‘ਸਰਸਾ’ ਦੇ ਹਵਾਲੇ ਨਾਲ ਸਮਾਜ, ਫਿਲਮ ਅਤੇ ਫਿਲਮਸਾਜ਼ੀ

ਪੰਜਾਬੀ ਫਿਲਮ ‘ਸਰਸਾ’ ਦੀ ਪਟਕਥਾ ਦਲਜੀਤ ਅਮੀ (91-97811-21873) ਅਤੇ ਜਤਿੰਦਰ ਮੌਹਰ (91-97799-34747) ਨੇ ਮਿਲ ਕੇ ਲਿਖੀ ਸੀ, ਪਰ ਦੋਹਾਂ ਨੇ ਹੁਣ ‘ਸਿਕੰਦਰ’ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਅਸਲ ਵਿਚ ‘ਸਰਸਾ’ਦਾ ਨਾਂ ਹੀ ਨਹੀਂ ਬਦਲਿਆ ਗਿਆ, ਮੂਲ ਸਰੋਕਾਰ ਹੀ ਬਦਲ ਦਿੱਤਾ ਗਿਆ ਹੈ। ‘ਸਰਸਾ’ ਤੋਂ ‘ਸਿਕੰਦਰ’ ਹੋਣ ਬਾਰੇ ਇਕ ਲੇਖ ਦਲਜੀਤ ਅਮੀ ਨੇ ਲਿਖਿਆ ਸੀ ਜਿਹੜਾ ਅਸੀਂ ਆਪਣੇ ਪਾਠਕਾਂ ਨਾਲ ਪਿਛਲੇ ਅੰਕ ਵਿਚ ਸਾਂਝਾ ਕੀਤਾ ਸੀ। ਐਤਕੀਂ ਦਲਜੀਤ ਅਮੀ ਅਤੇ ਫ਼ਿਲਮ ਦੇ ਨੌਜਵਾਨ ਡਾਇਰੈਕਟਰ ਜਤਿੰਦਰ ਮੌਹਰ ਨੇ ਇਕ ਹੋਰ ਲੇਖ ਭੇਜਿਆ ਹੈ। ਇਸ ਲੇਖ ਵਿਚ ਇਕੱਲੀ ਇਸ ਫਿਲਮ ਬਾਰੇ ਹੀ ਨਹੀਂ, ਸਮੁੱਚੇ ਪੰਜਾਬੀ ਫਿਲਮ ਜਗਤ ਅਤੇ ਸਮਾਜ ਦੇ ਪ੍ਰਸੰਗਾਂ ਬਾਰੇ ਬੜੀਆਂ ਵਾਜਬ ਗੱਲਾਂ ਕੀਤੀਆਂ ਗਈਆਂ ਹਨ। ਇਹ ਦੋਵੇਂ ਨੌਜਵਾਨ ‘ਪੰਜਾਬ ਟਾਈਮਜ਼’ ਲਈ ਲਗਾਤਾਰ ਲਿਖਦੇ ਰਹੇ ਹਨ। ਉਨ੍ਹਾਂ ਦੀਆਂ ਲਿਖਤਾਂ ਸਦਾ ਸਮਾਜ ਨੂੰ ਚੰਗੇਰਾ ਬਣਾਉਣ ਦੇ ਫਿਕਰਾਂ ਨਾਲ ਲਬਾਲਬ ਹੁੰਦੀਆਂ ਹਨ। ਇਸ ਲੇਖ ਵਿਚੋਂ ਵੀ ਉਨ੍ਹਾਂ ਦਾ ਇਹੀ ਫਿਕਰ ਝਲਕਾਂ ਮਾਰਦਾ ਹੈ।

ਦਲਜੀਤ ਅਮੀ, ਜਤਿੰਦਰ ਮੌਹਰ
ਹਰ ਗੱਲ ਕਰਨ ਦਾ ਸਮਾਂ ਹੁੰਦਾ ਹੈ। ਸਮਾਂ ਲੰਘਣ ਤੋਂ ਬਾਅਦ ਵਿਚ ਕਾਮਯਾਬੀਆਂ ਦੀ ਦਾਅਵੇਦਾਰੀ ਅਤੇ ਨਾ-ਕਾਮਯਾਬੀਆਂ ਤੋਂ ਕੰਨੀ ਖਿਸਕਾਉਣ ਦੇ ਮੌਕਾਪ੍ਰਸਤ ਰੁਝਾਨ ਨੂੰ ਸਮਝਣ ਲਈ ਕਿਸੇ ਵਿਸ਼ੇ ਦਾ ਮਾਹਿਰ ਹੋਣ ਦੀ ਲੋੜ ਨਹੀਂ। ਅਸੀਂ ਕੁਝ ਨੁਕਤੇ ਅੱਜ ਹੀ ਸਾਫ਼ ਕਰ ਦੇਣਾ ਚਾਹੁੰਦੇ ਹਾਂ ਤਾਂ ਜੋ ਕੱਲ੍ਹ ਸਾਡੀ ਜਵਾਬਦੇਹੀ ਤੋਂ ਲੈ ਕੇ ਜਵਾਬਤਲਬੀ ਤੱਕ ਹੋ ਸਕੇ ਅਤੇ ਸਾਨੂੰ ਆਪਣੀਆਂ ਗ਼ਲਤੀਆਂ ਜਾਂ ਸਹੀ ਫ਼ੈਸਲਿਆਂ ਦਾ ਅਹਿਸਾਸ ਰਹੇ। ਸਾਡੀ ਲਿਖੀ ਫ਼ਿਲਮ ḔਸਰਸਾḔ ਵਿਚ ਤਬਦੀਲੀਆਂ ਕਰ ਕੇ ḔਸਿਕੰਦਰḔ ਦੇ ਨਾਮ ਹੇਠ ਪਰਦਾਪੇਸ਼ ਕੀਤੀ ਜਾ ਰਹੀ ਹੈ। ਜੇ ਇਹ ਫ਼ਿਲਮ ਵਿੱਤੀ ਕਾਮਯਾਬੀ ਹਾਸਲ ਕਰਦੀ ਹੈ ਤਾਂ ਕੀ ਸਾਨੂੰ ਸਿਰੇ ਦੇ ਲੇਖਕ ਅਤੇ ਫ਼ਿਲਮਸਾਜ਼ ਮੰਨਿਆ ਜਾਵੇਗਾ ਜਾਂ ਨਾ-ਕਾਮਯਾਬੀ ਕਾਰਨ ਸਾਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਵੇਗਾ? ਦੂਜਾ ਸਵਾਲ ਇਹ ਵੀ ਹੈ ਕਿ ਸਾਡੇ ਵੱਲੋਂ ਕੀਤੇ ਜਾ ਰਹੇ ਸੁਆਲਾਂ ਦੀ ਫ਼ਿਲਮ ਦੇ ਕਾਮਯਾਬ ਜਾਂ ਨਾ-ਕਾਮਯਾਬ ਹੋਣ ਤੋਂ ਬਾਅਦ ਕੀ ਅਹਿਮੀਅਤ ਹੋਵੇਗੀ?
