ਜਸਵੰਤ ਸਿੰਘ ਕੰਵਲ ਦਾ ਖੇਡ ਪ੍ਰੇਮ

ਪ੍ਰਿੰ. ਸਰਵਣ ਸਿੰਘ
ਜਸਵੰਤ ਸਿੰਘ ਕੰਵਲ ਨੂੰ ਵਾਰਸ ਦੀ ਹੀਰ ਸੁਣਨ ਵਾਂਗ ਖੇਡਾਂ ਵੇਖਣ ਦਾ ਵੀ ਸ਼ੌਕ ਸੀ। ਉਹ ਖੁਦ ਵਾਲੀਵਾਲ ਖੇਡਿਆ, ਕਬੱਡੀ ਦੇ ਅੰਗ-ਸੰਗ ਰਿਹਾ ਅਤੇ ਢੁੱਡੀਕੇ ਤੋਂ ਸਾਊਥਾਲ ਤਕ ਕਬੱਡੀ ਮੈਚਾਂ ਦਾ ਰੈਫਰੀ ਬਣਿਆ। ਢੁੱਡੀਕੇ ਦੇ ਖੇਡ ਮੇਲੇ ਵਿਚ ਅਸੀਂ ‘ਕੱਠੇ ਕੁਮੈਂਟਰੀ ਕਰਦੇ ਤੇ ਕਬੱਡੀ ਦੇ ਮੈਚ ਖਿਡਾਉਂਦੇ। ਕੁਮੈਂਟਰੀ ਕਰਦਿਆਂ ਉਸ ਨੂੰ ਖਿਡਾਰੀਆਂ ਦੇ ਨਾਂ ਯਾਦ ਨਾ ਰਹਿੰਦੇ। ਉਹਦੇ ਲਈ ਖਿਡਾਰੀ ਦੇ ਕੱਛੇ ਦਾ ਰੰਗ ਹੀ ਖਿਡਾਰੀ ਦਾ ਨਾਂ ਹੁੰਦਾ। ਉਹ ਚਿੱਟੇ ਰੰਗ ਦੇ ਕੱਛੇ ਵਾਲੇ ਨੂੰ ਅਮਨ ਦਾ ਦੂਤ ਆਖਦਾ ਤੇ ਲਾਲ ਰੰਗ ਦੇ ਕੱਛੇ ਵਾਲੇ ਨੂੰ ਇਨਕਲਾਬੀ ਜੋਧਾ।

ਫਿਰ ਕਦੇ ਬੱਗਿਆਂ ਨੂੰ ਭੰਡਦਾ, ਕਦੇ ਨੀਲਿਆਂ ਨੂੰ ਤੇ ਕਦੇ ਲਾਲਾਂ ਨੂੰ ਵੀ ਨਾ ਬਖਸ਼ਦਾ। ਇਕ ਵਾਰ ਅਸੀਂ ਵਿਸਲਾਂ ਫੜੀ ਕਬੱਡੀ ਮੈਚ ਖਿਡਾ ਰਹੇ ਸਾਂ। ਕੁਦਰਤੀ ਕੰਵਲ, ਕੁਇੰਟਲ ਦੇ ਧੱਕੜ ਧਾਵੀ ਦੀ ਫੇਟ ਵਿਚ ਆ ਗਿਆ, ਜਿਸ ਨਾਲ ਸੱਠ ਪੈਂਹਠ ਕਿੱਲੋ ਦੇ ਕੰਵਲ ਦੀਆਂ ਲੋਟ ਪੋਟਣੀਆਂ ਲੱਗ ਗਈਆਂ। ਉਹਦੀ ਪੱਗ ਲਹਿ ਗਈ, ਗੁਲੂਬੰਦ ਖੁੱਲ੍ਹ ਗਿਆ, ਘੜੀ ਡਿੱਗ ਪਈ ਪਰ ਅਸ਼ਕੇ ਕੰਵਲ ਦੇ ਕਿ ਵਿਸਲ ਉਹਦੇ ਮੂੰਹ ਵਿਚ ਹੀ ਰਹੀ। ਉਸ ਨੇ ਵਿਸਲ ਵਜਾ ਕੇ ਪੁਆਇੰਟ ਦਿੱਤਾ ਅਤੇ ਪੱਗ ਲੱਕ ਦੁਆਲੇ ਲਪੇਟ ਕੇ ਅਗਲੀ ਕੌਡੀ ਪੁਆਉਣ ਲੱਗਾ। ਕਬੱਡੀ ਨਾਲ ਅਜਿਹਾ ਇਸ਼ਕ ਸੀ ਬਾਈ ਕੰਵਲ ਦਾ!
ਕੰਵਲ ਦੀ ਕਪਤਾਨੀ ਵਿਚ ਢੁੱਡੀਕੇ ਦੀ ਵਾਲੀਬਾਲ ਟੀਮ ਟੂਰਨਾਮੈਂਟਾਂ ਦੇ ਕੱਪ ਜਿੱਤਦੀ ਰਹੀ। ਕੱਦ ਦਾ ਲੰਮਾ ਹੋਣ ਕਰਕੇ ਉਹ ਸਭ ਤੋਂ ਉੱਚਾ ਬੁੜ੍ਹਕ ਕੇ ਵਾਲੀ ਮਾਰਦਾ। ਕਬੱਡੀ ਨੂੰ ਤਾਂ ਉਹ ਜਨੂੰਨ ਦੀ ਹੱਦ ਤਕ ਪਿਆਰ ਕਰਦਾ ਸੀ। ਉਸ ਨੇ ਲਿਖਿਆ, “ਪੰਜਾਬ ਵਿਚ ਮਾਂ ਖੇਡ ਕਬੱਡੀ ਦਾ ਕੋਈ ਮੁਕਾਬਲਾ ਨਹੀਂ। ਖੇਡਾਂ ਪ੍ਰਤੀ ਪੰਜਾਬ ਦੀ ਭੁੱਖੀ ਰੂਹ ਖੇਡ ਮੇਲਿਆਂ ਨਾਲ ਹੀ ਤ੍ਰਿਪਤ ਹੋ ਸਕਦੀ ਹੈ। ਮੇਰੇ ਪਿੰਡ ਢੁੱਡੀਕੇ ਲੜਾਈਆਂ ਝਗੜੇ ਤੇ ਕਤਲ ਹੋਏ ਰਹਿੰਦੇ ਸਨ। ਲੋਕ ਖੁੰਢਾਂ ਉਤੇ ਵੈਲੀਆਂ, ਕਾਤਲਾਂ ਤੇ ਡਕੈਤਾਂ ਦੀਆਂ ਗੱਲਾਂ ਕਰਿਆ ਕਰਦੇ ਸਨ। ਮੈਂ ਸੋਚਿਆ, ਸਾਡੇ ਪਿੰਡ ਨੇ ਗਦਰ ਪਾਰਟੀ ਦੇ ਸ਼ਹੀਦ ਪੈਦਾ ਕੀਤੇ। ਅਕਾਲੀ ਸ਼ਹੀਦ ਅਤੇ ਲਾਲਾ ਲਾਜਪਤ ਰਾਏ ਆਦਿ ਨੇ ਆਜ਼ਾਦੀ ਦੀ ਜੰਗ ਵਿਚ ਅਨਮੋਲ ਹਿੱਸਾ ਪਾਇਆ ਹੈ। ਇਸ ਪਿਛੋਕੜ ਵਾਲੇ ਪਿੰਡ ਦੇ ਲੋਕਾਂ ਦੀ ਸੋਚ ਨੂੰ ਕਿਵੇਂ ਬਦਲਿਆ ਜਾਵੇ?
“ਮੈਂ ਆਪਣੇ ਪਿੰਡਾਂ ਦੇ ਪੰਦਰਾਂ ਵੀਹ ਨੌਜੁਆਨਾਂ ਨੂੰ ਜੋੜ ਕੇ ਸਕੂਲ ਦਿੱਤਾ ਕਿ ਅਸੀਂ ਆਪਣੇ ਪਿੰਡ ਦੀ ਸੋਚ ਤੇ ਨੁਹਾਰ ਬਦਲਣੀ ਹੈ। ਮੈਂ ਸੁਝਾਅ ਦਿੱਤਾ, ਪਿੰਡ ਦੇ ਸ਼ਹੀਦਾਂ ਦੇ ਨਾਂ ‘ਤੇ ਖੇਡ ਮੇਲਾ ਲਾਇਆ ਜਾਵੇ। ਉਸ ਖੇਡ ਮੇਲੇ ਵਿਚ ਕਬੱਡੀ ਪਹਿਲੇ ਨੰਬਰ ‘ਤੇ ਰੱਖੀ ਜਾਵੇ। ਫਿਰ ਕੀ ਸੀ, ਖੇਡ ਮੇਲਾ ਵੇਖਣ ਵਾਲੇ ਹਜ਼ਾਰਾਂ ਖੇਡ ਪ੍ਰੇਮੀਆਂ ਦਾ ਇਕੱਠ ਸਾਂਭਣਾ ਔਖਾ ਹੋ ਗਿਆ। ਪਿੰਡ ਦੇ ਲੋਕਾਂ ਦੀ ਰੌਅ ਉਸਾਰੂ ਪਾਸੇ ਤੋਰਨ ਵਿਚ ਅਸੀਂ ਕਾਮਯਾਬ ਹੋ ਗਏ। ਕੁਝ ਸਾਲਾਂ ਵਿਚ ਹੀ ਪ੍ਰਾਇਮਰੀ ਸਕੂਲ ਤੋਂ ਕਾਲਜ, ਸੜਕਾਂ, ਪੱਕੀਆਂ ਬੀਹੀਆਂ, ਵਾਟਰ ਵਰਕਸ, ਹੈਲਥ ਸੈਂਟਰ, ਡਾਕ ਘਰ, ਤਾਰ ਤੇ ਟੈਲੀਫੋਨ ਆਦਿ ਦੀਆਂ ਸਹੂਲਤਾਂ ਖੜ੍ਹੀਆਂ ਕਰ ਲਈਆਂ। ਇਹ ਸਭ ਕੁਝ ਕਬੱਡੀ ਮੈਚਾਂ ਦੇ ਇਕੱਠ ਨਾਲ ਲੋਕਾਂ ਦਾ ਧਿਆਨ ਉਸਾਰੂ ਪਾਸੇ ਲਾਉਣ ਨਾਲ ਹੋਇਆ। ਖੇਡ ਮੇਲੇ ਦੇ ਬਹਾਨੇ ਰਾਜਸੀ ਨੇਤਾ ਸੱਦੇ ਜਾਣ ਲੱਗੇ, ਜਿਨ੍ਹਾਂ ਦੇ ਸਹਿਯੋਗ ਨਾਲ ਪੰਚਾਇਤ ਨੇ ਪਿੰਡ ਦੀ ਕਾਇਆ ਪਲਟ ਕੇ ਰੱਖ ਦਿੱਤੀ। ਇਹ ਫਾਰਮੂਲਾ ਕੌਮੀ ਪੱਧਰ ‘ਤੇ ਵੀ ਲਾਗੂ ਕੀਤਾ ਜਾ ਸਕਦਾ ਹੈ।”
ਕੰਵਲ ਨੇ ਆਪਣੇ ਨਾਵਲ ‘ਪੂਰਨਮਾਸ਼ੀ’ ਵਿਚ ਕਪੂਰਿਆਂ ਦੇ ਮੇਲੇ ‘ਚ ਪੰਜਾਬ ਦੀ ਦੇਸੀ ਖੇਡ ਬੋਰੀ ਚੁੱਕਣ ਦੇ ਮੁਕਾਬਲੇ ਦਾ ਵਰਣਨ ਇੰਜ ਕੀਤਾ, “ਰੂਪ ਹੋਰਾਂ ਦੀ ਢਾਣੀ ਵਿਖਰ ਕੇ ਫਿਰ ਜੁੜ ਗਈ। ਉਨ੍ਹਾਂ ਮੇਲੇ ਦੇ ਦੂਜੇ ਪਾਸੇ ਬੋਰੀ ਅਤੇ ਮੁਗਧਰ ਚੁੱਕਣ ਵਾਲਿਆਂ ਦਾ ਖੁੱਲ੍ਹਾ ਖਾੜਾ ਬੰਨ੍ਹ ਲਿਆ। ਮੁਗਧਰ ਮੱਲਾਂ ਨੇ ਪਹਿਲੋਂ ਹੀ ਲਿਆਂਦੇ ਹੋਏ ਸਨ। ਸਾਢੇ ਚਾਰ ਮਣ ਪੱਕੇ ਦੀ ਬੋਰੀ ਵੀ ਠੋਕ ਠੋਕ ਕੇ ਭਰ ਲਈ ਗਈ। ਪੱਗਾਂ ਤੇ ਲੋਈਆਂ ਲਾਹ ਕੇ ਜਵਾਨ ਖਾੜੇ ਵਿਚ ਨਿਕਲ ਆਏ। ਮੁਗਧਰ ਚੁੱਕਣ ਵਾਲਿਆਂ ਨੇ ਲੱਕਾਂ ਨਾਲ ਚਾਦਰੇ ਕੱਸ ਕੇ ਬੰਨ੍ਹ ਲਏ। ਬੋਰੀ ਚੁੱਕਣ ਵਾਲਿਆਂ ਵਿਚ ਰੂਪ ਤੇ ਜਗੀਰ ਵੀ ਸਨ। ਰੂਪ ਦਾ ਭਰਿਆ, ਲੰਮਾ ਤੇ ਸੋਹਣਾ ਸਰੀਰ ਵੇਖ ਕੇ ਭੁੱਖ ਲਹਿੰਦੀ ਸੀ। ਖਾੜੇ ਦੀਆਂ ਨਜ਼ਰਾਂ ਉਹਦੇ ਪਿੱਛੇ ਹੀ ਭੌਂ ਰਹੀਆਂ ਸਨ। ਮੁਗਧਰ ਚੁੱਕੇ ਜਾਣ ਲੱਗੇ। ਜਗੀਰ ਤੇ ਰੂਪ ਦੇ ਮੁਕਾਬਲੇ ਵਿਚ ਬੋਰੀ ਚੁੱਕਣ ਵਾਲਿਆਂ ਦੀਆਂ ਦੋ ਜੋੜੀਆਂ ਸਨ। ਦੋ ਜੋੜੀਆਂ ਤੋਂ ਪਹਿਲੀ ਵਾਰੀ ਬਾਲਾ ਨਾ ਨਿਕਲਿਆ। ਫਿਰ ਜਗੀਰ ਤੇ ਰੂਪ ਦੀ ਵਾਰੀ ਆਈ। ਉਹ ਪਹਿਲੀ ਹੁਬਕਲੀ ਨਾਲ ਹੀ ਬੋਰੀ ਹਿੱਕ ਦੇ ਬਰਾਬਰ ਲੈ ਗਏ ਅਤੇ ਓਥੋਂ ਝੋਸਾ ਮਾਰ ਕੇ ਬਾਹਾਂ ਖੜ੍ਹੀਆਂ ਕਰ ਦਿੱਤੀਆਂ। ਇਕ ਵਾਰ ਸਾਰਾ ਖਾੜਾ ‘ਵਾਹ ਬਈ ਵਾਹ’ ਕਰ ਉਠਿਆ।”
ਕੰਵਲ ਦੇ ਨਾਵਲਾਂ ਵਿਚ ਖੇਡਾਂ ਦੇ ਦ੍ਰਿਸ਼ ਚਿਤਰਨ ਆਮ ਮਿਲਦੇ ਹਨ। ‘ਰੂਪ ਧਾਰਾ’ ਵਿਚ ਹਾਕੀ ਦੇ ਮੈਚ ਦਾ ਕਮਾਲ ਦਾ ਨਜ਼ਾਰਾ ਪੇਸ਼ ਕੀਤਾ ਹੈ। ਜੇ ‘ਪੂਰਨਮਾਸ਼ੀ’ ਦਾ ਰੂਪ, ਬੋਰੀ ਤੇ ਮੁਗਦਰ ਦਾ ਚੁਕਾਵਾ ਸੀ ਤਾਂ ‘ਰਾਤ ਬਾਕੀ ਹੈ’ ਦਾ ਚਰਨ, ਕਬੱਡੀ ਦਾ ਖਿਡਾਰੀ ਸੀ।
ਚਰਨ ਭਾਵੇਂ ਸਕੂਲ ਦੀਆਂ ਕਈ ਖੇਡਾਂ ‘ਚ ਹਿੱਸਾ ਲੈਂਦਾ ਸੀ, ਪਰ ਕੌਡੀ ਦੀ ਖੇਲ ਉਹਦੇ ਹੀ ਸਿਰ ‘ਤੇ ਸੀ। ਕੌਡੀ ਦਾ ਕੱਪ ਦੋ ਸਾਲ ਤੋਂ ਜੋਧਪੁਰ ਹਾਈ ਸਕੂਲ ਕੋਲ ਸੀ। ਪੜ੍ਹਾਈ ਬਹੁਤੀ ਕਰਨ ਕਰਕੇ ਚਰਨ ਦੀ ਸਿਹਤ ਕਮਜ਼ੋਰ ਪੈ ਗਈ ਸੀ। ਟੂਰਨਾਮੈਂਟ ਤੋਂ ਤਿੰਨ ਕੁ ਦਿਨ ਪਹਿਲਾਂ ਉਸ ਖੇਲ ਵਿਚ ਹੱਥ ਸਿੱਧੇ ਕੀਤੇ। ਸੈਮੀ ਫਾਈਨਲ ਵਿਚ ਖੇਲਦਿਆਂ ਲੋਕਾਂ ਜਾਣ ਲਿਆ ਕਿ ਚਰਨ ਦੀ ਖੇਲ ਅੱਗੇ ਨਾਲੋਂ ਬਹੁਤ ਢਿੱਲੀ ਪੈ ਗਈ ਹੈ। ਕਈਆਂ ਖਿਆਲ ਕੀਤਾ ਕਿ ਫਾਈਨਲ ਤਕੜੀ ਟੀਮ ਨਾਲ ਪੈਣਾ ਏ, ਚਰਨ ਆਪਣੀ ਖੇਲ ਲਕੋਅ ਰਿਹਾ ਏ। ਚਰਨ ਦੀ ਟੀਮ ਡਿੱਗਦੀ ਢਹਿੰਦੀ ਫਾਈਨਲ ਵਿਚ ਆ ਗਈ। ਹੁਣ ਸਾਰੇ ਸਕੂਲ ਦੀਆਂ ਆਸਾਂ ਚਰਨ ‘ਤੇ ਹੀ ਸਨ…।
ਗਰਾਊਂਡ ਵਿਚ ਲੀਕਾਂ ‘ਤੇ ਕਲੀ ਵਿਛਾਈ ਗਈ ਅਤੇ ਰੈਫਰੀ ਨੇ ਦੋਹਾਂ ਫਾਈਨਲ ਟੀਮਾਂ ਨੂੰ ਆਉਣ ਲਈ ਲੰਮੀ ਸੀਟੀ ਮਾਰੀ। ਖਿਲਾੜੀ ਪੱਟਾਂ ‘ਤੇ ਥਾਪੀਆਂ ਮਾਰਦੇ ਮੈਦਾਨ ਵਿਚ ਆ ਗਏ। ਰੈਫਰੀ ਨੇ ਘੜੀ ਵੇਖ ਕੇ ਖੇਡ ਸ਼ੁਰੂ ਕਰਵਾ ਦਿੱਤੀ। ਪਹਿਲੇ ਪੰਜਾਂ ਮਿੰਟਾਂ ਵਿਚ ਹੀ ਪਤਾ ਲੱਗ ਗਿਆ ਕਿ ਐਤਕੀਂ ਚਰਨ ਕੌਡੀ ਨਹੀਂ ਜਿੱਤ ਸਕਦਾ। ਵਿਰੋਧੀ ਟੀਮ ਦੇ ਪੁਆਇੰਟ ਵਧ ਰਹੇ ਸਨ ਅਤੇ ਉਨ੍ਹਾਂ ਦੇ ਹਮਾਇਤੀ ਤਾੜੀਆਂ ਮਾਰ ਰਹੇ ਸਨ। ਹਾਫ ਟਾਈਮ ਵੇਲੇ ਪੁਆਇੰਟ ਸੁਣਾਏ ਗਏ, ਚਰਨ ਦੀ ਟੀਮ ਸੱਤ ਪੁਆਇੰਟਾਂ ‘ਤੇ ਹਾਰ ਰਹੀ ਸੀ। ਹੈੱਡਮਾਸਟਰ ਕੁਰਸੀ ਛੱਡ ਕੇ ਭੱਜਾ ਆਇਆ, “ਚਰਨ? ਤੂੰ ਸਾਡੀ ਦੋ ਸਾਲ ਦੀ ਰੱਖੀ ਰਖਾਈ ਖੂਹ ‘ਚ ਪਾ ਦੇਣੀ ਏਂ। ਅਸੀਂ ਹੈਰਾਨ ਹਾਂ ਤੈਨੂੰ ਹੋ ਕੀ ਗਿਆ?”
ਚਰਨ ਖਾਮੋਸ਼ ਸੀ। ਉਹ ਸੋਚ ਰਿਹਾ ਸੀ, “ਅੱਗੇ ਮੈਂ ਦੋ ਸਾਲ ਜਿੱਤਿਆ ਹਾਂ, ਜੇ ਐਤਕੀਂ ਹਾਰ ਗਿਆ ਤਾਂ ਕੀ ਹੋਇਆ?”
ਭਰਪੂਰ ਵੀ ਗਰਾਊਂਡ ਵਿਚ ਆ ਗਿਆ। ਉਸ ਚਰਨ ਨੂੰ ਹੌਂਸਲਾ ਦਿੰਦਿਆਂ ਆਖਿਆ, “ਤਕੜਾ ਹੋ, ਖੇਡ ਜਿੱਤਣੀ ਐਂ। ਹਾਰ ਇਕ ਵਾਰ ਦੀ ਵੀ ਬੁਰੀ ਹੁੰਦੀ ਐ।”
“ਹੱਛਾ! ਪਾਣੀ ਪਿਓਣ ਤੂੰ ਲੱਗ।”
ਭਰਪੂਰ ਨੇ ਮੁੰਡੇ ਦੇ ਹੱਥੋਂ ਬਾਲਟੀ ਫੜ ਲਈ। ਸੀਟੀ ਵੱਜ ਗਈ ਅਤੇ ਖੇਲ ਮੁੜ ਸ਼ੁਰੂ ਹੋ ਗਈ। ਮੁਖਾਲਫ ਟੀਮ ਦਾ ਇਕ ਖਿਲਾੜੀ ਚਰਨ ਦੇ ਇਕ ਕਮਜ਼ੋਰ ਸਾਥੀ ਨੂੰ ਸੁੱਟ ਗਿਆ। “ਪਾਣੀ ਦਾ ਘੁੱਟ।” ਚਰਨ ਪੁਕਾਰਿਆ।
ਭਰਪੂਰ ਨੇ ਪਾਣੀ ਦਾ ਗਲਾਸ ਫੜਾਉਂਦਿਆਂ ਆਖਿਆ, “ਚਰਨੇ ਖੇਡ ਗਈ। ਐਤਕੀਂ ਅਖਬਾਰਾਂ ‘ਚ ਜਿੱਤਿਆ ਹੋਣ ਦੀ ਥਾਂ ਹਾਰਿਆ ਛਪੇਗਾ।” ਫਿਰ ਮੂੰਹ ਉਸ ਦੇ ਕੰਨ ਕੋਲ ਕਰ ਕੇ ਕਿਹਾ, “ਤੇ ਰਾਜ ਕਹੇਗੀ, ਮੇਰਾ ਚਰਨ ਹਾਰ ਗਿਆ! ਏਥੇ ਈ ਮਰ ਜਾਹ ਗਰਾਊਂਡ ‘ਚ।”
ਚਰਨ ਦਾ ਰੋਹ ਜਾਗ ਪਿਆ ਅਤੇ ਉਸ ਦੇ ਮੂੰਹ ‘ਤੇ ਗੁਸੈਲੀ ਲਾਲੀ ਚੜ੍ਹ ਗਈ। ਉਹ ਮੁੰਡਾ ਫਿਰ ਕੌਡੀ ਆਇਆ। ਉਸ ਧੌਲ ਮਾਰ ਕੇ ਦੂਜੇ ਹੱਥ ਨਾਲ ਗੁੱਟ ਫੜ ਲਿਆ ਅਤੇ ਫਟ ਨਿਆਣਾ ਠੋਕ ਦਿੱਤਾ। ਮੁੰਡਾ ਆਪਣੀ ਥਾਂ ਤੋਂ ਇਕ ਇੰਚ ਵੀ ਨਾ ਹਿੱਲ ਸਕਿਆ। ਦੂਜੀ ਵਾਰ ਵਿਰੋਧੀ ਟੀਮ ਦਾ ਕਪਤਾਨ ਕੌਡੀ ਪਾਉਣ ਆਇਆ। ਕਪਤਾਨ ਚਰਨ ਨੂੰ ਹੀ ਵੰਗਾਰ ਕੇ ਫੜੇ ਮੁੰਡੇ ਦੀ ਵਿਹੁ ਲਾਹੁਣਾ ਚਾਹੁੰਦਾ ਸੀ। ਚਰਨ ਉਹਦੇ ਆਉਂਦੇ ਦੇ ਲੱਤੀਂ ਪੈ ਗਿਆ ਤੇ ਕਪਤਾਨ ਦਮ ਤੋੜਨ ਲਈ ਮਜਬੂਰ ਹੋ ਗਿਆ। ਚਰਨ ਦੀ ਖੇਲ ਚੜ੍ਹ ਗਈ। ਲੋਕਾਂ ਦੀਆਂ ਮਰੀਆਂ ਆਸਾਂ ਜਿਉਂਦੀਆਂ ਹੋ ਗਈਆਂ…।
ਪੁਆਇੰਟ ਬਰਾਬਰ ਹੋ ਗਏ ਅਤੇ ਮੈਚ ਵੀ ਆਖਰੀ ਮਿੰਟ ‘ਤੇ ਸੀ। ਸਾਰੇ ਸਮਝਦੇ ਸਨ ਕਿ ਆਹ ਆਖਰੀ ਕੌਡੀ ਹੈ। ਚਰਨ ਦਾ ਇਕ ਪੈਰ ਜ਼ਖਮੀ ਹੋ ਗਿਆ ਸੀ, ਜਿਸ ‘ਚੋਂ ਲਹੂ ਵਗ ਰਿਹਾ ਸੀ। ਆਖਰੀ ਕੌਡੀ ਉਸ ਦੇ ਫਿਰ ਕਪਤਾਨ ਨਾਲ ਹੱਥ ਜੁੜ ਗਏ। ਇਕ ਤਰ੍ਹਾਂ ਸਾਨ੍ਹਾਂ ਦੇ ਭੇੜ ਹੋ ਰਹੇ ਸਨ ਅਤੇ ਜਿੱਤ-ਹਾਰ ਥਾਲੀ ਦੇ ਪਾਣੀ ਵਾਂਗ ਡੋਲ ਰਹੀ ਸੀ। ਕਪਤਾਨ ਨੇ ਜੋੜ ਕੇ ਦੁਹੱਥੜ ਚਰਨ ਦੀ ਹਿੱਕ ਵਿਚ ਮਾਰੀ ਅਤੇ ਉਸ ਦੇ ਪੈਰ ਉਖੇੜ ਦਿੱਤੇ। ਦੂਜੀ ਵਾਰ ਦੁਹੱਥੜ ਮਾਰਨ ਤੋਂ ਪਹਿਲਾਂ ਹੀ ਚਰਨ ਨੇ ਉਸ ਦੀਆਂ ਬਾਹਾਂ ਉਤਾਂਹ ਚੁੱਕ ਕੇ ਜੱਫਾ ਮਾਰ ਲਿਆ। ਲੋਕਾਂ ਉਦੋਂ ਹੀ ਤਾੜੀ ਮਾਰ ਦਿੱਤੀ, ਬੱਸ ਜਿੰਦੇ ਜੜੇ ਗਏ। ਕਪਤਾਨ ਦੇ ਸਾਹ ਟੁੱਟਣ ‘ਤੇ ਸੀਟੀ ਵੱਜ ਗਈ ਤੇ ਚਰਨ ਗਰਾਊਂਡ ਵਿਚ ਹਫ ਕੇ ਡਿੱਗ ਪਿਆ…।
ਦਸਾਂ ਕੁ ਮਿੰਟਾਂ ਪਿੱਛੋਂ ਜਦੋਂ ਉਹ ਪੈਰੋਂ ਲੰਗਾਂਦਾ ਲੋਕਾਂ ‘ਚ ਆਇਆ, ਸਾਰਿਆਂ ਨੇ ਉਸ ਨੂੰ ਸ਼ਾਬਾਸ਼ ਦਿੱਤੀ, “ਅਸ਼ਕੇ ਮਾਂ ਦਿਆ ਪੁੱਤਾ! ਰੱਖ ਵਿਖਾਈ।”
“ਆਫਰੀਨ ਓਏ ਤੇਰੀ ਜੰਮਣ ਵਾਲੀ ਦੇ!”

ਆਪਣੀ ਗੱਲ ਕਰਾਂ ਤਾਂ ਕੰਵਲ ਮੈਨੂੰ ‘ਖੇਡਾਂ ਦਾ ਵਣਜਾਰਾ’ ਕਿਹਾ ਕਰਦਾ ਸੀ। ਉਸ ਨੇ ਲਿਖਿਆ ਕਿ ਸਰਵਣ ਸਿੰਘ ਨੂੰ ਜਦੋਂ ਨਵੇਂ ਬਣੇ ਢੁੱਡੀਕੇ ਕਾਲਜ ਵਿਚ ਲਿਆਂਦਾ ਤਾਂ ਮੈਂ ਉਸ ਦੀ ਖੇਡ ਲਗਨ ਨੂੰ ਤਰਜੀਹ ਦਿੱਤੀ ਸੀ। ਉਨ੍ਹੀਂ ਦਿਨੀਂ ਉਸ ਨੇ ‘ਆਰਸੀ’ ਵਿਚ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ। ਮੈਨੂੰ ਉਸ ਦੀ ਵਾਰਤਕ ਵਿਚ ਖਾਸੀ ਰਵਾਨੀ ਲੱਗੀ। ਮੈਂ ਸਾਹਿਤਕ ਤੇ ਕਲਚਰਲ ਖੇਤਰ ਵਿਚ ਕੁਝ ਪਲਾਨਾਂ ਬਣਾ ਚੁੱਕਾ ਸਾਂ, ਜਿਸ ਲਈ ਮੈਨੂੰ ਨਿੱਗਰ ਸਾਥੀਆਂ ਦੀ ਲੋੜ ਸੀ। ਉਸ ਨੇ ਮੇਰੇ ਆਖੇ ਹੀ ਦਿੱਲੀ ਦੀ ਪ੍ਰੋਫੈਸਰੀ ਤਿਆਗੀ। ਕਾਲਜ ਸਰਵਣ ਸਿੰਘ ਦੇ ਪਿੰਡ ਚਕਰ ਤੋਂ ਦਸ ਬਾਰਾਂ ਮੀਲ ਦੂਰ ਸੀ। ਉਸ ਨੇ ਨਿੱਤ ਆਉਣ-ਜਾਣ ਦਾ ਸਿੜ੍ਹੀ ਸਿਆਪਾ ਮੁਕਾ ਕੇ ਢੁੱਡੀਕੇ ਹੀ ਝੰਡੇ ਬੁੰਗੇ ਗੱਡ ਦਿੱਤੇ।
