ਗੁਣਵੰਤਾ ਦੀ ਗਾਥਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਤ੍ਰੇਲ ਦੇ ਤੁਪਕਿਆਂ ਦੀ ਛੋਹ ਜਿਹਾ ਅਹਿਸਾਸ ਪ੍ਰਗਟਾਇਆ ਸੀ ਕਿ ਤ੍ਰੇਲ ਵਰਗੇ ਲੋਕ ਜਦ ਜ਼ਿੰਦਗੀ ਵਿਚ ਮਿਲਦੇ ਤਾਂ ਜ਼ਿੰਦਗੀ ਦੀ ਸੁੱਚਮਤਾ ਤੇ ਉਚਮਤਾ ਵਿਚ ਜ਼ਿਕਰਯੋਗ ਵਾਧਾ ਹੁੰਦਾ ਬਸ਼ਰਤੇ ਸਾਨੂੰ ਅਜਿਹੇ ਲੋਕਾਂ ਦੀ ਪਛਾਣ ਹੋਵੇ। ਉਨ੍ਹਾਂ ਕਿਹਾ ਸੀ, “ਜ਼ਿੰਦਗੀ ਵੀ ਤ੍ਰੇਲ-ਤੁਪਕਿਆਂ ਜਿਹੀ ਹੀ ਹੋਣੀ ਚਾਹੀਦੀ ਤਾਂ ਕਿ ਇਹ ਖੁਸ਼ੀਆਂ, ਖੇੜਿਆਂ ਤੇ ਪਾਕੀਜ਼ਗੀ ਦਾ ਸੁਨੇਹੇ ਜੀਵਨ-ਦਰਾਂ ‘ਤੇ ਤ੍ਰੌਂਕਦੀ, ਜੀਵਨ ਦੇ ਉਦਾਸ ਪਲਾਂ ਨੂੰ ਹੁਲਾਸ ਨਾਲ ਭਰ, ਆਪਣੀ ਰੁਖਸਤਗੀ ਦਾ ਜਸ਼ਨ ਮਨਾਏ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਗੁਣਾਂ ਦੀ ਪੋਟਲੀ ਛੰਡਦਿਆਂ ਗੁਣਵੰਤਾ ਦੀ ਗਾਥਾ ਛੋਹੀ ਹੈ। ਉਹ ਕਹਿੰਦੇ ਹਨ, “ਗੁਣਾਂ ਨਾਲ ਹੀ ਗੁਣਵੰਤਾ ਅਤੇ ਗੂੜ੍ਹ-ਗਿਆਨੀ ਦਾ ਮਰਤਬਾ ਹਾਸਲ ਹੁੰਦਾ। ਮਨੁੱਖ ਨੇ ਗੁਣਵੰਤਾ ਹੋ ਕੇ ਆਪਣੀ ਪਛਾਣ ਬਣਾਉਣੀ ਜਾਂ ਗਵਾਰ ਹੋ ਕੇ ਪਛਾਣ ਦੀ ਬੇਖੁਦੀ ਨੂੰ ਹੰਢਾਉਣਾ, ਇਹ ਮਨੁੱਖ ‘ਤੇ ਨਿਰਭਰ।…ਕੋਈ ਸਰਬ-ਗੁਣੀ ਸੰਪੂਰਨ ਨਹੀਂ ਹੁੰਦਾ। ਹਰੇਕ ਵਿਚ ਕੁਝ ਕਮੀਆਂ, ਖਾਮੀਆਂ ਜਾਂ ਕੁਝ ਕੋਹਜ ਹੁੰਦੇ, ਪਰ ਇਹ ਮਨੁੱਖ ‘ਤੇ ਨਿਰਭਰ ਕਰਦਾ ਏ ਕਿ ਉਸ ਨੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਨਾ ਕਿ ਮਾੜੇ ਗੁਣਾਂ ਦੀ ਕੁਸੰਗਤੀ ‘ਚੋਂ ਆਪਣੇ ਜੀਵਨ ਨੂੰ ਹੀ ਦਾਅ ‘ਤੇ ਲਾਉਣਾ। ਡਾ. ਭੰਡਾਲ ਮੁਤਾਬਕ “ਗੁਣਵੰਤੇ ਬਣੋ ਉਨ੍ਹਾਂ ਗੁਣਾਂ ਦੇ, ਜਿਨ੍ਹਾਂ ‘ਤੇ ਖੁਦ ਨੂੰ, ਪਰਿਵਾਰ, ਸਮਾਜ, ਕੌਮ ਅਤੇ ਦੇਸ਼ ਨੂੰ ਨਾਜ਼ ਹੋਵੇ; ਕਿਉਂਕਿ ਗੁਣਵੰਤਿਆਂ ਦੀਆਂ ਗੱਲਾਂ ਹੁੰਦੀਆਂ, ਗੀਤ ਗਾਏ ਜਾਂਦੇ, ਗੁਫਤਗੂ ਵਿਚ ਹਾਜ਼ਰ-ਨਾਜ਼ਰ, ਗ੍ਰੰਥ ਰਚੇ ਜਾਂਦੇ ਅਤੇ ਗ੍ਰਹਿਣੇ ਵਕਤਾਂ ਨੂੰ ਸੁਰਖ ਭਾਅ ਬਖਸ਼ੇ ਜਾਂਦੇ।…ਕਿਰਤੀ, ਕਵੀ, ਕਲਾਕਾਰ, ਕਥਾਕਾਰ, ਕਿਸਾਨ, ਕ੍ਰਿਪਾਲੂ, ਕ੍ਰਿਤਾਰਥੀ, ਕਹਿਣੇਕਾਰ, ਕਰਿੰਦਾ, ਕਰਮਯੋਗੀ ਅਤੇ ਕਰਮਵੰਤੇ ਆਦਿ ਲੋਕ ਹੁੰਦੇ, ਜੋ ਜ਼ਿੰਦਗੀ ਵਿਚ ਅਦਬ ਅਤੇ ਅਦਾਬ ਸੰਗ ਜਿਉਂਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਗੁਣਵੰਤਾ, ਗੁਣਾਂ ਦਾ ਸੰਗ੍ਰਹਿ-ਕਰਤਾ, ਮਾਨਵੀ ਕਦਰਾਂ-ਕੀਮਤਾਂ ਦਾ ਧਾਰਨੀ ਅਤੇ ਗ੍ਰਹਿਣ ਕਰਤਾ। ਗੁਣ ਕਦਰਾਂ-ਕੀਮਤਾਂ, ਜਿਨ੍ਹਾਂ ਨੇ ਮਨੁੱਖ ਤੇ ਮਨੁੱਖਤਾ ਨੂੰ ਪਰਿਭਾਸ਼ਤ ਕਰਨਾ ਹੁੰਦਾ। ਗੁਣ, ਮਨੁੱਖ ਦੀਆਂ ਵਿਸ਼ੇਸ਼ਤਾਵਾਂ, ਖਾਸੀਅਤਾਂ ਅਤੇ ਮਨੁੱਖੀ ਸਮਰੱਥਾਵਾਂ ਦੀ ਸੰਭਾਵਨਾ ਤੇ ਸੁਪਨਸ਼ੀਲਤਾ।
ਗੁਣ, ਕੁਝ ਜਨਮ ਤੋਂ ਮਿਲਦੇ, ਕੁਝ ਪਰਿਵਾਰਕ ਚੌਗਿਰਦੇ ਵਿਚੋਂ ਹਾਸਲ ਹੁੰਦੇ, ਕੁਝ ਆਲੇ-ਦੁਆਲੇ ਅਤੇ ਕੁਝ ਸੰਗੀ-ਸਾਥੀਆਂ ਦੀ ਸੁਹਬਤ ਵਿਚੋਂ ਮਨੁੱਖ ਗ੍ਰਹਿਣ ਕਰਦਾ। ਗੁਣ ਕਿਸ ਰੂਪ ਵਿਚ ਅਤੇ ਕਿਹੜੇ ਵਰਤੋਂ-ਵਿਹਾਰ ਵਿਚ ਆਪਣਾ ਰੰਗ ਪ੍ਰਗਟਾਉਂਦੇ, ਇਹ ਮਨੁੱਖ ਦੀ ਸਮੁੱਚਤਾ ‘ਤੇ ਨਿਰਭਰ। ਫਿਤਰਤ ਦਾ ਅੰਗ ਅਤੇ ਉਸ ਦਾ ਸੋਚ ਵਿਚ ਉਕਰਿਆ, ਜਿਉਣ-ਢੰਗ।
