ਕੈਸੀ ਆਰਤੀ ਹੋਇ

ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਸ਼੍ਰੀਮਦ ਭਗਵਤ ਗੀਤਾ ਦੇ ਸਤਵੇਂ ਅਧਿਆਇ ਦੇ (16-17) ਸ਼ਲੋਕ ਵਿਚ ਕ੍ਰਿਸ਼ਨ ਜੀ ਕਹਿੰਦੇ ਹਨ, ਹੇ ਅਰਜੁਨ! ਚੰਗੇ ਕਰਮਾਂ ਵਾਲੇ ਅਤੇ ਭਗਤੀ ਕਰਨ ਵਾਲਿਆਂ ਵਿਚੋਂ ਜੋ ਵਿਅਕਤੀ ਅਰਥਾਰਥੀ ਭਾਵ ਸੰਸਾਰਕ ਪਦਾਰਥਾਂ ਦੀ ਇੱਛਾ ਨਾਲ, ਆਰਤੀ ਭਾਵ ਆਪਣੀਆਂ ਮੁਸੀਬਤਾਂ ਮਿਟਾਉਣ ਦੀ ਇੱਛਾ ਨਾਲ, ਜਗਿਆਸੂ ਭਾਵ ਅਸਲ ਤੱਤਵ ਨੂੰ ਜਾਣਨ ਦੀ ਇੱਛਾ ਨਾਲ ਅਤੇ ਗਿਆਨਵਾਨ ਭਾਵ ਗਿਆਨ ਪ੍ਰਾਪਤ ਭਗਤ-ਇਹ ਚਾਰ ਕਿਸਮ ਦੇ ਭਗਤ ਮੇਰੀ ਭਗਤੀ ਕਰਦੇ ਹਨ, ਪਰ ਉਨ੍ਹਾਂ ਵਿਚੋਂ ਏਕੋਭਾਵ ਵਿਚ ਸਥਿਤ ਗਿਆਨੀ ਭਗਤ ਸਭ ਤੋਂ ਉੱਤਮ ਹੈ, ਕਿਉਂਕਿ ਉਸ ਨੂੰ ਮੈਂ ਪਿਆਰਾ ਹਾਂ ਅਤੇ ਉਹ ਮੈਨੂੰ ਅਤੀ ਪਿਆਰ ਹੈ।

ਆਰਤੀ ਸ਼ਬਦ ਦੀ ਮੂਲ ਧਾਤੂ ਆਰਤ ਹੈ, ਜਿਸ ਦਾ ਭਾਵ ਦੁਖੀ ਜਾਂ ਲੋੜਵੰਦ ਹੈ। ਲੋੜਵੰਦ ਆਪਣੀਆਂ ਲੋੜਾਂ ਦੀ ਪੂਰਤੀ ਲਈ ਜੋ ਕਦਮ ਕਰਦਾ ਹੈ, ਉਸ ਨੂੰ ਆਰਤੀ ਕਿਹਾ ਜਾਂਦਾ ਹੈ। ਲੋਕ ਧਰਮ ਅਸਥਾਨਾਂ ਵਿਚ ਦੇਵਤਿਆਂ ਦੀ ਮੂਰਤੀਆਂ ਅੱਗੇ ਥਾਲ ਵਿਚ ਦੀਵੇ, ਧੂਪ, ਫੁੱਲ ਅਤੇ ਹੋਰ ਸਮੱਗਰੀ ਰੱਖ ਕੇ ਆਰਤੀ ਉਤਾਰਦੇ ਹਨ, ਆਪਣੇ ਇਸ਼ਟ ਦੀ ਉਸਤਤ ਕਰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕਰਦੇ ਹਨ। ਇਹ ਭਗਤੀ ਦਾ ਉਤਮ ਅਤੇ ਸੌਖਾ ਸਾਧਨ ਹੈ। ਸਮਰਪਣ ਭਾਵ ਨਾਲ ਆਪਣੀ ਹਉਮੈ ਤਿਆਗ ਕੇ ਆਪਣੇ ਇਸ਼ਟ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਨਾਲ ਆਪਣਾ ਸਤਿਕਾਰ ਅਤੇ ਅਰਦਾਸ ਕਰਨਾ ਹੀ ਭਗਤੀ ਦਾ ਮੁੱਖ ਸਾਧਨ ਹੈ। ਸਿੱਖ ਧਰਮ ਵਿਚ ਵੀ ਭਗਤੀ ਨੂੰ ਪਰਮਾਤਮਾ ਨਾਲ ਮਿਲਾਪ ਦਾ ਮੁੱਖ ਸਾਧਨ ਪ੍ਰਵਾਨ ਕੀਤਾ ਗਿਆ ਹੈ ਅਤੇ ਨਾਮ ਸਿਮਰਨ ਰਾਹੀਂ ਹੀ ਪਰਮਾਤਮਾ ਨੂੰ ਸੌਖਾ ਮਿਲਿਆ ਜਾ ਸਕਦਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਰਤੀਆਂ ਦੇ ਸੰਖੇਪ ਅਤੇ ਸ਼ਾਬਦਿਕ ਅਰਥ ਸਮਝਣ ਦੀ ਕੋਸ਼ਿਸ ਕਰਦੇ ਹਾਂ,
ਰਾਗੁ ਧਨਾਸਰੀ ਮਹਲਾ॥1॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪ ਮਲਿਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥1॥
ਕੈਸੀ ਆਰਤੀ ਹੋਇ॥
ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥1॥ਰਹਾਉ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ
ਕਉ ਸਹਸ ਮੂਰਤਿ ਨਨਾ ਏਕ ਤੋਹਿ॥
ਸਹਸ ਪਦ ਬਿਮਲ ਨਨ ਏਕ ਪਦ ਗੰਧ
ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥2॥
