ਤਰੀ ਵਾਲੀ ਭਿੰਡੀ

ਸੰਤੋਖ ਮਿਨਹਾਸ
ਫੋਨ: 559-283-6376
ਸਿੱਧੂ ਦਮਦਮੀ ਦਾ ਫੋਨ ਆਇਆ, “ਮਿਨਹਾਸ ਆਪਾਂ ਪਰਵਾਸੀ ਮੀਡੀਆ ‘ਤੇ ਗੱਲਬਾਤ ਕਰਨੀ ਹੈ, ਤੂੰ ਜ਼ੂਮ ਐਪ ਲੋਡ ਕਰ ਲਵੀਂ। ਮੇਰੇ ਨਾਲ ਵਿਦੇਸ਼ ਵਿਚੋਂ ਇੱਕ ਦੋ ਹੋਰ ਵੀ ਦੋਸਤ ਜੁੜਨਗੇ।”
ਮੈਂ ਸੋਚ ਰਿਹਾ ਸਾਂ, ਵਿਸ਼ਵ ਇੱਕ ਗਲੋਬਲ ਪਿੰਡ ਹੈ। ਅਸੀਂ ਕਿਤੇ ਵੀ ਬੈਠੇ ਹੋਈਏ, ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਆਪਣੇ ਕੰਮ-ਕਾਜ ਕਰਕੇ ਇੱਕ ਦੂਜੇ ਨੂੰ ਪ੍ਰਭਾਵਤ ਵੀ ਕਰਦੇ ਹਾਂ, ਪਰ ਕੁਝ ਕੁ ਸਥਾਨਕ ਪ੍ਰਸਥਿਤੀਆਂ ਕਾਰਨ ਥੋੜ੍ਹਾ-ਬਹੁਤ ਫਰਕ ਹੋ ਸਕਦਾ ਹੈ, ਮੁਢਲੇ ਢਾਂਚੇ ਦੀ ਉਸਾਰੀ ਵਿਚ ਬਹੁਤਾ ਅੰਤਰ ਨਹੀਂ ਹੁੰਦਾ।

ਮੀਡੀਆ ਕੋਈ ਵੀ ਹੋਵੇ-ਦੇਸੀ ਜਾਂ ਵਿਦੇਸ਼ੀ, ਉਸ ਦਾ ਆਪਣਾ ਇੱਕ ਮਿਆਰ ਹੁੰਦਾ ਹੈ। ਜਦੋਂ ਪਿੰ੍ਰਟ ਤੇ ਇਲੈਕਟ੍ਰਾਨਿਕ ਮੀਡੀਆ ‘ਤੇ ਝਾਤ ਮਾਰਦੇ ਹਾਂ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਸ ਕਿੱਤੇ ਨਾਲ ਜੁੜੇ ਬਹੁਤੇ ਬੰਦਿਆਂ ਨੇ ਇਸ ਕੰਮ ਨੂੰ ਇਖਲਾਕੀ ਤੌਰ ‘ਤੇ ਨਹੀਂ ਅਪਨਾਇਆ ਹੋਇਆ। ਨਿਜੀ ਮੁਫਾਦ ਤੇ ਗਰਜਾਂ ਦੀ ਪੂਰਤੀ ਹੀ ਉਨ੍ਹਾਂ ਦਾ ਮਕਸਦ ਹੈ। ਇਸ ਤਰ੍ਹਾਂ ਦੇ ਬਾਜ਼ਾਰੂ ਕਿਸਮ ਦੇ ਲੋਕਾਂ ਦੇ ਇਸ ਕਿੱਤੇ ਵਿਚ ਸ਼ਾਮਲ ਹੋਣ ਨਾਲ ਮੀਡੀਆ ਆਪਣਾ ਮਿਆਰ ਕਾਇਮ ਨਹੀਂ ਰੱਖ ਸਕਿਆ। ਜਿਨ੍ਹਾਂ ਦਾ ਮੁੱਖ ਟੀਚਾ ਪੈਸਾ ਹੈ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਦਾ ਲੋਕਾਂ ਪ੍ਰਤੀ ਸਾਡਾ ਕੀ ਫਰਜ਼ ਹੈ?
ਜੇ ਅਸੀਂ ਪਰਵਾਸੀ ਮੀਡੀਆ ਦੀ ਗੱਲ ਕਰੀਏ ਤਾਂ ਇਸ ਖੇਤਰ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਕਿੱਤੇ ਦੀਆਂ ਮਾਣ ਮਰਿਆਦਾਵਾਂ ਦਾ ਉਕਾ ਹੀ ਗਿਆਨ ਨਹੀਂ। ਉਹ ਇਸ ਕਿੱਤੇ ਨੂੰ ਹੋਰਾਂ ਕੰਮਾਂ ਵਾਂਗ ਹੀ ਲੈਂਦੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਮੁਨਾਫਾ ਹੁੰਦਾ ਹੈ। ਅਸੀਂ ਲੋਕਾਂ ਨੂੰ ਕੀ ਪਰੋਸ ਰਹੇ ਹਾਂ? ਇਸ ਦਾ ਕੀ ਨੁਕਸਾਨ ਹੈ ਜਾਂ ਫਾਇਦਾ? ਇਸ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ, ਪਰ ਕੁਝ ਲੋਕ ਹੀ ਹਨ, ਜਿਨ੍ਹਾਂ ਦਾ ਪਿਛੋਕੜ ਚੰਗੇ ਮੀਡੀਆ ਅਦਾਰਿਆਂ ਨਾਲ ਰਿਹਾ ਹੈ, ਉਨ੍ਹਾਂ ਨੇ ਮਿਆਰ ਹੇਠਾਂ ਡਿੱਗਣ ਨਹੀਂ ਦਿੱਤਾ। ਉਂਜ ਇਹ ਊਠ ਨੂੰ ਜੀਰਾ ਦੇਣ ਵਾਲੀ ਗੱਲ ਹੈ, ਪਰ ਜੇ ਦੇਖੀਏ ਤਾਂ ਇਹ ਗੱਲ ਇਕੱਲੇ ਪਰਵਾਸੀ ਮੀਡੀਆ ‘ਤੇ ਹੀ ਨਹੀਂ ਢੁਕਦੀ, ਸਾਰਾ ਆਵਾ ਹੀ ਊਤਿਆ ਪਿਆ ਹੈ।
ਜਦੋਂ ਮੈਂ ਪਿੱਛਲ ਝਾਤ ਮਾਰਦਾ ਹਾਂ ਤੇ ਸੋਚਦਾ ਹਾਂ। ਸਮਾਂ ਆਪਣੀ ਚਾਲੇ ਤੁਰ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ, ਜਿਵੇਂ ਥੋੜ੍ਹੇ ਸਮੇਂ ਵਿਚ ਹੀ ਕਈ ਯੁੱਗ ਬੀਤ ਗਏ ਹੋਣ। ਆਧੁਨਿਕ ਸਮੇਂ ਦੀ ਰਫਤਾਰ ਨਾਲ ਭੱਜਣਾ ਮਨੁੱਖ ਲਈ ਮੁਹਾਲ ਹੁੰਦਾ ਜਾ ਰਿਹਾ ਹੈ। ਵਿਗਿਆਨ ਹਰ ਰੋਜ਼ ਹੈਰਾਨਕੁਨ ਵਸਤਾਂ ਸਾਡੇ ਲਈ ਪਰੋਸ ਰਿਹਾ ਹੈ। ਅੱਜ ਹੋਰ, ਕੱਲ ਹੋਰ ਵਾਲੀ ਸਥਿਤੀ ਦਾ ਬੰਦੇ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਮਨੁੱਖੀ ਸੋਚ-ਵਿਚਾਰ ਤੇ ਰਹਿਣ-ਸਹਿਣ ਵਿਚ ਢੇਰ ਤਬਦੀਲੀ ਆਈ ਹੈ।
