ਅਮਰਜੀਤ ਸਿੰਘ ਮੁਲਤਾਨੀ
‘ਪੰਜਾਬ ਟਾਈਮਜ਼’ ਦੇ 31 ਅਕਤੂਬਰ ਦੇ ਅੰਕ ਵਿਚ ਡਾ. ਗੁਰਨਾਮ ਕੌਰ ਕੈਨੇਡਾ ਨੇ ਮੇਰੇ ਵੱਲੋਂ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਬਾਰੇ ਪ੍ਰਤੀਕਰਮ ਦਾ ਉੱਤਰ ਦਿੰਦਿਆਂ ਕਿਹਾ ਹੈ, “ਕਿਸੇ ਨੇ ਕਿਵੇਂ ਸੋਚਣਾ ਹੈ ਜਾਂ ਕਿਸ ਗੱਲ ਨੂੰ ਕਿਵੇਂ ਲੈਣਾ ਹੈ, ਪਰਸੀਵ ਕਰਨਾ ਹੈ, ਆਪੋ ਆਪਣੀ ਸਮਝ ਹੈ।” ਜੇ ਡਾ. ਗੁਰਨਾਮ ਕੌਰ ਇਹ ਵਿਚਾਰ ਰੱਖਦੇ ਹਨ ਤਾਂ ਫਿਰ ਸਾਨੂੰ ਅਜਿਹੇ ਲੇਖ ਲਿਖਣ ਦੀ ਲੋੜ ਹੀ ਕਿਉਂ ਹੈ? ਜਦੋਂ ਕਿ ਲੇਖਕ ਨੂੰ ਪਹਿਲਾਂ ਹੀ ਪਤਾ ਹੈ ਕਿ ਹਰ ਇਕ ਵਿਅਕਤੀ ਦੇ ਸੋਚਣ ਦਾ ਢੰਗ ਨਿੱਜੀ ਹੁੰਦਾ ਹੈ। ਸੋ ਇਹ ਕੁਦਰਤੀ ਹੈ ਕਿ ਹਰ ਇਕ ਉਸ ਨਾਲ ਸਹਿਮਤ ਨਹੀਂ ਹੋਏਗਾ।
ਉਹ ਇਹ ਵੀ ਲਿਖਦੇ ਹਨ ਕਿ ਉਨ੍ਹਾਂ ਨੇ ਗੁਰੂ ਨਾਨਕ ਦੇ ਖੇਤਾਂ ਵਿਚ ਕੰਮ ਕਰਨ ਦੀ ਗੱਲ ਕਰਕੇ ਗੁਰੂ ਨਾਨਕ ਨੂੰ ਕਰਾਮਾਤੀ ਨਹੀਂ ਸਿੱਧ ਕੀਤਾ। ਸ਼ਾਇਦ ਉਹ ਮੇਰੇ ਕਹਿਣ ਦੇ ਭਾਵ ਨੂੰ ਨਹੀਂ ਸਮਝੇ। ਗੁਰੂ ਨਾਨਕ ਦੇ ਖੇਤਾਂ ਵਿਚ ਕੰਮ ਕਰਨ ਵਿਚ ਕਰਾਮਾਤ ਵਾਲੀ ਗੱਲ ਨਹੀਂ, ਪਰ ਇਹ ਗੱਲ ਵੀ ਕਰਾਮਾਤ ਤੋਂ ਘੱਟ ਨਹੀਂ ਕਿ ਗੁਰੂ ਸਾਹਿਬ ਨੇ 17-18 ਸਾਲ ਹੱਥੀਂ ਕਿਰਸਾਨੀ ਕਰਦਿਆਂ ਸੰਗਤੀ ਰੂਪ ਵਿਚ ਇਕੱਠੇ ਹੋ ਕੇ ਨਾਮ ਬਾਣੀ ਦਾ ਪ੍ਰਵਾਹ ਚਲਾਇਆ? ਮੇਰੇ ਵਿਚਾਰ ਅਨੁਸਾਰ ਗੁਰੂ ਨਾਨਕ ਨੇ ਆਪਣੇ ਸੰਪਰਕ ਵਿਚ ਆਏ ਹਰ ਵਿਅਕਤੀ ਨੂੰ ਆਪਣੇ ਕਾਰਜ ਪ੍ਰਤੀ ਸਮਰਪਣ ਅਤੇ ਆਪਣੇ ਰੋਜ਼ਾਨਾ ਜੀਵਨ ਵਿਚ ਸਥਾਪਤ ਕੀਤੇ ਉੱਚੇ ਤੇ ਸੁੱਚੇ ਆਚਰਨ ਨਾਲ ਅਜਿਹਾ ਪ੍ਰਭਾਵਿਤ ਕੀਤਾ ਕਿ ਉਹ ਵਿਅਕਤੀ ਉਨ੍ਹਾਂ ਦਾ ਅਟੁੱਟ ਮੁਰੀਦ (ਸਿੱਖ) ਬਣ ਗਿਆ। ਗੁਰੂ ਸਾਹਿਬ ਨੇ ਲੋਕਾਂ ਨੂੰ ਹਿੰਦੂ ਤੇ ਹੋਰਨਾਂ ਧਰਮਾਂ ਵਿਚ ਪ੍ਰਚਲਿਤ ਤੋਤਿਆਂ ਵਾਂਗ ‘ਰਾਮ-ਰਾਮ ਜਾਂ ਅੱਲਾ-ਅੱਲਾ ਦੀ ਰੱਟ ਲਾਉਣੀ ਅਤੇ ਦੁਨਿਆਵੀ ਫਰਜ਼ ਅੱਧੇ-ਅਧੂਰੇ ਨਿਭਾਉਣ’ ਜਿਹੇ ਆਚਰਨ ਤੋਂ ਵਰਜਿਤ ਕੀਤਾ; ਲੋਕਾਂ ਨੂੰ ਧਾਰਮਿਕ ਦੁਬਿਧਾ ਤੋਂ ਮੁਕਤੀ ਦਿਵਾਈ ਅਤੇ ਬੜਾ ਸੁਖਾਲਾ ਤੇ ਤਰਕਪੂਰਨ ਮਾਰਗ ਸੁਝਾਇਆ, ਜਿਸ ‘ਤੇ ਚੱਲ ਕੇ ਉਸ ਦਾ ਹਰ ਸਿੱਖ ਆਪਣੀ ਹਯਾਤੀ ਵਿਚ ਸਵਰਗ ਤੋਂ ਵੀ ਉੱਚੇ ਮੁਕਾਮ ਪ੍ਰਾਪਤ ਕਰ ਸਕਦਾ ਹੈ।
ਹਰ ਸਿੱਖ ਵਿਦਵਾਨ, ਭਾਵੇਂ ਕਿਸੇ ਵੀ ਵਿਸ਼ੇ ‘ਤੇ ਲਿਖੇ, ਗੁਰਬਾਣੀ ਦੀਆਂ ਮਿਸਾਲਾਂ ਦੀ ਇੰਨੀ ਭਰਮਾਰ ਹੁੰਦੀ ਹੈ ਅਤੇ ਇੰਨੇ ਵੱਡੇ ਤੇ ਭਾਰੀ ਭਰਕਮ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੁੰਦਾ ਹੈ, ਜੋ ਹਰ ਆਮ ਸਿੱਖ ਦੇ ਉਪਰੋਂ ਦੀ ਲੰਘ ਜਾਂਦੇ ਹਨ। ਕੀ ਉਹ ਇਹ ਨਹੀਂ ਸਮਝਦੇ ਕਿ ਜੇ ਸਿੱਖ ਇੰਨਾ ਗਿਆਨਵਾਨ ਹੁੰਦਾ ਤਾਂ ਕੀ ਸਿੱਖ ਅਤੇ ਸਿੱਖ ਧਰਮ ਵਿਚ ਇੰਨਾ ਨਿਘਾਰ ਸੰਭਵ ਸੀ? ਗੁਰੂ ਨਾਨਕ ਨੇ ਆਪਣੇ ਕਾਰਜ ਆਪਣੇ ਹੱਥੀ ਸੰਵਾਰਨ ਦੀ ਗੱਲ ਕੀਤੀ ਹੈ, ਪਰ ਅੱਜ ਦਾ ਸਿੱਖ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੋਂ ਅਰਦਾਸ ਕਰਵਾ ਕੇ ਆਪਣੇ ਸਾਰੇ ਕਾਰਜ ਰਾਸ ਕਰਾਉਣ ਦਾ ਆਦੀ ਹੋ ਗਿਆ ਹੈ। ਉਹ ਘਰੇ ਬੈਠ ਕੇ ਗਿਣਤੀ-ਮਿਣਤੀ ਵਾਲੇ ਪਾਠ ਕਰਕੇ ਕਾਰਜ ਰਾਸ ਕਰਾਉਣ ਵਾਲੀ ਵਿਧੀ ਨੂੰ ਤਰਜੀਹ ਦੇਣ ਲੱਗ ਪਿਆ ਹੈ। ਕਿਸੇ ਵੀ ਧਾਰਮਿਕ ਜਾਂ ਸਮਾਜਕ ਵਿਸ਼ੇ ‘ਤੇ 99% ਸਿੱਖ ਆਪਣੇ ਨਿੱਜੀ ਵਿਚਾਰ ਨਹੀਂ ਰੱਖਦੇ, ਉਹ ਕਿਸੇ ਹੋਰ ਵੱਲੋਂ ਭੇਜੇ ਫੇਸਬੁੱਕ ਜਾਂ ਵੱਟ’ਸ ਐਪ ਮੈਸੇਜ ਨੂੰ ਸ਼ੇਅਰ ਜਾਂ ਫਾਰਵਰਡ ਹੀ ਕਰਦੇ ਹਨ। ਕਈ ਤਾਂ ਇਨ੍ਹਾਂ ਵੱਟ’ਸ ਐਪ ਯੂਨੀਵਰਸਿਟੀਆਂ ਤੋਂ ਇੰਨੇ ਉਚ ਸਿੱਖਿਅਤ ਹੋ ਗਏ ਹਨ ਕਿ ਉਹ ਕਿਸੇ ਬਾਰੇ ਮਾੜਾ ਬੋਲਣ ਲੱਗਿਆਂ ਮਿੰਟ ਨਹੀਂ ਲਾਉਂਦੇ।
ਪਿਛਲੇ ਦਿਨੀਂ ਨਿਊ ਯਾਰਕ ਦੇ ਪੰਜਾਬੀ ਬਹੁਲ ਖੇਤਰ ਰਿਚਮੰਡ ਹਿੱਲ ਵਿਚੋਂ ਲੰਘਦੇ 101 ਐਵੇਨਿਊ ਦੇ 111 ਸਟਰੀਟ ਤੋਂ 123 ਸਟਰੀਟ ਤੱਕ ਦੇ ਰਸਤੇ ਦਾ ਸਾਂਝਾ ਨਾਮ ‘ਪੰਜਾਬ ਐਵੇਨਿਊ’ ਰੱਖਿਆ ਗਿਆ। ਸਿਟੀ ਪ੍ਰਬੰਧਨ ਨੇ ਤਾਂ ਆਪਣੀ ਗਿਣਤੀ-ਮਿਣਤੀ ਕਰਕੇ ਪੰਜਾਬੀਆਂ ਨੂੰ ਪਛਾਣ ਦਿੰਦਾ ਨਾਮ ਰੱਖ ਦਿੱਤਾ। ਇਸ ਦੀ ਵੱਡੀ ਪੱਧਰ ‘ਤੇ ਸਿੱਖਾਂ ਅਤੇ ਸਿੱਖਾਂ ਦੀਆਂ ਪ੍ਰਤੀਨਿਧੀ ਸੰਸਥਾਵਾਂ ਨੇ ਸ਼ਲਾਘਾ ਕੀਤੀ; ਪਰ ਇਸ ਪੰਜਾਬ ਐਵੇਨਿਊ ਵਾਲੇ ਰਸਤੇ ‘ਤੇ ਸ਼ਾਮ ਪੈਂਦੇ ਹੀ ਸਿੱਖ ਧਰਮ ਅਤੇ ਸਿੱਖਾਂ ਦੇ ਵਾਰਿਸ ਨੌਜਵਾਨ ਪੰਜਾਬੀਆਂ ਦਾ ਜੋ ਬਦਸੂਰਤ ਚਿਹਰਾ ਦਿੱਸਦਾ ਹੈ, ਇਹ ਬਹੁਤੇ ਸਿਆਣੇ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ। ਕੀ ਇਹ ਸਭ ਸਿੱਖ ਧਰਮ ਅਤੇ ਸਮਾਜ ਅੰਦਰ ਮੌਜੂਦ ਕੁਪ੍ਰਬੰਧਨ ਦਾ ਨਤੀਜਾ ਨਹੀਂ ਹੈ? ਇਹ ਸਿੱਖਾਂ ਦੇ ਸਦਾਚਾਰ ਦੇ ਪੱਖੋਂ ਆਈ ਗਿਰਾਵਟ ਦੀ ਵੀ ਨਿਸ਼ਾਨਦੇਹੀ ਕਰਦਾ ਹੈ।
ਸਿੱਖ ਅਤੇ ਸਿੱਖ ਧਰਮ ਵਿਚ ਆਏ ਨਿਘਾਰ ਦਾ ਸਿੱਖ ਵਿਦਵਾਨ ਇੰਨਾ ਨੋਟਿਸ ਨਹੀਂ ਲੈਂਦੇ। ਉਹ ਸਿੱਖ ਧਰਮ ਦੀ ਮੁਢਲੀ ਇਕਾਈ ਤੇ ਆਧਾਰ, ਆਮ ਸਿੱਖ ਦੀ ਮੌਜੂਦਾ ਮਾਨਸਿਕ, ਸਮਾਜਕ ਅਤੇ ਆਰਥਕ ਹਾਲਾਤ ਤੇ ਹਾਲਤਾਂ ਦਾ ਜਾਇਜਾ ਨਹੀਂ ਲੈਂਦੇ! ਉਹ ਸਿੱਖ ਅਤੇ ਸਿੱਖ ਧਰਮ ਨੂੰ ਬੇਲੋੜੇ ਅਤੇ ਗਲਤ ਦਿਸ਼ਾਵਾਂ ਵੱਲ ਲਿਜਾ ਰਹੀਆਂ ਧਾਰਮਿਕ ਪ੍ਰਵਿਰਤੀਆਂ ਦਾ ਨਾ ਹੀ ਨੋਟਿਸ ਲੈਂਦੇ ਹਨ, ਨਾ ਹੀ ਵਿਰੋਧ ਵਿਚ ਕੋਈ ਮੁਹਿੰਮ ਬਣਾਉਂਦੇ ਹਨ। ਸ਼ਾਇਦ ਅਜਿਹਾ ਕਰਨ ਲੱਗਿਆਂ ਉਨ੍ਹਾਂ ਨੂੰ ਕਿਸੇ ਹੱਦ ਤੱਕ ਧਰਮ ਦਾ ਡਰ ਵੀ ਲੱਗਦਾ ਹੈ। ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਸਿੱਖ ਧਰਮ ਦੇ ਰਹਿਬਰ ਗੁਰੂ ਨਾਨਕ ਨੇ ਵੀ ਆਪਣੇ ਵੇਲੇ ਦੇ ਸਥਾਪਿਤ ਤੇ ਮਜ਼ਬੂਤ ਧਰਮਾਂ ਦੀਆਂ ਆਮ ਮਨੁੱਖ ਨੂੰ ਦੁਖੀ ਤੇ ਦਾਸ ਬਣਾਉਂਦੀਆ ਰਸਮਾਂ ਵਿਰੁਧ ਅਵਾਜ਼ ਉਠਾਈ ਅਤੇ ਕਿਸੇ ਵੀ ਧਰਮ ਦੇ ਦੇਵੀ ਜਾਂ ਦੇਵਤੇ ਦੇ ਸ਼ਰਾਪ ਦੀ ਪ੍ਰਵਾਹ ਨਹੀਂ ਕੀਤੀ। ਨਾ ਹੀ ਕਿਸੇ ਦੇਵਤੇ ਜਾਂ ਦੇਵੀ ਨੇ ਕੋਈ ਸ਼ਰਾਪ ਦਿੱਤਾ ਸੀ। ਗੁਰੂ ਨਾਨਕ ਅਨੁਸਾਰ ਧਰਮ ਇਨਸਾਨ ਨੂੰ ਡਰਾਉਣ, ਧਮਕਾਉਣ ਜਾਂ ਦਾਸ ਬਣਾਉਣ ਦਾ ਵਿਸ਼ਾ ਨਹੀਂ, ਸਗੋਂ ਸਮੂਹਿਕ ਤੌਰ ‘ਤੇ ਕਰਤੇ ਵੱਲੋਂ ਦਿੱਤੀਆਂ ਅਨੰਤ ਅਨੰਦਿਤ ਕਰਨ ਵਾਲੀਆਂ ਵਿਧੀਆਂ ਤੇ ਵਸਤਾਂ ਨੂੰ ਸਦਾਚਾਰ ਵਿਚ ਰਹਿੰਦਿਆਂ ਭੋਗ ਕਰਨ ਦੀ ਵਿਧੀ ਹੈ।
ਰਵਿੰਦਰ ਸਿੰਘ ਸੋਢੀ ਦਾ ‘ਗੁਰੂ ਘਰਾਂ ਵਿਚ ਚੱਲਦੇ ਡਾਂਗ ਸੋਟੇ’ ਬਾਰੇ ਲੇਖ ਗੁਰੂ ਘਰਾਂ ਨੂੰ ਜਾਣ ਵਾਲੇ ਸਿੱਖਾਂ ਲਈ ਇਕ ਆਤਮ ਚਿੰਤਨ ਦਾ ਵਿਸ਼ਾ ਹੈ। ਉਨ੍ਹਾਂ ਦਾ ਇਹ ਕਥਨ ਬਹੁਤ ਦਰੁਸਤ ਹੈ ਕਿ ਧਾਰਮਿਕ ਸਥਾਨ ਉਥੇ ਸ਼ਰਧਾਵੱਸ ਜਾਣ ਵਾਲਿਆਂ ਲਈ ਰੱਬ ਦਾ ਘਰ ਤੇ ਇਬਾਦਤ ਦਾ ਸਥਾਨ ਹੁੰਦਾ ਹੈ। ਅਫਸੋਸ ਦੀ ਗੱਲ ਹੈ ਕਿ ਅਗਾਂਹ ਵਧੂ ਦੇਸ਼ਾਂ ਵਿਚ ਰਹਿਣ ਵਾਲੇ ਕਥਿਤ ਅਗਾਂਹਵਧੂ, ਪਰ ਜੰਗਾਲੀ ਸੋਚ ਤੇ ਫਿਤਰਤ ਵਾਲੇ ਇਨ੍ਹਾਂ ਲੀਡਰਾਂ ਜਾਂ ਘੜੰਮ ਚੌਧਰੀਆਂ ਦੀਆਂ ਅਜਿਹੀਆਂ ਹਿਕਾਰਤ ਭਰੀਆਂ ਹਰਕਤਾਂ ਦਾ ਗੁਰੂ ਘਰ ਜਾਣ ਵਾਲੇ ਸਿੱਖ ਕਦੋਂ ਨੋਟਿਸ ਲੈਣਗੇ ਅਤੇ ਇਨ੍ਹਾਂ ਤੋਂ ਛੁਟਕਾਰੇ ਬਾਰੇ ਕੁਝ ਸੋਚਣਗੇ ਜਾਂ ਫਿਰ ਰੱਬੀ ਕਰੋਪ ਤੋਂ ਡਰਦੇ ਇਹ ਸਭ ਹਰਕਤਾਂ ਨੂੰ ਵੀ ਰੱਬੀ ਭਾਣਾ ਮੰਨ ਕੇ ਸਬਰ ਕਰ ਲੈਣਗੇ? ਹਾਕਮ ਸਿੰਘ ਦਾ ਲੇਖ ‘ਸਿੱਖ ਧਰਮ ਵਿਚ ਪਰਸਪਰ ਵਿਰੋਧ ਕਿਉਂ ਹੈ’ ਬਹੁਤ ਹੀ ਅਰਥ ਪੂਰਕ ਹੈ, ਪਰ ਜੇ ਸਿੱਖ ਇਸ ਵਿਚ ਬਿਆਨੇ ਤੱਥਾਂ ‘ਤੇ ਗਹੁ ਨਾਲ ਵਿਚਾਰ ਕਰਨ। ਇਸ ਵਿਚ ਲੇਖਕ ਨੇ ਸੰਖੇਪ ਵਿਚ ਬਹੁਤ ਕੁਝ ਕਿਹਾ ਹੈ। ਲੋੜ ਹੈ, ਇਨ੍ਹਾਂ ‘ਤੇ ਖੁਲ੍ਹੇ ਦਿਮਾਗ ਨਾਲ ਨਿਰਭਉ ਹੋ ਕੇ ਵਿਚਾਰ ਕਰਨ ਦੀ।
ਅੰਤਿਕਾ ਪਰ ਅੰਤ ਨਹੀਂ। ਇਸ ਵੇਲੇ ਉਨ੍ਹਾਂ ਸਿੱਖਾਂ ਨੂੰ, ਜੋ ਸਿੱਖ ਧਰਮ ਨੂੰ ਅਸਲ ਸਰੂਪ ਵਿਚ ਪ੍ਰਫੁਲਤ ਤੇ ਸੰਸਾਰ ਵਿਚ ਵਿਸਤਾਰ ਕਰਦਾ ਵੇਖਣਾ ਲੋਚਦੇ ਹਨ, ਉਨ੍ਹਾਂ ਨੂੰ ਇਸ ਨੁਕਤੇ ‘ਤੇ ਵੀ ਵਿਚਾਰ ਕਰਨਾ ਬਣਦਾ ਹੈ ਕਿ ‘ਪੰਜਾਬ ਟਾਈਮਜ਼’ ਜਿਹੇ ਵਿਰਵੇ ਤੇ ਨਿਰਭਉ ਪਲੈਟਫਾਰਮ ਨੂੰ ਕਿਵੇਂ ਵਧੇਰੇ ਮਜ਼ਬੂਤ ਤੇ ਵੱਡਾ ਬਣਾਇਆ ਜਾ ਸਕੇ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਹੋਰ ਦੂਜਾ ਵਿਕਲਪ ਨਹੀਂ ਹੈ। ਨਾ ਹੀ ਕਿਸੇ ਦੀ ਐਨੀ ਦੂਰ ਦ੍ਰਿਸ਼ਟੀ ਹੈ, ਨਾ ਹੀ ਜਿਗਰਾ, ਜੋ ਸਿੱਖ, ਸਿੱਖ ਧਰਮ, ਪੰਜਾਬ ਅਤੇ ਪੰਜਾਬੀਅਤ ਨੂੰ ਦਰਪੇਸ਼ ਸਮੱਸਿਆਵਾਂ ਨੂੰ ਇੰਨੇ ਬੇਲਾਗ ਢੰਗ ਨਾਲ ਪੇਸ਼ ਕਰ ਸਕੇ। ਇਸ ਵਿਸ਼ੇ ‘ਤੇ ਵੀ ਗੱਲ ਹੋਣੀ ਬਣਦੀ ਹੈ, ਕਿਉਂਕਿ ਇਹ ਪ੍ਰਚਾਰ ਦਾ ਯੁਗ ਹੈ।