈ ਅਤੇ ਸਹਾਰਾ ਇੰਡੀਆ ਦਾ ਕਨੂੰਨੀ ਸਲਾਹਕਾਰ ਵੀ ਰਿਹਾ ਹੈ ਅਤੇ ਅੱਜਕੱਲ੍ਹ ਬਣ ਠਣ ਕੇ ਸੋਸ਼ਲ ਮੀਡੀਏ ‘ਤੇ ਅਕਸਰ ਵਾਇਰਲ ਹੁੰਦਾ ਹੈ।
ਵੈਸੇ ਉਹ ਇਹੋ ਜਿਹੇ ਗੁਣ ਤੇ ਸਿਫਤਾਂ ਕਰ ਕੇ ਹੀ ਨਹੀਂ ਉਭਰਿਆ ਸਗੋਂ ਦੋ ਮਹੱਤਵਪੂਰਨ ਗਲਾਂ ਜਾਂ ਦੋ ਸੰਕਲਪ, ਜਾਂ ਦੋ ਨਵੇਂ ਵਿਚਾਰ ਬੁਲੰਦ ਕਰ ਕੇ ਸੁਰਖੀਆਂ ਵਿਚ ਹੈ। ਇਨ੍ਹਾਂ ਵਿਚੋਂ ਇਕ ਦਾ ਰਿਸ਼ਤਾ ਉਸ ਦੇ ਆਪਣੇ ਲਫਜ਼ਾਂ ਵਿਚ ‘ਖੁਦਮੁਖਤਾਰੀ’ ਨਾਲ ਹੈ ਜਦਕਿ ਦੂਜਾ ਹੋਂਦ ਜਾਂ ਵਜੂਦ ਨਾਲ ਜੁੜਿਆ ਹੈ। ਦਿਲਚਸਪ ਗੱਲ ਇਹ ਹੈ ਕਿ ਹਵਾ ਵਿਚ ਉਡ ਰਹੇ ਇਨ੍ਹਾਂ ਦੋਵਾਂ ਸ਼ਬਦਾਂ ਦੀ ਅਜੇ ਉਹੋ ਜਿਹੀ ਸਿਧਾਂਤਕ ਵਿਆਖਿਆ ਨਹੀਂ ਹੋਈ ਜਿਸ ਨਾਲ ਸਭ ਧਿਰਾਂ ਦੀ ਸਰਬ ਸਹਿਮਤੀ ਹੋਵੇ।
ਕਿਸਾਨ ਅੰਦੋਲਨ ਲਈ ਵੀ ਇਹ ਨਵਾਂ ਰੁਝਾਨ ਇੱਕ ਤਰ੍ਹਾਂ ਨਾਲ ਨਵੀਂ ਗਲ ਹੀ ਸੀ ਕਿਉਂਕਿ ਦੋਵੇਂ ਸ਼ਬਦਾਂ ਨੂੰ ‘ਪੰਥ ਖਤਰੇ ਵਿਚ’ ਦਾ ਨਾਅਰਾ ਦੇ ਕੇ ਜਿਹੜੀ ਪਾਰਟੀ ਨੇ ਪੂਰੇ ਦਸ ਸਾਲ ਲਗਾਤਾਰ ਰਾਜ ਕੀਤਾ, ਉਸ ਨੇ ਵੀ ਰਾਜ ਭਾਗ ਸੰਭਾਲਣ ਪਿੱਛੋਂ ਤੁਰੰਤ ਇਨ੍ਹਾਂ ਦੋ ਸ਼ਬਦਾਂ ਨੂੰ ਭੁੱਲ ਜਾਣ ਤੇ ਭੁਲਾ ਦੇਣ ਦੀ ਮੁਹਿੰਮ ਵਿਚ ਵੀ ਸਰਗਰਮ ਹਿੱਸਾ ਪਾਇਆ ਪਰ ਦੀਪ ਸਿੱਧੂ ਹੁਣ ਉਨ੍ਹਾਂ ਨੂੰ ਪਿੱਛੇ ਛੱਡ ਗਿਆ ਹੈ। ਵੈਸੇ ਅੱਗੇ ਅਤੇ ਪਿੱਛੇ ਵਾਲੇ ਰਾਜ਼ ਨੇ ਅਜੇ ਕਈ ਇਮਤਿਹਾਨਾਂ ਵਿਚੋਂ ਲੰਘਣਾ ਹੈ। ਕੁਝ ਵੀ ਹੋਵੇ ਪਰ ਦੀਪ ਸਿੱਧੂ ਨੇ ਬਰਗਾੜੀ ਮੋਰਚੇ ਦੀ ਹਾਰ ‘ਚੋਂ ਪੈਦਾ ਹੋਏ ਰਾਜਨੀਤਕ ਖਲਾਅ ਵਿਚ ਵੱਖਰੀ ਤਰ੍ਹਾਂ ਦੀ ਹਿਲਜੁਲ ਤਾਂ ਲਿਆਂਦੀ ਹੀ ਹੈ ਅਤੇ ਕਈ ਧਿਰਾਂ ਨੂੰ ਉਮੀਦ ਦੀ ਕਿਰਨ ਵੀ ਦਿੱਤੀ ਹੈ, ਹਾਲਾਂਕਿ ਇਸ ਹਕੀਕਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਜਨੀਤੀ ਦੀ ਤਿਰਛੀ ਨਜ਼ਰ ਅਤੇ ਨਜ਼ਰੀਆ ਇਸ ਨਵੇਂ ਵਰਤਾਰੇ ਦੇ ਭਵਿੱਖ ਬਾਰੇ ਅਜੇ ਕੁਝ ਵੀ ਕਹਿਣ ਤੋਂ ਖਾਮੋਸ਼ ਹੈ। ਇਨ੍ਹਾਂ ਹਲਕਿਆਂ ਨੇ ਬੜੀ ਸਾਵਧਾਨੀ ਨਾਲ ਆਪਣੇ ਫੈਸਲਿਆਂ ਨੂੰ ਢੁਕਵੇਂ ਸ਼ਬਦ ਅਜੇ ਨਹੀਂ ਦਿੱਤੇ। ਬਰਗਾੜੀ ਸੰਮੇਲਨ ਅਤੇ ਚਬਾ ਸੰਮੇਲਨ ਤੋਂ ਮਿਲੇ ਕੌੜੇ ਸਬਕ ਕੁਝ ਵੀ ਕਹਿਣ ਤੋਂ ਵਰਜਦੇ ਹਨ।
ਸ਼ੰਭੂ ਮੋਰਚੇ ਨੂੰ ਹੱਲਾਸ਼ੇਰੀ ਦੇਣ ਵਾਲੇ ਅਤੇ ਖੁੱਲ੍ਹ ਕੇ ਮੈਦਾਨ ਵਿਚ ਉਤਰਨ ਵਾਲੇ ਵਾਲੰਟੀਅਰਾਂ ਦੀ ਗਿਣਤੀ ਅਜੇ ਥੋੜ੍ਹੀ ਹੈ ਪਰ ਬਾਹਰ ਖੜ੍ਹੇ ਸੱਚੇ ਹਮਦਰਦਾਂ ਦੀ ਗਿਣਤੀ ਹਜ਼ਾਰਾਂ ਵਿਚ ਵੀ ਹੋ ਸਕਦੀ ਹੈ ਤੇ ਲੱਖਾਂ ਵਿਚ ਵੀ। ਇਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਵੀ ਸ਼ੰਭੂ ਮੋਰਚੇ ਨਾਲ ਹਮਦਰਦੀ ਰੱਖਦੇ ਹਨ ਤੇ ਹਾਜ਼ਰੀ ਵੀ ਭਰਦੇ ਹਨ। ਰਾਜਨੀਤਕ ਪਾਰਟੀਆਂ ਦੇ ਕਈ ਨੁਮਾਇੰਦੇ ਵੀ ਮੋਰਚੇ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਮੋਰਚੇ ਦੇ ਵਲੰਟੀਅਰ ਅਜੇ ਸਪਸ਼ਟ ਨਹੀਂ ਹਨ ਕਿ ਉਨ੍ਹਾਂ ਦੀ ਸ਼ਮੂਲੀਅਤ ਮੋਰਚੇ ਨੂੰ ਤਾਕਤ ਦੇਣ ਵਿਚ ਸਹਾਈ ਹੋਵੇਗੀ ਜਾਂ ਨਹੀਂ। ਜਿਵੇਂ ਇੱਕ ਪੜਾਅ ‘ਤੇ ਪਰਸਪਰ ਵਿਰੋਧੀ ਅਨਸਰਾਂ ਨੇ ਅਰਵਿੰਦ ਕੇਜਰੀਵਾਲ ਦੇ ਇਰਦ ਗਿਰਦ ਘੇਰਾ ਪਾ ਲਿਆ ਸੀ, ਇਸੇ ਤਰ੍ਹਾਂ ਕਿਸੇ ਹੱਦ ਤਕ ਦੀਪ ਸਿੱਧੂ ਦੇ ਆਲੇ ਦੁਆਲੇ ਨਾ ਚਾਹੁੰਦੇ ਹੋਏ ਵੀ ਇਸ ਤਰ੍ਹਾਂ ਦਾ ਘੇਰਾ ਬਣ ਰਿਹਾ ਜਾਪਦਾ ਹੈ।
ਸਰਗਰਮ ਫਿਜ਼ਾ ਵਿਚ ਇਕ ਹੋਰ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਖੁਦਮੁਖਤਾਰੀ ਅਤੇ ਹੋਂਦ ਦਾ ਖਿਆਲ ਦੀਪ ਸਿੱਧੂ ਦੀ ਪੰਜਾਬ ਦੇ ਇਤਿਹਾਸ ਦੀ ਕਿਸੇ ਡੂੰਘੀ ਸਮਝ ਵਿਚੋਂ ਅਚਾਨਕ ਆਇਆ ਹੈ, ਜਾਂ ਹਾਲਤਾਂ ਦੀ ਸੁਭਾਵਕ ਉਪਜ ਹੈ ਅਤੇ ਜਾਂ ਕੀ ਉਨ੍ਹਾਂ ਤਾਕਤਾਂ ਨੇ ਦੀਪ ਸਿੱਧੂ ਦੇ ਦਿਮਾਗ ਵਿਚ ਉਤਾਰਿਆ ਹੈ ਜੋ ਦੀਪ ਸਿੱਧੂ ਨੂੰ ਪੌੜੀ ਬਣਾ ਕੇ ਆਪਣੇ ਵਿਚਾਰ-ਪ੍ਰਵਾਹ ਦਾ ਜ਼ਮੀਨੀ ਆਧਾਰ ‘ਤੇ ਘੇਰਾ ਵਧਾਉਣਾ ਚਾਹੁੰਦੇ ਹਨ? ਅਜਿਹੇ ਸ਼ੁਗਲਬਾਜ਼ਾਂ ਦੀ ਵੀ ਕਮੀ ਨਹੀਂ ਜੋ ਇਧਰੋਂ ਉਧਰੋਂ ਆਪੂੰ ਘੜੇ ਤੱਥਾਂ ਦੇ ਸਹਾਰੇ ਇਸ ਨਵੇਂ ਰੁਝਾਨ ਨੂੰ ਏਜੰਸੀਆਂ ਦਾ ਕਾਰਨਾਮਾ ਕਰਾਰ ਦਿੰਦੇ ਹਨ। ਜਿਹੜੀ ਗੱਲ ਦੀਪ ਸਿੱਧੂ ਨੂੰ ਰਾਜਨੀਤਕ, ਸਮਾਜਕ, ਸਾਹਿਤਕ, ਤੇ ਇਥੋਂ ਤਕ ਧਾਰਮਿਕ ਹਲਕਿਆਂ ਵਿਚ ਹਰਮਨ ਪਿਆਰੇ ਜਜ਼ਬਿਆਂ ਦੇ ਨੇੜੇ ਲੈ ਕੇ ਆ ਰਹੀ ਹੈ, ਉਹ ਹੈ ਉਸ ਦੀ ਪ੍ਰਭਾਵਸ਼ਾਲੀ ਦਿੱਖ, ਅੰਦਾਜ਼ੇ-ਬਿਆਨ ਵਿਚ ਗੁੰਦਵੇਂ ਸ਼ਬਦਾਂ ਦੀ ਵਰਤੋਂ, ਅੰਕੜਿਆਂ ਨੂੰ ਜਜ਼ਬਿਆਂ ਦਾ ਰੰਗ ਦੇਣ ਦਾ ਹੁਨਰ ਅਤੇ ਇਤਿਹਾਸ ਨੂੰ ‘ਵਾਜਾਂ ਮਾਰ ਕੇ ਪੰਜਾਬ ਦੇ ਸੁੱਤੇ ਜਜ਼ਬਿਆਂ ਨੂੰ ਜਗਾਉਣ ਦੀ ਜੁਗਤ ਸ਼ਾਮਲ ਹੈ। ਅਣਗਿਣਤ ਅੰਦਰੋ-ਬਾਹਰੋਂ ਦਬਾਵਾਂ ਅਤੇ ਵਿਰੋਧਤਾਈਆਂ ਦਾ ਮੁਕਾਬਲਾ ਕਰਦਿਆਂ ਉਹ ਆਪਣੀ ਸੁਤੰਤਰ ਰਾਏ ਅਤੇ ਆਪਣੀ ਰਣਨੀਤੀ ਦਾ ਤਵਾਜ਼ਨ ਵੀ ਬਣਾਈ ਰੱਖਦਾ ਹੈ।
ਖੁਦਮੁਖਤਾਰੀ ਅਤੇ ਹੋਂਦ ਵਰਗੇ ਵਿਚਾਰਾਂ ਦੀ ਗੱਲ ਜਦੋਂ ਜਦੋਂ ਕਿਸੇ ਵੱਡੀ ਬਹਿਸ ਦੇ ਘੇਰੇ ਵਿਚ ਆਉਂਦੀ ਹੈ ਤਾਂ ਪੰਜਾਬ ਦੇ ਪ੍ਰਸੰਗ ਵਿਚ ਇਨ੍ਹਾਂ ਦੋਵਾਂ ਸੰਕਲਪਾਂ ਦੀ ਦਾਰਸ਼ਨਿਕ ਤੇ ਵਿਚਾਰਧਾਰਕ ਵਿਆਖਿਆ ਸੁਭਾਵਕ ਹੀ ਸਿੱਖ ਇਤਿਹਾਸ ਨਾਲ ਅਟੁੱਟ ਤੌਰ ‘ਤੇ ਜੁੜ ਜਾਂਦੀ ਹੈ ਜੋ ਜ਼ੁਲਮ ਅਨਿਆਂ ਅਤੇ ਬੇ ਇਨਸਾਫੀਆਂ ਦੇ ਖਿਲਾਫ ਲੜ ਮਰਨ ਦੀ ਅਨੋਖੀ ਦਾਸਤਾਨ ਹੈ ਅਤੇ ਪ੍ਰੇਰਨਾ ਦਾ ਸਰਸਬਜ਼ ਚਸ਼ਮਾ ਹੈ ਪਰ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਅਤੇ ਕਿਸੇ ਹੱਦ ਤਕ ਸ਼ੰਭੂ ਮੋਰਚੇ ਦੋਵਾਂ ਲਈ ਹੀ ਆਪਣੇ ਆਪਣੇ ਨਜ਼ਰੀਏ ਤੋਂ ਇਹ ਸਮੱਸਿਆ ਵੀ ਹੈ, ਮੁਸ਼ਕਿਲ ਵੀ ਬਣ ਗਈ ਹੈ, ਕਿਉਂਕਿ ਦੋਵਾਂ ਨੂੰ ਇਹ ਲਗਦਾ ਹੈ ਕਿ ਸਾਡੇ ਉਤੇ ਫਿਰਕੂ ਹੋਣ ਦਾ ਇਲਜ਼ਾਮ ਨਾ ਲੱਗ ਜਾਵੇ ਅਤੇ ਅੰਦੋਲਨ ਦਾ ਘੇਰਾ ਦੇਸ਼ ਪੱਧਰ ‘ਤੇ ਫੈਲਣ ਦੀ ਥਾਂ ਇੱਕ ਖਿੱਤੇ ਵਿਚ ਸੁੰਗੜ ਕੇ ਹੀ ਨਾ ਰਹਿ ਜਾਵੇ। ਕਮਤਰੀ ਅਹਿਸਾਸ (ਨਾeਰਿਰਟੇ ਚੋਮਪਲeਣ) ਵਿਚੋਂ ਉਪਜੀਆਂ ਇਨ੍ਹਾਂ ਧਾਰਨਾਵਾਂ ਕਰ ਕੇ ਹੀ ਪੰਜਾਬ ਵਿਚ ਖੱਬੇ ਪੱਖੀ ਵਿਚਾਰ ਪੰਜਾਬੀਆਂ ਦੇ ਦਿਲਾਂ ਵਿਚ ਆਪਣੀ ਥਾਂ ਨਹੀਂ ਬਣਾ ਸਕੇ ਸਗੋਂ ਉਲਟਾ ਕਈ ਵਾਰ ਟਕਰਾਅ ਵਰਗੀਆਂ ਪੁਜੀਸ਼ਨਾਂ ਵੀ ਅਖਤਿਆਰ ਕਰ ਲੈਂਦੇ ਹਨ। ਇਹੋ ਕਾਰਨ ਹੈ ਕਿ ਇਕ ਜਥੇਬੰਦੀ ਵਲੋਂ ਜੈਕਾਰਿਆਂ ਨੂੰ ਅੰਦੋਲਨ ਵਿਚ ਨਿਰਉਤਸ਼ਾਹਿਤ ਕੀਤਾ ਗਿਆ ਸੀ।
ਕਿਸਾਨ ਅੰਦੋਲਨ ਵਿਚ ਖੁਦਮੁਖਤਾਰੀ ਦਾ ਵਿਚਾਰ ਕੀ ਇਸ ਸੰਘਰਸ਼ ਵਿਚ ਨਵੀਂ ਤਬਦੀਲੀ ਹੈ? ਪਹਿਲਾਂ ਦੇ ਕਿਸਾਨ ਸੰਘਰਸ਼ਾਂ ਨਾਲੋਂ ਕੋਈ ਬੁਨਿਆਦੀ ਫਰਕ ਹੈ? ਜਾਂ ਰਾਜਨੀਤਕ ਵਿਗਿਆਨ ਦੀ ਸ਼ਬਦਾਵਲੀ ਵਿਚ ਕੀ ਇਹ ਨਵੀਂ ਕਰਵਟ ਪੈਰਾਡਾਈਮ ਸ਼ਿਫਟ ਹੈ? ਪਰ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਘੱਟੋ-ਘੱਟ ਸ਼ੰਭੂ ਮੋਰਚੇ ਤੋਂ ਅਜੇ ਦੂਰੀ ਬਣਾਈ ਹੋਈ ਹੈ। ਉਹ ਐਮ.ਐਸ਼ਪੀ. ਨੂੰ ਕਾਨੂੰਨੀ ਸ਼ਕਲ ਦੇਣ ਲਈ ਦ੍ਰਿੜ ਹੈ ਅਤੇ ਖੁਦਮੁਖਤਾਰੀ ਅਤੇ ਹੋਂਦ ਵਰਗੀਆਂ ਗੱਲਾਂ ਉਨ੍ਹਾਂ ਦੇ ਆਰਥਿਕ ਸੰਘਰਸ਼ ਦਾ ਅਜੇ ਹਿੱਸਾ ਨਹੀਂ ਬਣੀਆਂ। ਕਿਉਂ ਨਹੀਂ ਬਣੀਆਂ? ਇਹ ਸਵਾਲ ਵੀ ਖੱਬੇ ਪੱਖੀ ਵਿਚਾਰਾਂ ਨਾਲ ਪ੍ਰਣਾਈਆਂ ਕਈ ਕਿਸਾਨ ਜਥੇਬੰਦੀਆਂ ਵਿਚ ਬਹਿਸ ਦਾ ਵਿਸ਼ਾ ਬਣ ਰਿਹਾ ਹੈ, ਕਿਉਂਕਿ ਮਾਰਕਸਵਾਦ, ਲੈਨਿਨਵਾਦ ਅਤੇ ਮਾਓਵਾਦ ਦੇ ਵਿਚਾਰਾਂ ਨਾਲ ਲੈਸ ਲੀਡਰਸ਼ਿਪ ਹੁਣ ਇਸ ਸਵਾਲ ਦੇ ਸਨਮੁਖ ਖੜ੍ਹੀ ਕਰ ਦਿੱਤੀ ਗਈ ਹੈ ਕਿ ਆਰਥਕ ਸੰਘਰਸ਼ਾਂ ਨੂੰ ਰਾਜਨੀਤਕ ਸੰਘਰਸ਼ਾਂ ਨਾਲੋਂ ਤੋੜ ਕੇ ਦੇਖਣਾ ਕੀ ਮਾਰਕਸਵਾਦ-ਲੈਨਿਨਵਾਦ ਸਿਧਾਂਤਾਂ ਨਾਲ ਬੇਵਫਾਈ ਨਹੀਂ? ਕੀ ਹੋਂਦ ਤੇ ਖੁਦਮੁਖਤਾਰੀ ਵਰਗੇ ਮੁੱਦੇ ਪੰਜਾਬ ਦੀਆਂ ਵਿਸ਼ੇਸ਼ ਹਾਲਤਾਂ ਦੇ ਪ੍ਰਸੰਗ ਵਿਚ ਮਾਰਕਸਵਾਦੀ ਮੁਹਾਵਰੇ ਵਿਚ ਕੋਈ ਅਰਥ ਨਹੀਂ ਰੱਖਦੇ? ਜੋਗਿੰਦਰ ਸਿੰਘ ਉਗਰਾਹਾਂ, ਦਰਸ਼ਨ ਪਾਲ, ਦਰਸ਼ਨ ਖਟਕੜ, ਸੁਖਦੇਵ ਕੋਕਰੀ ਕਲਾਂ, ਸੁਖਦਰਸ਼ਨ ਨੱਤ ਅਤੇ ਪਾਸਲਾ ਵਰਗੇ ਸੰਜੀਦਾ ਸਿਧਾਂਤਕਾਰ ਇਨ੍ਹਾਂ ਸਵਾਲਾਂ ਤੇ ਖਾਮੋਸ਼ ਕਿਉਂ ਹਨ?
ਨੰਦ ਸਿੰਘ ਮਹਿਤਾ ਨਕਸਲੀ ਲਹਿਰ ਦੀ ਹਮਦਰਦੀ ਵਿਚ ਦੋ ਨਾਵਲ ਲਿਖ ਚੁੱਕੇ ਹਨ। ਤੀਸਰਾ ਨਾਵਲ ਛਪ ਰਿਹਾ ਹੈ। ਖੇਤੀ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹੇ ਨੰਦ ਸਿੰਘ ਮਹਿਤਾ ਨਾ ਕੇਵਲ ਨਕਸਲੀ ਲਹਿਰ ਵਿਚ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਹਨ ਸਗੋਂ ਐਮਰਜੈਂਸੀ ਵਿਚ ਵੀ ਉਨ੍ਹਾਂ ਨੇ ਜੇਲ੍ਹ ਕੱਟੀ ਹੈ। ਨਕਸਲੀ ਲਹਿਰ ਦੀਆਂ ਅਣਗਿਣਤ ਪਰਤਾਂ ਨੂੰ ਸੰਜੀਦਾ ਅਤੇ ਨਿਰਪੱਖ ਨਜ਼ਰੀਏ ਨਾਲ ਵੇਖਣ ਪਰਖਣ ਵਾਲੇ ਇਸ ਉਘੇ ਲੇਖਕ ਨੂੰ ਅੰਦੋਲਨ ਵਿਚ ਵਡੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ, ਕਿਉਂਕਿ 2015 ਦੇ ਕਿਸਾਨ ਅੰਦੋਲਨ ਵਿਚ ਕੇਵਲ ਦਸ ਜਥੇਬੰਦੀਆਂ ਇਕੱਠੀਆਂ ਹੋਈਆਂ ਸਨ ਜਦਕਿ ਹੁਣ ਇਹ ਗਿਣਤੀ ਇਕੱਤੀ ਤਕ ਪਹੁੰਚ ਗਈ ਹੈ। ਹਰ ਕਿਸਮ ਦੀ ਖੱਬੀ ਧਿਰ ਤੋਂ ਇਲਾਵਾ ਹੋਰ ਕਈ ਕਿਸਾਨ ਜਥੇਬੰਦੀਆਂ ਦਾ ਇਕੱਠੇ ਹੋਣਾ ਕਿਸਾਨ ਸੰਘਰਸ਼ ਲਈ ਚੰਗਾ ਸ਼ਗਨ ਹੈ ਪਰ ਅਗਲੇ ਕੰਡਿਆਲੇ ਰਾਹ ਵੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਨ।