ਜਤਿੰਦਰ ਪਨੂੰ
ਮੈਨੂੰ ਇਸ ਵੇਲੇ ਨਹੀਂ ਪਤਾ ਕਿ ਬਿਹਾਰ ਕੀ ਨਤੀਜੇ ਪੇਸ਼ ਕਰੇਗਾ, ਪਰ ਉਸ ਰਾਜ ਵਿਚ ਹਵਾ ਭਾਜਪਾ ਤੇ ਉਸ ਦੇ ਭਾਈਵਾਲ ਨਿਤੀਸ਼ ਕੁਮਾਰ ਵਾਲੇ ਜਨਤਾ ਦਲ ਯੁਨਾਈਟਿਡ ਦੇ ਪੱਖ ਵਿਚ ਬਹੁਤੀ ਨਹੀਂ ਜਾਪਦੀ। ਪਿਛਲੀ ਵਾਰੀ ਨਿਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਨਾਲ ਸਾਂਝ ਪਾ ਲਈ ਸੀ, ਇਸ ਵਾਰੀ ਭਾਜਪਾ ਨਾਲ ਹੈ ਤੇ ਅਗਲੀ ਵਾਰੀ ਉਹ ਕਿਸ ਨਾਲ ਖੜੋਵੇਗਾ, ਇਹੋ ਜਿਹੇ ਚੁਫੇਰਗੜ੍ਹੀਏ ਬੰਦਾ ਦਾ ਕੋਈ ਪਤਾ ਹੀ ਨਹੀਂ। ਇਹ ਆਦਮੀ ਵੀ ਕਿਸੇ ਵਕਤ ਭਾਰਤ ਵਿਚ ਧਰਮ ਨਿਰਪੱਖਤਾ ਦਾ ਝੰਡਾ-ਬਰਦਾਰ ਬਣਿਆ ਫਿਰਦਾ ਸੀ ਤੇ ਦੇਸ਼ ਦੀ ਮੁੱਖ ਧਾਰਾ ਦੇ ਆਗੂਆਂ ਨੂੰ ਹਰਮਨ ਪਿਆਰਾ ਵੀ ਲੱਗਦਾ ਸੀ, ਕਿਉਂਕਿ ਇਸ ਨੇ ਨਰਿੰਦਰ ਮੋਦੀ ਨਾਲ ਆਢਾ ਲਿਆ ਸੀ।
ਮਸਾਂ ਛੇ ਮਹੀਨੇ ਲੰਘੇ ਸਨ ਕਿ ਇਹ ਨਰਿੰਦਰ ਮੋਦੀ ਵੱਲੋਂ ਮਿਲਿਆ ਸੱਦਾ ਮੰਨ ਕੇ ਉਸ ਦੇ ਘਰ ਜਾ ਵੜਿਆ ਅਤੇ ਦਿੱਲੀ ਵਿਚ ਕੌਮੀ ਪਾਰਟੀਆਂ ਦੇ ਗੱਠਜੋੜ ਦੇ ਨੇਤਾ ਮੀਟਿੰਗ ਵਿਚ ਇਸ ਦੀ ਉਡੀਕ ਕਰਦੇ ਰਹੇ ਸਨ। ਜਦੋਂ ਇਸ ਨੇ ਨਰਿੰਦਰ ਮੋਦੀ ਨਾਲ ਆਢਾ ਲਿਆ ਸੀ, ਓਦੋਂ ਖਾਸ ਵਜ੍ਹਾ ਇਹ ਸੀ ਕਿ ਇਸ ਨੂੰ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਧੜੇ ਦੀ ਚੁੱਕਣਾ ਮਿਲੀ ਸੀ ਕਿ ਮੋਦੀ ਦੇ ਪੈਰ ਨਹੀਂ ਲੱਗਣ ਦੇਣੇ ਤੇ ਫਿਰ ਉਹੀ ਵਾਜਪਾਈ ਧੜਾ ਜਦੋਂ ਮੋਦੀ ਅੱਗੇ ਨੀਵੀਂ ਪਾ ਬੈਠਾ ਤਾਂ ਇਸ ਨੂੰ ਇੱਕਦਮ ਮੋੜਾ ਕੱਟਣਾ ਔਖਾ ਜਾਪਣ ਕਰ ਕੇ ਆਢਾ ਲੈਣਾ ਮਜਬੂਰੀ ਬਣ ਗਿਆ ਸੀ। ਲਾਲੂ ਪ੍ਰਸਾਦ ਅਤੇ ਕਾਂਗਰਸ ਦੀ ਸਾਂਝ ਦੌਰਾਨ ਨਰਿੰਦਰ ਮੋਦੀ ਨਾਲ ਚੋਣ ਆਢਾ ਲੈਣ ਤੋਂ ਪਹਿਲਾਂ ਇਹੋ ਨਿਤੀਸ਼ ਕੁਮਾਰ ਇੱਕ ਵਾਰ ਗੁਜਰਾਤ ਦੇ ਇੱਕ ਸਮਾਗਮ ਵਿਚ ਇਹ ਗੱਲ ਕਹਿ ਚੁਕਾ ਸੀ ਕਿ ਮੋਦੀ ਵਰਗਾ ਪ੍ਰਸ਼ਾਸਕ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਬਾਅਦ ਵਿਚ ਇਹੋ ਨਿਤੀਸ਼ ਕੁਮਾਰ ਉਸੇ ਮੋਦੀ ਵਿਰੁੱਧ ਬਿਹਾਰ ਦੇ ਲੋਕਾਂ ਤੋਂ ਜੀਨ ਦੇ ਸੈਂਪਲ ਇਕੱਠੇ ਕਰਦਾ ਫਿਰਦਾ ਸੀ ਤਾਂ ਕਿ ਮੋਦੀ-ਵਿਰੋਧੀ ਵਜੋਂ ਧਾਂਕ ਜਮਾ ਸਕੇ।
ਮਹਾਰਾਸ਼ਟਰ ਵਿਚ ਅੱਜ ਮੁੱਖ ਧਾਰਾ ਦੀਆਂ ਪਾਰਟੀਆਂ ਨੂੰ ਉਧਵ ਠਾਕਰੇ ਚੰਗਾ ਲੱਗਦਾ ਹੈ, ਕਿਉਂਕਿ ਉਹ ਸਵੇਰੇ ਉੱਠ ਕੇ ਰੋਜ਼ ਇੱਕ ਬਿਆਨ ਨਰਿੰਦਰ ਮੋਦੀ ਦੇ ਵਿਰੋਧ ਲਈ ਦਾਗ ਛੱਡਦਾ ਹੈ। ਇਹ ਓਸੇ ਸ਼ਿਵ ਸੈਨਾ ਦਾ ਆਗੂ ਹੈ, ਜਿਸ ਨੇ ਬਾਕੀ ਸਾਰੀਆਂ ਧਿਰਾਂ ਵੱਲੋਂ ਛੇਕੀ ਹੋਈ ਭਾਜਪਾ ਨਾਲ ਅੱਜ ਤੋਂ ਛੱਬੀ ਸਾਲ ਪਹਿਲਾਂ ਸਾਂਝ ਪਾ ਕੇ ਮਹਾਰਾਸ਼ਟਰ ਦੀ ਚੋਣ ਲੜੀ ਤੇ ਸਾਂਝੀ ਸਰਕਾਰ ਬਣਾਈ ਸੀ। ਉਸ ਤੋਂ ਪਹਿਲਾਂ ਭਾਜਪਾ ਦੇ ਉਸ ਰਾਜ ਵਿਚ ਪੈਰ ਨਹੀਂ ਸੀ ਲੱਗਦੇ ਤੇ ਉਸ ਸਾਂਝੀ ਸਰਕਾਰ ਨੂੰ ਭਾਜਪਾ ਨੇ ਇਹੋ ਜਿਹਾ ਵਰਤਿਆ ਸੀ ਕਿ ਅੱਜ ਉਹ ਉਸ ਰਾਜ ਦੀ ਸਭ ਤੋ ਵੱਡੀ ਪਾਰਟੀ ਹੈ। ਕਰਨਾਟਕ ਦੇ ਹਰਦਨਹੱਲੀ ਡੋਡਾਗੌੜਾ ਦੇਵਗੌੜਾ ਅਤੇ ਉਸ ਦੇ ਪੁੱਤਰ ਕੁਮਾਰਸਵਾਮੀ ਨੂੰ ਵੀ ਧਰਮ ਨਿਰਪੱਖ ਕਿਹਾ ਜਾਂਦਾ ਹੈ, ਪਰ ਉਹ ਕਿਸੇ ਸਮੇਂ ਭਾਜਪਾ ਨਾਲ ਸਾਂਝ ਪਾ ਕੇ ਉਸ ਰਾਜ ਵਿਚ ਉਸ ਦੇ ਪੈਰ ਲਵਾਉਣ ਦਾ ਗੁਨਾਹ ਨਹੀਂ ਭੁਲਾ ਸਕਦੇ। ਪਿਛਲੀਆਂ ਚੋਣਾਂ ਵੇਲੇ ਕੁਮਾਰਸਵਾਮੀ ਨੇ ਖੁਦ ਹੀ ਕਿਹਾ ਸੀ ਕਿ ਭਾਜਪਾ ਨਾਲ ਸਾਂਝੀ ਸਰਕਾਰ ਬਣਾਉਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ। ਹਰਿਆਣੇ ਵਿਚ ਚੌਧਰੀ ਦੇਵੀ ਲਾਲ ਆਮ ਤੌਰ ‘ਤੇ ਭਾਜਪਾ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ, ਪਰ ਜਦੋਂ ਇਸ ਘਰ ਦੀ ਚੌਧਰ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਮਿਲੀ ਤਾਂ ਸਿਰਫ ਸਰਕਾਰ ਬਣਾਉਣ ਲਈ ਉਸ ਨੇ ਭਾਜਪਾ ਨਾਲ ਏਦਾਂ ਦੀ ਸਾਂਝ ਪਾਈ ਕਿ ਉਸ ਨੂੰ ਹਰਿਆਣਾ ਦੀ ਸਭ ਤੋਂ ਵੱਡੀ ਪਾਰਟੀ ਬਣਨ ਦਾ ਮੌਕਾ ਦੇ ਦਿੱਤਾ। ਅੱਜ ਭਾਜਪਾ ਮੋਹਰੇ ਖੜੋਂਦੀ ਹੈ ਅਤੇ ਚੌਟਾਲੇ ਦਾ ਪੋਤਰਾ ਉਨ੍ਹਾਂ ਉੱਤੇ ਨਿਰਭਰ ਹੋਇਆ ਵਿਖਾਵੇ ਜੋਗੀ ਡਿਪਟੀ ਚੀਫ ਮਨਿਸਟਰੀ ਨਾਲ ਉਸ ਕਿਸਾਨ ਭਾਈਚਾਰੇ ਦਾ ਸਾਥ ਵੀ ਛੱਡੀ ਬੈਠਾ ਹੈ, ਜਿਸ ਨੇ ਇਸ ਪਰਿਵਾਰ ਨੂੰ ਚੌਧਰਾਂ ਬਖਸ਼ੀਆਂ ਸਨ। ਭਾਜਪਾ ਦੀ ਮਾਰ ਤੋਂ ਸਾਂਝ ਪਾਉਣ ਦੇ ਬਾਵਜੂਦ ਜੇ ਕੋਈ ਬਚਿਆ ਹੈ ਤਾਂ ਸਿਰਫ ਉੜੀਸਾ ਦਾ ਨਵੀਨ ਪਟਨਾਇਕ ਹੀ ਬਚ ਸਕਿਆ ਹੈ। ਗਵਾਂਢ ਵਿਚ ਚੰਦਰ ਬਾਬੂ ਨਾਇਡੂ ਵਰਗੇ ਵੀ ਭਾਜਪਾ ਉੱਤੇ ਲੋੜ ਤੋਂ ਵੱਧ ਨੇੜਤਾ ਅਤੇ ਨਿਰਭਰਤਾ ਦੇ ਕਾਰਨ ਗਲੀ-ਗਲੀ ਇੰਜ ਤੁਰੇ ਫਿਰਦੇ ਹਨ ਕਿ ਕੋਈ ਠਾਹਰ ਵੀ ਨਹੀਂ ਲੱਭਦੀ ਜਾਪਦੀ। ਇਸ ਤੋਂ ਹੋਰਨਾਂ ਨੂੰ ਸਬਕ ਸਿੱਖਣ ਦੀ ਲੋੜ ਹੈ।
