ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਉਤੇ ਸਿਆਸਤ ਭਖੀ

ਨਵੀਂ ਦਿੱਲੀ: ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਪਰਵਾਸੀ ਦਲਿਤ ਬੱਚੀ ਦੇ ਜਬਰ ਜਨਾਹ ਅਤੇ ਹੱਤਿਆ ਦੀ ਘਟਨਾ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਹਨ। ਭਾਜਪਾ ਨੇ ਹੁਸ਼ਿਆਰਪੁਰ ਦੇ ਟਾਂਡਾ ‘ਚ ਪਰਵਾਸੀ ਬੱਚੀ ਦੇ ਜਬਰ ਜਨਾਹ ਅਤੇ ਹੱਤਿਆ ‘ਤੇ ਕਾਂਗਰਸ ਨੇਤਾਵਾਂ ਦੀ ਚੁੱਪੀ ਉਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੂੰ ਨਿਸ਼ਾਨੇ ਉਤੇ ਲਿਆ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੜੇਕਰ ਨੇ ਵਿਸ਼ੇਸ਼ ਤੌਰ ‘ਤੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ

ਹਾਥਰਸ ‘ਤੇ ਅੰਦੋਲਨ ਕਰਨ ਵਾਲੇ ਰਾਹੁਲ ਗਾਂਧੀ ਹੁਸ਼ਿਆਰਪੁਰ ਕਿਉਂ ਨਹੀਂ ਜਾਂਦੇ, ਜਿਸ ‘ਤੇ ਪੰਜਾਬ ਕਾਂਗਰਸ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਦੋਹਾਂ ਘਟਨਾਵਾਂ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਜਿਥੇ ਉਤਰ ਪ੍ਰਦੇਸ਼ ਪ੍ਰਸ਼ਾਸਨ ਹਾਥਰਸ ਮਾਮਲਾ ਦਬਾ ਰਹੀ ਸੀ, ਉਥੇ ਪੰਜਾਬ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਉਸ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੀ ਹੈ।
ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਰੈਲੀਆਂ ਦੀ ਥਾਂ ‘ਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਜਾਵੜੇਕਰ ਨੇ ਕਿਹਾ ਕਿ ਜੋ ਲੋਕ ਹਾਥਰਸ ਦੀ ਘਟਨਾ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ, ਉਹ ਟਾਂਡਾ ਦੀ ਘਟਨਾ ਉਤੇ ਚੁੱਪ ਕਿਉਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਗੱਲ-ਗੱਲ ‘ਤੇ ਟਵੀਟ ਕਰਨ ਵਾਲੇ ਨੇਤਾ ਰਾਹੁਲ ਗਾਂਧੀ ਦਾ ਇਸ ਮਾਮਲੇ ‘ਚ ਕੋਈ ਟਵੀਟ ਤੱਕ ਨਹੀਂ ਆਇਆ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਕਾਂਗਰਸ ਸ਼ਾਸਿਤ ਰਾਜਾਂ ‘ਚ ਹੋ ਰਹੇ ਜੁਰਮਾਂ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੇਖਣਾ ਹੀ ਨਹੀਂ ਚਾਹੁੰਦੇ। ਸੀਤਾਰਮਨ ਨੇ ਤਲਖ ਲਫਜ਼ਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਇਸ ਮਾਮਲੇ ‘ਤੇ ਨਾ ਕੋਈ ਟਵੀਟ, ਨਾ ਨਾਰਾਜ਼ਗੀ ਨਾ ਕੋਈ ਪਿਕਨਿਕ। ਵਿੱਤ ਮੰਤਰੀ ਨੇ ਬਿਹਾਰ ‘ਚ ਕਾਂਗਰਸ ਨਾਲ ਗੱਠਜੋੜ ਵਿਚ ਚੋਣਾਂ ਲੜ ਰਹੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੂੰ ਵੀ ਸੁਆਲੀਆ ਲਹਿਜ਼ੇ ‘ਚ ਪੁੱਛਿਆ ਕੀ ਉਹ ਉਸ ਪਰਿਵਾਰ ਪ੍ਰਤੀ ਜਵਾਬਦੇਹ ਨਹੀਂ ਹਨ?
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਅਤੇ ਹਾਥਰਸ ਮਾਮਲੇ ਦੀ ਤੁਲਨਾ ਨੂੰ ਬੇਮਾਅਨੀ ਕਰਦਿਆਂ ਕਿਹਾ ਕਿ ਜਿਥੇ ਉੱਤਰ ਪ੍ਰਦੇਸ਼ ਸਰਕਾਰ ਅਤੇ ਪੁਲਿਸ ਨੇ ਉਚੀ ਜਾਤ ਦੇ ਦੋਸ਼ੀਆਂ ਨੂੰ ਬਚਾਉਣ ਲਈ ਹਾਥਰਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਥੇ ਪੰਜਾਬ ਪੁਲਿਸ ਨੇ ਫੌਰੀ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਹਿਰਾਸਤ ‘ਚ ਲਿਆ ਹੈ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਇਸ ਮਾਮਲੇ ਨੂੰ ਫਾਸਟਟ੍ਰੈਕ ਦੇ ਆਧਾਰ ‘ਤੇ ਸੁਣਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਕੈਪਟਨ ਨੇ ਇਹ ਵੀ ਕਿਹਾ ਕਿ ਕਾਂਗਰਸ ਇਸ ਲਈ ਹਾਥਰਸ ਕਾਂਡ ‘ਚ ਬੋਲਣ ਨੂੰ ਮਜਬੂਰ ਹੋਈ ਕਿਉਂਕਿ ਉਥੋਂ ਦੀ ਸਰਕਾਰ ਦਲਿਤ ਲੜਕੀ ਨੂੰ ਨਿਆਂ ਦਿਵਾਉਣ ‘ਚ ਨਾਕਾਮ ਰਹੀ। ਕੈਪਟਨ ਨੇ ਸੀਤਾਰਮਨ ਅਤੇ ਜਾਵੜੇਕਰ ਦੀ ਪਿਕਨਿਕ ਟੂਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਭਾਜਪਾ ਦੀ ਦਲਿਤ ਵਿਰੋਧੀ ਅਤੇ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਹੈ।