ਬਿਹਾਰ ਚੋਣਾਂ: ਫਿਰਕੂ ਰਣਨੀਤੀ ਤਹਿਤ ਬੇੜੀ ਪਾਰ ਲਾਉਣ ‘ਚ ਜੁਟੀ ਭਾਜਪਾ

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵਿਕਾਸ ਦੀ ਬਾਤ ਪਾਉਣ ਦੀ ਥਾਂ ਆਪਣੇ ਤੈਅ ਏਜੰਡੇ ਮੁਤਾਬਕ ਫਿਰਕੂਵਾਦ ਨੂੰ ਹਵਾ ਦੇਣ ਉਤੇ ਆਪਣਾ ਸਾਰਾ ਟਿੱਲ ਲਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜ ਦੀ ਨਿਤਿਸ਼ ਕੁਮਾਰ ਸਰਕਾਰ ਦੇ ਕੰਮਕਾਜ ਦਾ ਪ੍ਰਚਾਰ ਆਪਣੀ ਜਗ੍ਹਾ ਹੈ ਪਰ ਭਾਜਪਾ ਲਈ ਅਸਲੀ ਮੁੱਦਾ ਮੁਸਲਮਾਨ, ਪਾਕਿਸਤਾਨ, ਅਤਿਵਾਦ ਸਮੇਤ ਗੁਆਂਢੀ ਮੁਲਕ ਹੀ ਹਨ।

ਭਾਜਪਾ ਦੇ ਨੇਤਾ, ਇਥੋਂ ਤੱਕ ਕਿ ਕੇਂਦਰੀ ਮੰਤਰੀ ਵੀ ਆਪਣੇ ਭਾਸ਼ਣਾਂ ਵਿਚ ਇਨ੍ਹਾਂ ਮੁੱਦਿਆਂ ਨੂੰ ਚੁੱਕਣ ਵਿਚ ਗੁਰੇਜ਼ ਨਹੀਂ ਕਰ ਰਹੇ। ਕੇਂਦਰ ਸਰਕਾਰ ਵਲੋਂ ਬਿਹਾਰ ਵਿਚ ਮੁਫਤ ਕਰੋਨਾ ਦਵਾਈ ਦੇਣ ਦੇ ਐਲਾਨ ਪਿੱਛੋਂ ਵੀ ਭਾਜਪਾ ਦੀ ਤਿੱਖੀ ਅਲੋਚਨਾ ਹੋ ਰਹੀ ਹੈ।
ਪਿਛਲੀਆਂ ਚੋਣਾਂ ਵਿਚ ਵੀ ਭਾਜਪਾ ਨੇ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਕਾਫੀ ਹਵਾ ਦਿੱਤੀ ਸੀ। ਅਮਿਤ ਸ਼ਾਹ ਨੇ ਪਿਛਲੀ ਵਾਰ ਆਖਰੀ ਦੋ ਪੜਾਵਾਂ ਦੌਰਾਨ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਬਿਹਾਰ ਵਿਚ ਭਾਜਪਾ ਹਾਰ ਗਈ ਤਾਂ ਪਾਕਿਸਤਾਨ ਵਿਚ ਪਟਾਕੇ ਚੱਲਣਗੇ। ਇਸ ਵਾਰ ਬਿਮਾਰ ਹੋਣ ਕਾਰਨ ਅਮਿਤ ਸ਼ਾਹ ਬਿਹਾਰ ਨਹੀਂ ਆਏ ਪਰ ਉਨ੍ਹਾਂ ਦੀ ਤਰਜ਼ ‘ਤੇ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਇਕ ਰੈਲੀ ਵਿਚ ਕਿਹਾ ਕਿ ਜੇਕਰ ਐਨ.ਡੀ.ਏ. ਬਿਹਾਰ ਵਿਚ ਹਾਰ ਗਈ ਤਾਂ ਕਸ਼ਮੀਰ ਤੋਂ ਭੱਜਣ ਵਾਲੇ ਅਤਿਵਾਦੀ ਬਿਹਾਰ ਵਿਚ ਸ਼ਰਨ ਲੈਣਗੇ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਨੂੰ ਜਿਨਾਹ ਦਾ ਭਗਤ ਦੱਸਿਆ ਹੈ।
ਦੱਸ ਦਈਏ ਕਿ ਬਿਹਾਰ ਦੀਆਂ ਤਿੰਨ ਪੜਾਵੀ ਚੋਣਾਂ 7 ਨਵੰਬਰ ਨੂੰ ਸਿਰੇ ਚੜ੍ਹਨਗੀਆਂ। 10 ਨਵੰਬਰ ਨੂੰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਏਗਾ। ਇਸ ਸਮੇਂ ਇਨ੍ਹਾਂ ਚੋਣਾਂ ਦੀ ਕਈ ਪੱਖਾਂ ਤੋਂ ਵੱਡੀ ਮਹੱਤਤਾ ਹੈ। ਬਿਹਾਰ ਪਹਿਲਾ ਰਾਜ ਹੈ ਜਿਥੇ ਕਰੋਨਾ ਮਹਾਮਾਰੀ ਦੌਰਾਨ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ ਇਹ ਵੀ ਤੈਅ ਕਰਨਗੀਆਂ ਕਰੋਨਾ ਖਿਲਾਫ ਮੋਦੀ ਦੀ ਮੁਹਿੰਮ ਕਿੰਨੀ ਕੁ ਅਸਰਦਾਰ ਰਹੀ। ਇਸ ਸੂਬੇ ਵਿਚ 2 ਲੱਖ ਤੋਂ ਵਧੇਰੇ ਕਰੋਨਾ ਬਿਮਾਰ ਹਨ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਮਹਾਮਾਰੀ ਸਮੇਂ ਬਿਹਾਰ ਕਈ ਪੱਖਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਦੇਸ਼ ਵਿਚ ਬਹੁਤ ਸਾਰੇ ਸੂਬਿਆਂ ਵਿਚ ਬਿਹਾਰੀ ਕਾਮੇ ਕੰਮ ਕਰਨ ਜਾਂਦੇ ਹਨ। ਪ੍ਰਧਾਨ ਮੰਤਰੀ ਵਲੋਂ ਮਾਰਚ ਦੇ ਮਹੀਨੇ ‘ਚ ਕੀਤੇ ਤਾਲਾਬੰਦੀ ਦੇ ਐਲਾਨ ਕਾਰਨ ਲੋਕ ਜੀਵਨ ਦੇ ਰੁਕ ਜਾਣ ਨਾਲ ਇਕ ਵਾਰ ਤਾਂ ਤਰਥੱਲੀ ਮਚ ਗਈ ਸੀ। ਦੂਜੇ ਸੂਬਿਆਂ ਵਿਚ ਕੰਮ ਕਰ ਰਹੇ ਮਜ਼ਦੂਰ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਸਨ। ਰਸਤੇ ਦੇ ਸਾਰੇ ਆਵਾਜਾਈ ਸਾਧਨ ਬੰਦ ਹੋਣ ਕਾਰਨ ਇਕ ਵੱਡਾ ਦੁਖਾਂਤ ਪੈਦਾ ਹੋਇਆ ਸੀ। ਲੱਖਾਂ ਹੀ ਕਾਮਿਆਂ ਨੂੰ ਆਪੋ-ਆਪਣੇ ਘਰਾਂ ਨੂੰ ਪਰਤਣ ਲਈ ਬੇਹੱਦ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ‘ਚੋਂ ਲੱਖਾਂ ਹੀ ਮਜ਼ਦੂਰ ਬਿਹਾਰ ਨਾਲ ਸਬੰਧਤ ਸਨ। ਇਕ ਪਾਸੇ ਇਹ ਕਾਮੇ ਦਰ-ਦਰ ਠੋਕਰਾਂ ਖਾਂਦੇ ਹੋਏ ਆਪਣੇ ਘਰਾਂ ਨੂੰ ਪੁੱਜਣਾ ਚਾਹੁੰਦੇ ਸਨ, ਦੂਜੇ ਪਾਸੇ ਬਿਹਾਰ ਸਰਕਾਰ ਵਲੋਂ ਇਨ੍ਹਾਂ ਨੂੰ ਸੂਬੇ ਅੰਦਰ ਦਾਖਲ ਕਰਨ ਤੋਂ ਵੱਖ-ਵੱਖ ਕਾਰਨਾਂ ਕਰਕੇ ਵੱਡੀ ਹਿਚਕਿਚਾਹਟ ਦਿਖਾਈ ਜਾ ਰਹੀ ਸੀ, ਜਿਸ ਕਰਕੇ ਇਹ ਦੁਖਾਂਤ ਹੋਰ ਵੀ ਵਧਦਾ ਨਜ਼ਰ ਆਇਆ। ਉਸ ਸਮੇਂ ਲੋਕਾਂ ਨੂੰ ਨਿਤਿਸ਼ ਸਰਕਾਰ ‘ਤੇ ਇਹ ਗਿਲਾ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਹੀ ਘਰਾਂ ਨੂੰ ਪਰਤਣ ਉਤੇ ਰੁਕਾਵਟਾਂ ਪਾ ਰਹੀ ਹੈ।
