ਵਸਤੂ ਤੇ ਭਾਵ ਸਿਰਜਣ ਦੇ ਸੁਮੇਲ ਦੀ ਪੇਸ਼ਕਾਰੀ ‘ਧੁੱਪ ਦੀਆਂ ਕਣੀਆਂ’

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਪੁਸਤਕ: ਧੁੱਪ ਦੀਆਂ ਕਣੀਆਂ
ਲੇਖਕ: ਡਾ. ਗੁਰਬਖਸ਼ ਸਿੰਘ ਭੰਡਾਲ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ

ਪੰਨੇ: 209, ਮੁੱਲ: 300 ਰੁਪਏ
ਡਾ. ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਸਾਹਿਤ ਦੇ ਬਹੁ-ਭਾਂਤੀ ਰੂਪਕਾਰਾਂ ਵਿਚ ਰਚਨਾ ਕਰਨ ਵਾਲਾ ਲੇਖਕ ਹੈ। ਮੈਂ ਉਸ ਦੇ ਕਾਵਿ-ਜਗਤ ਵਿਚ ਵਿਚਰਿਆ ਹਾਂ। ਸਫਰਨਾਮੇ ਵਿਚ ਪ੍ਰਗਟਾਏ ਉਸ ਦੇ ਦੀਰਘ ਅਨੁਭਵ ਦੇ ਬਿਰਤਾਂਤ/ਵਿਖਿਆਨ ਨੂੰ ਪੜ੍ਹਿਆ, ਸਮਝਿਆ ਅਤੇ ਮਾਣਿਆ ਹੈ। ਨਿਬੰਧ ਰਚਨਾ ਕਰਦਿਆਂ ਉਹ ਅਤਿਅੰਤ ਸੂਖਮ, ਅਣਛੋਹੇ, ਵੱਖਰੇ ਅਤੇ ਅਦੁੱਤੀ ਵਿਸ਼ਿਆਂ ਉਪਰ ਕਲਮ ਅਜ਼ਮਾਈ ਕਰਦਾ ਹੈ। ਕਿਸੇ ਨਿੱਕੇ ਤੋਂ ਨਿੱਕੇ ਤੇ ਆਮ ਨਜ਼ਰ ਆਉਣ ਵਾਲੇ ਮਜ਼ਮੂਨ ਦੇ ਵਡੇਰੇ ਮਹੱਤਵ ਨੂੰ ਉਜਾਗਰ ਕਰਨ ਦੀ ਜੁਗਤੀ ਉਸ ਨੂੰ ਆਉਂਦੀ ਹੈ। ਇਸ ਪੁਸਤਕ ਵਿਚ ਡਾ. ਭੰਡਾਲ ਨੇ 26 ਨਿਬੰਧ ਸ਼ਾਮਲ ਕੀਤੇ ਹਨ। ਬਹੁਤੇ ਨਿਬੰਧਾਂ ਵਿਚ ਉਹ ਅਦਭੁੱਤ ਅਤੇ ਵਿਸ਼ਾਲ ਬ੍ਰਹਿਮੰਡੀ ਪਸਾਰੇ ਦੀ ਥਾਹ ਪਾਉਣ ਦੇ ਯਤਨ ਵਿਚ ਰਹਿੰਦਾ ਹੈ। ਧਰਤੀ ‘ਤੇ ਪਏ ਇਕ ਕਣ ਤੋਂ ਲੈ ਕੇ ਚੰਦ, ਸੂਰਜ, ਤਾਰਿਆਂ, ਗਗਨ-ਮੰਡਲ ਤੇ ਪਤਾਲ ਤੱਕ ਗਾਹ ਆਉਣ ਤੇ ਸਬੰਧਤ ਹਾਲ-ਹਵਾਲ ਨੂੰ ਨਿਬੰਧਾਂ ਰਾਹੀਂ ਪੇਸ਼ ਕਰਨ ਵਿਚ ਉਹ ਵਿਸ਼ੇਸ਼ ਦਿਲਚਸਪੀ ਰੱਖਦਾ ਹੈ ਤੇ ਇਸ ਵਿਚ ਉਸ ਨੂੰ ਮੁਹਾਰਤ ਵੀ ਹਾਸਲ ਹੈ। ਕੁਦਰਤ ਦੇ ਅਸੀਸ ਤੇ ਅਗੰਮੀ ਪਸਾਰੇ ਅਤੇ ਕੁਦਰਤ ਦੀਆਂ ਬੇਅੰਤ ਨਿਆਮਤਾਂ ਦਾ ਜ਼ਿਕਰ ਛੇੜਦਿਆਂ ਡਾ. ਭੰਡਾਲ ਆਪਣੇ-ਆਪ ਨੂੰ ਜਿਵੇਂ ਕੁਦਰਤ ਨਾਲ ਇਕ-ਸੁਰ ਕਰ ਲੈਂਦਾ ਹੈ ਤੇ ਪ੍ਰਕਿਰਤੀ ਦੀਆਂ ਲੰਮੀਆਂ ਬਾਤਾਂ ਸੁਣਾਉਣੀਆਂ ਪ੍ਰਾਰੰਭ ਕਰ ਦਿੰਦਾ ਹੈ।
ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਚਾਨਣੀ ਰਾਤ ਵਿਚ ਤਾਰਿਆਂ ਦੀ ਛਾਂਵੇਂ ਬੈਠਾ ਉਹ ਪ੍ਰਕਿਰਤੀ ਦੇ ਡੂੰਘੇ ਪਸਾਰੇ ਦੇ ਰਹੱਸ ਸਮਝਾ ਰਿਹਾ ਹੋਵੇ। ਧੁੱਪ, ਦਿਨ, ਰਾਤ, ਧਰਤੀ, ਪੌਣ, ਬੱਦਲ, ਬਾਰਸ਼, ਦਰਿਆ, ਸਮੁੰਦਰ, ਪਰਬਤ, ਬਿਰਖ, ਫੁੱਲਾਂ ਦੇ ਖੇੜੇ/ਸੁਗੰਧੀਆਂ/ਰੰਗਾਂ, ਬਨਸਪਤੀ ਦੇ ਖੇੜੇ, ਕੁਦਰਤ ਦੇ ਸੁਹੱਪਣ, ਅੱਗ, ਚਾਨਣੀ ਆਦਿ ਬਾਰੇ ਲੇਖਕ ਭਰਪੂਰ ਜਾਣਕਾਰੀ ਪ੍ਰਸਤੁਤ ਕਰਦਾ ਹੈ। ਧਰਤੀ, ਚੰਦ, ਸੂਰਜ, ਤਾਰਿਆਂ, ਪਰਬਤਾਂ, ਦਰਿਆਵਾਂ, ਸਮੁੰਦਰ, ਬਿਰਖਾਂ ਆਦਿ ਬਾਰੇ ਕਈ ਕਥਾਵਾਂ ਪ੍ਰਚੱਲਤ ਹਨ ਤੇ ਉਨ੍ਹਾਂ ਦਾ ਪਿਛੋਕੜ ਵੀ ਬਹੁਤ ਪਿੱਛੇ ਦੂਰ ਤੱਕ ਜਾਂਦਾ ਹੈ। ਉਹ ਕਥਾਵਾਂ ਇਤਿਹਾਸ-ਮਿਥਿਹਾਸ ਦਾ ਹਿੱਸਾ ਵੀ ਬਣ ਚੁਕੀਆਂ ਹਨ, ਪਰ ਵਿਦਵਾਨ ਲੇਖਕ ਇਨ੍ਹਾਂ ਸਭਨਾਂ ਬਾਰੇ ਗਿਆਨ-ਵਿਗਿਆਨ ਤੇ ਖੋਜਾਂ ਦੇ ਆਧਾਰ ‘ਤੇ ਜਾਣਕਾਰੀ ਪ੍ਰਦਾਨ ਕਰਦਾ ਹੈ। ਕੁਦਰਤ ਦੀਆਂ ਇਨ੍ਹਾਂ ਬਹੁਮੁੱਲੀਆਂ ਦਾਤਾਂ ਬਾਰੇ ਹਰੇਕ ਗੱਲ ਉਹ ਮਨੁੱਖ ਦੇ ਸੰਦਰਭ ਵਿਚ ਕਰਦਾ ਹੈ। ਪ੍ਰਕਿਰਤੀ ਬਹੁਤ ਵਿਸ਼ਾਲ ਹੈ। ਮਨੁੱਖ ਪ੍ਰਕਿਰਤੀ ਦਾ ਛੋਟਾ ਜਿਹਾ ਅਣੂ ਹੈ। ਲੇਖਕ ਮਨੁੱਖ ਨੂੰ ਕੁਦਰਤ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕਰਦਾ ਹੈ।
ਲੇਖਕ ਨੂੰ ਇਸ ਗੱਲ ਦਾ ਮਲਾਲ ਬਣਿਆ ਰਹਿੰਦਾ ਹੈ ਕਿ ਮਨੁੱਖ ਬਹੁਤ ਨਾਸ਼ੁਕਰਾ ਹੈ। ਉਹ ਕੁਦਰਤ ਦੀਆਂ ਇਨ੍ਹਾਂ ਅਮੋਲਵੀਆਂ ਦਾਤਾਂ ਲਈ ਉਸ ਦਾ ਸ਼ੁਕਰਗੁਜ਼ਾਰ ਹੋਣ ਦੀ ਥਾਂਵੇਂ ਉਨ੍ਹਾਂ ‘ਤੇ ਕਰੋਪੀਆਂ ਢਾਹੁੰਦਾ ਰਹਿੰਦਾ ਹੈ, ਉਨ੍ਹਾਂ ਨਾਲ ਖਿਲਵਾੜ ਕਰਦਾ ਰਹਿੰਦਾ ਹੈ। ਮਨੁੱਖ ਦੇ ਚਿਹਰੇ ਦੀ ਮੁਸਕਰਾਹਟ, ਜ਼ਿੰਦਗੀ ਦੀ ਸ਼ਾਲੀਨਤਾ ਵਾਲੇ ਪਹਿਲੂ, ਨੀਂਦ, ਭੁੱਖ, ਚੁੱਪ, ਜ਼ਿੰਦਗੀ ਦੀ ਖੂਬਸੂਰਤੀ, ਮਾਪਿਆਂ ਤੇ ਬੱਚਿਆਂ ਦੀਆਂ ਬਹੁਤ ਗੂੜ੍ਹੇ ਤੇ ਹੰਢਣਯੋਗ ਪਿਆਰ ਦੀਆਂ ਭਾਵਨਾਵਾਂ, ਮਾਪਿਆਂ ਦੀਆਂ ਰੱਬ ਵਰਗੀਆਂ ਮਿਹਰਾਂ, ਮਾਪਿਆਂ ਨਾਲ ਜੀਵਨ ਦੀਆਂ ਬਰਕਤਾਂ, ਬੱਚਿਆਂ ਪ੍ਰਤੀ ਮਾਪਿਆਂ ਦੇ ਲਾਡ-ਪਿਆਰ, ਮਨੁੱਖ ਦੇ ਦੁੱਖ-ਦਰਦ, ਮਨੁੱਖ ਦੇ ਰੋਣੇ ਆਦਿ ਬਾਰੇ ਲੇਖਕ ਬਹੁਮੁੱਲੀ ਜਾਣਕਾਰੀ ਦਿੰਦਾ ਹੈ। ਇਹ ਜਾਣਕਾਰੀ ਤੱਥਾਤਮਿਕ ਵੀ ਹੈ ਤੇ ਲੋੜ ਅਨੁਸਾਰ ਕਿਧਰੇ ਕਿਧਰੇ ਭਾਵ-ਸੂਤਰ ਵਿਚ ਵੀ ਬੱਝਦੀ ਹੈ।
ਡਾ. ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਦੇ ਪ੍ਰਮੁੱਖ ਪੱਤਰ-ਪੱਤ੍ਰਿਕਾਵਾਂ ਵਿਚ ਅਕਸਰ ਛਪਦਾ ਰਹਿਣ ਵਾਲਾ ਲੇਖਕ ਹੈ। ਹਫਤਾਵਾਰੀ ਕਾਲਮ ਲਿਖਦਿਆਂ ਨਿਬੰਧਾਂ ਦੀ ਲਗਾਤਾਰ ਰਚਨਾ ਕਰਦੇ ਰਹਿਣ ਦੇ ਅਭਿਆਸ ਨੇ ਉਸ ਦੇ ਨਿਬੰਧਾਂ ਦੇ ਥੀਮਕ ਸਰੋਕਾਰਾਂ ਦੇ ਘੇਰੇ ਨੂੰ ਵਿਸ਼ਾਲ ਵੀ ਕੀਤਾ ਹੈ, ਇਸ ਨਾਲ ਉਸ ਦੀ ਵਾਰਤਕ ਕਲਾ ਵਿਚ ਨਿਖਾਰ ਵੀ ਆਇਆ ਹੈ ਤੇ ਪਰਪੱਕਤਾ ਵੀ ਆਈ ਹੈ। ਮੈਂ ਸਮਝਦਾ ਹਾਂ ‘ਧੁੱਪ ਦੀਆਂ ਕਣੀਆਂ’ ਵਿਚ ਸ਼ਾਮਲ ਕੀਤੇ ਗਏ ਨਿਬੰਧਾਂ ਦੇ ਸੁਭਾਅ ਨਾਲ ਰਲਦੇ-ਮਿਲਦੇ ਵਿਸ਼ਿਆਂ ਜਿਵੇਂ ਛਾਂ/ਛਾਂਵਾਂ, ਪਰਛਾਵੇਂ, ਪਾਣੀ ਆਦਿ ਬਾਰੇ ਵੀ ਨਿਬੰਧ ਸ਼ਾਮਲ ਕੀਤੇ ਜਾਣੇ ਚਾਹੀਦੇ ਸਨ। ਬੇਸ਼ੱਕ ਇਨ੍ਹਾਂ ਅਤੇ ਅਜਿਹੇ ਹੋਰ ਵਿਸ਼ਿਆਂ ‘ਤੇ ਵੀ ਲੇਖਕ ਨੇ ਨਿਬੰਧ ਰਚਨਾ ਕੀਤੀ ਹੈ, ਪਰ ਇਸ ਪੁਸਤਕ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਦਾ ਮਹੱਤਵ ਵਧੇਰੇ ਪ੍ਰਸੰਗਿਕ ਹੋਣਾ ਸੀ।
ਡਾ. ਭੰਡਾਲ ਮਨੁੱਖੀ ਰਿਸ਼ਤਿਆਂ ਦੀ ਕਦਰ ਕਰਨ ਅਤੇ ਸਮੇਂ ਦਾ ਸਦਉਪਯੋਗ ਉਠਾਉਣ ਦਾ ਸੱਦਾ ਦਿੰਦਾ ਹੈ। ਮਾਪਿਆਂ ਦੀਆਂ ਅਸੀਸਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਨਾ ਹੀ ਉਨ੍ਹਾਂ ਦੀ ਆਸ਼ੀਰਵਾਦ ਤੇ ਪਿਆਰ ਦਾ ਕੋਈ ਬਦਲ ਲੱਭਿਆ ਜਾ ਸਕਦਾ ਹੈ। ਬੱਚਿਆਂ ਉਪਰ ‘ਮਾਪਿਆਂ ਦੀਆਂ ਮਿਹਰਾਂ’ ਇਸ ਹੱਦ ਤੱਕ ਹੁੰਦੀਆਂ ਹਨ ਕਿ ਉਹ ਸਾਰੀ ਉਮਰ ਪੂਰਾ ਤਾਣ ਲਾ ਕੇ ਵੀ ਉਨ੍ਹਾਂ ਦਾ ਰਿਣ ਨਹੀਂ ਉਤਾਰ ਸਕਦੇ। ਇਕ ਗੱਲ ਨਿਸ਼ਚਿਤ ਹੈ ਕਿ ਮਨੁੱਖ ਦੀ ਜ਼ਿੰਦਗੀ ਬਹੁਤ ਕੀਮਤੀ ਹੈ। ਸਵੈ-ਸਿਰਜਕ, ਮਨੁੱਖੀ ਕਦਰਾਂ-ਕੀਮਤਾਂ ਨਾਲ ਪ੍ਰਣਾਏ ਤੇ ਕਾਮਯਾਬ ਮਨੁੱਖ ਦਾ ਜੀਵਨ-ਚਰਿੱਤਰ ਤੇ ਜੀਵਨ ਜਾਚ ਹੋਰਨਾਂ ਲਈ ਰੋਲ ਮਾਡਲ ਬਣ ਕੇ ਯਾਦ ਰੱਖਣ ਯੋਗ ਮਿਸਾਲ ਬਣ ਸਕਦੇ ਹਨ।
‘ਦਰਦ-ਵੰਝਲੀ ਦੀ ਹੂਕ’ ਨਿਬੰਧ ਵਿਚ ਲੇਖਕ ਪਰਦੇਸ ਜਾ ਵੱਸਣ ਜਾਂ ਪਰਦੇਸ ਜਾ ਕੇ ਰਹਿਣ ਦੇ ਵਰ੍ਹਿਆਂ ਦੀ ਅਸਹਿ ਪੀੜ ਦਾ ਜ਼ਿਕਰ ਬੜੀ ਸ਼ਿੱਦਤ ਤੇ ਨਿਸੰਗਤਾ ਨਾਲ ਕਰਦਾ ਹੈ। ਸਾਰੀ ਉਮਰ ਖੂਨ-ਪਸੀਨਾ ਵਹਾ ਕੇ ਮਿਹਨਤ ਮੁਸ਼ੱਕਤ ਕਰਦੇ ਰਹੇ ਲੇਖਕ ਦੇ ਪਿਤਾ ਦੇ ਅੰਤਲੇ ਦਿਨਾਂ ਦੀ ਦਾਸਤਾਨ ਦਿਲ ਨੂੰ ਧੂਹ ਪਾਉਣ ਵਾਲੀ ਹੈ। ਲੇਖਕ ਜਦੋਂ ‘ਜ਼ਿੰਦਗੀ ਦੇ ਸ਼ਾਹ-ਅਸਵਾਰ’ ਆਪਣੇ ਪਿਤਾ ਦੇ ਅੰਤਿਮ ਦਿਨਾਂ ਦੇ ਦਰਦ ਦੀ ਗਾਥਾ ਬਿਆਨ ਕਰਦਾ ਹੈ ਤਾਂ ਉਸ ਲਈ ਆਪਣੀਆਂ ਮਨੋ-ਵੇਦਨਾਵਾਂ ਨੂੰ ਜ਼ਬਾਨ ਦੇਣਾ ਕਠਿਨ ਹੋ ਜਾਂਦਾ ਹੈ ਤੇ ਉਨ੍ਹਾਂ ਭਾਵਾਂ ਦੀ ਤਰਜਮਾਨੀ ਕਰਦਿਆਂ ਉਹ ਬਹੁਤ ਭਾਵੁਕ ਹੋ ਜਾਂਦਾ ਹੈ। ਅਜਿਹਾ ਹੋਣਾ ਸੁਭਾਵਿਕ ਹੈ। ‘ਦਰਦ-ਵੰਝਲੀ ਦੀ ਹੂਕ’ ਵਿਚ ਲੇਖਕ ਜ਼ਿੰਦਗੀ ਦਾ ਮਣਾਂ ਮੂੰਹੀਂ ਬੋਝ ਚੁੱਕੀ ਫਿਰਦੇ ਰਹੇ ਆਪਣੇ ਪਿਤਾ ਦਾ ਵਿਅਕਤੀ ਚਿੱਤਰ ਪੇਸ਼ ਕਰਦਾ ਜਾਂਦਾ ਹੈ ਤੇ ਨਾਲ-ਨਾਲ ਜ਼ਿੰਦਗੀ ਦੇ ਅਮੁੱਕ ਦੁੱਖਾਂ ਦੀਆਂ ਲੰਮੀਆਂ ਕਹਾਣੀਆਂ ਦੀਆਂ ਪਰਤਾਂ ਵੀ ਫਰੋਲਦਾ ਜਾਂਦਾ ਹੈ। ਅਮਰੀਕਾ ਤੋਂ ਉਡਾਣ ਭਰ ਕੇ, ਜਲੰਧਰ ਦੇ ਇਕ ਹਸਪਤਾਲ ਵਿਚ ਕੌਮਾ ਦੀ ਬਦਤਰ ਹਾਲਤ ਵਿਚ ਬੇਸੁੱਧ ਪਏ ਪਿਤਾ ਕੋਲ ਪਹੁੰਚਣ ਦੀ ਅਸਹਿ ਪੀੜ ਝੱਲਣੀ ਕਥਨੋਂ-ਬਾਹਰੀ ਘਟਨਾ ਬਣ ਕੇ ਰਹਿ ਜਾਂਦੀ ਹੈ। ਪੁਸਤਕ ਦੇ 33 ਪੰਨਿਆਂ ‘ਤੇ ਫੈਲੇ ਨਿਬੰਧ ‘ਦਰਦ-ਵੰਝਲੀ ਦੀ ਹੂਕ’ ਵਿਚ ਮਨੁੱਖ ਦਾ ਦਰਦ ਹੈ, ਜੋ ਸਭ ਨੂੰ ਟੁੰਬਦਾ ਹੈ। ਦਰਦ ਦੀ ਇਹ ਹੂਕ ਸਮੇਂ-ਸਥਾਨ ਦੀਆਂ ਅਨੇਕ ਸੀਮਾਵਾਂ ਨੂੰ ਉਲੰਘ ਕੇ ਦੇਸਾਂ-ਦੇਸਾਂਤਰਾਂ ਤੱਕ ਸੁਣਾਈ ਦਿੰਦੀ ਪ੍ਰਤੀਤ ਹੁੰਦੀ ਹੈ।
ਮਜ਼ਮੂਨ ਵਿਚ ਖੁਭ ਕੇ ਲਿਖਣ ਦੀ ਸਿਰਜਣਾਤਮਕ ਸੂਝ, ਪ੍ਰਤਿਭਾ, ਸਮਰੱਥਾ ਤੇ ਕਲਾ ਉਸ ਦੀ ਰਚਨਾਕਾਰੀ ਦਾ ਸੁਭਾਵਿਕ ਹਿੱਸਾ ਬਣਨ ਵਾਲੇ ਲੱਛਣ ਬਣ ਕੇ ਉਘੜਦੇ ਹਨ। ਉਸ ਅੰਦਰ ਵਿਚਾਰਾਂ ਦਾ ਅਨੰਤ ਤੇ ਅਸੀਮ ਸੋਮਾ ਹੈ। ਉਹ ਲਿਖਦਾ ਜਾਂਦਾ ਹੈ। ਉਸ ਦੀ ਲਿਖਤ ਪਾਠਕ ਨੂੰ ਆਪਣੇ ਪ੍ਰਵਾਹ ਦੇ ਨਾਲ-ਨਾਲ ਵਹਾਉਂਦੀ ਚਲੀ ਜਾਂਦੀ ਹੈ। ਤਰਲ ਵਾਂਗ ਵਹਿੰਦੇ ਉਸ ਦੇ ਵਿਚਾਰ, ਗਿਆਨ ਦੀ ਉਤਪਤੀ/ਸਿਰਜਣਾ ਕਰਦੇ ਚਲੇ ਜਾਂਦੇ ਹਨ। ਜਿਉਂ ਜਿਉਂ ਉਹ ਨਵੀਂ ਘਾੜਤ ਘੜਦਾ ਹੈ, ਨਵੇਂ ਨਿਵੇਲੇ ਅਰਥ ਸਿਰਜਦਾ ਚਲਿਆ ਜਾਂਦਾ ਹੈ। ਵਿਚਾਰ ਭਾਵੇਂ ਸਿਧਾਂਤਕ ਹਨ ਜਾਂ ਤਾਰਕਿਕ, ਉਹ ਉਨ੍ਹਾਂ ਨੂੰ ਭਾਵਯੁਕਤ ਬਣਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਉਸ ਦੇ ਨਿਬੰਧਾਂ ਵਿਚੋਂ ਵਿਚਾਰ ਵਸਤੂ ਤੇ ਭਾਵ ਵਸਤੂ ਦਾ ਸੁਮੇਲ ਵੇਖਿਆ ਜਾ ਸਕਦਾ ਹੈ। ਜਿਸ ਸ਼ਾਇਸਤਗੀ, ਸ਼ਾਲੀਨਤਾ, ਰੱਖ-ਰਖਾਓ ਤੇ ਰਵਾਦਾਰੀ ਦੀ ਗੱਲ ਡਾ. ਭੰਡਾਲ ਆਪਣੇ ਇਕ ਨਿਬੰਧ ‘ਸ਼ਾਇਸਤਗੀ ਦੀ ਸੁਰ’ ਵਿਚ ਕਰਦਾ ਹੈ, ਉਹ ਸ਼ਾਇਸਤਗੀ ਉਸ ਦੇ ਵਿਅਕਤਿਤਵ, ਆਚਾਰ-ਵਿਹਾਰ, ਵਿਚਾਰਾਂ ਤੇ ਲਿਖਤਾਂ ਦਾ ਅਨਿੱਖੜਵਾਂ ਅੰਗ ਬਣ ਕੇ ਪ੍ਰਗਟ ਹੋਣ ਵਾਲਾ ਪਹਿਲੂ ਵੀ ਬਣਦੀ ਹੈ। ਉਸ ਦੇ ਨਿਬੰਧਾਂ ਵਿਚੋਂ ਵਿਚਾਰਾਂ ਦੇ ਲਚਕੀਲੇਪਣ ਦੀ ਟੋਹ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਨਿਬੰਧ ਦੇ ਵਿਸ਼ੇ ਅਨੁਸਾਰ ਉਹ ਨਿਸ਼ਚਿਤ ਵਾਤਾਵਰਣ ਸਿਰਜਣ ਅਤੇ ਲੋੜੀਂਦਾ ਪ੍ਰਭਾਵ ਉਤਪਨ ਕਰਨ ਵਿਚ ਕਾਮਯਾਬ ਹੁੰਦਾ ਹੈ।
