ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਦਸਹਿਰੇ ਮੌਕੇ ਸਮੁੱਚਾ ਪੰਜਾਬ ਇਕ ਮੰਚ ਉਤੇ ਖੜ੍ਹਾ ਨਜ਼ਰ ਆਇਆ। ਕਿਸਾਨ ਅੰਦੋਲਨ ਦੇ ਰੰਗ ‘ਚ ਰੰਗੇ ਤਿਉਹਾਰ ਮੌਕੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਜਿਹੇ ਕਾਰਪੋਰੇਟ ਘਰਾਣਿਆਂ ਦੇ ਆਦਮਕੱਦ ਪੁਤਲੇ ਪਿੰਡਾਂ ਤੇ ਸ਼ਹਿਰਾਂ ਦੇ ਮੈਦਾਨਾਂ ‘ਚ ਸਜਾਏ ਗਏ। ਇਸ ਤੋਂ ਬਾਅਦ ਸ਼ਾਮ ਨੂੰ ਮੁਰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿਚ ਇਨ੍ਹਾਂ ਪੁਤਲਿਆਂ ਨੂੰ ਸਾੜਿਆ ਗਿਆ। ਇੰਝ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਦੇ ਪੁਤਲੇ ਕਿਸੇ ਤਿਉਹਾਰ ਮੌਕੇ ਸਾੜੇ ਗਏ ਹੋਣ।
ਇਕੱਠਾਂ ਵਿਚ ਸ਼ਹਿਰੀਆਂ ਅਤੇ ਕਾਰੋਬਾਰੀ ਲੋਕਾਂ ਦੀ ਸ਼ਮੂਲੀਅਤ ਨੇ ਕੇਂਦਰ ਸਰਕਾਰ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਕਿਸਾਨ ਅੰਦੋਲਨ ਇਕੱਲੇ ਕਿਸਾਨਾਂ-ਮਜ਼ਦੂਰਾਂ ਦਾ ਨਹੀਂ ਬਲਕਿ ਸਮੁੱਚੇ ਪੰਜਾਬ ਦਾ ਹੈ। ਤੀਹ ਕਿਸਾਨ ਧਿਰਾਂ ਦੀ ਅਗਵਾਈ ਵਿਚ ਅੱਜ ਪੰਜਾਬ ਭਰ ‘ਚ ਕਰੀਬ 1100 ਪਿੰਡਾਂ ਅਤੇ ਕਰੀਬ ਇਕ ਸੌ ਸ਼ਹਿਰਾਂ ਤੇ ਕਸਬਿਆਂ ਵਿਚ ਇਸ ਢੰਗ ਨਾਲ ਦਸਹਿਰਾ ਮਨਾਇਆ ਗਿਆ। ਕਈ ਥਾਵਾਂ ਉਤੇ ਔਰਤਾਂ ਨੇ ਵੈਣ ਵੀ ਪਾਏ। ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਕੌਮੀ ਮਾਰਗਾਂ ‘ਤੇ ਦਰਜਨਾਂ ਥਾਈਂ ਮੋਦੀ-ਅੰਬਾਨੀ-ਅਡਾਨੀ ਦੇ ਦਿਓ ਕੱਦ ਪੁਤਲੇ ਸਾੜੇ ਗਏ। ਝੋਨੇ ਦਾ ਸੀਜ਼ਨ ਸਿਖਰਾਂ ਉਤੇ ਹੋਣ ਦੇ ਬਾਵਜੂਦ ਖੇਤੀ ਅਰਥਚਾਰੇ ਨਾਲ ਜੁੜੇ ਹਰ ਤਬਕੇ ਨੇ ਸੰਘਰਸ਼ ਦੇ ਰੰਗ ‘ਚ ਰੰਗੇ ਦਸਹਿਰੇ ਦੇ ਪ੍ਰੋਗਰਾਮਾਂ ਵਿਚ ਹਾਜ਼ਰੀ ਲਵਾਈ। ਬੀ.ਕੇ.ਯੂ. (ਉਗਰਾਹਾਂ) ਨੇ ਪੰਜਾਬ ਦੇ 14 ਜ਼ਿਲ੍ਹਿਆਂ ਦੇ 42 ਸ਼ਹਿਰਾਂ ਵਿਚ ਦਸਹਿਰੇ ਮੌਕੇ ‘ਤਿੱਕੜੀ’ ਦੇ ਪੁਤਲੇ ਜਲਾਏ ਤੇ ਇਨ੍ਹਾਂ ਪ੍ਰੋਗਰਾਮਾਂ ‘ਚ ਕੇਸਰੀ ਚੁੰਨੀਆਂ ਲੈ ਕੇ ਵੱਡੀ ਗਿਣਤੀ ਔਰਤਾਂ ਵੀ ਪੁੱਜੀਆਂ। ਪੰਜਾਬ-ਹਰਿਆਣਾ ਸਰਹੱਦ ਉਤੇ ਮੰਡੀ ਕਿੱਲਿਆਂਵਾਲੀ ‘ਚ ਦਸਹਿਰੇ ਮੌਕੇ ਜੁੜੇ ਸੰਘਰਸ਼ੀ ਇਕੱਠ ‘ਚ ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ਤੋਂ ਸੈਂਕੜੇ ਕਿਸਾਨ ਸ਼ਾਮਲ ਹੋਏ। ਇਸ ਮੌਕੇ ਕਾਨੂੰਨਾਂ ਖਿਲਾਫ ਕਿਸਾਨ, ਮਜ਼ਦੂਰ, ਮੁਲਾਜ਼ਮ, ਤਰਕਸ਼ੀਲ, ਕਲਮਕਾਰ, ਰੰਗਕਰਮੀ, ਕਲਾਕਾਰ, ਆੜ੍ਹਤੀਏ, ਵਪਾਰੀ, ਪੱਲੇਦਾਰ, ਟਰਾਂਸਪੋਰਟਰ, ਔਰਤਾਂ, ਵਿਦਿਆਰਥੀ ਅਤੇ ਨੌਜਵਾਨ ਇਕੋ ਮੰਚ ‘ਤੇ ਖੜ੍ਹੇ ਨਜ਼ਰ ਆਏ। ਨਰਿੰਦਰ ਮੋਦੀ ਦੀ ਅਰਥੀ ਪਹਿਲਾਂ ਬਾਜ਼ਾਰਾਂ ਵਿਚੋਂ ਟਰੈਕਟਰ ਪਿੱਛੇ ਪਾ ਕੇ ਘੜੀਸੀ ਅਤੇ ਮਗਰੋਂ ਕੂੜੇ ਦੇ ਢੇਰ ‘ਤੇ ਸੁੱਟ ਦਿੱਤੀ।
ਇਸੇ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਹੱਦ ‘ਤੇ ਪੈਂਦੀ ਮੰਡੀ ਕਿੱਲਿਆਂਵਾਲੀ (ਡੱਬਵਾਲੀ) ਵਿਖੇ ਇਸ ਤਿੱਕੜੀ ਦੇ ਪੁਤਲੇ ਫੂਕ ਕੇ ਦੁਸਹਿਰਾ ਮਨਾਉਣ ਸਮੇਂ ਜਿਥੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰਨਾਂ ਵਰਗਾਂ ਦਾ ਜੁੜਿਆ ਲਾਮਿਸਾਲ ਇਕੱਠ ਅੰਤਰਰਾਜੀ ਏਕਤਾ ਦੀ ਪ੍ਰਤੀਕ ਹੋ ਨਿੱਬੜਿਆ ਉਥੇ ਸੰਗਰੂਰ ਜ਼ਿਲ੍ਹੇ ‘ਚ ਮਲੇਰਕੋਟਲਾ ਦੇ ਪ੍ਰਦਰਸ਼ਨ ਸਮੇਂ ਕਿਸਾਨਾਂ ਅਤੇ ਸ਼ਹਿਰ ਦੀ ਜਨਤਾ ਸਮੇਤ ਮੁਸਲਿਮ ਭਾਈਚਾਰੇ ਦੇ ਮਰਦ ਔਰਤਾਂ ਵਲੋਂ ਹਜ਼ਾਰਾਂ ਦੀ ਤਦਾਦ ‘ਚ ਸ਼ਾਮਲ ਹੋ ਕੇ ਕਿਸਾਨਾਂ ਦੇ ਉਤਸ਼ਾਹ ਤੇ ਜੋਸ਼-ਖਰੋਸ਼ ਨੂੰ ਦੁੱਗਣਾ ਕਰ ਦਿੱਤਾ।
ਇਨ੍ਹਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ ਦੇਸ਼ ਦੀ ਰੀੜ੍ਹ ਦੀ ਹੱਡੀ ਖੇਤੀ ਖੇਤਰ ਨੂੰ ਅਡਾਨੀਆਂ, ਅੰਬਾਨੀਆਂ ਅਤੇ ਮੈਨਸੈਟੋ, ਬਾਇਰ ਤੇ ਕਾਰਗਿਲ ਵਰਗੀਆਂ ਵਿਦੇਸ਼ੀ ਤੇ ਧੜਵੈਲ ਕੰਪਨੀਆਂ ਹਵਾਲੇ ਕਰ ਕੇ ਕਿਸਾਨੀ ਨੂੰ ਉਜਾੜਨ ਉਤੇ ਤੁਲੀ ਹੋਈ ਹੈ। ਉਨ੍ਹਾਂ ਆਖਿਆ ਕਿ ਮੋਦੀ ਹਕੂਮਤ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹੋਣ ਦੇ ਨਾਲ-ਨਾਲ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਰਾਹੀਂ ਪੇਂਡੂ ਤੇ ਸ਼ਹਿਰੀ ਗਰੀਬਾਂ ਨੂੰ ਭੁੱਖਮਰੀ ਦੇ ਜਬਾੜਿਆਂ ‘ਚ ਤੁੰਨਣ ਵਾਲੇ ਹਨ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਕੇਂਦਰੀ ਹਕੂਮਤ ਦਾ ਠੇਕਾ ਖੇਤੀ ਕਾਨੂੰਨ ਜਿਥੇ ਕਿਸਾਨਾਂ ਨੂੰ ਖੇਤਾਂ ‘ਚੋਂ ਬਾਹਰ ਕੱਢੇਗਾ ਉਥੇ ਦੇਸ਼ੀ-ਵਿਦੇਸ਼ੀ ਧੜਵੈਲ ਕੰਪਨੀਆਂ ਵਲੋਂ ਵੀ ਵੱਡੀ ਮਸ਼ੀਨਰੀ ਤੇ ਰਸਾਇਣਾਂ ਦੇ ਜ਼ੋਰ ਆਪਣੇ ਮੁਨਾਫੇ ਦੀ ਹਵਸ ਤਹਿਤ ਕੀਤੀ ਜਾਣ ਵਾਲੀ ਖੇਤੀ ਬੇਰੁਜ਼ਗਾਰੀ ਦਾ ਹੜ੍ਹ ਲਿਆਉਣ ਤੋਂ ਇਲਾਵਾ ਖਾਧ ਖੁਰਾਕ ਤੇ ਵਾਤਾਵਰਨ ਨੂੰ ਹੋਰ ਵੀ ਜ਼ਹਿਰੀਲੇ ਕਰਨ ਰਾਹੀਂ ਦੇਸ਼ ਦੇ ਅੰਦਰ ਮਹਾਂਮਾਰੀਆਂ ਦਾ ਸਾਧਨ ਬਣੇਗੀ।