ਇਨ੍ਹਾਂ ਸੁਆਲਾਂ ਉੱਤੇ ਆਉਣ ਤੋਂ ਪਹਿਲਾਂ ਕੁਝ ਹੋਰ ਗੱਲਾਂ ਜ਼ਰੂਰੀ ਹਨ। ਇਸ ਫ਼ਿਲਮ ਦਾ ਬੁਨਿਆਦੀ ਵਿਚਾਰ ਤੁਸੀਂ ਸਾਡੇ ਬਲੌਗ ਉੱਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਪੜ੍ਹ ਸਕਦੇ ਹੋ। ਫ਼ਿਲਮ ਕਿਸੇ ਝਟਕੇ ਨਾਲ ਮੁਕੰਮਲ ਨਹੀਂ ਹੁੰਦੀ। ਇਹ ਲੰਮੀ ਪ੍ਰਕਿਰਿਆ ਹੈ ਜੋ ਵਿਸ਼ੇ ਤੋਂ ਲੈ ਕੇ ਨਿਭਾਅ ਤੱਕ ਲਗਾਤਾਰ ਵਿਚਾਰ ਕੀਤੇ ਜਾਣ ਦੀ ਮੰਗ ਕਰਦੀ ਹੈ। ਇਸ ਦੌਰਾਨ ਲਗਾਤਾਰ ਸੁਆਲ ਆਉਂਦੇ ਰਹਿੰਦੇ ਹਨ। ਕੁਝ ਸੁਆਲਾਂ ਦੇ ਜੁਆਬ ਫ਼ਿਲਮ ਦਾ ਹਿੱਸਾ ਬਣਦੇ ਹਨ ਅਤੇ ਬਾਕੀ ਸੁਆਲ ਜਿਉਂ ਦੇ ਤਿਉਂ ਕਹੇ-ਅਣਕਹੇ ਰੂਪ ਵਿਚ ਪਰਦੇ ਉੱਤੇ ਪੇਸ਼ ਹੋ ਜਾਂਦੇ ਹਨ। ਇਸ ਫ਼ਿਲਮ ਨੂੰੰ ਲਿਖਣ ਦਾ ਕੰਮ ਦੋ ਸਾਲ ਚੱਲਦਾ ਰਿਹਾ। ਇਸ ਦੌਰਾਨ ਪੰਜਾਬ ਦਾ ਮਾਹੌਲ, ਸਾਡੀ ਬੇਚੈਨੀ ਅਤੇ ਸਮਝ ਦੇ ਰੂਪ ਵਿਚ ਚੀਜ਼ਾਂ ਇਸ ਕਹਾਣੀਆਂ ਦਾ ਹਿੱਸਾ ਬਣਦੀਆਂ ਰਹੀਆਂ। ਕੁਝ ਚੀਜ਼ਾਂ ਕਹਾਣੀ ਵਿਚੋਂ ਬਾਹਰ ਹੁੰਦੀਆਂ ਗਈਆਂ। ਸਾਡੀ ਕਹਾਣੀ ਵਿਚੋਂ ਪੰਜਾਬ ਵਿਚ ਦੀਆਂ ਘਟਨਾਵਾਂ ਦੇ ਇਸ਼ਾਰੇ ਸਾਫ਼ ਦਿਖਦੇ ਹਨ। ਇਨ੍ਹਾਂ ਘਟਨਾਵਾਂ ਵਿਚੋਂ ਹੀ ਸਾਨੂੰ ਆਪਣੇ ਕਿਰਦਾਰਾਂ ਦਾ ਖ਼ਾਸਾ ਸਪਸ਼ਟ ਹੋਇਆ। ਇਸੇ ਸਮੇਂ ਦੌਰਾਨ ਸਾਧੂ ਸਿੰਘ ਤਖ਼ਤੂਪੁਰਾ ਤੋਂ ਲੈ ਕੇ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਵਰਗੇ ਕਿਸਾਨ ਆਗੂਆਂ ਦੇ ਕਤਲ ਹੋਏ ਤਾਂ ਸਾਨੂੰ ਸਿਆਸਤਦਾਨਾਂ ਦਾ ਮੋਹਰਾ ਬਣੇ ਨੌਜਵਾਨਾਂ ਦਾ ਕਿਰਦਾਰ ਵਧੇਰੇ ਸਮਝ ਆਇਆ। ਅਸੀਂ ਇਨ੍ਹਾਂ ਨੌਜਵਾਨਾਂ ਨੂੰ ਸੰਵਾਦ ਰਾਹੀਂ ਜ਼ਿੰਦਗੀ ਵੱਲ ਮੋੜਨਾ ਚਾਹੁੰਦੇ ਹਾਂ ਕਿਉਂਕਿ ਇਹ ਸਾਡੇ ਆਲੇ-ਦੁਆਲੇ ਹਨ, ਸਾਡੇ ਸਮਕਾਲੀ ਹਨ। ਹੌਲੀ-ਹੌਲੀ ਸਮਝ ਆਈ ਕਿ ਆਪਣੇ ਵਰਗੇ ਦਿਸਦੇ ਇਨ੍ਹਾਂ ਨੌਜਵਾਨਾਂ ਨੂੰ ਇਸ ਗੱਲ ਦੀ ਜ਼ਿਆਦਾ ਰਿਆਇਤ ਨਹੀਂ ਦਿੱਤੀ ਜਾ ਸਕਦੀ ਕਿ ਇਹ ਸਿਆਸਤਦਾਨਾਂ ਦਾ ਮੋਹਰਾ ਬਣੇ ਹੋਏ ਹਨ। ਅਮਰੀਕਾ ਦੀ ਹਮਲਾਵਰ ਫ਼ੌਜ ਵਿਚ ਗ਼ਰੀਬੀ ਜਾਂ ਬੇਰੁਜ਼ਗਾਰੀ ਦੀ ਮਜਬੂਰੀ ਵਿਚ ਭਰਤੀ ਹੋਏ ਫ਼ੌਜੀਆਂ ਨੂੰ ਇਰਾਕ ਵਿਚ ਕੀ ਰਿਆਇਤ ਦਿੱਤੀ ਜਾ ਸਕਦੀ ਹੈ? ਅਸੀਂ ਹਿੰਸਾ ਦੀਆਂ ਇਨ੍ਹਾਂ ਮੁਕਾਮੀ ਤੋਂ ਆਲਮੀ ਤੰਦਾਂ ਦੇ ਤੰਦੂਆ ਜਾਲ ਦੀ ਸ਼ਨਾਖ਼ਤ ਕੀਤੀ ਜੋ ਫ਼ਿਲਮ ਵਿਚੋਂ ਝਲਕਦੀ ਹੈ।
ਇਸੇ ਦੌਰਾਨ ਸਾਨੂੰ ਸਮਝ ਆਈ ਕਿ ਸਿਆਸਤਦਾਨਾਂ ਦਾ ਮੋਹਰਾ ਬਣੀ ਇਸ ਨੌਜਵਾਨ ਪੀੜੀ ਨਾਲ ਸੰਵਾਦ ਇਨ੍ਹਾਂ ਉੱਤੇ ਸੁਆਲ ਕਰ ਕੇ ਹੀ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਇਨਕਾਰ ਕਰਨਾ ਜ਼ਰੂਰੀ ਹੈ। ਇਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਜ਼ਰੂਰੀ ਹੈ ਕਿ ਜ਼ਿੰਦਗੀ ਦੀ ਕੀਮਤ ਨਿੱੱਘ ਅਤੇ ਦਰਦਮੰਦੀ ਦੇ ਅਹਿਸਾਸ ਵਿਚ ਹੈ। ਇਸ ਨਾਲ ਬੰਦਾ ਆਪਣਾ ਸਤਿਕਾਰ ਕਰਨਾ ਸਿੱਖਦਾ ਹੈ। ਆਪਣਾ ਸਤਿਕਾਰ ਕਰਨ ਵਾਲਾ ਹੀ ਦੂਜਿਆਂ ਦਾ ਸਤਿਕਾਰ ਕਰ ਸਕਦਾ ਹੈ। ਇਸ ਧਿਰ ਵਿਚੋਂ ਹੀ ਅਸੀਂ ਸ਼ਮੀਰ, ਹਸਨ ਅਤੇ ਬੇਅੰਤ ਵਰਗੇ ਕਿਰਦਾਰ ਲਿਖੇ ਜੋ ਜ਼ਿੰਦਗੀ ਨੂੰ ਮਨੁੱਖੀ ਕਦਰਾਂ-ਕੀਮਤਾਂ ਅਤੇ ਦਰਦਮੰਦੀ ਨਾਲ ਜੋੜ ਕੇ ਵੇਖਦੇ ਹਨ। ਇਹ ਇਤਿਹਾਸ ਖੰਘਾਲਦੇ ਹੋਏ ਸਮਕਾਲੀ ਅਦਾਰਿਆਂ ਦੀ ਪੜਚੋਲ ਕਰਦੇ ਹਨ। ਇਹ ਮੌਜੂਦਾ ਪੀੜ੍ਹੀ ਦੇ ਨਿਘਾਰ ਦੀਆਂ ਜੜ੍ਹਾਂ ਵਿਦਿਅਕ ਅਦਾਰਿਆਂ ਦੀ ਸਮਾਜਕ-ਬੇਲਾਗ਼ਤਾ ਅਤੇ ਗ਼ੈਰ-ਜ਼ਿੰਮੇਵਾਰਾਨਾ ਸਿਆਸਤ ਵਿਚੋਂ ਲੱਭਦੇ ਹਨ। ਉਹ ਇਤਿਹਾਸ ਵਿਚ ਪਏ ਸਮਕਾਲੀ ਮਸਲਿਆਂ ਦੇ ਬੀਜਾਂ ਦੀ ਨਿਸ਼ਾਨਦੇਹੀ ਕਰਦੇ ਹਨ ਅਤੇ ਨਿਗੂਣੀ ਘੱਟ-ਗਿਣਤੀ ਹੋਣ ਦਾ ਬਾਵਜੂਦ ਬਣਦੀ ਦਖ਼ਲਅੰਦਾਜ਼ੀ ਕਰਦੇ ਹਨ। ਇਨ੍ਹਾਂ ਦਾ ਸਿਰ ਚੁੱਕ ਕੇ ਤੁਰਨਾ ਦੂਜੀ ਧਿਰ ਦੇ ਗ਼ਲਬੇ ਨੂੰ ਲਲਕਾਰਦਾ ਹੈ ਜੋ ਬਲਾਤਕਾਰ, ਲੁੱਟ-ਖੋਹ ਤੋਂ ਲੈ ਕੇ ਕਤਲ ਰਾਹੀਂ ਆਪਣਾ ਗ਼ਲਬਾ ਕਾਇਮ ਰੱਖਣਾ ਚਾਹੁੰਦੇ ਹਨ। ਇਹ ਗ਼ਾਲਬ ਧਿਰ ਦੀ ਈਨ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਇਹ ਇਨਕਾਰ ਉਨ੍ਹਾਂ ਦੀ ਸਿਦਕਦਿਲੀ ਦਾ ਲਖਾਇਕ ਬਣਦਾ ਹੈ।
ਫ਼ਿਲਮ ਵਿਚ ਨਿਘਾਰ ਦਾ ਸ਼ਿਕਾਰ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਹਰਜੰਗ, ਕੀਰਤ ਅਤੇ ਸਿਕੰਦਰ ਦੀਆਂ ਢਾਣੀਆਂ ਕਰਦੀਆਂ ਹਨ। ਇਨ੍ਹਾਂ ਦੀ ਹਵਸ ਦੇ ਕਈ ਪੱਖ ਖ਼ੂਨੀ ਲੜਾਈਆਂ ਅਤੇ ਬਲਾਤਕਾਰ ਰਾਹੀਂ ਸਾਹਮਣੇ ਆਉਂਦੇ ਹਨ। ਇਨ੍ਹਾਂ ਦੀ ਮੌਤ ਇੱਕ-ਦੂਜੇ ਦੇ ਹੱਥ ਲਿਖੀ ਹੈ। ਕਿਸੇ ਨੇ ਦੂਜੇ ਦੀ ਪਸੰਦ ਕੁੜੀ ਨਾਲ ਬਲਾਤਕਾਰ ਕਰ ਕੇ ਮੌਤ ਸਹੇੜਨੀ ਹੈ ਅਤੇ ਕਿਸੇ ਨੇ ਚੋਣਾਂ ਰਾਹੀਂ ਮੌਤ ਨੂੰ ਬੇਮੁਹਾਰ ਕਰਨਾ ਹੈ। ਇਹ ਤਾਂ ਮਹਿਜ਼ ਤੱਥ ਦੇ ਰੂਪ ਵਿਚ ਦਰਜ ਹੋਣਾ ਹੈ ਕਿ ਬੇਮੁਹਾਰ ਮੌਤ ਉਨ੍ਹਾਂ ਨੂੰ ਕਾਤਲ ਬਣਾਵੇਗੀ ਜਾਂ ਮਕਤੂਲ ਜਾਂ ਸਮੇਂ ਦੇ ਫ਼ਰਕ ਨਾਲ ਦੋਵੇਂ ਰੂਪ ਦੇਵੇਗੀ? ਇਸ ਬੇਮੁਹਾਰ ਮੌਤ ਉੱਤੇ ਸੁਆਲ ਕਰਦੀ ਧਿਰ ਇਨ੍ਹਾਂ ਦੀ ਬੇਕਿਰਕੀ ਦਾ ਸ਼ਿਕਾਰ ਹੁੰਦੀ ਹੋਈ ਵੀ ਆਪਣੇ ਰਾਹ ਤੁਰਦੀ ਹੈ।
ਪੰਜਾਬੀ ਲੋਕਧਾਰਾ Ḕਚ ਵਾਰ-ਵਾਰ ਗਾਏ ਜਾਂਦੇ ਔਰਤ ਵਿਰੋਧੀ ਕਿੱਸਿਆਂ, ਗੀਤਾਂ ਅਤੇ ਧਾਰਨਾਵਾਂ ਉੱਤੇ ḔਸਰਸਾḔ ਫ਼ਿਲਮ ਦਾ ਅਹਿਮ ਕਿਰਦਾਰ ਸ਼ਮੀਰ ਲਗਾਤਾਰ ਸੁਆਲ ਕਰਦਾ ਹੈ। ਮਿਰਜ਼ਿਆਂ ਅਤੇ ਸੁੱਚੇ ਸੂਰਮਿਆਂ ਦੇ ਨਾਮ Ḕਤੇ ਔਰਤਾਂ ਖ਼ਿਲਾਫ਼ ਕੀਤੀ ਜਾਂਦੀ ਬੁਰਛਾਗਰਦੀ ਅੱਜ ਤੱਕ ਜਾਰੀ ਹੈ। Ḕਰੰਨਾਂ ਯਾਰ ਮਰਵਾ ਦਿੰਦੀਆਂ ਨੇḔ, Ḕਰੰਨਾਂ ਚੰਚਲ ਹਾਰੀਆਂḔ ਅਤੇ Ḕ365 ਚਲਿੱਤਰ ਨਾਰ ਦੇḔ ਵਰਗੇ ਮਿਹਣੇ ਔਰਤਾਂ ਨੂੰ ਮਾਰੇ ਜਾਂਦੇ ਹਨ। ਸ਼ਮੀਰ ਇਨ੍ਹਾਂ  ਧਾਰਨਾਵਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ। ਉਹ ਬੇਅੰਤ ਨੂੰ ਸਦਮੇ ਵਿਚੋਂ ਕੱਢਣ ਲਈ ਕਿੱਸਿਆਂ ਦੀ ਨਵੀਂ ਪੜਚੋਲ ਨੂੰ ਦਵਾਈ ਵਾਂਗ ਪੇਸ਼ ਕਰਦਾ ਹੈ। ਕੀ ਹੁਣ ਪਰਦਾਪੇਸ਼ ਕੀਤੀ ਜਾ ਰਹੀ ḔਸਿਕੰਦਰḔ ਔਰਤਾਂ ਦੇ ਖ਼ਿਲਾਫ਼ ਭੁਗਤ ਰਹੀਆਂ ਧਾਰਨਾਵਾਂ ਨੂੰ ਪੁਖ਼ਤਾ ਕਰਦੀ ਹੈ ਜਾਂ ਤੋੜਦੀ ਹੈ? ਕੀ ਇਹ ਸਾਡੇ ਸਮੇਂ ਦਾ ਅਹਿਮ ਸੁਆਲ ਨਹੀਂ ਹੈ? ਸੰਗਤ ਇਸ ਸੁਆਲ ਨੂੰ ਛੱਡ ਕੇ ਫ਼ਿਲਮ ਕਿਵੇਂ ਦੇਖ ਸਕਦੀ ਹੈ?
ਹੁਣ ਸੁਆਲ ਫ਼ਿਲਮ ਵਿਚ ਕੀਤੀਆਂ ਤਬਦੀਲੀਆਂ ਦਾ ਆਉਂਦਾ ਹੈ। ਸਾਡੀ ਲਿਖੀ ਇਹ ਫ਼ਿਲਮ ਜਤਿੰਦਰ ਮੌਹਰ ਦੀ ਹਿਦਾਇਤਕਾਰੀ ਵਿਚ ਬਣੀ ਹੈ। ਫ਼ਿਲਮਕਾਰੀ ਦੇ ਪੜਾਵਾਂ ਵਿਚ ਲੇਖਨ, ਫ਼ਿਲਮਾਂਕਣ ਅਤੇ ਸੰਪਾਦਨ ਸਭ ਤੋਂ ਅਹਿਮ ਹਨ। ਇਨ੍ਹਾਂ ਵਿਚੋਂ ਆਖ਼ਰੀ ਪੜਾਅ ਪਰਦਾਪੇਸ਼ ਹੋਣ ਤੋਂ ਪਹਿਲਾਂ ਫ਼ੈਸਲਾਕੁਨ ਸਾਬਤ ਹੁੰਦਾ ਹੈ। ਫ਼ਿਲਮਾਂਕਣ ਕੀਤੀ ਸਮੱਗਰੀ ਇੱਕ ਤਰ੍ਹਾਂ ਕੱਚਾ ਮਾਲ ਹੁੰਦੀ ਹੈ ਜਿਸ ਵਿਚੋਂ ਹਰ ਬੰਦਾ ਕੁਝ ਨਾ ਕੁਝ ਫ਼ਰਕ ਅਤੇ ਆਪਣੀ ਸੋਚ ਮੁਤਾਬਕ ਵੱਖਰੀ ਫ਼ਿਲਮ ਬਣਾ ਸਕਦਾ ਹੈ। ਇਸੇ ਪੜਾਅ ਉੱਤੇ ḔਸਰਸਾḔ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਫ਼ਿਲਮ ਦਾ ਨਾਮ ḔਸਰਸਾḔ ਤੋਂ ḔਸਿਕੰਦਰḔ ਕੀਤਾ ਗਿਆ ਜਿਸ ਬਾਰੇ ਲੰਮਾ ਲੇਖ ਦਲਜੀਤ ਅਮੀ ਨੇ ਪਹਿਲਾਂ ਹੀ ਲਿਖ ਦਿੱਤਾ ਹੈ। ਫ਼ਿਲਮ ਦੇ ਇੱਕ ਤੋਂ ਬਿਨਾਂ ਸਾਰੇ ਗੀਤ ਬਦਲ ਦਿੱਤੇ ਗਏ ਹਨ। ਪਹਿਲੇ ਗੀਤ ਹਾਲਾਤ ਦੀ ਤਫ਼ਸੀਲ ਅਤੇ ਮਾਹੌਲ ਨੂੰ ਉਘਾੜਨ ਵਿਚ ਹਿੱਸਾ ਪਾ ਰਹੇ ਸਨ। ਹੁਣ ਵਾਲੇ ਗੀਤ ਸਿਰਫ਼ ਇੱਕ ਕਿਰਦਾਰ ḔਸਿਕੰਦਰḔ ਦਾ ਗੁਣਗਾਣ ਕਰ ਰਹੇ ਹਨ। ਇਸੇ ḔਸਿਕੰਦਰḔ ਨੂੰ ਹਮਦਰਦੀ ਦਾ ਪਾਤਰ ਬਣਾਉਣ ਅਤੇ ਨਾਇਕ ਵਜੋਂ ਪੇਸ਼ ਕਰਨ ਲਈ ਤਬਦੀਲੀਆਂ ਕੀਤੀਆਂ ਗਈਆਂ ਹਨ। ਸ਼ਮੀਰ ਦੀ ਮੌਤ ਦੇ ਮਾਤਮ ਵਿਚ ਡੁੱਬੀ ਬੇਅੰਤ ਦਾ ਦ੍ਰਿਸ਼ ḔਸਿਕੰਦਰḔ ਦੀ ਮੌਤ ਤੋਂ ਬਾਅਦ ਲਗਾ ਦਿੱਤਾ ਗਿਆ ਹੈ। ਇਸ ਦੇ ਪਿੱਛੇ ਸਿਕੰਦਰ ਦਾ ਗੁਣਗਾਣ ਕਰਦਾ ਗੀਤ ਚੱਲ ਰਿਹਾ ਹੈ। ਬੇਅੰਤ ਦੇ ਨਿਆਣਮਤੇ ਵਿਚ ਕੀਤੇ ਪਿਆਰ ਨੂੰ ਸਿਕੰਦਰ ਦੀ ਮੌਤ ਦਾ ਕਾਰਨ ਕਰਾਰ ਦੇਣ ਵਾਲਾ ਮਾਹੌਲ ਸਿਰਜਿਆ ਗਿਆ ਹੈ। ਉਸ ਦੇ ਇਨਕਾਰ ਨੂੰ ਸੋਗ਼ ਵਿਚ ਬਦਲ ਕੇ ਸਿਕੰਦਰਾਂ ਉੱਤੇ ਕੀਤੇ ਜਾਣ ਵਾਲੇ ਸਾਰੇ ਸੁਆਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। ḔਸਿਕੰਦਰḔ ਕਬਜ਼ੇ ਦੀ ਨੀਤੀ Ḕਤੇ ਚਲਦਿਆਂ ਪਿਆਰ ਦੀ ਫੋਕੀ ਰੱਟ ਲਾਈ ਰੱਖਦਾ ਹੈ। ਕੁਕਰਮਾਂ ਨੇ ਉਸ ਨੂੰ ਬਰਬਾਦੀ ਅਤੇ ਮੌਤ ਵੱਲ ਲੈ ਕੇ ਹੀ ਜਾਣਾ ਹੈ, ਪਰ ਫ਼ਿਲਮ ਦੇ ਅੰਤ Ḕਚ ਪਾਇਆ ਗੀਤ ਸਾਰੀ ਫ਼ਿਲਮ ਨੂੰ ਉਲਟਾ ਦਿੰਦਾ ਹੈ, ਜਦੋਂ ਫ਼ਿਲਮ ਸਿੱਧ ਕਰ ਦਿੰਦੀ ਹੈ ਕਿ Ḕਰੰਨਾਂ ਯਾਰ ਮਰਵਾ ਦਿੰਦੀਆਂḔ ਹਨ। ਸਿਕੰਦਰ ਦੀ ਬਰਬਾਦੀ ਜੋ ਉਸ ਦੇ ਕਰਮਾਂ ਦੀ ਦੇਣ ਹੈ, ਉਹ ਬੇਅੰਤ  ਦੇ ਮੋਢੇ ਪਾ ਦਿੱਤੀ ਜਾਂਦੀ ਹੈ। ਬੇਅੰਤ, ਸ਼ਮੀਰ ਅਤੇ ਹਸਨ ਦੇ ਕਿਰਦਾਰਾਂ ਉੱਤੇ ਕੈਂਚੀ ਚਲਾਈ ਗਈ ਹੈ। ḔਸਿਕੰਦਰḔ ਦੇ ਖ਼ਿਲਾਫ਼ ਉਸਰਦੀ ਦਲੀਲ ਖੁੰਡੀ ਕਰਨ ਦਾ ਉਪਰਾਲਾ ਕੀਤਾ ਹੈ। ḔਸਿਕੰਦਰḔ ਇਸ ਤਰ੍ਹਾਂ ḔਸਰਸਾḔ ਦਾ ਵਿਚਾਰਕ ਪੱਖੋਂ ਉਲਟਾ ਪਾਸਾ ਹੈ।