ਛੋਟੇ ਹੁੰਦੇ ਸਾਂ, ਜਦੋਂ ਦੀਵੇ ਲਾਲਟੈਨ ਦੀ ਥਾਂ ਬਿਜਲੀ ਦੇ ਲਾਟੂ ਨੇ ਲਈ। ਸਾਰਾ ਟੱਬਰ ਪੱਬਾਂ ਭਾਰ ਹੋ ਗਿਆ, ਜਿਵੇਂ ਸਾਰੀ ਉਮਰ ਦਾ ਹਨੇਰਾ ਢੋਹ ਲਿਆ ਹੋਵੇ। ਮਨੁੱਖ ਦੇ ਕੰਮ ਕਾਰ ਵਿਚ ਫੁਰਤੀ ਆਈ। ਜਦੋਂ ਰੇਡੀਓ ਬਾਰੇ ਸੁਣਿਆ ਕਿ ਛੋਟੇ ਜਿਹੇ ਡੱਬੇ ਵਿਚ ਬੰਦੇ ਬੋਲਦੇ ਐ ਤਾਂ ਸੱਚ ਨਾ ਆਵੇ ਕਿ ਇਹ ਕਿਵੇਂ ਹੋ ਸਕਦਾ! ਫਿਰ ਘਰ ਘਰ ਰੇਡੀਓ ਸੁਣਿਆ ਜਾਣ ਲੱਗਾ। ਅਜੇ ਰੇਡੀਓ ਦਾ ਚਾਅ ਮੱਠਾ ਨਹੀਂ ਸੀ ਪਿਆ, ਟੈਲੀਵਿਜ਼ਨ ਨੇ ਆ ਦਸਤਕ ਦਿੱਤੀ। ਤਸਵੀਰਾਂ ਬੋਲਣ ਲੱਗ ਪਈਆਂ। ਫੋਨ ਟੇਬਲ ਤੋਂ ਉਠ ਕੇ ਮਨੁੱਖ ਦੀ ਜੇਬ ਵਿਚ ਆ ਗਿਆ। ਸੌ ਮੀਟਰ ਦੀ ਦੌੜ ਵਾਂਗ ਇੱਕ ਮੋਬਾਇਲ ਫੋਨ ਵਿਚ ਇੰਨੀ ਤੇਜ਼ੀ ਨਾਲ ਫੀਚਰ ਆ ਗਏ ਕਿ ਉਸ ਨੇ ਬਹੁਤ ਸਾਰੀਆਂ ਵਸਤਾਂ ਦੀ ਕਦਰ ਹੀ ਘਟਾ ਦਿੱਤੀ ਹੈ। ਇੱਕੋ ਸਮੇਂ ਕੈਮਰਾ, ਰੇਡੀਓ, ਟੈਲੀਵਿਜ਼ਨ, ਫਿਲਮਾਂ, ਬੈਂਕ, ਅਖਬਾਰ, ਕਿਤਾਬ ਹੋਰ ਸੈਕੜੇ ਨਿੱਤ ਕਾਰ-ਵਿਹਾਰ ਵਿਚ ਆਉਣ ਵਾਲੀਆਂ ਵਸਤਾਂ ਬੰਦੇ ਦੀ ਜੇਬ ਵਿਚ ਹਨ।
ਹੁਣ ਸਵਾਲ ਇਸ ਆਧੁਨਿਕ ਤਕਨੀਕ ਦੀਆਂ ਮਿਲੀਆਂ ਸਹੂਲਤਾਂ ਦੀ ਸਹੀ ਵਰਤੋਂ ਜਾਂ ਦੁਰਵਰਤੋਂ ਦਾ ਹੈ। ਇਹ ਛੋਟਾ ਜਿਹਾ ਸੰਦ ਦੁਨੀਆਂ ਦੇ ਹਰ ਖੇਤਰ ਨੂੰ ਪ੍ਰਭਾਵਤ ਕਰ ਰਿਹਾ ਹੈ। ਮਨੁੱਖ ਇਸ ਦੀ ਵਰਤੋਂ ਦਾ ਇੰਨਾ ਆਦੀ ਹੋ ਗਿਆ ਹੈ ਕਿ ਇੱਕ ਮਿੰਟ ਵੀ ਆਪਣੀ ਕੁੱਛੜ ਤੋਂ ਹੇਠਾਂ ਨਹੀਂ ਉਤਾਰਦਾ। ਜਦੋਂ ਕਿਸੇ ਚੀਜ਼ ਦੀ ਬਹੁਲਤਾਂ ਹੋ ਜਾਵੇ ਤਾਂ ਵਿਗਾੜ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਇਹੀ ਹਾਲ ਇਸ ਤਕਨੀਕ ਦੀ ਵਰਤੋਂ ਦਾ ਹੈ। ਨਵੀਂ ਚੀਜ਼ ਦਾ ਚਾਅ ਹਰ ਇੱਕ ਬੰਦੇ ਨੂੰ ਹੁੰਦਾ ਹੈ, ਪਰ ਇਸ ਦੇ ਨਤੀਜਿਆਂ ਤੋਂ ਬਹੁਤੇ ਲੋਕ ਅਨਜਾਣ ਹੁੰਦੇ ਹਨ, ਜਿਸ ਦਾ ਫਲ ਸਾਨੂੰ ਬਾਅਦ ਵਿਚ ਭੁਗਤਣਾ ਪੈਂਦਾ ਹੈ।
