ਵੈਨਕੂਵਰ: ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਲਈ ਹੋਈਆਂ ਮੱਧਕਾਲੀ ਚੋਣਾਂ ਵਿਚ ਸੱਤਾਧਾਰੀ ਐਨ.ਡੀ.ਪੀ. ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ। 87 ਮੈਂਬਰੀ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਵਿਚ ਐਨ.ਡੀ.ਪੀ. ਨੇ ਪਿਛਲੀ ਵਾਰ ਦੇ ਮੁਕਾਬਲੇ 14 ਸੀਟਾਂ ਦੇ ਵਾਧੇ ਨਾਲ 55 ਸੀਟਾਂ ਉਤੇ ਜਿੱਤ ਹਾਸਲ ਕੀਤੀ। ਰਿਚਮੰਡ ਕੁਈਨਬਰੋ ਹਲਕੇ ਤੋਂ ਜੇਤੂ ਰਹੇ ਅਮਨ ਸਿੰਘ ਵਿਧਾਨ ਸਭਾ ‘ਚ ਬੈਠਣ ਵਾਲੇ ਪਹਿਲੇ ਦਸਤਾਰਧਾਰੀ ਵਿਧਾਇਕ ਹੋਣਗੇ। ਉਹ ਪੇਸ਼ੇ ਵਜੋਂ ਵਕੀਲ ਹਨ ਤੇ ਮਨੁੱਖੀ ਹੱਕਾਂ ਦੀ ਰਾਖੀ ਵਾਲੇ ਕੇਸ ਲੜਨ ਨੂੰ ਪਹਿਲ ਦਿੰਦੇ ਹਨ।
ਲਿਬਰਲ ਪਾਰਟੀ ਦੇ ਪ੍ਰਧਾਨ ਐਂਡ੍ਰਿਊ ਵਿਲਕਿਨਸਨ ਨੇ ਕਈ ਹਲਕਿਆਂ ਵਿਚ ਐਨ.ਡੀ.ਪੀ. ਦੇ ਵਿਧਾਇਕਾਂ ਦੇ ਮੁਕਾਬਲੇ ਇਸ ਵਾਰ ਤਕੜੇ ਸਮਝੇ ਜਾਂਦੇ ਉਮੀਦਵਾਰ ਉਤਾਰੇ ਸਨ ਪਰ ਉਨ੍ਹਾਂ ਦੀ ਪਾਰਟੀ ਵਿਰੋਧੀਆਂ ਦੇ ਕਿਸੇ ਵੀ ਵਿਧਾਇਕ ਨੂੰ ਹਰਾਉਣ ਵਿਚ ਸਫਲ ਨਹੀਂ ਹੋਈ ਜਦਕਿ ਐਨ.ਡੀ.ਪੀ. ਨੇ ਲਿਬਰਲਾਂ ਦੇ 14 ਵਿਧਾਇਕਾਂ ਨੂੰ ਹਰਾਇਆ ਹੈ। ਸਰੀ ਦੀਆਂ 9 ਸੀਟਾਂ ਤੋਂ ਪਿਛਲੀ ਵਾਰ ਜੇਤੂ ਰਹੇ ਪੰਜ ਪੰਜਾਬੀਆਂ ਦੀ ਝੋਲੀ ਇਸ ਵਾਰ ਵੀ ਜਿੱਤ ਪਈ ਹੈ। ਗਰੀਨ ਟਿੰਬਰ ਤੋਂ ਰਚਨਾ ਸਿੰਘ ਇਸ ਵਾਰ ਪਿਛਲੀ ਵਾਰ ਤੋਂ ਵੀ ਵੱਧ ਫਰਕ ਨਾਲ ਜਿੱਤੀ ਹੈ।
ਰਚਨਾ ਸਿੰਘ ਮਰਹੂਮ ਤੇਰਾ ਸਿੰਘ ਚੰਨ ਦੀ ਦੋਹਤੀ ਅਤੇ ਪ੍ਰੋ. ਰਘੁਬੀਰ ਸਿਰਜਣਾ ਦੀ ਧੀ ਹੈ। ਪੈਨੋਰਮਾ ਹਲਕੇ ਤੋਂ ਜਿੰਨੀ ਸਿਮਜ਼ ਨੇ ਡਾਕਟਰ ਗੁਲਜ਼ਾਰ ਚੀਮਾ ਨੂੰ ਹਰਾਇਆ ਹੈ। ਜਗਰੂਪ ਸਿੰਘ ਬਰਾੜ ਲਗਾਤਾਰ ਚੌਥੀ ਵਾਰ ਜੇਤੂ ਰਹੇ। ਕਿਰਤ ਮੰਤਰੀ ਹੈਰੀ ਬੈਂਸ (ਹਰਬਖਸ਼ ਸਿੰਘ) ਵੀ ਪਿਛਲੀ ਵਾਰ ਤੋਂ ਵੱਧ ਫਰਕ ਨਾਲ ਜਿੱਤੇ ਹਨ। ਬਰਨਬੀ ਐਡਮੰਡ ਹਲਕੇ ਤੋਂ ਰਾਜ ਚੌਹਾਨ ਵੀ ਪੰਜਵੀਂ ਵਾਰ ਜਿੱਤੇ ਹਨ। ਉਸ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਧੀ ਤ੍ਰਿਪਤ ਅਟਵਾਲ ਨੂੰ ਹਰਾਇਆ। ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਐਬਟਸਫੋਰਡ ਦੇ ਤਿੰਨਾਂ ਹਲਕਿਆਂ ਵਿਚੋਂ ਕੋਈ ਪੰਜਾਬੀ ਨਹੀਂ ਜਿੱਤ ਸਕਿਆ। ਸੂਬੇ ਦੇ ਅੰਦਰੂਨੀ ਖੇਤਰ ਦੇ ਕਈ ਹਲਕਿਆਂ ਵਿਚ ਵੀ ਕਈ ਪੰਜਾਬੀਆਂ ਨੇ ਚੋਣ ਮੈਦਾਨ ‘ਚ ਜ਼ੋਰ-ਅਜ਼ਮਾਈ ਕੀਤੀ ਪਰ ਜਿੱਤ ਦੇ ਨੇੜੇ ਕੋਈ ਵੀ ਨਹੀਂ ਪਹੁੰਚ ਸਕਿਆ।
ਪੰਜਾਬੀ ਲੇਖਕ ਡਾ. ਰਘਬੀਰ ਸਿੰਘ ਦੀ ਧੀ ਰਚਨਾ ਸਿੰਘ ਨੂੰ ਐਨ.ਡੀ.ਪੀ. ਦੀ ਟਿਕਟ ਉਤੇ ਸਰੀ ਗ੍ਰੀਨ ਟਿੰਬਰਲੈਂਡ ਤੋਂ ਚੁਣਿਆ ਗਿਆ ਹੈ। ਉਨ੍ਹਾਂ ਲਿਬਰਲ ਪਾਰਟੀ ਦੇ ਦਿਲਰਾਜ ਅਟਵਾਲ ਨੂੰ ਹਰਾਇਆ। ਹੈਰੀ ਬੈਂਸ ਸਰੀ ਨਿਊਟਨ ਤੋਂ ਐਨ.ਡੀ.ਪੀ. ਦੀ ਟਿਕਟ ਉਤੇ ਪੰਜਵੀਂ ਵਾਰ ਮੁੜ ਚੁਣੇ ਗਏ। ਉਨ੍ਹਾਂ ਲਿਬਰਲ ਪਾਰਟੀ ਦੇ ਪਾਲ ਬੋਪਾਰਾਏ ਨੂੰ ਹਰਾਇਆ। ਐਨ.ਡੀ.ਪੀ. ਦੇ ਉਮੀਦਵਾਰ ਅਮਨ ਸਿੰਘ ਨੇ ਕੁਈਨਜ਼ਬਰੋ ਦੇ ਰਿਚਮੰਡ ਤੋਂ ਲਿਬਰਲ ਪਾਰਟੀ ਦੇ ਜੱਸ ਜੌਹਲ ਨੂੰ ਹਰਾਇਆ। ਐਨ.ਡੀ.ਪੀ. ਦੇ ਜਿੰਨੀ ਸਿਮਜ਼ ਅਤੇ ਨਿੱਕੀ ਸ਼ਰਮਾ ਕ੍ਰਮਵਾਰ ਸਰੀ ਪੈਨੋਰੋਮਾ ਅਤੇ ਵੈਨਕੂਵਰ ਹੇਸਟਿੰਗਜ਼ ਤੋਂ ਜਿੱਤੇ। ਜਿੰਨੀ ਦੁਬਾਰਾ ਚੁਣੇ ਗਏ ਹਨ ਅਤੇ ਉਸਨੇ ਲਿਬਰਲ ਪਾਰਟੀ ਦੀ ਗੁਲਜ਼ਾਰ ਚੀਮਾ ਨੂੰ ਹਰਾਇਆ। ਬੀ.ਸੀ. ਵਿਧਾਨ ਸਭਾ ਦੀਆਂ 87 ਸੀਟਾਂ ਲਈ ਭਾਰਤੀ ਮੂਲ ਦੇ 22 ਉਮੀਦਵਾਰ ਚੋਣ ਮੈਦਾਨ ਵਿਚ ਸਨ। 2017 ਵਿਚ ਸੱਤ ਪੰਜਾਬੀਆਂ ਨੂੰ ਬੀਸੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ।