ਬੀ. ਸੀ. ਵਿਧਾਨ ਸਭਾ ਵਿਚ ਕਪੂਰਥਲੀਏ ਤੇ ਭੰਮੀਪੁਰੀਏ

ਗੁਲਜ਼ਾਰ ਸਿੰਘ ਸੰਧੂ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ (ਬੀ. ਸੀ.) ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਅੰਤਿਮ ਨਤੀਜਿਆਂ ਦਾ ਐਲਾਨ ਤਾਂ ਭਾਵੇਂ 6 ਨਵੰਬਰ ਨੂੰ ਡਾਕ ਰਾਹੀਂ ਪਈਆਂ ਵੋਟਾਂ ਗਿਣਨ ਤੋਂ ਪਿਛੋਂ ਹੋਵੇਗਾ, ਪਰ ਇਹ ਗੱਲ ਤੈਅ ਹੈ ਕਿ ਸਰਕਾਰ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਬਣੇਗੀ। ਇਸ ਪਾਰਟੀ ਵਲੋਂ 87 ਵਿਚੋਂ 55 ਸੀਟਾਂ ਜਿੱਤਣਾ ਨਿਸ਼ਚਿਤ ਹੈ। ਇਹ ਵੀ ਕਿ ਸੂਬੇ ਦਾ ਅਗਲਾ ਮੁੱਖ ਮੰਤਰੀ ਐਨ. ਡੀ. ਪੀ. ਨੇਤਾ ਜੌਹਨ ਹੌਰਗਨ ਹੋਵੇਗਾ। ਕਿਸੇ ਵੇਲੇ ਦੁਆਬੇ ਦੇ ਪਿੰਡ ਦੁਸਾਂਝ ਕਲਾਂ ਦੇ ਜੰਮਪਲ ਉਜੱਲ ਦੁਸਾਂਝ ਨਾਲ ਜੁੜਿਆ ਇਹ ਸੂਬਾ ਪੰਜਾਬੀਆਂ ਦਾ ਗੜ੍ਹ ਹੈ, ਜਿਥੋਂ ਸੱਜਰੀਆਂ ਚੋਣਾਂ ਵਿਚ ਪੰਜ ਪੰਜਾਬੀ ਤੇ ਤਿੰਨ ਪੰਜਾਬਣਾਂ ਚੋਣ ਜਿੱਤ ਰਹੀਆਂ ਹਨ।

ਜਿਲਾ ਕਪੂਰਥਲਾ ਦੇ ਪਿੰਡ ਹਰਦਾਸਪੁਰ ਦਾ ਜੰਮਪਲ ਹੈਰੀ ਬੈਂਸ ਇਕ ਵਾਰ ਫਿਰ ਸਰੀ ਨਿਊਟਨ ਤੋਂ ਚੋਣ ਜਿਤ ਗਿਆ ਹੈ ਤੇ ਉਸ ਦੇ ਨਾਲ ਹੀ ਕਪੂਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਦਾ ਜੰਮਪਲ ਐਡਵੋਕੇਟ ਅਮਨਦੀਪ ਸਿੰਘ ਬ੍ਰਿਟਿਸ਼ ਕੋਲੰਬੀਆ ਦਾ ਪਹਿਲਾ ਦਸਤਾਰਧਾਰੀ ਸਿੱਖ ਵਿਧਾਇਕ ਹੋਵੇਗਾ।
ਮੰਤਰੀ ਬਣਦਾ ਹੈ ਜਾਂ ਨਹੀਂ, ਉਸ ਨੇ ਆਪਣੇ ਜੱਦੀ ਖੇਤਰ ਸੁਲਤਾਨਪੁਰ ਲੋਧੀ ਦੀ ਪ੍ਰੋ. ਉਪਿੰਦਰਜੀਤ ਕੌਰ ਚੇਤੇ ਕਰਵਾ ਦਿੱਤੀ ਹੈ, ਜੋ ਇਥੋਂ ਦੀ ਪੰਜਾਬ ਕੈਬਨਿਟ ਵਿਚ ਸਿੱਖਿਆ ਮੰਤਰੀ ਰਹਿ ਚੁਕੀ ਹੈ। ਮੇਰੀ ਦਿਲਚਸਪੀ ਤਾਂ ਇਸ ਗੱਲ ਵਿਚ ਵੀ ਬਣੀ ਰਹੇਗੀ ਕਿ ਉਹ ਮੇਰੇ ਜਾਣੂ ਹੈਰੀ ਬੈਂਸ ਦੇ ਬਰਾਬਰ ਚਲਦਾ ਹੈ ਜਾਂ ਉਸ ਨੂੰ ਮਾਤ ਪਾ ਜਾਂਦਾ ਹੈ।
ਤਹਿਸੀਲ ਜਗਰਾਓਂ ਦੇ ਪਿੰਡ ਭੰਮੀਪੁਰਾ ਦੀ ਪੋਤੀ ਅਤੇ ਇਪਟਾ ਵਾਲੇ ਸਵਰਗਵਾਸੀ ਰੰਗਮੰਚ ਕਰਮੀ ਤੇਰਾ ਸਿੰਘ ਚੰਨ ਦੀ ਦੋਹਤੀ ਆਪਣੇ ਪਿਤਰੀ ਪਿੰਡ ਭੰਮੀਪੁਰਾ ਦਾ ਨਾਂ ਕਿੰਨਾ ਚਮਕਾਉਂਦੀ ਹੈ, ਇਹ ਵੀ ਸਮੇਂ ਦੇ ਹੱਥ ਹੈ। ਰਚਨਾ ਸਿੰਘ ਰਘਬੀਰ ਸਿੰਘ ਸਿਰਜਣਾ ਦੀ ਬੇਟੀ ਹੈ ਤੇ ਅਮਰੀਕਾ ਨਿਵਾਸੀ ਸਿਰਜਣਾ ਸਿੰਘ ਦੀ ਛੋਟੀ ਭੈਣ। ਮਾਪਿਆਂ ਨੇ ਸਿਰਫ ਦੋ ਹੀ ਬੇਟੀਆਂ ਨੂੰ ਜਨਮ ਦਿੱਤਾ ਤੇ ਨਾਂ ਰੱਖੇ ਸਿਰਜਣਾ ਸਿੰਘ ਅਤੇ ਰਚਨਾ ਸਿੰਘ।
ਬਹੁਤ ਘਟ ਲੋਕਾਂ ਨੂੰ ਪਤਾ ਹੈ ਕਿ ਪਿੰਡ ਭੰਮੀਪੁਰਾ ਜਗਰਾਓਂ ਤਹਿਸੀਲ ਦੇ ਉਘੇ ਪਿੰਡ ਹਠੂਰ ਦੇ ਨੇੜੇ ਪੈਂਦਾ ਹੈ। 2001 ਦੀ ਮਰਦਮਸ਼ੁਮਾਰੀ ਅਨੁਸਾਰ ਭੰਮੀਪੁਰਾ ਦੀ ਵਸੋਂ 3720 ਸੀ ਤੇ ਹਠੂਰ ਦੀ 7138, ਪਰ ਹਠੂਰ ਅਪਣੇ ਪਿੰਡ ਦੇ ਥੇਹਾਂ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਇਥੇ ਰਾਜਾ ਕਨਕੇਤੂ ਦੇ ਸਮੇਂ ਭਗਵਾਨ ਮਹਾਂਵੀਰ ਨੇ ਚੁਮਾਸਾ ਕੱਟਿਆ ਸੀ। ਥੇਹ ਵਾਲੀ ਥਾਂ ਤੋਂ ਪੁਰਾਣੇ ਸਿੱਕੇ ਤੇ ਹੋਰ ਨਿਸ਼ਾਨੀਆਂ ਹੁਣ ਵੀ ਮਿਲਦੀਆਂ ਰਹਿੰਦੀਆਂ ਹਨ। ਇਥੋਂ ਦੇ ਲੋਕ ਇਸ ਥਾਂ ਦਾ ਪੁਰਾਣਾ ਨਾਂ ਅਹੀਚਤ ਦਸਦੇ ਹਨ।
ਅੱਜ ਦੇ ਦਿਨ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨੈਸ਼ਨਲ ਐਵਾਰਡੀ ਤੇ ਅਜੋਕੀ ਪੰਜਾਬੀ ਵਾਰਤਕ ਥੰਮ ਪ੍ਰਿੰ. ਸਰਵਣ ਸਿੰਘ ਦੇ ਜੱਦੀ ਪਿੰਡ ਚਕਰ ਨੂੰ ਵੀ ਜਗਰਾਓਂ-ਹਠੂਰ ਸੜਕ ‘ਤੇ ਪੈਂਦਾ ਦੱਸਿਆ ਜਾਂਦਾ ਹੈ। ਹੋ ਸਕਦਾ ਹੈ, ਕੱਲ ਨੂੰ ਦੱਸਣ ਵਾਲੇ ਇਹ ਕਹਿਣ ਲੱਗ ਜਾਣ ਕਿ ਪਿੰਡ ਚਕਰ ਜਗਰਾਓ-ਭੰਮੀਪੁਰਾ ਸੜਕ ‘ਤੇ ਪੈਂਦਾ ਹੈ। ਹਠੂਰ, ਭੰਮੀਪੁਰਾ ਤੇ ਚਕਰ ਦਾ ਰੇਲਵੇ ਸਟੇਸ਼ਨ ਵੀ ਇੱਕ ਹੀ ਹੈ, ਜਗਰਾਓਂ, ਜੋ ਹਠੂਰ ਤੋਂ 26 ਕਿਲੋਮੀਟਰ ਹੈ, ਭੰਮੀਪੁਰਾ ਤੋਂ 16 ਕਿਲੋਮੀਟਰ ਤੇ ਚਕਰ ਤੋਂ 12 ਕਿਲੋਮੀਟਰ। ਅੱਜ ਤੱਕ ਤੱਲਾ, ਦੇਹੜਕਾ, ਬੁਰਜ ਕਲਾਰਾਂ ਸਮੇਤ ਇਹ ਤਿੰਨੋਂ ਪਿੰਡ ਜਗਰਾਓਂ-ਹਠੂਰ ਸੜਕ ‘ਤੇ ਪੈਂਦੇ ਦੱਸੇ ਜਾਂਦੇ ਹਨ। ਕੱਲ ਦੀਆਂ ਕੱਲ ਜਾਣੇ। ਅੱਠ ਦੇ ਅੱਠੇ ਹੀ ਜੇਤੂ ਵਧਾਈ ਦੇ ਹੱਕਦਾਰ ਹਨ।
ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਨਵੇਂ ਪਹਿਰੇਦਾਰ: ਸਿੱਖ ਐਜੂਕੇਸ਼ਨਲ ਸੁਸਾਇਟੀ ਵੱਜੋਂ ਜਾਣੀ ਜਾਂਦੀ ਵੱਕਾਰੀ ਸਿੱਖ ਵਿਦਿਅਕ ਸੰਸਥਾ ਦੀ ਜਨਰਲ ਹਾਊਸ ਬੈਠਕ ਵਿਚ ਇਸ ਵਾਰ ਫਿਰ ਸੇਵਾ ਮੁਕਤ ਆਈ. ਏ. ਐਸ਼ ਅਧਿਕਾਰੀ ਗੁਰਦੇਵ ਸਿੰਘ ਨੂੰ ਸੰਸਥਾ ਦਾ ਪ੍ਰਧਾਨ ਚੁਣ ਕੇ ਉਸ ਨੂੰ ਆਪਣਾ ਮੀਤ ਪ੍ਰਧਾਨ, ਸੈਕਟਰੀ ਤੇ ਜੁਆਇੰਟ ਸੈਕਟਰੀ ਚੁਣਨ ਦੇ ਅਧਿਕਾਰ ਦਿੱਤੇ ਸਨ। ਇਨ੍ਹਾਂ ਉਤੇ ਅਮਲ ਕਰਦਿਆਂ ਉਨ੍ਹਾਂ ਨੇ ਇੰਜੀਨੀਅਰ ਕੁਲਬੀਰ ਸਿੰਘ ਨੂੰ ਮੀਤ ਪ੍ਰਧਾਨ, ਸੇਵਾ ਮੁਕਤ ਕਰਨਲ ਜਸਮੇਰ ਸਿੰਘ ਬਾਲਾ ਨੂੰ ਸਕੱਤਰ ਤੇ ਐਡਵੋਕੇਟ ਕਰਨਦੀਪ ਸਿੰਘ ਚੀਮਾ ਨੂੰ ਸੁਸਾਇਟੀ ਦਾ ਜੁਆਇੰਟ ਸਕੱਤਰ ਨਾਮਜ਼ਦ ਕੀਤਾ ਹੈ।
ਚੇਤੇ ਰਹੇ, ਇਹ ਸੁਸਾਇਟੀ ਸਨ ਸੰਤਾਲੀ ਦੀ ਦੇਸ਼ ਵੰਡ ਤੋਂ ਇਕ ਦਹਾਕਾ ਪਹਿਲਾਂ ਲਾਹੌਰ ਵਿਚ ਸਥਾਪਤ ਹੋਈ ਸੀ, ਜਿਸ ਨੇ ਉਥੇ ਸਿੱਖ ਨੈਸ਼ਨਲ ਕਾਲਜ ਲਾਹੌਰ ਵੀ ਸਥਾਪਤ ਕੀਤਾ ਸੀ। ਅੱਜ ਦੇ ਦਿਨ ਇਹ ਸੰਸਥਾ ਪੰਜਾਬ ਤੇ ਚੰਡੀਗੜ੍ਹ ਵਿਚ ਅੱਠ ਵਿਦਿਅਕ ਅਦਾਰੇ ਚਲਾ ਰਹੀ ਹੈ। ਇਨ੍ਹਾਂ ਵਿਚ ਚੰਡੀਗੜ੍ਹ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੁਮਨ, ਸਿੱਖ ਨੈਸ਼ਨਲ ਕਾਲਜ ਬੰਗਾ ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਸ਼ਾਮਲ ਹਨ। ਮੂਲ ਮੰਤਵ ਸਿਖਿਆ ਦੇ ਨਾਲ ਨਾਲ ਧਾਰਮਿਕ, ਸਾਹਿਤਕ ਤੇ ਸਭਿਆਚਾਰਕ ਕੀਮਤਾਂ ਉਤੇ ਪਹਿਰਾ ਦੇਣਾ ਹੈ। ਇਹ ਕੰਮ ਤੇ ਵਿਕਾਸ ਜੱਗ ਜਾਹਰ ਹੈ। ਨਹੀਂ ਰੀਸਾਂ ਇਸ ਸੰਸਥਾਂ ਦੀਆਂ!
ਅੰਤਿਕਾ: ਮਾਲ ਰੋਡ ‘ਤੇ ਮਿਰਜ਼ਾ ਗਾਲਿਬ
ਹਜ਼ਾਰੋਂ ਲੜਕੀਆਂ ਐਸੀ ਕਿ
ਹਰ ਲੜਕੀ ਪੇ ਦਮ ਨਿਕਲੇ
ਬਹੁਤ ਨਿਕਲੇ ਹਸੀਨ ਸੜਕੋਂ ਪੇ
ਲੇਕਿਨ ਫਿਰ ਭੀ ਕਮ ਨਿਕਲੇ।
(ਮਹਿਦੀ ਅਲੀ ਖਾਨ)