ਅਮਿਤਾਭ ਬੱਚਨ, ਨਸੀਰੂਦੀਨ ਸ਼ਾਹ ਤੇ ਵਿਦਿਆ ਬਾਲਨ ਹੀ ਬਾਲੀਵੁੱਡ ਦੀਆਂ ਉਹ ਤਿੰਨ ਪ੍ਰਤਿਭਾਵਾਂ ਹਨ ਜਿਨ੍ਹਾਂ ਨੂੰ ਇਕ ਫਿਲਮ ਵਿਚ ਕਾਸਟ ਕਰਨ ਦਾ ਕਮਾਲ ਨਿਰਦੇਸ਼ਕ ਸੁਜੋਏ ਘੋਸ਼ ਨੇ ਕਰ ਦਿਖਾਇਆ ਹੈ। ਸੂਤਰਾਂ ਅਨੁਸਾਰ ਵਿਦਿਆ ਬਾਲਨ ਸਟਰਾਰ ਹਿੱਟ ਸਸਪੈਂਸ ਫਿਲਮ ‘ਕਹਾਨੀ’ ਬਣਾਉਣ ਲਈ ਸੁਜੋਏ ਘੋਸ਼ ਨੇ ਆਪਣੀ ਅਗਲੀ ਫਿਲਮ ‘ਬਦਲਾ’ ਵਿਚ ਕਮਾਲ ਦੇ ਇਨ੍ਹਾਂ ਤਿੰਨ ਕਲਾਕਾਰਾਂ ਨੂੰ ਕੰਮ ਕਰਨ ਲਈ ਰਾਜ਼ੀ ਕਰ ਲਿਆ ਹੈ।
ਜਿਵੇਂ ਕਿ ਫਿਲਮ ਦੇ ਨਾਂ ਤੋਂ ਹੀ ਜ਼ਾਹਿਰ ਹੈ, ਫਿਲਮ ਦੀ ਕਹਾਣੀ ਬਦਲੇ ‘ਤੇ ਆਧਾਰਤ ਹੈ ਜਿਸ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤਕ ਸ਼ੁਰੂ ਹੋਣ ਦੀ ਉਮੀਦ ਹੈ। ਅਮਿਤਾਭ ਬੱਚਨ ਤੇ ਵਿਦਿਆ ਬਾਲਨ ਫਿਲਮ ‘ਪਾ’ ਵਿਚ ਇਕੱਠੇ ਅਭਿਨੈ ਕਰ ਚੁੱਕੇ ਹਨ ਜਿਸ ਵਿਚ ਅਮਿਤਾਭ ਨੇ ਵਿਦਿਆ ਦੇ ਪੁੱਤਰ ਦੀ ਭੂਮਿਕਾ ਨਿਭਾਈ ਸੀ ਜਦੋਂਕਿ ਵਿਦਿਆ ਤੇ ਨਸੀਰੂਦੀਨ ਸ਼ਾਹ ਫਿਲਮ ‘ਇਸ਼ਕੀਆ’ ਤੇ ‘ਦ ਡਰਟੀ ਪਿਕਚਰ’ ਵਿਚ ਵੀ ਇਕੱਠੇ ਅਭਿਨੈ ਦਾ ਕਮਾਲ ਦਿਖਾ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਤਿੰਨ ਉੱਤਮ ਕਲਾਕਾਰਾਂ ਦੀ ਜੋੜੀ ਬਾਲੀਵੁੱਡ ਦੇ ਇਤਿਹਾਸ ਵਿਚ ਕੀ ਨਵਾਂ ਕਮਾਲ ਕਰਦੀ ਹੈ।