ਡਾ. ਭੰਡਾਲ ਦੀ ਨਿਬੰਧ ਰਚਨਾ ਦਾ ਵਿਸ਼ੇਸ਼ ਹਾਸਲ ਇਹ ਹੈ ਕਿ ਉਹ ਪ੍ਰਕਿਰਤੀ ਦੇ ਸੁਹੱਪਣ ਅਤੇ ਉਸ ਦੀਆਂ ਅਨਮੋਲ ਨਿਆਮਤਾਂ/ਸੌਗਾਤਾਂ ਦੀ ਬਾਤ ਪਾਉਂਦਾ ਹੈ। ਇਹ ਸੌਗਾਤਾਂ ਮਨੁੱਖ ਲਈ ਉੱਤਮ ਸਰਮਾਇਆ ਬਣਦੀਆਂ ਹਨ। ਉਸ ਦੇ ਵਿਚਾਰਾਂ ਦੀ ਲੈਅ ਉਸ ਦੀ ਲਿਖਤ ਦੀ ਲੈਅ ਬਣਦੀ ਹੈ। ਉਹ ਅੰਤਰਮਨ ਦੀਆਂ ਬਾਤਾਂ ਵੀ ਪਾਉਂਦਾ ਹੈ, ਮਨੁੱਖ ਦੇ ਅੰਦਰ ਵੱਸਦੀ ਦੁਨੀਆਂ ਨੂੰ ਸਮਝਣ ਦੇ ਆਹਰ ਵਿਚ ਵੀ ਰਹਿੰਦਾ ਹੈ ਤੇ ਬਾਹਰੀ ਜਗਤ ਨੂੰ ਟਟੋਲਣਾ/ਫਰੋਲਣਾ ਵੀ ਉਸ ਦੀਆਂ ਲਿਖਤਾਂ ਦੇ ਕਾਰਜ-ਖੇਤਰ ਦਾ ਹਿੱਸਾ ਬਣਦਾ ਹੈ। ਗੰਭੀਰ ਵਿਸ਼ਿਆਂ ਉਪਰ ਲਿਖਦਿਆਂ ਵੀ, ਉਹ ਛੋਟੇ-ਛੋਟੇ ਵਾਕਾਂ ਰਾਹੀਂ ਬਹੁਤ ਵੱਡੀਆਂ ਤੇ ਟੁੰਬਣ ਵਾਲੀਆਂ ਗੱਲਾਂ ਕਹਿ ਜਾਂਦਾ ਹੈ। ਉਸ ਦੀਆਂ ਇਨ੍ਹਾਂ ਲਿਖਤਾਂ ਨੂੰ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਰਸ, ਲੈਅ, ਸੁਰ, ਤਾਲ, ਰਾਗ, ਸੰਗੀਤ ਵਿਚ ਪਰੁੰਨੀ ਕੋਈ ਕਾਵਿ-ਕਿਰਤ ਪੜ੍ਹ ਰਹੇ ਹੋਈਏ! ਅਮੂਰਤ ਨੂੰ ਸਮੂਰਤ ਬਣਾਉਣ ਵਿਚ ਉਸ ਦੀਆਂ ਲਿਖਤਾਂ ਦੀ ਕਲਾਤਮਿਕਤਾ ਵੇਖਣ/ਸਮਝਣ ਵਾਲੀ ਹੁੰਦੀ ਹੈ। ਉਸ ਦੇ ਵਿਚਾਰ ਤੇ ਉਸ ਦਾ ਪ੍ਰਗਟਾਅ ਢੰਗ ਪਾਠਕ ਨੂੰ ਉਤੇਜਿਤ ਕਰਦਾ ਹੈ।
ਨਿਬੰਧਾਂ ਵਿਚ ਛੋਹੇ ਗਏ ਵਿਸ਼ਿਆਂ ਬਾਰੇ ਵਿਚਾਰਾਂ ਦਾ ਉਸ ਕੋਲ ਅਸੀਮ ਭੰਡਾਰ ਹੈ। ਜਿਸ ਗੱਲ ਨੂੰ ਨਿਬੰਧਕਾਰ ਭੰਡਾਲ ਪਰਤ ਦਰ ਪਰਤ ਲਿਖਦਾ ਜਾਂਦਾ ਹੈ, ਸਮਝਾਉਂਦਾ ਜਾਂਦਾ ਹੈ, ਮਿਸਾਲਾਂ, ਦਲੀਲਾਂ ਦਿੰਦਾ ਜਾਂਦਾ ਹੈ ਤੇ ਅੱਖਰਾਂ ਦੀ ਬੁਣਤੀ ਕਰਦਿਆਂ ਕਰਦਿਆਂ ਨਿਬੰਧ ਦੀ ਉਸਾਰੀ ਕਰਦਾ ਜਾਂਦਾ ਹੈ; ਉਸੇ ਗੱਲ/ਵਿਚਾਰ ਦੀ ਪੁਸ਼ਟੀ ਲਈ ਕਵੀ ਭੰਡਾਲ ਵਿਚ ਵਿਚ ਕਾਵਿ ਰਚਨਾ ਵੀ ਕਰਦਾ ਜਾਂਦਾ ਹੈ ਤੇ ਇਕ ਸਮਰੱਥ ਕਵੀ ਦੀ ਬਣੀ ਆਪਣੀ ਛਵੀ ਨੂੰ ਵੀ ਬਣਾਈ ਰੱਖਦਾ ਹੈ। ਗੱਲ ਕੀ, ਉਸ ਕੋਲ ਕਵਿਤਾ ਤੇ ਵਾਰਤਕ-ਦੋਹਾਂ ਸਾਹਿਤ ਰੂਪਾਂ ਦੇ ਮਾਧਿਅਮ ਰਾਹੀਂ ਗੱਲ ਕਹਿਣ ਦੀ ਬਰਾਬਰ ਦੀ ਸਮਰੱਥਾ ਤੇ ਯੋਗਤਾ ਹੈ। ਲੇਖਕ ਨੇ ਪੁਸਤਕ ਵਿਚ ਬਹੁਤ ਕੁਝ ਕਹਿ ਦਿੱਤਾ ਹੈ, ਅਜੇ ਵੀ ਇਸ ਵਿਚ ਬਹੁਤ ਕੁਝ ਅਣਕਿਹਾ ਰਹਿ ਗਿਆ ਹੋਵੇਗਾ।
ਡਾ. ਗੁਰਬਖਸ਼ ਸਿੰਘ ਭੰਡਾਲ ਦਿਮਾਗ ਉਤੇ ਬੋਝ ਪਾ ਕੇ ਨਹੀਂ ਲਿਖਦਾ, ਸਗੋਂ ਵਿਚਾਰ ਉਸ ਨੂੰ ਆਪ-ਮੁਹਾਰੇ ਅਹੁੜਦੇ ਹਨ। ਉਸ ਦੇ ਵਿਚਾਰਾਂ ਵਿਚ ਤੱਥ ਹਨ, ਭਾਵੁਕਤਾ ਹੈ। ਲਫਜ਼ੀ ਵੰਨ-ਸੁਵੰਨਤਾ ਨਾਲ ਲਬਰੇਜ਼ ਉਸ ਦੀ ਨਿਬੰਧ ਕਲਾ ਪਾਠਕ ਦੀ ਰੂਹ ਤੱਕ ਅਸਰ ਕਰਦੀ ਹੈ। ਜਦੋਂ ਉਹ ਅੱਖਰਾਂ ਦੀ ਜੜਤ ਕਰਦਾ ਹੈ ਤਾਂ ਕਦੇ ਕਦੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਰੰਗਾਂ ਤੇ ਬੁਰਸ਼ ਨਾਲ ਚਿੱਤਰਕਾਰੀ ਕਰ ਰਿਹਾ ਹੋਵੇ। ਉਸ ਦੀ ਲਿਖੀ ਹਰ ਸਤਰ ਵਿਚ ਵਲਵਲਾ ਹੈ, ਬੁੱਧੀ ਹੈ, ਮਿਠਾਸ ਹੈ, ਸਲੀਕਾ ਹੈ, ਸਹਿਜਤਾ ਹੈ, ਸੂਖਮਤਾ ਹੈ, ਸ਼ਿੰਗਾਰ ਹੈ, ਜਜ਼ਬਾ ਹੈ ਅਤੇ ਹੋਰ ਵੀ ਬਹੁਤ ਕੁਝ ਹੈ। ਉਹ ਹਮੇਸ਼ਾ ਕੁਝ ਨਵਾਂ ਤੇ ਵੱਖਰੀ/ਹੱਟਵੀਂ ਕਿਸਮ ਦਾ ਲਿਖਣ ਦੀ ਤਾਂਘ ਰੱਖਦਾ ਹੈ। ਡਾ. ਭੰਡਾਲ ਆਪਣੀ ਰਚਨਾ ਦੇ ਸਥਾਪਤ ਮਿਆਰ ਨੂੰ ਬਣਾਈ ਰੱਖਦਾ ਹੈ। ਇਹ ਗੱਲ ਗਿਣਾਤਮਕ ਤੇ ਗੁਣਾਤਮਕ-ਦੋਹਾਂ ਪੱਖਾਂ ਤੋਂ ਭਰਪੂਰ ਰਚਨਾ ਕਰਨ ਵਾਲੇ ਇਸ ਲੇਖਕ ਦੇ ਪੱਖ ਵਿਚ ਭੁਗਤਦੀ ਹੈ। ਕੁਝ ਨਵਾਂ ਲਿਖਣ ਦੀ ਤਾਂਘ ਅਤੇ ਲਿਖਣ ਦੇ ਮਨੋਰਥ/ਆਦਰਸ਼ ਦੀ ਤੀਬਰਤਾ ਉਸ ਦੀ ਕਲਮ ਨੂੰ ਗਤੀ ਤੇ ਰਵਾਨੀ ਪ੍ਰਦਾਨ ਕਰਦੀ ਚਲੀ ਜਾਂਦੀ ਹੈ।
ਡਾ. ਗੁਰਬਖਸ਼ ਸਿੰਘ ਭੰਡਾਲ ਦੀ ਪੁਸਤਕ ‘ਧੁੱਪ ਦੀਆਂ ਕਣੀਆਂ’ ਵਿਚਲੀਆਂ ਰਚਨਾਵਾਂ ਮਨੁੱਖ ਨੂੰ ਜੀਵਨ ਦੇ ਉਦਾਸ ਤੇ ਨਿਰਾਸ਼ ਪਲਾਂ ਵਿਚੋਂ ਖੁਸ਼ੀਆਂ, ਖੇੜਿਆਂ, ਉਮੀਦਾਂ, ਆਸ਼ਾਵਾਂ ਅਤੇ ਅਕਾਂਖਿਆਵਾਂ ਦੇ ਰਸਤੇ ਭਾਲਣ ਦੀ ਜਾਚ ਦੱਸਦੀਆਂ ਹਨ। ਹੁਣ ਤੱਕ ਅਣਛੋਹੇ ਰਹੇ, ਅਸਲੋਂ ਨਵੇਂ ਤੇ ਮੌਲਿਕ ਵਿਚਾਰਾਂ ਨਾਲ ਸੰਜੋਏ ਗਏ ਇਹ ਨਿਬੰਧ ਰਾਹ-ਦਸੇਰੇ ਬਣ ਕੇ ਪਾਠਕ ਦੀ ਅਗਵਾਈ ਕਰਦੇ ਹਨ। ਆਪਣੇ ਅੰਦਰ ਮਹੱਤਵਪੂਰਨ ਸੁਨੇਹੇ ਸਮੋਈ ਬੈਠੇ ਹਨ। ਅੰਬਰੀਂ ਉਡਦੀਆਂ ਬਦਲੋਟੀਆਂ ਵਾਂਗ ਡਾ. ਭੰਡਾਲ ਖਿਆਲ ਉਡਾਰੀਆਂ ਲਗਾਉਣ ਵਿਚ ਮਸਤ ਰਹਿੰਦਾ ਹੈ ਤੇ ਉਸ ਦੇ ਜ਼ਿਹਨ ਵਿਚ ਕੋਈ ਨਾ ਕੋਈ ਨਵਾਂ ਵਿਚਾਰ ਅਹੁੜਦਾ ਰਹਿੰਦਾ ਹੈ। ਉਨ੍ਹਾਂ ਖੂਬਸੂਰਤ, ਮੁੱਲਵਾਨ, ਨਵੇਂ-ਨਵੇਲੇ ਅਤੇ ਸਾਂਭਣਯੋਗ ਵਿਚਾਰਾਂ ਦੇ ਨਿਰੰਤਰ ਤੇ ਰਵਾਂ-ਰਵੀਂ ਚੱਲਦੇ ਪ੍ਰਵਾਹ ਨੂੰ ਸ਼ਬਦਾਂ ਦੀ ਜਾਦੂਗਰੀ ਦੀ ਪੁੱਠ ਚਾੜ੍ਹ ਕੇ ਉਹ ਨਵੀਂ ਰਚਨਾ ਕਰਨ ਦੇ ਆਹਰ ਵਿਚ ਜੁਟ ਜਾਂਦਾ ਹੈ। ਉਹ ਹਮੇਸ਼ਾ ਨਵੇਂ, ਅਣਛੋਹੇ ਤੇ ਹਟਵੀਂ ਪ੍ਰਕਿਰਤੀ ਦੇ ਸੂਖਮ ਵਿਚਾਰਾਂ ਤੇ ਸ਼ਬਦਾਂ ਦੀ ਜਾਦੂਗਰੀ ਸੰਗ ਮੁਖਾਤਬ ਹੋਣ ਦਾ ਯਤਨ ਕਰਦਾ ਹੈ। ਕੁਝ ਨਵਾਂ ਤੇ ਅਲੱਗ ਲਿਖਦੇ ਰਹਿਣ ਦੀ ਲਿਲਕ ਹੀ ਡਾ. ਭੰਡਾਲ ਨੂੰ ਲਿਖਣ ਲਈ ਊਰਜਾ ਪ੍ਰਦਾਨ ਕਰਦੀ ਹੈ। ਉਹ ਆਪਣੀ ਰਚਨਾਕਾਰੀ ਦੀ ਜ਼ਰਖੇਜ਼ ਜ਼ਮੀਨ ਉਤੇ ਸੂਖਮ ਵਿਸ਼ਿਆਂ ਦੇ ਰੰਗ-ਬਰੰਗੇ ਫੁੱਲਾਂ ਦੀ ਭਰਪੂਰ ਫਸਲ ਪੈਦਾ ਕਰਦਾ ਹੈ ਅਤੇ ਖੇੜੇ ‘ਤੇ ਆਈ ਫਲੀ-ਫੁਲੀ ਉਸ ਦੀ ਸਾਹਿਤਵਾੜੀ ਤਾਜ਼ਗੀ, ਸੁੰਦਰਤਾ ਤੇ ਖੁਸ਼ਬੂ ਬਿਖੇਰਦੀ ਰਹਿੰਦੀ ਹੈ।
ਡਾ. ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਵਾਰਤਕ ਦੀ ਸਥਾਪਿਤ ਪਰਿਭਾਸ਼ਾ ਨੂੰ ਉਲੰਘ ਕੇ ਨਵੀਆਂ ਲੀਹਾਂ ‘ਤੇ ਰਚਨਾ ਕਰਦਾ ਹੈ। ਉਸ ਨੇ ਪੰਜਾਬੀ ਵਾਰਤਕ ਨੂੰ ਨਵੇਂ ਚੌਖਟੇ ਵਿਚ ਫਿੱਟ ਕਰਕੇ ਉਸ ਦੀ ਪ੍ਰਕਿਰਤੀ ਨੂੰ ਪਰਿਵਰਤਿਤ ਕਰ ਦਿਤਾ ਹੈ। ਉਸ ਨੇ ਪੰਜਾਬੀ ਵਾਰਤਕ ਲਈ ਨਵੇਂ ਸੁਭਾਅ ਦੀ ਸਿਰਜਣਾ ਕੀਤੀ ਹੈ। ਉਸ ਨੂੰ ਨਵਾਂ ਮੁਹਾਵਰਾ ਪ੍ਰਦਾਨ ਕੀਤਾ ਹੈ। ਇਸ ਨਾਲ ਮੇਰਾ ਇਹ ਵਿਸ਼ਵਾਸ ਪਕੇਰਾ ਹੋ ਜਾਂਦਾ ਹੈ ਕਿ ‘ਧੁੱਪ ਦੀਆਂ ਕਣੀਆਂ’ ਦੀ ਰਚਨਾ ਕਰਨ ਨਾਲ ਡਾ. ਗੁਰਬਖਸ਼ ਸਿੰਘ ਭੰਡਾਲ ਦੀ ਸਿਰਜਣਾ ਨੂੰ ਰਚਨਾਤਮਕ ਉਛਾਲ ਮਿਲੇਗਾ ਤੇ ਉਸ ਦੀਆਂ ਲਿਖਤਾਂ ਨਵੇਂ ਦਿਸਹੱਦਿਆਂ ਦੀ ਤਲਾਸ਼ ਕਰਨ ਦੇ ਰਾਹੇ ਚੱਲਦੀਆਂ ਰਹਿਣਗੀਆਂ। ਜ਼ਿੰਦਗੀ ਦੇ ਹੁਲਾਸ ਨੂੰ ਆਪਣੇ ਪੰਨਿਆਂ ਵਿਚ ਸੰਜੋਈ ਬੈਠੀ ਤੇ ਖੁਸ਼ਬੂ ਬਿਖੇਰਦੀ ਇਸ ਪੁਸਤਕ ਦਾ ਨਿੱਘਾ ਸੁਆਗਤ ਕਰਦਿਆਂ ਮੈਂ ਖੁਸ਼ੀ ਅਨੁਭਵ ਕਰ ਰਿਹਾ ਹਾਂ।