ਪ੍ਰਤੀਬੱਧਤਾ ਦਾ ਪ੍ਰਗੀਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਗੁਣਾਂ ਦੀ ਪੋਟਲੀ ਛੰਡਦਿਆਂ ਗੁਣਵੰਤਾ ਦੀ ਗਾਥਾ ਛੋਹੀ ਸੀ, “ਗੁਣਾਂ ਨਾਲ ਹੀ ਗੁਣਵੰਤਾ ਅਤੇ ਗੂੜ੍ਹ-ਗਿਆਨੀ ਦਾ ਮਰਤਬਾ ਹਾਸਲ ਹੁੰਦਾ। ਮਨੁੱਖ ਨੇ ਗੁਣਵੰਤਾ ਹੋ ਕੇ ਆਪਣੀ ਪਛਾਣ ਬਣਾਉਣੀ ਜਾਂ ਗਵਾਰ ਹੋ ਕੇ ਪਛਾਣ ਦੀ ਬੇਖੁਦੀ ਨੂੰ ਹੰਢਾਉਣਾ, ਇਹ ਮਨੁੱਖ ‘ਤੇ ਨਿਰਭਰ।…ਕੋਈ ਸਰਬ-ਗੁਣੀ ਸੰਪੂਰਨ ਨਹੀਂ ਹੁੰਦਾ।

ਹਰੇਕ ਵਿਚ ਕੁਝ ਕਮੀਆਂ, ਖਾਮੀਆਂ ਜਾਂ ਕੁਝ ਕੋਹਜ ਹੁੰਦੇ, ਪਰ ਇਹ ਮਨੁੱਖ ‘ਤੇ ਨਿਰਭਰ ਕਰਦਾ ਏ ਕਿ ਉਸ ਨੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਨਾ ਕਿ ਮਾੜੇ ਗੁਣਾਂ ਦੀ ਕੁਸੰਗਤੀ ‘ਚੋਂ ਆਪਣੇ ਜੀਵਨ ਨੂੰ ਹੀ ਦਾਅ ‘ਤੇ ਲਾਉਣਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਪ੍ਰਤੀਬੱਧਤਾ ਦੀ ਪੂਣੀ ਕੱਤਦਿਆਂ ਛਿੱਕੂ ਵਿਚ ਪ੍ਰਗੀਤ ਦੇ ਗਲੋਟੇ ਸਜਾਏ ਹਨ। ਉਨ੍ਹਾਂ ਦੀ ਤਾਕੀਦ ਹੈ, “ਪ੍ਰਤੀਬੱਧਤਾ ਅੰਤਰੀਵੀ ਹੋਵੇ, ਸੁੱਚਮ ਨਾਲ ਭਰਪੂਰ ਹੋਵੇ, ਪਾਕੀਜ਼ ਹੋਵੇ ਅਤੇ ਰੂਹਾਨੀ ਹੋਵੇ ਤਾਂ ਮਨੁੱਖ ਨੂੰ ਨਵੀਂ ਪਛਾਣ ਮਿਲਦੀ, ਪਰ ਜੇ ਪ੍ਰਤੀਬੱਧਤਾ ਨਾਪਾਕ ਹੋਵੇ, ਕਾਲਖੀ ਹੋਵੇ, ਓਪਰੀ ਹੋਵੇ ਅਤੇ ਦਿਖਾਵੇ ਤੀਕ ਸੀਮਤ ਹੋਵੇ ਤਾਂ ਇਸ ਦੇ ਕੋਈ ਅਰਥ ਨਹੀਂ।” ਉਹ ਕਹਿੰਦੇ ਹਨ, “ਪ੍ਰਤੀਬੱਧਤਾ ਤਹਿਜ਼ੀਬ ਹੈ, ਤਤਪਰਤਾ ਹੈ, ਤਮੰਨਾਵਾਂ ਦੀ ਪੂਰਤੀ ਦਾ ਰਿਆਜ਼ ਹੈ, ਨਿਰੰਤਰਤਾ ਪੈਦਾ ਕਰਨ ਦਾ ਅੰਦਾਜ਼ ਹੈ ਤੇ ਸੁਰਬੱਧਤਾ ਵਿਚ ਵੱਜ ਰਿਹਾ ਸੰਦਲਾ ਸਾਜ਼ ਹੈ ਅਤੇ ਜੀਵਨ-ਮਾਰਗ ਦਾ ਰਾਗ ਹੈ।…ਪ੍ਰਤੀਬੱਧਤਾ ਸਭ ਤੋਂ ਜਰੂਰੀ ਹੈ, ਮਨੁੱਖ ਦੀ ਖੁਦ ਨਾਲ। ਜੇ ਮਨੁੱਖ ਖੁਦ ਨਾਲ ਹੀ ਪ੍ਰਤੀਬੱਧ ਨਹੀਂ ਹੋਵੇਗਾ ਤਾਂ ਉਸ ਕਿਸ ਨਾਲ ਪ੍ਰਤੀਬੱਧ ਹੋ ਸਕਦਾ?” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਪ੍ਰਤੀਬੱਧਤਾ ਸਰੋਕਾਰਾਂ, ਸੰਭਾਵਨਾਵਾਂ, ਸੁਪਨਿਆਂ, ਸਮਰੱਥਾਵਾਂ, ਸਮਝਦਾਰੀ, ਸਿਆਣਪ, ਸਾਧਨਾ ਅਤੇ ਸਿਰੜ ਦੀ ਸਮਰਪਣ ਭਰੀ ਸੰਵੇਦਨਾ। ਇਸ ਵਿਚੋਂ ਹੀ ਮਿਲਦੀ ਹੈ-ਸਮੁੰਦਰ ਵਰਗੀ ਵਿਸ਼ਾਲਤਾ, ਪਰਬਤਾਂ ਵਰਗੀ ਸਿਖਰਤਾ, ਸੂਰਜਾਂ ਵਰਗਾ ਤੱਪ-ਤੇਜ਼ ਅਤੇ ਦਰਿਆਵਾਂ ਜਿਹੀ ਰਵਾਨਗੀ।
ਪ੍ਰਤੀਬੱਧਤਾ ਤੇ ਸਮਰਪਣ ਸਮ-ਅਰਥੀ, ਸਮ-ਭਾਵੀ ਅਤੇ ਸਮ-ਦ੍ਰਿਸ਼ਟੀਕੋਣੇ; ਪਰ ਸਮਰਪਣ ਨਾਲੋਂ ਪ੍ਰਤੀਬੱਧਤਾ ਜ਼ਿਆਦਾ ਅਹਿਮ, ਖਾਸ ਅਤੇ ਪਲੇਠਾ ਗੁਣ।
ਪ੍ਰਤੀਬੱਧਤਾ ਵਿਚਾਰ, ਵਿਹਾਰ, ਵਰਤੋਂ ਅਤੇ ਵਿਸਥਾਰ ਨਾਲ ਜੁੜੀ ਮਨੁੱਖੀ ਸੋਚ ਅਤੇ ਜੀਵਨੀ ਕਰਮ-ਧਰਾਤਲ ਨਾਲ ਗੂੜ੍ਹਾ ਸਬੰਧ। ਪ੍ਰਤੀਬੱਧਤਾ ਇਕਮਿੱਕਤਾ, ਇਕਸਾਰਤਾ ਅਤੇ ਸਹਿਹੋਂਦ ਵਿਚੋਂ ਨਵੀਂ ਪਛਾਣ, ਪਹਿਲ, ਪਗਡੰਡੀਆਂ ਅਤੇ ਪ੍ਰਾਪਤੀਆਂ ਦੇ ਇਤਿਹਾਸ ਦੀ ਸਿਰਜਣਾ।
ਪ੍ਰਤੀਬੱਧਤਾ ਵਿਚੋਂ ਹੀ ਸੁਪਨਿਆਂ ਨੂੰ ਪਰਵਾਜ਼, ਕਦਮਾਂ ਵਿਚ ਉਤਸ਼ਾਹ, ਸੋਚਾਂ ਵਿਚ ਹੁਲਾਸ ਅਤੇ ਖੁਦ ‘ਤੇ ਵਿਸ਼ਵਾਸ ਅਤੇ ਅੰਬਰਾਂ ਨੂੰ ਹੱਥ ਲਾਉਣ ਦਾ ਅਭਾਸ। ਪ੍ਰਤੀਬੱਧਤਾ, ਮਨੁੱਖੀ ਸੋਚ ਦਾ ਫੈਲਾਅ, ਸੁਪਨ ਦਿਸਹੱਦਿਆਂ ਨੂੰ ਨਵੀਆਂ ਦਿਸ਼ਾਵਾਂ, ਧਾਰਨਾਵਾਂ ਅਤੇ ਸਿਰਲੇਖਾਂ ਰਾਹੀਂ ਮਿਲਣ ਵਾਲੀ ਮਾਨਤਾ।
ਪ੍ਰਤੀਬੱਧਤਾ ਸਮੂਹ ਮਾਨਵੀ ਸ਼ਕਤੀਆਂ ਨੂੰ ਕੇਂਦਰਤ ਕਰਨਾ, ਖਾਸ ਉਦੇਸ਼ ਵੰਨੀਂ ਪ੍ਰੇਰਤ ਹੋਣਾ ਅਤੇ ਇਸ ਦੀ ਪ੍ਰਾਪਤੀ ਤੀਕ ਖੁਦ ਵਿਚੋਂ ਖੁਦ ਨੂੰ ਮਨਫੀ ਕਰਨਾ। ਮਨ ਵਿਚ ਸਿਰਫ ਟੀਚਾ ਹੀ ਪਰਿਕਰਮਾ ਕਰਦਾ।
ਪ੍ਰਤੀਬੱਧਤਾ ਮਨ ਦੀ ਪਕਿਆਈ, ਕਰਮ ਵਿਚ ਸਿਰੜ ਤੇ ਕਦਮਾਂ ਲਈ ਠੋਸ ਧਰਾਤਲ। ਪੈੜਾਂ ਵਿਚ ਧਰਤੀ ਨਾਲ ਜੁੜੇ ਰਹਿ ਕੇ ਨਵੀਆਂ ਰਾਹਾਂ ਦੀ ਨਿਸ਼ਾਨਦੇਹੀ ਅਤੇ ਨਰੋਏ ਨਕਸ਼ ਉਲੀਕਣ ਦਾ ਨਾਮ।
ਪ੍ਰਤੀਬੱਧਤਾ ਮਨ-ਵਾਦੀ, ਸਰਬਭਾਵੀ, ਅੰਤਰੀਵੀ ਅਤੇ ਬਾਹਰੀ ਵੀ। ਖੁਦ ਨਾਲ ਵੀ ਅਤੇ ਸਮਾਜ ਨਾਲ ਵੀ। ਬਹੁਤ ਸਾਰੀਆਂ ਹਨ ਇਸ ਦੀਆਂ ਪਰਤਾਂ, ਪ੍ਰਤੀਕ ਅਤੇ ਪਹਿਲੁਨਾਵਾਂ। ਬਹੁਤ ਹਨ ਇਸ ਦੇ ਰੰਗ-ਢੰਗ, ਅਵਾਜ਼-ਨਾਦ ਅਤੇ ਅਨਾਦੀ ਵਿਹਾਰ।
ਪ੍ਰਤੀਬੱਧਤਾ ਸਿਰਫ ਮਨੁੱਖ ਦੀ ਮਨੁੱਖ ਨਾਲ ਹੀ ਨਹੀਂ ਹੁੰਦੀ। ਇਹ ਤਾਂ ਮਨੁੱਖੀ ਵਿਹਾਰ ਵਿਚੋਂ ਪਨਪਦੀ ਕਿ ਉਸ ਦਾ ਆਪਣੇ ਆਲੇ-ਦੁਆਲੇ ਨਾਲ ਕਿਹੋ ਜਿਹਾ ਵਰਤਾਓ? ਕੁਦਰਤ ਨੂੰ ਕਿਹੜੀ ਅੱਖ ਨਾਲ ਦੇਖਦੀ? ਕਾਇਨਾਤ ਦਾ ਕਿਸ ਤਰ੍ਹਾਂ ਵਿਸ਼ਲੇਸ਼ਣ ਕਰਨਾ ਚਾਹੁੰਦਾ? ਕਿਹੜੇ ਰੂਪ ਵਿਚ ਸਮਾਜਕ ਚੇਤਨਾ ਨੂੰ ਵਿਸਥਾਰਨਾ ਅਤੇ ਵਿਕਸਿਤ ਕਰਨਾ ਚਾਹੁੰਦਾ?
ਪ੍ਰਤੀਬੱਧਤਾ ਅੰਤਰੀਵੀ ਹੋਵੇ, ਸੁੱਚਮ ਨਾਲ ਭਰਪੂਰ ਹੋਵੇ, ਪਾਕੀਜ਼ ਹੋਵੇ ਅਤੇ ਰੂਹਾਨੀ ਹੋਵੇ ਤਾਂ ਮਨੁੱਖ ਨੂੰ ਨਵੀਂ ਪਛਾਣ ਮਿਲਦੀ, ਪਰ ਜੇ ਪ੍ਰਤੀਬੱਧਤਾ ਨਾਪਾਕ ਹੋਵੇ, ਕਾਲਖੀ ਹੋਵੇ, ਓਪਰੀ ਹੋਵੇ ਅਤੇ ਦਿਖਾਵੇ ਤੀਕ ਸੀਮਤ ਹੋਵੇ ਤਾਂ ਇਸ ਦੇ ਕੋਈ ਅਰਥ ਨਹੀਂ। ਸਗੋਂ ਅਜਿਹੀ ਪ੍ਰਤੀਬੱਧਤਾ ਕੁਰੀਤੀਆਂ, ਕੁਕਰਮਾਂ ਅਤੇ ਕਮੀਨਗੀਆਂ ਨੂੰ ਜਨਮ ਦਿੰਦੀ। ਕਈ ਵਾਰ ਤਾਂ ਇਹ ਕਤਲਾਂ, ਕੁਹਰਾਮ ਜਾਂ ਕੀਰਨਿਆਂ ਦੀ ਤ੍ਰਾਸਦੀ ਹੰਢਾਉਣ ਲਈ ਵੀ ਮਜਬੂਰ ਕਰਦੀ।
ਪ੍ਰਤੀਬੱਧਤਾ ਕਿਸ ਨਾਲ ਹੈ? ਕਿਸ ਮਕਸਦ ਨੂੰ ਮੁਖਾਤਬ ਹੈ? ਇਸ ਦੇ ਦੂਰਰੱਸ ਸਿਟਿਆਂ ਦੇ ਕੀ ਅਰਥ ਹੋ ਸਕਦੇ? ਇਸ ਵਿਚੋਂ ਸਮਾਜ ਤੇ ਸਰੋਕਾਰਾਂ ਨੂੰ ਕੀ ਨਵੀਂ ਦਿੱਖ ਮਿਲਦੀ ਹੈ, ਆਦਿ ਬਹੁਤ ਕੁਝ ਹੁੰਦਾ ਏ ਪ੍ਰਤੀਬੱਧਤਾ ਦੀ ਤਹਿ ਵਿਚ ਛੁਪਿਆ।
ਪ੍ਰਤੀਬੱਧਤਾ ਮਨੁੱਖ ਦਾ ਸ਼ਖਸੀ ਗੁਣ, ਜੋ ਮਨੁੱਖ ਦੀ ਸਮੁੱਚਤਾ ਨੂੰ ਪਰਿਭਾਸ਼ਤ ਕਰਦਾ। ਵਿਅਕਤੀਤਵ ਨੂੰ ਵਿਲੱਖਣਤਾ ਅਤੇ ਵਿਕੋਲਿਤਰਾਪਣ ਬਖਸ਼ਦਾ। ਮਨੁੱਖ ਨੇ ਇਨਸਾਨ ਬਣਨ ਵੰਨੀਂ ਕਦਮ ਉਠਾਉਣੇ ਜਾਂ ਹੈਵਾਨੀਅਤ ਨੂੰ ਅਕੀਦਾ ਬਣਾਉਣਾ ਆਦਿ ਵੀ ਪ੍ਰਤੀਬੱਧਤਾ ਦੀ ਕਿਸਮ ਹੀ ਨਿਸ਼ਚਿਤ ਕਰਦੀ।
ਪ੍ਰਤੀਬੱਧਤਾ, ਵਿਚਾਰਾਂ ਨਾਲ ਤੇ ਕਰਮ ਨਾਲ, ਸੋਚ ਵਿਚ ਵੀ ਤੇ ਸੁਪਨਿਆਂ ਵਿਚ ਵੀ, ਸੰਦੇਸ਼ ਵਿਚ ਵੀ ਤੇ ਸੇਧ ਵਿਚ ਵੀ, ਸਮਝਣ ਤੇ ਸਮਝਾਉਣ ਵਿਚ ਵੀ ਅਤੇ ਸਿੱਿਖਆ ਦੇਣ ਤੇ ਸਿਖਿਆ ਪ੍ਰਾਪਤ ਕਰਨ ਵਿਚ ਵੀ।
ਪ੍ਰਤੀਬੱਧ ਲੋਕ ਜੀਵਨ ਬੁਲੰਦੀਆਂ ਦਾ ਨਾਮਕਰਨ। ਤਵਾਰੀਖ ਵਿਚ ਸਨਮਾਨ ਅਤੇ ਮਾਣ ਮਿਲਦਾ। ਉਹ ਸਮਾਜਕ ਸਰੋਕਾਰਾਂ ਨੂੰ ਪ੍ਰਣਾਏ ਖੁਦ ਅਤੇ ਸਮਾਜ ਦੇ ਅਕੀਦਿਆਂ ਨੂੰ ਲਗਨ ਤੇ ਮਿਹਨਤ ਨਾਲ ਨਵੀਆਂ ਤਰਜ਼ੀਹਾਂ ਦਿੰਦੇ, ਜਿਸ ਵਿਚੋਂ ਨਵੀਂ ਤਹਿਰੀਕ ਜਨਮਦੀ।
ਪ੍ਰਤੀਬੱਧਤਾ ਸਭ ਤੋਂ ਜਰੂਰੀ ਹੈ, ਮਨੁੱਖ ਦੀ ਖੁਦ ਨਾਲ। ਜੇ ਮਨੁੱਖ ਖੁਦ ਨਾਲ ਹੀ ਪ੍ਰਤੀਬੱਧ ਨਹੀਂ ਹੋਵੇਗਾ ਤਾਂ ਉਸ ਕਿਸ ਨਾਲ ਪ੍ਰਤੀਬੱਧ ਹੋ ਸਕਦਾ?
ਪ੍ਰਤੀਬੱਧਤਾ ਯਕੀਨ ਦਾ ਨਾਮ, ਆਸ ਪੂਰਨਤਾ ਦੀ ਆਸਥਾ ਅਤੇ ਵਿਸ਼ਵਾਸ ਵਿਚ ਦ੍ਰਿੜਤਾ ਦਾ ਸੰਕਲਪ। ਸੁਪਨਿਆਂ ਲਈ ਸੰਪੂਰਨਤਾ ਅਤੇ ਹਾਸਲਤਾ ਦੇ ਨੈਣਾਂ ਵਿਚ ਉਗਣ ਵਾਲੇ ਸੂਰਜਾਂ ਦੀ ਤਫਸੀਲ।
ਪ੍ਰਤੀਬੱਧਤਾ, ਨਵੇਂ ਪੈਗਾਮਾਂ ਅਤੇ ਪ੍ਰੇਰਨਾਵਾਂ ਦਾ ਮਨ ਵਿਚ ਰੁੱਸ਼ਨਾਅ। ਚਾਨਣ ਨਾਲ ਧੋਤੀਆਂ ਰਾਹਵਾਂ ਦੀ ਭਾਲ। ਮਨੁੱਖ ਨੂੰ ਆਪਣੇ ਸੁਪਨਿਆਂ ਪ੍ਰਤੀ ਸਪੱਸ਼ਟਤਾ ਤੇ ਸੇਧਤ ਸਿਰਨਾਵਿਆਂ ਦੀ ਸੂਚੀ ਤੇ ਸਮਾਂ-ਬੱਧਤਾ ਮਿਲਦੀ।
ਪ੍ਰਤੀਬੱਧ ਜਦ ਮਨੁੱਖ ਆਪਣੇ ਆਪ ਨਾਲ ਹੁੰਦਾ ਤਾਂ ਉਹ ਆਪਣੀ ਰੂਹ ਸਾਹਵੇਂ ਪਾਰਦਰਸ਼ੀ। ਝੂਠ ਨਹੀਂ ਬੋਲਦਾ, ਕਪਟ ਨਹੀਂ ਕਰਦਾ ਅਤੇ ਨਾ ਹੀ ਕੋਝੀਆਂ ਚਾਲਾਂ ਵਿਚੋਂ ਨਿੱਜੀ ਮੁਫਾਦ ਦੀ ਪੂਰਤੀ ਲਈ ਕਮੀਨੀਆਂ ਸ਼ਰਾਰਤਾਂ ਜਾਂ ਹਰਕਤਾਂ ਨਾਲ ਥੋੜ੍ਹ-ਚਿਰੀਆਂ ਪ੍ਰਾਪਤੀਆਂ ਨੂੰ ਆਪਣੀਆ ਅਹਿਮ ਪ੍ਰਾਪਤੀਆਂ ਸਮਝਦਾ।
ਉਤਸ਼ਾਹ, ਉਮੀਦ, ਆਸ ਅਤੇ ਆਸਥਾ ਪ੍ਰਤੀ ਪ੍ਰਤੀਬੱਧ ਵਿਅਕਤੀ ਨੂੰ ਇਹ ਵਿਸ਼ਵਾਸ ਹੁੰਦਾ ਕਿ ਮਜ਼ਿਲਾਂ ਉਸ ਦੇ ਕਦਮਾਂ ਦੀ ਉਡੀਕ ਕਰ ਰਹੀਆਂ ਨੇ। ਉਹ ਆਪਣੀ ਘਾਲਣਾ ਨਾਲ ਨਵੀਂਆਂ ਨਕੋਰ ਸੰਭਾਵਨਾਵਾਂ ਨੂੰ ਸੱਚ ਕਰਦਾ।
ਪ੍ਰਤੀਬੱਧ ਤਾਂ ਮਨੁੱਖ ਦਾ ਆਪਣੇ ਧਾਰਮਿਕ ਅਕੀਦੇ ਪ੍ਰਤੀ ਹੋਣਾ ਲਾਜ਼ਮੀ; ਪਰ ਧਰਮ ਅਜਿਹਾ, ਜੋ ਪ੍ਰੇਮ ਭਾਵਨਾ ਦਾ ਸੰਦੇਸ਼ ਦੇਵੇ, ਸਰਬਸੁੱਖਨਤਾ ਦੀ ਹਾਮੀ ਭਰੇ ਅਤੇ ਸਰੱਬਤ ਦੇ ਭਲੇ ਦੀ ਕਾਮਨਾ ਕਰੇ। ਧਰਮ ਅਜਿਹਾ ਨਾ ਹੋਵੇ ਕਿ ਉਹ ਧਰਮਾਂ ਵਿਚ ਨਫਰਤ ਫੈਲਾਵੇ, ਹਿੰਸਾ ਤੇ ਨਫਰਤ ਦੀਆਂ ਕੰਧਾਂ ਉਸਾਰੇ ਅਤੇ ਸੋਚ-ਦਾਇਰਿਆਂ ਨੂੰ ਸੀਮਤ ਕਰੇ। ਧਰਮ ਦੇ ਨਾਂ ‘ਤੇ ਮਨੁੱਖੀ ਖੂਨ ਨਾਲ ਹੱਥ ਰੰਗਣ ਵਾਲੇ ਲੋਕ ਤਾਂ ਧਰਮ ਦੇ ਮਖੌਟੇ ਵਿਚ ਪਾਖੰਡੀ ਅਤੇ ਜ਼ਾਹਲ ਹੋ ਸਕਦੇ। ਅਜਿਹੇ ਅਧਰਮੀ ਲੋਕਾਂ ਨੇ ਧਰਮ ਨੂੰ ਬਹੁਤ ਬਦਨਾਮ ਕੀਤਾ ਏ।
ਪ੍ਰਤੀਬੱਧ ਹੋਵੋ ਆਪਣੇ ਪਰਿਵਾਰ ਨਾਲ, ਰਿਸ਼ਤਿਆਂ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਬਾਰੇ। ਪਰਿਵਾਰਕ ਫਰਜ਼ਾਂ ਪ੍ਰਤੀ, ਕਦਰਾਂ-ਕੀਮਤਾਂ ਨੂੰ ਨਵੇਂ ਦਿਸਹੱਦੇ ਅਤੇ ਅਰੋਗਤਾ ਬਖਸ਼ਣ ਲਈ। ਪਰਿਵਾਰ ਦੀ ਉਚੇਰੀ ਮਾਣ-ਮਰਿਆਦਾ ਨੂੰ ਚਿਰਸਦੀਵਤਾ ਅਤੇ ਸਥਾਈਪਣ ਬਖਸ਼ਣ ਪ੍ਰਤੀ। ਕਦੇ ਵੀ ਪਰਿਵਾਰਕ ਰਹਿਤਲ ਨੂੰ ਜ਼ਰਜ਼ਰੀ ਕਰਨ ਅਤੇ ਅਮੀਰ ਪਰੰਪਰਾਵਾਂ ਨੂੰ ਰੂੜੀਵਾਦੀ ਕਹਿ ਕੇ ਭੰਡਣ ਅਤੇ ਇਸ ਦੀਆਂ ਨੀਂਹਾਂ ਨੂੰ ਖੋਖਲਾ ਕਰਨ ਪ੍ਰਤੀ ਕਦੇ ਵੀ ਖੁਦ ਨੂੰ ਪ੍ਰਤੀਬੱਧ ਨਾ ਕਰੋ।
ਪ੍ਰਤੀਬੱਧ ਹੋਵੋ ਤਾਂ ਕਿ ਸਮਾਜ ਦੀਆਂ ਥੋਥੀਆਂ ਤੇ ਮਾੜੀਆਂ ਰਹੁਰੀਤਾਂ ਅਤੇ ਰਿਵਾਜਾਂ ਨੂੰ ਨਕਾਰਿਆ ਜਾਵੇ, ਪਰ ਇਸ ਦੀ ਉਤਮ ਤੇ ਅਮੀਰ ਗੁਣਵੰਤਾ ਨੂੰ ਕਦੇ ਨਾ ਦੁਰਕਾਰੋ, ਕਿਉਂਕਿ ਇਨ੍ਹਾਂ ਨੂੰ ਦੁਰਕਾਰਨ ‘ਤੇ ਤੁਸੀਂ ਖੁਦ ਵੀ ਦੁਰਕਾਰੇ ਜਾਵੋਗੇ।
ਪ੍ਰਤੀਬੱਧ ਹੋਣਾ ਹੀ ਚਾਹੀਦਾ ਹੈ ਆਪਣੀ ਕੌਮ ਤੇ ਦੇਸ਼ ਪ੍ਰਤੀ ਤਾਂ ਕਿ ਇਸ ਦੇ ਮਾਣ-ਸਨਮਾਨ, ਪ੍ਰਸਿੱਧੀ ਅਤੇ ਪ੍ਰਾਪਤੀਆਂ ਨੂੰ ਕੋਈ ਆਂਚ ਨਾ ਆਵੇ, ਪਰ ਜੋ ਲੋਕ ਪ੍ਰਤੀਬੱਧ ਹੁੰਦੇ ਨੇ ਦੇਸ਼ ਨੂੰ ਲੁੱਟਣ ਤੇ ਉਜਾੜਨ ਲਈ, ਕੌਮ ਦੀ ਬੋਲੀ ਲਾਉਣ ਅਤੇ ਕੌਮ ਨੂੰ ਵੇਚ ਕੇ ਨਿੱਜੀ ਸਲਤਨਤਾਂ ਉਸਾਰਨ ਵਾਲੇ, ਉਹ ਕੌਮ ਜਾਂ ਦੇਸ਼ ਦੇ ਗੱਦਾਰ ਹੁੰਦੇ। ਉਨ੍ਹਾਂ ਲਈ ਸਵਾਰਥਹੀਣ ਪ੍ਰਤੀਬੱਧਤਾ ਅਰਥਹੀਣ ਹੁੰਦੀ।
ਪ੍ਰਤੀਬੱਧਤਾ ਅਜੋਕੇ ਸਮੇਂ ਵਿਚ ਬਹੁਤ ਹੀ ਅਚੰਭਤ ਚੀਜ਼, ਦੁਰਲੱਭ ਮਨੁੱਖੀ ਗੁਣ। ਕਿਤੇ ਕਿਤੇ ਹੀ ਨਜ਼ਰ ਆਉਂਦੀ ਵਰਤਾਰੇ ਵਿਚ। ਵਿਰਲਿਆਂ ਵਿਚ ਦਿੱਸਦਾ ਪ੍ਰਤੀਬੱਧ ਵਿਹਾਰ। ਹਰੇਕ ਹੀ ਪ੍ਰਤੀਬੱਧਤਾ ਨੂੰ ਵਿਕਾਊ ਸਮਝ ਕੇ, ਇਸ ਦੀ ਬੋਲੀ ਲਾਉਣ ਅਤੇ ਬੋਲੀ ਦੇਣ ਲਈ ਕਾਹਲਾ।
ਪ੍ਰਤੀਬੱਧਤਾ ਦੀ ਅਣਹੋਂਦ ਸਿਰਫ ਸਮਾਜ ਜਾਂ ਪਰਿਵਾਰ ਵਿਚ ਹੀ ਨਹੀਂ। ਸਗੋਂ ਵਿਦਵਾਨਾਂ, ਰਾਜਨੇਤਾਵਾਂ, ਧਾਰਮਿਕ ਆਗੂਆਂ ਅਤੇ ਜੀਵਨ ਦੇ ਹਰੇਕ ਖੇਤਰ ਵਿਚ ਹਾਜ਼ਰ-ਨਾਜ਼ਰ। ਸਿਰਫ ਮਾਤਰਾ ਘੱਟ ਵੱਧ ਹੋ ਸਕਦੀ। ਜਿਹੜੀ ਕੌਮ, ਕਬੀਲਾ ਜਾਂ ਵਿਚਾਰਧਾਰਾ ਪ੍ਰਤੀਬੱਧਤਾ ਤੋਂ ਹੀਣੀ ਹੋ ਜਾਂਦੀ, ਉਸ ਦਾ ਮਰਸੀਆਂ ਪੜ੍ਹਨ ਲਈ ਤਿਆਰ ਰਹਿਣਾ ਚਾਹੀਦਾ।
ਪ੍ਰਤੀਬੱਧਤਾ ਸਾਹਿਤ, ਸਭਿਆਚਾਰ, ਸੰਸਥਾਵਾਂ ਜਾਂ ਸਾਹਿਤਕਾਰਾਂ ਵਿਚੋਂ ਵੀ ਹੌਲੀ ਹੌਲੀ ਅਲੋਪ ਹੋ ਰਹੀ ਹੈ, ਜੋ ਮੌਜੂਦਾ ਅਧੋਗਤੀ ਦਾ ਸੂਚਕ। ਜਦ ਕੋਈ ਵਿਦਵਾਨ ਕਿਸੇ ਕਿਰਤ ਦੀ ਥਾਂ ਧੜਿਆਂ ਨਾਲ ਪ੍ਰਤੀਬੱਧ ਹੁੰਦਾ, ਵਿਚਾਰ ਦੀ ਥਾਂ ਸਥਾਪਤ ਫਰੇਮ ਵਿਚ ਹੀ ਲਿਖਤ ਨੂੰ ਪਰਖਣ ਦੀ ਕੋਸ਼ਿਸ਼ ਕਰਦਾ ਜਾਂ ਕਿਸੇ ਨੂੰ ਨੀਵਾਂ ਜਾਂ ਉਚੇਰਾ ਦਿਖਾਉਣ ਲਈ ਖਾਸ ਮਾਪਦੰਡ ਨਿਰਧਾਰਤ ਕਰਦਾ ਤਾਂ ਉਹ ਕਦੇ ਵੀ ਕਿਰਤ ਦੀ ਸੁੱਚਮਤਾ ਅਤੇ ਉਚਤਮਤਾ ਪ੍ਰਤੀ ਪ੍ਰਤੀਬੱਧ ਨਹੀਂ ਹੁੰਦਾ। ਸਗੋਂ ਉਹ ਆਪਣੇ ਮਨ ਵਿਚ ਪਾਲੇ ਹੋਏ ਕਿਸੇ ਖਾਸ ਭਰਮ, ਭੁਲੇਖੇ ਜਾਂ ਮਕਸਦ ਪ੍ਰਤੀ ਹੀ ਪ੍ਰਤੀਬੱਧ ਹੁੰਦਾ।
ਪ੍ਰਤੀਬੱਧਤਾ ਆਪਣੇ ਕੰਮ ਨਾਲ ਹੋਵੇ ਤਾਂ ਕੰਮ ਕਰਨ ਦਾ ਲੁਤਫ ਆਉਂਦਾ। ਕਿੱਤੇ ਅਤੇ ਕਰਮ ਵਿਚੋਂ ਖੁਸ਼ੀ ਅਤੇ ਖੇੜਿਆਂ ਦੀ ਖੇਤੀ ਕਰਨ ਵਾਲੇ ਲੋਕ ਹੀ ਆਪਣੇ ਅਦਾਰੇ ਜਾਂ ਸੰਸਥਾ ਨੂੰ ਨਵੀਆਂ ਪ੍ਰਾਪਤੀਆਂ ਨਾਲ ਨਿਵਾਜਦੇ। ਉਹ ਸੰਸਥਾ ਲਈ ਹੀ ਨਹੀਂ, ਸਗੋਂ ਖੁਦ ਲਈ ਵੀ ਮਾਣ ਹੁੰਦੇ।
ਬਹੁਤ ਘੱਟ ਲੋਕ ਨੇ ਜੋ ਆਪਣੇ ਸੁਪਨਿਆਂ ਨਾਲ ਪ੍ਰਤੀਬੱਧ ਹੁੰਦੇ। ਜਦ ਸੁਪਨਿਆਂ ਨਾਲ ਪ੍ਰਤੀਬੱਧਤਾ ਮਰ ਜਾਂਦੀ ਤਾਂ ਸਿਸਕਦੇ ਨੇ ਸੁਪਨੇ ਅਤੇ ਰੋਂਦੀਆਂ ਨੇ ਸਫਲਤਾਵਾਂ ਤੇ ਸਿਰਲੇਖਾਂ ਨੂੰ ਨਮੋਸ਼ੀ ਉਠਾਉਣੀ ਪੈਂਦੀ।
ਪ੍ਰਤੀਬੱਧਤਾ ਜਦ ਪਰਿਵਾਰ ਨਾਲ ਨਾ ਹੁੰਦੀ ਤਾਂ ਨਾਜਾਇਜ਼ ਰਿਸ਼ਤਿਆਂ ਦਾ ਮੁੱਢ ਬੱਝਦਾ ਅਤੇ ਕਪਟੀ ਚਾਲਾਂ ਚੱਲੀਆਂ ਜਾਂਦੀਆਂ। ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਚਰਿੱਤਰ ਦਾ ਚੀਰ ਹਰਨ ਕੀਤਾ ਜਾਂਦਾ। ਮਿੱਤਰ-ਮੋਢਿਆਂ ਨੂੰ ਮਾਰ ਪੈਂਦੀ। ਚੀੜ੍ਹੀਆਂ ਯਾਰੀਆਂ ਵੀ ਤਿੱੜਕ ਜਾਂਦੀਆਂ। ਖੂਨ ਦਾ ਰੰਗ ਸਫੈਦ ਹੋ ਜਾਂਦਾ। ਸਾਂਝੇ ਘਰ ਦੀਆਂ ਨੀਂਹਾਂ ਵਿਚ ਆਪਣਿਆਂ ਨੂੰ ਚਿਣਿਆ ਜਾਂਦਾ ਅਤੇ ਭਰਾ ਹੀ ਭਰਾਂ ਨੂੰ ਵੱਟ ਹੇਠ ਦੱਬਦਾ।
ਪ੍ਰਤੀਬੱਧਤਾ ਪਰਖਦੀ ਹੈ ਮਰਦਾਨਗੀ ਨੂੰ, ਪਛਾਣਦੀ ਹੈ ਮਨੁੱਖੀ ਮਨ ਵਿਚ ਵੱਸਦੀ ਮਾਨਵਤਾ ਨੂੰ, ਪ੍ਰੇਰਦੀ ਹੈ ਅਬੋਧ ਮਨਾਂ ਨੂੰ ਅਤੇ ਮਹਿਕਣ ਲਾਉਂਦੀ ਹੈ ਮਨ ਦੀਆਂ ਉਜਾੜ ਬਸਤੀਆਂ ਨੂੰ।
ਪ੍ਰਤੀਬੱਧਤਾ ਹੁੰਦੀ ਏ ਅਧਿਆਪਕ ਦੀ, ਜਦ ਉਸ ਦੇ ਸ਼ਾਗਿਰਦਾਂ ਦੇ ਮਨਾਂ ਵਿਚ ਅੱਖਰ-ਜੋਤ ਜਗਦੀ। ਪੂਰਨਿਆਂ ਵਿਚੋਂ ਜਗਦੇ ਨੇ ਜੁਗਨੂੰ ਅਤੇ ਬਸਤਿਆਂ ਵਿਚੋਂ ਉਡਣਾ ਲੋਚਦੀਆਂ ਸੁਪਨ-ਉਡਾਣਾਂ ਨੂੰ ਨਵੇਂ ਅੰਦਾਜ਼ ਵਿਚ ਪਰਵਾਜ਼ ਮਿਲਦੀ। ਉਹ ਦੁਨਿਆਵੀ ਖੇਤਰ ਵਿਚ ਕਰਮ-ਧਰਮ ਦੀ ਕਿਰਤ-ਵਿਰਤ ਕਰੇਂਦੇ, ਆਪਣਾ ਨਾਮ ਵੀ ਰੁਸ਼ਨਾਉਂਦੇ ਅਤੇ ਆਪਣੇ ਰਾਹ-ਦਸੇਰਿਆਂ ਲਈ ਵੀ ਮਾਣਮੱਤਾ ਸ਼ਰਫ ਬਣਦੇ।
ਪ੍ਰਤੀਬੱਧਤਾ ਨੂੰ ਮਖੌਟਾ ਨਾ ਬਣਾਓ। ਮਜਬੂਰੀ ਨਾ ਸਮਝੋ। ਨਾ ਹੀ ਇਸ ਨੂੰ ਮਾਂਗਵੀਂ ਧਾੜ ਸਮਝ ਕੇ ਕਦੇ ਕਦਾਈ ਹਾਕ ਮਾਰੋ। ੀeਸ ਨੂੰ ਜੀਵਨ-ਅਕੀਦਾ ਬਣਾਓ।
ਪ੍ਰਤੀਬੱਧਤਾ ਮਨੁੱਖ ਲਈ ਮੂਲ-ਮੰਤਰ ਅਤੇ ਜੀਵਨ-ਮੁਹਾਰਨੀ। ੀeਸ ਦੀ ਰੱਟ ਵਿਚੋਂ ਹੀ ਮਨੁੱਖ ਨੂੰ ਰਮਜ਼ਾਂ, ਰੂਹਾਂ ਅਤੇ ਰੰਗਰੇਜ਼ਤਾ ਦਾ ਅਹਿਸਾਸ ਹੁੰਦਾ। ਰੂਹ ਵਿਚ ਰਚੀ ਪ੍ਰਤੀਬੱਧਤਾ ਦਾ ਮਜੀਠੀ ਰੰਗ ਸਦੀਵ ਅਤੇ ਅਮਿੱਟ।
ਪ੍ਰਤੀਬੱਧਤਾ ਉਦਾਸੀਆਂ ਵਿਚ ਕੇਹੀ ਉਤਰੀ ਕਿ ਬਾਬੇ ਨਾਨਕ ਨੇ ਉਦਾਸੀਆਂ ਨੂੰ ਹੀ ਜੀਵਨ ਦਾ ਮੁੱਖ ਉਦੇਸ਼ ਬਣਾ ਕੇ ਲੋਕਾਈ ਦੇ ਦੁੱਖ-ਦਰਦਾਂ ਨੂੰ ਰਾਹਤ ਦੇਣ ਅਤੇ ਉਨ੍ਹਾਂ ਦੀ ਸੋਚ-ਜੂਹ ਵਿਚ ਤਾਰਿਆਂ ਦੀਆਂ ਕਲਮਾਂ ਲਾਉਣ ਦਾ ਉਚਾ ਤੇ ਸੁੱਚਾ ਕਾਰਜ ਕੀਤਾ, ਜਿਸ ਨੇ ਇਤਿਹਾਸ ਨੂੰ ਨਵਾਂ ਮੋੜ ਅਤੇ ਨਵੀਂ ਵਿਚਾਰਧਾਰਾ ਨੂੰ ਜੀਵਨ-ਸ਼ੈਲੀ ਦੇ ਨਾਮ ਕੀਤਾ।
ਪ੍ਰਤੀਬੱਧਤਾ ਮੌਲਕਤਾ, ਮਨ-ਮੌਜਤਾ, ਮਨੁੱਖਤਾ, ਮਹਿਰਮੀ ਜਾਂ ਮਿਹਨਤ-ਮੁਸ਼ੱਕਤ ਨਾਲ ਹੁੰਦੀ ਤਾਂ ਇਸ ਵਿਚੋਂ ਸੁ.ਭ-ਕਰਮਨ ਦੇ ਸੂਹੇ ਫੁੱਲ ਉਗਦੇ। ੀeਸ ਦੀ ਮਹਿਕ ਵਿਚ ਓਤ-ਪੋਤ ਹੋ ਜਾਂਦੀ ਮਨੁੱਖੀ ਮਨ ਦੀ ਬਾਗ-ਬਗੀਚੀ ਅਤੇ ਰੰਗਾਂ ਨਾਲ ਲਬਰੇਜ਼ ਹੋ ਜਾਂਦੀ ਫਿਜ਼ਾਈ ਰੰਗਤ।
ਪ੍ਰਤੀਬੱਧਤਾ ਦਾ ਅਜ਼ੀਮ ਤੇ ਅਨੂਠਾ ਰੂਪ ਹੁੰਦਾ ਏ, ਜਦ ਕੋਈ ਫਕੀਰ ਵਜਦ ਵਿਚ ਆਪਣੀ ਰੂਹ ਦੀਆਂ ਬਾਤਾਂ ਪਾਉਂਦਾ, ਅੱਲ੍ਹਾ ਯਾਰ ਨੂੰ ਧਿਆਉਂਦਾ ਅਤੇ ਉਸ ਦੀ ਜੁਸਤਜੂ ਵਿਚ ਫੱਕਰਤਾ ਦੀਆਂ ਝੂਮਰਾਂ ਪਾਉਂਦਾ।
ਪ੍ਰਤੀਬੱਧਤਾ ਜਦ ਜਜ਼ਬਾਤ, ਜਜ਼ਬਿਆਂ ਅਤੇ ਜ਼ਰੂਰਤਾਂ ਤੋਂ ਹੁੰਦੀ ਹੋਈ ਜਿਉਣ ਅਤੇ ਜਿੱਤਾਂ ਵੰਨੀਂ ਪੱਬ ਉਠਾਉਂਦੀ ਤਾਂ ਆਪਣੀ ਹੋਂਦ ਤੇ ਹਾਸਲ ਵਿਚੋਂ ਅਸੀਮ ਅਤੇ ਅਨੰਤ ਬਰਕਤਾਂ ਨੂੰ ਆਪਣੀ ਝੋਲੀ ਵਿਚ ਪਵਾਉਂਦੀ।
ਪ੍ਰਤੀਬੱਧਤਾ ਜਦ ਸ਼ਬਦਾਂ ਵਿਚ ਸਮਾਉਂਦੀ, ਅਰਥਾਂ ਨੂੰ ਆਪਣਾ ਅਦਬ ਬਣਾਉਂਦੀ ਅਤੇ ਸੱਚ ਦੀ ਸਦਾਕਤ ਨਾਲ ਇਬਾਰਤ ਨੂੰ ਇਬਾਦਤ ਬਣਾਉਂਦੀ ਤਾਂ ਇਹ ਤਹਿਜ਼ੀਬ ਦੇ ਵਰਕਿਆਂ ‘ਤੇ ਦੇਸੀ ਘਿਓ ਦੇ ਦੀਵੇ ਜਗਾਉਂਦੀ। ਇਸ ਦੀ ਰੌਸ਼ਨੀ ਵਿਚ ਖੁਦ ਵੀ ਜਗਮਾਉਂਦੀ ਅਤੇ ਆਲੇ-ਦੁਆਲੇ ਨੂੰ ਵੀ ਚੁੰਧਿਆਉਂਦੀ।
ਪ੍ਰਤੀਬੱਧਤਾ ਨਾਲ ਕਦੇ ਸਮਝੌਤਾ ਨਾ ਕਰੋ। ਨਾ ਹੀ ਇਸ ਦੀ ਬੋਲੀ ਲਾਓ ਅਤੇ ਨਾ ਹੀ ਇਸ ਨੂੰ ਹੈਂਕੜ-ਹੰਕਾਰ ਬਣਾਓ। ਮਰ ਜਾਂਦਾ ਏ ਮਨੁੱਖ ਜਦ ਉਹ ਆਪਣੇ ਗੁਣਾਂ ਨੂੰ ਤਰਾਜੂ ਵਿਚ ਤੋਲਦਾ ਅਤੇ ਆਪਣੇ ਸ਼ਖਸੀ ਬਿੰਬ ਨੂੰ ਪੈਰਾਂ ਹੇਠ ਰੋਲਦਾ।
ਪ੍ਰਤੀਬੱਧਤਾ ਜਦ ਮਰਦੀ ਤਾਂ ਮਰ ਜਾਂਦੀ ਇਨਸਾਨੀਅਤ ਅਤੇ ਫਿਰ ਇਨਸਾਨ, ਮਨੁੱਖ ਵੀ ਨਹੀਂ ਰਹਿੰਦਾ। ਤਦ ਸਾਹ ਬਖਸ਼ਣ ਵਾਲਾ ਡਾਕਟਰ ਬਣਦਾ ਏ ਕਾਤਲ, ਧਰਮੀ ਆਗੂ ਬਣਦਾ ਏ ਕੂੜ ਦਾ ਵਪਾਰੀ, ਕਿਰਸਾਨ ਬਣ ਜਾਂਦਾ ਏ ਜ਼ਹਿਰ ਦਾ ਵਣਜਾਰਾ, ਅਧਿਆਪਕ ਬਣਦਾ ਏ ਨਿੱਜੀ ਲਾਭ-ਪੂਰਤੀ ਦਾ ਹੱਕਦਾਰ, ਰਾਜਨੇਤਾ ਬਣਦਾ ਨੇ ਸੁਪਨਈ ਸੰਸਾਰ ਦਾ ਥੋਕ ਵਿਕਰੇਤਾ ਅਤੇ ਪ੍ਰੇਮੀ ਬਣਦਾ ਏ ਪਾਖੰਡੀ।
ਪ੍ਰਤੀਬੱਧਤ ਦਿਖਾਵਾ ਨਹੀਂ। ਇਹ ਤੁਹਾਡੇ ਸਮੁੱਚ ਵਿਚੋਂ ਉਦੈ ਹੁੰਦੀ। ਇਕ ਕਲਾਸ ਵਿਚ ਇਕ ਵਿਦਿਆਰਥੀ ਦੀ ਘੜੀ ਗਵਾਚ ਜਾਂਦੀ ਏ ਅਤੇ ਉਹ ਅਧਿਆਪਕ ਨੂੰ ਗਵਾਚੀ ਘੜੀ ਬਾਰੇ ਦੱਸਦਾ ਹੈ। ਘੜੀ ਨੂੰ ਲੱਭਣ ਲਈ ਅਧਿਆਪਕ ਇਕ ਤਰਕੀਬ ਬਣਾਉਂਦਾ ਹੈ। ਉਹ ਸਾਰੇ ਵਿਦਿਆਰਥੀਆਂ ਨੂੰ ਅੱਖਾਂ ਤੇ ਪੱਟੀ ਬੰਨਣ ਲਈ ਕਹਿੰਦਾ ਹੈ। ਹਰ ਵਿਦਿਆਰਥੀ ਦੀ ਤਲਾਸ਼ੀ ਲੈਂਦਿਆਂ ਇਕ ਵਿਦਿਆਰਥੀ ਦੀ ਜੇਬ ਵਿਚੋਂ ਘੜੀ ਲੱਭ ਲੈਂਦਾ ਏ ਅਤੇ ਜਿਸ ਦੀ ਘੜੀ ਹੁੰਦੀ ਹੈ, ਉਸ ਨੂੰ ਦੇ ਦਿੰਦਾ ਹੈ; ਪਰ ਚੋਰੀ ਕਰਨ ਵਾਲੇ ਵਿਦਿਆਰਥੀ ਬਾਰੇ ਕੁਝ ਨਹੀਂ ਬੋਲਦਾ। ਕੁਝ ਸਾਲਾਂ ਬਾਅਦ ਇਕ ਸਮਾਗਮ ਦੌਰਾਨ ਸ਼ਹਿਰ ਦਾ ਨਾਮੀ-ਗਰਾਮੀ ਨੌਜਵਾਨ ਉਸ ਦੇ ਕਦਮਾਂ ਵਿਚ ਝੁੱਕਦਾ ਹੈ ਅਤੇ ਨਿਮਰਤਾ ਸਹਿਤ ਦੱਸਦਾ ਹੈ, ਤੁਸੀਂ ਮੇਰੇ ਜੀਵਨ-ਦਾਨੀ ਹੋ। ਅਧਿਆਪਕ ਅਚੰਭਤ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤਾਂ ਉਸ ਨੂੰ ਜਾਣਦਾ ਨਹੀਂ। ਤੇ ਫਿਰ ਨੌਜਵਾਨ ਦੱਸਦਾ ਹੈ ਕਿ ਮੈਂ ਉਹੀ ਵਿਆਰਥੀ ਹਾਂ, ਜਿਸ ਨੇ ਘੜੀ ਚੋਰੀ ਕੀਤੀ ਸੀ। ਮੈਂ ਉਸ ਵਕਤ ਮਨ ਨਾਲ ਫੈਸਲਾ ਕੀਤਾ ਸੀ ਕਿ ਜੇ ਕਲਾਸ ਨੂੰ ਮੇਰੀ ਚੋਰੀ ਬਾਰੇ ਪਤਾ ਲੱਗ ਗਿਆ ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ। ਅਧਿਆਪਕ ਨੌਜਵਾਨ ਨੂੰ ਰਾਜ਼ ਦੀ ਗੱਲ ਦੱਸਦਿਆਂ ਕਹਿੰਦਾ ਹੈ ਕਿ ਤਲਾਸ਼ੀ ਦੌਰਾਨ ਮੈਂ ਵੀ ਅੱਖਾਂ ਤੇ ਪੱਟੀ ਬੱਧੀ ਹੋਈ ਸੀ। ਮੈਨੂੰ ਤਾਂ ਆਪ ਵੀ ਪਤਾ ਨਹੀਂ ਕਿ ਕਿਸ ਨੇ ਘੜੀ ਚੁਰਾਈ ਸੀ? ਇਹ ਹੈ ਅਧਿਆਪਕ ਦੀ ਖੁਦ ਨਾਲ, ਆਪਣੇ ਕਿੱਤੇ ਅਤੇ ਆਪਣੇ ਵਿਦਿਅਰਥੀਆਂ ਦੇ ਸਰਬਮੁੱਖੀ ਵਿਕਾਸ ਪ੍ਰਤੀ ਪ੍ਰਤੀਬੱਧਤਾ। ਉਸ ਦਾ ਅਕੀਦਾ ਸੀ ਕਿ ਕਿਸੇ ਵਿਦਿਆਰਥੀ ਦੇ ਮਨ ‘ਤੇ ਸੱਟ ਨਾ ਲੱਗੇ, ਉਸ ਦਾ ਵਿਅਕਤੀਤਵ ਦਾਗੀ ਨਾ ਹੋਵੇ ਅਤੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਤੇ ਨਮੋਸ਼ੀ ਨਾ ਹੰਢਾਉਣੀ ਪਵੇ। ਕਿੰਨੇ ਕੁ ਨੇ ਅਜਿਹੇ ਪ੍ਰਤੀਬੱਧ ਅਧਿਆਪਕ?