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸੁ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥
ਜੋ ਤਿਸੁ ਭਾਵੈ ਸੁ ਆਰਤੀ ਹੋਇ॥3॥
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ
ਅਨਦਿਨੋ ਮੋਹਿ ਆਹੀ ਪਿਆਸਾ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ
ਹੋਇ ਜਾ ਤੇ ਤੇਰੈ ਨਾਇ ਵਾਸਾ॥4॥ (ਪੰਨਾ 663)
ਕਥਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਜਗਨ ਨਾਥ ਪੁਰੀ ਪਹੁੰਚੇ ਤਾਂ ਉਸ ਸਮੇਂ ਵਿਸ਼ਨੂੰ ਦੇ ਇਕ ਅਵਤਾਰੀ ਰੂਪ ਭਗਵਾਨ ਜਗਨ ਨਾਥ ਦੀ ਆਰਤੀ ਦਾ ਸਮਾਗਮ ਚਲ ਰਿਹਾ ਸੀ। ਉਸ ਸਮੇਂ ਦੀ ਮਰਿਆਦਾ ਅਨੁਸਾਰ ਇਕੱਠੇ ਹੋਏ ਸ਼ਰਧਾਲੂ ਥਾਲ ਵਿਚ ਸਮਗਰੀ ਰੱਖ ਕੇ ਭਗਵਾਨ ਜਗਨ ਨਾਥ ਦੀ ਆਰਤੀ ਉਤਾਰ ਰਹੇ ਸਨ। ਉਸ ਸਮੇਂ ਗੁਰੂ ਨਾਨਕ ਦੇਵ ਜੀ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਉਪਰੋਕਤ ਸ਼ਬਦ ਰਾਹੀਂ ਨਿਰਗੁਣ ਸਰੂਪ ਨਿਰੰਕਾਰ ਦੀ ਆਰਤੀ ਦਾ ਨਕਸ਼ਾ ਦਰਸਾਉਂਦੇ ਹੋਏ ਉਨ੍ਹਾਂ ਨੂੰ ਸਿਖਿਆ ਦਿੰਦੇ ਹਨ ਕਿ ਪਰਮਾਤਮਾ ਅਨੰਤ ਅਤੇ ਬੇਅੰਤ ਹੈ। ਸਾਰਾ ਬ੍ਰਹਿਮੰਡ ਹੀ ਉਸ ਦੀ ਰਚਨਾ ਹੈ ਅਤੇ ਉਹ ਇਸ ਵਿਚ ਹੀ ਵਿਆਪਕ ਹੈ। ਸਧਾਰਨ ਆਕਾਰ ਦੇ ਥਾਲ ਅਤੇ ਸਧਾਰਨ ਪੂਜਾ ਸਮਗਰੀ ਨਾਲ ਉਸ ਨਿਰੰਕਾਰ ਦੀ ਪੂਜਾ ਨਹੀਂ ਹੋ ਸਕਦੀ। ਸੋ ਇਹ ਵਿਸ਼ਾਲ ਆਕਾਸ਼ ਇਕ ਥਾਲ ਹੈ ਅਤੇ ਸੂਰਜ ਤੇ ਚੰਦਰਮਾ ਉਸ ਵਿਚ ਦੀਵਿਆਂ ਵਾਂਗ ਸਜੇ ਹੋਏ ਹਨ, ਸਮੂਹ ਤਾਰਾ ਮੰਡਲ ਇਸ ਵਿਚ ਮੋਤੀਆਂ ਵਾਂਗ ਜੜੇ ਹੋਏ ਹਨ। ਸਾਰੀ ਬਨਸਪਤੀ ਇਸ ਵਿਚ ਮਲਿਆਗਰ ਪਰਵਤ ਦੇ ਚੰਦਨ ਦੀ ਤਰ੍ਹਾਂ ਖੁਸ਼ਬੂ ਬਰਸਾ ਰਹੀ ਹੈ ਅਤੇ ਵਗ ਰਹੀ ਹਵਾ ਉਸ ਪਰਮਾਤਮਾ ਨੂੰ ਚਵਰ ਕਰ ਰਹੀ ਹੈ।
ਹੇ ਸਰਬ ਦੇ ਕਰਤਾ, ਭਰਤਾ ਅਤੇ ਹਰਤਾ ਪਰਮੇਸ਼ਵਰ! ਇਸ ਤਰ੍ਹਾਂ ਆਪ ਜੀ ਦੀ ਕਿੰਨੀ ਸੋਹਣੀ ਆਰਤੀ ਹਰ ਵੇਲੇ ਹੋ ਰਹੀ ਹੈ। ਸਾਰੇ ਹੀ ਬ੍ਰਹਿਮੰਡ ਵਿਚ ਅਨਹਦ ਭਾਵ ਬਿਨਾ ਕਿਸੇ ਟਕਰਾਅ ਤੋਂ ਪੈਦਾ ਹੋ ਰਿਹਾ ਸੰਗੀਤ ਹਰ ਵੇਲੇ ਹੋ ਰਿਹਾ ਹੈ। ਹਰ ਤਰ੍ਹਾਂ ਦੇ ਡਰ ਅਤੇ ਭੈ ਨੂੰ ਨਾਸ਼ ਕਰਨ ਵਾਲੇ ਪ੍ਰਭੂ ਤੇਰੀ ਕੈਸੀ ਸੁੰਦਰ ਆਰਤੀ, ਸਾਰੀ ਹੀ ਕਾਇਨਾਤ ਹਰ ਵੇਲੇ ਆਪਣੇ ਆਪ ਸਦਾ ਹੀ ਨਿਰੰਤਰ ਕਰ ਰਹੀ ਹੈ।
ਹੇ ਪ੍ਰਭੂ! ਤੁਹਾਡਾ ਸਰੂਪ ਕੈਸਾ ਹੈ! ਆਪਣੇ ਅਣਗਿਣਤ ਸਰੂਪ ਹੁੰਦੇ ਹੋਏ ਵੀ ਕੋਈ ਸਰੂਪ ਨਹੀਂ ਹੈ। ਸਾਰੀ ਹੀ ਸ੍ਰਿਸ਼ਟੀ ਦੇ ਜੀਵਾਂ ਦੇ ਅਣਗਿਣਤ ਨੇਤਰ ਹਨ, ਉਹ ਸਾਰੇ ਹੀ ਨੇਤਰ ਹੁੰਦੇ ਹੋਏ ਵੀ ਤੁਹਾਡਾ ਕੋਈ ਨੇਤਰ ਨਹੀਂ ਹੈ। ਸਭ ਦੇ ਅਣਗਿਣਤ ਚਰਨ ਤੁਹਾਡੇ ਹੀ ਚਰਨ ਹੁੰਦੇ ਹੋਏ ਵੀ ਤੁਹਾਡਾ ਕੋਈ ਚਰਨ ਨਹੀਂ ਹੈ। ਇਸੇ ਤਰ੍ਹਾਂ ਹੀ ਸੁਗੰਧੀ ਲੈਣ ਵਾਲੇ ਅਨੰਤ ਨੱਕ ਹੁੰਦੇ ਹੋਏ ਵੀ ਤੁਹਾਡਾ ਕੋਈ ਨੱਕ ਨਹੀਂ ਹੈ। ਆਪ ਸਾਰੀ ਕੁਦਰਤ ਵਿਚ ਵਸਦੇ ਹੋਏ ਵੀ ਇਸ ਤੋਂ ਨਿਰਲੇਪ ਹੋ। ਪ੍ਰਭੂ ਦੇ ਇਸ ਅਸਚਰਜ ਕੌਤਕ ਤੋਂ ਮੈਂ ਹੈਰਾਨ ਹਾਂ ਅਤੇ ਬਲਿਹਾਰ ਜਾਂਦਾ ਹਾਂ। ਇਸ ਅਦਭੁਤ ਕੌਤਕ ਤੋਂ ਮੈਂ ਮੋਹਿਤ ਹੋ ਗਿਆ ਹਾਂ।
