ਗੁਰਮਤਿ ਸੰਗੀਤ ਦੀ ਕਾਵਿਕ ਤੇ ਕਲਾਸਿਕ ਹਸਤੀ: ਡਾ. ਗੁਰਨਾਮ ਸਿੰਘ

ਭਾਈ ਮਰਦਾਨਾ ਯਾਦਗਾਰੀ ਗੁਰਮਤਿ ਸੰਗੀਤ ਪੁਰਸਕਾਰ ਮਿਲਣ ਮੌਕੇ
ਪ੍ਰੋ. ਕੁਲਵੰਤ ਸਿੰਘ ਔਜਲਾ
ਫੋਨ: 91-84377-88856
ਗੁਰਮਤਿ ਸੰਗੀਤ ਦਾ ਵੱਡਾ ਤੇ ਵੱਡਆਕਾਰੀ ਨਾਮ ਹੈ ਡਾ. ਗੁਰਨਾਮ ਸਿੰਘ। ਡਾ. ਗੁਰਨਾਮ ਸਿੰਘ ਨੇ ਲਗਾਤਾਰ ਮਿਹਨਤ ਤੇ ਸਮਰਪਣ ਦੇ ਰੂਹੀ ਰਿਆਜ਼ ਨਾਲ ਕਮਾਇਆ ਹੈ ਇਹ ਨਾਮ। ਪਰਿਵਾਰ ਵਿਚੋਂ ਪ੍ਰਾਪਤ ਹੋਈ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਮੌਲਿਕ ਤੇ ਮਾਣਯੋਗ ਸ਼ਨਾਖਤ ਦੀਆਂ ਬੁਲੰਦੀਆਂ ਤੀਕ ਲਿਜਾਣਾ ਉਸ ਦੀ ਬਹੁਪੱਖੀ ਪ੍ਰਤਿਭਾ ਦਾ ਹਾਸਲ ਹੈ। ਉਨ੍ਹਾਂ ਦੇ ਪਿਤਾ ਭਾਈ ਉਤਮ ਸਿੰਘ ਪਤੰਗ ਤੇ ਵੱਡੇ ਭਾਈ ਡਾ. ਜਾਗੀਰ ਸਿੰਘ ਦੀ ਪੰਜਾਬ ਸਰਕਾਰ ਵਲੋਂ ਸ਼ਿਰੋਮਣੀ ਰਾਗੀ ਪੁਰਸਕਾਰ ਨਾਲ ਸਨਮਾਨਿਤ ਹਸਤੀਆਂ ਹਨ। ਦੋਹਾਂ ਮਾਣਯੋਗ ਹਸਤੀਆਂ ਨੇ ਗੁਰਮਤਿ ਸੰਗੀਤ ਦੀਆਂ ਪਰੰਪਰਕ ਰਵਾਇਤਾਂ ਤੇ ਰਾਗਦਾਰੀਆਂ ਨੂੰ ਰੱਜ ਕੇ ਜੀਵਿਆ ਤੇ ਗਾਇਆ, ਪਰ ਪਰਿਵਾਰ ਦੀ ਗੁਰਮਤਿ ਸੰਗੀਤ ਪਰੰਪਰਾ ਨੂੰ ਖਾਨਦਾਨੀ ਘਰਾਣੇ ਦੀ ਸਨਦ ਅਤੇ ਸ਼ਨਾਖਤ ਵਿਚ ਢਾਲਣ ਦਾ ਮਾਣ ਤੇ ਮੋਹ ਡਾ. ਗੁਰਨਾਮ ਸਿੰਘ ਦੀ ਗੁਣਵੰਤ ਪ੍ਰਤਿਭਾ ਦੇ ਹਿੱਸੇ ਆਇਆ ਹੈ।

ਬਹੁਪਾਸਾਰੀ ਸ਼ਖਸੀਅਤ ਦੇ ਮਾਲਕ ਡਾ. ਗੁਰਨਾਮ ਸਿੰਘ ਗੁਰਮਤਿ ਸੰਗੀਤ ਦੀ ਸਿਧਾਂਤਕਾਰੀ ਤੇ ਸੰਵੇਦਨਾ ਦੇ ਗਹਿਰੇ ਤੇ ਗਗਨਮੁਖੀ ਵਿਦਵਾਨ ਹਨ। ਅਨੇਕਾਂ ਪੁਸਤਕਾਂ, ਖੋਜ ਪੱਤਰਾਂ ਤੇ ਪ੍ਰਸਤੁਤੀਆਂ ਦੇ ਮਾਲਕ ਇਸ ਪਿਆਰੇ ਇਨਸਾਨ ਦੀ ਰੂਹ ਵਿਚ ਖੋਜ, ਖਾਬ ਤੇ ਖਬਤ ਦੀ ਮਿਸ਼ਰਤ ਧੁਨੀ ਹੈ। ਗੁਰਮਤਿ ਸੰਗੀਤ ਲਈ ਸੁਪਨੇ ਲੈਣਾ ਅਤੇ ਫਿਰ ਸਹਿਜ ਤੇ ਸਿਰੜ ਨਾਲ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਿਰੰਤਰ ਯਤਨ ਕਰਨਾ ਡਾ. ਗੁਰਨਾਮ ਸਿੰਘ ਦਾ ਸੁਭਾਅ ਹੈ। ਡਾ. ਗੁਰਨਾਮ ਸਿੰਘ ਗੁਰਮਤਿ ਸੰਗੀਤ ਦਾ ਧੜਕਦਾ ਵਿਸ਼ਵਕੋਸ਼ ਹੈ। ਸਮਕਾਲ ਵਿਚ ਉਸ ਵਰਗੀ ਵਿਲੱਖਣ ਤੇ ਵਡਭਾਗੀ ਸ਼ਖਸੀਅਤ ਹੋਰ ਕੋਈ ਨਹੀਂ। ਉਨ੍ਹਾਂ ਜਿਹਾ ਹੋਣ ਨੂੰ ਹਰ ਇਕ ਦਾ ਜੀਅ ਕਰਦਾ ਹੈ। ਉਨ੍ਹਾਂ ਜਿਹਾ ਹੋਣਾ ਪਰ ਬਹੁਤ ਔਖਾ ਹੈ। ਉਨ੍ਹਾਂ ਜਿਹੀ ਕਾਵਿਕ, ਕਰਮਸ਼ੀਲ ਤੇ ਕੁਦਰਤੀ ਬਿਰਤੀ ਵਿਰਲਿਆਂ ਨੂੰ ਨਸੀਬ ਹੁੰਦੀ ਹੈ। ਉਨ੍ਹਾਂ ਕੋਲ ਜੰਗਲ ਵਿਚ ਮੰਗਲ ਲਾਉਣ ਦੀ ਸੁਪਨਗੋਈ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਗੁਰਮਤਿ ਸੰਗੀਤ ਵਿਭਾਗ ਚੇਅਰ ਦਾ ਸੁਪਨਾ ਉਨ੍ਹਾਂ ਦਾ ਹੱਥੀਂ ਲਾਇਆ ਬੂਟਾ ਹੈ। ਇਸ ਬੂਟੇ ਨੂੰ ਰੋਜ਼ ਸਿੰਜਣਾ ਤੇ ਬੱਚਿਆਂ ਵਾਂਗ ਉਸ ਨੂੰ ਪਾਲਣਾ ਉਸ ਦਾ ਪੱਕਾ ਨਿਤਨੇਮ ਰਿਹਾ। ਇਸ ਘਣਛਾਵੇਂ ਬੂਟੇ ਦੀ ਸੁਰਵੰਤ ਖੁਸ਼ਬੂ ਹੁਣ ਅੰਬਰਾਂ ਨੂੰ ਛੂੰਹਦੀ ਹੈ। ਗੁਰਮਤਿ ਸੰਗੀਤ ਚੇਅਰ ਵਿਭਾਗ ਤੇ ਡਾ. ਗੁਰਨਾਮ ਸਿੰਘ ਇਕ ਦੂਜੇ ਵਿਚ ਘੁਲ ਮਿਲ ਗਏ ਹਨ। ਵੱਖ ਕਰਨਾ ਅਸੰਭਵ ਹੈ। ਪਾਕ ਤੇ ਪੱਕੀਆਂ ਸੰਗੀਤਕ ਰੂਹਾਂ ਹਮੇਸ਼ਾ ਇਸ ਸੁਰਮਈ ਤੇ ਸਹਿਜ ਆਲੇ ਦੁਆਲੇ ਵਿਚੋਂ ਡਾ. ਗੁਰਨਾਮ ਸਿੰਘ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਲੱਭਦੀਆਂ ਤੇ ਪਛਾਣਦੀਆਂ ਰਹਿਣਗੀਆਂ। ਹਵਾ ਵਿਚ ਲਿਖੇ ਹਰਫਾਂ ਨੇ ਸਦੀਵੀ ਤੇ ਸਦਾਬਹਾਰ ਯਾਦ ਵਜੋਂ ਧੜਕਦੇ ਤੇ ਮਹਿਕਦੇ ਰਹਿਣਾ ਹੁੰਦਾ ਹੈ।
ਡਾ. ਗੁਰਨਾਮ ਸਿੰਘ ਦਾ ਹਰ ਕਾਰਜ ਭਵਿਖਮੁਖੀ ਤੇ ਸੁਹੰਢਣਾ ਹੈ। ਘਰ ਵਿਚ ਸੰਗੀਤਕ ਮਾਹੌਲ ਸੀ। ਡਾ. ਗੁਰਨਾਮ ਸਿੰਘ ਨੇ ਇਸ ਮਾਹੌਲ ਨੂੰ ਜੀਵਨ ਮਕਸਦ ਬਣਾ ਕੇ ਪੜਾਅ ਦਰ ਪੜਾਅ ਤਰੱਕੀ ਕੀਤੀ ਹੈ। ਮੈਂ ਉਨ੍ਹਾਂ ਨੂੰ ਸਹਿਜੇ ਸਹਿਜੇ ਇਸ ਸਫਰ ਨੂੰ ਸਿਦਕ ਤੇ ਸਾਧਨਾ ਨਾਲ ਸਰ ਕਰਦੇ ਵੇਖਿਆ ਹੈ। ਹੁਣ ਉਸ ਕੋਲ ਸੰਗੀਤਕ ਅੰਬਰ ਦੇ ਧਰੂ ਤਾਰੇ ਹੋਣ ਦਾ ਰੁਤਬਾ ਤੇ ਰੌਸ਼ਨੀ ਹੈ। ਸੰਗੀਤ, ਸਾਜਿੰਦਗੀ ਤੇ ਸ਼ਾਸ਼ਤਾਰਥ ਦੀ ਮਹੀਨ ਤੇ ਮਾਹਿਰ ਨਜ਼ਰ ਹੈ ਉਨ੍ਹਾਂ ਕੋਲ। ਸਿਧਾਂਤਕ ਤੇ ਅਕਾਦਮਿਕ ਗਹਿਰ ਗੰਭੀਰਤਾ ਦੇ ਨਾਲ ਨਾਲ ਗਾਇਨ ਕਲਾ ਦੀ ਬਿਰਤੀ ਤੇ ਬਖਸ਼ਿਸ਼ ਉਨ੍ਹਾਂ ਦੀ ਖੁਸ਼ਨਸੀਬੀ ਹੈ। ਕਲਾ ਤੇ ਸਿਧਾਂਤ ਦਾ ਸੁਮੇਲ ਥੋੜ੍ਹਿਆਂ ਕੋਲ ਹੁੰਦਾ। ਡੂੰਘੀ, ਭਰਵੀਂ ਤੇ ਲੈਆਤਮਕ ਅਵਾਜ਼ ਦੇ ਮਾਲਕ ਡਾ. ਗੁਰਨਾਮ ਸਿੰਘ ਡੁੱਬ ਕੇ ਗਾਉਣ ਦੀ ਮੁਹਾਰਤ ਦੇ ਮਾਲਕ ਹਨ। ਬਹੁਤ ਸਾਰੀਆਂ ਗੁਰਮਤਿ ਸੰਗੀਤ ਦੀਆਂ ਕੈਸੇਟਾਂ ਤੋਂ ਬਿਨਾ ਉਸ ਨੇ ਦੇਸ਼-ਵਿਦੇਸ਼ ਵਿਚ ਆਪਣੀ ਗਾਇਨ ਕਲਾ ਨਾਲ ਜੱਸ ਪ੍ਰਾਪਤ ਕੀਤਾ ਹੈ। ਉਨ੍ਹਾਂ ਨੂੰ ਅਨੇਕਾਂ ਵਾਰ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਦੀਵਾਨ ਹਾਲ, ਮੰਜੀ ਸਾਹਿਬ ਵਿਖੇ ਹੁੰਦੇ ਵਾਰਸ਼ਿਕ ਰਾਗ ਦਰਬਾਰਾਂ ਵਿਚ ਕੀਰਤਨ ਕਰਨ ਦਾ ਫਖਰ ਮਿਲਿਆ ਹੈ। ਇਨ੍ਹਾਂ ਦੋਵਾਂ ਪਾਕ ਅਸਥਾਨਾਂ ਉਤੇ ਰੂਹ, ਰਮਜ਼ ਤੇ ਰਾਗ ਸੰਗ ਭਿੱਜ ਕੇ ਕੀਰਤਨ ਕਰਦੇ ਡਾ. ਗੁਰਨਾਮ ਸਿੰਘ ਦੇ ਚਿਹਰੇ ਦਾ ਜਲਵਾ-ਏ-ਨੂਰ ਮੈਂ ਦੇਖਿਆ ਤੇ ਮਾਣਿਆ ਹੈ। ਨੇੜਤਾ ਤੇ ਨਿਹੁੰ ਸਦਕਾ ਮੇਰਾ ਮਨ ਉਨ੍ਹਾਂ ਦੀਆਂ ਬਾਤਰੰਨਮੀ ਤੇ ਬੇਹਤਰੀਨ ਪੇਸ਼ਕਾਰੀਆਂ ਦੇਖ ਕੇ ਪਸੀਜਦਾ ਰਿਹਾ ਹੈ। ਡਾ. ਗੁਰਨਾਮ ਸਿੰਘ ਆਕਰਸ਼ਕ ਤੇ ਅਨੁਭਵੀ ਪੇਸ਼ਕਾਰ ਹਨ। ਉਨ੍ਹਾਂ ਦੀ ਗਾਇਨ ਸ਼ੈਲੀ ਦਾ ਅੰਦਾਜ਼ ਤੇ ਅਦਾਇਗੀ ਟੁੰਬਦੀ ਹੈ। ਸ਼ਬਦਾਂ ਦੀ ਚੋਣ, ਉਚਾਰਨ, ਮੌਕੇ ਅਤੇ ਮਾਹੌਲ ਅਨੁਸਾਰ ਸ਼ਬਦਾਂ ਨੂੰ ਰਾਗਬੱਧ ਵਿਉਂਤ ਵਿਚ ਢਾਲਣ ਦੀ ਸੂਝ ਅਤੇ ਠਹਿਰਾਉ ਉਨ੍ਹਾਂ ਦੀ ਗਾਇਨ ਕਲਾ ਦਾ ਗੌਰਵ ਹਨ। ਰਾਗਾਤਮਕ ਲੈਅ ਤੇ ਲੈਆਤਮਕ ਲਿਵ ਡਾ. ਗੁਰਨਾਮ ਸਿੰਘ ਦੇ ਗਾਇਨ ਸੁਭਾਅ ਦੀ ਸੁਰਵੰਤ ਸਨਦ ਹੈ।
ਅਵੇਸਲੀ ਤੇ ਅਵਸਰਵਾਦੀ ਹੋ ਗਈ ਗੁਰਮਤਿ ਸੰਗੀਤ ਪਰੰਪਰਾ ਨੂੰ ਮੁੜ ਰਾਗਾਤਮਕ ਲੀਹਾਂ ‘ਤੇ ਲਿਆਉਣ ਦੀ ਲੋੜ ਹੈ ਤੇ ਲੈਅ ਜਾਗ੍ਰਿਤ ਕਰਕੇ ਡਾ. ਗੁਰਨਾਮ ਸਿੰਘ ਨੇ ਇਤਿਹਾਸਕ ਰੋਲ ਨਿਭਾਇਆ ਹੈ। ਤੰਤੀ ਸਾਜ਼ਾਂ ਦਾ ਗਿਆਨ ਵੰਡਿਆ ਅਤੇ ਗਿਆਨ ਨੂੰ ਅਮਲ ਵਿਚ ਲਿਆਉਣ ਲਈ ਤੰਤੀ ਸਾਜ਼ ਵਜਾਉਣ ਵਾਲੇ ਹੁਨਰਮੰਦ ਸ਼ਾਗਿਰਦ ਤੇ ਸਾਥੀ ਪੈਦਾ ਕੀਤੇ। ਜਿਸ ਕਰਕੇ ਤੰਤੀ ਸਾਜ਼ਾਂ ਦੀ ਮੰਗ ਤੇ ਮਹੱਤਤਾ ਵਧੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਦੀ ਅਰੰਭਤਾ ਹੋਈ। ਰਾਗ ਦਰਬਾਰਾਂ ਦੀ ਰਵਾਇਤ ਪ੍ਰਚਲਿਤ ਹੋਈ। ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨੂੰ ਕਿੱਤੇ ਵਜੋਂ ਅਪਨਾਇਆ। ਇਸ ਬਹੁਮੰਤਵੀ ਲਹਿਰ ਤੇ ਲੋਅ ਜਗਾਉਣ ਹਿਤ ਡਾ. ਗੁਰਨਾਮ ਸਿੰਘ ਦਾ ਰੋਲ ਦਿੱਲੀ ਪ੍ਰਸ਼ੰਸਾ ਦਾ ਲਖਾਇਕ ਹੈ। ਸਨੇਹ, ਸਹਿਯੋਗ, ਸੰਵੇਦਨਾ ਤੇ ਸੁਪਨਸ਼ੀਲ ਸੰਸਥਾ ਦਾ ਰੂਪ ਤੇ ਰੂਪਕ ਹਨ ਡਾ. ਗੁਰਨਾਮ ਸਿੰਘ।
