ਪ੍ਰਿੰ. ਸਰਵਣ ਸਿੰਘ
ਬਹਾਰ ਦੇ ਆਪਣੇ ਰੰਗ ਹੁੰਦੇ ਹਨ, ਪੱਤਝੜ ਦੇ ਆਪਣੇ। ਕੈਨੇਡਾ ਦੀ ਪੱਤਝੜ ਵਿਚ ਵੀ ਰੰਗਾਂ ਦੀ ਛਹਿਬਰ ਲੱਗ ਜਾਂਦੀ ਹੈ। ਇਹ ਰੰਗ ਬਹਾਰ ਦੇ ਰੰਗਾਂ ਨੂੰ ਵੀ ਮਾਤ ਪਾਉਂਦੇ ਹਨ। ਮੈਂ ਅਕਤੂਬਰ ਦੀਆਂ ਰੰਗੀਨ ਸ਼ਾਮਾਂ ਨੂੰ ਰੱਖਾਂ ਦੀਆਂ ਪਹੀਆਂ ਉੱਤੇ ਸੈਰ ਕਰਦਾ ਹਾਂ ਤਾਂ ਝੂੰਮਦੇ ਰੁੱਖਾਂ ਉੱਤੇ ਅਤੇ ਆਲੇ ਦੁਆਲੇ ਉੱਚੇ ਨੀਵੇਂ ਭੋਇੰ ਦ੍ਰਿਸ਼ਾਂ ‘ਤੇ ਰਚੀ ਰੰਗਾਂ ਦੀ ਅਪਾਰ ਲੀਲ੍ਹਾ ਵੇਖਦਾ ਹਾਂ। ਅਨੇਕਾਂ ਰੰਗ ਹੁੰਦੇ ਹਨ-ਪੱਤਿਆਂ, ਝਾੜੀਆਂ, ਫਲਾਂ-ਫੁੱਲਾਂ, ਘਾਹ-ਫੂਸ, ਰੁੱਖਾਂ-ਬੂਟਿਆਂ ਤੇ ਆਲੇ-ਦੁਆਲੇ ਰੰਗ ਵਟਾ ਰਹੀ ਬਨਸਪਤੀ ਦੇ। ਹੈਰਾਨੀ ਹੁੰਦੀ ਹੈ, ਏਨੇ ਰੰਗ! ਖਿੜਨ ਵੇਲੇ ਤਾਂ ਰੰਗਾਂ ਨੇ ਟਹਿਕਣਾ ਹੀ ਹੋਇਆ, ਇਹ ਤਾਂ ਮੁਰਝਾਉਣ ਲੱਗੇ ਵੀ ਟਹਿਕਦੇ ਨੇ!
ਧਰਤੀ ਦੇ ਰੰਗ ਵੇਖਦਿਆਂ ਕਦੇ-ਕਦੇ ਨਿਗ੍ਹਾ ਉਪਰ ਅੰਬਰ ਵੱਲ ਵੀ ਉਠ ਜਾਂਦੀ ਹੈ। ਅਸਮਾਨ ‘ਚ ਤੈਰਦੀਆਂ ਤਿੱਤਰ-ਖੰਭੀਆਂ ਬੱਦਲੀਆਂ ਕਦੇ ਬੱਗੀਆਂ, ਕਦੇ ਕਾਲੀਆਂ ਤੇ ਕਦੇ ਸਾਂਵਲੀਆਂ ਹੋ ਜਾਂਦੀਆਂ ਹਨ। ਕਦੇ ਸੂਰਜ ਦੀ ਲਿਸ਼ਕੋਰ ਵਿਚ ਸੰਤਰੀ ਭਾਅ ਮਾਰਦੀਆਂ ਹਨ। ਲੱਗਦੈ ਜਿਵੇਂ ਬੱਦਲੀਆਂ ਦੀਆਂ ਕੰਨੀਆਂ ਨੂੰ ਗੁਲਾਨਾਰੀ ਗੋਟਾ-ਕਿਨਾਰੀ ਲੱਗੀ ਹੋਵੇ। ਜਿਵੇਂ ਅਸਮਾਨੀ ਮਤਾਬੀਆਂ ਜਗ ਰਹੀਆਂ ਹੋਣ। ਉਡਦੇ ਪੰਖੇਰੂਆਂ ਦੇ ਖੰਭ ਪਲ-ਪਲ ਰੰਗ ਵਟਾਉਂਦੇ ਲੱਗਦੇ ਹਨ। ਕਦੇ ਕਾਲੇ, ਕਦੇ ਚਮਕੀਲੇ, ਕਦੇ ਕੇਸਰੀ, ਕਦੇ ਕਾਸ਼ਨੀ ਤੇ ਕਦੇ ਕਪਾਹੀ। ਕਦੇ ਉੱਘੜਵੇਂ, ਕਦੇ ਮੱਧਮ, ਕਦੇ ਨਿੱਖਰੇ ਤੇ ਕਦੇ ਘਸਮੈਲੇ। ਹੇਠਾਂ ਰੁੱਖਾਂ ਅਤੇ ਵੇਲਾਂ-ਬੂਟਿਆਂ ਉਤੇ ਰੰਗ ਖੇਡਦੇ ਹਨ, ਉੱਤੇ ਬੱਦਲਾਂ ਅਤੇ ਪੰਛੀਆਂ ਦੇ ਖੰਭਾਂ ‘ਤੇ ਕਲੋਲਾਂ ਕਰਦੇ ਹਨ। ਮਨ ਕੂਕ ਉਠਦੈ, ਸੁਭਾਨ ਤੇਰੀ ਕੁਦਰਤ!
ਕਦੇ ਕਦੇ ਮੈਨੂੰ ਪੰਜਾਬ ਦੇ ਬਣਸਪਤ-ਦ੍ਰਿਸ਼ ਵੀ ਯਾਦ ਆਉਣ ਲਗਦੇ ਹਨ। ਮੈਂ ਪੰਜਾਬ ਦੀਆਂ ਰੁੱਤਾਂ ਵੇਖਦਾ ਹੀ ਵੱਡਾ ਹੋਇਆ ਹਾਂ। ਰੰਗ ਵਟਾਉਂਦੀ ਪ੍ਰਕਿਰਤੀ ਮੈਨੂੰ ਹਮੇਸ਼ਾ ਸਰਸ਼ਾਰ ਕਰਦੀ ਰਹੀ ਹੈ। ਪੰਜਾਬ ਦੀਆਂ ਲਵੀਆਂ ਤੇ ਪੱਕੀਆਂ ਪੈਲੀਆਂ ਦੇ ਰੰਗ ਵੀ ਕਮਾਲ ਦੇ ਨੇ। ਦੂਰ-ਦਿਸਹੱਦਿਆਂ ਤਕ ਝੋਨਿਆਂ ਦੀ ਹਰਿਆਵਲ ਦਾ ਲਹਿਲਹਾਉਣਾ, ਬੰਬੀਆਂ ਦੀਆਂ ਚਾਂਦੀ-ਰੰਗੀਆਂ ਧਾਰਾਂ ਦਾ ਵਹਿਣਾ, ਚਰ੍ਹੀਆਂ ਦੀ ਮਿੱਠੀ ਮਹਿਕ, ਬਾਜਰੇ ਦੇ ਗੁੰਦਵੇਂ ਸਿੱਟੇ, ਮੱਕੀ ਦੇ ਬੁੰਬਲਦਾਰ ਬਾਵੂ, ਹਰੇ ਭਰੇ ਲੂਸਣ, ਬਰਸੀਮ, ਵਗਦੀਆਂ ਆਡਾਂ ਦੀ ਲਿਸ਼ਕ ਤੇ ਗਿੱਲੀ ਮਿੱਟੀ ਦੀ ਖੁਸ਼ਬੋ, ਸੁਨਹਿਰੀ ਕਣਕਾਂ ਦਾ ਝੂੰਮਣਾ ਤੇ ਸੂਰਜਮੁਖੀ ਦੇ ਫੁੱਲਾਂ ਦਾ ਦਗਦੇ ਸੁਨਹਿਰੇ ਰੰਗਾਂ ਨਾਲ ਮੂੰਹ ਵਿਖਾਉਣਾ ਕਦੇ ਨਹੀਂ ਭੁੱਲਿਆ। ਸਰਵ੍ਹਾਂ ਦੇ ਪੀਲੇ ਫੁੱਲਾਂ ਦੀ ਬਹਾਰ ਦਾ ਆਪਣਾ ਰੰਗ ਹੈ ਤੇ ਤਿਲਾਂ ਦੇ ਚਿੱਟੇ ਅਤੇ ਅਲਸੀ ਦੇ ਅਲਸਾਏ ਫੁੱਲਾਂ ਦਾ ਆਪਣਾ। ਤਦੇ ਤਾਂ ਲੋਕ ਗੀਤ ਜੁੜਿਆ, ‘ਨਣਦ ਚੱਲੀ ਮੁਕਲਾਵੇ ਅਲਸੀ ਦੇ ਫੁੱਲ ਵਰਗੀ।’ ਮੈਂ ਵੀ ਕਦੇ ਜੁਆਨੀ ਸਮੇਂ ਦੇ ਸ਼ੌਂਕੀਨ ਅਥਲੀਟ ਮਹਿੰਦਰ ਸਿੰਘ ਗਿੱਲ ਦੇ ਰੇਖਾ ਚਿੱਤਰ ਦਾ ਨਾਂ ‘ਅਲਸੀ ਦਾ ਫੁੱਲ’ ਹੀ ਰੱਖਿਆ ਸੀ।
ਮੈਨੂੰ ਉਹ ਦ੍ਰਿਸ਼ ਮੁੜ-ਮੁੜ ਦਿਖਾਈ ਦਿੰਦੇ ਨੇ ਜਦੋਂ ਟਿੱਬਿਆਂ ਉਤੋਂ ਦੀ ਛਿਪਦਾ ਸੰਧੂਰੀ ਸੂਰਜ ਕਿਸੇ ਕਾਲੀ ਕਿੱਕਰ ਦੇ ਦੁਸਾਂਗ ਉੱਤੇ ਠੋਡੀ ਰੱਖ ਕੇ ਝਾਤ ਕਰਦਾ ਤੇ ਸਵੇਰਸਾਰ ਸੁਨਹਿਰੀ ਕਿਰਨਾਂ ਦਾ ਛੱਟਾ ਦਿੰਦਾ ਫਿਰ ਹਾਜ਼ਰ ਹੋ ਜਾਂਦਾ। ਉਹਦੀਆਂ ਲਿਸ਼ਕਦੀਆਂ ਕਿਰਨਾਂ ਵਿਚ ਕਣਕਾਂ ਦੇ ਹਰੇ ਕਚੂਰ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਅਨੇਕਾਂ ਰੰਗਾਂ ‘ਚ ਚਮਕਦੇ/ਲਿਸ਼ਕਦੇ। ਕਦੇ ਉਹ ਹੀਰੇ ਮੋਤੀ ਬਣ ਜਾਂਦੇ ਤੇ ਉਨ੍ਹਾਂ ‘ਚ ਪਈਆਂ ਸੱਤਰੰਗੀਆਂ ਪੀਂਘਾਂ ਦੇ ਹੁਲਾਰੇ ਨੱਚਦੇ ਦਿਸਦੇ। ਨ੍ਹਾਤੇ ਧੋਤੇ ਪੱਤਿਆਂ ‘ਤੇ ਮੋਰ ਦੀ ਧੌਣ ਅਤੇ ਕਲਗੀ ਵਰਗੀ ਸਾਵੀ-ਸੁਨਹਿਰੀ ਭਾਅ ਲਿਸ਼ਕਦੀ। ਲਵੀਆਂ ਕੂਲੀਆਂ ਕਣਕਾਂ ਤੋਤੇਰੰਗੀ ਸ਼ਨੀਲ ਦੀ ਭਾਅ ਮਾਰਦੀਆਂ। ਸੂਰਜ ਦੀ ਲਿਸ਼ਕੋਰ ਵਿਚ ਇਹ ਭਾਅ ਮੇਰੀਆਂ ਨਜ਼ਰਾਂ ਦੇ ਨਾਲ-ਨਾਲ ਤੁਰੀ ਜਾਂਦੀ।
ਪੰਜਾਬ ਤੋਂ ਕੈਨੇਡਾ ਆ ਕੇ ਜਦੋਂ ਮੈਂ ਕੈਨੇਡਾ ਦੀ ਪਤਝੜ ਦੇ ਅਨੰਤ ਰੰਗ ਵੇਖਣ ਲੱਗਾ ਹਾਂ ਤਾਂ ਕੁਦਰਤ ਦੇ ਹੋਰ ਵੀ ਬਲਿਹਾਰੇ ਜਾਣ ਨੂੰ ਜੀਅ ਕਰਦੈ। ਇਥੇ ਕਿਸੇ ਉੱਚੇ ਥਾਂ ਖੜ੍ਹ ਕੇ ਹੇਠਾਂ ਪਸਰੀਆਂ ਰੱਖਾਂ ਤੇ ਢਲਵਾਣਾਂ ‘ਤੇ ਝਾਤ ਮਾਰਦਾ ਹਾਂ ਤਾਂ ਰੰਗਾਂ ਦੀ ਦੀਪਮਾਲਾ ਜਗਦੀ ਜਾਪਦੀ ਹੈ। ਅਨੇਕਾਂ ਰੰਗਾਂ ਦੀਆਂ ਫੁੱਲਝੜੀਆਂ ਚੱਲਦੀਆਂ ਮਲੂਮ ਹੁੰਦੀਆਂ ਹਨ। ਰੰਗਾਂ ਦੀ ਆਤਿਸ਼ਬਾਜ਼ੀ ਆਕਾਸ਼ ਵਿਚ ਨਹੀਂ, ਧਰਤੀ ‘ਤੇ ਹੋ ਰਹੀ ਲੱਗਦੀ ਹੈ। ਕਦੇ-ਕਦੇ ਮੈਂ ਰੁੱਖਾਂ, ਬੂਟਿਆਂ ਤੇ ਫੁੱਲਾਂ ਝਾੜੀਆਂ ਕੋਲ ਖੜ੍ਹ ਕੇ ਉਨ੍ਹਾਂ ਦੇ ਰੰਗ ਨਿਹਾਰਦਾ ਹੈਰਾਨ ਹੁੰਨਾਂ ਕਿ ਕੁਦਰਤ ਨੇ ਏਨੇ ਰੰਗ ਬਖਸ਼ੇ ਕਿਥੋਂ ਨੇ? ਕਿਹਾ ਜਾਂਦਾ ਹੈ ਕਿ ਕਾਲਾ, ਚਿੱਟਾ, ਹਰਾ, ਲਾਲ ਤੇ ਨੀਲਾ ਬੁਨਿਆਦੀ ਰੰਗ ਹਨ। ਓਲੰਪਿਕ ਖੇਡਾਂ ਦੇ ਝੰਡੇ ‘ਤੇ ਵੀ ਇਨ੍ਹਾਂ ਰੰਗਾਂ ਦੇ ਹੀ ਚੱਕਰ ਪਰੋਏ ਹਨ। ਇਹ ਵੀ ਕਿਹਾ ਜਾਂਦੈ ਕਿ ਸਾਰੇ ਰੰਗ ਇਨ੍ਹਾਂ ਦੇ ਘੁਲਣ ਮਿਲਣ ‘ਚੋਂ ਹੀ ਨਿਕਲੇ ਹਨ। ਤੇ ਉਹ ਏਨੇ ਰੰਗ ਬਣ ਗਏ ਹਨ ਕਿ ਗਿਣਤੀ ਹੀ ਕੋਈ ਨਹੀਂ। ਹਰ ਬੋਲੀ ‘ਚ ਇਨ੍ਹਾਂ ਰੰਗਾਂ ਦੇ ਵੱਖ-ਵੱਖ ਨਾਂ ਰੱਖੇ ਹੋਏ ਹਨ। ਰੰਗਾਂ ਦੀ ਸ਼ਨਾਖਤ ਕਰਨ ਵਿਚ ਪੰਜਾਬੀ ਭਾਸ਼ਾ ਵੀ ਕਿਸੇ ਤੋਂ ਘੱਟ ਨਹੀਂ।
ਸੈਰ ਕਰਦਾ ਮੈਂ ਵੇਖਦਾ ਹਾਂ ਕਿਸੇ ਪੱਤੇ/ਪੱਤੀ, ਫਲ/ਫੁੱਲ ਤੇ ਝਾੜ/ਝਾੜੀ ਦਾ ਰੰਗ ਸੁਰਮਈ ਹੈ, ਕਿਸੇ ਦਾ ਅੰਗੂਰੀ, ਦਾਖੀ, ਅੰਬਰੀ ਤੇ ਕਿਸੇ ਦਾ ਕਥਈ। ਕੋਈ ਬਲੰਭਰੀ ਹੈ, ਦਾਲਚੀਨੀ, ਮੂੰਗੀਆ, ਫਿਰੋਜ਼ੀ ਤੇ ਕੋਈ ਅੰਡਰਈ। ਕਿਸੇ ਦਾ ਰੰਗ ਗੁਲਾਬਾਸੀ, ਦੂਧੀਆ, ਰਾਣੀ ਕਲਰ, ਕਿਸੇ ਦਾ ਕਰੀਮ ਕਲਰ, ਕੋਈ ਕੱਚਾ ਪੀਲਾ, ਪੱਕਾ ਪੀਲਾ, ਕੋਈ ਸ਼ਬਨਮੀ, ਸੰਦਲੀ, ਲੂਸਣੀ, ਲਾਖਾ, ਸਾਵਾ, ਬੱਗਾ, ਬੂਰਾ, ਚਿਤਕਬਰਾ, ਮਟਮੈਲਾ, ਘਸਮੈਲਾ ਤੇ ਕਿਸੇ ਦਾ ਅਰਬੀ ਹੈ। ਕਿਸੇ ਦਾ ਰੰਗ ਮੋਰਪੰਖੀਆ, ਗੁਲਮੋਹਰੀ, ਯਾਕੂਤੀ ਤੇ ਕਿਸੇ ਦਾ ਸ਼ਰਬਤੀ!
ਖਿਲਰੇ ਪੱਤਿਆਂ ਤੇ ਖਿੜੇ ਫੁੱਲਾਂ ਦੀਆਂ ਪੱਤੀਆਂ ਦੇ ਰੰਗ, ਫਲਾਂ ਦੇ ਰੰਗ, ਰਾਹ ਜਾਂਦਿਆਂ ਨੂੰ ਰੋਕਦੇ ਹਨ। ਕਿਤੇ ਗੂੜ੍ਹੇ ਰੰਗਾਂ ਦੇ ਪੱਕੇ ਹੋਏ ਫਲ ਦਿਸਦੇ ਹਨ ਤੇ ਕਿਤੇ ਹਲਕੇ ਰੰਗਾਂ ਦੇ ਕੱਚੇ ਫਲ। ਕਿਸੇ ਫਲ ਦਾ ਰੰਗ ਅਨਾਰੀ ਹੈ, ਕਿਸੇ ਦਾ ਬਦਾਮੀ, ਬਿਸਕੁਟੀ, ਗਾਜਰੀ ਤੇ ਕਿਸੇ ਦਾ ਸੰਤਰੀ। ਝਾੜੀਆਂ ਨੂੰ ਲੱਗੇ ਮਲ੍ਹਿਆਂ ਦੇ ਬੇਰਾਂ ਵਰਗੇ ਨਿੱਕੇ ਸੁਰਖ ਫਲ ਖਾਣ ਨੂੰ ਜੀਅ ਕਰਦਾ ਹੈ। ਸੰਧੂਰੀ ਅੰਬੀਆਂ ਵਰਗੇ ਰੱਤੇ ਸੇਬ ਲੱਗੇ ਹੁੰਦੇ ਨੇ ਕਈ ਥਾਂਈਂ। ਝਾੜੀਆਂ ਦੇ ਪੱਤੇ ਭਾਵੇਂ ਨਿੱਕੇ ਨਿੱਕੇ ਹੁੰਦੇ ਨੇ, ਪਰ ਉਨ੍ਹਾਂ ਦੇ ਰੰਗਾਂ ਦਾ ਵੀ ਅੰਤ ਨਹੀਂ। ਟਾਹਣੀਓਂ ਟੁੱਟ ਕੇ ਤਾਂ ਉਹ ਹੋਰ ਹੀ ਰੰਗ ਵਟਾ ਲੈਂਦੇ ਨੇ। ਕਿਸੇ ਦਾ ਪੱਤੀ ਦਾ ਰੰਗ ਮੋਤੀਆ, ਕਿਸੇ ਦਾ ਬਡਮੋਤੀਆ, ਕੱਦੂਮੋਤੀਆ, ਕਪੂਰੀ, ਘਿਉਕਪੂਰੀ, ਕਿਸੇ ਦਾ ਪਿਆਜ਼ੀ ਤੇ ਕਿਸੇ ਦਾ ਹਵਾ ਪਿਆਜ਼ੀ।
ਕੈਨੇਡਾ ਦਾ ਰਾਜਰੁੱਖ ਮੇਪਲ ਟ੍ਰੀ ਹੈ। ਮੇਪਲ ਦਾ ਪੱਤਾ ਕੈਨੇਡਾ ਦੇ ਰਾਸ਼ਟਰੀ ਝੰਡੇ ‘ਤੇ ਅੰਕਿਤ ਹੈ। ਕੈਨੇਡਾ ਵਿਚ ਉਂਜ ਵੀ ਮੇਪਲ ਰੁੱਖਾਂ ਦੀ ਭਰਮਾਰ ਹੈ। ਰੁੱਖ ਭਾਵੇਂ ਕੋਈ ਵੀ ਹੈ, ਪੱਤੇ ਉਹਦੇ ਮੇਪਲ ਵਰਗੇ ਹੀ ਲੱਗਦੇ ਹਨ। ਪੱਤਝੜ ਵਿਚ ਮੇਪਲ ਦੇ ਪੱਤੇ ਵੀ ਅਨੇਕਾਂ ਰੰਗ ਵਟਾਉਂਦੇ ਹਨ। ਮੇਪਲ ਜਦੋਂ ਹਰਿਆ ਭਰਿਆ ਹੋਵੇ ਤਾਂ ਤੋਤੇਰੰਗਾ ਹੁੰਦੈ, ਜਿਨ੍ਹਾਂ ‘ਚ ਤੋਤੇ ਲੁਕ ਵੀ ਸਕਦੇ ਨੇ। ਫਿਰ ਇਸ ਦੇ ਪੱਤੇ ਕਦੇ ਤਰਬੂਜ਼ੀਆ, ਕਦੇ ਬੈਂਗਣੀ, ਜਾਮਣੀ, ਕਦੇ ਮਹਿੰਦੀ ਰੰਗੇ, ਨਸਵਾਰੀ ਤੇ ਕਦੇ ਲਾਜਵਰੀ ਰੰਗਾਂ ‘ਚ ਰੰਗੇ ਜਾਂਦੇ ਨੇ। ਪੱਤਝੜ ਦੀ ਰੁੱਤ ਜਦੋਂ ਸ਼ੁਰੂ ਹੁੰਦੀ ਹੈ, ਉਦੋਂ ਪੱਤੇ ਅਤੇ ਫੁੱਲ, ਰੁੱਖਾਂ ਅਤੇ ਬੂਟਿਆਂ ਉੱਤੇ ਹੀ ਰੰਗ ਵਟਾਉਂਦੇ ਰਹਿੰਦੇ ਹਨ। ਜਦੋਂ ਪਤਝੜ ਪੱਤੇ ਝਾੜਨ ‘ਤੇ ਆਉਂਦੀ ਹੈ ਤਾਂ ਪੱਤੇ ਧਰਤੀ ‘ਤੇ ਡਿੱਗ ਕੇ ਹੋਰ ਵੀ ਰੰਗ ਵਟਾਉਂਦੇ ਹਨ। ਧਰਤੀ ‘ਤੇ ਡਿੱਗੇ ਪਏ ਪੱਤਿਆਂ ਤੇ ਫੁੱਲ-ਪੱਤੀਆਂ ‘ਤੇ ਝਾਤ ਮਾਰੀਏ ਤਾਂ ਇਉਂ ਲੱਗਦੈ ਜਿਵੇਂ ਰੰਗੀਨ ਫੁਲਕਾਰੀਆਂ ਵਿਛਾ ਰੱਖੀਆਂ ਹੋਣ। ਉਨ੍ਹਾਂ ਵਿਚ ਅਸਮਾਨੀ ਰੰਗ ਵੀ ਹੁੰਦੇ ਹਨ, ਸਰ੍ਹੋਂ-ਫੁੱਲੇ ਵੀ, ਊਦੇ ਵੀ, ਮੋਰਪੰਖੀਏ ਵੀ, ਗਿੱਦੜਰੰਗੇ ਵੀ ਤੇ ਘੁੱਗੀਰੰਗੇ ਵੀ। ਕਿਸੇ ਪੱਤੇ ਦਾ ਰੰਗ ਕਾਸ਼ਨੀ ਹੁੰਦੈ, ਕਿਸੇ ਦਾ ਭਗਵਾਂ, ਗੇਰੂਆ, ਗੁਲਾਨਾਰੀ, ਉਨਾਭੀ, ਅਨਾਰੀ, ਜਾਮਣੀ, ਗੁਲਾਬੀ, ਕਿਸੇ ਦਾ ਕਬੂਤਰੀ ਤੇ ਕਿਸੇ ਦਾ ਕਿਰਮਚੀ।
ਇੱਕ ਦਿਨ ਬੱਦਲ ਛਾਏ ਹੋਏ ਸਨ। ਮੈਂ ਬਾਰੀ ‘ਚੋਂ ਬਾਹਰ ਵੇਖਿਆ, ਅੰਬਰ ਸੁਰਮਈ/ਸਲੇਟੀ ਹੋਇਆ ਪਿਆ ਸੀ। ਗੂੜ੍ਹੇ ਬੱਦਲਾਂ ‘ਤੇ ਕਾਲੋਂ ਫਿਰੀ ਹੋਈ ਸੀ। ਬੱਦਲ ਖਿੰਡੇ ਤਾਂ ਚੁਫੇਰੇ ਚਿੱਟਾ/ਸਫੈਦ ਚਾਨਣ ਹੋ ਗਿਆ। ਸੂਰਜ ਦੀਆਂ ਧੁਪੀਲੀਆਂ ਕਿਰਨਾਂ ਨਾਲ ਬਨਸਪਤੀ ਦੇ ਰੰਗ ਫਿਰ ਜਗ ਪਏ। ਪੌਣਾਂ ਵਿਚ ਵੀ ਜਿਵੇਂ ਮਹਿਕਾਂ ਘੁਲ ਗਈਆਂ ਹੋਣ। ਹਵਾ ਦੀ ਸਰਸਰਾਹਟ ਟੂਣੇਹਾਰੀ ਲੱਗਣ ਲੱਗੀ। ਲੱਗਾ ਜਿਵੇਂ ਪੌਣ ਬਾਰੀਆਂ ‘ਚੋਂ ਬਣ ਠਣ ਕੇ ਲੰਘਦੀ ਹੋਵੇ। ਮੈਨੂੰ ਬਾਰੀ ‘ਚੋਂ ਅੰਬਰ ਦੇ ਅਸਮਾਨੀ ਰੰਗਾਂ ਹੇਠਾਂ ਬਨਸਪਤੀ ਦੇ ਕਿਧਰੇ ਜੋਗੀਆ, ਅੰਬਰਸੀਆ, ਗਾਜਰੀ, ਲਸੂੜੀਆ, ਨਾਸ਼ਪਾਤੀ ਤੇ ਕਿਧਰੇ ਕਾਸ਼ਨੀ ਰੰਗਾਂ ਦੇ ਦਰਸ਼ਨ ਹੋਏ। ਸੁੱਕੀ ਭੋਇੰ ਦਾਖੀ ਤੇ ਖਾਕੀ ਜਿਹੀ ਦਿਸ ਰਹੀ ਸੀ। ਛੰਭ ਦਾ ਪਾਣੀ ਭਾਵੇਂ ਮਟਮੈਲਾ ਸੀ, ਪਰ ਝੀਲ ਦਾ ਪਾਣੀ ਨੀਲਾ ਤੇ ਨਿਰਮਲ ਸੀ। ਫੁਹਾਰਿਆਂ ਵਿਚੋਂ ਚਾਂਦੀ ਰੰਗੇ, ਤਾਂਬੇ ਰੰਗੇ ਤੇ ਸੋਨ ਰੰਗੇ ਪਾਣੀ ਦੀਆਂ ਬੁਛਾੜਾਂ ਪੈ ਰਹੀਆਂ ਸਨ। ਧੁੱਪ ਗੋਰੀ-ਗੋਰੀ ਸੀ ਤੇ ਛਾਂ ਸਾਂਵਲੀ-ਸਾਂਵਲੀ। ਮਧਰੀਆਂ ਝਾੜੀਆਂ ਹਰੀਆਂ ਚੁੰਨੀਆਂ ਓੜੀ ਘੁੰਡ ਕੱਢੀ ਖੜ੍ਹੀਆਂ ਸਨ।
ਕੈਨੇਡਾ ਦੀਆਂ ਰੁੱਤਾਂ ਵਿਚ ਸਭ ਤੋਂ ਮਾੜੀ ਰੁੱਤ ਸਰਦੀਆਂ ਦੀ ਗਿਣੀ ਜਾਂਦੀ ਹੈ। ਉਦੋਂ ਟੋਰਾਂਟੋ ਵੱਲ ਬਰਫਾਂ ਪੈ ਜਾਂਦੀਆਂ ਹਨ। ਬਾਹਰ ਨਿਕਲਦਿਆਂ ਹੱਡ ਪੈਰ ਠਰਦੇ ਹਨ। ਉਦੋਂ ਬਾਰੀ ਤੋਂ ਬਾਹਰ ਬਰਫਾਂ ਦਾ ਰੰਗ ਚਿੱਟਾ ਸਫੈਦ ਦਿਸਦਾ ਹੈ ਜਾਂ ਸੁੱਕੇ ਰੱਖਾਂ ਤੇ ਨੰਗੀਆਂ ਟਾਹਣੀਆਂ ਦਾ ਭੂਰਾ ਭੂਸਲਾ। ਉਦੋਂ ਰੰਗਾਂ ਵਿਚ ਭਿੰਨਤਾ ਨਹੀਂ ਹੁੰਦੀ। ਰੰਗਾਂ ਦਾ ਰੰਗ-ਬਰੰਗਾ ਜਲੌਅ ਨਹੀਂ ਦਿਸਦਾ, ਰੰਗਾਂ ਦੀ ਹੋਲੀ ਖੇਡੀ ਜਾਂਦੀ ਨਹੀਂ ਦਿਸਦੀ। ਰੰਗ ਬਹਾਰ ਦੀ ਰੁੱਤ ਵਿਚ ਉਗਮਦੇ ਤੇ ਗਰਮੀਆਂ ਦੀ ਰੁੱਤ ‘ਚ ਪੱਕਦੇ ਹਨ। ਬਹਾਰ ਸੋਹਣੀ ਲੱਗਦੀ ਹੈ ਤੇ ਗਰਮੀ ਸੁਖਾਵੀਂ; ਪਰ ਪਤਝੜ ਦਾ ਜਲਵਾ ਵੀ ਕਿਸੇ ਤੋਂ ਘੱਟ ਨਹੀਂ ਹੁੰਦਾ। ਤਦੇ ਤਾਂ ਕਹੀਦੈ ਕਿ ਕੈਨੇਡਾ ਦੀ ਪਤਝੜ ਦੇ ਨਜ਼ਾਰੇ ਵੀ ਹੁਸੀਨ ਹੁੰਦੇ ਹਨ। ਕਹਿਣ ਵਾਲਾ ਤਾਂ ਇਹ ਵੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ‘ਚ ਰੰਗਾਂ ਦੇ ਨਾਂ ਰੱਖਣ ਵਾਲਿਆਂ ਦੇ ਵੀ ਕਿਆ ਕਹਿਣੇ! ਰੰਗਾਂ ਦੇ ਸੌ ਕੁ ਨਾਂ ਤਾਂ ਰੱਖੇ ਹੀ ਗਏ ਹਨ ਤੇ ਹੋਰ ਰੱਖੇ ਜਾ ਰਹੇ ਹਨ।
ਕੋਵਿਡ-19 ਦੀ ਮਾਰ ਝੱਲ ਰਹੇ ਦੌਰ ਵਿਚ ਵੀ ਸਾਡਾ ਪੁੱਤਰ ਸਾਨੂੰ ਬਰੈਂਪਟਨ ਨੇੜਲੀਆਂ ਰੱਖਾਂ, ਟ੍ਰੇਲਾਂ ਤੇ ਰਾਖਵੇਂ ਪਾਰਕਾਂ ਦੀਆਂ ਸੈਰਾਂ ਕਰਵਾ ਲਿਆਇਆ ਹੈ। ਕਈ ਵਾਰ ਇਹ ਸੈਰਾਂ ਅੱਠ ਦਸ ਕਿਲੋਮੀਟਰ ਲੰਮੀਆਂ ਵੀ ਹੋ ਜਾਂਦੀਆਂ ਰਹੀਆਂ ਹਨ। ਕੁਦਰਤ ਦੇ ਰੰਗਾਂ ਦੀ ਲੀਲ੍ਹਾ ਮਾਣਦਿਆਂ ਭੁੱਲ ਜਾਂਦਾ ਰਿਹਾ ਹਾਂ, ਪਈ ਮੈਂ ਅੱਸੀ ਸਾਲਾਂ ਤੋਂ ਟੱਪ ਗਿਆਂ ਤੇ ਕਰੋਨਾ ਦੀ ਦਹਿਸ਼ਤ ਵਿਚ ਜਿਓਂ ਰਿਹਾਂ।