ਪ੍ਰਭੂ ਦੀ ਚੇਤਨਧਾਰਾ ਅਨੰਤ ਅਤੇ ਸਰਲ ਵਿਆਪਕ ਹੈ। ਉਹ ਜੋਤ ਹੀ ਸਾਰਿਆਂ ਦੇ ਜੀਵਨ ਦਾ ਆਧਾਰ ਹੈ ਅਤੇ ਕੁਦਰਤ ਦੇ ਕਣ ਕਣ ਵਿਚ ਵਿਆਪਕ ਹੋ ਕੇ ਸਭ ਨੂੰ ਜੀਵਨ ਪ੍ਰਦਾਨ ਕਰ ਰਹੀ ਹੈ; ਪਰ ਗੁਪਤ ਰੂਪ ਵਿਚ ਵਿਚਰ ਰਹੀ ਹੈ। ਉਸ ਦੀ ਸੋਝੀ ਗੁਰੂ ਦੀ ਸਿੱਖਿਆ, ਅਗਵਾਈ ਅਤੇ ਗਵਾਹੀ ਰਾਹੀਂ ਪ੍ਰਗਟ ਹੁੰਦੀ ਹੈ। ਇਸ ਜੋਤ ਦੇ ਦਰਸ਼ਨ ਕਰਨਾ ਹੀ ਸੱਚੀ ਆਰਤੀ ਹੈ। ਇਹ ਸੋਝੀ ਵੀ ਉਸ ਦੀ ਕ੍ਰਿਪਾ ਅਤੇ ਉਸ ਦੀ ਰਜ਼ਾ ਵਿਚ ਰਹਿਣ ਨਾਲ ਹੀ ਹੁੰਦੀ ਹੈ।
ਮੇਰੀ ਅਰਦਾਸ ਅਤੇ ਪ੍ਰਾਰਥਨਾ ਇਹੋ ਹੀ ਹੈ ਕਿ ਮੈਨੂੰ ਆਪ (ਪ੍ਰਭੂ) ਦੇ ਚਰਨ ਕਮਲਾਂ ਤੋਂ ਬਿਨਾ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਜਿਸ ਤਰ੍ਹਾਂ ਭੌਰਾ ਵਾਰ ਵਾਰ ਕੰਵਲ ਦੇ ਫੁੱਲਾਂ ਦਾ ਰਸ ਲੈਣ ਲਈ ਉਨ੍ਹਾਂ ਦਵਾਲੇ ਹੀ ਘੁੰਮਦਾ ਰਹਿੰਦਾ ਹੈ, ਉਸੇ ਤਰ੍ਹਾਂ ਆਪ ਦੀ ਕ੍ਰਿਪਾ ਅਤੇ ਅੰਮ੍ਰਿਤ ਰੂਪੀ ਨਾਮ ਤੋਂ ਬਿਨਾ ਮੈਨੂੰ ਹੋਰ ਕੁਝ ਵੀ ਪਿਆਰਾ ਨਹੀਂ ਲੱਗਦਾ। ਸੋ ਪਪੀਹੇ ਰੂਪੀ ਮੇਰੇ ਮਨ ਨੂੰ ਇਹੋ ਹੀ ਦਾਤ ਬਖਸ਼ੋ ਕਿ ਮੇਰੀ ਆਤਮਾ ਵਿਚ ਆਪ ਦਾ ਅੰਮ੍ਰਿਤ ਰੂਪੀ ਨਾਮ ਵਸ ਜਾਵੇ, ਮੇਰੀ ਆਤਮਾ ਤ੍ਰਿਪਤ ਹੋ ਜਾਵੇ-ਇਹੋ ਹੀ ਮੇਰੀ ਅਰਦਾਸ ਹੈ, ਆਰਤੀ ਹੈ ਅਤੇ ਏਹੋ ਹੀ ਮੇਰੀ ਪੂਜਾ ਹੈ। ਸੋ ਆਪ ਪ੍ਰਵਾਨ ਕਰੋ।
ਧਨਾਸਰੀ ਭਗਤ ਰਵਿਦਾਸ ਜੀ ਕੀ॥
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥1॥ਰਹਾਉ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥1॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ
ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ॥
ਨਾਮੁ ਤੇਰੇ ਕੀ ਜੋਤਿ ਲਗਾਈ
ਭਇਓ ਉਜਿਆਰੋ ਭਵਨ ਸਗਲਾਰੇ॥2॥
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ
ਭਾਰ ਅਠਾਰਹ ਸਗਲ ਜੂਠਾਰੇ॥
ਤੇਰੋ ਕੀਆ ਤੁਝਹਿ ਕਿਆ ਅਰਪਉ
ਨਾਮੁ ਤੇਰਾ ਤੁਹੀ ਚਵਰ ਢੋਲਾਰੇ॥3॥
ਦਸ ਅਠਾ ਅਠਸਠੇ ਚਾਰੇ ਖਾਣੀ
ਇਹੈ ਵਰਤਣਿ ਹੈ ਸਗਲ ਸੰਸਾਰੇ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਸਤਿਨਾਮੁ ਹੈ ਹਰਿ ਭੋਗ ਤੁਹਾਰੇ॥4॥3॥ (ਪੰਨਾ 694)
ਆਰਤੀ ਦਾ ਇਕ ਹੋਰ ਰੂਪ ਭਗਤ ਰਵਿਦਾਸ ਜੀ ਪੇਸ਼ ਕਰਦੇ ਹਨ, ਹੇ ਪ੍ਰਭੂ! ਕਰਮਕਾਂਡੀ ਅਤੇ ਅਨਜਾਣ ਲੋਕ ਤਾਂ ਮੂਰਤੀਆਂ ਬਣਾ ਕੇ ਤੇਰੀ ਪੂਜਾ ਕਰਦੇ ਹਨ, ਪਰ ਮੇਰੀ ਭਾਵਨਾ ਅਨੁਸਾਰ ਤਾਂ ਤੇਰਾ ਨਾਮ ਹੀ ਮੇਰੀ ਆਰਤੀ, ਮੇਰੀ ਪੂਜਾ ਤੇ ਮੇਰੀ ਅਰਦਾਸ ਹੈ। ਤੇਰਾ ਨਾਮੁ ਹੀ ਸਾਰੇ ਤੀਰਥਾਂ ਦਾ ਇਸ਼ਨਾਨ ਹੈ। ਸਾਰਾ ਬ੍ਰਹਿਮੰਡ ਹੀ ਤੇਰੇ ਨਾਮ, ਤੇਰੀ ਦੀ ਜੋਤ ਤੋਂ ਉਤਪੰਨ ਅਤੇ ਸਥਿੱਤ ਹੈ ਤੇ ਨਾਮ ਦੇ ਆਸਰੇ ਹੀ ਟਿਕਿਆ ਹੋਇਆ ਹੈ। ਤੇਰੇ ਨਾਮ ਤੋਂ ਬਿਨਾ ਹੋਰ ਸਭ ਅਡੰਬਰ ਝੂਠੇ ਹਨ। ਤੇਰਾ ਨਾਮ ਹੀ ਮੇਰਾ ਆਸਨ, ਨਾਮ ਹੀ ਉਹ ਸਿੱਲ ਹੈ, ਜਿਸ ‘ਤੇ ਨਾਮ ਰੂਪੀ ਚੰਦਨ ਅਤੇ ਕੇਸਰ ਤੇਰੇ ਨਾਮ ਰੂਪੀ ਪਾਣੀ ਨਾਲ ਘਿਸਾ ਕੇ ਤੈਨੂੰ ਹੀ ਅਰਪਣ ਕਰ ਰਿਹਾ ਹਾਂ। ਤੇਰਾ ਨਾਮ ਹੀ ਦੀਵਾ ਹੈ, ਨਾਮ ਦੀ ਹੀ ਬੱਤੀ ਹੈ ਅਤੇ ਉਸ ਦੀਵੇ ਵਿਚ ਨਾਮ ਰੂਪੀ ਤੇਲ ਪਾ ਕੇ ਤੇਰੇ ਨਾਮ ਦੀ ਹੀ ਜੋਤ ਜਗਾਈ ਹੈ। ਇਸੇ ਦੀ ਬਰਕਤ ਨਾਲ ਸਾਰੇ ਬ੍ਰਹਿਮੰਡ ਵਿਚ ਚਾਨਣ ਹੋ ਰਿਹਾ ਹੈ। ਤੇਰਾ ਨਾਮ ਹੀ ਧਾਗਾ ਹੈ, ਜਿਸ ਵਿਚ ਤੇਰੇ ਨਾਮ ਰੂਪੀ ਫੁੱਲ ਪਰੋ ਕੇ ਮਾਲਾ ਤਿਆਰ ਕੀਤੀ ਹੈ; ਕਿਉਂਕਿ ਬਾਕੀ ਸਾਰੇ ਹੀ ਫੁੱਲ ਪੱਤਰ ਆਦਿ ਜੂਠੇ ਹਨ ਅਤੇ ਸਿਰਫ ਤੇਰਾ ਨਾਮ ਹੀ ਪਵਿੱਤਰ ਹੈ। ਸੋ ਮੈਂ ਤੇਰੀ ਪੈਦਾ ਕੀਤੀ ਕੁਦਰਤ ਵਿਚੋਂ ਤੈਨੂੰ ਕੀ ਭੇਟ ਕਰਾਂ? ਤੈਨੂੰ ਚਵਰ ਵੀ ਤੇਰੇ ਨਾਮ ਨੂੰ ਹੀ ਬਣਾ ਕੇ ਝੁਲਾ ਰਿਹਾ ਹਾਂ।
ਬਾਕੀ ਸਾਰਾ ਸੰਸਾਰ ਤਾਂ ਅਠਾਰਾਂ ਪੁਰਾਣਾਂ ਅਤੇ ਅਠਾਹਠ (68) ਤੀਰਥਾਂ ਦੇ ਇਸ਼ਨਾਨ ਆਦਿ ਬਾਹਰੀ ਅਡੰਬਰਾਂ ਵਿਚ ਹੀ ਫਸਿਆ ਹੋਇਆ ਹੈ। ਲੋਕ ਇਸੇ ਨੂੰ ਹੀ ਧਰਮ ਸਮਝਦੇ ਹਨ। ਚਾਰਾਂ ਹੀ ਖਾਣੀਆਂ ਵਿਚ ਪੈਦਾ ਹੋਏ ਜੀਵ ਤੇਰੀ ਰਚੀ ਹੋਈ ਮਾਯਾ ਵਿਚ ਹੀ ਖਚਿੱਤ ਹੋਏ ਵਾਰ ਵਾਰ ਜਨਮ-ਮਰਨ ਦੇ ਚੱਕਰ ਵਿਚ ਫਸੇ ਹੋਏ ਹਨ। ਰਵੀਦਾਸ ਜੀ ਕਹਿ ਰਹੇ ਹਨ, ਹੇ ਪ੍ਰਭੂ! ਤੇਰਾ ਨਾਮ ਹੀ ਮੇਰੀ ਆਰਤੀ ਹੈ ਅਤੇ ਤੇਰੇ ਨਾਮ ਦਾ ਭੋਗ ਹੀ ਤੈਨੂੰ ਲਵਾ ਰਿਹਾ ਹਾਂ। ਤੇਰਾ ਨਾਮ ਹੀ ਮੇਰੇ ਜੀਵਨ ਦਾ ਆਧਾਰ ਹੈ। ਸਭ ਕੁਝ ਤੇਰੇ ਨਾਮ ਤੋਂ ਪ੍ਰਗਟ ਹੋਇਆ ਅਤੇ ਨਾਮ ਵਿਚ ਹੀ ਸਥਿਤ ਹੈ। ਸਾਰਾ ਬ੍ਰਹਿਮੰਡ ਹੀ ਤੇਰਾ ਨਾਮ ਅਤੇ ਤੇਰਾ ਰੂਪ ਹੈ। ਨਾਮ ਤੋਂ ਬਿਨਾ ਸਭ ਕੁਝ ਝੂਠ ਹੈ।
ਸ੍ਰੀ ਸੈਣ ਜੀ॥
ਧੂਪ ਦੀਪ ਘ੍ਰਿਤ ਸਾਜਿ ਆਰਤੀ॥
ਵਾਰਨੇ ਜਾਉ ਕਮਲਾ ਪਤੀ॥1॥
ਮੰਗਲਾ ਹਰਿ ਮੰਗਲਾ॥
ਨਿਤ ਮੰਗਲੁ ਰਾਜਾ ਰਾਮ ਰਾਏ ਹੋ॥1॥ਰਹਾਉ॥
ਊਤਮੁ ਦੀਅਰਾ ਨਿਰਮਲ ਬਾਤੀ॥
ਤੁਂਹੀ ਨਿਰੰਜਨੁ ਕਮਲਾ ਪਾਤੀ॥2॥
ਰਾਮਾ ਭਗਤਿ ਰਾਮਾਨੰਦੁ ਜਾਨੈ॥
ਪੂਰਨ ਪਰਮਾਨੰਦੁ ਬਖਾਨੈ॥3॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ॥
ਸੈਣੁ ਭਣੈ ਭਜੁ ਪਰਮਾਨੰਦੇ॥4॥2॥ (ਪੰਨਾ 695)
ਇਸੇ ਤਰ੍ਹਾਂ ਹੀ ਭਗਤ ਸੈਣ ਜੀ ਵੀ ਆਰਤੀ ਦਾ ਸਰੂਪ ਵਰਣਨ ਕਰਦੇ ਹਨ, ਹੇ ਕਮਲਾ ਪਤੀ, ਮਾਯਾ ਦੇ ਮਾਲਕ ਪ੍ਰਭੂ! ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ। ਇਹ ਵਾਰਨਾ ਸਦਕੇ ਜਾਣਾ ਹੀ ਸੁਗੰਧਿਤ ਪਦਾਰਥ, ਦੀਵਾ ਅਤੇ ਘਿਓ ਆਦਿਕ ਸਮੱਗਰੀ ਹਨ। ਏਹੋ ਹੀ ਮੇਰੀ ਆਰਤੀ ਦੀ ਸਮੱਗਰੀ ਅਤੇ ਆਰਤੀ ਹੈ। ਤੇਰੀ ਮਿਹਰ ਸਦਕਾ ਹੀ ਮੇਰੀ ਅੰਤਰ ਆਤਮਾ ਵਿਚ ਤੇਰੇ ਨਾਮ ਸਿਮਰਨ ਨਾਲ ਆਨੰਦ ਮੰਗਲ ਲੱਗਾ ਹੋਇਆ ਹੈ।
ਹੇ ਸਾਰੀ ਕੁਦਰਤ ਵਿਚ ਰਮੇ ਹੋਏ ਰਾਮ! ਆਪ ਹੀ ਮੇਰੇ ਲਈ ਆਰਤੀ ਦਾ ਉਤਮ ਸਾਧਨ ਭਾਵ ਦੀਵਾ, ਬੱਤੀ ਅਤੇ ਆਰਤੀ ਦਾ ਸਮੁੱਚਾ ਸਾਮਾਨ ਹੋ। ਮੈਂ ਰਾਮਾ ਨੰਦ ਦਾ ਸਿੱਖ ਅਤੇ ਤੇਰਾ ਭਗਤ ਤੇਰੇ ਆਨੰਦ ਸਰੂਪ ਦਾ ਨਾਮ ਸਿਮਰ ਕੇ ਤੇਰੇ ਨਾਲ ਅਭੇਦ ਹੋਇਆ ਮਿਲਾਪ ਦਾ ਆਨੰਦ ਮਾਣ ਰਿਹਾ ਹਾਂ। ਸੈਣ ਭਗਤ ਜੀ ਉਸ ਪਰਮ ਆਨੰਦ ਸਰੂਪ ਪਰਮਾਤਮਾ ਦੇ ਸਿਮਰਨ ਰੂਪੀ ਆਨੰਦ ਵਿਚ ਮਗਨ ਹੋ ਕੇ ਹਰ ਭੈ ਹਰ ਡਰ ਤੋਂ ਮੁਕਤ ਹੋ ਚੁਕੇ ਹਨ ਅਤੇ ਉਸ ਅਵਸਥਾ ਦਾ ਆਨੰਦ ਮਾਣ ਰਹੇ ਹਨ।
ਪ੍ਰਭਾਤੀ॥
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ
ਅਧਿਪਤਿ ਆਦਿ ਸਮਾਈ॥
ਸਿਧ ਸਮਾਧਿ ਅੰਤੁ ਨਹੀ ਪਾਇਆ
ਲਾਗਿ ਰਹੇ ਸਰਨਾਈ॥1॥
ਲੇਹੁ ਆਰਤੀ ਹੋ ਪੁਰਖੁ ਨਿਰੰਜਨ
ਸਤਿਗੁਰ ਪੂਜਹੁ ਭਾਈ॥
ਠਾਡਾ ਬ੍ਰਹਮਾ ਨਿਗਮ ਬੀਚਾਰੈ
ਅਲਖੁ ਨ ਲਖਿਆ ਜਾਈ॥1॥ਰਹਾਉ॥
ਤਤੁ ਤੇਲੁ ਨਾਮੁ ਕੀਆ ਬਾਤੀ
ਦੀਪਕੁ ਦੇਹ ਉਜਾਰਾ॥
ਜੋਤਿ ਲਾਇ ਜਗਦੀਸ ਜਗਾਇਆ
ਬੂਝੈ ਬੂਝਨਹਾਰਾ॥2॥
ਪੰਚੇ ਸਬਦ ਅਨਾਹਦ ਬਾਜੇ
ਸੰਗੇ ਸਾਰਿੰਗਪਾਨੀ॥
ਕਬੀਰ ਦਾਸ ਤੇਰੀ ਆਰਤੀ ਕੀਨੀ
ਨਿਰੰਕਾਰ ਨਿਰਬਾਨੀ॥3॥5॥ (ਪੰਨਾ 1350)
ਹੁਣ ਕਬੀਰ ਜੀ ਦੀ ਆਰਤੀ ਦਾ ਨਮੂਨਾ ਦੇਖਦੇ ਹਾਂ। ਕਬੀਰ ਜੀ ਕਹਿੰਦੇ ਹਨ ਕਿ ਆਰਤੀ ਕਰਨ ਦੇ ਸਮੇਂ ਦੇਵਤਿਆਂ ਨੂੰ ਵੀ ਦਾਤਾ ਦੇਣ ਵਾਲੇ ਅਤੇ ਉਨ੍ਹਾਂ ਦੇ ਸ਼੍ਰੋਮਣੀ, ਆਦਿ ਪੁਰਖ ਅਤੇ ਸਭ ਵਿਚ ਸਮਾਏ ਹੋਏ ਸਰਵ ਵਿਆਪਕ ਪਰਮਾਤਮਾ ਸਿੱਧ ਪੁਰਖ ਵੀ ਸਮਾਧੀ ਵਿਚ ਸਥਿਤ ਹੋ ਕੇ ਵੀ ਤੇਰਾ ਅੰਤ ਪਾਰਾਵਾਰ ਨਹੀਂ ਜਾਣ ਸਕਦੇ। ਅੰਤ ਹਾਰ ਕੇ ਤੇਰੀ ਸ਼ਰਨ ਤਕਾਉਂਦੇ ਹਨ। ਹੇ ਪ੍ਰਭੂ, ਮੇਰੀ ਪਹੁੰਚ ਅਤੇ ਸਮਰੱਥਾ ਤਾਂ ਸਿਰਫ ਆਰਤੀ ਤਕ ਹੀ ਸੀਮਤ ਹੈ। ਹੇ ਮਾਯਾ ਤੋਂ ਪਰੇ ਪਾਰਬ੍ਰਹਮ ਅਤੇ ਤੈਨੂੰ ਜਾਣਨ ਵਾਲੇ ਸਤਿਗੁਰੂ ਦੀ ਪੂਜਾ ਹੀ ਕਰਨੀ ਬਣਦੀ ਹੈ। ਵੇਦਾਂ ਦਾ ਪ੍ਰਵਕਤਾ ਬ੍ਰਹਮਾ ਵੀ ਤੇਰੇ ਦਰ ਖੜ੍ਹਾ ਵੇਦ ਵਿਚਾਰ ਰਾਹੀਂ ਤੇਰੀ ਹੀ ਆਰਤੀ ਕਰ ਰਿਹਾ ਹੈ, ਪਰ ਤੇਰੇ ਇਸ ਅਨੰਤ ਰੂਪ ਨੂੰ ਉਹ ਬ੍ਰਹਮਾ ਵੀ ਨਹੀਂ ਜਾਣ ਸਕਿਆ, ਤਾਂ ਆਮ ਵਿਅਕਤੀ ਦੀ ਕੀ ਪਹੁੰਚ ਹੈ!
