ਜੰਮੂ ਕਸ਼ਮੀਰ: ਹੁਣ ਸਿਆਸੀ ਧਿਰਾਂ ਨੂੰ ਦੇਸ਼ਧ੍ਰੋਹ ਦਾ ਫਤਵਾ!

ਸ੍ਰੀਨਗਰ: ਭਾਜਪਾ ਨੇ ਜੰਮੂ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਰਾਜ ਦੇ ਦਰਜੇ ਦੀ ਬਹਾਲੀ ਲਈ ਇਕਜੁਟ ਹੋਈਆਂ ਸਿਆਸੀ ਧਿਰ ਨੂੰ ਦੇਸ਼ਧ੍ਰੋਹੀ ਐਲਾਨਣ ਲਈ ਸਾਰਾ ਜ਼ੋਰ ਲਾਇਆ ਹੋਇਆ ਹੈ। ਭਾਰਤੀ ਜਨਤਾ ਪਾਰਟੀ ਦਾ ਦਾਅਵਾ ਹੈ ਕਿ ਇਹ ਧਿਰਾਂ ਦੇਸ਼ ਵਿਰੋਧੀ ਏਜੰਡੇ ਉਤੇ ਚੱਲ ਰਹੀਆਂ ਹਨ।

ਜੰਮੂ ਕਸ਼ਮੀਰ ਭਾਜਪਾ ਨੇ ਮੰਗ ਕੀਤੀ ਹੈ ਕਿ ਕੌਮੀ ਝੰਡੇ ਬਾਰੇ ਟਿੱਪਣੀ ਕਰਨ ਦੇ ਦੋਸ਼ ਹੇਠ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਮਹਿਬੂਬਾ ਮੁਫਤੀ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਤਿਰੰਗਾ ਝੰਡਾ ਤਾਂ ਹੀ ਲਹਿਰਾਏਗੀ ਜੇਕਰ ਜੰਮੂ ਕਸ਼ਮੀਰ ਦਾ ਪਹਿਲਾਂ ਵਾਲਾ ਝੰਡਾ ਬਹਾਲ ਕੀਤਾ ਜਾਵੇਗਾ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਕਿਹਾ ਕਿ ਹਾਲ ਹੀ ‘ਚ ਕਾਇਮ ਕੀਤਾ ਗਿਆ ‘ਪੀਪਲਜ਼ ਅਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ’ (ਪੀ.ਏ.ਜੀ.ਡੀ.) ਇਕ ਭਾਜਪਾ ਵਿਰੋਧੀ ਮੰਚ ਹੈ ਨਾ ਕਿ ਦੇਸ਼ ਵਿਰੋਧੀ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਲੋਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੀ.ਏ.ਜੀ.ਡੀ. ਇਕ ਦੇਸ਼ ਵਿਰੋਧੀ ਮੰਚ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸੱਚ ਨਹੀਂ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਾਜਪਾ ਵਿਰੋਧੀ ਹੈ ਪਰ ਇਹ ਦੇਸ਼ ਵਿਰੋਧੀ ਨਹੀਂ ਹੈ।’
ਫਾਰੂਕ ਅਬਦੁੱਲ੍ਹਾ ਨੇ ਕਿਹਾ ਕਿ ਭਾਜਪਾ ਨੇ ਧਾਰਾ 370 ਰੱਦ ਕਰਕੇ ਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡ ਕੇ ਸੰਘੀ ਢਾਂਚੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਟੀਚਾ ਹੈ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਹੋਣ।
ਇਸ ਐਲਾਨਨਾਮੇ ਮੁਤਾਬਕ ਇਨ੍ਹਾਂ ਸਿਆਸੀ ਧਿਰਾਂ ਨੇ ਜੰਮੂ ਕਸ਼ਮੀਰ ਵਿਚ ਧਾਰਾ-370 ਅਤੇ 35 ਏ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਐਲਾਨਨਾਮੇ ਨੂੰ ਦੇਸ਼ ਵਿਰੋਧੀ ਕਰਾਰ ਦੇ ਦਿੱਤਾ ਹੈ। ਫਾਰੁਕ ਅਬਦੁੱਲਾ ਨੇ ਸਪੱਸ਼ਟ ਕੀਤਾ ਹੈ ਕਿ ਗੁਪਕਾਰ ਐਲਾਨਨਾਮੇ ਬਾਰੇ ਬਣਾਇਆ ਸੰਗਠਨ ਭਾਜਪਾ ਵਿਰੋਧੀ ਹੈ, ਦੇਸ਼ ਵਿਰੋਧੀ ਨਹੀਂ ਹੈ।