ਭਾਗਵਤ ਵਲੋਂ ਇਕ ਵਾਰ ਮੁੜ ‘ਹਿੰਦੂ ਰਾਸ਼ਟਰ’ ਦਾ ਹੋਕਾ

ਨਾਗਪੁਰ: ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਇਕ ‘ਹਿੰਦੂ ਰਾਸ਼ਟਰ’ ਹੈ ਤੇ ਹਿੰਦੂਤਵ ਮੁਲਕ ਦੀ ਸ਼ਖਸੀਅਤ ਦਾ ਸਾਰ-ਤੱਤ ਹੈ। ਆਰ.ਐਸ਼ਐਸ਼ ਦੀ ਸਾਲਾਨਾ ‘ਵਿਜੈਦਸ਼ਮੀ ਰੈਲੀ’ ਮੌਕੇ ਉਨ੍ਹਾਂ ਕਿਹਾ ਕਿ ਜਦ ਸੰਘ ਕਹਿੰਦਾ ਹੈ ਕਿ ਹਿੰਦੁਸਤਾਨ ਇਕ ‘ਹਿੰਦੂ ਰਾਸ਼ਟਰ’ ਹੈ, ਇਸ ਦੇ ਮਨ ਵਿਚ ਕੋਈ ਸਿਆਸੀ ਜਾਂ ਤਾਕਤ ਉਤੇ ਕੇਂਦਰਤ ਸੰਕਲਪ ਨਹੀਂ ਹੁੰਦਾ। ਭਾਗਵਤ ਨੇ ਕਿਹਾ ਕਿ ਅਸੀਂ ਸਿੱਧੇ ਤੌਰ ਉਤੇ ਮੁਲਕ ਦੀ ਸ਼ਖਸੀਅਤ ਨੂੰ ਹਿੰਦੂ ਇਸ ਲਈ ਗਰਦਾਨ ਰਹੇ ਹਾਂ

ਕਿਉਂਕਿ ਸਾਡੀਆਂ ਸਾਰੀਆਂ ਸਭਿਆਚਾਰਕ ਤੇ ਸਮਾਜੀ ਰਵਾਇਤਾਂ ਇਸ ਦੇ ਸਿਧਾਂਤਾਂ ਤੋਂ ਹੀ ਸੇਧ ਲੈਂਦੀਆਂ ਹਨ। ਆਰ.ਐਸ਼ਐਸ਼ ਮੁਖੀ ਨੇ ਕਿਹਾ ਕਿ ਹਿੰਦੂਤਵ ਸ਼ਬਦ ਨੂੰ ‘ਤੋੜ-ਮਰੋੜ’ ਲਿਆ ਗਿਆ ਹੈ। ਇਸ ਨਾਲ ਕਰਮਕਾਂਡ (ਵਿਧੀ-ਵਿਧਾਨ) ਸੰਕੇਤਕ ਤੌਰ ‘ਤੇ ਜੋੜ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘ ਇਸ ਸ਼ਬਦ ਦੀ ਵਰਤੋਂ ਮੌਕੇ ਇਸ ਗਲਤਫਹਿਮੀ ਵਲ ਸੰਕੇਤ ਨਹੀਂ ਕਰਦਾ। ਭਾਗਵਤ ਨੇ ਕਿਹਾ ‘ਸਾਡੇ ਲਈ, ਇਹ ਉਹ ਸ਼ਬਦ ਹੈ ਜਿਸ ਰਾਹੀਂ ਪਛਾਣ ਨੂੰ ਦਰਸਾਇਆ ਗਿਆ ਹੈ, ਇਸ ਦੇ ਨਾਲ ਹੀ ਰੂਹਾਨੀਅਤ ਨਾਲ ਜੁੜੀਆਂ ਰਵਾਇਤਾਂ ਹਨ ਜਿਨ੍ਹਾਂ ਦੀ ਨਿਰੰਤਰਤਾ ਨੂੰ ਪ੍ਰਗਟ ਕੀਤਾ ਜਾਂਦਾ ਹੈ ਅਤੇ ਭਾਰਤ ਦੀ ਧਰਤੀ ‘ਚ ਪੈਦਾ ਹੋਈਆਂ ਸਮੁੱਚੀਆਂ ਕਦਰਾਂ-ਕੀਮਤਾਂ ਦਾ ਸਰਮਾਇਆ ਵੀ ਹੈ ਜਿਸ ਨੂੰ ਪ੍ਰਤੱਖ ਕੀਤਾ ਗਿਆ ਹੈ।’
ਇਸ ਲਈ ਸੰਘ ਮੰਨਦਾ ਹੈ ਕਿ ਇਹ ਸ਼ਬਦ ਭਾਰਤ ਦੀ ਸਾਰੀ 130 ਕਰੋੜ ਦੀ ਆਬਾਦੀ ਉਤੇ ਲਾਗੂ ਹੁੰਦਾ ਹੈ। ਉਨ੍ਹਾਂ ਸਾਰਿਆਂ ‘ਤੇ ਜੋ ਖੁਦ ਨੂੰ ਭਾਰਤਵਰਸ਼ ਦੇ ਧੀਆਂ ਤੇ ਪੁੱਤਰ ਮੰਨਦੇ ਹਨ। ਭਾਗਵਤ ਨੇ ਕਿਹਾ ਕਿ ਉਹ ਸਾਰੇ ਜੋ ਆਪਣੇ ਵੱਡੇ-ਵਡੇਰਿਆਂ ਦੀ ਵਿਰਾਸਤ ਉਤੇ ਮਾਣ ਕਰਦੇ ਹਨ, ਉਨ੍ਹਾਂ ਸਾਰਿਆਂ ਉਤੇ ਹਿੰਦੂਤਵ ਸ਼ਬਦ ਢੁੱਕਦਾ ਹੈ। ਆਰ.ਐਸ਼ਐਸ਼ ਮੁਖੀ ਨੇ ਕਿਹਾ ਕਿ ਇਸ ਸ਼ਬਦ ਦੇ ਅਸਲ ਮਤਲਬ ਤੋਂ ਅਣਜਾਣ ਰਹਿਣ ਨਾਲ ਦੇਸ਼ ਤੇ ਸਮਾਜ ਨੂੰ ਏਕੇ ਵਿਚ ਬੰਨ੍ਹਣ ਵਾਲੇ ਧਾਗੇ ਕਮਜ਼ੋਰ ਪੈਂਦੇ ਹਨ ਕਿਉਂਕਿ ਦੇਸ਼-ਸਮਾਜ ਨੂੰ ਵੰਡਣ ਵਾਲੇ ਪਹਿਲਾਂ ਇਸੇ ਸ਼ਬਦ ਨੂੰ ਨਿਸ਼ਾਨਾ ਬਣਾ ਕੇ ਫਿਰਕਿਆਂ ‘ਚ ਤਕਰਾਰ ਖੜ੍ਹਾ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਭਿੰਨਤਾ ਨੂੰ ਹਿੰਦੂ ਦਰਸ਼ਨ ਸ਼ਾਸਤਰ ਵਿਚ ਸਵੀਕਾਰ ਕਰ ਕੇ ਸਨਮਾਨ ਦਿੱਤਾ ਗਿਆ ਹੈ। ਆਨਲਾਈਨ ਪ੍ਰਸਾਰਿਤ ਭਾਸ਼ਣ ਵਿਚ ਭਾਗਵਤ ਨੇ ਕਿਹਾ ‘ਹਿੰਦੂ ਕਿਸੇ ਡੇਰੇ ਜਾਂ ਪੰਥ ਦਾ ਨਾਂ ਨਹੀਂ ਹੈ, ਨਾ ਇਹ ਕਿਸੇ ਸੂਬਾਈ ਦਾਇਰੇ ਵਿਚ ਬੱਝਿਆ ਹੈ, ਨਾ ਇਹ ਕਿਸੇ ਇਕ ਜਾਤੀ ਜਾਂ ਖਾਸ ਭਾਸ਼ਾ ਬੋਲਣ ਵਾਲੇ ਦਾ ਹੱਕ ਹੈ।’
___________________________________
ਕੀ ਭਾਗਵਤ ਨੂੰ ਪਤਾ ਹੈ?: ਰਾਹੁਲ
ਨਵੀਂ ਦਿੱਲੀ: ਆਰ.ਐਸ਼ਐਸ਼ ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਚੀਨ ਤੋਂ ਤਾਕਤਵਰ ਹੋਣ ਦੇ ਬਿਆਨ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੰਘ ਸੁਪਰੀਮੋ ਇਸ ਤੱਥ ਨੂੰ ਜਾਣਦੇ ਹਨ ਕਿ ਕਮਿਊਨਿਸਟ ਦੇਸ਼ ਨੇ ਭਾਰਤੀ ਧਰਤੀ ‘ਤੇ ਕਬਜ਼ਾ ਕਰ ਲਿਆ ਹੈ ਪਰ ਉਹ ਇਸ ਸੱਚਾਈ ਦਾ ਸਾਹਮਣਾ ਕਰਨ ਤੋਂ ਡਰ ਰਹੇ ਹਨ। ਕਾਂਗਰਸ ਨੇਤਾ ਨੇ ਟਵੀਟ ਕਰਦਿਆਂ ਕਿਹਾ, ‘ਸ੍ਰੀ ਭਾਗਵਤ ਸੱਚ ਨੂੰ ਜਾਣਦੇ ਹਨ ਪਰ ਉਹ ਇਸ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਸੱਚਾਈ ਇਹ ਹੈ ਕਿ ਚੀਨ ਨੇ ਸਾਡੀ ਧਰਤੀ ‘ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਕਬਜ਼ਾ ਭਾਰਤ ਦੀ ਸਰਕਾਰ ਅਤੇ ਆਰ.ਐਸ਼ਐਸ਼ ਇਹ ਸਭ ਹੋਣ ਦਿੱਤਾ।’