ਅਹਾਨਾ ਦਿਓਲ ਦੀ ਮੰਗਣੀ

ਧਰਮਿੰਦਰ ਤੇ ਹੇਮਾ ਮਾਲਿਨੀ ਦੀ ਛੋਟੀ ਧੀ ਅਹਾਨਾ ਦਿਓਲ ਦੀ ਮੰਗਣੀ ਦਿੱਲੀ ਦੇ ਕਾਰੋਬਾਰੀ ਵੈਭਵ ਵੋਰਾ ਨਾਲ ਹੋਈ ਹੈ। ਵਿਆਹ ਵੀ ਇਸੇ ਸਾਲ ਨਵੰਬਰ ਵਿਚ ਕੀਤਾ ਜਾ ਰਿਹਾ ਹੈ। ਫਿਲਹਾਲ ਸਾਹੇ ਦੀ ਤਾਰੀਕ ਪੱਕੀ ਨਹੀਂ ਕੀਤੀ ਗਈ ਹੈ। ਪਿਛਲੇ ਸਾਲ ਜੂਨ ਵਿਚ ਵੀ ਵੱਡੀ ਭੈਣ ਈਸ਼ਾ ਦਿਓਲ ਦੇ ਵਿਆਹ ਵੇਲੇ ਹੀ ਅਹਾਨਾ ਅਤੇ ਵੈਭਵ ਵਿਚਕਾਰ ਮੁਲਾਕਾਤ ਹੋਈ ਸੀ। ਇਸ ਤੋਂ ਬਆਦ ਦੋਹਾਂ ਵਿਚਕਾਰ ਸਾਂਝ ਵਧਦੀ ਗਈ ਅਤੇ ਕੁਝ ਮਹੀਨੇ ਪਹਿਲਾਂ ਦੋਹਾਂ ਨੇ ਮੰਗਣੀ ਬਾਰੇ ਫੈਸਲਾ ਕਰ ਲਿਆ। ਦੋਹਾਂ ਦੇ ਪਰਿਵਾਰਾਂ ਨੂੰ ਦੋਹਾਂ ਵਿਚਕਾਰ ਪਏ ਪਿਆਰ ਬਾਰੇ ਪਤਾ ਸੀ। ਮੁੰਬਈ ਵਿਚ ਮੰਗਣੀ ਵਾਲੇ ਦਿਨ ਖੁਸ਼ੀ ਵਿਚ ਖਿੜੀ ਹੋਈ ਹੇਮਾ ਮਾਲਿਨੀ ਨੇ ਕਿਹਾ, “ਅਸੀਂ ਬਹੁਤ ਖੁਸ਼ ਹਾਂ। ਵੈਭਵ ਬੜਾ ਚੰਗਾ ਮੁੰਡਾ ਹੈ। ਅੱਜ ਦਾ ਦਿਨ ਸਾਡੇ ਲਈ ਬੜਾ ਖਾਸ ਹੈ। ਸਾਡੀਆਂ ਸਾਰਿਆਂ ਦੀ ਦੁਆਵਾਂ ਸਾਡੇ ਇਨ੍ਹਾਂ ਦੋਹਾਂ ਬੱਚਿਆਂ ਨਾਲ ਹਨ।” ਮੰਗਣੀ ਦੀ ਰਸਮ ਰਵਾਇਤੀ ਅਤੇ ਫਿਲਮੀ ਅੰਦਾਜ਼ ਵਿਚ ਹੋਈ। ਵੈਭਵ ਨੇ ਗੋਡਿਆਂ ਭਾਰ ਹੋ ਕੇ ਅਹਾਨਾ ਨੂੰ ਸਾਂਝ ਦੀ ਪੇਸ਼ਕਸ਼ ਕੀਤੀ ਅਤੇ ਮੁੰਦਰੀ ਪਾਈ। ਅਹਾਨਾ ਨੇ ਮੁਸਕਰਾਹਟਾਂ ਬਖੇਰ ਕੇ ਉਸ ਨੂੰ ਹੁੰਗਾਰਾ ਭਰਿਆ। ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਤਾੜੀਆਂ ਮਾਰ ਦਿੱਤੀਆਂ ਅਤੇ ਦੋਵੇਂ ਮੰਗਣੀ ਦੀ ਰਸਮ ਵਿਚ ਬੱਝ ਗਏ।  