ਜੰਗ-ਏ-ਆਜ਼ਾਦੀ ਹਿੰਦੋਸਤਾਨ ‘ਚ ਨਵੰਬਰ ਮਹੀਨੇ ਦੇ ਸੰਗਰਾਮੀ ਤੇ ਸ਼ਹੀਦ ਯੋਧੇ

ਹਿੰਦ ਲੁੱਟ ਫਰੰਗੀਆਂ ਚੌੜ ਕੀਤਾ, ਪੈਸਾ ਸੂਤ ਸਾਰਾ ਹਿੰਦ ਦੇਸ਼ ਵਾਲਾ, ਇੰਗਲੈਂਡ ਵਿਚ ਲਈ ਜਾਣ ਲੋਕੋ।
ਮਾਮਲਾ ਵਧਾਇਆ ਬੇਈਮਾਨ ਉੱਠ ਕੇ, ਲੁੱਟ ਲਈ ਜਾਂਦੇ ਦਿਨ ਰਾਤ ਡਾਕੂ, ਭੁੱਖੇ ਮਰਨ ਗਰੀਬ ਕਿਰਸਾਨ ਲੋਕੋ।
ਉਹ ਹਾਲਾਤ ਕਿੰਨੇ ਦੁੱਖਦਾਇਕ ਹੋਣਗੇ, ਜਿਸ ਕਾਰਨ ਖਾਂਦੇ-ਪੀਂਦੇ ਪਰਿਵਾਰਾਂ ਨੂੰ ਵੀ ਅਸਹਿ ਤੰਗੀਆਂ-ਤੁਰਸ਼ੀਆਂ ਵਿਚੋਂ ਲੰਘਣਾ ਪਿਆ। 22 ਜੁਲਾਈ 1853 ‘ਚ ਨਿਊ ਯਾਰਕ ਦੇ ‘ਰੋਜ਼ਾਨਾ ਟ੍ਰਿਬਿਊਨ’ ‘ਚ ਕਾਰਲ ਮਾਰਕਸ ਦੀਆਂ ਛਪੀਆਂ ਚਿੱਠੀਆਂ ਵਿਚ ਲਿਖਿਆ ਸੀ, “ਅੰਗਰੇਜ਼ ਦਾ ਹਿੰਦ ਉੱਤੇ ਰਾਜ ਕਰਨ ਦਾ ਇਤਿਹਾਸ ਤਬਾਹੀ ਤੇ ਬਰਬਾਦੀ ਤੋਂ ਸਿਵਾਏ ਹੋਰ ਕੁਝ ਨਹੀਂ ਦੱਸਦਾ। ਤਬਾਹੀ ਢੇਰਾਂ ਦੇ ਢੇਰ ਸਨ, ਉਸਾਰੀ ਕਿਤੇ ਮੁਸ਼ਕਿਲ ਨਾਲ ਦਿੱਸਦੀ ਹੈ।”

ਬਰਤਾਨਵੀ, ਹਿੰਦੋਸਤਾਨ ਅੰਦਰ ਰੁਜ਼ਗਾਰ ਦੇ ਸਾਧਨ ਖਤਮ ਕਰਕੇ ਦੌਲਤ ਨੂੰ ਲੁੱਟ ਕੇ ਆਪਣੇ ਦੇਸ਼ ਨੂੰ ਲਿਜਾ ਰਹੇ ਸਨ। ਜਮੀਨ ਉੱਪਰ ਮਾਮਲੇ (ਕਰ) ਇੰਨੇ ਵਧਾ ਦਿੱਤੇ ਸਨ ਕਿ ਕਿਸਾਨ ਸਾਰਾ ਸਾਲ ਕੰਮ ਕਰਕੇ ਵੀ ਭੁਗਤਾਨ ਨਹੀਂ ਸੀ ਕਰ ਸਕਦਾ, ਮਜ਼ਬੂਰੀ ਸੰਗ ਨਪੀੜਿਆ ਕਿਸਾਨ ਅਨਾਜ ਵੇਚ ਕੇ ਜਾਂ ਜਮੀਨ ਗਹਿਣੇ ਰੱਖ ਕੇ ‘ਕਰ’ ਤਾਰਦਾ ਸੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਜਮੀਨ ਨੂੰ ਬਚਾਉਣ ਲਈ ਅਤੇ ਘਰ ਦੇ ਗੁਜ਼ਾਰੇ ਲਈ ਕਿਸਾਨ ਤੇ ਮਜ਼ਦੂਰ ਰੁਜ਼ਗਾਰ ਲੱਭਣ ਲਈ ਘਰੋਂ ਬਾਹਰ ਹੀ ਨਹੀਂ ਨਿਕਲਿਆ, ਸਗੋਂ ਦੇਸ ਤੋਂ ਪਰਦੇਸੀ ਹੋ ਗਿਆ। ਚੀਨ, ਜਪਾਨ, ਬ੍ਰਾਜ਼ੀਲ, ਹਾਂਗਕਾਂਗ, ਮਲਾਇਆ, ਫਿਲੀਪੀਨ, ਪਨਾਮਾ, ਕੈਨੇਡਾ ਅਤੇ ਅਮਰੀਕਾ ਆਦਿ ਦੇਸ਼ਾਂ ‘ਚ ਪਹੁੰਚਿਆ।
ਦੇਸ ਤੋਂ ਪਰਦੇਸ ਹੋਏ ਹਿੰਦੋਸਤਾਨੀਆਂ ਨੂੰ ਨੌਕਰੀਆਂ ਦਾ ਨਾ ਮਿਲਣਾ, ਨਸਲਵਾਦ ਦਾ ਸ਼ਿਕਾਰ ਹੋਣਾ, ਅੰਗਰੇਜ਼ ਰਾਜ ਦੀ ਗੁਲਾਮੀ ਦੇ ਮਿਹਣੇ ਸੁਣਨੇ, ‘ਇੰਡੀਅਨ ਐਂਡ ਡੌਗਜ਼ ਨਾਟ ਅਲਾਊਡ’ ਦੀ ਬੇਇੱਜਤੀ ਨਾਲ ਭਰੇ ਬੋਰਡ ਪੜ੍ਹਨੇ, ਕੁਲੀ ਕੁਲੀ ਅਤੇ ਇੰਡੀਅਨ ਸਲੇਵ ਦੇ ਸ਼ਬਦ ਆਦਿ ਸੁਣਨੇ-ਇਸ ਸਭ ਨੇ ਹਿੰਦੋਸਤਾਨ ਨੂੰ ਫਰੰਗੀ ਕੋਲੋਂ ਆਜ਼ਾਦ ਕਰਾਉਣ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ, ਜਿਸ ਨੇ ਗਦਰ ਪਾਰਟੀ ਨੂੰ ਜਨਮ ਦਿੱਤਾ ਅਤੇ ਇਸ ਤੋਂ ਪਹਿਲਾਂ ਅੰਗਰੇਜ਼ ਰਾਜ ਵਿਰੁਧ ਹੋਏ ਘੋਲ, ਮੁਹਿੰਮਾਂ ਅਤੇ ਲਹਿਰਾਂ ਬਾਰੇ ਜਾਣਨ ਲਈ ਪੜ੍ਹਨ ਦੀ ਮਹੱਤਤਾ ਨੂੰ ਸਮਝਿਆ। ਇਤਿਹਾਸ ਦੱਸਦਾ ਹੈ ਕਿ ‘ਸਿਰਾਜ-ਉਦੀਨ-ਦੌਲਾ’ ਹਿੰਦੋਸਤਾਨ ਦੀ ਧਰਤੀ ਉੱਪਰ ਬਰਤਾਨੀਆਂ ਦੇ ਰਾਜ ਨੂੰ ਚੁਣੌਤੀ ਦੇਣ ਵਾਲਾ ਪਹਿਲਾ ਯੋਧਾ ਸੀ। ਉਸ ਪਿੱਛੋਂ ਸੁਲਤਾਨ ਹੈਦਰ ਅਲੀ (ਮੈਸੂਰ ਰਿਆਸਤ ਦਾ ਸੁਲਤਾਨ), ਟੀਪੂ ਸੁਲਤਾਨ, ਅਸ਼ਰਫ ਅਹਿਮਦ ਬਰੇਲਵੀ, ਹਾਜ਼ੀ ਸ਼ਰੀਅਤ ਉੱਲ੍ਹਾ (ਫਰਜ਼ੀਆ ਲਹਿਰ ਦਾ ਬਾਨੀ), ਟੀਟੂ ਮੀਰ (ਬੰਗਾਲ ਵਿਚ ਜਿਮੀਂਦਾਰਾਂ ਅਤੇ ਬਸਤੀਵਾਦ ਨੂੰ ਲਲਕਾਰਨ ਵਾਲਾ ਯੋਧਾ), ਮੌਲਾਨਾ ਸ਼ਾਹ ਇਸਮਾਈਲ, ਬਹਾਦਰ ਸ਼ਾਹ ਜ਼ਫਰ, ਮਹਾਰਾਜ ਸਿੰਘ, ਸਤਿਗੁਰੂ ਰਾਮ ਸਿੰਘ ਆਦਿ ਨੇ ਅੰਗਰੇਜ਼ ਰਾਜ ਵਿਰੁੱਧ ਲਾਮਬੰਦੀ ਕੀਤੀ।
ਕੂਕਾ ਲਹਿਰ, ਗਦਰ ਲਹਿਰ, ਨੌਜਵਾਨ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਬੰਗਾਲ ਦੀਆਂ ਨੌਜਵਾਨ ਲਹਿਰਾਂ, ਗੁਰਦੁਆਰਾ ਸੁਧਾਰ ਲਹਿਰਾਂ, ਡੁਰਲੀ ਜਥੇ, ਬੱਬਰ ਅਕਾਲੀ ਲਹਿਰ, ਪਰਜਾ ਤੰਤਰ ਲਹਿਰ ਅਤੇ ਕਿਸਾਨ ਲਹਿਰਾਂ ਨੇ ਅੰਗਰੇਜ਼ ਰਾਜ ਨੂੰ ਢਾਹ ਲਾਈ। ਆਜ਼ਾਦੀ ਦੇ ਮਹੱਲ ਨੂੰ ਉਸਾਰਨ ਲਈ ਕਿੰਨਾ ਖੂਨ ਡੁੱਲ੍ਹਿਆ, ਹਜ਼ਾਰਾਂ ਆਜ਼ਾਦੀ ਦੇ ਪ੍ਰਵਾਨਿਆਂ ਨੇ ਫਾਂਸੀ ਦੇ ਰੱਸੇ ਚੁੰਮੇ, ਜਾਇਦਾਦਾਂ ਕੁਰਕ ਕਰਵਾਈਆਂ ਅਤੇ ਜਲਾਵਤਨ ਹੋਏ। ‘ਸ਼ਹੀਦ ਅਤੇ ਸੰਗਰਾਮੀ ਯੋਧਿਓ ਤੁਹਾਡੀ ਸ਼ਾਨ ਅਤੇ ਯਾਦ ਚਿਰੰਜੀਵ ਰਹੇ।’ ਸ਼ਹੀਦਾਂ ਨੂੰ ਯਾਦ ਕਰਨਾ ਮਾਨਵਤਾ ਹੈ। ਨਵੰਬਰ ਮਹੀਨੇ ‘ਚ ਹੋਏ ਸ਼ਹੀਦਾਂ ਅਤੇ ਸੰਗਰਾਮੀਆਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ:
ਪਹਿਲੀ ਨਵੰਬਰ 1906 ਨੂੰ ਵੈਨਕੂਵਰ (ਕੈਨੇਡਾ) ‘ਚ ਅਣਪਛਾਤੇ ਪੰਜਾਬੀ ਸਿੰਘ ਦਾ ਦਿਹਾਂਤ ਹੋ ਗਿਆ, ਜਿਸ ਨੂੰ ਖਾਲਸਾ ਦੀਵਾਨ ਸੁਸਾਇਟੀ ਦੀ ਰਿਪੋਰਟ ਡਾਇਰੀ 1906-1909 ‘ਚ ਬਿਨਾ ਨਾਮ ਤੋਂ ਦਰਜ ਦੇਖਿਆ ਜਾ ਸਕਦਾ ਹੈ। ਇਹ ਸਾਥੀ ਵੀ ਘਰ ਦੀ ਹਾਲਤ ਦੀ ਬਿਹਤਰੀ ਲਈ ਆਇਆ ਸੀ, ਜਿਸ ਦੇ ਸਸਕਾਰ ਕਰਨ ‘ਚ ਵੀ ਰੰਗ ਭੇਦ ਦੀਆਂ ਔਕੜਾਂ ਦੇ ਸਾਹਮਣੇ ਕਰਨ ਦਾ ਇਤਿਹਾਸ ਹੈ।
ਪਹਿਲੀ ਨਵੰਬਰ 1947 ਨੂੰ ਗਹਿਲ ਸਿੰਘ ਛੱਜਲਵੱਢੀ ਪੁੱਤਰ ਹੁਕਮ ਸਿੰਘ ਤੇ ਮਾਤਾ ਮਾਲਾਂ, ਪਿੰਡ ਛੱਜਲਵੱਢੀ ਸਦੀਵੀ ਵਿਛੋੜਾ ਦੇ ਗਏ। ਉਹ ਮਨੁੱਖੀ ਬਰਾਬਰੀ ਦੇ ਝੰਡਾਬਰਦਾਰ ਸਨ। ਪਿੰਡ ‘ਚ ਮੁਸਲਮਾਨਾਂ ਲਈ ਮਸਜਿਦ ਅਤੇ ਹਰੀਜਨਾਂ ਲਈ ਗੁਰੂਘਰ ਬਣਾ ਕੇ ਦਿੱਤੇ। ਫਿਰਕੂ ਸੋਚ ਵਾਲਿਆਂ ਦੀ ਅੱਖ ‘ਚ ਇੱਕ ਰੋੜ ਵਾਂਗ ਰੜਕਦੇ ਸਨ। ਕਈ ਵਾਰ ਮਾਰਨ ਲਈ ਹਮਲਿਆਂ ਦਾ ਸ਼ਿਕਾਰ ਹੋਏ, ਪਰ ਬਚਾਓ ਹੁੰਦਾ ਰਿਹਾ। ਇੱਕ ਦਿਨ ਸ਼ਾਮ ਨੂੰ ਸਾਈਕਲ ਉੱਪਰ ਪਿੰਡ ਨੂੰ ਜਾਂਦਿਆਂ ਫਿਰਕੂਆਂ ਨੇ ਜੀਪ ਮਾਰ ਕੇ ਫੱਟੜ ਕਰਨ ਉਪਰੰਤ ਕਤਲ ਕਰ ਦਿੱਤਾ।
ਪਹਿਲੀ ਨਵੰਬਰ 1950 ਨੂੰ ਹਰਬੰਸ ਸਿੰਘ ਪੁੱਤਰ ਬੀਰ ਸਿੰਘ, ਪਿੰਡ ਤੇ ਡਾਕਖਾਨਾ ਹਰਸਾ ਛੀਨਾ, ਤਹਿਸੀਲ ਅਜਨਾਲਾ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਕੁਇਟ ਇੰਡੀਆ ਮੂਵਮੈਂਟ ‘ਚ ਤਿੰਨ ਸਾਲ ਅਤੇ ਫਤਿਆਵਾਲ ਕਤਲ ਕੇਸ ‘ਚ ਸਵਾ ਸਾਲ ਮੁਲਤਾਨ, ਅੰਮ੍ਰਿਤਸਰ, ਮੀਆਂਵਾਲੀ ਅਤੇ ਲਾਇਲਪੁਰ ਜੇਲ੍ਹਾਂ ‘ਚ ਯਾਤਰਾ ਕੀਤੀ।
ਪਹਿਲੀ ਨਵੰਬਰ 1960 ਨੂੰ ਬਹਾਦਰ ਸਿੰਘ ਪੁੱਤਰ ਸੁੰਦਰ ਸਿੰਘ, ਪਿੰਡ ਬੁਟਾਲਾ ਤਹਿਸੀਲ ਤੇ ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਆਰਮੀ ਦੇ ਫੌਜੀ ਸਨ। 1940 ਨੂੰ ਆਰਮੀ ਕਾਨੂੰਨ ਅਧੀਨ ਕੋਰਟ ਮਾਰਸ਼ਲ ਦੀ ਸਜ਼ਾ ‘ਚ 10 ਸਾਲ ਸਖਤ ਜੇਲ੍ਹ ਹੋਈ। ਕਸੂਰ, ਅੰਗਰੇਜ਼ ਵਿਰੁੱਧ ਲੋਕਾਂ ਨੂੰ ਭੜਕਾਉਣਾ। ਉਹ ਯਰਵਦਾ, ਪੂਨਾ, ਅਲੀਪੁਰ, ਰਾਏਪੁਰ, ਇੰਦੌਰ ਅਤੇ ਅੰਡੇਮਾਨ ਜੇਲ੍ਹਾਂ ‘ਚ ਕੈਦੀ ਰਹੇ।
ਪਹਿਲੀ ਨਵੰਬਰ 1973 ਨੂੰ ਧਰਮ ਸਿੰਘ ‘ਫੱਕਰ’ ਪੁੱਤਰ ਹੀਰਾ ਸਿੰਘ, ਪਿੰਡ ਦਲੇਲ ਸਿੰਘ ਵਾਲਾ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਪਿੰਡ ਪਹਿਲਾਂ ਪਟਿਆਲਾ ਰਿਆਸਤ ‘ਚ ਸੀ, ਹੁਣ ਜਿਲਾ ਬਰਨਾਲਾ ‘ਚ ਹੈ। ਉਨ੍ਹਾਂ ਪੈਪਸੂ ਦੀ ਮੁਜਾਰਾ ਮੂਵਮੈਂਟ ਦੀ ਅਗਵਾਈ ਕਰਕੇ 70,000 ਏਕੜ ਜਮੀਨ ਹੱਲ ਵਾਹਕ ਨੂੰ ਦਿਵਾਈ, ਢਾਈ ਸਾਲ ਫਰੀਦਕੋਟ ਅਤੇ ਪਟਿਆਲਾ ਜੇਲ੍ਹ ਦੀ ਯਾਤਰਾ ਕੀਤੀ। ਉਨ੍ਹਾਂ ਦੇ ਯੁੱਧ ਸਾਥੀ ਜਗੀਰ ਸਿੰਘ ਜੋਗਾ ਸਨ ਅਤੇ ਸੀ. ਪੀ. ਆਈ ਵੱਲੋਂ ਜੇਲ੍ਹ ‘ਚੋਂ ਅਸੈਂਬਲੀ ਸੀਟ ਜਿੱਤੀ।
2 ਨਵੰਬਰ 1920 ਨੂੰ ਜੇਮਜ਼ ਡੈਲੀ ਨੂੰ ਜੇਲ੍ਹ ‘ਚੋਂ ਕੱਢ ਕੇ ਗੋਲੀਆਂ ਮਾਰ ਸ਼ਹੀਦ ਕਰ ਦਿੱਤਾ। 22 ਸਾਲ ਦੇ ਨੌਜਵਾਨ ਅੰਗਰੇਜ਼ ਰਾਜ ਦੀ ਜਲੰਧਰ ‘ਚ ਤਾਇਨਾਤ ਕਨਾਟ ਰੇਂਜਰਜ਼ ਫੌਜ ਦੇ ਅਫਸਰ ਅਤੇ ਪਿਛੋਕੜ ਆਇਰਲੈਂਡ ਤੋਂ ਸਨ। ਉਹ ਹਿੰਦੋਸਤਾਨ ਦੀ ਆਜ਼ਾਦੀ ਦੇ ਸਮਰਥਕ ਸਨ। 1970 ਵਿਚ ਆਇਰਲੈਂਡ ਦੀ ਆਜ਼ਾਦੀ ਸਮਰਥਕ ਤੇ ਪਰਿਵਾਰ ਮੈਂਬਰ ਟਰੇਸਾ ਮਾਇਅਰ ਸ਼ਹੀਦ ਯੋਧੇ ਦੀ ਅਸਥੀਆਂ ਇੰਗਲੈਂਡ ਲਿਜਾ ਕੇ ਸਨਮਾਨ ਕੀਤਾ।
3 ਨਵੰਬਰ 1958 ਨੂੰ ਲੱਖਾ ਸਿੰਘ ਪੁੱਤਰ ਸਰਮੁੱਖ ਸਿੰਘ, ਪਿੰਡ ਨਾਰਲੀ, ਤਹਿਸੀਲ ਪੱਟੀ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗੁਰੂ ਕੇ ਬਾਗ ਮੋਰਚੇ ‘ਚ ਸ਼ਮੂਲੀਅਤ ਕੀਤੀ ਅਤੇ ਨੌ ਮਹੀਨੇ ਅਟਕ, ਲਾਹੌਰ ਅਤੇ ਮੁਲਤਾਨ ਜੇਲ੍ਹ ਦੀ ਯਾਤਰਾ ਕੀਤੀ।
5 ਨਵੰਬਰ 1944 ਨੂੰ ਜਵਾਹਰ ਸਿੰਘ ਪੁੱਤਰ ਰੂੜ ਸਿੰਘ, ਪਿੰਡ ਬਿਲਾਸਪੁਰ ਤਹਿਸੀਲ ਮੋਗਾ, ਜਿਲਾ ਫਿਰੋਜ਼ਪੁਰ ਸਦੀਵੀ ਵਿਛੋੜਾ ਦੇ ਗਏ। ਉਹ ਸਿੱਖ ਰੈਜੀਮੈਂਟ ਦੇ ਫੌਜੀ ਸਨ। ਪਹਿਲੀ ਸਤੰਬਰ 1942 ਨੂੰ ਇੰਡੀਅਨ ਨੈਸ਼ਨਲ ਆਰਮੀ ‘ਚ ਭਰਤੀ ਹੋਏ ਅਤੇ ਬਰਮਾ ਫਰੰਟ ਦੇ ਐਕਸ਼ਨ ‘ਚ ਸ਼ਹੀਦ ਹੋਏ।
6 ਨਵੰਬਰ 2009 ਨੂੰ ਬਲਦੇਵ ਸਿੰਘ ਪੋਤਾ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਜੂਝਦੇ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਛੋਟੀ ਉਮਰ ‘ਚ ਹੀ ਬਸਤੀਵਾਦੀ ਸਰਕਾਰ ਵਿਰੁੱਧ ਕੁੜੱਤਣ ਸੀ। ਵੱਡੇ ਹੋ ਕੇ ਕਿਸਾਨ ਦੇ ਹੱਕਾਂ ਲਈ ਲੜੇ ਅਤੇ ਕਈ ਵਾਰ ਜੇਲ੍ਹ ਯਾਤਰਾ ਕੀਤੀ।
7 ਨਵੰਬਰ 1968 ਨੂੰ ਸ਼ੱਤਬ ਸਿੰਘ ਪੁੱਤਰ ਬੱਧਨ ਸਿੰਘ, ਪਿੰਡ ਸੁਧਾਰ, ਤਹਿਸੀਲ ਜਗਰਾਉਂ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕਰਕੇ ਸੱਤ ਮਹੀਨੇ ਨਾਭਾ ਬੀੜ ਜੇਲ੍ਹ ਯਾਤਰਾ ਕੀਤੀ।
10 ਨਵੰਬਰ 1945 ਨੂੰ ਅਰੂੜ ਸਿੰਘ ਪੁੱਤਰ ਨਿਹਾਲ ਸਿੰਘ ਤੇ ਮਾਤਾ ਹੁਕਮ ਕੌਰ, ਪਿੰਡ ਮੁਗਲਵਾਲਾ, ਤਹਿਸੀਲ ਪੱਟੀ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਨਾ-ਮਿਲਵਰਤਣ ਲਹਿਰ ਅਤੇ ਅਕਾਲੀ ਮੂਵਮੈਂਟ 1922 ‘ਚ ਸ਼ਮੂਲੀਅਤ ਕੀਤੀ। ਸਾਰੀ ਜਾਇਦਾਦ ਕੁਰਕ ਕਰਾ ਕੇ ਮੁਲਤਾਨ, ਅਟਕ ਅਤੇ ਲਾਹੌਰ ਜੇਲ੍ਹ ਗਏ।
11 ਨਵੰਬਰ 1881 ਨੂੰ ਅਹਿਮਦਉੱਲਾ ਅੰਡੇਮਾਨ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਡਿਪਟੀ ਕੁਲੈਕਟਰ, ਆਮਦਨ ਕਰ ਬੋਰਡ ਦੇ ਆਹਲਾ ਅਫਸਰ ਅਤੇ ਵਹਾਬੀ ਲਹਿਰ ਦੇ ਆਗੂ ਸਨ, ਜੋ ਈਸਟ ਇੰਡੀਆ ਕੰਪਨੀ ਵਿਰੁੱਧ ਲਾਮਬੰਦ ਹੋਈ। ਇਨ੍ਹਾਂ ਨੇ ਕੰਪਨੀ ਨੂੰ ਵਿਆਜ ਅਤੇ ਜਮੀਨੀ ਲਗਾਨ ਦੇਣ ਤੋਂ ਨਾਂਹ ਕੀਤੀ। ਉਨ੍ਹਾਂ ਨੂੰ 27 ਫਰਵਰੀ 1865 ‘ਚ ਸਜ਼ਾ-ਏ-ਮੌਤ ਦਿੱਤੀ ਸੀ, ਪਰ ਸਜ਼ਾ ਘਟਾ ਕੇ ਅੰਡੇਮਾਨ ਜਲਾਵਤਨੀ ਅਤੇ ਉਮਰ ਕੈਦ ਕੀਤੀ ਗਈ।
11 ਨਵੰਬਰ 1933 ਨੂੰ ਮਹਾਨ ਸਿੰਘ ਪੁੱਤਰ ਕਿਸ਼ਨ ਸਿੰਘ ਤੇ ਮਾਤਾ ਹਰ ਕੌਰ, ਪਿੰਡ ਕਮਾਲਪੁਰ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਹ ਆਜ਼ਾਦੀ ਘੁਲਾਟੀਏ ਸਨ, ਆਜ਼ਾਦੀ ਲਈ ਕਈ ਮੂਵਮੈਂਟਾਂ ‘ਚ ਹਿੱਸਾ ਲਿਆ, ਛੇ ਮਹੀਨੇ ਜੇਲ੍ਹ ਯਾਤਰਾ ਕੀਤੀ, ਕਵੀ ਪ੍ਰੈਸ ‘ਚ ਕੰਮ ਕੀਤਾ ਅਤੇ ਮੁਨਸ਼ਾ ਸਿੰਘ ਦੁੱਕੀ ਦੇ ਯੁੱਧ ਸਾਥੀ ਸਨ।
11 ਨਵੰਬਰ 1942 ਨੂੰ ਨਰੈਣ ਸਿੰਘ ਉਰਫ ਰਤਨ ਸਿੰਘ ਪੁੱਤਰ ਕੇਸਰ ਸਿੰਘ, ਪਿੰਡ ਕਾਲੇ, ਤਹਿਸੀਲ ਪੱਟੀ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਦੇ ਮੋਰਚੇ ‘ਚ ਸ਼ਾਮਲ ਸਨ ਤੇ ਇੱਕ ਸਾਲ ਨਾਭਾ ਬੀੜ ਜੇਲ੍ਹ ਦੀ ਯਾਤਰਾ ਕੀਤੀ।
13 ਨਵੰਬਰ 1925 ਨੂੰ ਭਾਈ ਸੰਤਾ ਸਿੰਘ ਪੁੱਤਰ ਬੁੱਢਾ ਸਿੰਘ, ਪਿੰਡ ਮਜੀਠਾ, ਜਿਲਾ ਅੰਮ੍ਰਿਤਸਰ (ਜੋ ਬਾਅਦ ਵਿਚ ਚੱਕ ਜਨੂਬੀ 133 ਜਿਲਾ ਸਰਗੋਧਾ ‘ਚ ਵਸੇਵਾ ਕਰ ਗਏ ਸਨ) ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਆਰਮੀ ‘ਚ ਹੌਲਦਾਰ ਸਨ। ਪਹਿਲੇ ਗੁਰੂ ਕੇ ਬਾਗ ਦੇ ਮੋਰਚੇ, ਜੈਤੋਂ ਦੇ ਬਾਗ ਮੋਰਚੇ ਅਤੇ ਖਡੂਰ ਸਾਹਿਬ ਮੋਰਚੇ ‘ਚ ਸ਼ਮੂਲੀਅਤ ਕੀਤੀ।
13 ਨਵੰਬਰ 1925 ਨੂੰ ਸੰਤਾ ਸਿੰਘ ਪੁੱਤਰ ਬੁੱਢਾ ਸਿੰਘ, ਪਿੰਡ ਬੇਗੋਵਾਲ ਨਾਭਾ ਜੇਲ੍ਹ ‘ਚ ਸ਼ਹੀਦੀ ਜਾਮ ਪੀ ਗਏ। ਉਨ੍ਹਾਂ 1922 ‘ਚ ਗੁਰੂ ਕੇ ਬਾਗ ਮੋਰਚੇ ‘ਚ ਸ਼ਿਰਕਤ ਕੀਤੀ।
13 ਨਵੰਬਰ 1949 ਨੂੰ ਲਾਭ ਸਿੰਘ ਪੁੱਤਰ ਕਾਹਨ ਸਿੰਘ, ਪਿੰਡ ਘੁੰਗਰਾਲੀ, ਜਿਲਾ ਲੁਧਿਆਣਾ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਇੰਡੀਅਨ ਆਰਮੀ ਅਤੇ ਇੰਡੀਅਨ ਨੈਸ਼ਨਲ ਆਰਮੀ ‘ਚ ਸੇਵਾ ਕੀਤੀ।
13 ਨਵੰਬਰ 2019 ਨੂੰ ਕਾਬਲ ਸਿੰਘ ਕਲੋਆ ਪੁੱਤਰ ਸੂਬੇਦਾਰ ਹਰਨਾਮ ਸਿੰਘ, ਪਿੰਡ ਕਲੋਆ, ਜਿਲਾ ਹੁਸ਼ਿਆਰਪੁਰ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਅੰਗਰੇਜ਼ ਵਿਰੁੱਧ ਆਜ਼ਾਦੀ ਦੀ ਲੜਾਈ ‘ਚ ਹਿੱਸਾ ਪਾਇਆ ਅਤੇ ਆਜ਼ਾਦੀ ਤੋਂ ਬਾਅਦ ਕਿਸਾਨ ਮਜ਼ਦੂਰਾਂ ਦੇ ਹੱਕਾਂ ਲਈ ਅੰਤਿਮ ਸਾਹਾਂ ਤੱਕ ਅਗਵਾਈ ਕਰਦੇ ਰਹੇ।
14 ਨਵੰਬਰ 1916 ਨੂੰ ਬਾਬੂ ਹਰਨਾਮ ਸਿੰਘ ਸਾਹਰੀ, ਪਿੰਡ ਕਾਹਰੀ ਸਾਹਰੀ, ਜਿਲਾ ਹੁਸ਼ਿਆਰਪੁਰ ਨੂੰ ਮਾਂਡਲੇ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਉਹ ਗਦਰ ਪਾਰਟੀ ਦੇ ਆਗੂ ਸਨ। ਕਾਮਾਗਾਟਾਮਾਰੂ ਜਹਾਜ ਦੇ ਵੈਨਕੂਵਰ ਪਹੁੰਚਣ ਸਮੇਂ ਪਹਿਲੀ ਕਤਾਰ ਦੇ ਮਦਦਗਾਰਾਂ ‘ਚੋਂ ਇੱਕ ਸਨ। ਅੰਗਰੇਜ਼ ਰਾਜ ਵਿਰੁੱਧ ਅਤੇ ਹਿੰਦੋਸਤਾਨ ਦੀ ਆਜ਼ਾਦੀ ਲਈ ਆਪਣਾ ਆਪ ਸਮਰਪਿਤ ਕੀਤਾ।
16 ਨਵੰਬਰ 1915 ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਸੱਤ ਸੂਰਵੀਰਾਂ-ਕਰਤਾਰ ਸਿੰਘ ਸਰਾਭਾ ਪੁੱਤਰ ਮੰਗਲ ਸਿੰਘ, ਪਿੰਡ ਸਰਾਭਾ (ਲੁਧਿਆਣਾ); ਵਿਸ਼ਨੂੰ ਗਣੇਸ਼ ਪਿੰਗਲੇ ਪੁੱਤਰ ਗਣੇਸ਼ ਪਿੰਗਲੇ, ਪਿੰਡ ਟੱਲੇਗੁਆਲ ਧਮਧੇਰਾ, ਜਿਲਾ ਪੂਨਾ (ਮਹਾਂਰਾਸ਼ਟਰ); ਸੂਰੈਣ ਸਿੰਘ (1) ਪੁੱਤਰ ਬੂੜ ਸਿੰਘ, ਪਿੰਡ ਗਿੱਲਵਾਲੀ (ਅੰਮ੍ਰਿਤਸਰ); ਸੂਰੈਣ ਸਿੰਘ (2) ਪੁੱਤਰ ਈਸ਼ਰ ਸਿੰਘ ਪਿੰਡ ਗਿੱਲਵਾਲੀ (ਅੰਮ੍ਰਿਤਸਰ); ਜਗਤ ਸਿੰਘ ਪੁੱਤਰ ਅਰੂੜਾ ਸਿੰਘ, ਪਿੰਡ ਸੁਰਸਿੰਘ ਜਿਲਾ ਲਾਹੌਰ; ਹਰਨਾਮ ਸਿੰਘ ਪੁੱਤਰ ਅਰੂੜਾ, ਪਿੰਡ ਭੱਟੀ ਗੁਰਾਇਆ, ਜਿਲਾ ਸਿਆਲਕੋਟ ਅਤੇ ਬਖਸ਼ੀਸ਼ ਸਿੰਘ ਪੁੱਤਰ ਸੰਤਾ ਸਿੰਘ, ਪਿੰਡ ਗਿੱਲਵਾਲੀ (ਅੰਮ੍ਰਿਤਸਰ) ਨੂੰ ਲਾਹੌਰ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਸਭ ਦਾ ਕਸੂਰ ਸੀ ਕਿ ਇਹ ਆਪਣੇ ਦੇਸ਼ ਦੀ ਆਜ਼ਾਦੀ ਲਈ ਬਸਤੀਵਾਦ ਵਿਰੁੱਧ ਲੜਦੇ ਸਨ।
15 ਨਵੰਬਰ 1945 ਨੂੰ ਸ੍ਰੀਰਾਮ ਪੁੱਤਰ ਜੀਸੁੱਖ ਤੇ ਮਾਤਾ ਮਨਬੀਰ, ਪਿੰਡ ਰਾਮਪੁਰਾ ਡਾਕਖਾਨਾ ਸ਼ੀਖੋਹਪੁਰ, ਜਿਲਾ ਗੁੜਗਾਉਂ ਸ਼ਹੀਦੀ ਪਾ ਗਏ। ਉਹ ਇੰਡੀਅਨ ਆਰਮੀ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਫੌਜੀ ਸਨ।
16 ਨਵੰਬਰ 1916 ਨੂੰ ਛੇ ਗਦਰੀਆਂ ਨੂੰ ਬਰਮਾ ਸਾਜ਼ਿਸ਼ ਕੇਸ ਦੇ ਦੋਸ਼ੀ ਮਾਂਡਲੇ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ: 1. ਵਸਾਵਾ ਸਿੰਘ ਪੁੱਤਰ ਝੰਡਾ ਸਿੰਘ (ਵਾੜਾ ਹੁਸ਼ਿਆਰਪੁਰ), ਉਹ ਗਦਰ ਪਾਰਟੀ ਸਿਆਮ ਦੇ ਆਗੂ ਅਤੇ ਚਿਆਂਗਮਈ ਗੁਰੂਘਰ ਦੇ ਗ੍ਰੰਥੀ ਸਨ; 2. ਨਰੈਣ ਸਿੰਘ ਪੁੱਤਰ ਅਬੱਲ ਸਿੰਘ, ਪਿੰਡ ਬੱਲੋਂ (ਪਟਿਆਲਾ); 3. ਨਿਰੰਜਣ ਸਿੰਘ ਪੁੱਤਰ ਜੁਆਲਾ ਸਿੰਘ, ਪਿੰਡ ਸੰਗਤਪੁਰ (ਲੁਧਿਆਣਾ); 4. ਪਾਲਾ ਸਿੰਘ ਪੁੱਤਰ ਜੈਮਲ ਸਿੰਘ ਪਿੰਡ ਸ਼ੇਰ ਪੁਰ (ਲੁਧਿਆਣਾ); 5. ਚਾਹਲੀਆ ਰਾਮ ਪੁੱਤਰ ਸ਼ੰਕਰ ਦਾਸ ਪਿੰਡ ਸਾਹਨੇਵਾਲ (ਲੁਧਿਆਣਾ) ਅਤੇ ਛੇਵੇਂ ਬਾਬੂ ਹਰਨਾਮ ਸਿੰਘ ਸਾਹਰੀ ਸਨ, ਪਰ ਉਨ੍ਹਾਂ ਨੂੰ (ਡਾ. ਜਸਵੰਤ ਰਾਏ ਅਤੇ ਡਾ. ਸੋਹਨ ਸਿੰਘ ਪੂਨੀ ਖੋਜਕਾਰਾਂ) ਦੇ ਤੱਥਾਂ ਅਨੁਸਾਰ 14 ਨਵੰਬਰ 1916 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।) ਦੋਸ਼ ਸੀ, ਆਪਣੇ ਦੇਸ਼ ਹਿੰਦੋਸਤਾਨ ਨੂੰ ਬਰਤਾਨੀਆਂ ਰਾਜ ਤੋਂ ਆਜ਼ਾਦ ਕਰਾਉਣਾ।
16 ਨਵੰਬਰ 1981 ਨੂੰ ਭਾਈ ਸੱਜਣ ਸਿੰਘ ਨਾਰੰਗਵਾਲ ਪੁੱਤਰ ਮੀਂਹਾਂ ਸਿੰਘ, ਪਿੰਡ ਨਾਰੰਗਵਾਲ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਅੰਗਰੇਜ਼ ਵਿਰੋਧੀ ਸਰਗਰਮੀਆਂ ‘ਚ ਉਮਰ ਕੈਦ ਹੋਈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਸੰਗਤ ਕਰਦੇ ਸਨ, ਰਾਸ ਬਿਹਾਰੀ ਬੋਸ ਅਤੇ ਮਾਸਟਰ ਮੋਤਾ ਸਿੰਘ ਸੰਘ ਵੀ ਰਹੇ।
16 ਨਵੰਬਰ 2000 ਨੂੰ ਚੰਨਣ ਸਿੰਘ ਵਰੋਲ੍ਹਾ ਪੁੱਤਰ ਨਿੱਕਾ ਸਿੰਘ ਤੇ ਮਾਤਾ ਭਾਗਵੰਤੀ, ਪਿੰਡ ਪੰਧੇਰ ਖੇੜੀ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਹ ਲੋਕ ਤੇ ਦੇਸ਼ ਹਿਤੈਸ਼ੀ ਸਨ। ਅੰਗਰੇਜ਼ ਵਿਰੁੱਧ ਲੜੇ ਅਤੇ ਆਜ਼ਾਦੀ ਬਾਅਦ ਵੀ ਹੱਕ ਸੱਚ ਇਨਸਾਫ ਲਈ ਆਗੂ ਰਹੇ। ਭਾਰਤ ਛੱਡੋ ਅੰਦੋਲਨ ‘ਚ ਸਾਢੇ ਤਿੰਨ ਸਾਲ ਜੇਲ੍ਹ ਯਾਤਰਾ ਕੀਤੀ, ਸੰਗਰਾਮੀ ਪਰਿਵਾਰ ਦੇ ਪੁੱਤਰ ਗੁਰਮੇਲ ਸਿੰਘ ਹੂੰਝਣ ਨੂੰ 1989 ‘ਚ ਲੋਕ ਵਿਰੋਧੀ ਦੇਸ਼ ਧਰੋਹੀਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਵਰੋਲ੍ਹਾ ਪੰਜ ਵਾਰ ਪਿੰਡ ਦੇ ਸਰਪੰਚ ਰਹੇ।
17 ਨਵੰਬਰ 1915 ਨੂੰ ਈਸ਼ਰ ਸਿੰਘ ਰੱਕਬਾ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਸ਼ਹੀਦ 12ਵੇਂ ਰਸਾਲੇ ਦੇ ਫੌਜੀ ਤੇ ਗਦਰ ਲਹਿਰ ਦੇ ਮੈਂਬਰ ਸਨ। ਮੇਰਠ ਵਿਚ ਕੋਰਟ ਮਾਰਸ਼ਲ ਹੋਇਆ ਤੇ ਫਾਂਸੀ ਲੱਗੇ।
17 ਨਵੰਬਰ 1928 ਨੂੰ ਲਾਲਾ ਲਾਜਪਤ ਰਾਏ ਪਿੰਡ ਢੁੱਡੀਕੇ ਗੋਰੀ ਪੁਲਿਸ ਦੀਆਂ ਲਾਠੀਆਂ ਦੀ ਤਾਬ ਨਾ ਝੱਲਦਿਆਂ ਸ਼ਹੀਦੀ ਪਾ ਗਏ। ਆਜ਼ਾਦੀ ਸੰਗਰਾਮ ਦੇ ਮੋਢੀਆਂ ‘ਚ ਸਨ, 1907 ਦੀ ਕਿਸਾਨੀ ਲਹਿਰ ਦੇ ਆਗੂ ਵਜੋਂ ਗ੍ਰਿਫਤਾਰ ਕਰਕੇ ਮਾਂਡਲੇ ਜੇਲ੍ਹ ‘ਚ ਭੇਜੇ ਗਏ ਅਤੇ ਬਤੌਰ ਕਾਂਗਰਸੀ ਸਾਈਮਨ ਕਮਿਸ਼ਨ ਦੇ ਵਿਰੁੱਧ ਇਕੱਠ ਦੀ ਅਗਵਾਈ ਕੀਤੀ।
17 ਨਵੰਬਰ 1961 ਨੂੰ ਮੇਲਾ ਸਿੰਘ ਪੁੱਤਰ ਬੇਲੀ ਰਾਮ ਤੇ ਮਾਤਾ ਹਰ ਕੌਰ, ਪਿੰਡ ਕਾਮੋਕੇ, ਜਿਲਾ ਗੁਜ਼ਰਾਂ ਵਾਲਾ ਸਦੀਵੀ ਵਿਛੋੜਾ ਦੇ ਗਏ। ਉਹ ਕਾਂਗਰਸ ਸ਼ੈਸ਼ਨ 1929, ਲਾਹੌਰ ਸ਼ੈਸ਼ਸ਼ ਦੀ ਸਵਾਗਤੀ ਕਮੇਟੀ ਦੇ ਮੈਂਬਰ ਸਨ ਅਤੇ ਕੈਦ ਹੋਏ।
18 ਨਵੰਬਰ 1943 ਨੂੰ ਮਾਨ ਸਿੰਘ ਪੁੱਤਰ ਰਾਮ ਸਿੰਘ ਤੇ ਮਾਤਾ ਸ਼ਾਮ ਕੌਰ, ਪਿੰਡ ਬਾਗੇਵਾਲੀ ਤਹਿਸੀਲ, ਨਾਭਾ (ਪਟਿਆਲਾ) ਨੇ ਮੁਲਤਾਨ ਜੇਲ੍ਹ ‘ਚ ਭੁੱਖ ਹੜਤਾਲ ਕਰਕੇ ਸ਼ਹੀਦੀ ਪਾਈ ਅਤੇ ਅੰਗਰੇਜ਼ ਰਾਜ ਵਿਰੋਧੀ ਕਾਰਵਾਈਆਂ ‘ਚ ਨੌਂ ਮਹੀਨੇ ਸਖਤ ਜੇਲ੍ਹ ਤੇ ਢਾਈ ਸਾਲ ਡੀ. ਆਈ. ਆਰ. ਕਾਨੂੰਨ ਹੇਠ ਗੁਜਰਾਤ ਜੇਲ੍ਹ ਯਾਤਰਾ ਕੀਤੀ।
18 ਨਵੰਬਰ 1947 ਨੂੰ ਸ਼ੇਰ ਸਿੰਘ ਪੁੱਤਰ ਸ਼ਾਮ ਸਿੰਘ ਤੇ ਮਾਤਾ ਭਾਗ ਕੌਰ, ਪਿੰਡ ਚੱਕ ਨੰ. 286, ਤਹਿਸੀਲ ਟੋਭਾ ਟੇਕ ਸਿੰਘ (ਲਾਇਲਪੁਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ, ਗੁਰੂ ਕੇ ਬਾਗ ਮੋਰਚੇ, ਫੇਰੂ ਦੇ ਮੋਰਚੇ ਅਤੇ ਕੁਇੱਟ ਇੰਡੀਆ ਮੂਵਮੈਂਟ ਤੇ ਅਕਾਲੀ ਮੂਵਮੈਂਟ ‘ਚ ਹਿੱਸਾ ਪਾਇਆ। ਉਨ੍ਹਾਂ ਦੀ ਪਤਨੀ ਬੀਬੀ ਹੇਮ ਕੌਰ ਨੇ ਵੀ ਅਕਾਲੀ ਮੂਵਮੈਂਟ ਸ਼ਮੂਲੀਅਤ ਕੀਤੀ।
18 ਨਵੰਬਰ 2000 ਨੂੰ ਕਰਤਾਰ ਸਿੰਘ ਕਾਂਜਲਾ ਪੁੱਤਰ ਅਮਰ ਸਿੰਘ ਕਲੇਰ ਤੇ ਮਾਤਾ ਸ਼ਾਮ ਕੌਰ, ਪਿੰਡ ਕਾਂਜਲਾ, ਜਿਲਾ ਸੰਗਰੂਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਕਲਕੱਤਾ ‘ਚ ਰਹਿ ਕੇ ਆਜ਼ਾਦੀ ‘ਚ ਹਿੱਸਾ ਪਾਇਆ। ਉਹ ਬੜੇ ਠਰੰਮੇ ਵਾਲੇ ਦੂਰ ਅੰਦੇਸ਼ੀ ਗਦਰੀ ਸਨ। ‘ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਕੇ ਤੁਰ ਜਾਣ ਦੀ’ ਨੀਤੀ ਦੇ ਮੁੱਦਈ ਸਨ।
20 ਨਵੰਬਰ 1923 ਨੂੰ ਮਲੂਕ ਸਿੰਘ ਪੁੱਤਰ ਨੰਦ ਸਿੰਘ, ਪਿੰਡ ਕਲੋਧਰਵਾਲ, ਜਿਲਾ ਹੁਸ਼ਿਆਰਪੁਰ ਨਾਭਾ ਬੀੜ ਜੇਲ੍ਹ ‘ਚ 18 ਸਾਲ ਦੀ ਉਮਰ ਵਿਚ ਸ਼ਹੀਦੀ ਜਾਮ ਪੀ ਗਏ। ਉਹ ਜੈਤੋਂ ਮੋਰਚਾ-4 ਵਿਚ ਸਨ।
20 ਨਵੰਬਰ 1962 ਨੂੰ ਕਰਤਾਰ ਸਿੰਘ ਝੱਬਰ ਪੁੱਤਰ ਤੇਜਾ ਸਿੰਘ ਵਿਰਕ, ਪਿੰਡ ਝਾਂਬੀਆਂ, ਜਿਲਾ ਸ਼ੇਖੂਪੁਰਾ (ਲਹਿੰਦਾ ਪੰਜਾਬ) ਸਦੀਵੀ ਵਿਛੋੜਾ ਦੇ ਗਏ। ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਅਸਰ ਅੰਗਰੇਜ਼ ਵਿਰੋਧੀ ਬਣ ਗਿਆ। ਉਨ੍ਹਾਂ ਅੰਰਗੇਜ਼ ਦੇ ਬਣਾਏ ਕਾਲੇ ਕਾਨੂੰਨਾਂ ਵਿਰੁੱਧ ਲਾਮਬੰਦੀ ਕੀਤੀ, ਸਜ਼ਾ-ਏ-ਮੌਤ ਹੋਈ, ਜੋ ਉਮਰ ਕੈਦ ਜਲਾਵਤਨੀ ‘ਚ ਤਬਦੀਲ ਹੋਈ। ਫਿਰ ਚੰਗੇ ਵਿਹਾਰ ਨੇ ਰਹਿੰਦੀ ਸਜ਼ਾ ਵੀ ਮੁਆਫ ਕਰਵਾਈ। ‘ਲੱਗੀ ਵਾਲਿਆਂ ਨੂੰ ਅਰਾਮ ਕਦੋਂ?’ ਗੁਰਦੁਆਰਾ ਸੁਧਾਰ ਲਹਿਰ ‘ਚ ਸ਼ਮੂਲੀਅਤ, ਕਈ ਵਾਰ ਜੇਲ੍ਹ ਯਾਤਰਾ। ਆਖਿਰ ਤੱਕ ਕੁਰੀਤੀਆਂ ਵਿਰੁੱਧ ਲੜਦੇ ਲੜਦੇ ਹੈਬਰੀ (ਕਰਨਾਲ) ‘ਚ ਦਮ ਤੋੜ ਗਏ।
21 ਨਵੰਬਰ 1959 ਨੂੰ ਈਸ਼ਰ ਸਿੰਘ ਪੁੱਤਰ ਭਗਵਾਨ ਸਿੰਘ ਤੇ ਮਾਤਾ ਹਰੀਓ, ਪਿੰਡ ਰੁੜਕੀ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਅੰਗਰੇਜ਼ ਰਾਜ ਵਿਰੋਧੀ ਤਕਰੀਰਾਂ ਕਰਦੇ ਸਨ, ਬੱਬਰ ਰਤਨ ਸਿੰਘ ਕੇਸ ‘ਚ ਕਸੂਰਵਾਰ ਅਤੇ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ। 4 ਸਾਲ ਮੀਆਂਵਾਲਾ, ਮਿੰਟਗੁੰਮਰੀ, ਹੁਸ਼ਿਆਰਪੁਰ ਤੇ ਜਲੰਧਰ ਜੇਲ੍ਹਾਂ ਦੀ ਯਾਤਰਾ ਕੀਤੀ।
22 ਨਵੰਬਰ 1915 ਨੂੰ ਮਨੋਰੰਜਨ ਅਤੇ ਨਾਰੇਨ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਉਹ ਬੰਗਾਲ ਦੇ ਦੇਸ਼ ਹਿਤੈਸ਼ੀ ਅੰਗਰੇਜ਼ ਰਾਜ ਵਿਰੁੱਧ ਹਰ ਜੋਖਮ ਲੈ ਕੇ ਪ੍ਰਚਾਰ ਕਰਦੇ ਤੇ ਜੂਝਦੇ ਰਹੇ।
24 ਨਵੰਬਰ 1924 ਨੂੰ ਬਿਸ਼ਨ ਸਿੰਘ ਪਿੰਡ ਰੂਮੀ, ਤਹਿਸੀਲ ਜਗਰਾਉਂ (ਲੁਧਿਆਣਾ) ਜੈਤੋਂ ਦੇ ਮੋਰਚਾ-11 ‘ਚ ਸ਼ਾਮਲ ਸਨ ਤੇ ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ।
24 ਨਵੰਬਰ 1924 ਨੂੰ ਹਰਨਾਮ ਸਿੰਘ, ਪਿੰਡ ਢੁੱਡੀਕੇ, ਜਿਲਾ ਫਿਰੋਜ਼ਪੁਰ ਜੈਤੋਂ ਦੇ ਮੋਰਚੇ ਨੰਬਰ ਗਿਆਰਾਂ ‘ਚ ਸ਼ਹੀਦੀ ਜਾਮ ਪਾ ਗਏ।
24 ਨਵੰਬਰ 1953 ਨੂੰ ਸੁੱਚਾ ਸਿੰਘ ਪੁੱਤਰ ਗੁਰਦਿੱਤ ਸਿੰਘ ਤੇ ਮਾਤਾ ਇੰਦਰ ਕੌਰ, ਪਿੰਡ ਚੋਹਲਾ ਸਾਹਿਬ, ਪੱਤੀ ਦੌਲੀਕੇ ਸਦੀਵੀ ਵਿਛੋੜਾ ਦੇ ਗਏ। ਉਹ ਨੰਬਰ-23 ਦੇ ਘੋੜ ਰਸਾਲੇ ਦੇ ਫੌਜੀ ਤੇ ਰੀਜ਼ਰਵ ਪੈਨਸ਼ਰੀ ਸਨ। ਕਾਮਾਗਾਟਾਮਾਰੂ ਜਹਾਜ ‘ਚ ਹਿੰਦੋਸਤਾਨੀਆਂ ਦੇ ਨਾਲ ਹੋਏ ਮਾੜੇ ਵਿਹਾਰ ਕਾਰਨ ਉਹ ਅੰਗਰੇਜ਼ ਰਾਜ ਵਿਰੁੱਧ ਆਜ਼ਾਦੀ ਦੇ ਮੈਦਾਨ-ਏ-ਜੰਗ ‘ਚ ਕੁੱਦ ਪਏ। ਜੇਲ੍ਹ ਗਏ, ਪਰ ਜੇਲ੍ਹ ਤੋੜ ਕੇ ਫਰਾਰ ਹੋਣ ਪਿਛੋਂ 1918 ਤੋਂ 1937 ਤੱਕ ਰੂਪੋਸ਼ ਰਹੇ। 1937 ਵਿਚ ਖੁਦ ਹੀ ਪੇਸ਼ ਹੋ ਗਏ ਤੇ ਦੇਸ਼ ਆਜ਼ਾਦੀ ਤੋਂ ਬਾਅਦ ਰਿਹਾਈ ਹੋਈ। ਉਨ੍ਹਾਂ ਦੀ ਯਾਦ ‘ਚ ਦੇਸ਼ ਭਗਤ ਯਾਦਗਰ ਹਾਲ ‘ਚ ਲਾਇਬਰੇਰੀ ਬਣੀ।
25 ਨਵੰਬਰ 1924 ਨੂੰ ਭਾਈ ਲਾਭ ਸਿੰਘ ਪਿੰਡ ਧਨੋਆ ਖੁਰਦ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚਾ-9 ‘ਚ ਸ਼ਮੂਲੀਅਤ ਕੀਤੀ।
26 ਨਵੰਬਰ 1871 ਨੂੰ ਸੂਬਾ ਸੰਤ ਰਤਨ ਸਿੰਘ ਉਰਫ ਗਿਆਨਾ ਸਿੰਘ (ਉਮਰ 35 ਸਾਲ) ਪੁੱਤਰ ਰਾਮ ਕ੍ਰਿਸ਼ਨ, ਪਿੰਡ ਮੰਡੀ ਕਲਾਂ, ਜਿਲਾ ਬਠਿੰਡਾ ਅਤੇ ਨਾਇਬ ਸੂਬਾ ਸੰਤ ਰਤਨ ਸਿੰਘ (ਉਮਰ 28) ਪੁੱਤਰ ਬੁੱਧ ਸਿੰਘ ਪਿੰਡ ਨਾਈਵਾਲਾ ਤਹਿਸੀਲ ਤੇ ਜਿਲਾ ਬਰਨਾਲਾ (ਪਹਿਲਾ ਜਿਲਾ ਸੰਗਰੂਰ) ਦੋਵੇਂ ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤੇ ਗਏ। ਉਨ੍ਹਾਂ ਦੋਵਾਂ ਉੱਪਰ ਅੰਗਰੇਜ਼ ਰਾਜ ਵਿਰੋਧੀ ਗਤੀਵਿਧੀਆਂ ਤੇ ਬੁੱਚੜਾਂ ਨੂੰ ਮਾਰਨ ਦੇ ਦੋਸ਼ ਸਨ।
27 ਨਵੰਬਰ 1914 ਨੂੰ ਧਿਆਨ ਸਿੰਘ, ਪਿੰਡ ਬੰਗਸੀਪੁਰਾ, ਜਿਲਾ ਸੰਗਰੂਰ ਫੇਰੂ ਸ਼ਹਿਰ ਦੇ ਪੁਲਿਸ ਮੁਕਾਬਲੇ ਵਿਚ ਸ਼ਹੀਦੀ ਜਾਮ ਪੀ ਗਏ।
27 ਨਵੰਬਰ 1914 ਨੂੰ ਚੰਦਾ ਸਿੰਘ ਪਿੰਡ ਵੜੈਚ (ਲੁਧਿਆਣਾ) ਫੇਰੂ ਸ਼ਹਿਰ ਦੀ ਝਿੱੜੀ ‘ਚ ਪੁਲਿਸ ਵਲੋਂ ਛੁਪੇ ਹੋਏ ਗਦਰੀਆਂ ਉੱਪਰ ਅੰਨ੍ਹੇਵਾਹ ਕੀਤੀ ਫਾਇਰਿੰਗ ‘ਚ ਗੋਲੀ ਲੱਗਣ ਨਾਲ ਸ਼ਹਾਦਤ ਦੇ ਗਏ।
28 ਨਵੰਬਰ 1924 ਨੂੰ ਹਰਨਾਮ ਸਿੰਘ ਪੁੱਤਰ ਰਾਧਾ ਤੇ ਮਾਤਾ ਮਾਲਾਂ, ਪਿੰਡ ਬਾਗਪੁਰ, ਜਿਲਾ ਹੁਸ਼ਿਆਰਪੁਰ ਨਾਭਾ ਬੀੜ ਜੇਲ੍ਹ ‘ਚ ਨਿਮੋਨੀਆ ਹੋਣ ਕਾਰਨ 29 ਸਾਲ ਦੀ ਉਮਰ ‘ਚ ਸਦੀਵੀ ਵਿਛੋੜਾ ਦੇ ਗਏ। ਫੌਜ ਨੂੰ ਅਲਵਿਦਾ ਕਹਿ ਅਕਾਲੀ ਮੂਵਮੈਂਟ ‘ਚ ਸ਼ਾਮਲ ਹੋਏ ਤੇ ਜੈਤੋਂ ਦੇ ਮੋਰਚਾ-7 ‘ਚ ਸ਼ਮੂਲੀਅਤ ਕੀਤੀ।
28 ਨਵੰਬਰ 1955 ਨੂੰ ਮੁਨਸ਼ੀ ਰਾਮ ਪੁੱਤਰ ਸੂਰਤ ਸਿੰਘ, ਪਿੰਡ ਬੁਟਾਨਾ ਕੁੰਡੂ, ਤਹਿਸੀਲ ਗੋਹਾਨਾ, ਜਿਲਾ ਰੋਹਤਕ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਆਰਮੀ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਫੌਜੀ ਸਨ।
29 ਨਵੰਬਰ 1882 ਨੂੰ ਕੂਕਾ ਲਹਿਰ ਦੇ ਆਗੂ ਸੰਤ ਸੂਬਾ ਜਵਾਹਰ ਸਿੰਘ ਪੁੱਤਰ ਦਲ ਸਿੰਘ, ਪਿੰਡ ਡਰੋਲੀ ਭਾਈ ਕੀ, ਤਹਿਸੀਲ ਮੋਗਾ, ਜਿਲਾ ਫਿਰੋਜ਼ਪੁਰ ਮੌਲਮੀਨ ਦੀ ਜੇਲ੍ਹ ‘ਚ ਸ਼ਹੀਦ ਹੋ ਗਏ। (ਕਈ ਜਗ੍ਹਾ ਸਦੀਵੀ ਵਿਛੋੜੇ ਦੀ ਤਾਰੀਖ 27 ਨਵੰਬਰ 1882 ਹੈ)। ਅੰਗਰੇਜ਼ ਵਲੋਂ ਕੀਤੇ ਤਸ਼ੱਦਦ ਵਿਚ ਪੁੱਛੇ ਸਵਾਲਾਂ ਬਾਰੇ ਕੁਝ ਵੀ ਨਾ ਦੱਸਣ ਕਾਰਨ ਕਾਲੇ ਪਾਣੀ ਦੀ ਸਜ਼ਾ ਹੋਈ। ਉਨ੍ਹਾਂ ਨੂੰ 1865 ‘ਚ ਸਤਿਗੁਰੂ ਰਾਮ ਸਿੰਘ ਨੇ ਸੂਬਾ ਥਾਪਿਆ ਸੀ।
29 ਨਵੰਬਰ 1922 ਨੂੰ ਹਰਦਿੱਤ ਸਿੰਘ, ਪਿੰਡ ਅਦੇਵਾਲ, ਜਿਲਾ ਜਲੰਧਰ ਸਦੀਵੀ ਵਿਛੋੜਾ ਦੇ ਗਏ। ਉਹ ਗੁਰੂ ਕੇ ਬਾਗ ਦੇ ਮੋਰਚੇ ‘ਚ ਬੌਰਸਟਲ ਜੇਲ੍ਹ ‘ਚ ਸ਼ਹੀਦ ਹੋਏ।
29 ਨਵੰਬਰ 1955 ਨੂੰ ਭਗਤ ਰਾਮ ਪੁੱਤਰ ਸਿੱਧੂ ਰਾਮ, ਪਿੰਡ ਸੁਜਾਨਪੁਰ ਤੀਰਾ, ਜਿਲਾ ਕਾਂਗੜਾ ਸਦੀਵੀ ਵਿਛੋੜਾ ਦੇ ਗਏ। ਉਹ ਸਿਵਲ ਨਾ-ਫੁਰਮਾਨੀ ਮੂਵਮੈਂਟ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਛੇ ਮਹੀਨੇ ਸਖਤ ਸਜ਼ਾ ਨਾਲ ਧਰਮਸਾਲਾ, ਮੁਲਤਾਨ ਅਤੇ ਗੁਰਦਾਸਪੁਰ ਜੇਲ੍ਹ ਗਏ।
29 ਨਵੰਬਰ 1989 ਨੂੰ ਨੈਣਾ ਸਿੰਘ ਧੂਤ, ਪਿੰਡ ਧੂਤ ਕਲਾਂ, ਜਿਲਾ ਹੁਸ਼ਿਆਰਪੁਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਮੁਜ਼ਾਰਿਆਂ ਦੇ ਹੱਕਾਂ ਦੀ ਲੜਾਈ ਜਿੱਤੀ ਤੇ ਹਲ ਵਾਹਕਾਂ ਨੂੰ ਜਮੀਨ ਦੇ ਮਾਲਕ ਬਣਾਇਆ। ਹਿੰਦੋਸਤਾਨ ਦੀ ਜਨਤਾ ਨੂੰ ਆਜ਼ਾਦੀ ਦੀ ਲੜਾਈ ਲਈ ਤਿਆਰ ਕਰਨ ‘ਚ ਆਗੂ ਰੋਲ ਕੀਤਾ। ਉਨ੍ਹਾਂ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਬੇਵਕਤ ਹੋਈ ਮੌਤ ਤੋਂ ਬਾਅਦ ਨੀਲੀ ਬਾਰ ‘ਚ ਮੁਜ਼ਾਰਿਆਂ ਦੀ ਲੜਾਈ ਅਤੇ ਪੰਜਾਬ ਕਿਸਾਨ ਸਭਾ ਦੀ ਅਗਵਾਈ ਕੀਤੀ।
30 ਨਵੰਬਰ 1948 ਨੂੰ ਟੇਕ ਚੰਦ ਪੁੱਤਰ ਮੋਲੂ ਰਾਮ, ਪਿੰਡ ਦੀਘਾਣਾ, ਜਿਲਾ ਸੰਗਰੂਰ ਇੰਡੀਅਨ ਨੈਸ਼ਨਲ ਆਰਮੀ ਦੇ ਐਕਸ਼ਨ ‘ਚ ਸ਼ਹੀਦ ਹੋਏ।
30 ਨਵੰਬਰ 1959 ਨੂੰ ਮੇਲਾ ਰਾਮ ਪੁੱਤਰ ਬੂਟਾ ਮੱਲ ਤੇ ਮਾਤਾ ਜਵਾਲਾ ਦੇਵੀ, ਖਾਨਗੜ੍ਹ ਡੋਗਰਾਂ, ਜਿਲਾ ਗੁਜਰਾਂਵਾਲਾ ਸਦੀਵੀ ਵਿਛੋੜਾ ਦੇ ਗਏ। ਉਹ ਰੇਲਵੇ ਕਰਮਚਾਰੀ ਸਨ ਅਤੇ ਨਾ-ਮਿਲਵਰਤਣ ਲਹਿਰ ‘ਚ ਸ਼ਮੂਲੀਅਤ ਕੀਤੀ ਤੇ ਲਾਹੌਰ, ਸਿਆਲਕੋਟ ਔਰੰਗਾਬਾਦ ਜੇਲ੍ਹਾਂ ਦੀ ਇੱਕ ਸਾਲ ਯਾਤਰਾ ਕੀਤੀ।
ਨਵੰਬਰ ਮਹੀਨੇ ਦੇ ਹੋਰ ਸ਼ਹੀਦ ਅਤੇ ਸੰਗਰਾਮੀ
ਹਾਸ਼ਮ ਫਤਿਹ ਨਸੀਬ ਤਿਨ੍ਹਾਂ ਨੂੰ
ਜਿਨ੍ਹਾਂ ਹਿੰਮਤ ਯਾਰ ਬਣਾਈ।
ਨਵੰਬਰ 1884 ਦੀ ਆਖਰੀ ਸਪਤਾਹ ਨੂੰ ਸੂਬਾ ਸੰਤ ਰੂੜ ਸਿੰਘ ਪੁੱਤਰ ਸੰਤ ਦਿਆਲ ਸਿੰਘ, ਪਿੰਡ ਬਨਵਾਲੀਪੁਰ (ਬੰਗਾਲੀਪੁਰ) ਬਲਾਕ ਨੌਸ਼ਹਿਰਾ ਪੰਨੂਆਂ, ਤਹਿਸੀਲ ਤੇ ਜਿਲਾ ਤਰਨਤਾਰਨ ਕਿਲ੍ਹਾ ਅਸੀਰਗੜ੍ਹ ਵਿਚ ਸਖਤ ਕੈਦ ਕਰਕੇ ਸ਼ਹੀਦੀ ਪਾ ਗਏ। ਉਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ ਨੇ ਸੂਬਾ ਥਾਪਿਆ ਅਤੇ ਪ੍ਰਸਿੱਧ ਸੂਬਾ ਸੰਤ ਸਾਹਿਬ ਸਿੰਘ ਦੇ ਵੱਡੇ ਭਾਈ ਸਨ।
ਨਵੰਬਰ 1927 ‘ਚ ਸੰਤਾ ਸਿੰਘ ਪੁੱਤਰ ਹੀਰਾ ਸਿੰਘ, ਪਿੰਡ ਚੱਕ ਨੰ. 277, ਸੀਤਲਾ, ਜਿਲਾ ਲਾਇਲਪੁਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗੁਰੂ ਕੇ ਬਾਗ, ਜੈਤੋਂ ਦੇ ਮੋਰਚੇ ਅਤੇ ਫੇਰੂ ਦੇ ਮੋਰਚੇ ‘ਚ ਸ਼ਮੂਲੀਅਤ ਕਾਰਨ 2 ਸਾਲ 9 ਮਹੀਨੇ ਮੁਲਤਾਨ ਜੇਲ੍ਹ ਦੀ ਯਾਤਰਾ ਕੀਤੀ।
ਨਵੰਬਰ 1937 ‘ਚ ਅਮਰ ਸਿੰਘ ਪੁੱਤਰ ਬਸੰਤ ਸਿੰਘ ਪਿੰਡ ਰਾਜੋਵਾਲ ਡਾਕਖਾਨਾ ਸ਼ਾਮ ਚੌਰਾਸੀ ਜਿਲਾ ਹੁਸ਼ਿਆਰਪੁਰ ਸਦੀਵੀ ਵਿਛੋੜਾ ਦੇ ਗਏ। ਆਪ ਬੱਬਰ ਅਕਾਲੀ ਮੂਵਮੈਂਟ ਦੇ ਆਗੂ ਸਨ 7 ਮਹੀਨੇ ਸਿਆਲਕੋਟ ਜੇਲ੍ਹ ਦੀ ਯਾਤਰਾ ਕੀਤੀ।
ਨਵੰਬਰ 1944 ‘ਚ ਨੰਦ ਸਿੰਘ ਪੁੱਤਰ ਪ੍ਰੇਮ ਸਿੰਘ ਤੇ ਮਾਤਾ ਇੰਦ ਕੌਰ, ਪਿੰਡ ਬਿਲਾਸਪੁਰ, ਤਹਿਸੀਲ ਮੋਗਾ, ਜਿਲਾ ਫਿਰੋਜ਼ਪੁਰ ਇਮਫਾਲ ਫਰੰਟ ‘ਚ ਸ਼ਹੀਦ ਹੋ ਗਏ। ਉਹ ਇੰਡੀਅਨ ਨੈਸ਼ਨਲ ਆਰਮੀ ਦੇ ਫੌਜੀ ਸਨ।
ਨਵੰਬਰ 1944 ‘ਚ ਨੂਰ ਹੁਸੈਨ, ਪਿੰਡ ਕਾਨੀ, ਜਿਲਾ ਕੈਂਪਲਵੈੱਲ ਸ਼ਹੀਦੀ ਪਾ ਗਏ। ਉਹ ਇੰਡੀਅਨ ਨੈਸ਼ਨਲ ਆਰਮੀ ਸਿੰਘਾਪੁਰ ਦੇ ਫੌਜੀ ਸਨ।
ਨਵੰਬਰ 1945 ‘ਚ ਗੁਰਦਿਆਲ ਸਿੰਘ ਪਿੰਡ ਤੇ ਡਾਕਖਾਨਾ ਥਵਾਲੀ, ਜਿਲਾ ਲੁਧਿਆਣਾ ਇੰਡੀਅਨ ਨੈਸ਼ਨਲ ਆਰਮੀ ਦੇ ਐਕਸ਼ਨ ਵਿਚ ਸ਼ਹੀਦ ਹੋ ਗਏ।
ਨਵੰਬਰ 1946 ‘ਚ ਮਾਘੀ ਸਿੰਘ ਪੁੱਤਰ ਸਾਉਣ ਸਿੰਘ, ਪਿੰਡ ਘੱਲ ਕਲਾਂ, ਤਹਿਸੀਲ ਮੋਗਾ, ਜਿਲਾ ਫਿਰੋਜ਼ਪੁਰ ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਨੈਸ਼ਨਲ ਆਰਮੀ ਦੀ ਗੁਰੀਲਾ ਰੈਜੀਮੈਂਟ-7 ਦੇ ਫੌਜੀ ਸਨ।
ਨਵੰਬਰ 1955 ‘ਚ ਮਲੂਕ ਸਿੰਘ ਪੁੱਤਰ ਭਗਵਾਨ ਸਿੰਘ ਤੇ ਮਾਤਾ ਉੱਤਮ ਕੌਰ, ਪਿੰਡ ਮਹਿੰਗਰੋਵਾਲ, ਤਹਿਸੀਲ ਗੜ੍ਹਸ਼ੰਕਰ, ਜਿਲਾ ਹੁਸ਼ਿਆਰਪੁਰ ਸਦੀਵੀ ਵਿਛੋੜਾ ਦੇ ਗਏ। ਉਹ ਬੋਲਾ ਸਿੰਘ ਕਤਲ ਕੇਸ ਦੇ ਸ਼ੱਕੀ ਸਨ ਅਤੇ ਜੈਤੋਂ ਦੇ ਮੋਰਚਾ-7 ‘ਚ ਸ਼ਮੂਲੀਅਤ ਕੀਤੀ ਤੇ ਨਾਭਾ ਬੀੜ ਜੇਲ੍ਹ ਦੀ ਡੇਢ ਸਾਲ ਯਾਤਰਾ ਕੀਤੀ।
ਨਵੰਬਰ 1957 ‘ਚ ਬਾਬਾ ਇੰਦਰ ਸਿੰਘ ਪੁੱਤਰ ਸੰਤ ਸਿੰਘ, ਪਿੰਡ ਵੇਰਕਾ ਸਦੀਵੀ ਵਿਛੋੜਾ ਦੇ ਗਏ। ਉਹ ਕਿਸਾਨ ਕਮੇਟੀ ਦੇ 1938 ‘ਚ ਪ੍ਰਧਾਨ ਬਣੇ। ਘੋੜ ਰਸਾਲੇ ‘ਚ ਭਰਤੀ ਹੋਏ ਤੇ ਬੀਮਾਰੀ ਦੀ ਵਜ੍ਹਾ ਕਰਕੇ ਦਫੇਦਾਰੀ ਦੀ ਪੈਨਸ਼ਨ ਆਏ। ਗੁਰੂ ਕੇ ਬਾਗ ਦੇ ਮੋਰਚੇ ‘ਚ ਪੈਨਸ਼ਨੀਆਂ ਨਾਲ ਸ਼ਮੂਲੀਅਤ ਕੀਤੀ ਅਤੇ ਇੱਕ ਸਾਲ ਰਾਵਲਪਿੰਡੀ ਦੀ ਜੇਲ੍ਹ ਯਾਤਰਾ ਕੀਤੀ।
ਨਵੰਬਰ 1960 ਦੇ ਪਹਿਲੇ ਹਫਤੇ ਬੀਬੀ ਈਸ਼ਰ ਕੌਰ ਪਤਨੀ ਯੋਗ ਰਾਜ, ਪਿੰਡ ਗੰਭੋਵਾਲ, ਤਹਿਸੀਲ ਦਸੂਹਾ, ਜਿਲਾ ਹੁਸ਼ਿਆਰਪੁਰ ਅੰਗਰੇਜ਼ ਰਾਜ ਦੀ ਪੁਲਿਸ ਵਲੋਂ ਕੀਤੇ ਲਾਠੀਚਾਰਜ ਕਰਕੇ ਸਦੀਵੀ ਵਿਛੋੜਾ ਦੇ ਗਏ। ਉਹ ਕਿਸਾਨ ਮੋਰਚੇ ‘ਚ 40 ਬੀਬੀਆਂ, ਇੱਕ ਸਾਲ ਦੇ ਪੁੱਤਰ ਗੁਰਮੀਤ ਅਤੇ ਬੇਟੀ ਵਿਦਿਆ ਸਮੇਤ ਸ਼ਾਮਲ ਹੋਏ। ਬੇਟਾ ਗੁਰਮੀਤ ਜੇਲ੍ਹ ‘ਚ ਬੀਮਾਰ ਹੋਣ ਕਾਰਨ ਸ਼ਹੀਦੀ ਪਾ ਗਿਆ।
ਨਵੰਬਰ 1963 ‘ਚ ਠਾਕਰ ਸਿੰਘ ਪੁੱਤਰ ਸੁੰਦਰ ਸਿੰਘ, ਪਿੰਡ ਸਰਾਇਚ, ਡਾਕਖਾਨਾ ਲਾਹੌਰ ਸਦੀਵੀ ਵਿਛੋੜਾ ਦੇ ਗਏ। ਉਹ ਕਿਸਾਨ ਮੋਰਚੇ, ਸਿਵਲ ਨਾ-ਫੁਰਮਾਨੀ ਲਹਿਰ, ਗੁਰੂ ਕੇ ਬਾਗ ਤੇ ਫੇਰੂ ਦੇ ਮੋਰਚੇ ‘ਚ ਸ਼ਾਮਲ ਹੋਏ। ਚਾਰ ਸਾਲ ਅੰਮ੍ਰਿਤਸਰ, ਲਾਹੌਰ, ਮੁਲਤਾਨ ਅਤੇ ਮੀਆਂਵਾਲੀ ਜੇਲ੍ਹਾਂ ਦੀ ਯਾਤਰਾ ਕੀਤੀ।
ਨਵੰਬਰ 1967 ‘ਚ ਮਾਸਟਰ ਤਾਰਾ ਸਿੰਘ (ਅਸਲੀ ਨਾਂ ਨਾਨਕ ਚੰਦ) ਪੁੱਤਰ ਗੋਪੀ ਚੰਦ ਪਟਵਾਰੀ, ਪਿੰਡ ਹਰਿਆਲ, ਜਿਲਾ ਰਾਵਲ ਪਿੰਡੀ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ 1921 ‘ਚ ਅਕਾਲੀ ਮੂਵਮੈਂਟ ਵਿਚ ਸ਼ਮੂਲੀਅਤ ਕੀਤੀ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਸਨ, ਗੁਰਦੁਆਰਾ ਸੁਧਾਰ ਲਹਿਰ ਹਰੇਕ ਮੋਰਚੇ ‘ਚ ਸ਼ਾਮਲ ਹੋਏ। ਸਾਈਮਨ ਕਮਿਸ਼ਨ ਦੇ ਬਾਈਕਾਟ ‘ਚ ਸ਼ਿਰਕਤ, ਸਦਾ ਹੀ ਅੰਗਰੇਜ਼ ਰਾਜ ਵਿਰੁੱਧ ਲੜੇ, ਆਜ਼ਾਦੀ ਪਿਛੋਂ ਵੀ ਲੋਕਾਂ ਦੇ ਹੱਕ ਹਕੂਕ ਲਈ ਲੜਦੇ ਰਹੇ ਅਤੇ ਉਨ੍ਹਾਂ ਦੀ ਇਮਾਨਦਾਰੀ ਦੀ ਵਿਰੋਧੀ ਧਿਰਾਂ ਵੀ ਹਾਮੀ ਭਰਦੀਆਂ ਸਨ।