ਉਹਦੇ ਆਉਣ ਨਾਲ ਢੁੱਡੀਕੇ ਦੇ ਖੇਡ ਮੇਲੇ ਨੂੰ ਹੋਰ ਵਾਰ ਆਉਣੇ ਸ਼ੁਰੂ ਹੋ ਗਏ। ਉਸ ਵਿਚ ਜੁਆਨੀ ਦੇ ਜ਼ੋਰ ਨਾਲ ਜਜ਼ਬਿਆਂ ਦਾ ਜੋਸ਼ ਵੀ ਸ਼ੂਕ ਰਿਹਾ ਸੀ। ਉਹ ਕਹਾਣੀ ਲਿਖ ਕੇ, ਸੁਣਾਉਣ ਲਈ ਮੇਰੇ ਕੋਲ ਆਇਆ। ਮੈਂ ‘ਹੂੰ ਹਾਂ’ ਕਰਦਿਆਂ ਕਿਹਾ, “ਯਾਰ, ਤੂੰ ਖੇਡਾਂ ‘ਚ ਬੱਲੇ ਬੱਲੇ ਐਂ। ਖੇਡਾਂ ਬਾਰੇ ਹੋਰ ਕੁਝ ਕਿਉਂ ਨਹੀਂ ਲਿਖਦਾ?” ਇਹ ਗੱਲ ਸਰਵਣ ਸਿੰਘ ਦੇ ਟਿਕਾਣੇ ਵੱਜ ਗਈ।
ਕਾਲਜ ਵਿਚ ਖੇਡਾਂ ਦਾ ਅਜਿਹਾ ਮਾਹੌਲ ਬਣਿਆ ਕਿ ਸਾਡੇ ਕਾਲਜ ਦੀ ਕਬੱਡੀ ਤੇ ਹਾਕੀ ਟੀਮ ਨੇ ਪੰਜਾਬ ਯੂਨੀਵਰਸਿਟੀ ਦੀ ਗੁਰਜ ਜਿੱਤ ਲਈ। ਖਿਡਾਰੀਆਂ ਨਾਲ ਸਰਵਣ ਸਿੰਘ ਦਾ ਹੌਂਸਲਾ ਵੀ ਛਾਲਾਂ ਮਾਰ ਉੱਠਿਆ। ਉਹਦੀ ਅਧੂਰੀ ਕਹਾਣੀ, ਖੇਡਾਂ ਦੀ ਚੜ੍ਹਤ ਵਿਚ ਬੱਲੇ ਬੱਲੇ ਕਰ ਉੱਠੀ। ਉਹਦਾ ਹੌਂਸਲਾ ਪੰਜਾਬੀ ਦੇ ਸਾਹਿਤਕ ਪਰਚਿਆਂ ਤੇ ਅਖਬਾਰਾਂ ਵਿਚ ਚਮਕਣ ਲੱਗ ਪਿਆ। ਖੇਡਾਂ ਦੇ ਉਸਾਰੂ ਜੋਸ਼ ਨੇ ਕਾਲਜ ਦੇ ਚੱਜ ਨਾਲ ਪੈਰ ਲੱਗਦੇ ਕਰ ਦਿੱਤੇ। ਲੜਾਈਆਂ ਝਗੜਿਆਂ ਨੂੰ ਛੱਡ ਕੇ ਢੁੱਡੀਕੇ ਬੀ. ਏ./ਬੀ. ਐੱਸਸੀ. ਤਕ ਦੀ ਪੜ੍ਹਾਈ ਕਰਨ ਕਰਾਉਣ ਵਾਲਾ ਇਲਾਕੇ ਦਾ ਸਾਊ ਪਿੰਡ ਬਣ ਗਿਆ। ਸਾਡੀ ਇਸ ਬੱਲੇ ਬੱਲੇ ਵਿਚ ਸਰਵਣ ਸਿੰਘ ਦੀ ਖੇਲ੍ਹ ਸੀਟੀ, ਵੱਡੀ ਸ਼ਾਬਾਸ਼ ਨੂੰ ਪਹੁੰਚੀ। ਖੇਡਾਂ ਤੇ ਖਿਡਾਰੀਆਂ ਬਾਰੇ ਸਰਵਣ ਸਿੰਘ ਦੀਆਂ ਪੁਸਤਕਾਂ ਛਪਣੀਆਂ ਸ਼ੁਰੂ ਹੋ ਗਈਆਂ। ਉਸ ਨੂੰ ਆਲੇ ਦੁਆਲੇ ਦੇ ਕਾਲਜਾਂ ਤੇ ਖੇਡ ਮੇਲਿਆਂ ਦੇ ਸੱਦੇ ਆਉਣੇ ਸ਼ੁਰੂ ਹੋ ਗਏ। ਉਸ ਨਾਲ ਮੇਲੀਆਂ ਗੇਲੀਆਂ ਦੀ ਮਹਿਫਿਲ ਜੁੜੀ ਰਹਿੰਦੀ। ਪੜ੍ਹਾਈ ਕਰਾਉਣ ਵਿਚ ਵਿਦਿਆਰਥੀਆਂ ਨਾਲ ਹੇਲ ਮੇਲ ਤੇ ਪੁੱਜ ਕੇ ਹਰਮਨ ਪਿਆਰਾ ਹੋ ਗਿਆ। ਉਸ ਦੀ ਚੇਤੰਨ ਲਿਆਕਤ ਨੇ ਉਸ ਨੂੰ ਕਾਲਜ ਦਾ ਕਾਰਜਕਾਰੀ ਪ੍ਰਿੰਸੀਪਲ ਥਾਪ ਦਿੱਤਾ। ਉਹਦੀ ਚੁਸਤੀ ਤੇ ਫੁਰਤੀ, ਲਾਲ ਲੋਹੇ ਦਾ ਡੰਗ ਕੱਢਣ ਦੀ ਸਿਆਣੇ ਲੁਹਾਰ ਵਾਂਗ ਉਕਾਈ ਨਹੀਂ ਸੀ ਖਾਂਦੀ।
ਉਹਦੀ ਰੈਫਰ ਕਰਦੀ ਸੀਟੀ ਨੇ ਅਜਿਹੇ ਦਾਅ ਪੇਚ ਮਾਰੇ ਕਿ ਅਖਾੜੇ ਵਿਚ ਮੇਰੀ ਵੀ ਲੋਟ ਪੋਟਣੀ ਲੁਆ ਦਿੱਤੀ। ਲੋਕ ਉਸ ਦਾ ਜਨਮ ਪਿੰਡ ਚਕਰ ਭੁੱਲ ਕੇ ਉਸ ਨੂੰ ਢੁੱਡੀਕੇ ਦਾ ਸਮਝਣ ਲੱਗ ਪਏ। ਇਕ ਘਾਟਾ ਹਾਲਾਤ ਨੇ ਸਾਨੂੰ ਜ਼ਰੂਰ ਪਾਇਆ। ਸਾਡੀ ਕਾਲਜ ਕਮੇਟੀ ਤੋਂ ਕਾਲਜ ਦੇ ਵਧਦੇ ਖਰਚੇ ਪੂਰੇ ਨਹੀਂ ਸਨ ਹੋ ਰਹੇ। ਉਦੋਂ ਘਾਟੇ ਦੀ ਕੋਈ ਸਰਕਾਰੀ ਗਰਾਂਟ ਨਹੀਂ ਸੀ ਮਿਲਦੀ। ਸਾਨੂੰ ਮਜਬੂਰੀ ਵੱਸ ਕਾਲਜ ਸਰਕਾਰ ਨੂੰ ਸੌਂਪਣਾ ਪੈ ਗਿਆ। ਪਹਿਲਾਂ ਪੜ੍ਹਾਈ ਤੇ ਖੇਡਾਂ ਕਾਰਨ ਪ੍ਰਾਈਵੇਟ ਕਾਲਜ ਦੀ ਬੱਲੇ ਬੱਲੇ ਸੀ। ਸਰਕਾਰੀ ਕਾਲਜ ਹੋਣ ‘ਤੇ ਥੱਲੇ ਥੱਲੇ ਹੋ ਗਈ। ਬਹੁਤੇ ਪ੍ਰੋਫੈਸਰ ਪਿੰਡ ਦੇ ਕਾਲਜ ਤੋਂ ਬਦਲੀਆਂ ਕਰਵਾ ਕੇ ਸ਼ਹਿਰੀਂ ਪਹੁੰਚ ਗਏ, ਪਰ ਸਰਵਣ ਸਿੰਘ ਪੂਰੇ ਸਿਦਕ ਨਾਲ ਢੁੱਡੀਕੇ ਡਟਿਆ ਰਿਹਾ। ਉਸ ਨੇ ਸਾਰੀ ਜਵਾਨੀ ਢੁੱਡੀਕੇ ਬਿਤਾਈ ਤੇ ਢਲਦੀ ਉਮਰੇ ਢੁੱਡੀਕੇ ਛੱਡਿਆ। ਪਿੰਡ ਉਹਦੀਆਂ ਸੇਵਾਵਾਂ ਦਾ ਧੰਨਵਾਦੀ ਹੈ।
ਇਕ ਦਿਨ ਸਰਵਣ ਸਿੰਘ ਮੇਰੇ ਨਾਲ ਸਲਾਹ ਕਰਨ ਆਇਆ। ਡਾ. ਸਰਦਾਰਾ ਸਿੰਘ ਜੌਹਲ ਦੇ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਵਿਚ ਪ੍ਰਿੰਸੀਪਲ ਦੀ ਪੋਸਟ ਨਿਕਲੀ ਸੀ। ਉਸ ਨੇ ਕਿਹਾ ਕਿ ਢੁੱਡੀਕੇ ਕਾਲਜ ਦੀ ਸਰਕਾਰੀ ਨੌਕਰੀ ਮੁੱਕਣ ਵਾਲੀ ਹੈ। ਜੇ ਆਗਿਆ ਹੋਵੇ ਤਾਂ ਡਾ. ਜੌਹਲ ਨਾਲ ਗੱਲ ਕਰ ਵੇਖੀਏ। ਯਾਰੀ ਦੇ ਤਾਣ ਮੈਂ ਹਾਮੀ ਭਰ ਦਿੱਤੀ ਤੇ ਅਸੀਂ ਲੁਧਿਆਣੇ ਨੂੰ ਚਾਲੇ ਪਾ ਦਿੱਤੇ। ਮੈਂ ਸਰਵਣ ਸਿੰਘ ਨੂੰ ਪ੍ਰਿੰਸੀਪਲ ਦੀ ਜੌਬ ਲਈ ਪੇਸ਼ ਕਰ ਦਿੱਤਾ।…ਗੱਲ ਕੀ ਅਸਾਂ ਆਪਣਾ ਬੂਹਾ ਪੱਟ ਕੇ ਯਾਰ ਦਾ ਜਾ ਵਸਾਇਆ। ਮੁਕੰਦਪੁਰ ਪ੍ਰਿੰਸੀਪਲ ਲੱਗ ਕੇ ਜੋ ਭੱਲ ਸਰਵਣ ਸਿੰਘ ਨੇ ਖੱਟੀ, ਉਥੋਂ ਦਾ ਇਲਾਕਾ ਸਿਫਤਾਂ ਕਰਦਾ ਨਹੀਂ ਥਕਦਾ। ਚਾਰ ਸਾਲ ਵਾਹਵਾ ਖੱਟ ਕੇ ਜਦੋਂ ਪ੍ਰਿੰਸੀਪਲੀ ਤੋਂ ਰਿਟਾਇਰ ਹੋਇਆ ਤਾਂ ਉਸ ਨੇ ਅਜਿਹੀਆਂ ਤੇਗਾਂ ਮਾਰੀਆਂ ਕਿ ਅਮਰੀਕਾ/ਕੈਨੇਡਾ ਜਾ ਫਤਹਿ ਕੀਤਾ। ਹੁਣ ਉਹਦੀ ਸ਼ਾਨ ਵੇਖੋ, ਪੁਰਾਣਾ ਸਾਈਕਲ ਸੁੱਟ ਕੇ ਹਵਾਈ ਜਹਾਜਾਂ ਤੋਂ ਪੈਰ ਹੀ ਨਹੀਂ ਲਾਹੁੰਦਾ। ਢੁੱਡੀਕੇ ਤੇ ਸਰਵਣ ਸਿੰਘ ਨੇ ਇਕ ਦੂਜੇ ਤੋਂ ਬੜਾ ਕੁਝ ਲਿਆ ਤੇ ਇਕ ਦੂਜੇ ਨੂੰ ਬੜਾ ਕੁਝ ਦਿੱਤਾ। ਢੁੱਡੀਕੇ ਦਾ ਕੋਈ ਵੱਡਾ ਖੇਡ ਸਮਾਗਮ ਹੋਵੇ, ਉਹ ਪਰਦੇਸਾਂ ਵਿਚੋਂ ਵੀ ਉਡਾਰੀਆਂ ਭਰਦਾ ਢੁੱਡੀਕੇ ਦੇ ਅਖਾੜੇ ਵਿਚ ਆ ਸੀਟੀ ਮਾਰਦੈ। ਉਹਦੀ ਕੁਮੈਂਟਰੀ ਅਜੇ ਵੀ ਢੁੱਡੀਕੇ ਦੇ ਦੇਸ਼-ਭਗਤ ਸਟੇਡੀਅਮ ਵਿਚ ਗੂੰਜਦੀ ਹੈ। ਟਿਕ ਕੇ ਤਾਂ ਉਹ ਬਹਿ ਹੀ ਨਹੀਂ ਸਕਦਾ। ਹੱਥ ਵਿਚ ਕਲਮ ਤੇ ਮੂੰਹ ਅੱਗੇ ਮਾਈਕ, ਕਬੱਡੀ ਦੀਆਂ ਲੋਟ ਪੋਟਣੀਆਂ ਲਵਾਈ ਜਾ ਰਿਹੈ। ਅਜਿਹਾ ਕਿਰਦਾਰ, ਜਿਥੇ ਬਹਿ ਜਾਵੇ, ਉਦਾਸ ਮਹਿਫਿਲਾਂ ਵਿਚ ਵੀ ਰੰਗ ਭਰ ਦਿੰਦਾ ਹੈ। ਹੁਣ ਉਹਦਾ ਕਦੇ ਕਦਾਈਂ ਢੁੱਡੀਕੇ ਆਉਣਾ ਇਉਂ ਲੱਗਦੈ ਜਿਵੇਂ ‘ਲੱਗੀਆਂ ਦੇ ਬੋਲ ਪੁਗਾਵਾਂ ਘਰ ਤੇਰਾ ਦੂਰ ਮਿੱਤਰਾ’।
ਉਸ ਨੇ ਕਬੱਡੀ ਦੀ ਦੁਹਾਈ ਸਾਰੇ ਸੰਸਾਰ ਵਿਚ ਪਾ ਛੱਡੀ ਏ। ਖੇਡਾਂ ਬਾਰੇ ਲਿਖ ਲਿਖ ਖਿਡਾਰੀਆਂ ਦਾ ਮੂੰਹ ਲਿਸ਼ਕਾ ਦਿੱਤਾ ਹੈ। ਵਾਰਤਕ ਐਨੀ ਰਵਾਂ ਤੇ ਹਾਸੇ ਖੇਡੇ ਭਰੀ ਕਿ ਚਾਹ ਰੋਟੀ ਦੀ ਭੁੱਖ ਭੁੱਲ ਜਾਂਦੀ ਹੈ। ਸਰਵਣ ਸਿੰਘ ਦੀ ਬੋਲੀ ਘੁਲ ਕੇ ਘਿਓ-ਗੱਚ ਚੂਰੀ ਬਣ ਗਈ ਹੈ। ਛੋਟੇ ਹੁੰਦਿਆਂ ਮੱਝਾਂ ਚਾਰੀਆਂ ਤੇ ਹਾਲੀਆਂ ਪਾਲੀਆਂ ਦੀਆਂ ਬੋਲੀਆਂ ਦੀ ਲੈਅ ਵਿਚ ਸਰਸ਼ਾਰਿਆ ਰਿਹਾ। ਉਸ ਨੂੰ ਪੜ੍ਹਨ ਲਈ ਕੁਝ ਸਾਲ ਫਾਜ਼ਿਲਕਾ ਰਹਿਣਾ ਪਿਆ ਸੀ ਜਿਥੇ ਮਲਵਈ, ਮਝੈਲ, ਦੁਆਬੀਏ, ਪੋਠੋਹਾਰੀਏ, ਮੁਲਤਾਨੀ, ਆਰ ਪਾਰ ਦੇ ਰਾਏ ਸਿੱਖ, ਰਠੌੜ, ਕੰਬੋਅ, ਬਾਗੜੀਏ ਤੇ ਬਾਰਾਂ ਦੇ ਰਿਫੂਜ਼ੀਆਂ ਨਾਲ ਸਾਰਾ ਪੰਜਾਬ ਇਕੱਠਾ ਹੋ ਗਿਆ ਸੀ। ਭਾਂਤ ਸੁਭਾਂਤੇ ਬੋਲਾਂ ਤੇ ਉਚਾਰਣਾਂ ਨੇ ਉਸ ਅੱਗੇ ਬੋਲੀ ਦੀਆਂ ਮਰੋੜੀਆਂ ਤੇ ਤੈਹਾਂ ਖੋਲ੍ਹ ਕੇ ਰੱਖ ਦਿੱਤੀਆਂ। ਜਿਵੇਂ ਵਾਰਸ ਸ਼ਾਹ ਆਪਣੇ ਆਖਰੀ ਬੈਂਤ ਵਿਚ ਮਿਣ-ਜੋਖ ਕੇ ਸਿੱਟਾ ਕੱਢਦਾ ਹੈ, ਉਸੇ ਤਰ੍ਹਾਂ ਸਰਵਣ ਸਿੰਘ ਮੁੱਢਲੇ ਅਤੇ ਅੰਤਲੇ ਵਾਕ ਨਾਲ ਪਾਠਕ ਉੱਤੇ ਆਪਣੀ ਪਕੜ ਦਾ ਪੰਜਾ ਪਾਉਂਦਾ ਹੈ। ਬੁਨਿਆਦੀ ਪੱਖੋਂ ਉਸ ਨੇ ਖੇਡ ਸਾਹਿਤ ਦਾ ਪਿੜ ਬੰਨ੍ਹ ਦਿੱਤਾ ਹੈ। ਖਿਡਾਰੀਆਂ ਦੇ ਉਤਸ਼ਾਹ ਨੂੰ ਜ਼ਰਬਾਂ ਦਿੱਤੀਆਂ ਹਨ। ਨਵੇਂ ਪੋਚ ਦੇ ਲਹੂ ਵਿਚ ਅੰਗੜਾਈਆਂ ਛੇੜੀਆਂ ਹਨ ਤੇ ਅਨੇਕਾਂ ਪਾਠਕਾਂ ਨੂੰ ਖੇਡਾਂ ਵੱਲ ਮੋੜਿਆ ਹੈ। ਲੇਖਕ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਪੰਜਾਬ ਦੀ ਸਿਹਤ ਤੇ ਜਵਾਨੀ ਨੂੰ ਭੰਗੜੇ ਦੀ ਚੜ੍ਹਾਈ ਵਿਚ ਵੇਖਣ ਦਾ ਚਾਹਵਾਨ ਹੈ।

ਕੰਵਲ ਭਾਵੇਂ ਇੰਗਲੈਂਡ ਜਾਂਦਾ, ਭਾਵੇਂ ਅਮਰੀਕਾ ਜਾਂ ਕੈਨੇਡਾ, ਜੇ ਉਸ ਨੂੰ ਉਥੇ ਹੋ ਰਹੇ ਖੇਡ ਮੇਲੇ ਦਾ ਪਤਾ ਲੱਗ ਜਾਂਦਾ ਤਾਂ ਕਬੱਡੀ ਮੈਚ ਜ਼ਰੂਰ ਵੇਖਦਾ। ਢੁੱਡੀਕੇ ਦਾ ਖੇਡ ਮੇਲਾ ਤਾਂ ਉਹ ਸੌਵੇਂ ਸਾਲ ਦੀ ਉਮਰ ਤਕ ਵੇਖਦਾ ਰਿਹਾ ਤੇ ਵੇਖਦਾ ਵੀ ਕਬੱਡੀ ਦੇ ਦਾਇਰੇ ਦੁਆਲੇ ਗੇੜੇ ਕੱਢਦਾ ਹੋਇਆ। ਸੌਵੇਂ ਸਾਲ ਦੀ ਉਮਰ ਵਿਚ ਉਸ ਨੇ ਖੇਡ ਮੇਲੇ ‘ਚ ਝੰਡੀ ਵੀ ਕੀਤੀ।
ਇਕੇਰਾਂ ਇੰਗਲੈਂਡ ਵਿਚ ਕੰਵਲ ਦਾ ਮੇਲ ਖੇਡ ਲੇਖਕ ਬਲਿਹਾਰ ਸਿੰਘ ਰੰਧਾਵੇ ਨਾਲ ਹੋਇਆ ਤਾਂ ਕੰਵਲ ਨੇ ਉਹਦੀ ਉਸਤਤ ਵਿਚ ਰੂਹ ਨਾਲ ਲਿਖਿਆ, “ਪੰਜਾਬ ਦੀ ਜਵਾਨੀ ਨਸ਼ਿਆਂ ਦੀ ਮਾਰ ਵਿਚ ਨਿੱਘਰਦੀ ਤੇ ਉਹਦੀ ਮਾਂਦੀ ਪੈਂਦੀ ਸਿਹਤ ਨੇ ਰੰਧਾਵੇ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ। ਉਸ ਨੇ ਸੋਚਿਆ ਜੇ ਪੰਜਾਬੀ ਗੱਭਰੂ ਸਿਹਤ ਹੀ ਗਵਾ ਬੈਠੇ, ਅਣਖੀਲੀ ਤੇ ਗੌਰਵਮਈ ਕੌਮ ਦੇ ਚੜ੍ਹਦੀ ਕਲਾ ਵਾਲੇ ਸੁਪਨੇ ਕੌਣ ਸਾਕਾਰ ਕਰੇਗਾ? ਕੌਮ ਤਾਂ ਹਾਲੇ ਮੰਝਧਾਰ ਵਿਚ ਡਿੱਕ ਡੋਲੇ ਖਾ ਰਹੀ ਹੈ, ਅਸੀਂ ਤਾਂ ਅਜੇ ਇਨਕਲਾਬੀ ਸ਼ਹੀਦ ਪੁਰਖਿਆਂ ਦਾ ਇਤਿਹਾਸਕ ਕਰਜ਼ਾ ਲਾਹੁਣਾ ਹੈ। ਜੇ ਪੰਜਾਬ ਸਿਹਤ ਵੱਲੋਂ ਹੀ ਹੱਥ ਧੋ ਬੈਠਾ, ਨਿਕੰਮਾ ਤੇ ਨਿਪੁੰਸਕ ਹੋ ਗਿਆ, ਸਾਡੀ ਕੌਮੀਅਤ ਦਾ ਕੀ ਬਣੇਗਾ?”