ਵਿਦਿਆ ਬਾਲਨ ਇਸ ਫਿਲਮ ਨੂੰ ਆਪਣੀ ਜ਼ਿੰਦਗੀ ਦੀ ਬੜੀ ਅਹਿਮ ਫਿਲਮ ਮੰਨ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਨਸੀਰੂਦੀਨ ਸ਼ਾਹ ਅਤੇ ਅਮਿਤਾਭ ਬੱਚਨ ਵਰਗੇ ਮਿਸਾਲੀ ਕਲਾਕਾਰਾਂ ਨਾਲ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਉਸ ਮੁਤਾਬਕ, ਇਨ੍ਹਾਂ ਦੋਹਾਂ ਕਲਾਕਾਰਾਂ ਨਾਲ ਵੱਖਰੇ ਵੱਖਰੇ ਤੌਰ ‘ਤੇ ਕੀਤੀਆਂ ਫਿਲਮਾਂ ਦੌਰਾਨ ਉਸ ਨੂੰ ਸਿੱਖਣ ਲਈ ਬੜਾ ਕੁਝ ਮਿਲਿਆ ਹੈ। ਜਿਸ ਤਰ੍ਹਾਂ ਲਗਨ ਨਾਲ ਇਹ ਦੋਵੇਂ ਕਲਾਕਾਰ ਕੰਮ ਕਰਦੇ ਹਨ, ਤੁਹਾਡਾ ਵੀ ਮੱਲੋ-ਮੱਲੀ ਦਿਲ ਕਰਦਾ ਹੈ ਕਿ ਤੁਸੀਂ ਉਨ੍ਹਾਂ ਤੋਂ ਵੀ ਵੱਧ ਮਿਹਨਤ ਕਰੋ। ਇਸ ਤੋਂ ਇਲਾਵਾ ਇਹ ਦੋਵੇਂ ਅਦਾਕਾਰ ਆਪਣੇ ਦੂਜੇ ਕਲਾਕਾਰ ਸਾਥੀਆਂ ਦਾ ਬਹੁਤ ਧਿਆਨ ਰੱਖਦੇ ਹਨ, ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਵੱਲ ਵੀ ਉਚੇਚਾ ਧਿਆਨ ਦਿੰਦੇ ਹਨ। ਇਸੇ ਕਰ ਕੇ ਇਨ੍ਹਾਂ ਨਾਲ ਕੰਮ ਕਰ ਕੇ ਬੜਾ ਨਜ਼ਾਰਾ ਬੱਝਦਾ ਹੈ। ਕੰਮ, ਕੰਮ ਹੀ ਨਹੀਂ ਲੱਗਦਾ। ਲੱਗਦਾ ਹੈ ਤੁਸੀਂ ਪਿਕਨਿਕ ਉਤੇ ਆਏ ਹੋਏ ਹੋ ਅਤੇ ਟੱਬਰ ਦੇ ਹੋਰ ਜੀਆਂ ਵਾਂਗ ਆਪੋ-ਆਪਣਾ ਕੰਮ ਕਰੀ ਜਾ ਰਹੇ ਹੋ। ਕੰਮ ਵਿਚ ਦਿਲ ਵੀ ਬਹੁਤ ਲੱਗਦਾ ਹੈ। ਵਿਦਿਆ ਆਪ ਵੀ ਆਪਣੇ ਸਾਥੀ ਕਲਾਕਾਰਾਂ ਦਾ ਬੜਾ ਧਿਆਨ ਰੱਖਦੀ ਹੈ। ਇਸੇ ਕਰ ਕੇ ਉਸ ਦੇ ਸਾਥੀ ਕਲਾਕਾਰਾਂ ਦੀ ਉਸ ਬਾਰੇ ਬੜੀ ਚੰਗੀ ਰਾਏ ਬਣੀ ਹੈ। ਉਂਜ, ਵਿਦਿਆ ਘਰ ਅਤੇ ਬਾਹਰ ਦੋਹੀਂ ਥਾਈਂ ਬਹੁਤ ਸੁਚੱਜੇ ਰੂਪ ਵਿਚ ਪੇਸ਼ ਆਉਂਦੀ ਹੈ। ਉਹ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਹੀ ਨਹੀਂ ਦਿੰਦੀ।
Leave a Reply