ਕੁਦਰਤ ਤੇਰੇ ਰੰਗ ਨਿਰਾਲੇ

ਹਰਜੀਤ ਦਿਓਲ, ਬਰੈਂਪਟਨ
ਵਿਗਿਆਨੀਆਂ ਦੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਆਖਰ ਅਸੀਂ ਇਸ ਦੁਨੀਆਂ ਦਾ ਮੁੱਢ ਕਿਵੇਂ ਬੱਝਾ, ਸਮਝਣ ਵਿਚ ਸਫਲ ਹੋਏ, ਜਿਸ ਨਾਲ ਇੱਕ ਕਲਪਤ ਰੱਬ ਦੀ ਗ੍ਰਿਫਤ ਵਿਚੋਂ ਬਾਹਰ ਆਉਣ ਦਾ ਰਾਹ ਸਾਫ ਹੋਇਆ। ਡਾਰਵਿਨ ਵਰਗੇ ਵਿਗਿਆਨੀ ਨੇ ਆਪਣਾ ਸਾਰਾ ਜੀਵਨ ਇਹ ਜਾਣਨ ਲਈ ਸਮਰਪਿਤ ਕਰ ਦਿੱਤਾ ਕਿ ਅਸੀਂ ਜਾਣ ਸਕੀਏ ਕਿ ਇਹ ਸੰਸਾਰ ਕਿਸੇ ਕ੍ਰਿਸ਼ਮਾਈ ਰੱਬ ਨੇ ਸਿਰਜ ਦਿੱਤਾ ਜਾਂ ਇਹ ਅਟੱਲ ਕੁਦਰਤੀ ਨੇਮਾਂ ਦੀ ਉਪਜ ਹੈ। ਜਿਵੇਂ ਕਿ ਅਕਸਰ ਹੁੰਦਾ ਹੈ, ਪਰੰਪਰਾਵਾਂ ‘ਚ ਬੱਝੇ ਲੋਕ ਕੁਝ ਵੀ ਨਵਾਂ ਹਜ਼ਮ ਨਹੀਂ ਕਰਿਆ ਕਰਦੇ, ਥੋੜ੍ਹੇ ਰਾਮ ਰੌਲੇ ਉਪਰੰਤ ਡਾਰਵਿਨ ਦੇ ਸਿਧਾਂਤਾਂ ਨੂੰ ਮਾਨਤਾ ਪ੍ਰਾਪਤ ਹੋ ਹੀ ਗਈ ਕਿ ਇਹ ਪਸਾਰਾ ਕਿਸੇ ਸਰਵਸ਼ਕਤੀਸ਼ਾਲੀ ਦਾ ਘੜਿਆ ਨਹੀਂ, ਅਟੱਲ ਕੁਦਰਤੀ ਨੇਮਾਂ ਦਾ ਫਲ ਹੈ।

ਹਾਲ ਦੀ ਘੜੀ ਧਰਤੀ ਦੇ ਹੋਂਦ ਵਿਚ ਆਉਣ ਤੋਂ ਸ਼ੁਰੂ ਕਰਦੇ ਹਾਂ। ਕੋਈ ਤਿੰਨ ਕੁ ਬਿਲੀਅਨ ਸਾਲ ਪਹਿਲਾਂ ਬੈਕਟੀਰੀਆ ਦੇ ਰੂਪ ‘ਚ ਜੀਵਨ ਪਲਰਨਾ ਅਰੰਭ ਹੋਇਆ ਅਤੇ ਲਗਭਗ 20 ਕੁ ਮਿਲੀਅਨ ਸਾਲ ਪਹਿਲਾਂ ਬਾਂਦਰ ਪ੍ਰਜਾਤੀ ਤੋਂ ਅੱਜ ਦੇ ਮਨੁੱਖ ਦਾ ਮੁੱਢ ਬੱਝਾ। ਪੰਜ ਕੁ ਮਿਲੀਅਨ ਸਾਲ ਪਹਿਲਾਂ ਇਸ ਵਿਕਸਿਤ ਹੋ ਰਹੀ ਨਸਲ ਦਾ ਦਿਮਾਗ ਸਿਰਫ 400 ਸੀ. ਸੀ. (ਕਿਊਬਿਕ ਸੈਂਟੀਮੀਟਰ) ਦਾ ਰਿਹਾ ਹੋਵੇਗਾ, ਜੋ ਵਿਕਸਿਤ ਹੁੰਦਾ ਹੋਇਆ 1500 ਸੀ. ਸੀ. ਦੇ ਲਾਗੇ ਪਹੁੰਚ ਗਿਆ।
ਡਾਰਵਿਨ ਅਨੁਸਾਰ ਜੀਵਾਂ ਦੇ ਆਪਣੀ ਹੋਂਦ ਬਚਾਉਣ ਦਾ ਸੰਘਰਸ਼ ਬੜਾ ਦਿਲਚਸਪ ਵੀ ਹੈ ਅਤੇ ਹੈਰਾਨੀਜਨਕ ਵੀ ਹੈ। ਇਸ ਵਿਗਿਆਨੀ ਦਾ ਮੰਨਣਾ ਹੈ ਕਿ ਜਿਨ੍ਹਾਂ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ ਦੀ ਸਮਰੱਥਾ ਹਾਸਲ ਕਰ ਲਈ, ਆਪਣੀ ਹੋਂਦ ਕਾਇਮ ਰੱਖਣ ਦੀ ਜੰਗ ਜਿੱਤ ਸਕੇ; ਬਾਕੀ ਕਾਲ ਦੇ ਗਰਭ ‘ਚ ਸਮਾ ਗਏ। ਇਸ ਆਪਾ ਬਚਾਊ ਜੁਗਤਾਂ ਦਾ ਕੁਝ ਕੁ ਬੜਾ ਦਿਲਚਸਪ ਵੇਰਵਾ ਪਾਠਕਾਂ ਨਾਲ ਸਾਂਝਾ ਕਰਨਾ ਚਾਹਾਂਗਾ। ਫਿਲਹਾਲ ਨਿਗੂਣੇ ਜਿਹੇ ਦਿਸਦੇ ਕੀਟ ਪਤੰਗਾਂ ਦੇ ਵਿਲੱਖਣ ਸੰਸਾਰ ਵੱਲ ਝਾਤੀ ਮਾਰਦੇ ਹਾਂ।
ਇਨ੍ਹਾਂ ਜੀਵਾਂ ਦੀ ਕੁਦਰਤੀ ਦਿੱਖ ਅਕਸਰ ਇੱਕ ਕਪਟੀ ਛਲਾਵਾ ਹੁੰਦਾ ਹੈ। ਵਿਗਿਆਨੀਆਂ ਦੇ ਆਧੁਨਿਕ ਕੈਮਰਿਆਂ ਰਾਹੀਂ ਦੇਖਿਆ ਗਿਆ ਹੈ ਕਿ ਦੱਖਣੀ ਅਫਰੀਕਾ ‘ਚ ਰੇਗਿਸਤਾਨ ਦੇ ਕੁਝ ਪੌਧੇ ਆਪਣੇ ਬਚਾਓ ਲਈ ਪੱਥਰਾਂ ਦਾ ਰੂਪ ਧਾਰੀ ਬੈਠੇ ਹਨ ਤਾਂ ਪਾਣੀਆਂ ਥੱਲੇ ਸ਼ਰਿੰਪ ਮੱਛੀਆਂ ਸ਼ਿਕਾਰੀ ਨੂੰ ਧੋਖਾ ਦੇਣ ਲਈ ਘਾਹ ਦੇ ਤੀਲੇ ਨਜ਼ਰ ਆਉਂਦੀਆਂ ਹਨ ਅਤੇ ਜੰਗਲ ਦੇ ਕੁਝ ਫੁੱਲ ਨਜ਼ਰ ਆਉਂਦੇ ਜੀਵ ਅਚਾਨਕ ਉਡਾਰੀ ਮਾਰ ਜਾਂਦੇ ਹਨ। ਇੱਕ ਤਰ੍ਹਾਂ ਦੀ ਸੁੰਡੀ ਰੁੱਖ ਦੀ ਟਹਿਣੀ ਜਾਪਦੀ ਹੈ। ਇਹ ਸਭ ਕੁਝ ਦੁਸ਼ਮਣਾਂ ਤੋਂ ਆਪਣੀ ਜਾਨ ਬਚਾਉਣ ਦੀਆਂ ਕੁਦਰਤ ਨੇ ਬਖਸ਼ੀਆਂ ਜੁਗਤਾਂ ਹਨ। ਇੱਕ ਤਿਤਲੀਨੁਮਾ ਕੀੜੇ ਨੇ ਆਪਣੀ ਪਿੱਠ ਭੂਮੀ ਵਰਗਾ ਰੰਗ ਵਟਾ ਲਿਆ ਹੈ ਅਤੇ ਇਹ ਦਿਸਦਾ ਹੀ ਨਹੀਂ, ਤਾਂ ਦੂਜਾ ਕੀਟ ਘਾਹ ਦਾ ਡੱਕਾ ਨਜ਼ਰ ਆਉਂਦਾ ਹੈ। ਕੁਝ ਤਿਤਲੀਆਂ ਦੇ ਫੰਘਾਂ ‘ਤੇ ਡਰਾਉਣੀਆਂ ਅੱਖਾਂ ਬਣੀਆਂ ਹਨ ਤਾਂ ਜੋ ਦੁਸ਼ਮਣ ਦੂਰ ਰਹੇ।
