ਨਰੇਂਦਰ ਮੋਦੀ, ਕਤਲੇਆਮ ਤੇ ਪੰਜਾਬ

ਗੁਜਰਾਤ ਦੇ ਮੁੱਖ ਮੰਤਰੀ ਅਤੇ ਕੱਟੜਪ੍ਰਸਤ ਹਿੰਦੂ ਲੀਡਰ ਨਰੇਂਦਰ ਮੋਦੀ ਦਾ ਪੰਜਾਬ ਨਾਲ ਭਲਾ ਕੀ ਰਿਸ਼ਤਾ ਹੈ? ਕੱਲ੍ਹ ਤੱਕ ਉਹ 2002 ਵਿਚ ਮੁਸਲਮਾਨਾਂ ਦੇ ਕਤਲੇਆਮ ਲਈ ਬਦਨਾਮ ਸੀ ਅਤੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਕੜਾ ਉਮੀਦਵਾਰ ਹੈ। ਆਰæਐਸ਼ਐਸ਼ ਦੇ ਥਾਪੜੇ ਸਦਕਾ ਹਾਲ ਹੀ ਵਿਚ ਉਸ ਨੂੰ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦਾ ਮੁਖੀ ਥਾਪਿਆ ਗਿਆ ਹੈ ਅਤੇ ਉਹ ਇਹ ਨਵੀਂ ਜ਼ਿੰਮੇਵਾਰੀ 23 ਜੂਨ ਨੂੰ ਪੰਜਾਬ ਦੇ ਕਸਬਾ ਮਾਧੋਪੁਰ ਵਿਚ ਕੀਤੇ ਜਾ ਰਹੇ ਸਮਾਗਮ ਵਿਚ ਰਸਮੀ ਤੌਰ ‘ਤੇ ਸਾਂਭਣਗੇ। ਇਹ ਜ਼ਿੰਮੇਵਾਰੀ ਸਾਂਭਣ ਲਈ ਸਮੇਂ ਅਤੇ ਸਥਾਨ ਦੀ ਚੋਣ ਮਹਿਜ਼ ਇਤਫਾਕ ਨਹੀਂ ਹੈ। ਭਾਜਪਾ ਲਈ ਇਹ ਦੋਵੇਂ ਗੱਲਾਂ ਬਹੁਤ ਵਿਸ਼ੇਸ਼ ਹਨ ਅਤੇ ਇਨ੍ਹਾਂ ਦੋਹਾਂ ਗੱਲਾਂ ਨਾਲ ਹੋਰ ਬਹੁਤ ਸਾਰੇ ਤੱਥ ਜੁੜੇ ਹੋਏ ਹਨ। 23 ਜੂਨ (1953) ਨੂੰ ਭਾਜਪਾ ਲੀਡਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕਸ਼ਮੀਰ ਜੇਲ੍ਹ ਵਿਚ ਮੌਤ ਹੋ ਗਈ ਸੀ। ਉਦੋਂ ਉਹ ਕਸ਼ਮੀਰ ਨੂੰ ਵਧੇਰੇ ਹੱਕ ਦੇਣ ਦਾ ਤਿੱਖਾ ਵਿਰੋਧ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਕਸ਼ਮੀਰ ਵਿਚ ਦਾਖਲ ਹੁੰਦੇ ਸਾਰ ਗ੍ਰਿਫਤਾਰ ਕਰ ਲਿਆ ਗਿਆ ਸੀ। ਭਾਜਪਾ ਉਸ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਇਆ ਆਗੂ ਪ੍ਰਚਾਰਦੀ ਆਈ ਹੈ। ਆਜ਼ਾਦੀ ਤੋਂ ਪਹਿਲਾਂ ਉਹ ਹਿੰਦੂ ਮਹਾਸਭਾ ਦੇ ਸਰਕਰਦਾ ਆਗੂ ਵਜੋਂ ਉਭਰ ਚੁੱਕਿਆ ਸੀ ਅਤੇ 1944 ਵਿਚ ਉਹ ਇਸ ਮਹਾਸਭਾ ਦਾ ਪ੍ਰਧਾਨ ਵੀ ਬਣ ਗਿਆ ਸੀ। ਆਰæਐਸ਼ਐਸ ਨੇ ਜਦੋਂ 1951 ਵਿਚ ਭਾਰਤੀ ਜਨਸੰਘ ਨਾਂ ਦੀ ਜਥੇਬੰਦੀ ਖੜ੍ਹੀ ਕੀਤੀ ਤਾਂ ਮੁਖਰਜੀ ਨੂੰ ਹੀ ਇਸ ਦਾ ਮੋਢੀ ਪ੍ਰਧਾਨ ਥਾਪਿਆ ਗਿਆ ਸੀ। ਮਾਧੋਪੁਰ ਪੰਜਾਬ ਦਾ ਉਹ ਕਸਬਾ ਹੈ ਜਿਹੜਾ ਜੰਮੂ ਕਸ਼ਮੀਰ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਦਾ ਹੈ। ਕਸ਼ਮੀਰ ਵਾਲੇ ਪਾਸਿਉਂ ਇਹ ‘ਪੰਜਾਬ ਦਾ ਮੁੱਖ ਦਰਵਾਜ਼ਾ’ ਹੈ। ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਜੰਮੂ ਕਸ਼ਮੀਰ ਅਤੇ ਪੰਜਾਬ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਮੁੱਦਾ ਹੋਰ ਸੂਬਿਆਂ ਨਾਲੋਂ ਐਨ ਵੱਖਰੀ ਤਰ੍ਹਾਂ ਨਾਲ ਜੁੜਿਆ ਹੋਇਆ ਹੈ। ਦੋਹੀਂ ਥਾਈਂ ਸੂਬਿਆਂ ਲਈ ਵੱਧ ਹੱਕਾਂ ਦਾ ਮੁੱਦਾ ਸਦਾ ਅਹਿਮ ਰਿਹਾ ਹੈ ਅਤੇ ਇਨ੍ਹਾਂ ਸੂਬਿਆਂ ਵਿਚ ਤਿੱਖੀਆਂ ਲਹਿਰਾਂ ਵੀ ਉਠੀਆਂ। ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਂ ਉਤੇ ਭਾਜਪਾ ਅਤੇ ਹੋਰ ਕੇਂਦਰਵਾਦੀ ਜਥੇਬੰਦੀਆਂ ਸਦਾ ਘੱਟ ਗਿਣਤੀਆਂ ਦਾ ਘਾਣ ਕਰਦੀਆਂ ਰਹੀਆਂ ਹਨ।æææਤੇ ਘੱਟ ਗਿਣਤੀਆਂ ਬਾਰੇ ਨਰੇਂਦਰ ਮੋਦੀ ਦੇ ਵਿਚਾਰ ਹੁਣ ਕਿਸੇ ਤੋਂ ਲੁਕੇ ਹੋਏ ਨਹੀਂ ਹਨ। 2002 ਵਿਚ ਨਰੇਂਦਰ ਮੋਦੀ ਨੇ ਮੁਸਲਮਾਨਾਂ ਦਾ ਜਿਹੜਾ ਕਤਲੇਆਮ ਹੋ ਲੈਣ ਦਿੱਤਾ, ਉਸ ਦਾ ਸਿੱਧਾ ਜਿਹਾ ਮਤਲਬ ਮੁਸਲਮਾਨਾਂ ਨੂੰ ਸਬਕ ਸਿਖਾਉਣਾ ਸੀ ਕਿ ਇਸ ਦੇਸ਼ ਵਿਚ ਰਹਿਣਾ ਕਿਸ ਤਰ੍ਹਾਂ ਹੈ! 1984 ਵਿਚ ਐਨ ਇਸੇ ਤਰ੍ਹਾਂ ਕਾਂਗਰਸ ਨੇ ਇਸੇ ਤਰ੍ਹਾਂ ਦਾ ਵਿਹਾਰ ਸਿੱਖਾਂ ਨਾਲ ਦਿੱਲੀ ਵਿਚ ਕੀਤਾ ਸੀ।
ਬੇਕਸੂਰਾਂ ਦੇ ਲਹੂ ਨਾਲ ਹੱਥ ਰੰਗਣ ਵਾਲੇ ਇਸ ਸ਼ਖਸ ਨੂੰ ਨਵੀਂ ਜ਼ਿੰਮੇਵਾਰੀ ਸੌਂਪਣ ਦਾ ਬਹੁਤ ਤਿੱਖਾ ਵਿਰੋਧ ਹੋਇਆ ਹੈ, ਪਾਰਟੀ ਦੇ ਅੰਦਰੋਂ ਵੀ ਅਤੇ ਉਤਨੀ ਹੀ ਤੀਖਣਤਾ ਨਾਲ ਬਾਹਰੋਂ ਵੀ। ਪਾਰਟੀ ਦੇ ਅੰਦਰੋਂ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਡਟ ਕੇ ਰੋਸ ਜ਼ਾਹਿਰ ਕੀਤਾ; ਹਾਲਾਂਕਿ ਕਿਸੇ ਵੇਲੇ ਅਡਵਾਨੀ ਦੀ ਗਿਣਤੀ ਵੀ ਕੱਟੜਪੰਥੀਆਂ ਵਿਚ ਹੁੰਦੀ ਸੀ ਅਤੇ ਬਾਬਰੀ ਮਸਜਿਦ ਢਾਹੁਣ ਦੇ ਅਮਲ ਨੂੰ ਉਹ ਹੀ ਆਪਣੀ ਰੱਥ ਯਾਤਰਾ ਰਾਹੀਂ ਸਿਖਰ ਉਤੇ ਲੈ ਕੇ ਗਏ ਸਨ। ਪਾਰਟੀ ਦੇ ਬਾਹਰੋਂ ਸਭ ਤੋਂ ਤਿੱਖਾ ਪ੍ਰਤੀਕਰਮ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐਨæਡੀæਏæ) ਵਿਚ ਸ਼ਾਮਲ ਜਨਤਾ ਦਲ (ਯੂæ) ਦਾ ਆਇਆ ਹੈ। ਇਸ ਨੇ ਐਨæਡੀæਏæ ਨਾਲੋਂ ਤੋੜ-ਵਿਛੋੜਾ ਕਰ ਲਿਆ ਹੈ; ਪਰ ਭਾਜਪਾ ਅੰਦਰ ਜਦੋਂ ਦਾ ਮੋਦੀ ਪਿੱਛੇ ਇਹ ਕਲੇਸ਼ ਪਿਆ ਹੈ, ਆਪਣੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬਿਆਂ ਲਈ ਵੱਧ ਹੱਕ ਮੰਗਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਸ਼ਰਤ ਮੋਦੀ ਅਤੇ ਐਨæਡੀæਏæ ਦੀ ਹਮਾਇਤ ਦਾ ਐਲਾਨ ਕੀਤਾ। ਉਹ ਤਾਂ ਸਗੋਂ ਇਹ ਕਹਿਣ ਤੱਕ ਚਲੇ ਗਏ ਹਨ ਕਿ ਜਨਤਾ ਦਲ (ਯੂæ) ਦਾ ਐਨæਡੀæਏæ ਨਾਲੋਂ ਇਹ ਤੋੜ-ਵਿਛੋੜਾ ਵਕਤੀ ਹੈ। ਜਨਤਾ ਦਲ (ਯੂ) ਦੇ ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਨਾਉਣ ਲਈ ਵੀ ਉਨ੍ਹਾਂ ਪੂਰਾ ਜ਼ੋਰ ਲਾਇਆ ਹੈ। ਅਸਲ ਵਿਚ ਸ਼ ਬਾਦਲ ਸਦਾ ਸੱਤਾ ਦੇ ਸ਼ਾਹਸਵਾਰ ਰਹੇ ਹਨ। ਸੱਤਾ ਅਤੇ ਚੋਣਾਂ/ਵੋਟਾਂ ਲਈ ਉਹ ਸੂਬਿਆਂ ਨੂੰ ਵੱਧ ਹੱਕਾਂ, 1984 ਦੇ ਸਿੱਖ ਕਤਲੇਆਮ, ਕੇਂਦਰ ਦੇ ਵਿਤਕਰੇ ਤੇ ਹੋਰ ਮੁੱਦੇ ਗਾਹੇ-ਬਗਾਹੇ ਚੁੱਕਦੇ ਰਹੇ ਹਨ। ਇਸ ਸੱਤਾ ਕਰ ਕੇ ਹੀ ਉਹ ਭਾਜਪਾ ਦੇ ਨੇੜੇ ਗਏ ਅਤੇ ਪੰਜਾਬ ਵਿਚ ਇਸ ਪਾਰਟੀ ਦੇ ਪੈਰ ਬੰਨ੍ਹਣ ਵਿਚ ਸਹਾਈ ਹੋਏ। ਅਕਾਲੀ-ਭਾਜਪਾ ਗਠਜੋੜ ਤੋਂ ਪਹਿਲਾਂ ਭਾਜਪਾ ਨੂੰ ਪੰਜਾਬ ਵਿਚ ਕੋਈ ਪੁੱਛਦਾ ਤੱਕ ਨਹੀਂ ਸੀ। ਅੱਜ ਇਹ ਪਾਰਟੀ ਚੋਣਾਂ ਜਿੱਤ ਰਹੀ ਹੈ ਅਤੇ ਸੂਬੇ ਦੇ ਕੋਨੇ ਕੋਨੇ ਵਿਚ ਵੀ ਪੁੱਜ ਗਈ ਹੈ। ਪਹਿਲਾਂ ਆਮ ਕਰ ਕੇ ਸ਼ਹਿਰਾਂ ਵਿਚ ਕਾਂਗਰਸ ਅਤੇ ਪਿੰਡਾਂ ਵਿਚ ਅਕਾਲੀ ਦਲ ਦਾ ਦਬ-ਦਬਾ ਮੰਨਿਆ ਜਾਂਦਾ ਸੀ। ਹੁਣ ਭਾਜਪਾ, ਸ਼ਹਿਰਾਂ ਵਿਚ ਕਾਂਗਰਸ ਦੇ ਐਨ ਬਰਾਬਰ ਤੁਲਦੀ ਹੈ। ਖੈਰ! ਬਾਦਲ ਦਾ ਫਰਜ਼ੰਦ ਸੁਖਬੀਰ ਤਾਂ ਹੁਣ ਲਗਾਤਾਰ 25 ਸਾਲ ਰਾਜ ਕਰਨ ਦੇ ਸੁਪਨੇ ਦੇਖ ਰਿਹਾ ਹੈ। ਇਸ ਦੌਰਾਨ ਇਨ੍ਹਾਂ ਬਾਪ-ਬੇਟੇ ਨੂੰ ਨਰੇਂਦਰ ਮੋਦੀ ਦਾ ਘੱਟ ਗਿਣਤੀ ਵਿਰੋਧੀ ਹੋਣਾ ਵੀ ਰੜਕਦਾ ਨਹੀਂ ਹੈ। ਹਾਲਾਤ ਦੀ ਸਿਤਮਜ਼ਰੀਫੀ ਇਹ ਹੈ ਕਿ ਲਹੂ ਲਿਬੜੇ ਹੱਥ ਲੈ ਕੇ ਬਿਨਾਂ ਕਿਸੇ ਪਛਤਾਵੇ ਦੇ, ਦੇਸ਼ ਭਰ ਵਿਚ ਘੁੰਮਦੇ ਫਿਰ ਰਹੇ ਨਰੇਂਦਰ ਮੋਦੀ ਦੀ ਸਿਆਸਤ ਦਾ ਫਿਲਹਾਲ ਕੋਈ ਤੋੜ ਨਹੀਂ ਹੈ। ਕਾਂਗਰਸ ਦੇ ਹੱਥ ਖੁਦ ਬੇਕਸੂਰਾਂ ਦੇ ਲਹੂ ਨਾਲ ਰੰਗੇ ਪਏ ਹਨ। ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਜੇ ਮੋਦੀ ਵਾਲੀ ਧਿਰ ਜਿੱਤਦੀ ਹੈ ਤਾਂ ਇਸ ਵਿਚ ਮੋਦੀ-ਕਿਆਂ ਦਾ ਰੋਲ ਭਾਵੇਂ ਘੱਟ ਹੋਵੇ ਜਾਂ ਵੱਧ, ਪਰ ਕਾਂਗਰਸ ਦਾ ਪੂਰਾ ਯੋਗਦਾਨ ਹੋਵੇਗਾ। ਜਿਹੜੀ ਪਾਰਟੀ ਡਾæ ਮਨਮੋਹਨ ਸਿੰਘ ਵਰਗੇ ਪਿਆਦਿਆਂ ਦੇ ਸਿਰ ‘ਤੇ 10 ਸਾਲ ਦੇਸ਼ ਦੀ ਵਾਗਡੋਰ ਸੰਭਾਲ ਸਕਦੀ ਹੈ, ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ!

Be the first to comment

Leave a Reply

Your email address will not be published.