ਗੁਣ, ਕੁਝ ਬਾਹਰੀ ਤੇ ਕੁਝ ਅੰਤਰੀਵੀ। ਕੁਝ ਖੁਦ ਨੂੰ ਸੰਬੋਧਿਤ ਅਤੇ ਕੁਝ ਸਮੂਹ ਦੇ ਸਨਮੁੱਖ। ਕੁਝ ਸੁਚੇਤ ਰੂਪ ਵਿਚ ਸਾਹਮਣੇ ਆਉਂਦੇ ਅਤੇ ਕੁਝ ਅਚੇਤ ਰੂਪ ਰਾਹੀਂ ਨਜ਼ਰ ਆਉਂਦੇ, ਜਿਨ੍ਹਾਂ ਦਾ ਕਈ ਵਾਰ ਖੁਦ ਨੂੰ ਵੀ ਪਤਾ ਨਹੀਂ ਹੁੰਦਾ।
ਗੁਣਾਂ ਨਾਲ ਹੀ ਗੁਣਵੰਤਾ ਅਤੇ ਗੂੜ੍ਹ-ਗਿਆਨੀ ਦਾ ਮਰਤਬਾ ਹਾਸਲ ਹੁੰਦਾ। ਮਨੁੱਖ ਨੇ ਗੁਣਵੰਤਾ ਹੋ ਕੇ ਆਪਣੀ ਪਛਾਣ ਬਣਾਉਣੀ ਜਾਂ ਗਵਾਰ ਹੋ ਕੇ ਪਛਾਣ ਦੀ ਬੇਖੁਦੀ ਨੂੰ ਹੰਢਾਉਣਾ, ਇਹ ਮਨੁੱਖ ‘ਤੇ ਨਿਰਭਰ।
ਗੁਣ, ਕੁਝ ਉਸਾਰੂ ਤੇ ਕੁਝ ਸੁਚਾਰੂ, ਕੁਝ ਉਲਾਰ ਤੇ ਕੁਝ ਸਹਿਜ-ਆਚਾਰ। ਕੁਝ ਗੁਣ ਮਨੁੱਖ ਦਾ ਗਹਿਣਾ ਬਣ ਕੇ ਉਸ ਦੀ ਸਰਬ-ਸੁੰਦਰਤਾ ਨੂੰ ਚਾਰ ਚੰਨ ਲਾਉਂਦੇ, ਪਰ ਕੁਝ ਗੁਣ ਅਜਿਹੇ ਹੁੰਦੇ, ਜਿਨ੍ਹਾਂ ਕਾਰਨ ਮਨੁੱਖ, ਮਨੁੱਖ ਹੋਣ ਤੋਂ ਹੀ ਮੁਨਕਰ ਹੋ ਜਾਂਦਾ। ਉਸ ਦੀਆਂ ਆਦਤਾਂ, ਕੁਹਜਾਂ, ਕਮੀਨਗੀਆਂ ਤੇ ਕੁਕਰਮਾਂ ਕਾਰਨ ਮਨੁੱਖਤਾ ਸ਼ਰਮਸ਼ਾਰ ਹੁੰਦੀ। ਕਈ ਵਾਰ ਤਾਂ ਮਾਰੂ ਗੁਣ ਮਨੁੱਖ ਦਾ ਮਰਸੀਆ ਪੜ੍ਹਦੇ। ਸੰਤਾਪੇ ਗੁਣਾਂ ਕਾਰਨ ਹੀ ਸਮਾਜ ਨੂੰ ਨਮੋਸ਼ੀ ਝੱਲਣੀ ਪੈਂਦੀ। ਅਜਿਹੇ ਮਨੁੱਖ ਖੁਦ ਵੀ ਗਰਕਣੀ ‘ਚ ਗਰਕਦੇ ਅਤੇ ਆਲੇ-ਦੁਆਲੇ ਨੂੰ ਚਿੱਕੜ ਨਾਲ ਲਬੇੜਦੇ।
ਗੁਣ, ਗਨੀਮਤ ਤੇ ਗੁਣ ਗਿਆਨ। ਗੁਣ, ਗੁਨਾਹ ਤੇ ਗੁਣ ਗੁਮਾਨ। ਗੁਣ ਦੀ ਆਭਾ ਮੁੱਖ ‘ਤੇ ਫੈਲਿਆ ਚਾਨਣ। ਗੁਣ ਦੀ ਬਗਲੀ ਪਾ ਕੇ ਬੰਦਾ ਕਰਦਾ ਜਦ ਵਿਖਿਆਨ, ਤਦ ਇਸ ਦੇ ਬੋਲਾਂ ਰਾਹੀਂ ਬੋਲੇ ਖੁਦ ਭਗਵਾਨ। ਗੁਣ ਗੰਦਰਵ ਤੇ ਗੁਣ ਗਰੀਬ, ਗੁਣ ਹੀ ਅਦਬ-ਅਦੀਬ। ਗੁਣ ਵਿਚੋਂ ਖੁਦਾਈ ਬੋਲੇ ਜਾਂ ਹੋਵੇ ਖੁਦ ਦੇ ਕਰੀਬ।
ਗੁਣ, ਬੰਦੇ ਦੀ ਸੁਹਜ-ਮੱਤ, ਗੁਣ ਚੰਗਿਆਈਆਂ ਤੱਤ। ਗੁਣ ਹੀ ਮਨ ਦੀ ਸਹਿਜ ਅਵਸਥਾ, ਤੇ ਗੁਣ ਗੰਭੀਰੀ ਗੱਤ। ਗੁਣ ਵਿਚੋਂ ਹੀ ਗੁਣ ਉਪਜਦੇ ਅਤੇ ਗੁਣ ਹੀ ਗੁਣਾਂ ਦੀ ਖਾਣ। ਗੁਣਾਂ ਨਾਲ ਹੀ ਬੰਦਾ ਨਿਖਰੇ ਤੇ ਵੰਡੇ ਗੂੜ੍ਹ-ਗਿਆਨ।
ਗੁਣ ਬੰਦੇ ਦੀ ਨਿਰਮਲ ਆਭਾ ਤੇ ਗੁਣ ਬੰਦੇ ਦੇ ਪੀਰ। ਗੁਣਾਂ ਵਿਚੋਂ ਤਬੀਅਤ ਨਿੱਖਰੇ ਅਤੇ ਗੁਣ ਹੀ ਤਨ-ਤਾਸੀਰ। ਗੁਣਾਂ ਵਿਚੋਂ ਹੀ ਸ਼ਖਸੀ ਬਿੰਬ ਨੂੰ ਮਿਲੇ ਨਿਰੋਈ ਦਿੱਖ। ਗੁਣਾਂ ਵਾਲੇ ਨਾ ਝੋਲੀ ਅੱਡ ਕੇ ਕਦੇ ਮੰਗਦੇ ਭਿੱਖ। ਗੁਣ ਦਰਿਆ ਦਾ ਵਗਦਾ ਪਾਣੀ ਤੇ ਵਹਿੰਦੀ ਨਿਰਮਲ-ਧਾਰਾ। ਲਹਿਰਾਂ ਵਿਚੋਂ ਜ਼ਿੰਦਗੀ ਉਗਮੇ, ਬਣ ਕੇ ਸਰਘ-ਉਜਿਆਰਾ।
ਗੁਣਾਂ ਦੀ ਗਾਥਾ ਜਦ ਹਰ ਹੋਠਾਂ ‘ਤੇ ਬਣਦੀ ਲੋਕ-ਅਵਾਜ਼ ਤਾਂ ਸੋਚਾਂ ਵਿਚ ਉਭਰ ਆਵੇ ਹਰਦਮ ਜਿਉਣ-ਅੰਦਾਜ਼। ਇਸ ਵਿਚੋਂ ਖੁੱਲ੍ਹ ਜਾਂਦੇ ਕੁਝ ਅਛੋਪਲੇ ਰਾਜ਼। ਬਣਦਾ ਆਖਰ ਗੁਣਵੰਤਾ ਦਾ ਮੁਕਟ ਤੇ ਤਾਜ਼।
ਗੁਣਾਂ ਨੂੰ ਪ੍ਰਾਪਤ ਕਰਨਾ, ਸਿੱਖਣਾ, ਸਮਝਣਾ ਅਤੇ ਇਨ੍ਹਾਂ ਨੂੰ ਜੀਵਨ ਦਾ ਮੂਲ-ਮੰਤਰ ਬਣਾਉਣਾ, ਨਿਰੰਤਰ ਅਭਿਆਸ ਤੇ ਸੁੱਚੀ ਆਸ। ਇਸ ਰਾਹ ‘ਤੇ ਨਹੀਂ ਹੋਣਾ ਚਾਹੀਦਾ ਨਿਰਾਸ਼ ਜਾਂ ਉਦਾਸ, ਕਿਉਂਕਿ ਆਖਰ ਨੂੰ ਗੁਣੀ ਵਿਅਕਤੀਆਂ ਦੀ ਅਹਿਮੀਅਤ ਦਾ ਜਦ ਹੁੰਦਾ ਏ ਸਮਾਜ ਨੂੰ ਅਹਿਸਾਸ ਤਾਂ ਮਰਨਹਾਰੀ ਆਸ ਵੀ ਹੋ ਜਾਂਦਾ ਏ ਨਵਾਂ-ਨਿਰੋਇਆ ਵਿਸ਼ਵਾਸ।