ਤੇਰੇ ਨਾਮ ਦਾ ਤੇਲ, ਨਾਮ ਦੀ ਬੱਤੀ ਬਣਾ ਕੇ ਇਸ ਸਰੀਰ ਰੂਪੀ ਦੀਪਕ, ਜੋ ਤੇਰੇ ਨਾਮ ਨਾਲ ਹੀ ਪ੍ਰਕਾਸ਼ਿਤ ਹੋ ਰਿਹਾ ਹੈ; ਹੇ ਜਗਦੀਸ਼ ,ਜਗਤ ਦੇ ਈਸ਼ਵਰ ਤੇਰੇ ਨਾਮ ਦੇ ਪ੍ਰਕਾਸ਼ ਰਾਹੀਂ ਪ੍ਰਾਪਤ ਹੋਏ ਗਿਆਨ ਰਾਹੀਂ ਹੀ ਤੇਰੀ ਸੋਝੀ ਆ ਸਕਦੀ ਹੈ। ਬਿਨਾ ਕਿਸੇ ਸਾਜ਼ ਅਤੇ ਬਿਨਾ ਕਿਸੇ ਦੇ ਵਜਾਏ ਇਹ ਜੋ ਅਨਹਦ ਸ਼ਬਦ ਮੇਰੇ ਅੰਤਰ ਆਤਮੇ ਵੱਜ ਰਹੇ ਹਨ, ਆਪ ਹੀ ਧਨੁਸ਼ ਬਾਣ ਧਾਰੀ ਰੂਪ ਵਿਚ ਮੇਰੇ ਅੰਦਰ ਪ੍ਰਗਟ ਹੋ ਰਹੇ ਹਨ। ਹੇ ਨਿਰੰਕਾਰ ਅਤੇ ਬਾਣੀ ਤੋਂ ਪਰੇ ਪਾਰਬ੍ਰਹਮ ਸਰੂਪ! ਮੈਂ ਕਬੀਰ, ਤੇਰਾ ਦਾਸ ਤੇਰੀ ਇਹ ਆਰਤੀ ਕਰ ਰਿਹਾ ਹਾਂ। ਤੁਹਾਨੂੰ ਪ੍ਰਵਾਨ ਹੋਵੇ।
ਧੰਨਾ॥
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ
ਤਿਨ ਕੇ ਕਾਜ ਸਵਾਰਤਾ॥1॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥
ਹਮਰਾ ਖੁਸੀ ਕਰੈ ਨਿਤ ਜੀਉ॥
ਪਨ੍ਹੀਆ ਛਾਦਨੁ ਨੀਕਾ॥
ਅਨਾਜੁ ਮਾਗਉ ਸਤ ਸੀ ਕਾ॥1॥
ਗਊ ਭੈਸ ਮਗਉ ਲਾਵੇਰੀ॥
ਇਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥
ਜਨੁ ਧੰਨਾ ਲੇਵੈ ਮੰਗੀ॥2॥4॥ (ਪੰਨਾ 695)
ਭਗਤ ਧੰਨਾ ਜੀ ਤਾਂ ਆਰਤੀ ਦੀ ਥਾਂ ਆਰਤਾ ਹੀ ਕਰ ਰਹੇ ਹਨ। ਸਿੱਧਾ ਸਾਦਾ ਬੰਦਾ ਸਿੱਧੇ ਸਾਦੇ ਸ਼ਬਦ, ਕੋਈ ਲੁਕ ਲਪੇਟ ਨਹੀਂ, ਘਰ ਗ੍ਰਹਿਸਥੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਗੋਪਾਲ ਭਾਵ ਪ੍ਰਿਥਵੀ ਦੇ ਪਾਲਣ ਹਾਰ ਪ੍ਰਭੂ ਦੇ ਚਰਨਾਂ ਵਿਚ ਬੇਨਤੀ ਕਰਦੇ ਹਨ। ਵਿਸ਼ਵਾਸ ਐਨਾ ਹੈ ਕਿ ਕੋਈ ਭੁਲੇਖਾ ਨਹੀਂ ਕਿ ਉਹ ਕਿਤੇ ਦੂਰ ਬੈਠਾ ਹੈ, ਪਤਾ ਨਹੀਂ ਸੁਣਦਾ ਵੀ ਹੈ ਕਿ ਨਹੀਂ। ਉਸ ਨੂੰ ਸਾਹਮਣੇ ਬੈਠਾ ਕੇ ਹੀ ਸੰਬੋਧਨ ਕਰ ਰਹੇ ਹਨ। ਕੀ ਇਸ ਵਿਚ ਕੋਈ ਭੁਲੇਖਾ ਨਹੀਂ ਹੈ ਕਿ ਜੋ ਵੀ ਵਿਅਕਤੀ ਤੇਰੀ ਭਗਤੀ ਕਰਦਾ ਹੈ, ਤੁਸੀਂ ਉਸ ਦੇ ਸਾਰੇ ਕਾਰਜ ਸਵਾਰਦੇ ਹੋ! ਇਸ ਵਿਚ ਮੈਨੂੰ ਕੋਈ ਸ਼ੰਕਾ ਨਹੀਂ ਹੈ।
ਇਸ ਲਈ ਜੋ ਜੋ ਮੇਰੀ ਲੋੜ ਹੈ, ਉਸ ਲਈ ਬਿਨਾ ਕਿਸੇ ਵਲ ਫਰੇਬ ਦੇ ਬੇਨਤੀ ਕਰ ਰਿਹਾ ਹਾਂ। ਮੈਨੂੰ ਅਤੇ ਮੇਰੇ ਪਰਿਵਾਰ ਦੇ ਭਰਣ ਪੋਸ਼ਣ ਲਈ ਦਾਲ ਅਤੇ ਬਾਕੀ ਹੋਰ ਜ਼ਰੂਰੀ ਸਾਮਾਨ ਘਿਓ ਆਦਿ ਵੀ ਮੰਗਦਾ ਹਾਂ, ਤਾਂ ਕਿ ਮੈਂ ਸਦਾ ਹੀ ਤ੍ਰਿਪਤ ਅਤੇ ਖੁਸ਼ ਰਹਾਂ। ਪਹਿਨਣ ਲਈ ਕੱਪੜੇ ਅਤੇ ਜੁੱਤੀ ਵੀ ਚਾਹੀਦੀ ਹੈ ਤੇ ਖਾਣ ਲਈ ਵਧੀਆ ਕਿਸਮ ਦਾ ਅਨਾਜ ਮੰਗਦਾ ਹਾਂ। ਦੁੱਧ ਪੀਣ ਲਈ ਵਧੀਆ ਗਾਂ ਅਤੇ ਮੱਝ ਵੀ ਬਖਸ਼ੋ। ਕਿਥੇ ਪੈਦਲ ਤੁਰਿਆ ਫਿਰਦਾ ਰਹਾਂਗਾ, ਚੜ੍ਹਨ ਲਈ ਇਕ ਅਰਬੀ ਘੋੜੀ ਦੀ ਵੀ ਬਖਸ਼ਿਸ਼ ਕਰੋ। ਘਰ ਗ੍ਰਹਿਸਥੀ ਲਈ ਪਤਨੀ ਵੀ ਵਧੀਆ ਬਖਸ਼ੋ। ਮੈਂ ਤੇਰੀ ਸ਼ਰਨ ਆਇਆ ਹਾਂ ਅਤੇ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰੋ।