ਡਾ. ਗੁਰਨਾਮ ਸਿੰਘ ਦੀ ਰੂਹ ਵਿਚ ਸ਼ਾਇਰਾਨਾ ਸਿਨਫ ਤੇ ਸੰਵੇਦਨਾ ਧੜਕਦੀ ਹੈ। ਖਾਬਾਂ ਤੇ ਖਿਆਲਾਂ ਨੂੰ ਜਿਉਣਾ ਉਨ੍ਹਾਂ ਦੀ ਜੀਵਨ ਜਾਚ ਹੈ। ਕੁਝ ਨਾ ਕੁਝ ਕਰੀ ਜਾਣ ਦੀ ਤਲਬ ਤੇ ਤਮੰਨਾ ਉਨ੍ਹਾਂ ਨੂੰ ਟਿਕਣ ਨਹੀਂ ਦਿੰਦੀ। ਟਿਕ ਕੇ ਕੰਮ ਕਰਨ ਦਾ ਟਿਕਾਉ ਨਾਲ ਨਾਲ ਰਹਿੰਦਾ ਹੈ। ਉਹ ਆਦਰਸ਼ ਅਧਿਆਪਕ, ਪ੍ਰਬੀਨ ਪ੍ਰਬੰਧਕ ਤੇ ਵੇਦਾਂਤੀ ਵਿਉਂਤਕਾਰ ਹਨ। ਵਕਤ, ਸਦਾਚਾਰ ਅਤੇ ਸਹਿਜ ਦੇ ਪਾਬੰਦ। ਮਨੋਰਥ ਨੂੰ ਇਸ਼ਟ, ਇਕਾਗਰਤਾ ਤੇ ਇਬਾਦਤ ਵਿਚ ਲੀਨ ਕਰਨ ਦੇ ਮਾਹਿਰ। ਉਨ੍ਹਾਂ ਦਾ ਮਿਆਰੀ ਕੰਮ ਬੋਲਦਾ ਹੈ।
ਗੁਰਮਤਿ ਸੰਗੀਤ ਚੇਅਰ ਦੇ ਅਧੀਨ ਬਹੁਤ ਸਾਰੇ ਸੁਪਨਈ ਕਾਰਜ ਵੀ ਕੀਤੇ ਅਤੇ ਯੂਨੀਵਰਸਿਟੀ ਦੇ ਉਚੇਰੇ ਅਕਾਦਮਿਕ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ। ਗੁਰਮਤਿ ਦੀ ਆਨ ਲਾਈਨ ਸਿੱਖਿਆ ਦੇ ਕੋਰਸ, ਐਮ. ਏ. ਦੀ ਪੜ੍ਹਾਈ ਅਤੇ ਪੀਐਚ.ਡੀ. ਦੇ ਖੋਜ ਕਾਰਜਾਂ ਨੂੰ ਪੂਰੀ ਦਿਆਨਤਦਾਰੀ ਨਾਲ ਅਗਵਾਈ ਦੇ ਕੇ ਵਿਦਿਆਰਥੀਆਂ ਨੂੰ ਭਵਿਖਮੁਖੀ ਕਿੱਤਿਆਂ ਨਾਲ ਜੋੜਨਾ ਉਨ੍ਹਾਂ ਦਾ ਬਾਕਮਾਲ ਯੋਗਦਾਨ ਹੈ। ਵਿਦਿਆਰਥੀਆਂ ਨਾਲ ਬੱਚਿਆਂ ਵਾਂਗ ਮੋਹ ਵੀ ਕਰਨਾ ਤੇ ਉਨ੍ਹਾਂ ਨੂੰ ਕੰਮ ਪ੍ਰਤੀ ਕਰੜੇ ਅਨੁਸ਼ਾਸਨ ਤੇ ਸੰਜਮ ਵਿਚ ਪਰੋ ਕੇ ਵੀ ਰੱਖਣਾ ਉਨ੍ਹਾਂ ਦਾ ਅਧਿਆਪਕੀ ਧਰਮ ਰਿਹਾ ਹੈ। ਇਸੇ ਕਰਕੇ ਵਿਦਿਆਰਥੀ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਆਦਰਸ਼ਕ ਰਹਿਬਰ ਤੇ ਰਾਹਦਸੇਰਾ ਮੰਨਦੇ ਹਨ। ਵਿਭਾਗ ਤੋਂ ਬਿਨਾ ਆਪਣੇ ਘਰ ਲਿਜਾ ਕੇ ਕਈ ਕਈ ਘੰਟੇ ਸੰਗੀਤ ਦਾ ਰਿਆਜ਼ ਕਰਾਉਣਾ ਉਨ੍ਹਾਂ ਦਾ ਪਾਬੰਦ ਸਲੀਕਾ ਹੈ।
ਡਾ. ਗੁਰਨਾਮ ਸਿੰਘ ਦੀ ਰੂਹ ਵਿਚ ਰਾਗ ਹਨ। ਰਾਗ ਵਿਦਿਆ ਤੇ ਵਿਹਾਰ ਨਾਲ ਉਨ੍ਹਾਂ ਦਾ ਪੱਕਾ ਨਾਮ ਜੁੜ ਗਿਆ ਹੈ। ਰਾਗ ਨੂੰ ਹਰ ਕੋਣ ਤੋਂ ਸਮਝਣ, ਜਾਣਨ ਤੇ ਮਾਣਨ ਦੀ ਮੁਹਾਰਤ ਦੇ ਮਾਲਕ ਡਾ. ਗੁਰਨਾਮ ਸਿੰਘ ਨੇ ਗੁਰਬਾਣੀ ਦੇ ਸਾਰੇ ਰਾਗਾਂ ਦਾ ਗਾਇਨ ਕਰਕੇ ਸਾਂਭਣਯੋਗ ਤੇ ਸੁੰਦਰ ਕੰਪੋਜੀਸ਼ਨਾਂ ਸਿਰਜੀਆਂ ਹਨ। ਰਾਗਾਂ ਨੂੰ ਅਵਾਜ਼ ਤੇ ਸਾਜ਼ ਦੇ ਸੁਮੇਲ ਅਤੇ ਸੁਰ-ਸਹਿਜ ਵਿਚ ਭਿਉਂ ਕੇ ਪ੍ਰਸਤੁਤ ਕੀਤਾ। ਉਨ੍ਹਾਂ ਦਾ ਵਡਮੁੱਲਾ ਸੰਗੀਤਕ ਕਾਰਜ ਵੱਡੀ ਪ੍ਰਤਿਭਾ ਦੀ ਨੂਰੀ ਹਿੰਮਤ ਤੇ ਨੂਰਾਨੀ ਹੁਨਰ ਨਾਲ ਭਰਿਆ ਦੁਰਲੱਭ ਹੈ।
ਡਾ. ਗੁਰਨਾਮ ਸਿੰਘ ਨੂੰ ਅਨੇਕਾਂ ਵੱਡੇ ਸਨਮਾਨ ਮਿਲੇ ਹਨ ਅਤੇ ਉਨ੍ਹਾਂ ਨੇ ਬਹੁਤ ਸਾਰੇ ਸਨਮਾਨ ਪ੍ਰਦਾਨ ਵੀ ਕੀਤੇ ਹਨ। ਵਿਭਾਗ ਵਲੋਂ ਗੁਰਮਤਿ ਸੰਗੀਤ ਘਰਾਣਿਆਂ ਦਾ ਹਰ ਸਾਲ ਸਨਮਾਨ ਕਰਨਾ ਅਤੇ ਸੰਗੀਤ ਦੀਆਂ ਨਾਮਾਵਰ ਹਸਤੀਆਂ ਨੂੰ ਸਤਿਕਾਰ ਤੇ ਸਨੇਹ ਦੇਣਾ ਵਿਭਾਗ ਦੀ ਪਰੰਪਰਾ ਰਹੀ ਹੈ। ਆਪਣੇ ਗੁਰੂਆਂ ਤੇ ਸਮਕਾਲੀਆਂ ਦਾ ਮਾਣ ਕਰਨਾ ਉਨ੍ਹਾਂ ਨੂੰ ਆਉਂਦਾ ਹੈ। ਸ਼ਤਾਬਦੀਆਂ, ਸੈਮੀਨਾਰਾਂ ਤੇ ਸੰਗੀਤਕ ਮਹਿਫਿਲਾਂ ਦਾ ਆਯੋਜਨ ਕਰਨਾ ਡਾ. ਗੁਰਨਾਮ ਸਿੰਘ ਨੂੰ ਊਰਜਾ ਦਿੰਦਾ ਰਿਹਾ ਹੈ। ਉਨ੍ਹਾਂ ਦੇ ਸਨਮਾਨਾਂ ਤੇ ਪਦਵੀਆਂ ਦੀ ਲਿਸਟ ਲੰਬੀ ਹੈ। ਉਨ੍ਹਾਂ ਦੀ ਲੰਬੀ ਤੇ ਲੈਅਯੁਕਤ ਘਾਲ ਕਮਾਈ ਦੇ ਸਿੱਟੇ ਵਜੋਂ ਇਹ ਤਮਾਮ ਸ਼ੋਹਰਤਾਂ ਤੇ ਸਤਿਕਾਰ ਉਨ੍ਹਾਂ ਦੇ ਘਰ ਚੱਲ ਕੇ ਆਏ ਹਨ। ਯੂਨੀਵਰਸਿਟੀ ਦੇ ਤਿੰਨ-ਚਾਰ ਮਹਿਕਮਿਆਂ ਦੀ ਡੀਨਸ਼ਿਪ ਤੋਂ ਇਲਾਵਾ ਪਤਾ ਨਹੀਂ ਕਿੰਨੇ ਪ੍ਰਾਜੈਕਟਾਂ, ਕਿੰਨੀਆਂ ਸੰਸਥਾਵਾਂ ਤੇ ਕਿੰਨੇ ਅਦਾਰਿਆਂ ਦੀ ਅਗਵਾਈ ਤੇ ਰਹਿਨੁਮਾਈ ਕਰਨ ਦਾ ਸ਼ਰਫ ਉਨ੍ਹਾਂ ਨੂੰ ਹਾਸਲ ਹੋਇਆ ਹੈ। ਪੰਜਾਬ ਸਰਕਾਰ ਵਲੋਂ ਸ਼ਿਰੋਮਣੀ ਰਾਗੀ, ਭਾਰਤ ਸਰਕਾਰ ਵਲੋਂ ਸੰਗੀਤ ਨਾਟਕ ਅਕਾਦਮੀ ਦਾ ਰਾਸ਼ਟਰਪਤੀ ਪੁਰਸਕਾਰ ਅਤੇ ਬਹੁਤ ਸਾਰੀਆਂ ਦੇਸ਼ ਤੇ ਵਿਦੇਸ਼ ਦੀਆਂ ਸੰਗੀਤਕ, ਧਾਰਮਿਕ ਤੇ ਅਕਾਦਮਿਕ ਸੰਸਥਾਵਾਂ ਵਲੋਂ ਮਿਲੇ ਸਨਮਾਨਾਂ ਦੀ ਗੁਣਾਤਮਕ ਗਿਣਤੀ ਸਿਰ ਉਚਾ ਕਰਦੀ ਹੈ ਅਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਐਲਾਨੇ ਗਏ ਭਾਈ ਮਰਦਾਨਾ ਯਾਦਗਾਰੀ ਗੁਰਮਤਿ ਸੰਗੀਤ ਪੁਰਸਕਾਰ ਨਾਲ ਡਾ. ਗੁਰਨਾਮ ਸਿੰਘ ਦੀ ਕਾਬਲ ਕਾਬਲੀਅਤ ਨੂੰ ਸਮੁੱਚੇ ਸਿੱਖ ਸੰਸਾਰ ਵਲੋਂ ਮਾਨਤਾ ਤੇ ਮੋਹ ਮਿਲਿਆ ਹੈ। ਡਾ. ਗੁਰਨਾਮ ਸਿੰਘ ਦੇ ਪਰਿਵਾਰ ਨਾਲ ਗੂੜ੍ਹੇ ਸਬੰਧ ਤੇ ਸਨੇਹ ਕਰਕੇ ਮੈਨੂੰ ਨਿਜੀ ਰੂਪ ਵਿਚ ਇਸ ਵੱਕਾਰੀ ਤੇ ਵਿਲੱਖਣ ਪੁਰਸਕਾਰ ਮਿਲਣ ਦੀ ਭਾਵੁਕ ਖੁਸ਼ੀ ਹੋਈ ਹੈ। ਸਿੱਟੇ ਵਜੋਂ ਭਾਵਨਾ ਤੇ ਵਜਦ ਦੇ ਵਹਿਣ ਵਿਚ ਮੇਰੇ ਅੰਦਰੋਂ ਡਾ. ਗੁਰਨਾਮ ਸਿੰਘ ਦੀ ਅਦੁੱਤੀ ਤੇ ਆਦਰਯੋਗ ਸ਼ਖਸੀਅਤ ਬਾਰੇ ਪਾਕ ਤੇ ਪੁਰਨੂਰ ਸ਼ਬਦ ਆਪ ਮੁਹਾਰੇ ਰੂਪ ਵਿਚ ਪ੍ਰਗਟ ਹੋਏ ਹਨ। ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨ ਤੇ ਮਹਾਤਮੀ ਪਰੰਪਰਾ ਵਲੋਂ ਮਿਲੀ ਵਡਿਆਈ ਦੇ ਮੁਕਾਬਲੇ ਮੇਰੇ ਸ਼ਬਦ ਕੋਈ ਮੁੱਲ ਨਹੀਂ ਰੱਖਦੇ। ਵੱਡਾ ਹੋਣ ਦੇ ਨਾਤੇ ਆਪਣੇ ਭਰਾਵਾਂ ਵਰਗੇ ਮੋਹ ਖੋਰੇ ਮਿੱਤਰ ਦੀਆਂ ਪ੍ਰਾਪਤੀਆਂ ਵਾਸਤੇ ਮੋਹ ਤੇ ਮੁਬਾਰਕਾਂ ਅਤੇ ਭਵਿੱਖ ਦੇ ਮਜ਼ਬੂਤ ਕਦਮਾਂ ਤੇ ਕੰਮਾਂ ਦੀ ਨਿਰੰਤਰਤਾ ਲਈ ਢੇਰ ਸਾਰੀਆਂ ਅਸੀਸਾਂ ਤੇ ਅਰਜ਼ੋਈਆਂ।
ਗੁਰਮਤਿ ਸੰਗੀਤ ਡਾ. ਗੁਰਨਾਮ ਸਿੰਘ ਦਾ ਅਕੀਦਾ, ਆਦਰਸ਼ ਤੇ ਅੰਬਰ ਹੈ, ਪਰ ਸੰਗੀਤ ਦਾ ਵਿਦਵਾਨ ਤੇ ਵਿਸ਼ੇਸ਼ਗ ਹੋਣ ਦੇ ਨਾਲ ਨਾਲ ਉਹ ਸ਼ਾਸ਼ਤਰੀ, ਲੋਕਧਾਰਾਈ ਤੇ ਗੀਤਾਤਮਕ ਖੇਤਰ ਦਾ ਪਰਬੀਨ ਗਾਇਕ ਵੀ ਹੈ। ਪੂਰੀ ਦੁਨੀਆਂ ਦੇ ਸੰਗੀਤ ਕਲਾਕਾਰਾਂ, ਕਲਾਪ੍ਰੇਮੀਆਂ ਤੇ ਕਦਰਦਾਨਾਂ ਵਿਚ ਉਸ ਦੀ ਮੁਹੱਬਤੀ ਪਛਾਣ ਹੈ। ਸਰਕਾਰੀ, ਗੈਰ ਸਰਕਾਰੀ, ਧਾਰਮਿਕ ਤੇ ਅਕਾਦਮਿਕ ਖੇਤਰ ਦੇ ਸੰਗੀਤਕ ਆਦਾਰੇ ਤੇ ਕਮੇਟੀਆਂ ਡਾ. ਗੁਰਨਾਮ ਸਿੰਘ ਦੀ ਸ਼ਾਨਦਾਰ ਸ਼ਖਸੀਅਤ ਦਾ ਲਾਹਾ ਲੈ ਰਹੀਆਂ ਹਨ। ਸਰਕਾਰਾਂ ਤੇ ਸੰਸਥਾਵਾਂ ਨੂੰ ਸੰਸਥਾ ਵਰਗੀ ਇਸ ਪ੍ਰਤਿਭਾ ਦਾ ਭਵਿਖਮੁਖੀ ਕਾਰਜਾਂ ਲਈ ਸਦਉਪਯੋਗ ਹੀ ਹੈ। ਡਾ. ਗੁਰਨਾਮ ਸਿੰਘ ਦੇ ਉਜਵਲ ਭਵਿਖ ਲਈ ਦੁਆਵਾਂ ਤੇ ਸ਼ੁਭ ਇੱਛਾਵਾਂ।
ਰਲ ਮਿਲ ਕਰੀਏ ਦੁਆਵਾਂ ਸ਼ਬਾ ਖੈਰ ਹੋਵੇ
ਬਤੀਤ ਸੁੱਖਾਂ ਨਾਲ ਉਮਰ ਦਾ ਹਰ ਪਹਿਰ ਹੋਵੇ
ਨਾ ਵਿੱਥਾਂ, ਵਿਤਕਰੇ, ਨਾ ਵਣਜ, ਨਾ ਵੈਰ ਹੋਵੇ
ਹਰ ਚਾਹਤ ਵਿਚ ਬੇਗਮਪੁਰੇ ਦਾ ਸ਼ਹਿਰ ਹੋਵੇ
ਘਰ ਘਰ ਵਿਚ ਹੋਣ ਅੱਖਰਾਂ ਦੀਆਂ ਖੇਤੀਆਂ
ਨਾੜ ਨਾੜ ਵਿਚ ਅਦਬ ਦੀ ਲਹਿਰ ਹੋਵੇ।