ਹਰ ਸਮੇਂ ਮੀਡੀਏ ਦਾ ਬਹੁਤ ਵੱਡਾ ਰੋਲ ਰਿਹਾ ਹੈ। ਇਹ ਨਿੱਤ ਦਿਹਾੜੇ ਸੰਸਾਰ ਭਰ ਵਿਚ ਵਾਪਰ ਰਹੀਆਂ ਚੰਗੀਆਂ-ਮਾੜੀਆਂ ਖਬਰਾਂ ‘ਤੇ ਆਪਣਾ ਧਿਆਨ ਰੱਖਦਾ ਹੈ। ਇਸੇ ਲਈ ਲੋਕ ਇਹ ਉਮੀਦ ਰੱਖਦੇ ਹਨ ਕਿ ਮੀਡੀਆ ਨਿਰਪੱਖ ਤੇ ਆਜ਼ਾਦ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਹਰ ਗੱਲ ਦੀ ਸਹੀ ਸਹੀ ਜਾਣਕਾਰੀ ਮਿਲੇ। ਇਹ ਮੀਡੀਆ ਦਾ ਮੁਢਲਾ ਫਰਜ਼ ਹੈ, ਪਰ ਅੱਜ ਦਾ ਮੀਡੀਆ ਆਪਣੇ ਕਰਤੱਵ ਤੋਂ ਥਿੜਕ ਗਿਆ ਹੈ।
ਅੱਜ ਮੰਡੀ ਤੇ ਸਿਆਸਤ-ਦੋਵੇਂ ਮਿਲ ਗਏ ਹਨ। ਵਪਾਰੀ ਹਰ ਚੀਜ਼ ਦਾ ਮੁੱਲ ਲਾਉਣ ਜਾਣਦਾ ਹੈ। ਹੁਣ ਬਾਜ਼ਾਰ ਤੇ ਸਿਆਸਤ ਦਾ ਗੱਠਜੋੜ ਹੀ ਤੈਅ ਕਰਦਾ ਹੈ ਕਿ ਲੋਕਾਂ ਨੂੰ ਕੀ ਪਰੋਸਿਆ ਜਾਣਾ ਹੈ। ਇਸ ਖਤਰਨਾਕ ਰੁਝਾਨ ਨੇ ਲੋਕਾਂ ਦੇ ਅਸਲੀ ਮੁੱਦਿਆਂ ਨੂੰ ਦਰਕਿਨਾਰ ਕਰ ਦਿੱਤਾ ਹੈ। ਮੰਡੀ ਤੇ ਸਿਆਸਤ ਨੂੰ ਕਿਸ ਗੱਲ ਵਿਚ ਲਾਭ ਹੈ, ਉਹ ਸਾਡੇ ਸਾਹਮਣੇ ਉਹੀ ਸ਼ੈਅ ਪੇਸ਼ ਕਰਦਾ ਹੈ। ਇਸ ਗੰਦਲੇ ਮਾਹੌਲ ਵਿਚ ਬੇਭਰੋਸਗੀ ਦਾ ਆਲਮ ਇੰਨਾ ਹੈ ਕਿ ਆਮ ਮਨੁੱਖ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸੱਚ-ਝੂਠ ਕੀ ਹੈ? ਇਹ ਭੰਬਲਭੂਸੇ ਵਾਲੀ ਸਥਿਤੀ ਲੁਟੇਰੀ ਜਮਾਤ ਨੂੰ ਰਾਸ ਆਉਂਦੀ ਹੈ।
ਸੂਚਨਾ ਪ੍ਰਸਾਰਨ ਵਿਚ ਪਿੰ੍ਰਟ ਮੀਡੀਏ ਤੇ ਇਲੈਕਟ੍ਰਾਨਿਕ ਮੀਡੀਏ ਦਾ ਵੱਡਾ ਰੋਲ ਮੰਨਿਆ ਜਾਂਦਾ ਹੈ। ਹੁਣ ਸ਼ੋਸ਼ਲ ਮੀਡੀਆ ਦੇ ਸ਼ਾਮਲ ਹੋਣ ਨਾਲ ਮੀਡੀਆ ਦਾ ਪਹਿਲਾ ਵਾਲਾ ਮੁਹਾਦਰਾਂ ਬਦਲ ਗਿਆ ਹੈ। ਇਸ ਮੀਡੀਏ ਦੇ ਰੋਲ ਨੇ ਸੰਸਾਰ ਪੱਧਰ ‘ਤੇ ਬਹੁਤ ਵੱਡੀਆਂ ਤਬਦੀਲੀਆਂ ਨੂੰ ਜਨਮ ਦਿੱਤਾ ਹੈ। ਜੇ ਅਸੀਂ ਆਪਣੇ ਹੀ ਦੇਸ਼ ਦੇ ਮੀਡੀਏ ਵੱਲ ਝਾਤ ਮਾਰੀਏ ਤਾਂ ਇਸ ਨੇ ‘ਗੋਦੀ’ ਮੀਡੀਆ ਨੂੰ ਸਿੱਧੀ ਟੱਕਰ ਦਿੱਤੀ ਹੈ।
ਅੱਜ ਸ਼ੋਸ਼ਲ ਮੀਡੀਏ ਦੇ ਬਹੁਤ ਸਾਰੇ ਸਾਧਨ ਉਪਲਬਧ ਹਨ। ਜਿਵੇਂ ਫੇਸਬੁਕ, ਵੱਟਸ ਐਪ, ਟਵਿਟਰ, ਇੰਸਟਾਗਰਾਮ, ਯੂ-ਟਿਊਬ ਆਦਿ ਜਿਨ੍ਹਾਂ ਨੇ ਮਨੁੱਖੀ ਜੀਵਨ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਅੱਜ ਬਹੁਤ ਸਾਰੇ ਲੋਕ ਖਾਸ ਕਰਕੇ ਨੌਜਵਾਨ ਪੀੜ੍ਹੀ ਇਨ੍ਹਾਂ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰਨ ਲੱਗ ਪਈ ਹੈ। ਹਰ ਰੋਜ਼ ਬੜਾ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੈ। ਇਸ ਦੀ ਵਰਤੋਂ ਨੇ ਆਮ ਮਨੁੱਖ ਦੇ ਨਿੱਜੀ ਜੀਵਨ ਨੂੰ ਬਹੁਤ ਪ੍ਰਭਾਵਤ ਕੀਤਾ ਹੈ।
ਜਦੋਂ ਕਿਸੇ ਚੀਜ਼ ਦੀ ਵਰਤੋਂ ਹਰ ਇੱਕ ਬੰਦੇ ਦੇ ਹੱਥ ਵਿਚ ਆ ਜਾਵੇ ਤਾਂ ਉਸ ਦੇ ਮਿਆਰ ਵਿਚ ਊਣਤਾ ਆ ਹੀ ਜਾਂਦੀ ਹੈ। ਇਸੇ ਲਈ ਚੰਗਾ ਘੱਟ ਤੇ ਕੱਚੇ ਪਿਲੇ ਦਾ ਖਿਲਾਰਾ ਵੱਧ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਨੂੰ ਵਰਤ ਕੌਣ ਰਿਹਾ ਹੈ। ਜਿਸ ਦੇ ਹੱਥ ਵਿਚ ਸਮਾਰਟ ਫੋਨ ਹੈ, ਉਹ ਆਪਣੇ ਆਪ ਨੂੰ ਮੀਡੀਆ ਪਰਸਨ ਸਮਝਣ ਲੱਗ ਪਿਆ ਹੈ। ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ ਕਰਕੇ ਬਿਨਾ ਕਿਸੇ ਛਾਣਬੀਣ ਜਾਂ ਵਿਚਾਰਨ ਦੇ, ਖਬਰ ਜਾਂ ਗੱਲ ਨੂੰ ਨਸ਼ਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸਮਾਜ ਵਿਚ ਵਿਗਾੜ ਪੈਦਾ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਮੰਡੀ ਯੁੱਗ ਨੇ ਆਪਣੇ ਮੁਨਾਫੇ ਦੇ ਪਾਸਾਰ ਲਈ ਹਰ ਸਾਧਨ ਨੂੰ ਆਪਣੇ ਹੱਥ ਦਾ ਖਿਡਾਉਣਾ ਬਣਾ ਲਿਆ ਹੈ। ਬਾਜ਼ਾਰ ਲੁੱਟ ਦਾ ਕੋਈ ਵੀ ਕੋਨਾ ਆਪਣੀ ਅੱਖ ਤੋਂ ਉਹਲੇ ਨਹੀਂ ਹੋਣ ਦਿੰਦਾ। ਆਪਣੇ ਇਰਾਦੇ ਦੀ ਪੂਰਤੀ ਲਈ ਉਸ ਨੇ ਵੱਡਾ ਜਾਲ ਸੁੱਟ ਦਿੱਤਾ ਹੈ। ਬੰਦੇ ਨੂੰ ਲਾਲਚ ਦੀ ਬੋਟੀ ਦਾ ਦਿਖਾਵਾ ਦੇ ਕੇ ਆਪਣੀ ਕੁੜਿੱਕੀ ਦਾ ਕਾਰਿੰਦਾ ਬਣਾ ਲਿਆ ਹੈ। ਇਸੇ ਲਈ ਉਹ ਇਨ੍ਹਾਂ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਿਹਾ ਹੈ। ਉਹ ਸਮਾਜਕ, ਆਰਥਕ ਮਸਲੇ ਭੁੱਲ ਕੇ ਮਸਨੂਈ ਰੰਗ ਵਿਚ ਸ਼ਿੰਗਾਰਿਆ ਪਿਆ ਹੈ।
ਇੱਕ ਦਿਨ ਮੈਂ ਆਪਣੇ ਦੋਸਤ ਦੇ ਘਰ ਬੈਠਾ ਸਾਂ। ਉਹ ਆਪਣੇ ਘਰ ਦੀਆਂ ਹੋਰ ਗੱਲਾਂ ਤੋਂ ਬਾਅਦ ਆਪਣੀ ਘਰ ਵਾਲੀ ਦੀ ਤਾਰੀਫ ਕਰਨ ਲੱਗਾ, “ਮੇਰੀ ਪਤਨੀ ਅੱਜ ਕੱਲ ਫੂਡ ਚੈਨਲ ਬਹੁਤ ਵੇਖਦੀ ਹੈ। ਉਸ ਨੇ ਬਹੁਤ ਸਾਰੀਆਂ ‘ਰੈਸਪੀਆਂ’ ਸਿੱਖ ਲਈਆਂ ਹਨ। ਰਸੋਈ ਦੀ ਬਹੁਤ ਮਾਹਰ ਹੋ ਗਈ ਹੈ। ਹੁਣ ਤਾਂ ਇਸ ਨੇ ਆਪ ਵੀ ਖਾਣੇ ਦੀਆਂ ਬਹੁਤ ਸਾਰੀਆਂ ‘ਰੈਸਪੀਆਂ’ ਤਿਆਰ ਕਰ ਲਈਆ ਹਨ। ‘ਤਰੀ ਵਾਲੀ ਭਿੰਡੀ’ ਇਹ ਬਹੁਤ ਵਧੀਆ ਬਣਾਉਂਦੀ ਹੈ।”
ਮੈਂ ਆਪਣਾ ਹਾਸਾ ਮਸਾਂ ਰੋਕਦਿਆਂ ਕਿਹਾ, “ਫਿਰ ਤਾਂ ਭਰਜਾਈ ‘ਤਰੀ ਵਾਲੇ ਕਰੇਲੇ’ ਵੀ ਬਣਾ ਲੈਂਦੀ ਹੋਵੇਗੀ!”
ਹੁਣ ਇਹੀ ਹਾਲ ਸਾਡੇ ਮੀਡੀਏ ਦਾ ਹੈ। ਅੱਜ ਸਾਨੂੰ ਸੈਂਕੜੇ ਚੈਨਲ ਹਰ ਰੋਜ਼ ਵੇਖਣ ਨੂੰ ਮਿਲ ਰਹੇ ਹਨ। ਕੋਈ ਭਾਰ ਘਟਾਉਣ ਦੇ ਨੁਸਖੇ ਦੱਸ ਰਿਹਾ ਹੈ, ਕੋਈ ਦੇਸੀ ਦਵਾਈਆਂ ਦੇ ਫਾਇਦੇ ਦੱਸ ਰਿਹਾ। ਕੋਈ ਕੌਲੈਸਟਰੋਲ ਦੇ ਨੁਕਸਾਨ ਬਾਰੇ ਤਬਸਰਾ ਕਰ ਰਿਹਾ, ਕੋਈ ਖਾਣਾ ਬਣਾਉਣ ਦੇ ਢੰਗ ਦੱਸ ਰਿਹਾ। ਕੋਈ ਕੁੱਤਿਆਂ-ਬਿੱਲੀਆਂ ਦੇ ਰੱਖਣ ਦੇ ਲਾਭ ਬਾਰੇ ਰਾਗ ਅਲਾਪ ਰਿਹਾ, ਕੋਈ ਘੋੜਿਆਂ ਦੇ ਸ਼ੌਕੀਨਾਂ ਬਾਰੇ ਵੀਡੀਓ ਪਾ ਰਿਹਾ। ਕੋਈ ਟੀਟੂ ਸ਼ਟਰਾਂ ਵਾਲੇ ਦੀ ਇੰਟਰਵਿਊ ਕਰ ਰਿਹਾ ਹੈ। ਹੁਣ ਘਰ ਘਰ ਗਾਉਣ ਵਾਲੇ, ਕਲਾਕਾਰ, ਲੇਖਕ ਪੈਦਾ ਹੋ ਗਏ ਹਨ, ਜਿਨ੍ਹਾਂ ਦੇ ਕੂੜ ਕਬਾੜ ਨਾਲ ਸਾਰਾ ਸ਼ੋਸ਼ਲ ਮੀਡੀਆ ਭਰਿਆ ਪਿਆ ਹੈ।
ਮੇਰੇ ਘਰ ਦੇ ਨਾਲ ਇੱਕ ਪਾਰਕ ਹੈ। ਸ਼ਾਮ ਨੂੰ ਕਈ ਪੰਜਾਬੀ ਬਜੁਰਗ ਇੱਕਠੇ ਬੈਠ ਕੇ ਹਾਸਾ ਠੱਠਾ ਕਰ ਲੈਂਦੇ ਹਨ। ਇੱਕ ਦਿਨ ਮਾਸਟਰ ਬਲਕਾਰ ਸਿੱਧੂ ਨੇ ਪੰਜਗਰਾਂਈ ਵਾਲੇ ਮਹਿੰਦਰ ਸਿੰਹੁ ਨੂੰ ਕਿਹਾ, “ਨੰਬਰਦਾਰਾ! ਅੱਜ ਕੱਲ ਤਾਂ ਨਵੇਂ ਨਵੇਂ ਪਕਵਾਨ ਖਾਨੈਂ।”
“ਬੁੜ੍ਹਿਆਂ ਨੂੰ ਕੌਣ ਪਰੋਸਦਾ ਮੰਨ!” ਨੰਬਰਦਾਰ ਨੇ ਗੱਲ ਨੂੰ ਸਾਂਝਾ ਕਰਦਿਆ ਕਿਹਾ।
“ਤੇਰੀ ਨੂੰਹ ਤਾਂ ਆਵਦੇ ਟੀ. ਵੀ. ‘ਤੇ ਰੋਜ ਲੋਕਾਂ ਨੂੰ ਨਵੇਂ ਨਵੇਂ ਖਾਣੇ ਬਣਾਉਣਾ ਦੱਸਦੀ ਐ।” ਮਾਸਟਰ ਨੇ ਚੋਭ ਨੂੰ ਹੋਰ ਤਿੱਖਾ ਕੀਤਾ।