ਕੋਈ ਸਰਬ-ਗੁਣੀ ਸੰਪੂਰਨ ਨਹੀਂ ਹੁੰਦਾ। ਹਰੇਕ ਵਿਚ ਕੁਝ ਕਮੀਆਂ, ਖਾਮੀਆਂ ਜਾਂ ਕੁਝ ਕੋਹਜ ਹੁੰਦੇ, ਪਰ ਇਹ ਮਨੁੱਖ ‘ਤੇ ਨਿਰਭਰ ਕਰਦਾ ਏ ਕਿ ਉਸ ਨੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਨਾ ਕਿ ਮਾੜੇ ਗੁਣਾਂ ਦੀ ਕੁਸੰਗਤੀ ‘ਚੋਂ ਆਪਣੇ ਜੀਵਨ ਨੂੰ ਹੀ ਦਾਅ ‘ਤੇ ਲਾਉਣਾ। ਜੀਵਨ ਦੇ ਹਰ ਮੋੜ, ਹਰ ਅਦਾਰੇ ਅਤੇ ਹਰ ਮੌਕੇ ‘ਤੇ ਬਹੁਤ ਸਾਰੇ ਲੋਕ ਮਿਲਦੇ। ਉਨ੍ਹਾਂ ਦੀਆਂ ਕਈ ਪਰਤਾਂ ਜੱਗ-ਜਾਹਰ ਹੁੰਦੀਆਂ, ਕੁਝ ਲੁੱਕੀਆਂ ਰਹਿੰਦੀਆਂ। ਜਰੂਰੀ ਹੈ ਕਿ ਅਸੀਂ ਸੁਹਜ ਤੇ ਕੁਹਜ ਦੀ ਪਛਾਣ ਕਰਨ ਦੇ ਸਮਰੱਥ ਹੋਈਏ। ਸੁੱਚੇ ਰੰਗਾਂ ਨਾਲ ਵਿਅਕਤੀਤਵ ਨੂੰ ਨਿਖਾਰਨ ਅਤੇ ਉਭਾਰਨ ਦੇ ਯਤਨ ਜਾਰੀ ਰੱਖੀਏ। ਸੂਝਵਾਨ ਅਤੇ ਮਹਾਨ ਵਿਅਕਤੀ ਦੇ ਜ਼ਿੰਦਗੀ ਦੇ ਵਰਕਿਆਂ ਨੂੰ ਫਰੋਲਣਾ, ਪਤਾ ਲਗੇਗਾ ਕਿ ਉਨ੍ਹਾਂ ਨੇ ਕਿਹੜੇ ਕਸ਼ਟਾਂ, ਤਕਲੀਫਾਂ ਅਤੇ ਦੁੱਖਾਂ ਵਿਚੋਂ ਅਜਿਹੀ ਪੈੜ ਸਿਰਜੀ, ਜੋ ਉਨ੍ਹਾਂ ਦੀ ਸੁਰਖ ਪਛਾਣ ਬਣੀ।
ਗੁਣ-ਪ੍ਰਾਪਤੀ, ਨਿਰੰਤਰ ਸਾਧਨਾ, ਸਿਰੜ, ਸਮਰਪਣ ਅਤੇ ਸਖਤ ਮਿਹਨਤ ਵਿਚੋਂ ਹੀ ਹਾਸਲ ਹੁੰਦੀ। ਗੁਣ ਵਿਰਾਸਤ ਨਹੀਂ। ਨਿੱਜਤਾ ‘ਤੇ ਨਿਰਭਰ। ਕਈ ਵਾਰ ਕਿਸੇ ਨਲਾਇਕ ਬਾਪ ਦੇ ਬੱਚੇ ਬਹੁਤ ਲਾਇਕ ਹੁੰਦੇ। ਅਕਸਰ ਗੋਦੜੀਆਂ ਵਿਚੋਂ ਹੀ ਲਾਲ ਪੈਦਾ ਹੁੰਦੇ।
ਗੁਣ ਗ੍ਰੰਥਾਂ, ਗੁਫਤਗੂ, ਸੰਵਾਦ ਅਤੇ ਸੇਧਤ ਸੋਚ ਨਾਲ ਹੀ ਮਨੁੱਖ ਅਪਨਾਵੇ ਤਾਂ ਉਹ ਇਨ੍ਹਾਂ ਗੁਣਾਂ ਦਾ ਮਾਣ ਬਣ ਜਾਵੇ ਅਤੇ ਗੁਣਾਂ ਦੀ ਤਾਸੀਰ ਤੇ ਤਰਜ਼ੀਹ ਵਿਚੋਂ ਤਦਬੀਰ ਨੂੰ ਤਕਦੀਰ ਬਣਾਵੇ।
ਉਪਕਾਰੀ, ਉਦਮੀ, ਉਤਸ਼ਾਹੀ ਅਤੇ ਉਸਾਰੂ ਸੋਚ ਨਾਲ ਭਰਪੂਰ ਵਿਅਕਤੀਆਂ ਦੇ ਮੱਥੇ ਦਾ ਟਿੱਕਾ ਬਣਨ ਲਈ ਚੰਦਰਮਾ ਹਮੇਸ਼ਾ ਉਤਸੁਕ ਰਹਿੰਦਾ ਜਦ ਕਿ ਉਲਾਰਵਾਦੀ, ਉਜੱਡ ਲੋਕ ਵਕਤ ਦੀ ਕਾਲਖ ਹੁੰਦੇ।
ਆਤਮ-ਵਿਸ਼ਵਾਸੀ, ਆਸਵੰਤਾ, ਆਗਿਆਕਾਰੀ, ਆਦਰਯੋਗ, ਅੰਤਰਜ਼ਾਮੀ, ਅਦਬੀ, ਅਦੀਬ, ਅਕਲਮੰਦ, ਆਲਮ-ਫਾਜ਼ਲ, ਅਣਖੀ, ਆਦਿ ਵਿਅਕਤੀ ਗੁਣਾਂ ਦੀ ਗੁੱਥਲੀ; ਪਰ ਅੱਖੜ, ਅਕ੍ਰਿਤਘਣ, ਆਲਸੀ, ਅਧਰਮੀ, ਅਭਿਮਾਨੀ, ਅਤਿਆਚਾਰੀ, ਅਗਿਆਨੀ ਮਨੁੱਖ ਤਾਂ ਦੁਰਕਾਰਨਯੋਗ। ਇਸ ਵਿਚੋਂ ਹੀ ਮਨੁੱਖੀ ਫਿਤਰਤ ਦਾ ਚੰਗਾ ਜਾਂ ਮਾੜਾ ਜਲੌਅ ਪ੍ਰਗਟਦਾ।
ਇੱਜਤਦਾਰ, ਈਮਾਨਦਾਰ, ਇਤਬਾਰੀ, ਇਖਲਾਕੀ ਮਨੁੱਖ ਦੀ ਸੁਚੱਜੀ ਪਛਾਣ ਦਾ ਨਾਮ। ਉਨ੍ਹਾਂ ਦੇ ਅੰਤਰੀਵ ਵਿਚੋਂ ਪਾਰਦਸ਼ਤਾ ਨੂੰ ਕਿਆਸਿਆ ਜਾ ਸਕਦਾ, ਪਰ ਈਰਖਾਲੂ ਸਿਰਫ ਈਰਖਾ ਹੀ ਕਰ ਸਕਦਾ। ਪੱਲੇ ਵਿਚ ਕੁਝ ਨਹੀਂ ਹੁੰਦਾ।
ਸੂਝਵਾਨ, ਸਿਆਣਾ, ਸੰਜਮੀ, ਸੰਸਕਾਰੀ, ਸਮਝਦਾਰ, ਸਮਦਰਸ਼ੀ, ਸੁਆਮੀ, ਸ਼ਰਮੀਲਾ, ਸੁਹੇਲਾ, ਸਚਿਆਰਾ, ਸੁੰਦਰ, ਸੰਤੋਖੀ, ਸੁਪਨਸ਼ੀਲ, ਸਹਿਜਭਾਵੀ, ਸੂਖਮਭਾਵੀ, ਸਮਰਪਿਤ, ਸਦਭਾਵੀ, ਸੰਸਕਾਰੀ ਅਤੇ ਸਾਦਗੀ ਤੇ ਸੁਹਜ ਨਾਲ ਭਰਪੂਰ ਗੁਣਾਂ ਵਾਲੇ ਵਿਅਕਤੀਤਵ ਸੂਰਜਾਂ ਦੀ ਤਸ਼ਬੀਹ ਹੁੰਦੇ। ਸ਼ੁਹਦਾ, ਸ਼ੱਕੀ, ਸ਼ਿਕਾਇਤੀ, ਸ਼ਰਾਰਤੀ, ਸੂਮ ਆਦਿ ਵਿਅਕਤੀ ਨੂੰ ਕਿਸ ਨਾਲ ਤਸ਼ਬੀਹ ਦੇਵੋਗੇ?
ਹੱਸਮੁੱਖ, ਹਿੰਮਤੀ, ਹਰਦਿਲ-ਅਜ਼ੀਜ਼, ਹਰਫਨਮੌਲਾ ਅਤੇ ਹਸਾਸ ਨਾਲ ਭਰੇ ਬੰਦੇ ਵਿਚੋਂ ਹੋ ਰਹੀ ਬੰਦਿਆਈ ਦੀ ਬਾਰਸ਼ ਵਿਚ ਜਦ ਕੋਈ ਭਿੱਜਦਾ ਤਾਂ ਉਸ ਦੀਆਂ ਜੀਵਨੀ ਔੜਾਂ ਦੀ ਪਿਆਸ ਮਿੱਟਦੀ; ਜਦੋਂ ਕਿ ਹਾਰਿਆ, ਹੰਭਿਆ, ਹੰਕਾਰੀ, ਹੂੜਮੱਤਾ, ਹੱਠੀ ਆਦਿ ਵਿਅਕਤੀ ਤਾਂ ਰੱਕੜ ਦਾ ਨਾਮਕਰਨ ਹੁੰਦੇ।
ਕਿਰਤੀ, ਕਵੀ, ਕਲਾਕਾਰ, ਕਥਾਕਾਰ, ਕਿਸਾਨ, ਕ੍ਰਿਪਾਲੂ, ਕ੍ਰਿਤਾਰਥੀ, ਕਹਿਣੇਕਾਰ, ਕਰਿੰਦਾ, ਕਰਮਯੋਗੀ ਅਤੇ ਕਰਮਵੰਤੇ ਆਦਿ ਲੋਕ ਹੁੰਦੇ, ਜੋ ਜ਼ਿੰਦਗੀ ਵਿਚ ਅਦਬ ਅਤੇ ਅਦਾਬ ਸੰਗ ਜਿਉਂਦੇ। ਉਨ੍ਹਾਂ ਨੂੰ ਜੀਵਨ-ਜਾਚ ਦਾ ਹੁਨਰ ਅਤੇ ਹੱਕ ਹਾਸਲ ਹੁੰਦਾ, ਜਦੋਂ ਕਿ ਕੰਜੂਸ, ਕਮੀਨੇ, ਕੁਕਰਮੀ, ਕਾਤਲ, ਕਹਿਰਵਾਨ, ਕੋਹਜੇ, ਕੁਰਾਹੀਏ, ਕੁਸੰਗਤੀ, ਕੁਰਹਿਤੀ ਆਦਿ ਵਿਅਕਤੀਆਂ ਤੋਂ ਤਾਂ ਬਚਣ ਵਿਚ ਹੀ ਭਲਾਈ।
ਖਬਤੀ, ਖੁਆਬੀ, ਖੁਸ਼-ਮਿਜ਼ਾਜ਼ ਅਤੇ ਖਾਮੋਸ਼ ਵਿਅਕਤੀ ਚੜ੍ਹਦੇ ਦਿਨ ਦੀ ਰੌਸ਼ਨੀ ਹੁੰਦੇ; ਜਦੋਂ ਕਿ ਖਰਚੀਲਾ, ਖੁੰਦਕੀ, ਖੜਪੈਂਚ, ਖੁਣਸੀ, ਖਰਵਾ, ਖਤਰਨਾਕ ਵਿਅਕਤੀ ਉਤਰ ਰਹੀ ਸ਼ਾਮ ਦਾ ਹਨੇਰਾ, ਜੋ ਮਨੁੱਖਤਾ ਲਈ ਘੁਸਮੁੱਸਾ ਹੁੰਦੇ।
ਗਰੀਬ, ਗੁਣੀ, ਗਿਆਨੀ, ਗੁਣਵੰਤਾ, ਗਹਿਰ-ਗੰਭੀਰ, ਗੁਰੂ, ਗੌਰਵਮਈ, ਗਿਆਨੀ, ਗੱਦੀ-ਨਸ਼ੀਨ ਬੰਦਾ ਜ਼ਿੰਦਗੀ ਦੇ ਰੌਸ਼ਨ ਪੱਖ। ਗਮਗੀਨ, ਗੰਵਾਰ, ਗੱਦਾਰ, ਗਾਲੜੀ ਆਦਿ ਜੀਵਨ ਦਾ ਅੰਧੇਰਾ ਪੱਖ। ਇਹ ਮਨੁੱਖ ਦੀ ਅਰਧ-ਚੇਤਨਾ ਵਿਚ ਬੈਠੀ ਸੋਚ ‘ਤੇ ਨਿਰਭਰ ਕਿ ਉਸ ਨੇ ਕਿਹੜਾ ਪੱਖ ਚੁਣਨਾ ਏ। ਮਨੁੱਖੀ ਲੋਚਾ ਵੀ ਆਪਣਾ ਰੋਲ ਅਦਾ ਕਰਦੀ।
ਘੁਣਤਰੀ, ਘਬਰਾਉਣ ਵਾਲਾ, ਘੂਰਨ ਵਾਲਾ, ਘੁਮੰਡੀ ਬਣ ਕੇ ਕਿਸੇ ਦੇ ਪੈਰਾਂ ਦੀ ਛਣਕਾਰ ਬਣਨਾ ਜਦ ਕਿਸੇ ਵਿਅਕਤੀ ਦੀ ਜ਼ਿਹਨੀ ਕਮਜ਼ੋਰੀ ਬਣ ਜਾਵੇ ਤਾਂ ਇਸ ਵਿਚੋਂ ਕਿਹਾ-ਜਿਹਾ ਰੰਗ ਉਘੜੇਗਾ, ਦੱਸਣ ਦੀ ਲੋੜ ਨਹੀਂ ਰਹਿ ਜਾਂਦੀ।
ਚੁਸਤ, ਚੁਲਬੁਲਾ, ਚੁੱਪ-ਚੁਪੀਤਾ, ਚਰਿੱਤਰਵਾਨ ਵਿਅਕਤੀ ਹੁੰਦੇ ਨੇ ਗੰਦਮੀ ਨਿਖਾਰ; ਜਦੋਂ ਕਿ ਚਮਚੇ, ਚੁਗਲਖੋਰ, ਚਲਾਕ, ਚੋਰ, ਚਗਲਿਆ, ਚਰਿੱਤਰਹੀਨ ਵਿਅਕਤੀ ਤਾਂ ਵਕਤ ਦਾ ਕਾਲਖੀ ਵਰਤਾਰਾ, ਜਿਸ ਵਿਚੋਂ ਉਸ ਦੇ ਵਿਨਾਸ਼ ਦੀ ਨਿਸ਼ਾਨਦੇਹੀ ਕਰਦੀਆਂ ਅਲਾਮਤਾਂ ਦੀ ਕਰੂਰਤਾ ਨਜ਼ਰ ਆਉਂਦੀ।
ਜਜ਼ਬਾਤੀ, ਜਿਗਰੀ, ਜੋਸ਼ੀਲਾ, ਜੰਗਜੂ, ਜੋਗੀ, ਜੋਬਨਵੰਤ, ਵਿਅਕਤੀ ਸਰਘੀ ਦਾ ਝਲਕਾਰਾ; ਜਦੋਂ ਕਿ ਜ਼ਾਲਮ, ਜੋਰਾਵਰ, ਜਮ੍ਹਾਂਖੋਰ, ਜੁਗਾੜੀ, ਵਿਅਕਤੀ ਸ਼ਾਮ ਦਾ ਅੰਧਕਾਰਾ। ਕੁਝ ਉਘੜਦੀਆਂ ਪੈੜਾਂ ਦੇ ਨਿਸ਼ਾਨ ਅਤੇ ਕੁਝ ਮਿੱਟ ਰਹੇ ਰਾਹਾਂ ਦੀਆਂ ਸਾਹ-ਵਰੋਲਦੀਆਂ ਲਕੀਰਾਂ।
ਝਗੜਾਲੂ ਤੇ ਝਮੱਖੇ ਵਿਅਕਤੀ ਦੀ ਔਕਾਤ ਹੀ ਕੀ! ਉਹ ਕਬਰਾਂ, ਕਾਲਖਾਂ ਅਤੇ ਕੁਤਾਹੀਆਂ ਨੂੰ ਹੀ ਕੀਰਤੀ ਸਮਝਣ ਦੀ ਭੁੱਲ ਕਰਦਾ ਏ ਸਾਰੀ ਉਮਰ।
ਟੌਹਰੀ, ਟਰਕਾਊ, ਟੱਪਲੇਬਾਜ਼ ਵਿਅਕਤੀ ਅਜਿਹੇ ਹੁੰਦੇ, ਜਿਨ੍ਹਾਂ ਵਿਚੋਂ ਸਿਰਫ ਮੱਸਿਆ ਦੀ ਰਾਤ ਦੇ ਹੀ ਦੀਦਾਰੇ ਹੁੰਦੇ ਅਤੇ ਇਨ੍ਹਾਂ ਵਿਚੋਂ ਪੁੰਨਿਆਂ ਦਾ ਪੂਰਾ ਚੰਨ ਕਦੇ ਨਹੀਂ ਦੇਖ ਸਕਦੇ।
ਠਰੰਮੇ ਨੂੰ ਯਾਰ ਬਣਾਉਣ ਵਾਲੇ ਵਿਅਕਤੀ ਸੂਰਜ ਵੰਨੀਂ ਕੀਤੇ ਮੁੱਖ ਦਾ ਨਾਮ, ਜਦੋਂ ਕਿ ਠੱਗ ਤੇ ਠਰਕੀ ਲੋਕ ਸੂਰਜ ਨੂੰ ਪਿੱਠ ਦਿਖਾਉਣ ਦੀ ਚਿੰਤਾ ਹੁੰਦੇ। ਆਦਮੀ ਨੇ ਸੂਰਜ ਵੰਨੀਂ ਜਾਂਦੀਆਂ ਰਾਹਾਂ ਮੱਲਣੀਆਂ ਜਾਂ ਸੂਰਜ ਤੋਂ ਦੂਰ ਜਾਣ ਵਾਲੇ ਪੈਂਡਿਆਂ ਦਾ ਰਾਹੀ ਬਣਨਾ, ਮਨੁੱਖ ਦੇ ਵਿਕਾਸ ਜਾਂ ਵਿਨਾਸ਼ ਦਾ ਪ੍ਰਤੀਕ ਹੁੰਦਾ।
ਡਰਪੋਕ ਲੋਕ ਬਹੁਤ ਛੇਤੀ ਮੁਸ਼ਕਿਲਾਂ ਤੋਂ ਘਬਰਾ ਜਾਂਦੇ ਅਤੇ ਉਹ ਹਾਰੇ ਹੋਏ ਸੁਪਨਿਆਂ ਦਾ ਸੱਚ ਜਿਉਣ ਦੀ ਹੀ ਚਾਹਤ ਹੁੰਦੇ। ਢੌਂਗੀ ਵਿਅਕਤੀ ਕੋਲੋਂ ਕਿਸੇ ਚੰਗੇਰੇ ਕਾਰਜ਼ ਜਾਂ ਅਰਥਮਈ ਸੋਚ ਦੀ ਆਸ ਕਿਵੇਂ ਰੱਖ ਸਕਦੇ ਹੋ?
ਤਰਸ, ਤਹਿਕਣ, ਤੰਗ-ਦਿਲ, ਤਪੀਸਰ, ਤਰਲੇ ਮਾਰਨ ਵਾਲੇ ਲੋਕ ਬਣਨਾ ਜਾਂ ਤਾਂਘ, ਤੜਪ ਅਤੇ ਤਮੰਨਾ ਨੂੰ ਆਪਣਾ ਹਮਸਫਰ ਬਣਾ ਕੇ ਜੀਵਨ ਦੇ ਉਚੇਰੇ ਦਿਸਹੱਦਿਆਂ ਨੂੰ ਆਪਣੀ ਬੁੱਕਲ ਦਾ ਯਾਰ ਬਣਾਉਣਾ, ਇਹ ਮਨੁੱਖੀ ਮਸਤਕ ਵਿਚ ਵੱਸਦੀ ਆਰਜਾ ਅਤੇ ਊਰਜਾ ‘ਤੇ ਨਿਰਭਰ।
ਥਰਥਰਾਹਟ ਅਤੇ ਥਰਕਣ ਨੂੰ ਆਪਣਾ ਯਾਰ ਬਣਾਉਣ ਵਾਲੇ ਲੋਕਾਂ ਨੂੰ ਜੀਵਨ-ਫੁੱਲਾਂ ‘ਤੇ ਡਲਕਦੀ ਤ੍ਰੇਲ ਵਿਚੋਂ ਸਤਰੰਗੀਆਂ ਨੂੰ ਬਿਖਾਰਨ ਅਤੇ ਰੰਗ-ਆਭਾ ਨੂੰ ਵਿਸਥਾਰਨ ਦਾ ਵਰ ਮਿਲਦਾ। ਥੱਕੇ ਹੋਏ ਲੋਕਾਂ ਕੋਲੋਂ ਤਾਂ ਜੀਵਨ-ਰਾਹਾਂ ਵੀ ਗਵਾਚ ਜਾਂਦੀਆਂ।
ਦਰਦਵੰਤਾ, ਦਰਿਆ-ਦਿਲ, ਦੁੱਖ-ਸੁੱਖ ਦਾ ਸਾਥੀ, ਦਲੇਰ, ਦਇਆਵਾਨ ਮਨੁੱਖ ਤਾਂ ਸੁਰਖ ਰੰਗਤ ਦੀ ਬਖਸ਼ਿਸ਼। ਦਲੇਰ ਲੋਕ ਹੀ ਸੁਪਨਿਆਂ ਦਾ ਪਿੱਛਾ ਕਰਦਿਆਂ, ਉਨ੍ਹਾਂ ਨੂੰ ਸੰਪੂਰਨਤਾ ਦਾ ਵਰ ਦਿੰਦੇ। ਦਾਦਾਗਿਰੀ ਤੇ ਦਕਿਆਨੂਸੀ ਵਿਅਕਤੀ ਪਲਿੱਤਣਾਂ ਦਾ ਪਹਿਰਾ। ਸਮਿਆਂ ਦੀ ਕੇਹੀ ਤ੍ਰਾਸਦੀ ਕਿ ਪੱਤਝੜ ਵਰਨ ਵਾਲੇ ਲੋਕ ਹੀ ਬਹਾਰਾਂ ਨੂੰ ਪੈਰਾਂ ਤਲੇ ਕੁੱਚਲਣ ਦਾ ਘੋਰ ਅਤਿਆਚਾਰ ਕਰ ਰਹੇ ਨੇ।
ਧਨੀ, ਧੁਨ ਦੇ ਪੱਕੇ, ਧਰਮੀ, ਧਨਵੰਤਰੀ, ਧਿਆਵਨਹਾਰ, ਧੰਨਤਾ ਦੇ ਯੋਗ ਜਰੂਰ ਬਣਨਾ, ਕਿਉਂਕਿ ਇਹ ਲੋਕ ਨਸੀਬ ਦੇ ਚਿਤੇਰੇ ਹੁੰਦੇ। ਲੋੜ ਹੈ, ਮਸਤਕ ‘ਤੇ ਉਕਰੇ ਨਕਸ਼ਾਂ ਵਿਚੋਂ ਮਾਨਵੀ ਰੂਹਾਨੀਅਤ ਦਾ ਉਹ ਨਕਸ਼ ਪੈਦਾ ਹੋਵੇ, ਜਿਸ ਦੀ ਆਭਾ ਵਿਚ ਚੌਗਿਰਦਾ ਲਬਰੇਜ਼ ਹੋਵੇ; ਪਰ ਕਦੇ ਵੀ ਧੱਕੜ ਜਾਂ ਧਗੇੜ ਨਾ ਬਣਨਾ।
ਨਰਮ ਦਿਲ, ਨੇਕਨੀਤ, ਨਿਹਕਾਮੀ, ਨਿਮਾਣੇ, ਨਿਆਂਸ਼ੀਲ, ਨਿਤਾਣੇ, ਨਿਥਾਂਵੇਂ, ਨਿਘਰੇ ਲੋਕ ਅੰਬਰ ਵਿਚ ਵੀ ਉਡਾਰੀ ਭਰਨ ਦੇ ਸਮਰੱਥ। ਅਸਮਾਨ ਨੂੰ ਆਪਣਾ ਟੀਚਾ ਮਿੱਥੋ, ਤੁਹਾਡੇ ਹਿੱਸੇ ਦਾ ਅੰਬਰ ਤੁਹਾਡਾ ਸਾਥ ਮਾਣੇਗਾ। ਨਿੰਦਕ, ਨਗੋਚੀ, ਨੀਚ, ਨਾ-ਸ਼ੂਕਰੇ ਲੋਕ ਤਾਂ ਰਸਾਤਲ ਵਿਚ ਜਾਣ ਨੂੰ ਆਪਣਾ ਅਕੀਦਾ ਮੰਨਦੇ।
ਪਾਕ, ਪਵਿੱਤਰ, ਪ੍ਰੇਮੀ, ਪਿਆਰੇ, ਪਾਕੀਜ਼, ਪ੍ਰੇਰਨਾਮਈ, ਪਾਬੰਦ, ਪ੍ਰਤੀਬੱਧ, ਪੁਜਾਰੀ, ਪਹਿਰੇਦਾਰ ਅਤੇ ਪਰਖੂ ਲੋਕ ਨਰੋਈ ਦਿੱਖ ਅਤੇ ਸੇਧਤ-ਸੋਚ ਸਦਕਾ ਨਵੀਆਂ ਪਹਿਲਾਂ ਅਤੇ ਪ੍ਰਾਪਤੀਆਂ ਦਾ ਅਜਿਹਾ ਇਤਿਹਾਸ ਸਿਰਜਦੇ, ਜਿਸ ‘ਤੇ ਤਹਿਜ਼ੀਬ ਨੂੰ ਵੀ ਗਰਵ ਹੁੰਦਾ। ਪਾਖੰਡੀ ਤੇ ਪਾਪੀ ਲੋਕ ਤਾਂ ਕੁਕਰਮਾਂ ਦੀ ਖੇਤੀ ਕਰਨ ਜੋਗੇ ਹੀ ਹੁੰਦੇ।
ਫੱਕਰ, ਫਕੀਰ, ਫਰਜ਼-ਸ਼ਨਾਸ਼ ਅਤੇ ਫਰਮਾਬਰਦਾਰ ਲੋਕ-ਵੰਨਗੀਆਂ ਸਮਾਜਕ ਸੁੱਚਮ। ਇਨ੍ਹਾਂ ਵਿਚੋਂ ਸਭ ਤੋਂ ਬਿਹਤਰੀਨ ਏ ਫੱਕਰਤਾ, ਜਿਸ ਵਿਚੋਂ ਖੁਦਾਈ ਅਤੇ ਬੰਦਾਈ ਨੂੰ ਪਾ ਕੇ ਮਨੁੱਖ, ਮਨੁੱਖ ਹੋਣ ਦਾ ਫਰਜ਼ ਅਦਾ ਕਰਦਾ। ਫਰੇਬੀ ਤੇ ਫੁਹਸ਼ ਲੋਕ ਸਿਰਫ ਖੁਦ ਦੀ ਰਾਖ ਫਰੋਲਦੇ।
ਬੰਦਿਆਈ ਭਰਪੂਰ, ਬੰਦਗੀ ਕਰਨ ਵਾਲੇ, ਬਹਾਦਰ, ਬਖਸਿੰ.ਦ, ਬੇਗਾਨੇ, ਬੇਲਿਹਾਜ਼, ਬਦਨੀਤ, ਬਦਕਾਰ, ਬੇਸ਼ਰਮ, ਬਦਨੁਮਾ ਅਦਿ ਗੁਣਾਂ ਵਿਚੋਂ ਬੰਦੇ ਨੇ ਕਿਹੜੇ ਗੁਣਾਂ ਦਾ ਨੇੜ ਪਾਲਣਾ ਅਤੇ ਕਿਸ ਤੋਂ ਦੂਰੀ ਬਣਾਉਣੀ, ਇਹ ਮਨੁੱਖ ਦੇ ਸੰਸਕਾਰਾਂ ‘ਤੇ ਨਿਰਭਰ। ਚੰਗੇਰੇ ਗੁਣਾਂ ਨਾਲ ਵਿਅਕਤੀਤਵ ਨੂੰ ਵਿਕਾਸ ਤੇ ਵਿਸਥਾਰ ਵਿਚ ਮਦਦ ਮਿਲਦੀ, ਜੋ ਸਮਾਜਕ ਸਰੋਕਾਰਾਂ ਨੂੰ ਨਵੀਂ ਪਰਵਾਜ਼ ਦਿੰਦਾ।
ਭਲਾਈ ਕਰਨ ਵਾਲਾ, ਭਗਤ, ਭਲਾਮਾਣਸ, ਭੁੱਲਣਹਾਰ, ਭਗੌੜਾ, ਭੋਗੀ, ਭਰਥਰੀ, ਭਗਵਾਂ, ਭਰਮੀ, ਆਦਿ ਗੁਣਾਂ ਨੂੰ ਆਪਣੇ ਵਿਚ ਰਮਾਉਣ ਵਾਲੇ ਲੋਕਾਂ ਦਾ ਕਿਹੜਾ ਰੂਪ ਜੱਗ-ਜਾਹਰ ਹੁੰਦਾ ਅਤੇ ਕਿਸ ਕਰੂਪ ਨੂੰ ਉਹ ਪ੍ਰਗਟ ਹੋਣ ਤੋਂ ਹੋੜਦੇ, ਇਹ ਮਨੁੱਖ ਦੀ ਸਿਆਣਪ, ਸੂਝ ਅਤੇ ਸਾਰਥਕਤਾ ‘ਤੇ ਨਿਰਭਰ।
ਮਰਦਾਨਾ, ਮੁਹਤਾਜ਼, ਮਹਿਰਮ, ਮੁਲਾਜ਼ਮ, ਮਿਹਰਬਾਨ, ਮੋਹਵੰਤਾ, ਮਾਲਕ, ਮਹਾ-ਪੁਰਖ, ਮਹਾਤਮਾ, ਮਦਦਗਾਰ, ਮਿਹਨਤੀ, ਮੁਲਜ਼ਮ ਆਦਿ ਮਾਨਵੀ ਗੁਣਾਂ ਵਿਚੋਂ ਬਹੁਤਾਤ ਉਨ੍ਹਾਂ ਗੁਣਾਂ ਦੀ, ਜੋ ਪਰਮ-ਮਨੁੱਖ ਬਣਨ ਵੰਨੀਂ ਜਾਂਦੇ ਰਾਹਾਂ ਦੀ ਨਿਸ਼ਾਨਦੇਹੀ ਕਰਦੇ ਅਤੇ ਫਿਰ ਪਗਡੰਡੀਆਂ ਨੂੰ ਮਾਰਗ ਬਣਾਉਣ ਦਾ ਹੱਠ ਤੇ ਹੀਆ ਪੈਦਾ ਕਰਦੇ।
ਯਾਰ ਤਾਂ ਬਹੁਤ ਘੱਟ ਹੁੰਦੇ, ਜਿਨ੍ਹਾਂ ਨਾਲ ਦਿਲ ਦੀਆਂ ਬਾਤਾਂ ਪਾਈਆਂ ਜਾ ਸਕਦੀਆਂ, ਮਨ ਦੀਆਂ ਗੁੰਝਲਾਂ ਨੂੰ ਸੁਲਝਾਇਆ ਜਾ ਸਕਦਾ, ਜਿਸ ਦੇ ਮੋਢੇ ‘ਤੇ ਸਿਰ ਰੱਖ ਕੇ ਬੰਦਾ ਰੋ ਵੀ ਸਕਦਾ ਤੇ ਰੁਆ ਵੀ ਸਕਦਾ, ਹੱਸ ਵੀ ਸਕਦਾ ਤੇ ਹਸਾ ਵੀ ਸਕਦਾ, ਸੁਸਤਾ ਵੀ ਸਕਦਾ ਅਤੇ ਉਸ ਦੀ ਬੁੱਕਲ ਵਿਚੋਂ ਨਿੱਘ ਨੂੰ ਯਾਰ ਬਣਾ ਵੀ ਸਕਦਾ।
ਰਮਤੇ, ਰੂਹਦਾਰ, ਰਮਜ਼ੀ, ਰੱਖਣਹਾਰੇ, ਰੰਗਰੇਜ਼ ਅਤੇ ਰੂਹਾਨੀ ਲੋਕ ਰੂਹ ਦੇ ਵਣਜਾਰੇ। ਰੂਹ ਦੇ ਅੰਬਰ ਵਿਚ ਉਡਾਰੀਆਂ ਲਾਉਂਦੇ। ਰੂਹਾਂ ਦੀਆਂ ਬਾਤਾਂ ਪਾਉਂਦੇ। ਰੂਹ ਦੇ ਸਾਜ਼ ਨੂੰ ਰੂਹਦਾਰੀ ਨਾਲ ਵਜਾ, ਦਿਲਾਂ ਦੀਆਂ ਸੁੱਤੀਆਂ ਤਾਰਾਂ ਵਿਚ ਸੰਗੀਤਕਤਾ ਭਰ, ਫਿਜ਼ਾ ਨੂੰ ਵੀ ਰੁਮਕਣ ਲਾਉਂਦੇ ਅਤੇ ਪੌਣ ਦੇ ਨਾਮ ਜੀਵਨ-ਰਵਾਨਗੀ ਭਰਦੇ।
ਲਾਲਚੀ, ਲਾਈਲੱਗ, ਲੁਟੇਰੇ, ਲਟਭੌਰੇ, ਲੜਾਕੇ ਜਿਹੇ ਗੁਣਵੰਤਿਆਂ ਦੀ ਸਮਾਜ ਨੂੰ ਲੋੜ ਤਾਂ ਨਹੀਂ, ਪਰ ਅਜੋਕੇ ਸਮੇਂ ਵਿਚ ਇਨ੍ਹਾਂ ਦਾ ਰਾਜ। ਜਰੂਰੀ ਹੈ ਕਿ ਲੋੜਵੰਦਾਂ ਦੀ ਬਾਂਹ ਫੜ, ਉਨ੍ਹਾਂ ਦੇ ਨੈਣਾਂ ਵਿਚ ਸੁਪਨਿਆਂ ਦੀ ਦੀਪਮਾਲਾ ਕਰੀਏ ਤਾਂ ਕਿ ਉਨ੍ਹਾਂ ਵਿਚ ਵੀ ਜਿੰ.ਦਗੀ ਨੂੰ ਜਿਉਣ ਅਤੇ ਮਾਣਨ ਦਾ ਚਾਅ ਪੈਦਾ ਹੋਵੇ।
ਵਿਖਿਆਨੀ, ਵੱਡਭਾਗੀ, ਵਖਤਾਂ ਮਾਰੇ ਲੋਕ ਜ਼ਿੰਦਗੀ ਦਾ ਸੁਹੱਪਣ; ਪਰ ਵਿਹਲੇ, ਵੈਰੀ, ਵਿਰੋਧੀ, ਵਰਗਲਾਉਣ ਵਾਲੇ, ਵਹਿਮੀ ਲੋਕਾਂ ਨੂੰ ਕਿਸ ਵੰਨਗੀ ਨਾਲ ਤਸ਼ਬੀਹ ਦੇਵੋਗੇ, ਕਿਉਂਕਿ ਇਨ੍ਹਾਂ ਦੇ ਮਨ ਵਿਚ ਜੀਵਨ ਦੀ ਕੋਮਲਤਾ ਤੇ ਸੁਹਜ ਲਈ ਕੋਈ ਥਾਂ ਨਹੀਂ। ਉਹ ਕਿਸੇ ਅਨਾਥ ਦੇ ਦੁੱਖ ਵਿਚ ਅੱਖਾਂ ਦੀ ਸਿੱਲ ਬਣ ਕੇ ਧਰਮ ਪਾਲਣ ਦਾ ਕਰਮ ਨਹੀਂ ਕਰਦੇ।
ਗੁਣਾਂ ਦੀ ਕਦਰ ਕਰਦੇ ਨੇ ਲੋਕ, ਬਸ਼ਰਤੇ ਇਹ ਗੁਣ, ਚੰਗਿਆਈ, ਸੁੱਚਮਤਾ ਅਤੇ ਉਚਮਤਾ ਦਾ ਉਦੇਸ਼ ਹਰ ਸੋਚ-ਜੂਹ ਵਿਚ ਧਰਨ ਅਤੇ ਹਰੇਕ ਨੂੰ ਕੁਝ ਚੰਗੇਰਾ ਕਰਨ ਵੰਨੀਂ ਪ੍ਰੇਰਿਤ ਕਰਨ।
ਗੁਣ, ਪੈਗੰਬਰੀ ਪਹੁੰਚ, ਪ੍ਰੇਰਨਾ ਅਤੇ ਪ੍ਰਾਪਤੀ ਦਾ ਪਰਿਪੇਖ। ਕਈ ਵਾਰ ਸਾਨੂੰ ਸਾਡੇ ਛੁਪੇ ਹੋਏ ਗੁਣਾਂ ਦਾ ਪਤਾ ਨਹੀਂ ਹੁੰਦਾ, ਤਾਂ ਹੀ ਸੂਝਵਾਨ ਗੁਰੂ, ਅਧਿਆਪਕ ਜਾਂ ਤੀਬਰ ਨੀਝ ਵਾਲੇ ਪਾਰਖੂ ਨਵੀਆਂ ਪ੍ਰਤਿਭਾਵਾਂ ਨੂੰ ਖੋਜਣ, ਤਰਾਸ਼ਣ ਅਤੇ ਲਿਸ਼ਕਾ ਕੇ ਸਮਾਜ ਵਿਚ ਵਿਕੋਲਿਤਰੀਆਂ ਪੈੜਾਂ ਸਿਰਜਦੇ ਨੇ।
ਗੁਣਵੰਤਾ ਬਣਨ ਲਈ ਸਭ ਤੋਂ ਜਰੂਰੀ ਹੈ ਖੁਦ ਦੀ ਸਮਰੱਥਾ, ਤਾਕਤ, ਗੁਣ ਅਤੇ ਮਿਹਨਤ ‘ਤੇ ਵਿਸ਼ਵਾਸ ਕਰਨਾ, ਕਿਉਂਕਿ ਜੇ ਤੁਸੀਂ ਆਪਣੇ ‘ਤੇ ਹੀ ਯਕੀਨ ਨਹੀਂ ਕਰੋਗੇ ਤਾਂ ਕੌਣ ਕਰੇਗਾ ਤੁਹਾਡੇ ‘ਤੇ ਵਿਸ਼ਵਾਸ?