27 ਸਾਲਾ ਅਹਾਨਾ ਬੁਨਿਆਦੀ ਤੌਰ ‘ਤੇ ਉਡੀਸੀ ਡਾਂਸਰ ਹੈ। ਇਹ ਡਾਂਸ ਉਸ ਨੇ ਗੁਰੂ ਰਬਿੰਦਰ ਅਤੀਬੁੱਧੀ ਤੋਂ ਸਿੱਖਿਆ। ਭਾਰਤ ਅਤੇ ਵਿਦੇਸ਼ਾਂ ਵਿਚ ਉਸ ਨੇ ਹੁਣ ਤੱਕ ਬਹੁਤ ਸਾਰੇ ਡਾਂਸ ਸ਼ੋਅ ਕੀਤੇ ਹਨ। ਉਹ ਵੱਕਾਰੀ ਅਤੇ ਮਸ਼ਹੂਰ ਖੁਜਰਾਹੋ ਨਾਚ ਮੇਲੇ ਵਿਚ ਵੀ ਹਿੱਸਾ ਲੈ ਚੁੱਕੀ ਹੈ। ਆਪਣੀ ਮਾਂ ਹੇਮਾ ਮਾਲਿਨੀ ਅਤੇ ਵੱਡੀ ਭੈਣ ਈਸ਼ਾ ਦਿਓਲ ਨਾਲ ਉਹ ਅਕਸਰ ਹੀ ਡਾਂਸ ਸ਼ੋਅ ਕਰਦੀ ਰਹਿੰਦੀ ਹੈ। ਉਸ ਨੇ ਆਪਣੀ ਵੱਡੀ ਭੈਣ ਈਸ਼ਾ ਦਿਓਲ ਵਾਂਗ ਫਿਲਮ ਅਦਾਕਾਰਾ ਬਣਨ ਦੀ ਥਾਂ ਫੈਸ਼ਨ ਡਿਜ਼ਾਈਨਿੰਗ ਅਤੇ ਫਿਲਮ ਨਿਰਮਾਣ ਵੱਲ ਵਧੇਰੇ ਧਿਆਨ ਦਿੱਤਾ। ਉਂਜ, ਹੁਣ ਉਸ ਦੇ ਫਿਲਮ ਅਦਾਕਾਰਾ ਬਣਨ ਦੇ ਚਰਚੇ ਵੀ ਹੋ ਰਹੇ ਹਨ। ਉਸ ਨੇ ਮਸ਼ਹੂਰ ਫਿਲਮਸਾਜ਼ ਸੁਭਾਸ਼ ਘਈ ਦੀ ‘ਵਿਸਲਿੰਗ ਵੁੱਡਸ ਇੰਸਟੀਚਿਊਟ’ ਤੋਂ ਫਿਲਮ ਨਿਰਮਾਣ ਅਤੇ ਐਡਿਟਿੰਗ ਦਾ ਕੋਰਸ ਵੀ ਕੀਤਾ ਹੈ। ਉਸ ਨੇ ਫਿਲਮਸਾਜ਼ ਸੰਜੇ ਲੀਲਾ ਭੰਸਾਲੀ ਦੀ 2009 ਵਿਚ ਆਈ ਫਿਲਮ ‘ਗੁਜ਼ਾਰਿਸ਼’ ਵਿਚ ਅਸਿਸਟੈਂਟ ਵਜੋਂ ਕੰਮ ਕੀਤਾ ਸੀ। ਇਸ ਫਿਲਮ ਵਿਚ ਰਿਤਿਕ ਰੋਸ਼ਨ ਅਤੇ ਐਸ਼ਵਰਿਆ ਰਾਏ ਦੀ ਜੋੜੀ ਸੀ।
_______________________________________
ਕੈਟਰੀਨਾ ਕੈਫ਼ ਦੀਆਂ ਲੰਮੀਆਂ ਉਡਾਰੀਆਂ
ਵਲੈਤਣ ਕੈਟਰੀਨਾ ਕੈਫ਼ ਦਾ ਜਿਗਰਾ ਬਹੁਤ ਵੱਡਾ ਹੈ ਜਿਸ ਨੇ ਔਕੜਾਂ ਨੂੰ ਪਰ੍ਹਾਂ ਧੱਕ ਕੇ ਹਾਰਾਂ ਨੂੰ ਜਿੱਤਾਂ ਵਿਚ ਬਦਲ ਦਿੱਤਾ। ਕਮੀਪੇਸ਼ੀ ਉਸ ‘ਤੇ ਕਦੇ ਵੀ ਭਾਰੀ ਨਾ ਪਈ। 100 ਸਾਲ ਸਿਨੇਮਾ ਦੇ ‘ਤੇ ਬਣੀ ਸ਼ਾਰਟ ਫ਼ਿਲਮ ‘ਬੰਬੇ ਟਾਕੀਜ਼’ ਵਿਚ ਦਿਲ ਨੂੰ ਛੂਹ ਲੈਣ ਵਾਲਾ ਕੰਮ ਕਰਕੇ ਕੈਟ ਹਰੇਕ ਦੀ ਪ੍ਰਸੰਸਾ ਬਟੋਰਨ ਵਿਚ ਕਾਮਯਾਬ ਹੋਈ ਹੈ। ‘ਧੂਮ-3’, ‘ਮੈਂ ਕ੍ਰਿਸ਼ਨਾ ਹੂੰ’ ਤੇ ਬਰਸਾਤਾਂ ਵਿਚ ‘ਦੋਸਤਾਨਾ-2’ ਲੈ ਕੇ ਆ ਰਹੀ ਮਿਸ ਕੈਫ਼ ਹਿੰਮਤ, ਖ਼ੁਦਾ, ਕਲਾ ਤੇ ਲਗਨ ਦੇ ਨਾਲ-ਨਾਲ ਸਲਮਾਨ ਖਾਨ ਦਾ ਸਾਥ ਆਪਣੇ ਲਈ ਮਹੱਤਵਪੂਰਨ ਸਮਝਦੀ ਹੈ।
‘ਆਸਮਾਨ’, ‘ਬੈਂਗ ਬੈਂਗ’ ਦੋ ਹੋਰ ਵੱਡੀਆਂ ਫ਼ਿਲਮਾਂ ਕਰ ਰਹੀ ਕੈਟੀ ਆਲੋਚਨਾ ਦਾ ਸਵਾਗਤ ਕਰਦੀ ਹੈ ਤੇ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਦੀ। ਲੋਕ ਜੋ ਮਰਜ਼ੀ ਕਹਿਣ ਕਿ ਉਹ ਸਿਰਫ਼ ਰਬੜ ਦੀ ਗੁੱਡੀ ਹੈ ਤੇ ਵੇਖਣ ਵਾਲੀ ਚੀਜ਼ ਹੈ ਪਰ ਉਸ ਨੇ ਸਫ਼ਲ ਫ਼ਿਲਮਾਂ ਦੇ ਕੇ ਇਨ੍ਹਾਂ ਗੱਲਾਂ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ। ਪਹਿਲਾਂ ਪਹਿਲ ਬਾਹਰਲੀ ਸਮਝ ਕੇ ਉਸ ਨੂੰ ਹੋਰ ਤਰ੍ਹਾਂ ਦੇਖਿਆ ਜਾਂਦਾ ਸੀ ਪਰ ਵਿਪੁਲ ਸ਼ਾਹ, ਸਲਮਾਨ ਖਾਨ ਦੇ ਸਹਿਯੋਗ ਨੇ ਉਸ ਨੂੰ ਓਪਰਾਪਣ ਮਹਿਸੂਸ ਨਹੀਂ ਹੋਣ ਦਿੱਤਾ। ਕੈਟ ਕੋਲ ਇਸ ਵੇਲੇ ਇਕ ਹੋਰ ਫ਼ਿਲਮ ‘ਜਵੈੱਲ ਆਫ਼ ਇੰਡੀਆ’ ਵੀ ਹੈ। ਭਾਰਤੀ ਨਾ ਹੋਣ ਦੇ ਬਾਵਜੂਦ ਉਸ ਨੇ ਭਾਰਤ ਦੇ ਸੱਭਿਆਚਾਰ ਨੂੰ ਜਾਣ ਲਿਆ ਹੈ ਤੇ ਉਹ ਹਿੰਦੀ ‘ਤੇ ਵੀ ਪਕੜ ਮਜ਼ਬੂਤ ਕਰ ਰਹੀ ਹੈ।

Be the first to comment

Leave a Reply

Your email address will not be published.