ਅਰਵਿੰਦਰ ਸੰਧੂ, ਸਿਰਸਾ
ਬਲਵਿੰਦਰ ਸਿੰਘ ਚਾਹਲ ਨੇ ਦੂਜੇ ਵਿਸ਼ਵ ਯੁੱਧ ਵਿਚ ‘ਇਟਲੀ ਵਿਚ ਸਿੱਖ ਫੌਜੀ’ ਪੁਸਤਕ ਲਿਖ ਕੇ ਆਪਣੀ ਵਿਰਾਸਤ ਦੀ ਸਫਲਤਾ ਦੀ ਕਹਾਣੀ ਲਿਖੀ ਹੈ। ਦੂਜੇ ਵਿਸ਼ਵ ਯੁੱਧ ਸਮੇਂ ਇਟਲੀ ਵਿਚ ਸਿੱਖ ਫੌਜੀਆਂ ਨੇ ਆਪਣੀ ਬਹਾਦਰੀ, ਦਲੇਰੀ, ਲਗਨ ਅਤੇ ਦ੍ਰਿੜਤਾ ਦੇ ਸਬੂਤ ਦਿੱਤੇ। ਇਹ ਖੋਜ ਭਰਪੂਰ ਜਾਣਕਾਰੀ 16 ਸਾਲ ਇਟਲੀ ਵਿਚ ਰਹੇ ਅਤੇ ਹੁਣ ਇੰਗਲੈਂਡ ਵਿਚ ਰਹਿ ਰਹੇ ਪੰਜਾਬੀ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ ਨੇ ਆਪਣੀ ‘ਇਟਲੀ ਵਿਚ ਸਿੱਖ ਫੌਜੀ’ ਦੂਜੇ ਵਿਸ਼ਵ ਯੁੱਧ ਬਾਰੇ ਲਿਖੀ ਪੁਸਤਕ ਵਿਚ ਦਿੱਤੀ ਹੈ। ਇਹ ਪੁਸਤਕ ਛੇ ਭਾਗਾਂ ਵਿਚ ਹੈ।
ਭਾਗ ਪਹਿਲੇ ਵਿਚ ਦੂਜੀ ਸੰਸਾਰ ਜੰਗ ਦੇ ਮੁੱਖ ਕਾਰਨ, ਪਹਿਲੇ ਵਿਸ਼ਵ ਯੁੱਧ ਦਾ ਹੋਣਾ ਅਤੇ ਦੂਸਰੇ ਵਿਸ਼ਵ ਯੁੱਧ ਦਾ ਮੁੱਢ ਬੱਝਣਾ; ਜਰਮਨ ਤੇ ਇਟਲੀ ਵਿਚ ਫਾਸ਼ੀ ਤੇ ਨਾਜ਼ੀਵਾਦੀ ਤਾਕਤਾਂ ਦਾ ਵਧਣਾ ਆਦਿ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ।
ਭਾਗ ਦੂਜੇ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਸਿੱਖ ਰਾਜ ਦੇ ਜਰਨੈਲਾਂ ਦੀ ਗੱਦਾਰੀ ਕਾਰਨ ਸਿੱਖਾਂ ਦੀ ਹਾਰ ਤੋਂ ਬਾਅਦ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰਨਾ।
ਭਾਗ ਤੀਜੇ ਵਿਚ ਇਟਲੀ ਦੀ ਜੰਗ, ਇਟਲੀ ਦੇ ਤਾਨਾਸ਼ਾਹ ਮੁਸੋਲਿਨੀ ਦਾ ਹਿਟਲਰ ਨਾਲ ਮਿਲ ਜਾਣਾ, ਫਿਰ ਇਟਲੀ ਦੇ ਲੋਕਾਂ ਦਾ ਫਰਵਰੀ 1943 ਨੂੰ ਇੰਗਲੈਂਡ ਤੇ ਫਰਾਂਸ ਨਾਲ ਮਿਲਣਾ।
ਭਾਗ ਚੌਥੇ ਵਿਚ ਸਿੱਖਾਂ ਅਤੇ ਭਾਰਤੀਆਂ ਦੇ ਇਟਲੀ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਹੈ।
ਭਾਗ ਪੰਜਵੇਂ ਵਿਚ ਬਹੁਤ ਸਾਰੀਆਂ ਮੁਲਾਕਾਤਾਂ ਹਨ।
ਭਾਗ ਛੇਵੇਂ ਵਿਚ ਅਵਾਰਡ ਅਤੇ ਤਮਗੇ, ਇੰਡੀਅਨ ਆਰਡਰ ਆਫ ਮੈਰਿਟ ਰਤਨ ਸਿੰਘ ਦੀ ਕਸੀਨੋ ਦੀ ਲੜਾਈ ਵਿਚ ਮੌਤ; ਦਰਸ਼ਨ ਸਿੰਘ ਨੂੰ ਵਿਲਾ ਗਰਾਂਦੇ ਅਤੇ ਕੁਲਦੀਪ ਸਿੰਘ ਨੂੰ ਔਰਸੋਨੀਆ ਦੀ ਲੜਾਈ ਵਿਚ ਇੰਡੀਅਨ ਆਰਡਰ ਆਫ ਮੈਰਿਟ ਮਿਲਿਆ, ਆਦਿ ਦਾ ਵੇਰਵਾ ਹੈ।
ਉਸ ਜੰਗ ਵੇਲੇ ਫੌਜ ਵਿਚ ਰਹਿ ਚੁਕੇ ਉਨ੍ਹਾਂ ਫੌਜੀਆਂ ਨਾਲ ਕੀਤੀ ਗੱਲਬਾਤ ਤੋਂ ਇਲਾਵਾ ਕੁਝ ਉਨ੍ਹਾਂ ਇਟਲੀ ਵਾਸੀਆਂ ਨਾਲ ਗੱਲਬਾਤ ਵੀ ਸ਼ਾਮਲ ਹੈ, ਜੋ ਆਪਣੇ ਤੋਂ ਇਸ ਜੰਗ ਵਿਚ ਸ਼ਾਮਲ ਸਿੱਖਾਂ ਦੀ ਦਲੇਰੀ ਦੀਆਂ ਕਹਾਣੀਆਂ ਅਕਸਰ ਸੁਣਦੇ ਰਹੇ ਹਨ ਅਤੇ ਅੱਜ ਵੀ ਸਿੱਖਾਂ ਦਾ ਨਾਮ ਬਹੁਤ ਆਦਰ ਸਤਿਕਾਰ ਨਾਲ ਲੈਂਦੇ ਹਨ। ਇਸ ਕਾਰਜ ਨੂੰ ਕਈ ਸਾਲਾਂ ਦੀ ਕੜੀ ਮਿਹਨਤ ਨਾਲ ਬਲਵਿੰਦਰ ਸਿੰਘ ਚਾਹਲ ਨੇ ਤਿਆਰ ਕੀਤਾ ਹੈ।
ਸਿੱਖ ਫੌਜੀਆਂ ਦੀ ਦਲੇਰੀ ਨੇ ਇਟਲੀ ਨਿਵਾਸੀਆਂ ਦਾ ਦਿਲ ਵੀ ਜਿੱਤਿਆ, ਜਿਸ ਦਾ ਜ਼ਿਕਰ ਬਲਵਿੰਦਰ ਸਿੰਘ ਚਾਹਲ ਨੇ ਇਸ ਪੁਸਤਕ ‘ਚ ਕੀਤਾ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਲੇਖਕ ਦੇ ਦਾਦੇ ਅਤੇ ਨਾਨੇ ਦੀ ਵਿਸ਼ੇਸ਼ ਭੂਮਿਕਾ ਕਹੀ ਜਾ ਸਕਦੀ ਹੈ, ਉਸ ਨੂੰ ਇਸ ਗੱਲ ਦਾ ਵੀ ਲਾਭ ਮਿਲਿਆ ਹੈ। ਇਟਲੀ ਵੱਸਦੇ ਸਿੱਖਾਂ ਲਈ ਇਹ ਪੁਸਤਕ ਅਮੁੱਲ ਖਜਾਨਾ ਅਤੇ ਤੋਹਫਾ ਹੋਵੇਗੀ।