ਇਸ ਮਹਾਂਮਾਰੀ ਨੇ ਦੇਸ਼ ਦੀ ਆਰਥਿਕਤਾ ਉਤੇ ਵੱਡਾ ਅਸਰ ਪਾਇਆ ਹੈ। ਇਸ ਸੂਬੇ ਦੀ ਆਰਥਿਕਤਾ ਇਕ ਤਰ੍ਹਾਂ ਨਾਲ ਚਰਮਰਾ ਗਈ ਹੈ। ਅਜਿਹੀ ਸਥਿਤੀ ਵਿਚ ਚੋਣ ਹੋਣਾ ਸਰਕਾਰ ਦੇ ਖਿਲਾਫ ਜਾ ਸਕਦਾ ਹੈ ਕਿਉਂਕਿ ਪਿਛਲੇ 15 ਸਾਲ ਤੋਂ ਨਿਤਿਸ਼ ਕੁਮਾਰ ਦੀ ਅਗਵਾਈ ਵਿਚ ਭਾਜਪਾ ਦੇ ਸਹਿਯੋਗ ਨਾਲ ਇਥੇ ਸਰਕਾਰ ਚੱਲ ਰਹੀ ਹੈ। ਇੰਨੇ ਲੰਮੇ ਸਮੇਂ ਵਿਚ ਸਰਕਾਰ ਦੀ ਅਨੇਕਾਂ ਪੱਖਾਂ ਤੋਂ ਆਲੋਚਨਾ ਹੋਣੀ ਕੁਦਰਤੀ ਹੈ। ਸਰਵੇਖਣਾਂ ਮੁਤਾਬਕ ਜਨਤਾ ਦਲ (ਯੂ) ਅਤੇ ਭਾਜਪਾ ਇਹ ਚੋਣਾਂ ਜਿੱਤ ਰਹੇ ਹਨ। ਸੂਬੇ ਵਿਚ ਵਿਧਾਨ ਸਭਾ ਦੀਆਂ 243 ਸੀਟਾਂ ਹਨ। ਇਨ੍ਹਾਂ ਸਰਵੇਖਣਾਂ ‘ਚੋਂ ਮੋਦੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੂੰ ਬਹੁਮਤ ਪ੍ਰਾਪਤ ਹੋ ਰਿਹਾ ਹੈ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਨੇ ਮਹਾਂਗੱਠਜੋੜ ਬਣਾਇਆ ਹੈ ਜੋ ਹਾਲੇ ਤੱਕ ਵੀ ਦੂਜੇ ਨੰਬਰ ਉਤੇ ਚਲਦਾ ਦਿਖਾਈ ਦੇ ਰਿਹਾ ਹੈ।
ਬਿਹਾਰ ਦੇ ਉਘੇ ਆਗੂ ਰਾਮ ਵਿਲਾਸ ਪਾਸਵਾਨ, ਜੋ ਕੌਮੀ ਜਮਹੂਰੀ ਗੱਠਜੋੜ ਸਰਕਾਰ ਵਿਚ ਕੇਂਦਰੀ ਮੰਤਰੀ ਸਨ, ਦੇ ਦਿਹਾਂਤ ਪਿੱਛੋਂ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਲੋਕ ਜਨਸ਼ਕਤੀ ਪਾਰਟੀ ਦੀ ਕਮਾਨ ਸੰਭਾਲੀ ਹੈ। ਚਾਹੇ ਰਾਮ ਵਿਲਾਸ ਪਾਸਵਾਨ ਕੇਂਦਰੀ ਸਰਕਾਰ ਦਾ ਹਿੱਸਾ ਸਨ ਪਰ ਚਿਰਾਗ ਪਾਸਵਾਨ ਨੇ ਇਨ੍ਹਾਂ ਚੋਣਾਂ ਵਿਚ ਨਿਤਿਸ਼ ਕੁਮਾਰ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਹੈ ਅਤੇ ਉਹ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰ ਰਿਹਾ ਹੈ। ਟਿਕਟਾਂ ਦੀ ਵੰਡ ਵਿਚ ਨਿਤਿਸ਼ ਕੁਮਾਰ ਦੀ ਪਾਰਟੀ ਨੂੰ 122 ਸੀਟਾਂ ਅਤੇ ਭਾਜਪਾ ਦੇ ਹਿੱਸੇ 121 ਸੀਟਾਂ ਆਈਆਂ ਹਨ। ਇਸ ਤੋਂ ਇਲਾਵਾ ਜਾਤੀ ਆਧਾਰਿਤ ਕੁਝ ਹੋਰ ਗੱਠਜੋੜ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦਾ ਇਨ੍ਹਾਂ ਚੋਣਾਂ ਉਤੇ ਬਹੁਤਾ ਪ੍ਰਭਾਵ ਪੈਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹੁਣ ਜਦੋਂ ਕਿ ਚੋਣ ਪ੍ਰਚਾਰ ਸਿਖਰ ‘ਤੇ ਹੈ ਤਾਂ ਸਾਰੀਆਂ ਹੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਵੱਡੇ-ਵੱਡੇ ਵਾਅਦੇ ਕਰਕੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕਰ ਰਹੀਆਂ ਹਨ।