ਇਹ ਤਾਂ ਹੋਏ ਸ਼ਿਕਾਰੀ ਜੀਵਾਂ ਤੋਂ ਬਚਣ ਦੇ ਢੰਗ ਉਪਰਾਲੇ, ਪਰ ਸ਼ਿਕਾਰੀ ਵੀ ਕਈ ਵੇਰਾਂ ਨਹਿਲੇ ‘ਤੇ ਦਹਿਲਾ ਸਾਬਤ ਹੁੰਦੇ ਹਨ। ਇੱਕ ਤਰ੍ਹਾਂ ਦਾ ਕੀੜਾ ਫੁੱਲ ਵਾਂਗ ਨਜ਼ਰ ਆਉਂਦਾ ਹੈ, ਪਰ ਜਿਵੇਂ ਹੀ ਕੋਈ ਮੱਖੀ ਇਸ ਵੱਲ ਆਕਰਸ਼ਤ ਹੋ ਇਸ ਉਪਰ ਆ ਬੈਠਦੀ ਹੈ, ਇਹ ਫੁੱਲ ਹਰਕਤ ਵਿਚ ਆ ਉਸ ਨੂੰ ਆਪਣੀ ਜਕੜ ਵਿਚ ਲੈ ਆਪਣਾ ਭੋਜਨ ਬਣਾ ਲੈਂਦਾ ਹੈ। ਇੱਕ ਤਰ੍ਹਾਂ ਦਾ ਮਕੜਾ ਫੁੱਲ ਦਾ ਰੰਗ ਵਟਾ ਇਸ ‘ਤੇ ਬੈਠ ਸ਼ਿਕਾਰ ਦੀ ਉਡੀਕ ਕਰਦਾ ਹੈ ਅਤੇ ਇਸ ਨੂੰ ਦੇਖਣ ਤੋਂ ਅਸਮਰਥ ਮੱਖੀ ਇਸ ਨੇੜੇ ਆ ਇਸ ਦਾ ਸ਼ਿਕਾਰ ਬਣ ਜਾਂਦੀ ਹੈ। ਕੁਦਰਤ ਨੇ ਕੁਝ ਚੌਪਾਇਆਂ ਨੂੰ ਆਪਣੇ ਬਚਾਅ ਲਈ ਤਿੱਖੇ ਸਿੰਗ ਦਿੱਤੇ ਤਾਂ ਇਨ੍ਹਾਂ ਦਾ ਸ਼ਿਕਾਰ ਕਰਨ ਵਾਲਿਆਂ ਨੂੰ ਮਜ਼ਬੂਤ ਜਬਾੜੇ ਅਤੇ ਨੁਕੀਲੇ ਪੰਜਿਆਂ ਨਾਲ ਲੈਸ ਕਰ ਦਿੱਤਾ।
ਭਾਵੇਂ ਮਨੁੱਖ ਨੇ ਆਪਣੇ ਵਿਕਸਿਤ ਦਿਮਾਗ ਦਾ ਇਸਤੇਮਾਲ ਕਰ ਸਭਿਅਤਾ ਦੀਆਂ ਅਨੇਕ ਮੰਜ਼ਿਲਾਂ ਪਾਰ ਕਰ ਲਈਆਂ ਹਨ, ਪਰ ਇਹ ਵੀ ਆਪਣੀ ਛਲਾਵੀ ਬਿਰਤੀ ਤੋਂ ਪੂਰੀ ਤਰ੍ਹਾਂ ਖਹਿੜਾ ਨਹੀਂ ਛੁਡਾ ਸਕਿਆ। ਸ਼ਿਕਾਰ ਅਤੇ ਸ਼ਿਕਾਰੀ ਦੀ ਖੇਡ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਦੇਖੀ ਜਾ ਸਕਦੀ ਹੈ। ਅੱਜ ਵੀ ਇਸ ਨਸਲ ਦੁਆਰਾ ਕਦੇ ਧਰਮ ਦੇ ਨਾਂ ਹੇਠ ਅਤੇ ਕਦੇ ਆਪਣੀਆਂ ਨਸਲਾਂ ਦੀ ਸ਼੍ਰੇਸ਼ਠਤਾ ਸਿੱਧ ਕਰਨ ਦੀ ਹੋੜ ਵਿਚ ਮਨੁੱਖਤਾ ਦਾ ਘਾਣ ਹੁੰਦਾ ਰਿਹਾ ਹੈ। ਲੋਕਤੰਤਰ ਹੋਵੇ ਭਾਵੇਂ ਕੋਈ ਹੋਰ, ਰਾਜ ਪ੍ਰਬੰਧ ਮਨੁੱਖ ਨੇ ਤਾਕਤ ਹਥਿਆਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤੇ ਹਨ ਅਤੇ ਇਸ ਵਲੋਂ ਕਮਜੋਰ ਦਾ ਸ਼ੋਸ਼ਣ ਬਾਦਸਤੂਰ ਜਾਰੀ ਹੈ। ਅੱਜ ਲੋੜ ਹੈ ਧਰਮਾਂ ਅਤੇ ਨਸਲਾਂ ਤੋਂ ਉੱਪਰ ਉੱਠ ਕੇ ਸਾਰੀ ਮਨੁੱਖਤਾ ਦੀ ਭਲਾਈ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਅਸੀਂ ਆਪਣੇ ਆਪ ਨੂੰ ਜਾਨਵਰਾਂ ਤੋਂ ਬਿਹਤਰ ਸਾਬਤ ਕਰ ਸਕੀਏ।