ਗੁਣਵੰਤਾ ਇਕ ਚੰਦਰਮਾ ਜਿਹਾ, ਜੋ ਸਿਰਫ ਚਾਨਣ ਪੱਖ ਹੀ ਦਿਖਾਉਂਦਾ ਅਤੇ ਹਨੇਰੇ ਪੱਖ ਨੂੰ ਖੁਦ ਤੋਂ ਵੀ ਬਹੁਤ ਦੂਰ ਰੱਖਦਾ ਤਾਂ ਹੀ ਚੰਨ-ਚਾਨਣੀ ਮਨ ਨੂੰ ਮੋਂਹਦੀ। ਪਿਆਰ ਭਿੱਜੇ ਪਲਾਂ ਦਾ ਨਿਉਂਦਾ ਵੀ ਦਿੰਦੀ, ਠੰਢਕ ਦਾ ਅਹਿਸਾਸ ਮਨਾਂ ਵਿਚ ਪੈਦਾ ਕਰਦੀ ਅਤੇ ਰੌਸ਼ਨੀ ਦੀਆਂ ਬਾਤਾਂ ਦਾ ਹੁੰਗਾਰਾ ਭਰਨ ਨੂੰ ਵੀ ਜੀਅ ਕਰਦਾ।
ਗੁਣਵੰਤਿਆਂ ਦੀਆਂ ਗੱਲਾਂ ਹੁੰਦੀਆਂ, ਗੀਤ ਗਾਏ ਜਾਂਦੇ, ਗੁਫਤਗੂ ਵਿਚ ਹਾਜ਼ਰ-ਨਾਜ਼ਰ, ਗ੍ਰੰਥ ਰਚੇ ਜਾਂਦੇ ਅਤੇ ਗ੍ਰਹਿਣੇ ਵਕਤਾਂ ਨੂੰ ਸੁਰਖ ਭਾਅ ਬਖਸ਼ੇ ਜਾਂਦੇ।
ਗੁਣਵੰਤੇ ਹੀ ਗੱਦੀ-ਨਸ਼ੀਨ ਬਣ ਕੇ ਗੁਰੂ ਦੇ ਉਦੇਸ਼ ਦੀ ਪੂਰਤੀ ਲਈ ਸੁਗਮ ਸੰਦੇਸ਼ ਅਤੇ ਇਸ ਦੀ ਸਾਰਥਕਤਾ ਨੂੰ ਸੰਗਤੀ ਰੂਪ ਵਿਚ ਵੰਡਦੇ। ਨਵੀਆਂ ਪਿਰਤਾਂ ਤੇ ਪਹਿਲਾਂ ਦਾ ਪੈਗਾਮ ਬਣ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਣ ਬਣਦੇ।
ਗੁਣਵੰਤੇ ਹੀ ਘਰਾਣਿਆਂ ਦੇ ਵਾਰਸ। ਗੁਣਵੰਤੇ ਹੀ ਗੁਰਬਤ ਰੂਪੀ ਗਹਿਣੇ ਨੂੰ ਗਲ ‘ਚ ਪਾ ਕੇ ਗਰੀਬੀ ਨੂੰ ਨਵੇਂ ਅਰਥਾਂ ਨਾਲ ਸ਼ਿੰਗਾਰਦੇ ਅਤੇ ਉਹ ਲੋਕ-ਚੇਤਿਆਂ ਵਿਚ ਗੱਲ-ਕੱਥ ਦਾ ਆਧਾਰ ਵੀ ਬਣਦੇ।
ਗੁਣਵੰਤਾ ਸਿਰਫ ਬਾਹਰੀ ਗੁਣਾਂ ਵਿਚੋਂ ਹੀ ਆਪਣੀ ਸਿਰਜਣਾ ਨਹੀਂ ਕਰਦਾ। ਉਸ ਵਲੋਂ ਸਮਾਜਕ ਕਦਰਾਂ ਦੀ ਕਿਰਨਈ-ਕਤਾਰਬੰਦੀ। ਉਸ ਦੇ ਬੋਲਾਂ ਵਿਚ, ਕਲਮ ਵਿਚ, ਵਰਤਾਰੇ ਵਿਚ, ਸਮਾਜਕ ਵਿਹਾਰ ਦੌਰਾਨ ਗੁਣਾਂ ਦੀ ਝਲਕ। ਆਪਣੇ ਕਿੱਤੇ ਪ੍ਰਤੀ ਸਮਰਪਣ, ਸ਼ੌਕ ਪ੍ਰਤੀ ਨਿਸ਼ਠਾ, ਖੁਦ ਪ੍ਰਤੀ ਜਵਾਬਦੇਹੀ ਅਤੇ ਸਮਾਜ ਨੂੰ ਕੁਝ ਅਰਪਣ ਕਰਨ ਦੀ ਬਿਰਤੀ। ਗੁਣਾਂ ਦੀ ਗੁਣਵੰਤਾਂ ਨੂੰ ਪੜਚੋਲਣ ਲਈ ਪਾਰਦਰਸ਼ਤਾ, ਪਾਕੀਜ਼ਗੀ ਅਤੇ ਪ੍ਰਾਪਤੀਆਂ ਦਾ ਅਜਿਹਾ ਸੰਸਾਰ ਸਿਰਜਣ ਦੀ ਲੋੜ ਹੁੰਦੀ, ਜਿਸ ਵਿਚੋਂ ਕੀਰਤੀਮਾਨ ਤੇ ਕੀਰਤੀਆਂ ਦਾ ਕਰਮ-ਖੇਤਰ ਬਹੁਤ ਦੂਰ ਤੀਕ ਫੈਲਿਆ ਹੋਵੇ।
ਗੁਣਵੰਤੇ ਬਣੋ, ਉਨ੍ਹਾਂ ਗੁਣਾਂ ਦੇ ਜਿਨ੍ਹਾਂ ‘ਤੇ ਖੁਦ ਨੂੰ, ਪਰਿਵਾਰ, ਸਮਾਜ, ਕੌਮ ਅਤੇ ਦੇਸ਼ ਨੂੰ ਨਾਜ਼ ਹੋਵੇ ਅਤੇ ਜੋ ਗੁਣ ਵੱਖਰੀ ਪਛਾਣ ਤੇ ਪੈਮਾਨਾ ਨਿਰਧਾਰਤ ਕਰਨ, ਜਿਨ੍ਹਾਂ ਵਿਚੋਂ ਬੰਦਗੀ, ਬੰਦਿਆਈ ਅਤੇ ਬਿਤਹਰੀ ਦਾ ਨਾਦ ਗੂੰਜਦਾ ਹੋਵੇ, ਜਿਸ ਨਾਲ ਖੂਬਸੂਰਤ ਜ਼ਿੰਦਗੀ ਨੂੰ ਹੋਰ ਖੂਬਸੂਰਤ ਅਤੇ ਹੁਸੀਨ ਬਣਾਉਣ ਦੇ ਖਾਬ ਦੀ ਪੂਰਤੀ ਹੁੰਦੀ ਹੋਵੇ।
ਅਜਿਹੇ ਗੁਣਵੰਤਾ ਬਣਨਾ ਕਠਿਨ ਤਾਂ ਹੈ, ਪਰ ਨਾ-ਮੁਮਕਿਨ ਨਹੀਂ। ਇਸ ਮਾਰਗ ‘ਤੇ ਪਹਿਲਾਂ ਕਦਮ ਉਠਾਉਣ ਵਿਚ ਹਰਜ਼ ਵੀ ਕੀ ਆ!