ਪਾਕ ਪ੍ਰਤੀਬੱਧਤਾ ਵਿਚੋਂ ਨਿਮਰਤਾ, ਰਹਿਮਦਿਲੀ, ਰਹਿਮਤ, ਹਲੀਮੀ ਅਤੇ ਹੱਸਮੁੱਖਤਾ ਉਗਮਦੀ। ਇਨ੍ਹਾਂ ਨਾਲ ਹੀ ਜੱਚਦੀ ਏ ਸੁੱਚੇ ਰੰਗਾਂ ਦੀ ਰੰਗੋਲੀ। ਪ੍ਰਤੀਬੱਧਤਾ ਜਦ ਪਿਆਰ, ਪਾਹੁਲ ਅਤੇ ਪਵਿੱਤਰ ਦੀ ਹਾਮੀ ਭਰਦੀ ਤਾਂ ਇਹ ਕਦੇ ਨਹੀਂ ਹਰਦੀ ਅਤੇ ਮਰ ਕੇ ਵੀ ਨਹੀਂ ਮਰਦੀ।
ਪ੍ਰਤੀਬੱਧਤਾ ਪ੍ਰੇਰਨਾ ਵਿਚੋਂ ਪੈਦਾ ਹੁੰਦੀ। ਇਹ ਵਿਸ਼ਾਲਦੀ ਹੈ ਸੋਚ ਦੇ ਦਿੱਸਹੱਦੇ, ਆਸਵੰਤਾ ਦੀਆਂ ਪੂਰੀਆਂ ਹੁੰਦੀਆਂ ਨੇ ਉਮੀਦਾਂ ਅਤੇ ਪ੍ਰਗਟਦਾ ਏ ਸੁਪਨਿਆਂ ਦਾ ਸੱਚ।
ਪ੍ਰਤੀਬੱਧਤਾ ਤੋਂ ਬਿਨਾ ਵਾਅਦਿਆਂ, ਕਸਮਾਂ, ਕਥਨੀ ਜਾਂ ਆਜ਼ਾਦੀ ਦੇ ਕੋਈ ਅਰਥ ਨਹੀਂ। ਘੜੀਆਂ ਸਕੀਮਾਂ, ਲਾਏ ਅੰਦਾਜ਼ੇ ਅਤੇ ਉਸਾਰੇ ਹਵਾਈ-ਮਹਿਲ ਢਹਿ ਜਾਂਦੇ ਨੇ ਬੜੀ ਜਲਦੀ।
ਪ੍ਰਤੀਬੱਧਤਾ ਇੱਛਾ-ਸ਼ਕਤੀ ਤੋਂ ਵੱਖਰੀ। ਇੱਛਾ-ਸ਼ਕਤੀ ਕਿੰਨੀ ਵੀ ਮਜ਼ਬੂਤ ਹੋਵੇ, ਪ੍ਰਾਪਤੀਆਂ ਸਿਰਫ ਪ੍ਰਤੀਬੱਧਤਾ ਸਦਕਾ ਹੀ ਸੰਭਵ ਹੁੰਦੀਆਂ।
ਪ੍ਰਤੀਬੱਧਤਾ ਕਦੇ ਵੀ ਅੱਧੀ, ਅਧੂਰੀ, ਅਸਾਵੀਂ, ਜਾਂ ਅਕਾਰਥ ਨਹੀਂ ਹੁੰਦੀ। ਪ੍ਰਤੀਬੱਧਤਾ ਹਮੇਸ਼ਾ ਪੂਰਨ ਅਤੇ ਅਰਥ-ਪੂਰਵਕ ਹੁੰਦੀ।
ਪ੍ਰਤੀਬੱਧ ਵਿਅਕਤੀ ਕੀਤੇ ਹੋਏ ਪ੍ਰਣ ਪੂਰੇ ਕਰਦਾ ਜਦੋਂ ਕਿ ਪ੍ਰਤੀਬੱਧਤਾ ਦੀ ਅਣਹੋਂਦ ਕਾਰਨ ਵਿਅਕਤੀ ਅਪੂਰਨ ਵਾਅਦਿਆਂ ਦੀ ਵਹਿੰਗੀ ਢੋਣ ਜੋਗਾ ਹੀ ਰਹਿ ਜਾਂਦਾ।
ਪ੍ਰਤੀਬੱਧ ਵਿਅਕਤੀ ਇਮਾਨਦਾਰੀ ਅਤੇ ਸਖਤ ਮਿਹਨਤ ਵਿਚੋਂ ਆਪਣਾ ਵੱਖਰਾ ਅਸਮਾਨ ਸਿਰਜਦਾ, ਜਦੋਂ ਕਿ ਆਪਣੇ ਆਪ ਤੋਂ ਹੀ ਬੇਮੁੱਖਤਾ ਕਾਰਨ ਇਕ ਵਿਅਕਤੀ ਆਪਣੇ ਪੈਰਾਂ ਹੇਠਲੀ ਥਾਂ ਵੀ ਗਵਾ ਲੈਂਦਾ।
ਪ੍ਰਤੀਬੱਧ ਵਿਅਕਤੀ ਦੀ ਜ਼ਿੰਦਗੀ ਦੇ ਵਰਕਿਆਂ ‘ਤੇ ਲਿਖੀ ਹੁੰਦੀ ਏ ਮਾਣਮੱਤੀ ਇਬਾਰਤ। ਇਸ ‘ਚੋਂ ਝਲਕਦੀ ਏ ਜ਼ਿੰਦਾਦਿਲੀ, ਜ਼ਰਾ-ਨਿਵਾਜ਼ੀ ਅਤੇ ਜਜ਼ਬਿਆਂ ਦੀ ਜ਼ਿਆਰਤ। ਅਜਿਹੀ ਜੀਵਨ-ਗਾਥਾ ਪਾਠਕ ਦੇ ਸੋਚ-ਦਾਇਰਿਆਂ ਨੂੰ ਰੌਸ਼ਨ ਕਰਦੀ, ਚੰਗਿਆਈ ਦੀ ਮਹਿਕ ਨੂੰ ਆਲੇ-ਦੁਆਲੇ ਦੇ ਨਾਮ ਕਰਦੀ।
ਪ੍ਰਤੀਬੱਧਤਾ ਪੈਮਾਨਾ ਹੈ ਮਨੁੱਖੀ ਵਿਕਾਸ ਦਾ, ਉਸ ਦੇ ਹਿੱਸੇ ਦੇ ਅਕਾਸ਼ ਦਾ, ਉਸ ਦੇ ਮਨ ਵਿਚ ਉਪਜੇ ਧਰਵਾਸ ਅਤੇ ਅਸਰ-ਅੰਦਾਜ਼ ਅਰਦਾਸ ਦਾ, ਕਿਉਂਕਿ ਮਨੁੱਖ ਵਿਚ ਹੁੰਦੀਆਂ ਨੇ ਅਸੀਮਤ ਸੰਭਾਵਨਾਵਾਂ, ਸਮਰੱਥਾਵਾਂ, ਸਿਰੜ ਸਾਧਨਾਵਾਂ ਅਤੇ ਸਮਰਪਣ ਨੂੰ ਸਥਾਪਤੀ ਬਣਾਉਣ ਲਈ ਉਲਰਦੀਆਂ ਬਾਹਵਾਂ।
ਪ੍ਰਤੀਬੱਧਤਾ ਜੀਵਨ-ਦਾਨ ਹੈ। ਅੱਖਰ-ਬੋਧ ਦਾ ਗਿਆਨ ਹੈ। ਸਵੈ ਦੀ ਪਛਾਣ ਹੈ। ਆਪਣੇ ਹਿੱਸੇ ਦਾ ਆਪੂੰ ਸਿਰਜਿਆ ਅਸਮਾਨ ਹੈ, ਜਿਸ ਵਿਚ ਭਰਨੀ ਏ ਮਨੁੱਖ ਨੇ ਸੁਪਨ-ਉਡਾਣ।
ਪ੍ਰਤੀਬੱਧਤਾ ਤਹਿਜ਼ੀਬ ਹੈ, ਤਤਪਰਤਾ ਹੈ, ਤਮੰਨਾਵਾਂ ਦੀ ਪੂਰਤੀ ਦਾ ਰਿਆਜ਼ ਹੈ, ਨਿਰੰਤਰਤਾ ਪੈਦਾ ਕਰਨ ਦਾ ਅੰਦਾਜ਼ ਹੈ ਤੇ ਸੁਰਬੱਧਤਾ ਵਿਚ ਵੱਜ ਰਿਹਾ ਸੰਦਲਾ ਸਾਜ਼ ਹੈ ਅਤੇ ਜੀਵਨ-ਮਾਰਗ ਦਾ ਰਾਗ ਹੈ।