“ਬਲਿਹਾਰ ਸਿੰਘ ਰੰਧਾਵਾ ਕਲਮ ਨੂੰ ਹਥਿਆਰ ਬਣਾ ਕੇ ਖੇਡ ਮੈਦਾਨ ਵਿਚ ਕੁੱਦ ਪਿਆ। ਉਹ ਸਮਝਦਾ ਸੀ, ਜੇ ਸਿਹਤ ਨਾ ਰਹੀ ਤਾਂ ਮਿਹਨਤ ਮਰ ਜਾਵੇਗੀ। ਮਿਹਨਤ ਹੱਥੋਂ ਨਿਕਲੀ ਤਾਂ ਉਤਸ਼ਾਹ ਨਿਘਰ ਜਾਵੇਗਾ। ਇਉਂ ਸਮੁੱਚੀ ਕੌਮ ਬੇਗਾਨੇ ਹੱਥਾਂ ਵੱਲ ਝਾਕਦੀ, ਅਸਲੋਂ ਨਿਸਾਤਲੀ ਗੁਲਾਮ ਹੋ ਕੇ ਰਹਿ ਜਾਵੇਗੀ। ਗੈਰਤ ਵੀ ਲਹੂ ਵਿਚ ਹੀ ਹੁੰਦੀ ਹੈ। ਲਹੂ ਨਾ ਰਿਹਾ, ਅਣਖ ਖਤਮ। ਅਣਖ ਮੁੱਕੀ ਤਾਂ ਸ਼ਾਨਾਂ ਮੱਤਾ ਕੌਮੀ ਇਤਿਹਾਸ ਕਬਰੀਂ ਪੈ ਜਾਵੇਗਾ। ਕੌਮੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਉਹਦਾ ਖੇਡ ਮੈਦਾਨ ਵਿਚ ਉਤਰਨਾ ਮੈਂ ਯੋਗ ਕਦਮ ਸਮਝਿਆ।”
“ਉਸ ਕੋਲ ਵਧੀਆ ਵਿਚਾਰ ਹੀ ਨਹੀਂ, ਖਿੱਚ ਪਾਊ ਸ਼ਬਦਾਵਲੀ ਵੀ ਹੈ ਤੇ ਤਾਕਤਵਰ ਜਜ਼ਬਾ ਵੀ। ਜਜ਼ਬਾ ਸਾਹਿਤ ਵਿਚ ਬੁਨਿਆਦੀ ਰੀੜ੍ਹ ਹੁੰਦਾ ਏ। ਗਿਆਨ ਤਾਂ ਉਧਾਰਾ ਵੀ ਮਿਲ ਜਾਂਦਾ ਹੈ, ਪਰ ਜਜ਼ਬਾ ਹਰ ਕਲਾਕਾਰ ਲਈ ਕੁਦਰਤ ਵੱਲੋਂ ਵਰਦਾਨ ਹੁੰਦਾ ਏ। ਜਜ਼ਬੇ ਦੀ ਅਪਾਰ ਸ਼ਕਤੀ ਨੂੰ ਸਿਧਾਅ ਕੇ ਲੇਖਕ ਸਾਹਿਤ ਵਿਚ ਉਸਾਰੂ ਰੋਲ ਖੜ੍ਹਾ ਕਰਦੇ ਹਨ। ਜਜ਼ਬਾਤੀ ਨਦੀ ਉਛਾਲਾ ਖਾ ਕੇ ਪਹਿਲੋਂ ਆਪਣੇ ਕਿਨਾਰੇ ਤੋੜਦੀ ਹੈ, ਮੁੜ ਆਪਣੀ ਸਾਰਥਕ ਰਵਾਨੀ ਗਵਾ ਲੈਂਦੀ ਐ। ਪੰਜਾਬ ਵਿਚ ਉਠੀਆਂ ਸੋਚ ਵਿਹੂਣੀਆਂ ਲਹਿਰਾਂ ਦਾ ਇਹੋ ਹਸ਼ਰ ਹੋਇਆ। ਕਲਾ ਮੁਰਦਿਆਂ ਵਿਚ ਰੂਹ ਫੂਕਣ ਵਾਲੀ ਚਮਤਕਾਰੀ ਪ੍ਰੇਰਨਾ ਹੈ।”
“ਕਬੱਡੀ ਦੀ ਖੇਡ ਪਿੰਡਾਂ ਵਿਚ ਹੀ ਨਹੀਂ ਹੁਣ ਤਾਂ ਸ਼ਹਿਰਾਂ ਵਿਚ ਵੀ ਬੇਹੱਦ ਪਿਆਰੀ ਹੋ ਗਈ ਹੈ। ਇਹ ਏਸ਼ੀਆ ਤੋਂ ਚੱਲ ਕੇ ਯੂਰਪ, ਅਮਰੀਕਾ, ਅਫਰੀਕਾ ਤੇ ਆਸਟ੍ਰੇਲੀਆ ਤਕ ਪਹੁੰਚ ਗਈ ਹੈ। ਯੂਰਪ ਦੀਆਂ ਖੇਡਾਂ ਹਾਕੀ, ਫੁੱਟਬਾਲ ਤੇ ਕ੍ਰਿਕਟ ਆਦਿ ਧੱਕਾ ਦੇ ਕੇ ਪੰਜਾਬ ਆ ਵੜੀਆਂ ਹਨ, ਪਰ ਪੰਜਾਬ ਵਿਚ ਮਾਂ ਖੇਡ ਕਬੱਡੀ ਦਾ ਕੋਈ ਮੁਕਾਬਲਾ ਨਹੀਂ।”
“ਬਲਿਹਾਰ ਸਿੰਘ ਰੰਧਾਵੇ ਨੇ ਕਬੱਡੀ ਖਿਡਾਰੀਆਂ ਦੇ ਰੇਖਾ ਚਿੱਤਰ ਵਾਹ ਕੇ ਖੇਡ ਜਗਤ ਦੀ ਭਾਵਨਾ ਨੂੰ ਤ੍ਰਿਪਤ ਕੀਤਾ ਹੈ। ਉਹ ਹਰ ਖਿਡਾਰੀ ਨੂੰ ਉਸ ਬਾਰੇ ਲਿਖਣ ਤੋਂ ਪਹਿਲਾਂ ਮਿਲਿਆ। ਉਸ ਦੀ ਮਨੋਭਾਵਨਾ ਤਕ ਪੁੱਜਣ ਲਈ ਖੁੱਲ੍ਹੇ ਸਵਾਲ-ਜਵਾਬ ਕੀਤੇ। ਖੇਡ ਮੇਲੇ ਵੇਖਦਿਆਂ ਉਨ੍ਹਾਂ ਖਿਡਾਰੀਆਂ ਦੀ ਚੁਸਤੀ ਫੁਰਤੀ ਨੂੰ ਜਾਣਿਆ। ਮੈਂ ਖੁਦ ਤੱਕਿਆ, ਝੋਰੜਾਂ ਦੇ ਖੇਡ ਮੇਲੇ, ਜਿਸ ਨੂੰ ਗੁਰਪਾਲ ਸਿੰਘ ਇੰਗਲੈਂਡ ਨਿਵਾਸੀ ਲੱਖਾਂ ਰੁਪਏ ਆਪਣੀ ਜੇਬ ਵਿਚੋਂ ਖਰਚ ਕੇ ਬੜੀ ਸ਼ਾਨ ਨਾਲ ਮਨਾਉਂਦੇ ਹਨ, ਉਥੇ ਬਲਿਹਾਰ ਸਿੰਘ ਰੰਧਾਵਾ ਖਿਡਾਰੀਆਂ ਦੇ ਦਾਅ ਪੇਚਾਂ ਨੂੰ ਨੀਝ ਨਾਲ ਵੇਖ ਰਿਹਾ ਸੀ। ਸਾਧਾਰਨ ਦਿੱਖ ਤੇ ਵਿਸ਼ੇਸ਼ ਦ੍ਰਿਸ਼ ਨੂੰ ਪ੍ਰੇਰਨਾ ਦੇਣ ਵਾਲੀ ਸਾਹਿਤਕ ਲੜੀ ਵਿਚ ਉਹੀ ਲੇਖਕ ਪਰੋ ਸਕਦਾ ਹੈ, ਜਿਹੜਾ ਉਸ ਮਾਹੌਲ ਵਿਚ ਗਲ-ਗਲ ਤਕ ਆਪ ਲੱਥਾ ਹੋਵੇ। ਸੱਚੀ ਤੇ ਸੁੱਚੀ ਤਸਵੀਰ ਪੇਸ਼ ਕਰਨਾ ਹੀ ਲੇਖਕ ਦੀ ਈਮਾਨਦਾਰੀ ਹੁੰਦੀ ਹੈ। ਮੈਂ ਸਰਦਾਰ ਰੰਧਾਵਾ ਨੂੰ ਬੱਲੇ ਬੱਲੇ ਦਾ ਥਾਪੜਾ ਦਿੰਦਾ ਆਂ ਤੇ ਆਸ ਕਰਦਾ ਆਂ ਉਹ ਸਾਹਿਤਕ ਪੰਧ ਨੂੰ ਹੋਰ ਤਨਦੇਹੀ ਅਤੇ ਈਮਾਨਦਾਰੀ ਨਾਲ ਜਾਰੀ ਰੱਖੇਗਾ।”
ਇੰਜ ਕੰਵਲ ਆਪਣੀਆਂ ਲਿਖਤਾਂ ਵਿਚ ਸੁਤੇ ਸਿੱਧ ਖੇਡ ਸਾਹਿਤ ਦਾ ਛੱਟਾ ਦਿੰਦਾ ਰਿਹਾ।