“ਸੁਆਹ ਖੇਹ ਦੱਸਦੀ ਐ, ਘਰੇ ਤਾਂ ਕਦੇ ਚਾਹ ਦੀ ਘੁੱਟ ਨਹੀਂ ਬਣਾਈ। ਸੁਣ ਲੈ ਫਿਰ, ਤੇਰੀ ਤਾਈ ਜਦੋਂ ਕੋਈ ਦਾਲ-ਭਾਜੀ ਬਣਾਉਂਦੀ ਸੀ ਤਾਂ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਕਿ ਕਾਹਦੀ ਦਾਲ-ਭਾਜੀ ਬਣੀ ਐ। ਅੱਜ ਕੱਲ ਦੀਆਂ ਖੌਰੇ ਕੀ ਕੀ ਪਾਈ ਜਾਂਦੀਆਂ, ਪਤਾ ਹੀ ਨਹੀਂ ਲੱਗਦਾ-ਕੀ ਰਿੱਝਿਆ, ਕੀ ਬਣਿਆ? ਇਨ੍ਹਾਂ ਟੀ. ਵੀ. ਵਾਲੀਆਂ ਨੇ ਸਾਡੇ ਰਵਾਇਤੀ ਖਾਣਿਆਂ ਦਾ ਵੀ ਸਤਿਆਨਾਸ ਕਰ ਦਿੱਤਾ।”
ਮੈਂ ਸਾਰੀ ਗੱਲ ਕੋਲ ਬੈਠਾ ਸੁਣ ਰਿਹਾ ਸਾਂ। ਪੱਤਰਕਾਰੀ ਦੇ ਖੇਤਰ ਵਿਚ ਬੜੇ ਸੁਲਝੇ, ਸਿਆਣੇ ਤੇ ਈਮਾਨਦਾਰ ਤਰਜਬੇਕਾਰ ਵਿਆਕਤੀ ਦੀ ਲੋੜ ਹੁੰਦੀ ਹੈ, ਪਰ ਇਸ ਖੇਤਰ ਵਿਚ ਬਹੁਤ ਸਾਰੇ ਕੱਚ-ਘਰੜ ਲੋਕ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਇਸ ਖੇਤਰ ਦਾ ਉਕਾ ਹੀ ਗਿਆਨ ਨਹੀਂ ਹੈ। ਮੀਡੀਏ ਦਾ ਕੀ ਫਰਜ਼ ਹੈ ਜਾਂ ਕੀ ਮਰਿਆਦਾ ਹੈ, ਇਸ ਗੱਲੋਂ ਕੋਰੇ ਹਨ। ਇਨ੍ਹਾਂ ਦੀਆਂ ਆਪਹੁਦਰੀਆਂ ਤੇ ਅਣਜਾਣਤਾ ਨੇ ਇਸ ਖੇਤਰ ਨੂੰ ਬਹੁਤ ਨੀਵੇਂ ਥਾਂ ਲੈ ਆਂਦਾ ਹੈ। ਅਜੋਕੇ ਯੁੱਗ ਦੇ ਗਿਆਨ ਤੇ ਵਿਗਿਆਨ ਦੀ ਤਰੱਕੀ ਨਾਲ ਹੋਣਾ ਤਾਂ ਇਹ ਚਾਹੀਦਾ ਸੀ ਕਿ ਮੀਡੀਆ ਉਪਰ ਲੋਕਾਂ ਦਾ ਵਿਸ਼ਵਾਸ ਦ੍ਰਿੜ ਹੁੰਦਾ, ਪਰ ਕੂੜੇ ਕਬਾੜ ਦੇ ਵੱਧ ਜਾਣ ਕਾਰਨ ਲੋਕਾਂ ਦੀ ਬੇਰੁਖੀ ਦਾ ਵੱਧ ਜਾਣਾ ਕੁਦਰਤੀ ਹੈ। ਇਸ ਬੇਲਗਾਮ ਮੀਡੀਆ ਨੇ ਚੰਗੇ ਤੇ ਮਿਆਰੀ ਮੀਡੀਏ ਨੂੰ ਭਾਰੀ ਸੱਟ ਮਾਰੀ ਹੈ।
ਜੇ ਸਾਰੇ ਮੀਡੀਏ ਨੂੰ ਤਰਕ ਦੀ ਕਸਵੱਟੀ ‘ਤੇ ਪਰਖੀਏ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਮੇਰੇ ਦੋਸਤ ਦੀ ਘਰ ਵਾਲੀ ਵਾਂਗੂ ਸਭ ‘ਤਰੀ ਵਾਲੀ ਭਿੰਡੀ’ ਹੀ ਬਣਾ ਰਹੇ ਹਨ।