ਰਾਗੁ ਬਿਲਾਵਲੁ ਸਧਨਾ ਜੀ॥
ਨ੍ਰਿਪ ਕੰਨਿਆ ਕੇ ਕਾਰਨੈ
ਇਕੁ ਭਇਆ ਭੇਖਧਾਰੀ॥
ਕਾਮਾਰਥੀ ਸੁਆਰਥੀ
ਵਾ ਕੀ ਪੈਜ ਸਵਾਰੀ॥1॥
ਤਵ ਗੁਨ ਕਹਾ ਜਗਤ ਗੁਰਾ
ਜਉ ਕਰਮੁ ਨ ਨਾਸੈ॥
ਸਿੰਘ ਸਰਨ ਕਤ ਜਾਈਐ
ਜਉ ਜੰਬੁਕੁ ਗ੍ਰਾਸੇ॥1॥ਰਹਾਉ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖੁ ਪਾਵੈ॥
ਪ੍ਰਾਣ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ॥2॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ॥3॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ॥
ਅਉਸਰ ਰਜ਼ਾ ਰਾਖਿ ਲੇਹੁ ਸਧਨਾ ਜਨੁ ਤੋਰਾ॥4॥ (ਪੰਨਾ 858)
ਸਧਨਾ ਜੀ ਸੰਸਾਰਕ ਵਿਸ਼ੇ ਵਾਸ਼ਨਾਵਾਂ, ਪ੍ਰਬਲਤਾ ਨੂੰ ਵੇਖਦਿਆਂ ਪਰਮਾਤਮਾ ਸਨਮੁੱਖ ਅਰਦਾਸ ਕਰਦੇ ਹਨ ਕਿ ਇਹ ਤਾਂ ਬਹੁਤ ਸਾਰੀਆਂ ਹਨ ਅਤੇ ਮਨੁੱਖ ਦੀ ਸਮਰੱਥਾ ਨਹੀਂ ਕਿ ਇਨ੍ਹਾਂ ਦੀ ਮਾਰ ਤੋਂ ਬਚ ਸਕੇ। ਇਕ ਪ੍ਰਚਲਤ ਸਾਖੀ ਦੀ ਮਿਸਾਲ ਦਿੰਦਿਆਂ ਕਹਿੰਦੇ ਹਨ ਕਿ ਇਕ ਰਾਜੇ ਦੀ ਬੇਟੀ ਦੇ ਮੋਹ ਵਸ ਹੋ ਕੇ ਕਿਸੇ ਆਦਮੀ ਨੇ ਉਸ ਨਾਲ ਵਿਆਹ ਕਰਵਾਉਣ ਲਈ ਵਿਸ਼ਨੂੰ ਭਗਵਾਨ ਦਾ ਸਵਾਂਗ ਧਾਰ ਕੇ ਵਿਆਹ ਤਾਂ ਕਰਵਾ ਲਿਆ, ਪਰ ਜਦੋਂ ਪਰਖ ਦਾ ਸਮਾਂ ਆਇਆ ਤਾਂ ਉਹ ਭੱਜ ਗਿਆ। ਉਸ ਨੂੰ ਫੜ ਕੇ ਕੈਦ ਕਰ ਦਿੱਤਾ, ਪਰ ਫਿਰ ਵੀ ਉਸ ਦੇ ਪਾਪਾਂ ਨੂੰ ਨਾ ਦੇਖਦੇ ਹੋਏ ਵਿਸ਼ਨੂੰ ਭਗਵਾਨ ਨੇ ਉਸ ਦੀ ਲਾਜ ਰੱਖਦਿਆਂ ਉਸ ਦੀ ਰਖਿਆ ਕੀਤੀ ਸੀ।
ਉਵੇਂ ਹੀ ਮੈਂ ਤੇਰੀ ਸ਼ਰਣ ਆਇਆ ਹਾਂ, ਆਪ ਮੇਰੀ ਵੀ ਰਖਿਆ ਕਰੋ। ਹੇ ਜਗਤ ਦੇ ਗੁਰੂ ਕੇ ਪਰਮਾਤਮਾ ਤੇਰੀ ਵਡਿਆਈ ਕਿਵੇਂ ਹੋਵੇਗੀ, ਜੇ ਮੇਰੇ ਕਰਮਾਂ ਦਾ ਨਾਸ ਹੀ ਨਾ ਹੋਇਆ। ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ, ਜੇ ਗਿੱਦੜਾਂ ਨੇ ਹੀ ਖਾ ਜਾਣਾ ਹੈ। ਇਕ ਬੂੰਦ ਪਾਣੀ ਦੀ ਖਾਤਿਰ ਤਾਂ ਪਪੀਹੇ ਦੀ ਦਿਨ ਨਿਕਲ ਜਾਵੇ, ਪਰ ਉਸ ਦੀ ਮੌਤ ਪਿਛੋਂ ਭਾਵੇਂ ਉਸ ਨੂੰ ਸਾਰਾ ਸਮੁੰਦਰ ਹੀ ਮਿਲ ਜਾਵੇ ਤਾਂ ਉਹ ਉਸ ਦੇ ਕਿਸ ਕੰਮ ਆਵੇਗਾ! ਇਸੇ ਤਰ੍ਹਾਂ ਜੇ ਤੇਰੇ ਨਾਮ ਦੀ ਇਕ ਬੂੰਦ ਨਾ ਮਿਲੀ ਅਤੇ ਮੇਰਾ ਤਨ ਤੇ ਮਨ ਵਿਕਾਰਾਂ ਦਾ ਗ੍ਰਸਿਆ ਇਸ ਸੰਸਾਰ ਤੋਂ ਚਲਾ ਗਿਆ ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰੇ ਕਿਸ ਕੰਮ! ਤੇਰੀ ਮਿਹਰ ਨੂੰ ਉਡੀਕਦਿਆਂ ਮੇਰੀ ਆਤਮਾ ਤੱਕ ਚੁਕੀ ਹੈ। ਮਨ ਵਿਕਾਰਾਂ ਦੇ ਸਮੁੰਦਰ ਵਿਚ ਡੁੱਬ ਹੀ ਗਿਆ, ਤੇਰੀ ਕਿਰਪਾ ਰੂਪੀ ਬੇੜੀ ਮਿਲੀ ਤਾਂ ਕਿਸ ਕੰਮ? ਫਿਰ ਉਸ ਵਿਚ ਕੌਣ ਚੜ੍ਹੇਗਾ? ਹੇ ਪ੍ਰਭੂ ਮੇਰੀ ਕੋਈ ਪਹੁੰਚ ਅਤੇ ਹਿੰਮਤ ਨਹੀਂ ਅਤੇ ਮੈਨੂੰ ਕੋਈ ਦੂਜਾ ਆਸਰਾ ਵੀ ਨਹੀਂ ਦਿਸਦਾ। ਸੋ ਇਸੇ ਹੀ ਜਨਮ ਵਿਚ ਮੇਰੀ ਰਖਿਆ ਕਰੋ। ਮੈਂ ਸਧਨਾ ਆਪ ਦਾ ਦਾਸ ਆਪ ਜੀ ਦੀ ਸ਼ਰਨ ਆਇਆ ਹਾਂ। ਆਪਣਾ ਦਾਸ ਜਾਣਦਿਆਂ ਮੇਰੀ ਰੱਖਿਆ ਕਰੋ। ਮੈਨੂੰ ਵਿਸ਼ੇ ਵਾਸ਼ਨਾਵਾਂ ਦੇ ਸਮੁੰਦਰ ਵਿਚ ਡੁਬ ਹੋਣ ਤੋਂ ਬਚਾ ਲਵੋ, ਮੇਰੀ ਰਖਿਆ ਕਰੋ ਅਤੇ ਮੇਰੀ ਲਾਜ ਰੱਖੋ।
ਇਸ ਉਪਰੋਕਤ ਚਰਚਾ ਵਿਚੋਂ ਇਕ ਸਾਂਝਾ ਵਿਚਾਰ ਸਾਹਮਣੇ ਆਇਆ ਹੈ ਕਿ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਵੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਬਾਣੀ ਦਰਜ ਕੀਤੀ ਗਈ ਹੈ, ਉਸ ਵਿਚ ਭਗਤੀ ਹੀ ਪ੍ਰਧਾਨ ਹੈ। ਉਸ ਵਿਚ ਇਸੇ ਇਕ ਆਸ਼ੇ ਨੂੰ ਹੀ ਮੁੱਖ ਰੱਖਿਆ ਹੈ ਕਿ ਆਪਣੀ ਹਉਮੈ ਨੂੰ ਤਿਆਗ ਕੇ ਪਾਰਬ੍ਰਹਮ ਪਰਮੇਸ਼ਰ ਦੀ ਸ਼ਰਨ ਲੈ ਕੇ ਨਾਮ ਸਿਮਰਨ ਰਾਹੀਂ ਹੀ ਮਾਯਾ ਦੇ ਜਾਲ ਵਿਚੋਂ ਨਿਕਲਿਆ ਜਾ ਸਕਦਾ ਹੈ। ਹੋਰ ਕੋਈ ਕਰਮ ਕਾਂਡ ਅਤੇ ਮੂਰਤੀ ਪੂਜਾ ਆਦਿ ਸਾਧਨਾਂ ਨਾਲ ਮੁਕਤੀ ਨਹੀਂ ਮਿਲ ਸਕਦੀ।
ਕ੍ਰਿਸ਼ਨ ਜੀ ਵੀ ਸ਼੍ਰੀਮਦ ਭਗਵਤ ਗੀਤਾ ਦੇ ਅਠਾਰਵੇਂ ਅਧਿਆਇ ਦੇ (65-66) ਸ਼ਲੋਕਾਂ ਵਿਚ ਇਕ ਪ੍ਰਤਿਗਿਆ ਕਰਦੇ ਹਨ, ਹੇ ਅਰਜੁਨ, ਤੂੰ ਮੇਰੇ ਵਿਚ ਮਨ ਵਾਲਾ ਹੋ, ਮੇਰਾ ਭਗਤ ਬਣ, ਮੇਰੀ ਹੀ ਪੂਜਾ ਕਰ ਅਤੇ ਮੈਨੂੰ ਹੀ ਪ੍ਰਣਾਮ ਕਰ। ਇਸ ਤਰ੍ਹਾਂ ਕਰਨ ਨਾਲ ਤੂੰ ਮੈਨੂੰ ਹੀ ਪ੍ਰਾਪਤ ਹੋਵੇਗਾ। ਮੈਂ ਤੇਰੇ ਨਾਲ ਇਹ ਸੱਚੀ ਪ੍ਰਤਿਗਿਆ ਕਰਦਾ ਹਾਂ, ਕਿਉਂਕਿ ਤੂੰ ਮੈਨੂੰ ਬਹੁਤ ਪਿਆਰਾ ਹੈ। ਤੂੰ ਸਾਰੇ ਕਰਤਵ ਅਤੇ ਕਰਮਾਂ ਦੀ ਲਾਲਸਾ ਤਿਆਗ ਕੇ ਸਿਰਫ ਸਰਬ ਸ਼ਕਤੀਮਾਨ ਅਤੇ ਸਾਰੇ ਬ੍ਰਹਿਮੰਡ ਦੇ ਆਧਾਰ ਮੈਂ ਪਰਮੇਸ਼ਰ ਦੀ ਸ਼ਰਨ ਆ, ਮੈਂ ਤੈਨੂੰ ਸਭ ਪਾਪਾਂ ਤੋਂ ਮੁਕਤ ਕਰ ਦੇਵਾਂਗਾ। ਤੂੰ ਕੋਈ ਚਿੰਤਾ ਨਾ ਕਰ।
ਮੈਂ ਤਾਂ ਇਸ ਪ੍ਰਤਿਗਿਆ ‘ਤੇ ਯਕੀਨ ਅਤੇ ਅਮਲ ਕਰਕੇ ਹੀ ਅੱਜ ਤਕ ਹਰ ਮੁਸੀਬਤ ਅਤੇ ਦੁਖ ਤੋਂ ਪਾਰ ਪਾਇਆ ਹੈ। ਮੈਨੂੰ ਤਾਂ ਮੇਰੀ ਅਕਲ ਅਤੇ ਕਾਬਲੀਅਤ ਤੋਂ ਸਦਾ ਵੱਧ ਹੀ ਮਿਲਿਆ ਹੈ, ਜਿਸ ਦਾ ਮਨ ਕਰਦਾ ਹੈ ਮੰਨੇ, ਭਾਵੇਂ ਨਾ ਮੰਨੇ, ਕੋਈ ਜ਼ਬਰਦਸਤੀ ਨਹੀਂ। ਸੋ ਇਸ ਸਾਰੀ ਚਰਚਾ ਨੂੰ ਬਾਬਾ ਬੁੱਲ੍ਹੇ ਸ਼ਾਹ ਦੇ ਇਸ ਵਚਨ ਨਾਲ ਸਮੇਟਦਾ ਹਾਂ,
ਹੋਰ ਨੇ ਸਭੋ ਗੱਲੜੀਆਂ
ਅਲਾਹ ਅਲਾਹ ਦੀ ਗੱਲ।
ਕੁਝ ਰੌਲਾ ਪਾਇਆ ਆਲਮਾਂ
ਕੁਝ ਕਾਗਜ਼ਾਂ ਪਾਇਆ ਝੱਲ।