ਇਸ ਫ਼ਿਲਮ ਵਿਚ ਤਬਦੀਲੀਆਂ ਕਰਨ ਵਿਚ ਫ਼ੈਸਲਾਕੁਨ ਹਿੱਸਾ ਗੌਰਵ ਤ੍ਰੇਹਣ ਨੇ ਪਾਇਆ ਹੈ। ਉਸ ਦੇ ਲਿਖੇ ਗੀਤ ਪਾਏ ਗਏ ਹਨ। ḔਸਿਕੰਦਰḔ ਉਸ ਦੇ ਮੁੰਡੇ ਦੀ ਗਾਇਕ ਵਜੋਂ ਪਲੇਠੀ ਫ਼ਿਲਮ ਹੈ। ਗੌਰਵ ਤ੍ਰੇਹਣ ਨੇ ਆਪਣੀ ਪੰਜਾਬ, ਪੰਜਾਬੀਆਂ, ਕਲਾ ਅਤੇ ਦਰਸ਼ਕਾਂ ਬਾਰੇ ਸਮਝ ਕਈ ਵਾਰ ਬਿਆਨ ਕੀਤੀ ਹੈ। ਉਹ ਫ਼ਿਲਮ ਨੂੰ ਮਨੋਰੰਜਨ ਦੀ ਸ਼ੈਅ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦਿਲ-ਦਿਮਾਗ਼ ਘਰ ਰੱਖ ਕੇ ਲੋਕ ਸਿਨਮੇ ਵਿਚ ਆਉਂਦੇ ਹਨ। ਉਸ ਦਾ ਕਹਿਣਾ ਹੈ ਕਿ ਅੱਧੇ ਪੰਜਾਬੀ ਤਾਂ ਫ਼ਿਲਮ ਦੇਖਣ ਹੀ ਸ਼ਰਾਬ ਪੀ ਕੇ ਹਾਤ-ਹੁਤ ਕਰਨ ਲਈ ਆਉਂਦੇ ਹਨ। ਇਸ ਤੋਂ ਬਿਨਾਂ ਉਹ ਮੰਨਦਾ ਹੈ ਕਿ ਫ਼ਿਲਮ ਮਲਟੀਪਲੈਕਸ ਸਿਨਮਿਆਂ ਲਈ ਹੀ ਬਣਨੀ ਚਾਹੀਦੀ ਹੈ। ਉਹ ਕਹਿੰਦਾ ਹੈ ਕਿ ਗ਼ਰੀਬ ਬੰਦੇ ਨਕਲੀ ਸੀæਡੀæ ਖਰੀਦ ਕੇ ਫ਼ਿਲਮ ਦੇਖਣ, ਪਰ ਸਿਨਮੇ ਵਿਚ ਟਿਕਟ ਮਹਿੰਗੀ ਹੀ ਹੋਣੀ ਚਾਹੀਦੀ ਹੈ। ਉਸ ਨੇ ḔਸਰਸਾḔ ਨੂੰ ḔਸਿਕੰਦਰḔ ਬਣਾ ਕੇ ਆਪਣੀ ਸੋਚ ਦੇ ਹਾਣ ਦੀ ਕਰਨ ਦਾ ਉਪਰਾਲਾ ਕੀਤਾ ਹੈ। ਉਸ ਨੇ ਆਪਣੇ ਦੋਵਾਂ ਹੱਥਾਂ ਵਿਚ ਲੱਡੂ ਕਰ ਲਏ ਹਨ। ਫ਼ਿਲਮ ਕਾਮਯਾਬ ਹੋਵੇ ਜਾਂ ਨਾ-ਕਾਮਯਾਬ, ਪਰ ਗੌਰਵ ਇਸ ਨੂੰ ਆਪਣੀ ਸੋਚ ਦੀ ਪੁਸ਼ਟੀ ਵਜੋਂ ਪੇਸ਼ ਕਰ ਸਕੇਗਾ। ਉਹ ਫ਼ਿਲਮ ਦੀ ਕਾਮਯਾਬੀ ਨੂੰ ਆਪਣੀਆਂ ਤਬਦੀਲੀਆਂ ਦੀ ਪ੍ਰਵਾਨਗੀ ਅਤੇ ਨਾ-ਕਾਮਯਾਬੀ ਨੂੰ Ḕਦਰਸ਼ਕਾਂ ਦੀ ਵੱਖਰੀ ਫ਼ਿਲਮ ਨੂੰ ਪਸੰਦ ਨਾ ਕਰਨḔ ਦੀ ਧਾਰਨਾ ਦੀ ਪੁਸ਼ਟੀ ਕਰਾਰ ਦੇ ਸਕਦਾ ਹੈ। ਫ਼ਰਕ ਸੋਚ ਦਾ ਹੈ। ਪੰਜਾਬੀ ਸੰਗਤ ਨੂੰ ਸ਼ਰਾਬੀ-ਕਬਾਬੀ ਅਤੇ ਖਰੂਦੀ ਤੱਤ ਵਜੋਂ ਟਿੱਕਣ ਵਾਲਾ ਫ਼ਿਲਮ ਦਾ ਵਰਤਾਵਾ (ਡਿਸਟੀਬਿਊਟਰ) ḔਸਰਸਾḔ ਨੂੰ ḔਸਿਕੰਦਰḔ ਹੀ ਬਣਾਏਗਾ। ਦੂਜੇ ਪਾਸੇ ਦਰਸ਼ਕਾਂ ਨੂੰ ਸੰਗਤ ਦੇ ਰੂਪ Ḕਚ ਮੰਨਣ ਵਾਲੇ ਫ਼ਿਲਮ ਨੂੰ ḔਸਰਸਾḔ ਵਜੋਂ ਹੀ ਬਣਾ ਸਕਦੇ ਸਨ। ਇਹ ਬੁਨਿਆਦੀ ਫ਼ਰਕ ਹੈ।
ਸੁਆਲ ਪੁੱਛਣਾ ਬਣਦਾ ਹੈ ਕਿ ਹਰ ਗ਼ੈਰ-ਕਾਮੇਡੀ ਫ਼ਿਲਮ ਨੂੰ ਚੰਗੀ ਫ਼ਿਲਮ ਕਿਵੇਂ ਮੰਨ ਲਿਆ ਜਾਵੇ? ਚੰਗੀ ਫ਼ਿਲਮ ਦਾ ਪੈਮਾਨਾ ਕਿਵੇਂ ਮਿੱਥਿਆ ਜਾਵੇ? ਫ਼ਿਲਮ ਦੇਖ ਕੇ ਰਾਏ ਪੇਸ਼ ਕਰਨਾ ਹਰ ਕਿਸੇ ਦਾ ਹੱਕ ਹੈ ਪਰ ਫ਼ਿਲਮ ਤਾਂ ਫ਼ਿਲਮਸਾਜ਼ ਨੇ ਹੀ ਬਣਾਉਣੀ ਹੁੰਦੀ ਹੈ। ਅਸੀਂ ਕਿਤੇ ਵੀ ਇਹ ਨਹੀਂ ਕਿਹਾ ਕਿ ਇਹ ਫ਼ਿਲਮ ਹੋਰ ਫ਼ਿਲਮਾਂ ਤੋਂ ਵੱਖਰੀ ਨਹੀਂ ਹੈ। ਅਸੀਂ ਮੰਨਦੇ ਹਾਂ ਕਿ ਉਹ ਕਲਾ ਰੱਦਣਯੋਗ ਹੈ ਜਿਹੜੀ ਮਨੁੱਖ ਨਾਲ ਬਿਹਤਰ ਜ਼ਿੰਦਗੀ ਦੀ ਗੱਲ ਨਹੀਂ ਕਰਦੀ। ਉਹ ਕਲਾ ਬੇਮਾਅਨਾ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਮਨੁੱਖੀ ਵਰਤਾਅ ਕਰਨਾ ਨਹੀਂ ਸਿਖਾਉਂਦੀ। ਉਸ ਵਿਚ ਅਦਾਕਾਰੀ ਜਾਂ ਪਟਕਥਾ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ।
ਸਮਾਂ ਫ਼ਿਲਮ ਲਈ ਅਹਿਮ ਤੱਤ ਹੈ। ਫ਼ਿਲਮ ਕਿਸ ਸਮੇਂ Ḕਚ ਬਣਦੀ ਹੈ, ਕਿਹੜੇ ਸਮੇਂ ਨੂੰ ਦਰਸਾਉਂਦੀ ਹੈ ਅਤੇ ਕਿਸ ਸਮੇਂ ਵਿਚ ਦੇਖੀ ਜਾਣੀ ਹੈ। ਅੱਜ ਸਾਰੀ ਦੁਨੀਆਂ ਵਿਚ ਮੁਸਲਮਾਨਾਂ ਨੂੰ ਅਤਿਵਾਦੀਆਂ ਦੇ ਤੌਰ Ḕਤੇ ਪੇਸ਼ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੇ ਕਤਲੇਆਮ ਮੁਸਲਿਮ ਮੁਲਕਾਂ ਵਿਚ ਕੀਤੇ ਜਾ ਰਹੇ ਹਨ। ਹਿਦੋਸਤਾਨ ਦੇ ਹਿੰਦੂ ਫ਼ਿਰਕਾਪ੍ਰਸਤ ਇੱਕ ਪੂਰੀ ਨਸਲ ਨੂੰ ਖ਼ਤਮ ਕਰਨ ਦੇ ਦਮਗਜੇ ਮਾਰ ਰਹੇ ਹਨ। ਇਨ੍ਹਾਂ ਸਮਿਆਂ Ḕਚ ਬਣਦੀਆਂ ਅਤੇ ਦੇਖੀਆਂ ਜਾ ਰਹੀਆਂ ਫ਼ਿਲਮਾਂ Ḕਤੇ ਗੌਰ ਕਰਨਾ ਬਣਦਾ ਹੈ। ਅਨੁਰਾਗ ਕਸ਼ਿਅਪ ਹਿੰਦੀ ਸਿਨੇਮਾ Ḕਚ ਤਕਨੀਕੀ ਅਤੇ ਰੂਪਕ ਪੱਖ ਤੋਂ ਵੱਡਾ ਫ਼ਿਲਮਸਾਜ਼ ਹੈ। ਉਸ ਦੀਆਂ ਫ਼ਿਲਮਾਂ Ḕਬਲੈਕ ਫਰਾਈਡੇḔ ਅਤੇ Ḕਗੈਂਗਜ਼ ਆਫ਼ ਵਾਸੇਪੁਰḔ ਗਿਣਨਯੋਗ ਹਨ, ਪਰ ਦੋਵੇਂ ਮੁਸਲਮਾਨਾਂ ਦੇ ਖ਼ਿਲਾਫ਼ ਪ੍ਰਚਾਰ ਦਾ ਹਿੱਸਾ ਬਣਦੀਆਂ ਹਨ। ਅਸੀਂ ਇਸ ਫ਼ਿਲਮਸਾਜ਼ ਨੂੰ ਕਿਹੜੇ ਖਾਤੇ ਪਾਈਏ? Ḕਏ ਵੈਡਨਸਡੇḔ ਨਿਭਾਅ ਅਤੇ ਵਿੱਤੀ ਪੱਖੋਂ ਕਾਮਯਾਬ ਫ਼ਿਲਮ ਹੈ। ਇਹ ਮੁਸਲਮਾਨਾਂ ਨੂੰ ਕਾਕਰੋਚ ਦੱਸਦੀ ਹੈ ਜਿਨ੍ਹਾਂ ਨੂੰ ਮਾਰਨਾ ਜ਼ਰੂਰੀ ਹੈ।
ḔਸਿਕੰਦਰḔ ਦੇ ਪ੍ਰਚਾਰ ਵਿਚ ਵੀ ਇਹੋ ਪੱਖ ਭਾਰੂ ਹੈ। ਦੁਨੀਆਂ ਨੂੰ ਆਪਣੀ ਜਗੀਰ ਸਮਝਣ ਵਾਲੇ ਨੂੰ ਨਾਇਕ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਗੌਰਵ ਤ੍ਰੇਹਣ ਦੀ ਕਤਾਰ ਵਿਚ ਖੜ੍ਹੋ ਕੇ ਕਈ Ḕਸਭਿਆਚਾਰ ਦੇ ਸਰਵਕਲਾਵੰਤ ਸੇਵਕḔ ਅਤੇ ḔਪੱਤਰਕਾਰḔ ਪ੍ਰਚਾਰ ਕਰ ਰਹੇ ਹਨ ਕਿ ḔਸਿਕੰਦਰḔ ਉੱਤੇ ਕੋਈ ਸੁਆਲ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਮੌਜੂਦਾ ਰੁਝਾਨ ਤੋਂ ਵੱਖਰੀ ਫ਼ਿਲਮ ਹੈ। ਫ਼ਿਲਮ ਦਾ ਵੱਖਰੀ ਹੋਣਾ ਕੋਈ ਗੁਣ ਨਹੀਂ ਹੈ। ḔਸਿਕੰਦਰḔ ਵੱਖਰੀ ਵੀ ਹੋ ਸਕਦੀ ਹੈ ਅਤੇ ਵਿੱਤੀ ਪੱਖੋਂ ਕਾਮਯਾਬ ਵੀ। ਅਸੀਂ ਇਸ ਨੂੰ ਇਸ ਪੱਖੋਂ ਵੇਖਣਾ ਚਾਹੁੰਦੇ ਹਾਂ ਕਿ ਇਹ ਕਿਸ ਤਰ੍ਹਾਂ ਦੀ ਹੋ ਸਕਦੀ ਸੀ। ਇਸ ਦੇ ਬੁਨਿਆਦੀ ਵਿਚਾਰ ਵਿਚ ਕਿਹੋ ਜਿਹੀ ਫ਼ਿਲਮ ਦੀ ਸਮਰੱਥਾ ਸੀ। ਇਸ ਦੀ ਸਮਰੱਥਾ ਅਤੇ ḔਸਿਕੰਦਰḔ ਵਿਚਲਾ ਪਾੜਾ ਸਾਡੇ ਲਈ ਅਹਿਮ ਸੁਆਲ ਹੈ। ਦੂਜਿਆਂ ਤੋਂ ਵੱਖਰੀ ਫ਼ਿਲਮ ਬਣਾਉਣ ਦੀ ਥਾਂ ਅਸੀਂ ਆਪਣੀ ਸਮਰੱਥਾ ਦੇ ਹਾਣ ਦੀ ਫ਼ਿਲਮ ਬਣਾਉਣੀ ਚਾਹੁੰਦੇ ਹਾਂ। ਇਸ ਲਈ ਸਾਡਾ ਜਮਹੂਰੀ ਹੱਕ ਹੈ ਕਿ ਅਸੀਂ ਸੰਗਤ ਤੱਕ ਇਹ ਗੱਲ ਪਹੁੰਚਾਈਏ ਕਿ ਦਰਅਸਲ ḔਸਰਸਾḔ ਕੀ ਸੀ ਅਤੇ ḔਸਿਕੰਦਰḔ ਕੀ ਹੈ।
ਵੱਡਾ ਮਸਲਾ ਕਲਾ ਅਤੇ ਇਸ ਦੀ ਸਮਾਜਕ ਜ਼ਿੰਮੇਵਾਰੀ ਨਾਲ ਵੀ ਜੁੜਿਆ ਹੋਇਆ ਹੈ। ਫ਼ਿਲਮ ਦੀ ਵਿੱਤੀ ਮਾਲਕ ਪੂਨਮ ਪਵਾਰ ਸਮਾਜਕ ਜ਼ਿੰਮੇਵਾਰੀ ਦੀ ਗੱਲ ਕਰਦੀ ਹੈ। ਕੀ ਅਜਿਹੀ ਗੱਲ ਕਹਿ ਕੇ ਸਮਾਜਕ ਜ਼ਿੰਮੇਵਾਰੀ ਨਿਭ ਜਾਂਦੀ ਹੈ? ਕੀ ਸਮਾਜਕ ਜ਼ਿੰਮੇਵਾਰੀ ਇਕਤਰਫ਼ਾ ਪ੍ਰੇਮ ਕਹਾਣੀ ਜਾਂ ਆਦਮਖ਼ੋਰ ਸਿਆਸਤ ਦਾ ਹੱਥ ਠੋਕਾ ਬਣੇ ਮੁੰਡਿਆਂ ਬਾਬਤ ਹੀ ਹੋ ਸਕਦੀ ਹੈ? ਅਮਲ ਵਿਚ ਵਿੱਤੀ ਮਾਲਕ ਦੀ ਸਮਾਜਕ ਜ਼ਿੰਮੇਵਾਰੀ ਕਿੱਥੇ ਹੈ? ਉਹ ਦੁਨੀਆਂ ਦੀਆਂ ਅੱਧ-ਮਾਲਕ, ਪਰ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰਦੀ ਹੈ? ਸਮਾਜਕ ਜ਼ਿੰਮੇਵਾਰੀ ਸਿਰਫ਼ ਕਹਿਣ ਨਾਲ ਨਹੀਂ ਨਿਭਾਈ ਜਾਂਦੀ, ਸਗੋਂ ਲਗਾਤਾਰ ਨਿਭਾਉਣੀ ਪੈਂਦੀ ਹੈ। ਇਹ ਉਹ ਫਿਲਮ ਲਿਖਣ ਵੇਲੇ ਨਿਭਾਉਣੀ ਪੈਂਦੀ ਹੈ; ਫਿਲਮਾਉਣ ਵੇਲੇ ਨਿਭਾਉਣੀ ਪੈਂਦੀ ਹੈ; ਸੰਪਾਦਤ ਕਰਨ ਵੇਲੇ ਨਿਭਾਉਣੀ ਪੈਂਦੀ ਹੈ; ਪਰਦਾਪੇਸ਼ ਕਰਨ ਵੇਲੇ ਨਿਭਾਉਣੀ ਪੈਂਦੀ ਹੈ। ਅਸੀਂ ਫ਼ਿਲਮ ਵਿਚ ਸਿਆਸਤ ਦਾ ਮੋਹਰਾ ਬਣੇ ਨੌਜਵਾਨਾਂ ਦਾ ਪੱਖ ਸਮਝਣ ਦਾ ਉਪਰਾਲਾ ਕੀਤਾ ਹੈ ਤੇ ਉਨ੍ਹਾਂ ਉੱਤੇ ਬਣਦੇ ਸੁਆਲ ਕੀਤੇ ਹਨ। ਫ਼ਿਲਮ ਦੇ ਕਿਰਦਾਰ ਇਨ੍ਹਾਂ ਗੁੰਡਾ-ਢਾਣੀਆਂ ਉੱਤੇ ਸੁਆਲ ਕਰ ਰਹੇ ਹਨ। ਇਹੋ ਸੁਆਲ ਸੰਵਾਦ ਦਾ ਧੁਰਾ ਬਣਦੇ ਹਨ। ਫ਼ਿਲਮ ਵਿਚ ਕੀਤੀਆਂ ਗਈਆਂ ਤਬਦੀਲੀਆਂ ਦੂਜੇ ਪੱਖ ਨੂੰ ਝੁਕਾ ਕੇ ḔਸਿਕੰਦਰਾਂḔ ਦੇ ਪੱਖ ਵਿਚ ਭੁਗਤਾਉਣ ਦਾ ਉਪਰਾਲਾ ਹਨ।
ਅਸੀਂ ਇਨ੍ਹਾਂ ਤਬਦੀਲੀਆਂ ਦੇ ਹਵਾਲੇ ਨਾਲ ਇਹ ਸੁਆਲ ਵੀ ਪੁੱਛਣਾ ਚਾਹੁੰਦੇ ਹਾਂ ਕਿ ਫ਼ਿਲਮ ਦੇ ਮਾਮਲੇ ਵਿਚ ਆਖ਼ਰੀ ਫ਼ੈਸਲਾ ਕਿਸ ਦੇ ਹੱਥ ਹੋਣਾ ਚਾਹੀਦਾ ਹੈ? ਇਸ ਵਿਚ ਲੇਖਕ ਤੋਂ ਲੈ ਕੇ ਹਿਦਾਇਤਕਾਰ ਅਤੇ ਮਾਲਕ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ? ਦੁਨੀਆਂ ਭਰ ਦੇ ਫ਼ਿਲਮਸਾਜ਼ਾਂ ਨੇ ਵਿੱਤੀ ਪਾਬੰਦੀਆਂ ਖ਼ਿਲਾਫ਼ ਲੜਾਈ ਲੜੀ ਹੈ ਜੋ ਹਾਲੇ ਵੀ ਜਾਰੀ ਹੈ। ਸਾਡੇ ਇਨ੍ਹਾਂ ਸੁਆਲਾਂ ਨੂੰ ਉਸ ਆਲਮੀ ਲੜਾਈ ਦੀ ਪੰਜਾਬੀ ਤੰਦ ਵਜੋਂ ਵੀ ਵੇਖਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਫ਼ਿਲਮਸਾਜ਼ ਕਹਿੰਦੇ ਰਹੇ ਹਨ ਕਿ ਵਿੱਤੀ ਪਾਬੰਦੀਆਂ ਕਾਰਨ ਉਹ ਆਪਣੀ ਮਨ-ਪਸੰਦ ਦੀਆਂ ਫ਼ਿਲਮਾਂ ਬਣਾਉਣ ਵਿਚ ਨਾ-ਕਾਮਯਾਬ ਰਹੇ ਹਨ। ਹੁਣ ਵੇਲਾ ਆ ਗਿਆ ਹੈ ਕਿ ਇਸ ਸੁਆਲ ਨੂੰ ਠੋਸ ਮਿਸਾਲਾਂ ਦੇ ਹਵਾਲੇ ਨਾਲ ਆਵਾਮ ਵਿਚ ਪੇਸ਼ ਕੀਤਾ ਜਾਵੇ।
ਇਸ ਫ਼ਿਲਮ ਦੀ ਕਾਮਯਾਬੀ ਜਾਂ ਨਾ-ਕਾਮਯਾਬੀ ਨਾਲ ਇਨ੍ਹਾਂ ਸੁਆਲਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੇ ਦਲੀਲਬੰਦ ਜੁਆਬ ਲੱਭਣਾ ਮੌਜੂਦਾ ਸਮਾਜ ਦੇ ਜੀਆਂ ਅਤੇ ਫ਼ਿਲਮਸਾਜ਼ਾਂ ਵਜੋਂ ਸਾਡਾ ਵੀ ਕੰਮ ਹੈ। ਇਹ ਸੁਆਲ ਹਮੇਸ਼ਾਂ ਅਹਿਮ ਰਹੇਗਾ ਕਿ ਜਦੋਂ ਨਰਿੰਦਰ ਮੋਦੀ ਦਾ ਉਭਾਰ ਹੋ ਰਿਹਾ ਸੀ ਤਾਂ ਪੰਜਾਬ ਵਿਚ ḔਸਿਕੰਦਰḔ ਨੂੰ ਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਪੰਜਾਬ ਵਿਚ ਮਾਧੋਪੁਰ ਵਿਚ ਨਰਿੰਦਰ ਮੋਦੀ ਦਾ ਪਹਿਲਾ ਜਲਸਾ ਅਤੇ ḔਸਿਕੰਦਰḔ ਦਾ ਪਰਦਾਪੇਸ਼ ਹੋਣਾ ਮਹਿਜ਼ ਸਬੱਬ ਨਹੀਂ ਹਨ, ਸਗੋਂ ਇਸ ਇਤਫ਼ਾਕ ਵਿਚ ਸਾਡੇ ਦੌਰ ਦੀ ਰਮਜ਼ ਲੁਕੀ ਹੋਈ ਹੈ। ਇਸੇ ਦਿਨ ਇਹ ਰਪਟ ਛਪੀ ਹੈ ਕਿ ਪੰਜਾਬ ਵਿਚ ਆੜ੍ਹਤੀਆਂ ਦੇ ਮੁਨਾਫ਼ੇ ਅਤੇ ਕਿਸਾਨਾਂ ਦੀ ਮੰਦਹਾਲੀ ਦੇ ਵਧਣ ਦਾ ਆਪਸ ਵਿਚ ਰਿਸ਼ਤਾ ਹੈ। ਇਸੇ ਰੁਝਾਨ ਦੇ ਖ਼ਿਲਾਫ਼ ਲੜਦੇ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਅਤੇ ਸਾਧੂ ਸਿੰਘ ਤਖ਼ਤੂਪੁਰਾ ਸ਼ਹੀਦ ਹੋਏ ਸਨ। ਇਨ੍ਹਾਂ ਦੀਆਂ ਕਾਤਲ ਗੁੰਡਾ-ਢਾਣੀਆਂ ਦੇ ḔਸਿਕੰਦਰਾਂḔ ਨੂੰ ਆੜ੍ਹਤੀਆਂ ਅਤੇ ਸਿਆਸਤਦਾਨਾਂ ਦੀ ਛਤਰਛਾਇਆ ਮਿਲੀ ਹੋਈ ਹੈ ਜਿਨ੍ਹਾਂ ਦਾ ਜ਼ਿਕਰ ਇਸ ਫ਼ਿਲਮ ਵਿਚ ਦਰਜ ਹੈ। ਮੌਜੂਦਾ ਮਾਹੌਲ ਵਿਚ ਫ਼ਿਲਮ ḔਸਿਕੰਦਰḔ ਦਾ ਦੂਜੀਆਂ ਫ਼ਿਲਮਾਂ ਨਾਲੋਂ ਵੱਖਰਾ ਹੋਣਾ ਜਾਂ ਤਕਨੀਕੀ ਪੱਖੋਂ ਬਿਹਤਰ ਹੋਣਾ ਜਾਂ ਇਸ ਦੀ ਬਿਹਤਰੀਨ ਅਦਾਕਾਰੀ ਮਾਅਨੇ ਨਹੀਂ ਰੱਖਦੀ, ਸਗੋਂ ਇਹ ਮਾਅਨੇ ਰੱਖਦਾ ਹੈ ਕਿ ḔਸਰਸਾḔ ਕੀ ਸੀ ਅਤੇ ਇਸ ਨੂੰ ḔਸਿਕੰਦਰḔ ਕਿਉਂ ਬਣਾਇਆ ਗਿਆ? ਮਾਅਨੇ ਇਹ ਤੱਥ ਵੀ ਰੱਖੇਗਾ ਕਿ ਇਹ ਕਿਨ੍ਹਾਂ ਸਮਿਆਂ ਵਿਚ ਲਿਖੀ ਗਈ, ਕਿਨ੍ਹਾਂ ਸਮਿਆਂ ਵਿਚ ਤਬਦੀਲੀਆਂ ਦਾ ਸ਼ਿਕਾਰ ਹੋਈ ਅਤੇ ਕਿਨ੍ਹਾਂ ਸਮਿਆਂ ਵਿਚ ਦੇਖੀ ਗਈ?

Be the first to comment

Leave a Reply

Your email address will not be published.