ਨਵੰਬਰ 1975 ‘ਚ ਸੋਭਾ ਸਿੰਘ ਪੁੱਤਰ ਧਿਆਨ ਸਿੰਘ, ਪਿੰਡ ਗੁਰੂਸਰ ਜਲਾਲ 119 ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਆਰਮੀ ਦੇ ਫੌਜੀ ਸਨ। ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚਿਆਂ ਲਈ ਲੰਗਰ ਦੀ ਸੇਵਾ ਕਰਦੇ ਸਨ। ਅੰਗਰੇਜ਼ ਰਾਜ ਅਜਿਹੇ ਪ੍ਰੋਗਰਾਮਾਂ ਤੋਂ ਖਫਾ ਹੋ ਕੇ ਲਾਠੀਚਾਰਜ ਕਰਦੀ, ਪਰ ਲੰਗਰ ਪ੍ਰਥਾ ਬੰਦ ਨਹੀਂ ਕਰ ਸਕੀ। ਮੋਰਚਿਆਂ ‘ਚ ਸ਼ਮੂਲੀਅਤ ਹੋਣ ਕਰਕੇ ਉਨ੍ਹਾਂ ਨੂੰ ਇੱਕ ਸਾਲ ਜੇਲ੍ਹ ਅਤੇ ਜਲਾਵਤਨੀ ਹੋਈ।
ਨਵੰਬਰ 1984 ਨੂੰ ਨਰੈਣ ਸਿੰਘ ਪੰਚ ਪੁੱਤਰ ਲਾਭ ਸਿੰਘ, ਪਿੰਡ ਨੈਣਾ ਦੀ ਸਫਾਦੀ, ਜਿਲਾ ਲੁਧਿਆਣਾ ਸਦੀਵੀ ਵਿਛੋੜਾ ਦੇ ਗਏ। ਉਹ ਕਲਕੱਤਾ ਦੀ ਟੈਕਸੀ ਯੂਨੀਅਨ ਦੇ ਸਕੱਤਰ ਸਨ। ਗਦਰੀ ਬਾਬਾ ਮੁਨਸ਼ਾ ਸਿੰਘ ਦੁੱਕੀ ਦੇ ਨਜ਼ਦੀਕੀ ਸਾਥੀ ਸਨ ਅਤੇ ਆਜ਼ਾਦੀ ਘੁਲਾਟੀਏ ਸਨ।
2013 ਨੂੰ ਗੁਰਦਿਆਲ ਸਿੰਘ ਪੁੱਤਰ ਕਿਸ਼ਨ ਸਿੰਘ ਤੇ ਮਾਤਾ ਹਰ ਕੌਰ, ਪਿੰਡ ਕਮਾਲਪੁਰ, ਜਿਲਾ ਲੁਧਿਆਣਾ, ਕੈਨੇਡਾ ਵਿਚ ਸਦੀਵੀ ਵਿਛੋੜਾ ਦੇ ਗਏ। ਉਹ ਕਲਕੱਤਾ ਰਹਿੰਦਿਆਂ ਕਵੀ ਕੁਟੀਆ ਤੇ ਕਵੀ ਪ੍ਰੈਸ ਦੇ ਨੇੜੇ ਸਨ। ਹੱਕਾਂ ਲਈ ਟਰਾਂਸਪੋਰਟ ਕਾਮਿਆਂ ਦੀ ਲਾਮਬੰਦੀ ਕਰਦੇ ਸਮੇਂ ਜੇਲ੍ਹ ਯਾਤਰਾ ਕੀਤੀ ਅਤੇ 1990 ਵਿਚ ਆਪਣੇ ਪਰਿਵਾਰ ਕੋਲ ਕੈਨੇਡਾ ਪਹੁੰਚ ਗਏ, ਜਿਥੇ ਉਨ੍ਹਾਂ ਜ਼ਿੰਦਗੀ ਦਾ ਅੰਤਿਮ ਸਫਰ ਪੂਰਾ ਕੀਤਾ।
ਪਹਿਲੀ ਨਵੰਬਰ 1925 ਨੂੰ ਬੰਗਾਲ ‘ਚ ਕਿਰਤੀ ਕਿਸਾਨ ਪਾਰਟੀ ਦਾ ਅਰੰਭ ਹੋਇਆ। ਇਸ ਦਾ ਪਹਿਲਾ ਨਾਂ ਲੇਬਰ ਸਵਰਾਜ ਪਾਰਟੀ ਆਫ ਇੰਡੀਅਨ ਕਾਂਗਰਸ ਸੀ। ਮੋਢੀ ਮੈਂਬਰ ਸਨ-ਹੇਮੰਤ ਕੁਮਾਰ ਸਰਕਾਰ, ਕਾਜ਼ੀ ਨਜ਼ਰੁੱਲ ਇਸਲਾਮ, ਕੁਤਬਦੀਨ ਅਹਿਮਦ ਅਤੇ ਸ਼ਮਸ਼ੂਦੀਨ ਹੁਸੈਨ।
ਏਕਤਾ, ਏਕਤਾ ਅਤੇ ਵਿਸ਼ਾਲ ਏਕਤਾ।
ਜਿੱਤ, ਜਿੱਤ ਅਤੇ ਵਡੇਰੀ ਜਿੱਤ। (ਹੋਚੀ ਮਿੰਨ )
ਹਿੰਦੋਸਤਾਨ ਦੀ ਆਜ਼ਾਦੀ ਲਈ ਸ਼ਹੀਦ ਅਤੇ ਸੰਗਰਾਮੀ ਯੋਧਿਆਂ ਦਾ ਦ੍ਰਿਸ਼ਟੀਕੋਣ ਸੀ ਕਿ ਬਸਤੀਵਾਦੀਆਂ ਨੂੰ ਬਾਹਰ ਕੱਢ ਕੇ ਸੰਪਰੂਨ ਆਜ਼ਾਦੀ ਹਾਸਿਲ ਕਰਨਾ, ਜੋ ਅਜੇ ਬਾਕੀ ਹੈ। ਸਾਡੇ ਸਭ ਦੇ ਫਰਜ਼ ਹਨ ਕਿ ਗਦਰੀ ਬਾਬਿਆਂ ਦੇ ਬਣਾਏ ਸੰਵਿਧਾਨ ਨੂੰ ਯਾਦ ਰੱਖ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸੋਚੀਏ, ਵਿਚਾਰੀਏ ਅਤੇ ਸੰਪੂਰਨ ਆਜ਼ਾਦੀ ਲਈ ਬਣਦਾ ਯੋਗਦਾਨ ਪਾਈਏ।
ਮਰਨ ਭਲਾ ਉਸ ਕਾ ਜੋ ਅਪਨੇ ਲੀਏ ਜੀਏ
ਜੀਤਾ ਹੈ ਵੋਹ ਮਰ ਚੁਕਾ ਹੈ ਇੰਨਸਾਨ ਕੇ ਲੀਏ। (ਸੁਦੇਸ਼ ਸੇਵਕ ਪਰਚਾ)
ਇੰਡੋ-ਅਮੈਰਿਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ ਵਲੋਂ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਅਤੇ ਦੋਸਤਾਂ ਦਾ ਧੰਨਵਾਦ ਹੈ, ਜਿਨ੍ਹਾਂ ਨਵੰਬਰ ਮਹੀਨੇ ਦੇ ਲੇਖ ਨੂੰ ਜਾਣਕਾਰੀ ਭਰਪੂਰ ਬਣਾਉਣ ‘ਚ ਯੋਗਦਾਨ ਪਾਇਆ। ਡਾ. ਗੁਰੂਮੇਲ ਸਿੱਧੂ, ਪ੍ਰੋਫੈਸਰ ਕੇ. ਕਲੋਟੀ, ਸਵਰਨ ਸਿੰਘ ਵਿਰਕ, ਸੰਤ ਹਰਪਾਲ ਸਿੰਘ ਸੇਵਕ, ਡਾ. ਕਰਮਜੀਤ ਸਿੰਘ, ਡਾ. ਜਸਵੰਤ ਰਾਏ, ਪ੍ਰੋ. ਪਰਮਜੀਤ ਕੌਰ, ਬੀਬੀ ਸੁਰਿੰਦਰ ਕੌਰ ਪੱਖੋਕੇ, ਸਵਰਨ ਸਿੰਘ ਸਲੈਚ, ਸੁਖਦੇਵ ਸਿੰਘ ਸੇਵਕ, ਮਾਸਟਰ ਮੋਹਨ ਸਿੰਘ ਭੰਵਰਾ, ਬਲਵੀਰ ਡੁਮੇਲੀ, ਭਾਗ ਸਿੰਘ ਮੰਡਾਹੜ, ਹਰਜਿੰਦਰ ਸਿੰਘ ਮੰਡਾਹੜ, ਬਾਈ ਸ਼ਮਸ਼ੇਰ ਸਿੰਘ, ਦਵਿੰਦਰ ਝਾਵਰ, ਸਤਨਾਮ ਬੰਡਾਲਾ, ਜੱਸੀ ਢਿੱਲੋਂ, ਬਲਵਿੰਦਰ ਜੰਡਿਆਲਾ, ਡਾ. ਜੀਤ ਚੰਦਨ, ਸੀਤਾ ਰਾਮ ਬਾਂਸਲ, ਪ੍ਰਿਥੀਪਾਲ ਮਾੜੀ ਮੇਘਾ ਅਤੇ ਭੈਣ ਸਰਿਤਾ ਵਲੋਂ ਜਾਣਕਾਰੀ ਦੇਣ ਤੇ ਉਤਸ਼ਾਹਿਤ ਕਰਨ ਲਈ ਧੰਨਵਾਦੀ ਹਾਂ ਅਤੇ ਅੱਗੇ ਤੋਂ ਵੀ ਸਾਥ ਲਈ ਆਸਵੰਦ ਹਾਂ।
ਦੇਸ਼ ਭਗਤਾਂ, ਸੰਗਰਾਮੀਆਂ ਅਤੇ ਸ਼ਹੀਦਾਂ ਦੇ ਜੀਵਨ ਦਰਸ਼ਨ ਕਰਾਉਣ ਦੇ ਯਤਨ ਜਾਰੀ ਹਨ। ਅਸੀਂ ਹਮੇਸ਼ਾ ਵਾਂਗ ਬੇਨਤੀ ਕਰਦੇ ਹਾਂ ਕਿ ਆਜ਼ਾਦੀ ਦੇ ਇਤਿਹਾਸ ਦਾ ਵੇਰਵਾ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਜੇ ਕਿਸੇ ਕੋਲ ਭੁੱਲੇ ਵਿਸਰੇ ਸ਼ਹੀਦਾਂ ਜਾਂ ਸੰਗਰਾਮੀ ਯੋਧਿਆਂ ਦੀ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਫੋਨ: 1-347-753-5940 ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਉਨ੍ਹਾਂ ਨੂੰ ਇਤਿਹਾਸ ਨਾਲ ਜੋੜ ਕੇ ਕੁਰਬਾਨੀਆਂ ਦਾ ਰਿਣ ਚੁਕਾਇਆ ਜਾ ਸਕੇ। (ਨੋਟ: ਫੋਨ ਨਾ ਚੁੱਕ ਹੋਣ ਕਰਕੇ ਮੈਸੇਜ਼ ਛੱਡ ਦੇਵੋ ਤਾਂ ਕਿ ਤੁਹਾਡੇ ਨਾਲ ਰਾਬਤਾ ਹੋ ਸਕੇ।)