ਪੰਜਾਬ ਦੇ ਅਕਾਲੀ ਭਾਈਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਚੌਵੀ ਕੁ ਸਾਲ ਪਹਿਲਾਂ ਭਾਜਪਾ ਨਾਲ ਸਾਂਝ ਪਾਈ ਅਤੇ ਉਸ ਦੇ ਬਾਅਦ ਤਿੰਨ ਵਾਰ ਪੰਜਾਬ ਦੀਆਂ ਸਰਕਾਰਾਂ ਦਾ ਨਿੱਘ ਮਾਣਿਆ ਸੀ। ਇਸ ਦੌਰਾਨ ਕੇਂਦਰ ਵਿਚ ਵੀ ਵਜ਼ੀਰੀਆਂ ਮਿਲਦੀਆਂ ਰਹੀਆਂ ਅਤੇ ਬਹੁਤ ਖੁਸ਼ ਸਨ, ਪਰ ਇਹ ਗੱਲ ਯਾਦ ਨਹੀਂ ਰੱਖ ਸਕੇ ਕਿ ਭਾਜਪਾ ਲੀਡਰਸ਼ਿਪ ਵਕਤ ਦੀ ਉਡੀਕ ਵਿਚ ਹੈ, ਜਦੋਂ ਉਹ ਵਕਤ ਆ ਗਿਆ, ਅਕਾਲੀਆਂ ਨੂੰ ਵੀ ਔਕਾਤ ਵਿਖਾ ਦੇਵੇਗੀ। ਕਿਸਾਨ ਸੰਘਰਸ਼ ਦੇ ਦੌਰ ਵਿਚ ਅਕਾਲੀ ਲੀਡਰਸ਼ਿਪ ਨੇ ਇੱਕ ਹੱਦ ਤੱਕ ਔਖੇ ਹੋ ਕੇ ਵੀ ਸਾਂਝ ਨਿਭਾਈ ਜਾਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਇਹ ਗੱਲ ਪਤਾ ਲੱਗੀ ਕਿ ਭਾਜਪਾ ਦੀ ਸਾਂਝ ਕਾਰਨ ਪੰਜਾਬ ਵਿਚੋਂ ਜੜ੍ਹਾਂ ਉੱਖੜ ਜਾਣ ਦਾ ਡਰ ਹੈ, ਉਨ੍ਹਾਂ ਨੇ ਕੂਹਣੀ ਮੋੜ ਕੱਟ ਕੇ ਆਪਣੇ ਆਪ ਨੂੰ ਬਚਾਉਣ ਦੇ ਹੀਲੇ ਸ਼ੁਰੂ ਕਰ ਦਿੱਤੇ। ਇਸ ਵੇਲੇ ਅਕਾਲੀ ਦਲ ਵਲੋਂ ਕਿਸਾਨਾਂ ਦੇ ਸੰਘਰਸ਼ ਦੌਰਾਨ ਜਿਹੜੀ ਸਰਗਰਮੀ ਕੀਤੀ ਜਾ ਰਹੀ ਹੈ, ਉਹ ਅਸਲ ਵਿਚ ਕਿਸਾਨਾਂ ਲਈ ਨਹੀਂ, ਭਾਜਪਾ ਨਾਲ ਆਪਣੀ ਸਾਂਝ ਵੇਲੇ ਦੀਆਂ ਭੁੱਲਾਂ ਉੱਤੇ ਪੋਚਾ ਮਾਰਨ ਲਈ ਕੀਤੀ ਜਾ ਰਹੀ ਹੈ, ਪਰ ਅੰਦਰੋਂ ਇਹ ਝਾਕ ਅਜੇ ਤੱਕ ਵੀ ਹੈ ਕਿ ਕੱਲ੍ਹ ਨੂੰ ਅਸੈਂਬਲੀ ਚੋਣਾਂ ਵਿਚ ਗੱਠਜੋੜ ਬਣਾ ਕੇ ਰਾਜ-ਭਾਗ ਮਾਣਨ ਦਾ ਰਾਹ ਨਿਕਲ ਆਵੇ ਤਾਂ ਬੁਰਾ ਨਹੀਂ ਹੋਵੇਗਾ।
ਫਿਰ ਵੀ ਜਿਹੜੀ ਸੱਟ ਭਾਜਪਾ ਨਾਲ ਸਾਂਝ ਕਾਰਨ ਉੱਤਰ ਪ੍ਰਦੇਸ਼ ਵਿਚਲੀ ਰਾਜਨੀਤੀ ਨੂੰ ਪਈ ਹੈ, ਉਹ ਸਾਰਿਆਂ ਤੋਂ ਵੱਖਰੀ ਹੈ। ਰਾਮ ਮੰਦਿਰ ਦੀ ਮੁਹਿੰਮ ਚੱਲਣ ਤੱਕ ਭਾਜਪਾ ਉਥੇ ਕਿਸੇ ਗਿਣਤੀ ਵਿਚ ਨਹੀਂ ਸੀ ਹੁੰਦੀ। ਪਹਿਲਾਂ ਜਨਤਾ ਦਲ ਵੱਲੋਂ ਤੇ ਫਿਰ ਸਮਾਜਵਾਦੀ ਪਾਰਟੀ ਬਣਾ ਕੇ ਮੁਲਾਇਮ ਸਿੰਘ ਦੀ ਚੋਖੀ ਭੱਲ ਦਿਖਾਈ ਦਿੰਦੀ ਸੀ। ਸਾਲ 1991 ਵਿਚ ਭਾਜਪਾ ਨੇ ਪਹਿਲੀ ਵਾਰੀ ਆਪਣੇ ਸਿਰ ਦੋ ਸੌ ਇੱਕੀ ਸੀਟਾਂ ਜਿੱਤੀਆਂ ਅਤੇ ਸਰਕਾਰ ਬਣਾਈ ਸੀ, ਪਰ ਬਾਬਰੀ ਮਸਜਿਦ ਢਾਹੁਣ ਕਾਰਨ ਉਹ ਸਰਕਾਰ ਜਦੋਂ ਉਸੇ ਸਾਲ ਡਿੱਗ ਪਈ ਤਾਂ ਅਗਲੀ ਵਾਰੀ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਨੇ ਉਸ ਨੂੰ ਖੂੰਜੇ ਲਾ ਦਿੱਤਾ ਸੀ। ਉਨ੍ਹਾਂ ਦੋਹਾਂ ਦੀਆਂ ਮਿਲਾ ਕੇ ਇੱਕ ਸੌ ਛਿਆਸੀ ਸੀਟਾਂ ਸਨ ਤੇ ਉਨ੍ਹਾਂ ਦੀ ਸਰਕਾਰ ਨੂੰ ਬਾਹਰੋਂ ਕਾਂਗਰਸ ਅਤੇ ਕਮਿਊਨਿਸਟਾਂ ਨੇ ਵੀ ਹਮਾਇਤ ਦਿੱਤੀ ਸੀ, ਪਰ ਮੁੱਖ ਮੰਤਰੀ ਬਣਨ ਦੀ ਤੀਬਰ ਤਾਂਘ ਕਾਰਨ ਬੀਬੀ ਮਾਇਆਵਤੀ ਨੇ ਹਸਪਤਾਲ ਬੈਠੇ ਬਾਬੂ ਕਾਂਸ਼ੀ ਰਾਮ ਨੂੰ ਵੀ ਨਹੀਂ ਸੀ ਪੁੱਛਿਆ ਤੇ ਮੁਲਾਇਮ ਸਿੰਘ ਦਾ ਸਾਥ ਛੱਡ ਕੇ ਭਾਜਪਾ ਦੀ ਮਦਦ ਨਾਲ ਸਰਕਾਰ ਬਣਾ ਲਈ ਸੀ। ਸਾਢੇ ਚਾਰ ਮਹੀਨਿਆਂ ਬਾਅਦ ਉਹ ਸਰਕਾਰ ਦੋਹਾਂ ਧਿਰਾਂ ਦਾ ਸੁਭਾਅ ਨਾ ਮਿਲਣ ਕਾਰਨ ਟੁੱਟ ਗਈ, ਪਰ ਇਸ ਨੇ ਖੂੰਜੇ ਲੱਗੀ ਭਾਜਪਾ ਨੂੰ ਮੁੜ ਕੇ ਉੱਠਣ ਦਾ ਮੌਕਾ ਦੇ ਦਿੱਤਾ ਤੇ ਅਗਲੀਆਂ ਚੋਣਾਂ ਵਿਚ ਭਾਜਪਾ ਪੌਣੇ ਦੋ ਸੌ ਸੀਟਾਂ ਲੈ ਗਈ। ਬੀਬੀ ਮਾਇਆਵਤੀ ਨੂੰ ਉਦੋਂ ਵੀ ਰਾਜ ਦੀ ਇੱਛਾ ਨੇ ਏਨਾ ਸਤਾਇਆ ਕਿ ਭਾਜਪਾ ਨਾਲ ਛੇ-ਛੇ ਮਹੀਨੇ ਰਾਜ ਕਰਨ ਦਾ ਸੌਦਾ ਮਾਰ ਕੇ ਕੁਰਸੀ ਮੱਲ ਲਈ, ਪਰ ਉਸ ਦੇ ਬਾਅਦ ਫਿਰ ਗੱਦੀ ਤੋਂ ਝਗੜਾ ਪੈ ਗਿਆ ਤੇ ਭਾਜਪਾ ਵਾਲਿਆਂ ਨੇ ਵਿਧਾਨ ਸਭਾ ਦੇ ਅੰਦਰ ਬਹੁਜਨ ਸਮਾਜ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਏਨਾ ਕੁੱਟਿਆ ਸੀ ਕਿ ਸਾਰੀ ਦੁਨੀਆਂ ਵਿਚ ਇਹੋ ਚਰਚਾ ਹੁੰਦੀ ਰਹੀ ਸੀ। ਘੱਟ ਮੁਲਾਇਮ ਸਿੰਘ ਨੇ ਵੀ ਨਹੀਂ ਕੀਤੀ। ਉਸ ਨੇ ਮਾਇਆਵਤੀ ਦੇ ਖਿਲਾਫ ਵੀ ਉੱਧੜਧੁੰਮੀ ਚੁੱਕ ਰੱਖੀ ਸੀ ਤੇ ਜਿਨ੍ਹਾਂ ਕਮਿਊਨਿਸਟਾਂ ਤੋਂ ਸਰਕਾਰ ਬਣਾਉਣ ਵਾਸਤੇ ਮਦਦ ਲਈ ਸੀ, ਉਨ੍ਹਾਂ ਦੇ ਦਫਤਰ ਵਿਚ ਚੱਲਦੀ ਬੈਠਕ ਵਿਚੋਂ ਉਨ੍ਹਾਂ ਦੇ ਸੱਤ ਵਿਧਾਇਕ ਵੀ ਚੁਕਾ ਲਿਆਂਦੇ ਸਨ। ਉਸ ਪਿੱਛੋਂ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਪਛੜਦੀਆਂ ਗਈਆਂ ਅਤੇ ਭਾਜਪਾ ਦਾ ਦਬਦਬਾ ਕਾਇਮ ਹੁੰਦਾ ਗਿਆ, ਪਰ ਦੋਵੇਂ ਧਿਰਾਂ ਅਜੇ ਵੀ ਅਕਲ ਨਹੀਂ ਕਰਦੀਆਂ। ਬੀਤੇ ਦਿਨੀਂ ਉੱਤਰ ਪ੍ਰਦੇਸ਼ ਤੋਂ ਜਦੋਂ ਰਾਜ ਸਭਾ ਦੀਆਂ ਕੁਝ ਸੀਟਾਂ ਦੀ ਚੋਣ ਹੋਣੀ ਸੀ, ਇੱਕ ਸੀਟ ਬਦਲੇ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਨੇ ਇੱਕ ਦੂਸਰੇ ਦੇ ਬੰਦੇ ਭੰਨਣ ਦਾ ਕੰਮ ਸ਼ੁਰੂ ਕਰ ਲਿਆ। ਉਸ ਸੀਟ ਦੀ ਚੋਣ ਤਾਂ ਆਪਣੇ ਥਾਂ ਹੋਵੇਗੀ, ਇਸ ਚੋਣ ਤੋਂ ਕੁੜੱਤਣ ਏਨੀ ਵਧੀ ਹੈ ਕਿ ਬਹੁਜਨ ਸਮਾਜ ਪਾਰਟੀ ਨੇ ਸਮਾਜਵਾਦੀ ਪਾਰਟੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਇਹੋ ਗੱਲ ਤਾਂ ਭਾਜਪਾ ਚਾਹੁੰਦੀ ਸੀ, ਜੋ ਦੋਹਾਂ ਦੀ ਲੜਾਈ ਵਿਚੋਂ ਆਰਾਮ ਨਾਲ ਹੋ ਗਈ ਹੈ।
ਅਸੀਂ ਇਹ ਲੰਮੀ ਲੜੀ ਇਸ ਲਈ ਪੇਸ਼ ਕੀਤੀ ਹੈ ਕਿ ਅੱਜ ਜਦੋਂ ਧਰਮ ਨਿਰਪੱਖਤਾ ਦੀ ਹਰ ਮਾੜੀ-ਮੋਟੀ ਧਿਰ ਦੇ ਆਗੂ ਭਾਜਪਾ ਦੇ ਖਿਲਾਫ ਬੋਲਦੇ ਸੁਣੇ ਜਾ ਰਹੇ ਹਨ, ਉਹ ਇਹ ਗੱਲ ਨਹੀਂ ਸੋਚਦੇ ਕਿ ਭਾਜਪਾ ਦੀ ਚੜ੍ਹਤ ਲਈ ਉਨ੍ਹਾਂ ਦੀ ਆਪਣੀ ਭੂਮਿਕਾ ਕਿੱਦਾਂ ਦੀ ਰਹੀ ਹੈ? ਕੁਰਸੀਆਂ ਪਿੱਛੇ ਲਾਰ ਸੁੱਟਣ ਵਾਲੇ ਇਨ੍ਹਾਂ ਧਰਮ ਨਿਰਪੱਖ ਆਗੂਆਂ ਨੇ ਕਦੇ ਵੀ ਲਗਾਤਾਰ ਧਰਮ ਨਿਰਪੱਖ ਪੈਂਤੜਾ ਨਹੀਂ ਲਿਆ। ਜਿਸ ਪਾਸੇ ਤੋਂ ਕੁਰਸੀ ਦੀ ਝਾਕ ਦਿੱਸ ਜਾਂਦੀ ਰਹੀ, ਉਹ ਉਸੇ ਪਾਸੇ ਵੱਲ ਉਡਾਰੀਆਂ ਲਾ ਲੈਂਦੇ ਰਹੇ ਤੇ ਖੁਦ ਹੀ ਭਾਜਪਾ ਦੀ ਚੜ੍ਹਤ ਦੇ ਹਾਲਾਤ ਪੈਦਾ ਕਰਨ ਪਿਛੋਂ ਅੱਜਕੱਲ੍ਹ ਸਵੇਰੇ-ਸ਼ਾਮ ਇਹ ਰੋਣਾ ਰੋਈ ਜਾਂਦੇ ਹਨ ਕਿ ਦੇਸ਼ ਦੀ ਧਰਮ ਨਿਰਪੱਖਤਾ ਨੂੰ ਢਾਹ ਲੱਗਦੀ ਪਈ ਹੈ। ਸਿਆਣੇ ਕਿਹਾ ਕਰਦੇ ਸਨ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹੀਦਾ, ਪਰ ਭਾਰਤੀ ਰਾਜਨੀਤੀ ਦੇ ਧਰਮ ਨਿਰਪੱਖਤਾ ਦੀਆਂ ਕੂਕਾਂ ਮਾਰਨ ਵਾਲੇ ਧਨੰਤਰ ਅੱਜ ਵੀ ਧਰਮ ਨਿਰਪੱਖਤਾ ਤੋਂ ਪਾਰਟੀ ਵੱਡੀ ਤੇ ਪਾਰਟੀ ਤੋਂ ਕੁਰਸੀ ਵੱਡੀ ਕਰਦਿਆਂ ਆਖਰ ਨੂੰ ਦੇਸ਼ ਦੇ ਹਿੱਤਾਂ ਤੋਂ ਆਪਣੇ ਹਿੱਤਾਂ ਨੂੰ ਅੱਗੇ ਰੱਖ ਬੈਠੇ ਹਨ। ਇਨ੍ਹਾਂ ਹਾਲਾਤ ਵਿਚ ਧਰਮ ਨਿਰਪੱਖਤਾ ਦਾ ਸਿਰਫ ਨਾਅਰਾ ਹੀ ਲੱਗੀ ਜਾਂਦਾ ਹੈ, ਉਹ ਬਹੁਤਾ ਚਿਰ ਰਹਿਣ ਵਾਲੀ ਨਹੀਂ।
ਪਾਕਿਸਤਾਨ ਦੇ ਫੌਜੀ ਰਾਜ ਵਾਲੇ ਦਿਨਾਂ ਵਿਚ ਇੱਕ ਕਾਮੇਡੀ ਸ਼ੋਅ ਵਿਚ ਇੱਕ ਪ੍ਰੋਫੈਸਰ ਨੇ ਇੱਕ ਵਿਦਿਆਰਥੀ ਨੂੰ ‘ਸਟੈਚੂ ਆਫ ਲਿਬਰਟੀ’ ਪੁੱਛਿਆ ਸੀ। ਵਿਦਿਆਰਥੀ ਉੱਠ ਕੇ ਕਹਿਣ ਲੱਗਾ, “ਇਹ ਅਮਰੀਕਾ ਵਿਚ ਲੱਗਾ ਹੋਇਆ ਬੁੱਤ ਹੈ, ਜਿਸ ਦੀ ਛਾਂਵੇਂ ਖੜੋ ਕੇ ਪਾਕਿਸਤਾਨ ਵਾਲੇ ਲੋਕ ਹਉਕੇ ਭਰ-ਭਰ ਕੇ ਕਹਿੰਦੇ ਹਨ, ‘ਲਿਬਰਟੀ, ਲਿਬਰਟੀ, ਲਿਬਰਟੀ’ ਅਤੇ ਜਦੋਂ ਥੱਕ ਜਾਂਦੇ ਹਨ ਤਾਂ ਆਪਣੇ ਦੇਸ਼ ਆਣ ਵੜਦੇ ਹਨ।” ਜੇ ਭਾਰਤ ਵਿਚ ਵੀ ਅੱਜ ਵਾਲੇ ਹਾਲਾਤ ਹੀ ਰਹਿਣੇ ਹਨ ਤਾਂ ਇੱਕ ਦਿਨ ਇਸ ਦੇਸ਼ ਵਿਚ ਵੀ ਧਰਮ ਨਿਰਪੱਖਤਾ ਦੀ ਹੋਂਦ ਲਿਬਰਟੀ ਦੇ ਸਟੈਚੂ ਜਿਹੀ ਬਣ ਕੇ ਰਹਿ ਜਾਵੇਗੀ ਅਤੇ ਲੋਕ ਥੋੜ੍ਹੀ ਜਿਹੀ ਵਿਹਲ ਕੱਢ ਕੇ ਹਫਤੇ ਦੇ ਇੱਕ ਦਿਨ ਧਰਮ ਨਿਰਪੱਖਤਾ ਦੇ ਹਉਕੇ ਭਰ ਕੇ ਆਪਣੇ ਮਨ ਦਾ ਭਾਰ ਹੌਲਾ ਕਰ ਲਿਆ ਕਰਨਗੇ।